ਜੇ.ਐਸ. ਮਾਂਗਟ
ਕਿਸਾਨ ਸੰਘਰਸ਼ ਜਾਰੀ ਹੈ। ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸੰਘਰਸ਼ ਵਿੱਚ ਹਨ- ਇੱਕ ਪਾਸੇ ਸਰਕਾਰਾਂ ਨਾਲ ਅਤੇ ਦੂਜੇ ਪਾਸੇ ਕੁਦਰਤ ਨਾਲ। ਲੋਕ ਸਭਾ ਚੋਣਾਂ ਦੀ ਮੁਹਿੰਮ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਡੱਲੇਵਾਲ) ਅਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ (ਸਰਵਨ ਸਿੰਘ ਪੰਧੇਰ) ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਮੋਰਚਾ ਲਾਈ ਬੈਠੀਆਂ ਹਨ, ਦੂਜੇ ਪਾਸੇ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੇ ਸੰਯੁਕਤ ਕਿਸਾਨ ਮੋਰਚੇ ਨੇ 11 ਸਵਾਲਾਂ ਦੀ ਇੱਕ ਲਿਸਟ ਦੇ ਕੇ ਕਿਸਾਨਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਉਨ੍ਹਾਂ ਕਿਸਾਨ ਵਿਰੋਧ ਨੂੰ ਸ਼ਾਂਤਮਈ ਰਹਿਣ ਦੀ ਅਪੀਲ ਵੀ ਕੀਤੀ ਹੈ।
ਪਿਛਲੇ ਕੁਝ ਦਿਨਾਂ ਵਿੱਚ ਕਿਸਾਨਾਂ ਵੱਲੋਂ ਮਾਲਵੇ ਦੇ ਵੱਖ-ਵੱਖ ਖੇਤਰਾਂ ਵਿੱਚ ਸਿਆਸੀ ਆਗੂਆਂ ਦੀ ਘੇਰਾਬੰਦੀ ਕੀਤੀ ਗਈ, ਉਨ੍ਹਾਂ ਨੂੰ ਸਵਾਲ ਕੀਤੇ ਗਏ। ਕਿਸਾਨਾਂ ਵੱਲੋਂ ਭਾਜਪਾ ਆਗੂ ਪਰਮਪਾਲ ਕੌਰ ਮਲੂਕਾ, ਤਰਨਜੀਤ ਸਿੰਘ, ਬੀਬੀ ਪ੍ਰਨੀਤ ਕੌਰ, ਹੰਸ ਰਾਜ ਹੰਸ, ‘ਆਪ’ ਆਗੂ ਗੁਰਮੀਤ ਸਿੰਘ ਖੁੱਡੀਆਂ ਸਮੇਤ ਹੋਰ ਕਈ ਆਗੂਆਂ ਖਿਲਾਫ ਪ੍ਰਦਰਸ਼ਨ ਅਤੇ ਉਨ੍ਹਾਂ ਨੂੰ ਸੁਆਲ-ਜੁਆਬ ਕੀਤੇ ਗਏ। ਪੰਜਾਬ ਦੇ ਖੇਤੀ ਮਾਮਲਿਆਂ ਬਾਰੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ‘ਆਪ’ ਸਰਕਾਰ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਪੂਰੇ ਯਤਨ ਕਰ ਰਹੀ ਹੈ। ਇਸੇ ਤਹਿਤ ਸਰਕਾਰ ਫਸਲੀ ਵਿਭਿੰਨਤਾ ਲਈ ਕਦਮ ਉਠਾ ਰਹੀ ਹੈ। ਇਸੇ ਨੀਤੀ ਤਹਿਤ ਸਰਕਾਰ ਵੱਲੋਂ ਕਿਸਾਨਾਂ ਨੂੰ ਨਰਮੇ ਦਾ ਬੀਜ ਮੁਫਤ ਮੁਹੱਈਆ ਕਰਵਾਇਆ ਗਿਆ ਹੈ। ਇਵੇਂ ਮੂੰਗੀ ਦੀ ਫਸਲ ਐਮ.ਐਸ.ਪੀ. ‘ਤੇ ਖਰੀਦੀ ਗਈ ਹੈ। ਉਧਰ ਭਾਜਪਾ ਦੀ ਆਗੂ ਪਰਮਪਾਲ ਕੌਰ ਮਲੂਕਾ ਨੇ ਕਿਹਾ ਕਿ ਉਹ ਖੁਦ ਇੱਕ ਕਿਸਾਨ ਦੀ ਬੇਟੀ ਹੈ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਭਲੀਭਾਂਤ ਜਾਣਦੀ ਹੈ। ਇਸ ਲਈ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇਗੀ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਨੂੰ ਹੂਬਹੂ ਲਾਗੂ ਕਰੇ।
ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਵੋਟਾਂ ਮੰਗਣ ਆ ਰਹੇ ਉਮੀਦਵਾਰਾਂ ਨੂੰ ਸਵਾਲ ਵੀ ਕਰ ਰਹੇ ਹਨ ਅਤੇ ਦੂਜੀ ਧਿਰ ਉਨ੍ਹਾਂ ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕਣ ਵਿੱਚ ਰੁਝੀ ਹੋਈ ਹੈ ਜਾਂ ਘਿਰਾਓ ਕਰ ਰਹੀ ਹੈ। ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਅਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਦਾ ਵਿਸ਼ੇਸ਼ ਕਰਕੇ ਕਿਸਾਨਾਂ ਵੱਲੋਂ ਵੱਡਾ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ। ਹੰਸ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਕਿਸਾਨਾਂ ਦੇ ਵਿਰੋਧ ਕਾਰਨ ਉਹ ਹੰਸ ਰਾਜ ਹੰਸ ਤੋਂ ਮਿੰਤ ਰਾਜ ਮਿੰਤ ਬਣ ਗਿਆ ਹੈ।
ਉਧਰ ਬਾਰਡਰਾਂ ‘ਤੇ ਬੈਠੀਆਂ ਕਿਸਾਨ ਜਥੇਬੰਦੀਆਂ ਨੇ ਬੀਤੀ 17 ਅਪ੍ਰੈਲ ਤੋਂ ਸੰਭੂ ਰੇਲਵੇ ਸਟੇਸ਼ਨ ‘ਤੇ ਇੱਕ ਧਰਨਾ ਲਗਾ ਕੇ ਰੇਲਾਂ ਦਾ ਚੱਕਾ ਵੀ ਜਾਮ ਕਰ ਰੱਖਿਆ ਹੈ। ਇਸ ਕਾਰਨ ਸਰਕਾਰ ਨੂੰ ਸੈਂਕੜੇ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਹਨ ਜਾਂ ਉਨ੍ਹਾਂ ਦੇ ਰੂਟ ਬਦਲਨੇ ਪੈ ਗਏ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਰੇਲਾਂ ਦਾ ਚੱਕਾ ਜਾਮ ਨਹੀਂ ਕਰਨਾ ਚਾਹੁੰਦੇ, ਪਰ ਸਰਕਾਰ ਨੇ ਸਾਡੇ ਸੰਘਰਸ਼ੀਲ ਸਾਥੀਆਂ ‘ਤੇ ਨਾਜਾਇਜ਼ ਕੇਸ ਪਾ ਕੇ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਹਰਿਆਣਾ ਸਰਕਾਰ ਉਨ੍ਹਾਂ ਦੇ ਸਾਥੀਆਂ ਨੂੰ ਰਿਹਾਅ ਕਰ ਦੇਵੇ ਤਾਂ ਉਹ ਰੇਲਾਂ ਦਾ ਚੱਕਾ ਜਾਮ ਖਤਮ ਕਰ ਦੇਣਗੇ। ਖਨੌਰੀ ਬਾਰਡਰ ‘ਤੇ ਕਿਸਾਨ ਪ੍ਰਦਰਸ਼ਨ ਦੌਰਾਨ ਹਰਿਆਣਾ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਬਠਿੰਡਾ ਜ਼ਿਲ੍ਹੇ ਦੇ ਸ਼ੁਭਕਰਨ ਸਿੰਘ ਅਤੇ ਕਈ ਹੋਰਾਂ ਦੇ ਗੰਭੀਰ ਜ਼ਖਮੀ ਹੋ ਜਾਣ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਰਿਆਣਾ ਦੇ ਤਿੰਨ ਨੌਜਵਾਨ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਵਿਰੁਧ 22 ਅਪ੍ਰੈਲ ਨੂੰ ਜੀਂਦ ਜ਼ਿਲ੍ਹੇ ਦੇ ਪਿੰਡ ਖਟਕਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਮਹਾਂਪੰਚਾਇਤ ਕੀਤੀ ਗਈ, ਜਿਸ ਵਿੱਚ ਇਸੇ ਪਿੰਡ ਦੇ ਇੱਕ ਨੌਜਵਾਨ ਕਿਸਾਨ ਆਗੂ ਅਨੀਸ਼ ਖਟਕਰ, ਨਵਦੀਪ ਜਲਬੇੜ੍ਹਾ ਅਤੇ ਗੁਰਕੀਰਤ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਗਈ। ਜੇਲ੍ਹ ਵਿੱਚ ਬੰਦ ਅਨੀਸ਼ ਖਟਕਰ ਪਿਛਲੇ ਇੱਕ ਮਹੀਨੇ ਤੋਂ ਭੁੱਖ ਹੜਤਾਲ ‘ਤੇ ਹੈ। ਕਿਸਾਨ ਆਗੂਆਂ ਦਾ ਆਖਣਾ ਹੈ ਕਿ ਉਹ ਜਲਦੀ ਭੁੱਖ ਹੜਤਾਲ ਖਤਮ ਕਰਵਾਉਣ ਲਈ ਅਨੀਸ਼ ਨੂੰ ਮਿਲਣਗੇ। ਇਸ ਤੋਂ ਇਲਾਵਾ ਖਟਕਰ (ਜੀਂਦ) ਦੀ ਮਹਾਂਪੰਚਾਇਤ ਵਿੱਚ ਕਿਸਾਨਾਂ ਵੱਲੋਂ ਅਲਟੀਮੇਟਮ ਦਿੱਤਾ ਗਿਆ ਕਿ ਜੇ ਸਰਕਾਰ ਨੇ 27 ਅਪ੍ਰੈਲ ਤੱਕ ਗ੍ਰਿਫਤਾਰ ਕਿਸਾਨ ਆਗੂਆਂ ਨੂੰ ਰਿਹਾਅ ਨਾ ਕੀਤਾ ਤਾਂ ਉਹ ਅਗਲੇ ਦਿਨ ਸ਼ੰਭੂ ਤੋਂ ਇਲਾਵਾ ਹੋਰਨਾਂ ਰੇਲਵੇ ਟਰੈਕਾਂ ‘ਤੇ ਵੀ ਧਰਨਾ ਮਾਰ ਕੇ ਰੇਲਾਂ ਦਾ ਚੱਕਾ ਜਾਮ ਕਰਨਗੇ। ਇਸ ਤੋਂ ਇਲਾਵਾ ਅਣਦੱਸੀਆਂ ਥਾਵਾਂ ‘ਤੇ ਕੌਮੀ ਸ਼ਾਹਮਾਰਗ ਜਾਮ ਕੀਤੇ ਜਾਣਗੇ। ਇੱਕ ਸੰਕੇਤਕ ਪ੍ਰਦਰਸ਼ਨ ਵਜੋਂ 22 ਅਪ੍ਰੈਲ ਨੂੰ ਵੀ ਕਿਸਾਨਾਂ ਵੱਲੋਂ ਦਿੱਲੀ-ਪਟਿਆਲਾ ਕੌਮੀ ਮਾਰਗ ਬਾਅਦ ਦੁਪਹਿਰ ਢਾਈ ਵਜੇ ਤੋਂ ਤਿੰਨ ਵਜੇ ਤੱਕ ਜਾਮ ਕੀਤਾ ਗਿਆ। ਇਸ ਦੌਰਾਨ ਇਹ ਸੂਚਨਾ ਵੀ ਮਿਲੀ ਹੈ ਕਿ ਹਰਿਆਣਾ ਸਰਕਾਰ ਨੌਜੁਆਨ ਕਿਸਾਨਾਂ ਦੀ ਰਿਹਾਈ ਲਈ ਗੱਲਬਾਤ ਅੱਗੇ ਤੋਰਨ ਵਾਸਤੇ ਤਿਆਰ ਹੋ ਗਈ ਹੈ। ਯਾਦ ਰਹੇ, ਅਨੀਸ਼ ਖਟਕਰ ਨੂੰ ਪੁਲਿਸ ਨੇ 19 ਮਾਰਚ ਨੂੰ ਉਦੋਂ ਗ੍ਰਿਫਤਾਰ ਕੀਤਾ ਸ, ਜਦੋਂ ਉਹ ਖਟਕਰ ਟੋਲ ਪਲਾਜਾ ਨੇੜੇ ਕਿਸਾਨ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪ੍ਰੋਗਰਾਮ ਕਰਨ ਦੀ ਤਿਆਰੀ ਕਰ ਰਹੇ ਸਨ। ਜਦੋਂਕਿ ਗੁਰਕੀਰਤ ਸਿੰਘ ਅਤੇ ਨਵਦੀਪ ਜਲਬੇੜ੍ਹਾ ਨੂੰ 29 ਮਾਰਚ ਨੂੰ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਲਾਗਿਉਂ ਗ੍ਰਿਫਤਾਰ ਕੀਤਾ ਗਿਆ ਸੀ।
ਇਧਰ ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਭਾਜਪਾ ਦੇ ਕੀਤੇ ਜਾ ਰਹੇ ਵਿਰੋਧ ਪਿੱਛੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਹੱਥ ਹੈ। ਜਦਕਿ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਕਿਸਾਨਾਂ, ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਦੇ ਅਰਥਚਾਰੇ ਦੇ ਮਸਲਿਆਂ ਦੇ ਠੋਸ ਹੱਲ ਨਾ ਹੋਣ ਕਾਰਨ ਹੀ ਅਕਾਲੀ-ਭਾਜਪਾ ਸਮਝੌਤਾ ਨਹੀਂ ਹੋ ਸਕਿਆ। ਉਨ੍ਹਾਂ ਹੋਰ ਕਿਹਾ ਕਿ ਭਾਜਪਾ ਦੀਆਂ ਕਿਸਾਨਾਂ ਲਈ ਤਬਾਹਕੁੰਨ ਨੀਤੀਆਂ ਦੇ ਸਿੱਟੇ ਵਜੋਂ ਹੀ ਵਾਹਗਾ ਬਾਰਡਰ ਵਪਾਰ ਲਈ ਨਹੀਂ ਖੋਲਿ੍ਹਆ ਜਾ ਰਿਹਾ। ਇਸ ਦੀ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਕੀਮਤ ਤਾਰਨੀ ਪੈ ਰਹੀ ਹੈ।
ਕੁਦਰਤੀ ਕਰੋਪੀ ਨੇ ਮੁੜ ਝੰਬੇ ਕਿਸਾਨ: ਇਨ੍ਹਾਂ ਸਿਆਸੀ ਟਕਰਾਵਾਂ ਦੇ ਐਨ ਦਰਮਿਆਨ ਵਿਗੜੇ ਮੌਸਮ ਕਾਰਨ ਵੀ ਕਿਸਾਨਾਂ ਦੀ ਜਾਨ ਕੁੜੱਕੀ ਵਿੱਚ ਫਸੀ ਪਈ ਹੈ। ਅਪ੍ਰੈਲ ਦੇ ਮਹੀਨੇ ਅੰਦਰ ਹੀ ਕਿਸਾਨਾਂ ਨੂੰ ਤਿੰਨ ਵਾਰ ਗੜੇਮਾਰ ਅਤੇ ਬਾਰਸ਼ ਦੀ ਕਰੋਪੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨਾਲ ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲਿ੍ਹਆਂ ਵਿੱਚ ਨਾ ਸਿਰਫ ਮੰਡੀਆਂ ਵਿੱਚ ਪਈ ਕਣਕ ਭਿੱਜ ਗਈ, ਸਗੋਂ ਖੇਤਾਂ ‘ਚ ਪੱਕੀ ਖੜ੍ਹੀ ਕਣਕ ਦੀ ਫਸਲ ਵੀ ਗੜੇਮਾਰੀ, ਬਾਰਸ਼ ਅਤੇ ਤੇਜ਼ਾ ਹਵਾ ਕਾਰਨ ਨੁਕਸਾਨੀ ਗਈ। ਤੇਜ਼ ਹਵਾ ਅਤੇ ਬਾਰਸ਼ ਕਾਰਨ ਖੇਤਾਂ ਵਿੱਚ ਢਹਿ ਗਈ ਫਸਲ ਦੀ ਨਾ ਸਿਰਫ ਕਟਾਈ ਮਹਿੰਗੀ ਪਏਗੀ, ਸਗੋਂ ਇਸ ਦਾ ਦਾਣੇ ਦੀ ਕੁਅਲਟੀ ‘ਤੇ ਵੀ ਅਸਰ ਪੈ ਸਕਦਾ ਹੈ। ਯਾਦ ਰਹੇ, ਇਨ੍ਹਾਂ ਦਿਨਾਂ ਵਿੱਚ ਜਿੱਥੇ ਦੇਸ਼ ਕਈ ਦੂਜੇ ਰਾਜਾਂ ਵਿੱਚ ਕਹਿਰਾਂ ਦੀ ਗਰਮੀ ਪੈ ਰਹੀ ਹੈ, ਉਥੇ ਪੰਜਾਬ ਵਿੱਚ ਹਾਲੇ ਵੀ ਤਾਪਮਾਨ ਉਸ ਪੱਧਰ ‘ਤੇ ਨਹੀਂ ਤਪਿਆ ਜਿੰਨਾ ਇਨ੍ਹਾਂ ਦਿਨਾਂ ਵਿੱਚ ਤਪਣਾ ਚਾਹੀਦਾ ਹੈ। ਇਸੇ ਕਾਰਨ ਕਣਕ ਦੀ ਫਸਲ ਪੱਕਣ ਵਿੱਚ ਵੀ ਲੇਟ ਹੋ ਗਈ ਹੈ। ਸਿੱਟੇ ਵਜੋਂ ਵਾਢੀ ਵੀ ਲੇਟ ਹੋ ਰਹੀ ਹੈ।
ਇੱਥੇ ਦੱਸਣਾ ਦਿਲਚਸਪ ਹੋਵੇਗਾ ਕਿ ਨੈਸ਼ਨਲ ਕਰਾਈਮ ਬਿਊਰੋ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਤਕਰੀਬਨ 1824 ਕਿਸਾਨਾਂ ਨੇ ਖੁਦਕਸ਼ੀ ਕੀਤੀ ਹੈ। ਯਾਦ ਰਹੇ, ਸਾਲ 2008 ਵਿੱਚ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕਸ਼ੀਆਂ ‘ਤੇ ਇੱਕ ਸਰਵੇ ਕਰਵਾਇਆ ਗਿਆ ਸੀ, ਜਿਸ ਵਿੱਚ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਦਾ ਅੰਕੜਾ 6926 ਦੱਸਿਆ ਗਿਆ ਸੀ। ਇਸ ਵਿੱਚੋਂ 3954 ਕਿਸਾਨ ਅਤੇ 2972 ਖੇਤ ਮਜ਼ਦੂਰ ਸਨ।