ਮਲਕੀਤ ਸਿੰਘ
4 ਅਕਤੂਬਰ 1876 ਨੂੰ ਜਨਮੇ ਪੰਜਾਬੀ ਜ਼ਿੰਦ-ਜਾਨ ਕਵੀ ਧਨੀ ਰਾਮ ਚਾਤ੍ਰਿਕ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਨਾਲ ਸਬੰਧਿਤ ਅਨੇਕਾਂ ਕਵਿਤਾਵਾਂ ਲਿਖੀਆਂ। ਖੈਰ! ਜਿਹੜੇ ਦਿਨ ਹੁਣ ਚੱਲ ਰਹੇ ਨੇ ਅਤੇ ਜੋ ਹਾਲਾਤ ਨੇ, ਉਨ੍ਹਾਂ ਦੇ ਮੱਦੇਨਜ਼ਰ ਮੈਨੂੰ ਉਸਦੀ ਮਸ਼ਹੂਰ ਕਵਿਤਾ “ਮੇਲੇ ਵਿੱਚ ਜੱਟ” ਚੇਤੇ ਆਉਂਦੀ ਹੈ। ਇਹ ਕਵਿਤਾ ਉਸ ਸਮੇਂ ਦਾ ਖਾਕਾ ਖਿੱਚਦੀ ਏ, ਜਦੋਂ ਕਿਸਾਨ ਦੀ ਛੇ-ਮਹੀਨੇ ਦੀ ਮਿਹਨਤ ਉਸਦੇ ਪੱਲੇ ਪੈਂਦੀ ਹੈ। ਕਣਕ ਦੀ ਫ਼ਸਲ ਪੱਕ ਜਾਂਦੀ ਹੈ।
ਵਾਢੀਆਂ ਦਾ ਜੋਰ ਪੈ ਜਾਂਦਾ ਏ। ਉਸ ਵੇਲੇ ਵਾਢੀ ਹੱਥਾਂ ਨਾਲ ਕੀਤੀ ਜਾਂਦੀ ਸੀ ਅਤੇ ਪਿੰਡ ਵਿੱਚ ਮੰਗ ਵੀ ਪਾਈ ਜਾਂਦੀ ਸੀ- ਭਾਵ ਪਿੰਡ ਦੇ ਵਸਨੀਕਾਂ ਨੂੰ ਸੱਦਿਆ ਜਾਂਦਾ ਸੀ ਕਿ ਅੱਜ ਰਲ ਕੇ ਉਸਦੀ ਕਣਕ ਵੱਢ ਆਉਣ। ਸ਼ਾਮਾਂ ਨੂੰ ਵਿਸ਼ੇਸ਼ ਖਾਣਾ ਪਰੋਸਿਆ ਜਾਂਦਾ ਸੀ ਸਾਰਿਆਂ ਨੂੰ। ਇੰਝ ਵਾਰੋ-ਵਾਰ ਹੁੰਦਾ ਸੀ ਅਤੇ ਰਲ-ਮਿਲ ਕੇ ਮੀਂਹ-ਝੱਖੜ ਤੋਂ ਪਹਿਲਾਂ ਕਣਕ ਵੱਢ ਕੇ ਗਾਹ ਵੀ ਪਾ ਲਿਆ ਜਾਂਦਾ ਸੀ। ਦਾਣੇ ਕੁਝ ਘਰ ਅਤੇ ਬਾਕੀ ਦੇ ਮੰਡੀ ਵੇਚ ਆਉਂਦੇ ਸਨ। ਦਾਣੇ ਕੱਢਣ ਤੋਂ ਬਾਅਦ ਬਚੀ ਤੂੜੀ ਨੂੰ ਕੁੱਪ ਬਣਾ ਕੇ ਪਸ਼ੂਆਂ ਲਈ ਸੁਰੱਖਿਅਤ ਕਰ ਲਿਆ ਜਾਂਦਾ ਸੀ।
ਧਨੀ ਰਾਮ ਚਾਤ੍ਰਿਕ ਦਾ ਵੇਲਾ ਅੱਜ ਵਰਗਾ ਮਸ਼ੀਨਾਂ ਦਾ ਵੇਲਾ ਨਹੀਂ ਸੀ, ਇਸ ਕਰਕੇ ਕਵਿਤਾ ਦੇ ਭਾਵ ਸਮਝਣ ਲਈ ਉਸ ਵੇਲੇ ਦਾ ਅਹਿਸਾਸ ਹੋਣਾ ਵੀ ਜਰੂਰੀ ਹੈ।
ਆੜ੍ਹਤੀਏ ਉਸ ਵੇਲੇ ਵੀ ਸਨ ਅਤੇ ਉਸ ਤੋਂ ਪਹਿਲਾਂ ਵੀ। ਦਾਣੇ ਆੜ੍ਹਤੀਆਂ ਰਾਹੀਂ ਹੀ ਵੇਚੇ ਜਾਂਦੇ ਸਨ ਅਤੇ ਆੜ੍ਹਤੀਆਂ ਤੋਂ ਹੀ ਪਹਿਲਾਂ ਤੋਂ ਲਏ ਕਰਜ਼ੇ ਦਾ ਹਿਸਾਬ-ਕਿਤਾਬ ਕਰਕੇ ਜਦੋਂ ਕਿਸਾਨ ਕੁਝ ਕੁ ਪੈਸੇ ਆਪਣੇ ਬੋਝੇ ਵਿੱਚ ਪਾ ਕੇ ਘਰ ਮੁੜਦਾ ਸੀ ਤਾਂ ਖੁਸ਼ੀ ਸੰਭਾਲੀ ਨਹੀਂ ਸੀ ਜਾਂਦੀ-ਨਾ ਉਸਦੀ ਆਪਣੀ ਅਤੇ ਨਾ ਪਰਿਵਾਰ ਦੀ।
ਗੱਲ ਕੀ ਉਨ੍ਹਾਂ ਵੇਲਿਆਂ ਵਿੱਚ ਵਿਆਹ-ਸ਼ਾਦੀਆਂ ਜਾਂ ਹੋਰ ਕਾਰਜ ਵੀ ਤਾਂ ਫ਼ਸਲ ਦੀ ਆਮਦਨ ’ਤੇ ਹੀ ਮੁਨੱਸਰ ਹੁੰਦੇ ਸਨ। ਘਰ ਪੈਸਾ ਆਉਂਦਾ ਸੀ ਤਾਂ ਕਾਰਜ ਕੀਤੇ ਜਾਂਦੇ ਸਨ। ਉਨ੍ਹਾਂ ਵੇਲਿਆਂ ਵਿੱਚ ਵਿਆਹ-ਸ਼ਾਦੀਆਂ ਅਕਸਰ ਹਾੜ੍ਹੀ ਦੀ ਆਮਦਨ ਤੋਂ ਬਾਅਦ ਹੀ ਹੁੰਦੀਆਂ ਸਨ। ਬਹੁਤਾ ਕਰਜ ਚੁੱਕਣ ਤੋਂ ਗੁਰੇਜ਼ ਜੋ ਕੀਤਾ ਜਾਂਦਾ ਸੀ। ਹੁਣ ਤਾਂ ਵਿਆਹ-ਸ਼ਾਦੀਆਂ ਫ਼ਸਲ ਵੇਖ ਕੇ ਨਹੀਂ, ਮੌਸਮ ਵੇਖ ਕੇ ਹੋਣ ਲੱਗ ਪਈਆਂ ਨੇ। ਬਹੁਤੇ ਵਿਆਹ ਤਾਂ ਹੁਣ ਹੀ ਤੇਰ੍ਹਵੇਂ ਮਹੀਨੇ ਵਿੱਚ ਹੋਣ ਲੱਗੇ ਹਨ, ਜਦੋਂ ਘਰੋਂ ਦਾਣੇ ਮੁੱਕੇ ਹੁੰਦੇ ਨੇ। ਕਰਜ ਚੁੱਕਣਾ ਜਿਵੇਂ ਜੀਵਨ-ਸ਼ੈਲੀ ਬਣ ਗਈ ਏ। ਇਸ ਗੱਲ ਦਾ ਸ਼ਾਇਦ, ਧਨੀ ਰਾਮ ਚਾਤ੍ਰਿਕ ਨੂੰ ਨਹੀਂ ਸੀ ਪਤਾ।
ਇਹ ਹਾਲਤ ਹਰ ਕਿਸਾਨ ਦੀ ਹੈ। ਧਨੀ ਰਾਮ ਦੁਆਰਾ ਆਪਣੀ ਕਵਿਤਾ ਵਿੱਚ ਵਰਤਿਆ ਪ੍ਰਤੀਕ “ਜੱਟ” ਕਿਸਾਨ ਦਾ ਹੀ ਪ੍ਰਤੀਨਿੱਧ ਹੈ।
ਉਹ ਵੇਲਾ ਸੀ ਜਦੋਂ ਖੇਤੀ ਕੇਵਲ ਅਤੇ ਕੇਵਲ ਕੁਦਰਤ ’ਤੇ ਹੀ ਨਿਰਭਰ ਹੁੰਦੀ ਸੀ। ਹੁਣ ਵਾਂਗ ਆਟੋਕੱਟ ਵਾਲੀਆਂ ਮੋਟਰਾਂ-ਬੰਬੀਆਂ ਤਾਂ ਉਸ ਵੇਲੇ ਕਿਸੇ ਸੋਚੀਆਂ ਵੀ ਨਹੀਂ ਸਨ। ਮੀਂਹਾਂ ਉਤੇ ਨਿਰਭਰ ਖੇਤੀ ਦੌਰਾਨ ਹਾੜ੍ਹੀ ਦੀ ਵਾਢੀ ਅਤੇ ਸਾਉਣੀ ਦੀ ਬਿਜਾਈ ਵਿੱਚ ਕਾਫ਼ੀ ਅੰਤਰ ਹੁੰਦਾ ਸੀ। ਵਿੱਚ ਵਾਲਾ ਸਮਾਂ ਜੱਟ ਲਈ ਆਪਣੀਆਂ ਰਿਸ਼ਤੇਦਾਰੀਆਂ ਨਿਭਾਉਣ ਅਤੇ ਹੋਰ ਕਾਰਜਾਂ ਲਈ ਵਿਹਲਾ ਹੁੰਦਾ ਸੀ।
ਹਾੜ੍ਹੀ ਤੋਂ ਬਾਅਦ ਜੱਟ ਲਈ ਇੱਕ ਜਸ਼ਨ ਦਾ ਸਮਾਂ ਹੁੰਦਾ ਸੀ। ਸ਼ਾਇਦ, ਇਸੇ ਕਰਕੇ ਹੀ ਮੁੱਖ ਤੌਰ ਉਤੇ ਫ਼ਸਲ ਨਾਲ ਜੁੜਿਆ ਵਿਸਾਖੀ ਦਾ ਮੇਲਾ ਹਾੜ੍ਹੀ ਦੀ ਆਮਦਨ ਤੋਂ ਬਾਅਦ ਮਨਾਇਆ ਜਾਂਦਾ ਸ, ਜੋ ਹੁਣ ਮੌਸਮੀ ਚੱਕਰ ਦੀ ਲਪੇਟ ਵਿੱਚ ਆ ਗਿਆ ਹੈ।
ਤਾਜ਼ਾ ਆਮਦਨ ਹੋਈ ਹੁੰਦੀ ਸੀ, ਪਰਿਵਾਰ ਦੇ ਜੀਆਂ ਨੂੰ ਨਵੇਂ ਕੱਪੜੇ ਮਿਲਦੇ ਸਨ। ਨਵੇਂ ਕੱਪੜੇ ਸੰਵਾਏ ਜਾਂਦੇ ਸਨ। “ਸੰਮਾਂ ਵਾਲੀ ਡਾਂਗ ਨੂੰ ਤੇਲ ਲਾਇ ਕੇ” ਜਿਹਾ ਕਥਨ ਵੀ ਜੱਟ/ਕਿਸਾਨ ਦੀ ਮਾਨਸਿਕਤਾ ਨੂੰ ਹੀ ਪ੍ਰਗਟਾਉਂਦਾ ਹੈ। ਜੱਟ ਦਾ ਜੋਸ਼ ਨਾਲ ਸਿੱਧਾ ਸਬੰਧ ਹੈ। ਖੇਤੀ ਦੇ ਕਿੱਤੇ ਵਿੱਚ ਉਸਨੂੰ ਲੱਖ ਮੁਸੀਬਤਾਂ ਆਉਂਦੀਆਂ ਨੇ ਅਤੇ ਜੱਟ ਉਹ ਸਾਰੀਆਂ ਮੁਸੀਬਤਾਂ ਆਪਣੀ ਡਾਂਗ ਅਤੇ ਅਣਖ ਦੇ ਸਹਾਰੇ ਹੀ ਹੱਲ ਕਰਦਾ ਹੈ। ਲਿਹਾਜ਼ਾ, “ਡਾਂਗ” ਜੱਟ ਦੀ ਮਾਨਸਿਕਤਾ ਅਤੇ ਮਜ਼ਬੂਰੀ- ਦੋਹਾਂ ਦੀ ਪ੍ਰਤੀਕ ਹੈ।
ਖੈਰ! ਕਣਕ ਵੇਚ ਕੇ ਹੋਈ ਆਮਦਨ ਕਰਕੇ ਜੱਟ ਅੰਦਰ ਜੋਸ਼ ਉਜਾਗਰ ਹੁੰਦਾ ਹੈ ਅਤੇ ਉਹ ਆਪਣੇ ਜੱਟ ਸੁਭਾਅ ਅਨੁਸਾਰ ਵਿਸਾਖੀ ਦੇ ਮੇਲੇ ਵਿੱਚ ਸ਼ਿਰਕਤ ਕਰਦਾ ਹੈ।
—
ਤਰਨ-ਤਾਰਨ ਦੀ ਹਾੜ ਦੀ ਮੱਸਿਆ ਵਾਂਗ ਹੀ ਜੱਟਾਂ/ਕਿਸਾਨਾਂ ਅੰਦਰ ਵਿਸਾਖ ਦੀ ਪਹਿਲੀ ਤਾਰੀਖ ਨੂੰ ਮਨਾਈ ਜਾਣ ਵਾਲ਼ੀ ਵਿਸਾਖੀ ਦਾ ਵੀ ਵਿਸ਼ੇਸ਼ ਮਹੱਤਵ ਰਿਹਾ ਹੈ।
ਮੇਲੇ ਤਾਂ ਮੁੱਖ ਤੌਰ ਉਤੇ ਵਪਾਰੀ ਦੇ ਹਿੱਤਾਂ ਅਨੁਸਾਰ, ਵਪਾਰ ਲਈ ਹੀ ਲੱਗਦੇ ਨੇ। ਕਿਸਾਨ/ਜੱਟ ਮੇਲਿਆਂ ਵਿੱਚ ਰਿਊੜੀਆਂ-ਜਲੇਬੀਆਂ ਜਾਂ ਪਕੌੜਿਆਂ ਦੇ ਲਾਲਚ ਵਿੱਚ ਹੀ ਵਪਾਰੀ ਹੱਥੋਂ ਲੁੱਟਿਆ ਜਾਂਦਾ ਏ। ਅੱਜ-ਕੱਲ੍ਹ ਤਾਂ ਵਿਸਾਖੀ ਦੇ ਮੇਲੇ ਪੰਘੂੜੇ, ਚੰਡੋਲ ਵਰਗੇ ਕਈ ਹੋਰ ਨਵੀਂ ਕਿਸਮ ਦੇ ਔਜ਼ਾਰ ਵੀ ਆਉਣ ਲੱਗ ਪਏ ਨੇ। ਅੱਖੜ੍ਹ ਸੁਭਾਅ ਦੇ ਕਿਸਾਨਾਂ/ਜੱਟਾਂ ਨੂੰ ਉਨ੍ਹਾਂ ਦੇ ਸੁਭਾਅ ਅਨੁਸਾਰ ਵਪਾਰੀ ਦੁਆਰਾ ਲੁੱਟਣ ਲਈ ਛਿੰਝਾਂ ਵਗੈਰਾ ਵੀ ਕਰਵਾਈਆਂ ਜਾਂਦੀਆਂ ਨੇ।
ਗੱਲ ਕੀ, ਕਿਸਾਨ/ਜੱਟ ਹਰ ਹੀਲੇ ਲੁੱਟਿਆ ਜਾਂਦਾ ਹੈ। ਉਸਦੀ ਕਮਾਈ ਨੂੰ ਉਸਦੇ ਰੰਗ ਦੀਆਂ ਚੀਜ਼ਾਂ, ਖੇਡਾਂ ਆਦਿ ਦਿਖ਼ਾ ਕੇ ਉਸਨੂੰ ਮੰਤਰ ਮੁਗਧ ਕਰ ਲਿਆ ਜਾਂਦਾ ਏ। ਜੱਟ ਬਿਨ ਸੋਚੇ ਆਪਣੇ ਖੀਸੇ ਵਿੱਚੋਂ ਆਪਣੀ ਛੇ ਮਹੀਨੇ ਦੀ ਕਮਾਈ ਚੰਦ ਮਸਖ਼ਰੇ ਪਹਿਲਵਾਨਾਂ ਦੀ ਪਹਿਲਾਂ ਤੋਂ ਤੈਅ ਹੋਈ ਛਿੰਝ ’ਤੇ ਲੁਟਾ ਕੇ ਘਰ ਮੁੜ ਆਉਂਦੇ ਨੇ। ਫਿਰ ਤੋਂ ਸਾਉਣੀ ਦੀ ਫ਼ਸਲ ਲਈ ਪੰਜਾਲੀ ਵਿੱਚ ਬਲ੍ਹਦ ਵਾਂਗ ਜੋਣ ਲਈ।
ਬੇਸ਼ੱਕ ਧਨੀ ਰਾਮ ਚਾਤ੍ਰਿਕ ਇਸ ਬਾਬਤ ਕੁਝ ਨਹੀਂ ਬੋਲਿਆ, ਪਰ ਉਸਨੇ ਕਿਸਾਨਾਂ/ਜੱਟਾਂ ਦੀ ਮਾਨਸਿਕਤਾ ਨੂੰ ਜ਼ਰੂਰ ਉਜਾਗ਼ਰ ਕਰ ਦਿੱਤਾ ਹੈ। ਉਸਨੇ ਦੱਸ ਦਿੱਤਾ ਹੈ ਕਿ ਕਿਸਾਨਾਂ/ਜੱਟਾਂ ਦੀ ਮਾਨਸਿਕਤਾ ਕੀ ਹੈ ਅਤੇ ਕਿਵੇਂ ਉਨ੍ਹਾਂ ਨੂੰ ਕਿਸੇ ਵਪਾਰਕ ਚਕਾ-ਚੌਂਧ ਵਾਲੇ ਮੇਲੇ ਰਾਹੀਂ ਲੁੱਟਿਆ ਜਾ ਸਕਦਾ ਹੈ।
ਹੁਣ ਵਿਸਾਖੀ ਦਾ ਮੇਲਾ ਧਾਰਮਿਕ ਆਸਥਾ ਨਾਲ ਵੀ ਜੁੜ ਗਿਆ ਹੈ। ਇਸ ਬਾਰੇ ਕਦੇ ਫੇਰ ਗੱਲ ਕਰਾਂਗਾ।
ਖੈਰ! ਧਨੀ ਰਾਮ ਚਾਤ੍ਰਿਕ ਦੀ ਕਵਿਤਾ ਹੇਠਾਂ ਪੇਸ਼ ਕੀਤੀ ਜਾ ਰਹੀ ਹੈ:
“ਮੇਲੇ ਵਿਚ ਜੱਟ”
ਤੂੜੀ ਤੰਦ ਸਾਂਭ, ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਮੀਂਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਢਾਂਡਾ ਸਾਂਭਣੇ ਨੂੰ ਕਾਮਾਂ ਛੱਡ ਕੇ।
ਪੱਗ ਝੱਗਾ ਚਾਦਰ ਨਵੇਂ ਸਿਵਾਇ ਕੇ,
ਸੰਮਾਂ ਵਾਲੀ ਡਾਂਗ ਉਤੇ ਤੇਲ ਲਾਇ ਕੇ।
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ, ਜੱਟ ਮੇਲੇ ਆ ਗਿਆ।
(2)
ਹਾਣੀਆਂ ਦੀ ਢਾਣੀ ਵਿਚ ਲਾੜਾ ਸੱਜਦਾ,
ਬੱਘ ਬੱਘ ਬੱਘ ਬੋਲ ਸ਼ੇਰ ਗੱਜਦਾ।
ਹੀਰੇ ਨੂੰ ਅਰਕ ਨਾਲ ਹੁੱਜ਼ਾਂ ਮਾਰਦਾ,
ਸੈਨਤਾਂ ਦੇ ਨਾਲ ਰਾਮੂ ਨੂੰ ਵੰਗਾਰਦਾ।
ਚੰਗੀ ਜੇਹੀ ਸੱਦ ਲਾ ਦੇ ਬੱਲੇ ਬੇਲੀਆ!
ਤੂੰਬਾ ਜਰਾ ਖੋਲ ਖਾਂ ਜੁਆਨਾ ਤੇਲੀਆ!
ਸਰੂ ਵਾਂਗ ਝੂਲ ਵੰਝਲੀ ਸੁਣਾ ਗਿਆ,
ਮਾਰਦਾ ਦਮਾਮੇ, ਜੱਟ ਮੇਲੇ ਆ ਗਿਆ।
(3)
ਤੂੰਬੇ ਨਾਲ ਭਾਤੋ ਭਾਂਤ ਬੋਲ ਬੋਲੀਆਂ,
ਹਾੜ ਵਿਚ ਜੱਟਾਂ ਨੇ ਮਨਾਈਆਂ ਹੋਲੀਆਂ ।
ਛਿੰਝ ਦੀ ਤਿਆਰੀ ਹੋਈ, ਢੋਲ ਵੱਜਦੇ,
ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ।
ਲਿਸ਼ਕਦੇ ਨੇ ਪਿੰਡੇ ਗੁੰਨ੍ਹੇ ਹੋਏ ਤੇਲ ਦੇ,
ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ।
ਕਿੱਸੂ ਨੂੰ ਸੁਰੈਣਾ ਪਹਿਲੇ ਹੱਥ ਢਾ ਗਿਆ,
ਮਾਰਦਾ ਦਮਾਮੇ, ਜੱਟ ਮੇਲੇ ਆ ਗਿਆ।
(4)
ਵਾਰੀ ਹੁਣ ਆ ਗਈ ਜੇ ਪੀਣ ਖਾਣ ਦੀ,
ਰੇਉੜੀਆਂ ਜਲੇਬੀਆਂ ਦੇ ਆਹੂ ਲਾਹੁਣ ਦੀ।
ਹੱਟੀਆਂ ਦੇ ਵੱਲ ਆ ਪਏ ਨੇ ਟੁੱਟ ਕੇ,
ਹੂੰਝ ਲਈਆਂ ਥਾਲੀਆਂ ਜੁਆਨਾਂ ਜੁੱਟ ਕੇ।
ਖੁਲ੍ਹ ਗਈਆਂ ਬੋਤਲਾਂ ਗਲਾਸ ਫਿਰਿਆ,
ਤੇਲੀਆਂ ਤੇ ਡੂਮਾਂ ਦਾ ਕਲੇਜਾ ਘਿਰਿਆ।
ਬੁੱਕਾਂ ਤੇ ਕਮੀਣਾਂ ਨੂੰ ਮਜ਼ਾ ਚਖਾ ਗਿਆ।
ਮਾਰਦਾ ਦਮਾਮੇ, ਜੱਟ ਮੇਲੇ ਆ ਗਿਆ।