ਵੱਡਾ ਖਿਡਾਰੀ ਤੇ ਕਲਾਕਾਰ, ਸਾਦਾ ਤੇ ਸਪੱਸ਼ਟ ਇਨਸਾਨ ਸੀ ਪਰਵੀਨ ਕੁਮਾਰ

ਗੂੰਜਦਾ ਮੈਦਾਨ

ਖਿਡਾਰੀ ਪੰਜ-ਆਬ ਦੇ (16)
ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਇਸ ਲੇਖ ਵਿੱਚ ਖਿਡਾਰੀ ਤੇ ਕਲਾਕਾਰ ਪਰਵੀਨ ਕੁਮਾਰ ਬਾਰੇ ਸੰਖੇਪ ਵੇਰਵਾ ਹੈ। ਉਸ ਦੀ ਪ੍ਰਸਿੱਧੀ ਜਿੰਨੀ ਖਿਡਾਰੀ ਕਰਕੇ ਹੈ, ਉਸ ਤੋਂ ਵੱਧ ਮਹਾਂਭਾਰਤ ਵਿੱਚ ਨਿਭਾਏ ਭੀਮ ਦੇ ਕਿਰਦਾਰ ਕਰਕੇ। ਉਸ ਦੀ ਇਹ ਸਿਫਤ ਰਹੀ ਕਿ ਬਾਲੀਵੁੱਡ ਵਿੱਚ ਕੰਮ ਕਰਨ, ਨਵੀਂ ਦਿੱਲੀ ਵਿੱਚ ਰਹਿਣ ਅਤੇ ਪੂਰੀ ਦੁਨੀਆਂ ਵਿੱਚ ਘੁੰਮਣ ਦੇ ਬਾਵਜੂਦ ਉਸ ਦੀ ਬੋਲੀ ਵਿੱਚ ਮਝੈਲੀ ਲਹਿਜ਼ਾ ਅਤੇ ਸਟਾਈਲ ਨਹੀਂ ਸੀ ਬਦਲਿਆ।

ਨਵਦੀਪ ਸਿੰਘ ਗਿੱਲ
ਫੋਨ: +91-9780036216

ਪਰਵੀਨ ਕੁਮਾਰ ਭਾਰਤੀ ਅਥਲੈਟਿਕਸ ਦਾ ਥੰਮ੍ਹ ਸੀ। ਏਸ਼ੀਆ ਦਾ ਇੱਕ ਦਹਾਕਾ ਰਿਹਾ ਚੈਂਪੀਅਨ, ਰਾਸ਼ਟਰ ਮੰਡਲ ਖੇਡਾਂ ਦਾ ਮੈਡਲਿਸਟ ਅਤੇ ਦੋ ਵਾਰ ਦਾ ਓਲੰਪੀਅਨ ਪਰਵੀਨ ਭਾਰਤੀ ਅਥਲੈਟਿਕਸ ਦੇ ਸੁਨਹਿਰੀ ਸਮੇਂ ਦੇ ਅਥਲੀਟਾਂ ਵਿੱਚੋਂ ਇੱਕ ਹੈ। ਆਜ਼ਾਦ ਭਾਰਤ ਦੇ ਪਹਿਲੇ ਤਿੰਨ ਦਹਾਕਿਆਂ ਦੇ ਸਮੇਂ ਵਿੱਚ ਗੁਰਬਚਨ ਸਿੰਘ ਰੰਧਾਵਾ, ਮਿਲਖਾ ਸਿੰਘ, ਪ੍ਰਦੁੱਮਣ ਸਿੰਘ, ਪਰਵੀਨ ਕੁਮਾਰ, ਮਹਿੰਦਰ ਸਿੰਘ ਗਿੱਲ, ਜੋਗਿੰਦਰ ਸਿੰਘ, ਕਮਲਜੀਤ ਸੰਧੂ ਦੀ ਅਥਲੈਟਿਕਸ ਖੇਡ ਵਿੱਚ ਤੂਤੀ ਬੋਲਦੀ ਸੀ। ਪੰਜਾਬ ਦੇ ਜਾਏ ਇਨ੍ਹਾਂ ਅਥਲੀਟਾਂ ਬਿਨਾ ਭਾਰਤੀ ਅਥਲੈਟਿਕਸ ਦੀ ਗੱਲ ਅਧੂਰੀ ਸੀ।
ਪਰਵੀਨ ਕੁਮਾਰ ਦੀ ਪ੍ਰਸਿੱਧੀ ਜਿੰਨੀ ਖਿਡਾਰੀ ਕਰਕੇ ਹੈ, ਉਸ ਤੋਂ ਵੱਧ ਮਹਾਂਭਾਰਤ ਵਿੱਚ ਨਿਭਾਏ ਭੀਮ ਦੇ ਕਿਰਦਾਰ ਕਰਕੇ। ਦੋਵੇਂ ਹੀ ਕਿਰਦਾਰਾਂ ਵਿੱਚ ਉਹ ਦਮਦਾਰ ਤੇ ਵਜ਼ਨਦਾਰ ਹੋ ਕੇ ਨਿਭਿਆ ਹੈ। ਅਥਲੈਟਿਕਸ ਦੇ ਡਿਸਕਸ ਤੇ ਹੈਮਰ ਥਰੋਅ ਈਵੈਂਟ ਵਿੱਚ ਏਸ਼ੀਆ ਤੇ ਰਾਸ਼ਟਰ ਮੰਡਲ ਖੇਡਾਂ ਦਾ ਜੇਤੂ ਬਣਿਆ। ਬੀ.ਐਸ.ਐਫ. ਵਿੱਚੋਂ ਡਿਪਟੀ ਕਮਾਂਡੈਂਟ ਰਿਟਾਇਰ ਹੋਇਆ। ਮਹਾਂਭਾਰਤ ਵਿੱਚ ਮਹਾਂਬਲੀ ਭੀਮ ਦੇ ਯਾਦਗਾਰੀ ਰੋਲ ਨਾਲ ਉਹ ਦੇਸ਼ ਵਿੱਚ ਤਾਕਤ ਤੇ ਸ਼ਕਤੀ ਦਾ ਮਜੁੱਸਮਾ ਬਣ ਗਿਆ। ਨਾ ਹੀ ਖੇਡਾਂ ਵਿੱਚ ਬਣਾਏ ਉਸ ਦੇ ਰਿਕਾਰਡ ਸੌਖੇ ਟੁੱਟੇ ਅਤੇ ਨਾ ਹੀ ਕਿਸੇ ਟੀ.ਵੀ. ਸੀਰੀਅਲ ਵਿੱਚ ਉਸ ਜਿੰਨੀ ਕਿਸੇ ਨੂੰ ਮਕਬੂਲੀਅਤ ਮਿਲੀ। ਸਵਾ ਛੇ ਫੁੱਟ ਕੱਦ ਤੇ ਸਵਾ ਕੁਇੰਟਲ ਭਾਰ ਵਾਲੇ ਪਰਵੀਨ ਨੂੰ ਦੇਖਦਿਆਂ ਹੀ ਭੁੱਖ ਲਹਿੰਦੀ ਸੀ। ਪਰਵੀਨ ਦੀ ਪ੍ਰਸਿੱਧੀ ਉਸ ਨਾਲ ਜੁੜੇ ਕਈ ਕਿੱਸੇ ਅਤੇ ਉਸ ਦੀ ਸਖਤ ਮਿਹਨਤ ਤੇ ਕਰੜੇ ਸੰਘਰਸ਼ ਦੀ ਕਹਾਣੀ ਆਪ ਬਿਆਨਦੇ ਨੇ। ਅੰਨ੍ਹੀ ਤਾਕਤ ਤੇ ਜ਼ੋਰ ਵਿੱਚ ਉਸ ਦਾ ਕੋਈ ਸਾਨੀ ਨਹੀਂ ਰਿਹਾ। ਪਰਵੀਨ ਵਰਗਾ ਅਥਲੀਟ ਭਾਵੇਂ ਵਿਰਲਾ ਹੀ ਜੰਮਦਾ ਹੈ, ਪਰ ਟੈਲੀਵਿਜ਼ਨ ਦੇ ਦੌਰ ਵਿੱਚ ਮਹਾਂਭਾਰਤ ਸੀਰੀਅਲ ਦੇ ਭੀਮ ਦੇ ਕਿਰਦਾਰ ਨੇ ਉਸ ਦੀ ਪਛਾਣ ਮਹਾਨ ਖਿਡਾਰੀ ਨਾਲੋਂ ਇੱਕ ਵੱਡੇ ਐਕਟਰ ਦੀ ਵੱਧ ਬਣਾਈ। ਪਰਵੀਨ ਖੁਦ ਮੰਨਦਾ ਸੀ ਕਿ ਅਜੋਕੀ ਪੀੜ੍ਹੀ ਲਈ ਉਸ ਦੀ ਪਛਾਣ ਸਿਰਫ ਭੀਮ ਕਰਕੇ ਸੀ; ਪਰ ਉਹ ਖੁਦ ਆਪਣੇ ਆਪ ਨੂੰ ਪਹਿਲਾ ਅਥਲੀਟ ਤੇ ਫੇਰ ਐਕਟਰ ਕਹਾਉਣਾ ਪਸੰਦ ਕਰਦਾ ਸੀ। ਪਰਵੀਨ ਦੇ ਅਖਰੀਲੇ ਸਾਲਾਂ ਵਿੱਚ ਮੈਨੂੰ ਨਿੱਜੀ ਤੌਰ ਉਤੇ ਉਸ ਨੂੰ ਦੋ ਵਾਰ ਮਿਲਣ ਦਾ ਸਬੱਬ ਮਿਲਿਆ ਅਤੇ ਫੋਨ ਉਪਰ ਅਨੇਕਾਂ ਵਾਰ ਗੱਲ ਕੀਤੀ। ਉਸ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਸੀ ਕਿ ਮੈਂ ਉਸ ਨਾਲ ਸਿਰਫ ਖੇਡ ਜੀਵਨ ਦੀਆਂ ਗੱਲਾਂ ਕਰਦਾ ਹਾਂ ਅਤੇ ਖੇਡਾਂ ਦੀਆਂ ਪ੍ਰਾਪਤੀਆਂ ਬਾਰੇ ਹੀ ਲਿਖਦਾ ਹਾਂ। ਬਾਲੀਵੁੱਡ ਵਿੱਚ ਕੰਮ ਕਰਨ, ਨਵੀਂ ਦਿੱਲੀ ਵਿੱਚ ਰਹਿਣ ਅਤੇ ਪੂਰੀ ਦੁਨੀਆਂ ਵਿੱਚ ਘੁੰਮਣ ਦੇ ਬਾਵਜੂਦ ਉਸ ਦੀ ਬੋਲੀ ਵਿੱਚ ਮਝੈਲੀ ਲਹਿਜ਼ਾ ਅਤੇ ਸਟਾਈਲ ਨਹੀਂ ਬਦਲਿਆ ਸੀ।
ਪਰਵੀਨ ਕੁਮਾਰ ਇੱਕ ਦਹਾਕਾ ਏਸ਼ੀਆ ਦਾ ਚੈਂਪੀਅਨ ਥਰੋਅਰ ਰਿਹਾ। 10 ਸਾਲ ਉਸ ਨੇ ਕਿਸੇ ਏਸ਼ੀਅਨ ਥਰੋਅਰ ਨੂੰ ਨੇੜੇ ਨਹੀਂ ਲੱਗਣ ਦਿੱਤਾ। ਡਿਸਕਸ ਤੇ ਹੈਮਰ ਥਰੋਅ- ਦੋਵਾਂ ਵਿੱਚ ਹੀ ਲੋਹਾ ਮੰਨਵਾਇਆ। ਡਿਸਕਸ ਵਿੱਚ ਤਾਂ ਏਸ਼ੀਆ ਦਾ ਨਵਾਂ ਰਿਕਾਰਡ ਵੀ ਬਣਾਇਆ। ਵਿਸ਼ਵ ਚੈਂਪੀਅਨਸ਼ਿਪ ਵਿੱਚ ਏਸ਼ੀਆ ਦੀ ਕਪਤਾਨੀ ਕੀਤੀ ਅਤੇ ਏਸ਼ਿਆਈ ਖੇਡਾਂ ਵਿੱਚ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਰਿਹਾ। ਰਾਸ਼ਟਰ ਮੰਡਲ ਖੇਡਾਂ ਵਿੱਚ ਵੀ ਚਾਂਦੀ ਦਾ ਤਮਗਾ ਜਿੱਤਿਆ। ਦੋ ਵਾਰ ਓਲੰਪਿਕ ਖੇਡਾਂ (ਮੈਕਸੀਕੋ-1968 ਤੇ ਮਿਊਨਿਖ-1972) ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਪਰਵੀਨ ਦੇ ਸਮਿਆਂ ਵਿੱਚ ਕੋਚਿੰਗ ਤਕਨੀਕਾਂ ਅਤੇ ਸਹੂਲਤਾਂ ਦੀ ਬਹੁਤ ਘਾਟ ਸੀ। ਜੇਕਰ ਉਸ ਨੂੰ ਅੱਜ ਵਰਗੇ ਸਮਿਆਂ ਦੀਆਂ ਸਹੂਲਤਾਂ ਮਿਲੀਆਂ ਹੁੰਦੀਆਂ ਤਾਂ ਉਹ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਕੋਈ ਤਮਗਾ ਜ਼ਰੂਰ ਜਿੱਤਦਾ। ਖੇਡਾਂ ਵਿੱਚ ਪਰਵੀਨ ਦੀਆਂ ਪ੍ਰਾਪਤੀਆਂ ਹੋਰ ਵੀ ਵਧ ਸਕਦੀਆਂ ਸਨ, ਪ੍ਰੰਤੂ ਉਸ ਨੂੰ ਰੀੜ੍ਹ ਦੀ ਹੱਡੀ ਦੀ ਤਕਲੀਫ ਨੇ ਰੋਕ ਦਿੱਤਾ। ਪਰਵੀਨ ਨੇ ਪੂਰੇ ਖੇਡ ਜੀਵਨ ਵਿੱਚ ਦਰਜਨਾਂ ਵਾਰ ਕੌਮਾਂਤਰੀ ਪੱਧਰ ’ਤੇ ਤਮਗੇ ਜਿੱਤੇ। ਡਿਸਕਸ ਸੁੱਟਣ ਵਿੱਚ 15 ਸਾਲ ਕੌਮੀ ਰਿਕਾਰਡ ਹੋਲਡਰ ਰਿਹਾ। ਭਾਰਤ ਸਰਕਾਰ ਨੇ ਪਰਵੀਨ ਨੂੰ ‘ਅਰਜੁਨਾ ਐਵਾਰਡ’ ਅਤੇ ਪੰਜਾਬ ਸਰਕਾਰ ਨੇ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਨਾਲ ਸਨਮਾਨਿਆ।
ਪਰਵੀਨ ਕੁਮਾਰ ਸੋਬਤੀ ਦਾ ਜਨਮ 6 ਸਤੰਬਰ 1947 ਨੂੰ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਸਰਹਾਲੀ (ਉਦੋਂ ਅੰਮ੍ਰਿਤਸਰ ਜ਼ਿਲ੍ਹਾ) ਵਿੱਚ ਹੋਇਆ। ਪੰਜਾਬ ਪੁਲਿਸ ਵਿੱਚ ਥਾਣੇਦਾਰ ਰਿਟਾਇਰ ਹੋਏ ਕੁਲਵੰਤ ਰਾਏ ਦੇ ਘਰ ਮਾਤਾ ਸੁਮਿੱਤਰਾ ਦੇਵੀ ਦੀ ਕੁੱਖੋਂ ਪੈਦਾ ਹੋਇਆ ਪਰਵੀਨ ਬਚਪਨ ਤੋਂ ਹੀ ਚੰਗੇ ਕੱਦ-ਕਾਠ ਵਾਲਾ ਸੀ। ਖਾਣ-ਪੀਣ ਘਰ ਵਿੱਚ ਖੁੱਲ੍ਹਾ ਸੀ, ਜਿਸ ਕਾਰਨ ਖੇਡਾਂ ਵੱਲ ਝੁਕਾਅ ਸੁਭਾਵਕ ਹੀ ਸੀ। ਸ਼ੁਰੂਆਤ ਵਿੱਚ ਉਸ ਨੂੰ ਸਰੀਰ ਬਣਾਉਣ ਤੇ ਭਾਰ ਚੁੱਕਣ ਦਾ ਸ਼ੌਕ ਸੀ, ਜਿਸ ਲਈ ਮੁਢਲੇ ਸਮੇਂ ਵਿੱਚ ਉਸ ਦਾ ਰੁਝਾਨ ਬਾਡੀ ਬਿਲਡਿੰਗ ਤੇ ਵੇਟਲਿਫਟਿੰਗ ਵੱਲ ਸੀ। ਉਸ ਵੇਲੇ ਜੀ.ਜੀ.ਐਸ. ਖਾਲਸਾ ਹਾਇਰ ਸੈਕੰਡਰੀ ਸਕੂਲ ਸਰਹਾਲੀ ਦੇ ਮੁੱਖ ਅਧਿਆਪਕ ਹਰਬੰਸ ਸਿੰਘ ਗਿੱਲ ਨੇ ਪਰਵੀਨ ਦੇ ਕੱਦ-ਕਾਠ ਨੂੰ ਦੇਖਦਿਆਂ ਡਿਸਕਸ ਤੇ ਗੋਲਾ ਸੁੱਟਣ ਨੂੰ ਕਿਹਾ। ਉਦੋਂ ਉਸ ਨੂੰ ਦੋਵੇਂ ਈਵੈਂਟਾਂ ਬਾਰੇ ਕੁਝ ਨਹੀਂ ਪਤਾ ਸੀ। ਅੱਠਵੀਂ ਪੜ੍ਹਦਿਆਂ ਸਕੂਲ ਦੀ ਹਾਕੀ ਟੀਮ ਦੀ ਜਿੱਤ ਤੋਂ ਹੋਏ ਸਵਾਗਤ ਨਾਲ ਪਰਵੀਨ ਨੂੰ ਪ੍ਰੇਰਨਾ ਮਿਲੀ। ਪਰਵੀਨ ਨੇ ਸਵੱਖਤੇ ਚਾਰ ਵਜੇ ਉਠ ਕੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਉਸ ਵੇਲੇ ਉਹ ਆਪਣੀ ਵਰਜਿਸ਼ ਘਰ ਵਿੱਚ ਆਟਾ ਪੀਹਣ ਵਾਲੀ ਚੱਕੀ ਦੇ ਪੁੜਾਂ ਨੂੰ ਚੁੱਕ ਕੇ ਕਰਦਾ ਹੁੰਦਾ ਸੀ। ਉਹ ਫਲਿਆਂ ਵਿੱਚ ਹੀ ਗੋਲ ਚੱਕਰ ਦਾ ਥੜ੍ਹਾ ਬਣਾ ਕੇ ਥਰੋਆਂ ਸੁੱਟਣ ਲੱਗ ਜਾਂਦਾ। ਕਬੱਡੀ ਖੇਡਣੀ, ਅਖਾੜੇ ਵਿੱਚ ਘੋਲ ਕਰਨੇ ਅਤੇ ਰੱਸੇ ਨਾਲ ਜ਼ੋਰ ਅਜ਼ਮਾਇਸ਼ ਕਰਨੀ। ਕਦੇ-ਕਦੇ ਗੁੱਲੀ-ਡੰਡਾ ਖੇਡਣ ਲੱਗ ਜਾਂਦਾ।
ਪਰਵੀਨ ਨੇ ਪਹਿਲੀ ਵਾਰ 1962-63 ਵਿੱਚ ਅਹਿਮਦਾਬਾਦ ਵਿਖੇ ਕੌਮੀ ਸਕੂਲ ਖੇਡਾਂ ਵਿੱਚ ਡਿਸਕਸ ਥਰੋਅ ’ਚ ਸੋਨ ਤਮਗਾ ਜਿੱਤਿਆ। ਫੇਰ ਕਲਕੱਤਾ ਵਿਖੇ ਜੂਨੀਅਰ ਨੈਸ਼ਨਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਦਿਆਂ ਉਹ ਆਲ ਇੰਡੀਆ ਇੰਟਰ ’ਵਰਸਿਟੀ ਚੈਂਪੀਅਨ ਬਣਿਆ। ਨਿੱਕੇ ਪਰਵੀਨ ਨੇ ਵੱਡਿਆਂ ਦੇ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਕੌਮੀ ਪੱਧਰ ’ਤੇ ਆਪਣੀ ਦਸਤਕ ਦੇ ਦਿੱਤੀ। ਫੇਰ ਉਸ ਦੀ ਚੋਣ ਸੋਵੀਅਤ ਸੰਘ ਖਿਲਾਫ ਅਥਲੈਟਿਕਸ ਮੀਟ ਵਿੱਚ ਭਾਰਤੀ ਟੀਮ ’ਚ ਹੋ ਗਈ, ਜਿੱਥੇ ਉਸ ਨੇ ਹੈਮਰ ਥਰੋਅ ਦਾ ਨਵਾਂ ਕੌਮੀ ਰਿਕਾਰਡ ਰੱਖਿਆ। ਉਸ ਤੋਂ ਬਾਅਦ ਫੇਰ ਉਸ ਨੇ 15 ਸਾਲ ਪਿੱਛੇ ਮੁੜ ਕੇ ਨਹੀਂ ਵੇਖਿਆ। 1965 ਤੋਂ 1980 ਤੱਕ ਤਾਂ ਉਹ ਡਿਸਕਸ ਥਰੋਅ ਦਾ ਕੌਮੀ ਰਿਕਾਰਡ ਹੋਲਡਰ ਰਿਹਾ। ਉਸ ਨੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਡਿਸਕਸ ਤੇ ਹੈਮਰ ਥਰੋਅ- ਦੋਵਾਂ ਈਵੈਂਟਾਂ ਵਿੱਚ ਢੇਰਾਂ ਤਮਗੇ ਜਿੱਤੇ। 1971, 1972, 1974, 1977, 1978 ਤੇ 1979 ਦੀਆਂ ਨੈਸ਼ਨਲ ਮੀਟਾਂ ਵਿੱਚ ਉਹ ਦੋਵੇਂ ਈਵੈਂਟਾਂ ਦਾ ਚੈਂਪੀਅਨ ਬਣਦਾ ਰਿਹਾ।
1966 ਵਿੱਚ ਕਿੰਗਸਟਨ ਰਾਸ਼ਟਰ ਮੰਡਲ ਖੇਡਾਂ, ਜਿਸ ਨੂੰ ਉਸ ਵੇਲੇ ਬ੍ਰਿਟਿਸ਼ ਅੰਪਾਇਰ ਅਤੇ ਰਾਸ਼ਟਰ ਮੰਡਲ ਖੇਡਾਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਵਿੱਚ ਪਰਵੀਨ ਨੇ 60.12 ਮੀਟਰ ਹੈਮਰ ਸੁੱਟ ਕੇ ਚਾਂਦੀ ਦਾ ਤਮਗਾ ਜਿੱਤਿਆ। ਮਿਲਖਾ ਸਿੰਘ ਤੋਂ ਬਾਅਦ ਉਹ ਦੇਸ਼ ਦਾ ਦੂਜਾ ਅਥਲੀਟ ਸੀ, ਜਿਸ ਨੇ ਰਾਸ਼ਟਰ ਮੰਡਲ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਕੋਈ ਤਮਗਾ ਜਿੱਤਿਆ ਹੋਵੇ। 1966 ਵਿੱਚ ਹੀ ਬੈਂਕਾਕ ਏਸ਼ਿਆਈ ਖੇਡਾਂ ਵਿੱਚ ਪਰਵੀਨ ਨੇ ਡਿਸਕਸ ਵਿੱਚ ਨਵਾਂ ਏਸ਼ਿਆਈ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗਾ ਅਤੇ ਹੈਮਰ ਥਰੋਅ ਵਿੱਚ 57.18 ਮੀਟਰ ਦੀ ਥਰੋਅ ਨਾਲ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ। 1967 ਵਿੱਚ ਕੋਲੰਬੋ ਵਿਖੇ ਹੋਈ ਇੰਟਰਨੈਸ਼ਨਲ ਮੀਟ ਵਿੱਚ ਉਸ ਨੇ ਡਿਸਕਸ ਤੇ ਹੈਮਰ- ਦੋਵਾਂ ਈਵੈਂਟਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ।
1970 ਵਿੱਚ ਬੈਂਕਾਕ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਉਹ ਦੂਜੀ ਵਾਰ ਡਿਸਕਸ ਥਰੋਅ ਦਾ ਚੈਂਪੀਅਨ ਬਣਿਆ। ਉਥੇ ਉਸ ਨੇ 52.38 ਮੀਟਰ ਦੀ ਥਰੋਅ ਨਾਲ ਸੋਨੇ ਦਾ ਤਮਗਾ ਜਿੱਤਿਆ। ਪਰਵੀਨ ਨੇ 1973 ਵਿੱਚ ਮਨੀਲਾ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। 1974 ਵਿੱਚ ਤਹਿਰਾਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਪਰਵੀਨ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ। ਇੱਥੇ ਉਸ ਨੇ ਡਿਸਕਸ ਥਰੋਅ ਵਿੱਚ 53.64 ਮੀਟਰ ਦੀ ਥਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ। ਪਰਵੀਨ ਨੇ 1975 ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਿਆ। 1977 ਵਿੱਚ ਬਰਲਿਨ ਵਿਖੇ ਹੋਏ ਵਿਸ਼ਵ ਕੱਪ ਮੁਕਾਬਲੇ ਵਿੱਚ ਪਰਵੀਨ ਨੇ ਏਸ਼ੀਆ ਦੀ ਅਥਲੈਟਿਕਸ ਟੀਮ ਦੀ ਕਪਤਾਨੀ ਕੀਤੀ, ਜਿੱਥੇ ਉਸ ਨੇ ਚੌਥਾ ਸਥਾਨ ਹਾਸਲ ਕੀਤਾ। 1977 ਵਿੱਚ ਸਕਾਟਲੈਂਡ ਵਿਖੇ ਹੋਈ ਇੰਟਰਨੈਸ਼ਨਲ ਮੀਟ ਵਿੱਚ ਉਸ ਨੇ ਡਿਸਕਸ ਥਰੋਅ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਹ ਉਸ ਦੇ ਕੌਮਾਂਤਰੀ ਖੇਡ ਜੀਵਨ ਦਾ ਆਖਰੀ ਤਮਗਾ ਸੀ। 1980 ਵਿੱਚ ਉਸ ਨੇ ਖੇਡਾਂ ਤੋਂ ਸੰਨਿਆਸ ਲੈ ਲਿਆ। ਅਥਲੈਟਿਕਸ ਵਿੱਚ ਉਸ ਦੀ ਸਭ ਤੋਂ ਵੱਧ ਸਾਂਝ ਗੁਰਬਚਨ ਸਿੰਘ ਰੰਧਾਵਾ ਅਤੇ ਮਹਿੰਦਰ ਸਿੰਘ ਗਿੱਲ ਨਾਲ ਰਹੀ। ਹਾਕੀ ਸਟਾਰ ਸੁਰਿੰਦਰ ਸਿੰਘ ਸੋਢੀ ਵੀ ਉਸ ਦੇ ਗੂੜ੍ਹੇ ਮਿੱਤਰ ਸਨ।
ਪਰਵੀਨ ਦੀ ਪ੍ਰਸਿੱਧੀ ਪਿੱਛੇ ਉਸ ਦੀ ਤਕੜੀ ਘਾਲਣਾ ਸੀ। ਘੰਟਿਆਂ ਬੱਧੀ ਪ੍ਰੈਕਟਿਸ ਉਸ ਦਾ ਨਿੱਤ ਨੇਮ ਸੀ। 100-150 ਡੰਡ ਤੇ 500-600 ਬੈਠਕਾਂ ਉਸ ਲਈ ਆਮ ਗੱਲ ਸੀ। ਪ੍ਰੈਕਟਿਸ ਦੇ ਦਿਨਾਂ ਵਿੱਚ ਉਸ ਦੀ ਇੱਕ ਦਿਨ ਦੀ ਖੁਰਾਕ ਵਿੱਚ 5-6 ਕਿਲੋ ਦੁੱਧ, 6-7 ਆਂਡੇ, ਕਿਲੋ-ਸਵਾ ਕਿਲੋ ਮੀਟ ਤੇ ਪਾ-ਡੇਢ ਪਾ ਦੇਸੀ ਘਿਓ ਸ਼ਾਮਲ ਹੁੰਦਾ ਸੀ। ਸਰਹਾਲੀ ਦੀਆਂ ਸੱਥਾਂ ਵਿੱਚ ਇਹ ਗੱਲ ਪ੍ਰਚੱਲਿਤ ਹੁੰਦੀ ਸੀ ਕਿ ਪਰਵੀਨ ਦੀ ਖੁਰਾਕ ਕਰਕੇ ਪਿੰਡ ਵਿੱਚ ਕੋਈ ਵੀ ਕੁੱਕੜ ਨਹੀਂ ਬਚਦਾ ਸੀ।
ਪਰਵੀਨ ਨੇ ਆਪਣੇ ਐਕਟਿੰਗ ਕਰੀਅਰ ਵਿੱਚ 50 ਤੋਂ ਵੱਧ ਫਿਲਮਾਂ ਕੀਤੀਆਂ, ਜਿਨ੍ਹਾਂ ਵਿੱਚ ਸ਼ਹਿਨਸ਼ਾਹ, ਹਮ ਸੇ ਹੈ ਜ਼ਮਾਨਾ, ਗਜ਼ਬ, ਜਾਗੀਰ, ਕ੍ਰਿਸ਼ਮਾ ਕੁਦਰਤ ਕਾ, ਲੋਹਾ, ਯੁੱਧ, ਜਬਰਦਸਤ, ਡਾਕ ਬੰਗਲਾ, ਕਮਾਂਡੋ, ਇਲਾਕਾ, ਮਿੱਟੀ ਕਾ ਸੋਨਾ, ਘਾਇਲ, ਆਜ ਕਾ ਅਰਜੁਨ, ਅਜੂਬਾ, ਜਾਨ, ਅਜੈ ਪ੍ਰਮੁੱਖ ਸਨ। ਮਹਾਂਭਾਰਤ ਸੀਰੀਅਲ ਵਿੱਚ ਭੀਮ ਦੇ ਨਿਭਾਏ ਯਾਦਗਾਰੀ ਰੋਲ ਨੇ ਪਰਵੀਨ ਨੂੰ ਸਦੀਵੀਂ ਲੋਕਾਂ ਦੇ ਮਨਾਂ ਵਿੱਚ ਵਸਾ ਦਿੱਤਾ।
ਪਰਵੀਨ ਕੁਮਾਰ 74 ਵਰਿ੍ਹਆਂ ਦੀ ਉਮਰੇ ਸਾਲ 2022 ਵਿੱਚ 7 ਤੇ 8 ਫਰਵਰੀ ਦੀ ਦਰਮਿਆਨੀ ਰਾਤ ਨਵੀਂ ਦਿੱਲੀ ਸਥਿਤ ਅਸ਼ੋਕ ਵਿਹਾਰ ਸਥਿਤ ਰਿਹਾਇਸ਼ ਉਤੇ ਦਿਲ ਦਾ ਦੌਰਾ ਪੈਣ ਨਾਲ ਸਦਾ ਲਈ ਅਲਵਿਦਾ ਆਖ ਗਿਆ। ਪਰਿਵਾਰ ਵਿੱਚ ਉਹ ਆਪਣੇ ਪਿੱਛੇ ਪਤਨੀ, ਬੇਟੀ-ਦਾਮਾਦ ਤੇ ਇੱਕ ਦੋਹਤੀ ਛੱਡ ਗਿਆ।

Leave a Reply

Your email address will not be published. Required fields are marked *