ਗੁਰਪ੍ਰੀਤ ਸਿੰਘ ਮੰਡਿਆਣੀ
ਅੱਜ ਕੱਲ੍ਹ ਪੰਜਾਬ ਦੀਆਂ ਸੜਕਾਂ `ਤੇ ਕਿਨੂੰਆਂ ਦਾ ਰਾਜ ਹੈ। ਇਨ੍ਹਾਂ ਦੀ ਸ਼ਕਲ, ਬਣਤਰ ਅਤੇ ਸੁਆਦ ਸੰਤਰੇ ਵਰਗਾ ਹੋਣ ਕਰਕੇ ਇਨ੍ਹਾਂ ਨੂੰ ਬਹੁਤੇ ਲੋਕ ਸੰਤਰਾਂ ਵੀ ਆਖਦੇ ਹਨ। ਹਰੇਕ ਕਸਬੇ ਦੀ ਵੱਡੀ ਸੜਕ `ਤੇ ਕਿੰਨੂਆਂ ਦੇ ਢੇਰਾਂ ਦੇ ਢੇਰ ਵਿਕਣ ਨੂੰ ਪਏ ਹਨ। ਹਾਈਵੇ ਸੜਕਾਂ `ਤੇ ਵੀ ਇਹੀ ਹਾਲ ਹੈ। ਉਥੇ ਕਿੰਨੂ ਵਿਕਦੇ ਵੀ ਨੇ ਤੇ ਉਨ੍ਹਾਂ ਦਾ ਜੂਸ ਵੀ ਪੀਣ ਨੂੰ ਮਿਲਦਾ ਹੈ। ਲਗਭਗ 30-35 ਵਰ੍ਹੇ ਪਹਿਲਾਂ ਪੰਜਾਬ `ਚ ਕਿੰਨੂ ਨਹੀਂ ਸੀ ਹੁੰਦੇ। ਉਦੋਂ ਮਹਾਰਾਸ਼ਟਰ ਤੋਂ ਸੰਤਰੇ ਪੰਜਾਬ `ਚ ਆਉਂਦੇ ਸੀਗੇ।
ਮਹਾਂਰਾਸ਼ਟਰ ਦੇ ਜਿਲ੍ਹਾ ਨਾਗਪੁਰ ‘ਚ ਬਹੁਤੇ ਸੰਤਰੇ ਪੈਦਾ ਹੁੰਦੇ ਸੀ। ਇਸੇ ਕਰਕੇ ਹੀ ਮਹਾਰਾਸ਼ਟਰ ਦੇ ਸੰਤਰਿਆਂ ਨੂੰ ਨਾਗਪੁਰੀ ਸੰਤਰੇ ਆਖਿਆ ਜਾਂਦਾ ਸੀ। 1970-71 `ਚ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਦੀਆਂ ਹੱਟੀਆਂ `ਤੇ ਇੱਕ ਸੰਤਰਾ ਇੱਕ ਚੁਆਨੀ (25 ਪੈਸੇ) `ਚ ਵਿਕਦਾ ਸੀ ਅਤੇ ਇਸ ਤਰ੍ਹਾਂ 3 ਰੁਪਏ ਦਰਜਨ ਬੈਠਦਾ ਸੀ। ਜੇ `ਕੱਠੀ ਦਰਜਣ ਲੈਣੀ ਹੋਵੇ ਤਾਂ ਹੋ ਸਕਦੈ ਕਿ ਇਹ 2 ਰੁਪਏ ਦੇ ਭਾਅ ਨੂੰ ਮਿਲ ਜਾਂਦੀ ਹੋਵੇ, ਪਰ ਮੈਂ ਕਦੇ ਦਰਜਨ ਸੰਤਰੇ ਖਰੀਦੇ ਨਹੀਂ ਇਸ ਕਰਕੇ ਦਰਜਨ ਦੇ ਭਾਅ ਦਾ ਪੱਕਾ ਪਤਾ ਨਹੀਂ।
ਹਾਂ! ਕੇਲਾ ਦਸੀ (10 ਪੈਸੇ) `ਚ ਮਿਲਦਾ ਸੀ ਤੇ ਕੇਲਿਆਂ ਦੀ ਦਰਜਨ ਇੱਕ ਰੁਪਏ ਦੇ ਉਸ ਵੇਲੇ ਆਉਂਦੀ ਸੀ। ਅੱਜ ਕੱਲ੍ਹ ਕੇਲੇ ਦਾ ਭਾਅ 80 ਰੁਪਏ ਦਰਜਨ ਹੈ, ਭਾਵ ਉਦੋਂ ਤੋਂ ਇਹ 80 ਗੁਣਾਂ ਮਹਿੰਗਾ ਹੋਇਆ ਹੈ। ਇਸ ਹਿਸਾਬ ਨਾਲ ਜੇ ਸੰਤਰੇ ਦੇ ਭਾਅ ਨੂੰ ਸੱਠਾਂ ਨਾਲ ਜਰਬ ਕਰੀਏ ਤਾਂ 2 ਰੁਪਏ ਦੇ ਹਿਸਾਬ ਨਾਲ 160 ਰੁਪਏ ਅਤੇ 3 ਰੁਪਏ ਦੇ ਹਿਸਾਬ ਨਾਲ 240 ਰੁਪਏ ਦਰਜਨ ਬਣਦਾ ਹੈ। ਚਲੋ ਔਸਤ 200 ਰੁਪਏ ਦੇ ਹਿਸਾਬ ਨਾਲ ਮੰਨ ਕੇ ਚਲਦੇ ਹਾਂ। ਇਸ ਹਿਸਾਬ ਨਾਲ ਇੱਕ ਸੰਤਰੇ ਦੀ ਕੀਮਤ ਸਾਢੇ 8 ਰੁਪੱਈਏ ਬਣਦੀ ਹੈ, ਪਰ ਅੱਜ ਕੱਲ੍ਹ ਕਿੰਨੂੰ 35 ਰੁਪਏ ਫੀ ਕਿੱਲੋ ਵਿਕ ਰਿਹਾ ਹੈ ਤੇ 1 ਕਿਲੋ `ਚ 8 ਕਿੰਨੂ ਚੜ੍ਹਦੇ ਨੇ ਯਾਨਿ ਇੱਕ ਕਿੰਨੂ ਸਾਢੇ 4 ਰੁਪਏ ਦੇ ਨੇੜੇ ਹੋਇਆ। ਯਾਨਿ ਕਿੰਨੂ ਨਾਲ਼ੋਂ ਸੰਤਰਾ ਦੁੱਗਣੇ ਭਾਅ ਬੈਠਦਾ ਹੈ।
1985 ਤੋਂ ਹੀ ਪੰਜਾਬ `ਚ ਕਿੰਨੂ ਦੀ ਪੈਦਾਵਾਰ ਸ਼ੁਰੂ ਹੋਈ। ਕਿੰਨੂ ਦੇ ਬੂਟਿਆਂ ਦੀ ਪੰਜਾਬ `ਚ ਪੈਦਾਵਾਰ ਕਰਨ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕੱਢੀ ਸੀ। ਕਿੰਨੂ ਦੇ ਫਲ `ਚ ਸੰਤਰੇ ਨਾਲੋਂ ਤਿੱਗਣਾ ਰਸ ਸੀ। ਪੰਜਾਬ ਦੀ ਧਰਤੀ ਖਾਸਕਰ ਅਬੋਹਰ ਤੇ ਫਾਜਿਲਕਾ ਤਹਿਸੀਲਾਂ ਦੀ ਧਰਤੀ ਕਿੰਨੂ ਨੂੰ ਖਾਸ ਤੌਰ `ਤੇ ਰਾਸ ਆਉਂਦੀ ਸੀ। ਜਦੋਂ ਕਿੰਨੂ ਦੀ ਆਮਦ ਸ਼ੁਰੂ ਹੋਈ ਤਾਂ ਮਹਿੰਗੇ ਸੰਤਰੇ ਦੀ ਪੁੱਛ-ਪ੍ਰਤੀਤ ਆਪੇ ਘੱਟ ਹੀ ਨਹੀਂ ਗਈ, ਬਲਕਿ ਨਾਗਪੁਰੀ ਸੰਤਰਾ ਪੰਜਾਬ `ਚੋਂ ਗਾਇਬ ਹੀ ਹੋ ਗਿਆ। ਸਿਆਲ ਰੁੱਤੇ ਪੰਜਾਬ ਦੀਆਂ ਸੜਕਾਂ ਦੇ ਕਿਨਾਰਿਆਂ `ਤੇ ਕਿੰਨੂਆਂ ਦਾ ਹੜ੍ਹ ਹੀ ਆਇਆ ਜਾਪਦਾ ਹੈ। ਭਲਾ ਹੋਵੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਜੀਹਨੇ ਹਰੇਕ ਗਰੀਬ ਤੋਂ ਗਰੀਬ ਨੂੰ ਰੱਜਵਾਂ ਜੂਸ ਨਸੀਬ ਕੀਤਾ। ਖੇਤੀਬਾੜੀ ਯੂਨੀਵਰਸਿਟੀ ਦੇ ਜਿਸ ਸਾਇੰਸਦਾਨ ਨੇ ਕਿੰਨੂ ਦੀ ਕਾਢ ਕੱਢੀ, ਉਹ ਪਾਕਿਸਤਾਨ ਦੇ ਸ਼ਹਿਰ ਲਾਇਲਪੁਰ ਦੇ ਖੇਤੀਬਾੜੀ ਕਾਲਜ ਦਾ ਪੜ੍ਹਿਆ ਹੋਇਆ ਸੀ ਤੇ ਪੀਐਚ.ਡੀ. ਅਮਰੀਕਾ ਤੋਂ ਕੀਤੀ ਸੀ। ਨਿੰਬੂ ਜਾਤੀ ਦੇ ਫਰੂਟ ਪਲਾਂਟਸ ਬਾਬਤ ਕਿੰਨੂ ਵੀ ਨਿੰਬੂ ਜਾਤੀ `ਚ ਹੀ ਆਉਂਦਾ ਹੈ ਤੇ ਇਹਦੀ ਕਾਢ ਵੀ ਅਮਰੀਕਾ `ਚ ਹੀ ਕੱਢੀ ਗਈ ਸੀ। ਸੋ ਇਸ ਸਾਇੰਸਦਾਨ ਨੂੰ ਕਿੰਨੂ ਬਾਰੇ ਮੁਢਲੀ ਜਾਣਕਾਰੀ ਅਮਰੀਕਾ `ਚ ਪੀਐਚ.ਡੀ. ਕਰਦਿਆਂ ਹੀ ਮਿਲ ਚੁੱਕੀ ਸੀ। ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਬਾਗਬਾਨੀ ਡਿਪਾਰਟਮੈਂਟ ਦਾ ਹੈੱਡ ਹੁੰਦਿਆਂ ਉਹਨੇ ਪੰਜਾਬ ਦੀ ਧਰਤੀ `ਤੇ ਕਿਨੂੰ ਪੈਦਾ ਕਰਨ ਦੀ ਕਾਢ ਕੱਢਣ ਦਾ ਮਾਅਰਕਾ ਮਾਰਿਆ। ਉਹਨੇ ਇਹ ਖੋਜ ਯੂਨੀਵਰਸਿਟੀ ਦੇ ਅਬੋਹਰ ਵਾਲੇ ਖੋਜ ਕੇਂਦਰ `ਚ ਕੀਤੀ।
ਪਹਿਲਾਂ ਕਿੰਨੂ ਦੀ ਫਾੜੀ `ਚ ਬੀਜ ਬਹੁਤੇ ਹੁੰਦੇ ਸੀ ਤੇ ਉਹਨੇ ਬੀਜਾਂ ਦੀ ਗਿਣਤੀ ਘਟਾਉਣ ਦਾ ਇਲਾਜ ਵੀ ਕਰ ਦਿੱਤਾ। ਉਹਦੀ ਲਿਆਕਤ ਨੂੰ ਦੇਖਦਿਆਂ ਜੰਮੂ-ਕਸ਼ਮੀਰ ਸਰਕਾਰ ਨੇ ਉਸ ਨੂੰ ਆਪਣੇ ਸੂਬੇ `ਚ ਬਾਗਬਾਨੀ ਮਹਿਕਮੇ ਦਾ ਡਾਇਰੈਕਟਰ ਲਾ ਦਿੱਤਾ। ਪੰਜਾਬ ਹੀ ਨਹੀਂ ਬਲਕਿ ਸਾਰੇ ਉੱਤਰੀ ਭਾਰਤ ਨੂੰ ਸਸਤਾ ਜੂਸ ਮੁਹੱਈਆ ਕਰਾਉਣ ਵਾਲੇ ਇਸ ਸਾਇੰਸਦਾਨ ਦੀ ਬਦੌਲਤ ਕਿੰਨੂ ਪੈਦਾ ਕਰਨ ਵਾਲੇ ਕਿਸਾਨ ਵੀ ਮਾਲਾ ਮਾਲ ਹੋਏ। ਅਬੋਹਰ-ਫਾਜ਼ਿਲਕਾ `ਚ ਜਿੱਥੇ ਕਿੰਨੂਆਂ ਦੇ ਬਾਗ ਲੱਗੇ ਹੋਏ ਹਨ, ਉਨ੍ਹਾਂ ਖੇਤਾਂ ਦਾ ਠੇਕਾ ਡੇਢ ਲੱਖ ਰੁਪਏ ਫੀ ਏਕੜ ਸਾਲਾਨਾ ਹੈ। ਸਿੱਖਾਂ ਖਾਸਕਰ ਜੱਟ ਸਿੱਖਾਂ ਨੂੰ ਬਤੌਰ ਉਜੱਡ ਤੇ ਜੋਕਰ ਵਜੋਂ ਦੇਸ਼ ਭਰ ਵਿੱਚ ਪੇਸ਼ ਕਰਨ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਕਿੰਨੂ ਦੀ ਕਾਢ ਕੱਢਣ ਵਾਲੇ ਇਸ ਜੱਟ-ਸਿੱਖ ਦਾ ਨਾਮ ਡਾ. ਜਗਜੀਤ ਸਿੰਘ ਜਵੰਦਾ ਹੈ। ਸ. ਜਵੰਦਾ ਨੇ ਆਪਣੀ ਰਿਟਾਇਰ ਲਾਈਫ ਲੁਧਿਆਣਾ ਜ਼ਿਲ੍ਹੇ ਦੀ ਸਬ-ਤਹਿਸੀਲ ਡੇਹਲੋਂ ਨੇੜੇ ਆਪਣੇ ਜੱਦੀ ਪਿੰਡ ਸ਼ੰਕਰ `ਚ ਬਿਤਾਈ। 3 ਕੁ ਸਾਲ ਪਹਿਲਾਂ ਹੀ ਉਨ੍ਹਾਂ ਨੇ ਇਸ ਜਹਾਨੋਂ ਕੂਚ ਕੀਤਾ ਹੈ।