ਕਲਾਨੌਰ, ਜਿਥੇ ਬਾਦਸ਼ਾਹ ਅਕਬਰ ਦੀ ਤਾਜ਼ਪੋਸ਼ੀ ਹੋਈ ਸੀ

ਆਮ-ਖਾਸ ਗੂੰਜਦਾ ਮੈਦਾਨ

ਪਿੰਡ ਵਸਿਆ
ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ।

ਹਥਲੇ ਕਾਲਮ ‘ਪਿੰਡ ਵਸਿਆ’ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪੇਸ਼ ਹੈ, ਪਿੰਡ ਕਲਾਨੌਰ ਦਾ ਕਿੱਸਾ, ਜਿੱਥੇ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਹੋਈ ਸੀ –ਪ੍ਰਬੰਧਕੀ ਸੰਪਾਦਕ

ਵਿਜੈ ਬੰਬੇਲੀ
ਫੋਨ:+91-9463439075

ਕਿਹਾ ਜਾਂਦਾ ਹੈ ਕਿ ਕਲਾਨੌਰ ਦੀ ਮੋੜ੍ਹੀ, ਕਿਸੇ ਖੇੜੇ ਦੇ ਥੇਹ ਉੱਤੇ ਕਾਲੇ ਅਤੇ ਨੌਰਾ- ਦੋ ਸਕੇ ਮੁਸਲਮਾਨ ਭਾਈਆਂ ਨੇ ਗੱਡੀ ਸੀ। ਉਨ੍ਹਾਂ ਦੇ ਨਾਂ ਦੇ ਜੁੜਵੇਂ ਸੁਮੇਲ ਨਾਲ ਇਸ ਵਸੇਬ ਦਾ ਨਾਂ ਕਲਾਨੌਰ ਵਜੋਂ ਪੱਕ ਪਕਾਅ ਗਿਆ; ਪਰ ਉਨ੍ਹਾਂ ਇਸਦਾ ਪਿੜ ਕਦੋਂ ਅਤੇ ਕਿਨ੍ਹਾਂ ਹਾਲਤਾਂ ਵਿੱਚ ਬੰਨਿਆਂ, ਇਤਿਹਾਸ ਇਸ ਬਾਰੇ ਚੁੱਪ ਹੈ। ਉਂਜ ਕਿਹਾ ਇਹ ਵੀ ਜਾਂਦਾ ਹੈ ਕਿ ਇਹ ਕਿਸੇ ਹਿੰਦੂ ਰਾਜੇ ਵੱਲੋਂ ਵਸਾਈ ਬੜੀ ਪ੍ਰਚੀਨ ਨਗਰੀ ਸੀ/ਹੈ, ਜਿਹੜੀ ਸਮਾਂ ਪਾ ਜਲ-ਪਰਲੋ ਦੀ ਸ਼ਿਕਾਰ ਹੋ ਗਈ ਸੀ। ਜਿਸਦੀ ਗਵਾਹੀ ਇੱਥੋਂ ਦੇ ਕਈ ਧੜਵੈਲ ਖੰਡਰਾਤ ਭਰਦੇ ਹਨ। ਦੱਸਿਆ ਗਿਆ: “ਇੱਥੇ ਤਾਮੀਰ, ਸ਼ਿਵ ਜੀ ਦੇ ਘਰ ਵਜੋਂ ਪ੍ਰਚਾਰਿਆ-ਸਤਿਕਾਰਿਆ ਜਾਂਦਾ ‘ਕਮਲੇਸ਼ਵਰ’ ਮੰਦਿਰ ਬਚਿਆ ਰਿਹਾ, ਜਿਸ ਤੋਂ ਹੀ ਇਸਦਾ ਹੁਣ ਵਾਲਾ ਨਾਂ, ਵਿਗੜਦਾ-ਸੰਵਰਦਾ, ਲੋਕ ਮਨਾ ਵਿੱਚ ਉੱਕਰ ਗਿਆ।” ਪ੍ਰੰਤੂ ਬਹੁਮਤ ਦਾ ਕਹਿਣਾ ਹੈ ਕਿ ਉਹ ਮੰਦਿਰ ਤਾਂ ਕਿਤੇ ਬਾਅਦ ਮਾਸਟਰ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਜਾਂ ਸ਼ੇਰ ਸਿੰਘ ਨੇ ਬਣਵਾਇਆ ਜਾਂ ਮੁੜ ਮੁਰੰਮਤਿਆ ਸੀ।
ਖੈਰ! ਇਤਿਹਾਸ ਵਿੱਚ ਇਸ ਨਗਰੀ ਦੇ ਦਰਜ਼ ਹੋਣ ਦਾ ਪੁਖਤਾ ਰੂਪ 1556 ਦੀ ਉਹ ਘਟਨਾ ਹੈ, ਜਦ ਹਾਲਾਤਾਂ ਵੱਸ, ਆਪਣੇ ਬਾਪ ਹਮਾਯੂੰ ਦੀ ਅਚਨਚੇਤ ਮੌਤ ਉਪਰੰਤ ਇਧਰ ਭ੍ਰਮਣ ਕਰਨ ਆਏ 13 ਵਰਿ੍ਹਆਂ ਦੇ ਅਕਬਰ ਨੂੰ ਹਮਾਯੂੰ ਦੇ ਭਰੋਸੇਮੰਦ ਜੰਗੀ ਸਰਦਾਰ ਬਹਿਰਾਮ ਖਾਨ, ਜਿਹੜਾ ਅਕਬਰ ਦਾ ਟਹਿਲੂਆ ਸੀ, ਵੱਲੋਂ ਇੱਥੇ ਕਾਹਲੀ ਨਾਲ ਤਿਆਰ ਕੀਤੇ ਗਏ ਇੱਕ ਥੜ੍ਹੇ ਉੱਤੇ ਤਖ਼ਤ-ਨਸ਼ੀਨ ਕਰਵਾਇਆ ਗਿਆ ਸੀ। ਹਾਂ! ਮਗਰੋਂ ਇਸ ਥੜ੍ਹੇ ਨੂੰ ਕੁੱਝ ਕਲਾਤਮਿਕ ਰੂਪ ਦੇ ਕੇ ‘ਤਖ਼ਤ-ਏ-ਅਕਬਰੀ’ ਦਾ ਨਾਮ ਦੇ ਦਿੱਤਾ ਗਿਆ ਅਤੇ ਲਾਗੇ ਹੀ ‘ਅਕਬਰੀ ਮਸਜਿਦ’, ਜਿਹੜੀ ਅੱਜ ਵੀ ਅਕਬਰ ਵਾਂਗ ਸਿਰ ਉੱਚਾ ਕਰਕੇ ਖੜੀ ਹੈ, ਵੀ ਉਸਾਰੀ ਗਈ। ਬਾਦਸ਼ਾਹ ਅਕਬਰ ਤਾਅ-ਉਮਰ ਇਸ ਅਸਥਾਨ ਪ੍ਰਤੀ ਮੋਹ-ਵੰਤਾ ਰਿਹਾ ਅਤੇ ਉਸਦੀ ਨਜ਼ਰ-ਏ-ਨਿਆਇਤ ਸਦਕਾ ਕਲਾਨੌਰ ਆਬਾਦੀ ਅਤੇ ਬਾਜ਼ਾਰ ਪੱਕੋਂ ਵਾਹ-ਬੁਲੰਦ ਵੀ ਹੋਇਆ। ਕਹਿੰਦੇ ਹਨ ਕਿ ਉਦੋਂ ਇਸ ਖੇੜੇ ਪ੍ਰਤੀ ਇਹ ‘ਵਾਜ਼ ਵੀ ਪ੍ਰਚਲਤ ਹੋਈ, “ਜਿਹਨੂੰ ਲਾਹੌਰ ਵੇਖਣਾ ਨਸੀਬ ਨਹੀਂ, ਉਹ ਘੱਟੋ-ਘੱਟ ਕਲਾਨੌਰ ਤਾਂ ਜਰੂਰ ਵੇਖ ਲਵੇ।”
ਦੱਸਦੇ ਹਨ ਕਿ ਉਨ੍ਹੀਂ ਵਕਤੀਂ ਅੰਮ੍ਰਿਤਸਰ ਆਏ ਲਾਹੌਰ ਦੇ ਵਪਾਰੀ ਕਲਾਨੌਰ ਦੇ ਅਨਾਰਕਲੀ ਬਾਜ਼ਾਰ ਵਿੱਚ ਵੀ ਗੇੜ੍ਹਾ ਮਾਰਦੇ। ਇਹ ਗੱਲਾਂ ਸੱਚ ਹਨ ਜਾਂ ਝੂਠ, ਪਰ ਇਹ ਕਲਾਨੌਰ ਦੀ ਕਿਸੇ ਵਕਤ ਦੀ ਚੜ੍ਹਤ ਦਾ ਇਸ਼ਾਰਾ ਜਰੂਰ ਕਰਦੀਆਂ ਹਨ। ਸਮਾਂ ਪਾ ਇਸਨੂੰ ਚੰਗੇ-ਮਾੜੇ ਮੁਗਲ ਚਹੇਤੇ ਹੁਕਮਰਾਨ ਮਿਲਦੇ ਰਹੇ ਅਤੇ ਮਾੜਿਆਂ ਦੀ ਕਾਰਗੁਜ਼ਾਰੀ ਕਾਰਨ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੇ ਉਥਾਨ ਵਕਤ ਇਸ ਨਗਰ ਨੂੰ ਸਖ਼ਤ ਉਜਾੜੇ ਦਾ ਮੂੰਹ ਵੇਖਣਾ ਪਿਆ।
ਇਤਿਹਾਸ-ਮਿਥਿਹਾਸ ਅਤੇ ਦੰਦ-ਕਥਾਵਾਂ ਅਨੁਸਾਰ ਜਿੱਥੇ ਹਿੰਦੋਸਤਾਨ ਫਤਿਹ ਕਰਨ ਤੁਰਿਆ ਸਿਕੰਦਰ ਮਹਾਨ, 325 ਈ. ਪੂਰਵ ਇਸ ਕਸਬੇ ਪੁੱਜਾ ਸੀ, ਉਥੇ ਗੱਖੜਾਂ ਦੇ ਹਮਲਿਆਂ ਵੇਲੇ 1422-23 ਈ. ‘ਚ ਦਿੱਲੀ ਦੇ ਬਾਦਸ਼ਾਹ ਮੁਬਾਰਕ ਸ਼ਾਹ ਦੀ ਹਦਾਇਤ ਅਨੁਸਾਰ ਜੰਮੂ ਦੇ ਰਾਜਾ ਭੀਮ ਸੈਨ ਨੇ ਜਸਰਤ ਗੱਖੜ ਦਾ ਸਿਰ-ਵਾਰਵਾਂ ਮੁਕਾਬਲਾ ਕੀਤਾ ਸੀ। ਇਹੀ ਨਹੀਂ, 1526 ਵਿੱਚ ਇਬਰਾਹੀਮ ਲੋਧੀ ਦੇ ਵਿਦਰੋਹੀ ਗਵਰਨਰ ਜਰਨੈਲ ਦੌਲਤ ਖਾਂ ਨੇ ਕਲਾਨੌਰ ‘ਤੇ ਕਬਜ਼ਾ ਜਮਾਅ ਬਾਬਰ ਨੂੰ ਹਿੰਦੋਸਤਾਨ ‘ਤੇ ਹਮਲਾ ਕਰਨ ਲਈ ਇਸੇ ਸਥਾਨ ਤੋਂ ਉਕਸਾਇਆ ਸੀ। ਮਗਰੋਂ ਪਸਰੂਰ ਰਾਹੀਂ ਇੱਥੇ ਪੁੱਜੇ ਬਾਬਰ ਨੇ ਦੌਲਤ ਖਾਂ ਦੀ ਬਜਾਏ ਆਪਣੇ ਤਾਜ਼ਿਕ ਕਮਾਂਡਰ ਅਲੀ ਮੁਹੰਮਦ ਨੂੰ ਇਸ ਨਗਰ ਦੇ ਹੱਕ-ਹਕੂਕ ਸੰਭਾਲ ਦਿੱਤੇ ਸਨ। ਮਗਰੋਂ ਕਲਾਨੌਰ ‘ਸੂਬਾ ਲਾਹੌਰ’ ਦੀ ‘ਸਰਕਾਰ ਬਟਾਲਾ’ ਨਾਲ ਸਬੰਧਿਤ ‘ਕਲਾਨੌਰ ਅਕਬਰੀ’ ਨਾਂ ਤਹਿਤ ਮੁੱਖ ਪਰਗਨਾ ਘੋਸ਼ਿਤ ਕੀਤਾ ਗਿਆ। ਦਸਤਾਵੇਜ਼ੀ ਪੁਸਤਕ ‘ਆਇਨੇ ਅਕਬਰੀ’ ਵਿੱਚ ਇਨ੍ਹਾਂ ਗੱਲਾਂ ਦੇ ਪੁਖਤਾ ਜ਼ਿਕਰ ਸਮੇਤ, ਗਾਹੇ-ਬਗਾਹੇ ਕਈ ਹੋਰ ਇਤਿਹਾਸ ਪੁਸਤਕਾਂ ਵਿੱਚ ਇਸ ਨਗਰ ਬਾਰੇ ਕੁੱਝ-ਨਾ-ਕੁੱਝ ਦਰਜ਼ ਹੈ।
ਹਾਂ! ਇਸ ਸ਼ਹਿਰ ਨੇ 1617 ਈ. ਵਿੱਚ ਨੂਰਪੁਰ ਦੀ ਪਹਾੜੀ ਰਿਆਸਤ ਦੇ ਰਾਜਾ ਜਗਤ ਸਿੰਘ-ਰਾਜਾ ਸੂਰਜ ਮੱਲ ਦੀ ਅਉਧ ਵੀ ਹੰਢਾਈ ਅਤੇ ਜਕਰੀਆਂ ਖਾ (1739-450 ਦੇ ਨੇੜੂਆਂ, ਇੱਥੋਂ ਦੇ ਵਾਸੀ, ਦੀਵਾਨ ਜਸਪਤ ਰਾਏ-ਲ਼ਖਪਤ ਰਾਏ ਦਾ ਸੰਤਾਪ ਵੀ ਹੰਢਾਇਆ। ਕਦੇ ਇੱਥੋਂ ਦਾ ਹੀ ਗਾਲਿਬ ਖਾਂ ਕਲਾਨੌਰੀ ਸੂਬਾ ਲਾਹੌਰ ਦੇ ਗਵਰਨਰ ਸਿਕੰਦਰ ਮਲਿਕ (1427-29) ਦਾ ਡਿਪਟੀ ਵੀ ਰਿਹਾ ਸੀ, ਫੇਰ ਸੰਯੋਗ ਵੱਸ ਇਸੇ ਲਾਹੌਰ ਦਾ ਜੰਗੀ ਰੁਕਨ ਅਦੀਨਾ ਬੇਗ ਇਸਦਾ ਹੁਕਮਰਾਨ ਬਣਿਆ ਸੀ ਅਤੇ ਉਸਤੋਂ ਬਾਅਦ ਸਿੱਖ ਮਿਸਲਚੀ ਤੇ ਮਗਰੋਂ ਮਾਸਟਰ ਰਣਜੀਤ ਸਿੰਘ ਦਾ ਕੁਨਬਾ।
ਬਕੌਲ ਬੂਟੇ ਸ਼ਾਹ, ਉੱਘਾ ਕਾਲਮਨਵੀਸ, ਆਪਣੀ ਢੇਰ ਪੁਰਾਣੀ ਪੁਸਤਕ ‘ਪੰਜਾਬ ਦੀ ਜੋਗਰਾਫਯਾਈ ਤਵਾਰੀਖ’ ਵਿੱਚ ਇਸ ਬਾਰੇ ਕਲਮਬੱਧ ਇੰਜ ਕਰਦਾ ਹੈ, “ਕਲਾਨੌਰ ਇੱਕ ਵੱਡਾ ਪੁਰਾਣਾ ਸ਼ਹਿਰ ਰਾਵੀ `ਤੇ ਪੰਜ ਕੋਹ ਹੈ; ਉਹ ਦੇ ਹੇਠ ਉੱਤਰ ਦੇ ਰੁਕ ਇੱਕ ਨਹਿਰ ਵਗਦੀ ਹੈ, ਜਿਹਨੂੰ ਕਰਨ ਕਰਕੇ ਆਖਦੇ ਹਨ। ਬਹਿਰਾਮਪੁਰ ਤੇ ਲਾਕੇ ਕਲਾਨੌਰ ਤੀਕੁਰ ਸਾਰੀ ਧਰਤੀ ਵਿਖੇ ਚੁਸਮੇ ਫੁਟਦੇ ਹਨ, ਅਤੇ ਤਿਨਾਂ ਦਾ ਪਾਣੀ ਕੱਠਾ ਹੋ ਕੇ ਕਰਨ ਸਦਾਉਂਦਾ ਹੈ; ਅਤੇ ਇਹ ਕਰਨ ਪਾਤਸਾਹੀ ਬਾਗ ਦੇ ਹੇਠ, ਜੋ ਸ਼ਹਿਰੋਂ ਪੂਰਬ ਦੇ ਦਾਉ ਹੈ, ਅਜਿਹੀ ਡੂੰਘੀ ਹੈ, ਜੋ ਕਦੇ ਗਾਹਣ ਨਹੀਂ ਹੁੰਦੀ ਅਤੇ ਬੇੜੀ ਬਿਨਾ ਉਥੋਂ ਲੰਘਿਆ ਨਹੀਂ ਜਾਂਦਾ।… ਇਸ ਪਰਗਣੇ ਦੀ ਭੋਂ ਕੁਛ ਕਰਨ ਦੇ ਕੰਢੇ, ਕੁਛ ਹਰਟਾਂ ਅਰ ਬਾਰਿਆਂ, ਅਰਥਾਤ ਚੜਸਾਂ ਦੇ ਪਾਣੀ ਪੁਰ, ਕੁਛ ਬਰਖਾ ਦੇ ਪਾਣੀ ਨਾਲ ਹੁੰਦੀ ਹੈ।
ਇਹ ਬਾਗ ਅਕਬਰ ਪਾਤਸਾਹ ਦੇ ਹੁਕਮ ਨਾਲ ਬਣਿਆ ਸਾ; ਕਿਉਂਕਿ ਉਹ ਇਸੀ ਜਾਗਾ ਤਖਤ ਪੁਰ ਬੈਠਾ ਸੀ। ਅਤੇ ਇਸ ਬਾਗ ਦੇ ਚੁਗਿਰਦ ਪੱਕੀ ਅਲ਼ੰਗ ਅਤੇ ਵੱਡਾ ਸ਼ਾਨਦਾਰ ਦਰਵੱਜਾ ਸਾ; ਅਤੇ ਉਹ ਦੇ ਗੱਭੇ ਇੱਕ ਫੁਆਰਿਆਂ ਵਾਲਾ ਹੌਦ, ਅਤੇ ਉਸ ਦੇ ਕੰਢੇ ਪੱਕਾ ਚੂਨੇ ਗੱਚ ਤਖਤ ਸਾ, ਜੋ ਪਾਤਸਾਹ ਦੇ ਬੈਠਣ ਦਾ ਠਿਕਾਣਾ ਸੀ। ਅਤੇ ਬਾਗ ਦੇ ਚੜਦੇ ਰੁਕ ਵੱਡਾ ਮਜਬੂਤ ਹਮਾਮ, ਤੇ ਉੱਤਰ ਦੇ ਪਾਸੇ ਨਹਿਰ ਦੇ ਕੰਢੇ ਇੱਕ ਵੱਡੀ ਖੁੱਲੀ ਅਰ ਉੱਚੀ ਚੌਦਰੀ ਬਣੀ ਹੋਈ ਸੀ; ਹੁਣ ਓਹ ਸਭੋ ਅੰਬਾਰਤਾਂ ਬੈਰਾਨ ਪਈਆਂ ਹਨ; ਬਾਗ ਦੇ ਆਇਰਿਆਂ ਛੁੱਟ ਹੋਰ ਕੁਝ ਨਜ਼ਰੀਂ ਨਹੀਂ ਆਉਂਦਾ। ਇਸ ਸ਼ਹਿਰ ਵਿਖੇ ਅਕਬਰ ਪਾਤਸਾਹ ਦੇ ਰਾਜ ਵਿੱਚ ਵੱਡੀ ਰੌਣਕ ਅਰ ਆਬਾਦੀ ਸੀ, ਉਸ ਤੇ ਪਿਛੇ ਬੀ ਚਿਰ ਤੀਕੁਰ ਉਹੋ ਜਿਹੀ ਰਹੀ; ਪਰ ਜਾਂ ਸਿੱਖਾਂ ਨੈ ਸਾਰੀ ਪੰਜਾਬ ਨੂੰ ਲੁਟ ਫੂਕ ਸਿੱਟਿਆ, ਤਾਂ ਇਹ ਸ਼ਹਿਰ ਭੀ ਬੈਰਾਨ ਹੋ ਗਿਆ। ਤਿਸ ਪਿਛੇ ਜਾਂ ਰਾਮਗੜੀਆਂ ਸਿੱਖਾਂ ਦੇ ਹੱਥ ਆਇਆ, ਤਾਂ ਥੁਹੁੜਾ ਜਿਹਾ ਬਸਦਾ ਸੀ; ਅਤੇ ਜਾ ਕਨਈਆ ਨੈ ਰਾਮਗੜੀਆਂ ਨੂੰ ਲਤਾੜ ਲੀਤਾ, ਤਾਂ ਹਕੀਕਤ ਸਿੰਘੁ ਕਨਈਆ ਇਸ ਸ਼ਹਿਰ ਉੱਤੇ ਝੜਾਈ ਕਰਿ ਆਇਆ, ਅਤੇ ਆਉਂਦੇ ਨੈ ਹੀ ਫੂਕ ਸਿਟਿਆ। ਉਸ ਸਮੇਂ ਇਹ ਸ਼ਹਿਰ ਅਜਿਹਾ ਬੈਰਾਨ ਹੋਇਆ, ਜੋ ਇਸ ਵਿੱਚ ਸੀਂਹ ਬੁਕਦੇ ਫਿਰਦੇ ਸੇ॥
ਤਿਸ ਪਿਛੇ ਹਕੀਕਤ ਸਿੰਘੁ ਦਾ ਪੁੱਤ ਜੈਮਲ ਸਿੰਘੁ, ਜਾਂ ਇਸ ਸ਼ਹਿਰ ਦੇ ਬਸਾਉਣ ਦੇ ਆਹਰ ਵਿੱਚ ਹੋਇਆ, ਤਾਂ ਤੀਹਾਂ ਬਰਸਾਂ ਤੀਕੁਰ ਉਸ ਦੇ ਪਾਹ ਰਿਹਾ, ਅਰ ਉਹ ਬਸਾਉਂਦਾ ਹੀ ਰਿਹਾ; ਇੱਥੇ ਤੀਕੁ ਕਿ ਉਹ ਦੇ ਨਿਆਉਂ ਦੇ ਕਾਰਣ ਤਿੰਨ ਚਾਰ ਸੈ ਹੱਟ, ਅਰ ਤਿੰਨ ਹਜਾਰ ਘਰ ਬਸ ਪਿਆ; ਫੇਰ ਜਾਂ ਜੈਮਲ ਸਿੰਘੁ ਮਰ ਗਿਆ, ਤਾਂ ਇਹ ਸ਼ਹਿਰ ਮਹਾਰਾਜੇ ਰਣਜੀਤ ਸਿੰਘੁ ਕੋਲ ਆ ਗਿਆ; ਹੁਣ ਤੀਕੁਰ ਉਹ ਉਸੇ ਦੇ ਅਮਲ ਵਿੱਚ ਹੈ, ਪਰ ਅੱਗੇ ਵਰਗੀ ਰੌਣਕ ਨਹੀਂ; ਸਗਵਾਂ ਉੱਜੜਦਾ ਜਾਂਦਾ ਹੈ…।”
ਪਰ “ਖੰਡਰਾਤ ਹੀ ਬਤਾਤੇ ਹੈ, ਇਮਾਰਤ ਖੂਬਸੂਰਤ ਹੋਗੀ।” ਹਾਂ! ਕਲਾਨੌਰ ਦੀ ਸਿਫਤਜ਼ਰੀਫੀ ਅਤੇ ਸਿਤਮਜ਼ਰੀਫੀ ਸਿਰਫ ਹੁਕਮਰਾਨੀ ਲਹਿਜੇ ਤੋਂ ਹੀ ਨਹੀਂ, ਤਾਲੀਮੀ ਲਹਿਜੇ ਤੋਂ ਵੀ ਰਹੀ ਹੈ। ਇਹ ਵਸੇਬ ਕਦੇ ਇਸਲਾਮੀ ਮਰਕਜ਼ ਅਤੇ ਵਿੱਦਿਆ ਦਾ ਵੀ ਕੇਂਦਰ ਰਿਹਾ ਸੀ। ਇਹ ਸਾਰਾ ਕੁੱਝ ਇਤਿਹਾਸ ਦੀ ਕਬਰ ਵਿੱਚ ਦਫ਼ਨ ਹੈ ਅਤੇ ਕਲਾਨੌਰ ਦੇ ਧਰੋਹਰ ਇਸਦੀ ਮਿੱਟੀ ਵਿੱਚ। ਕਾਸ਼ ਅਸੀਂ ਸਾਂਭਿਆਂ ਹੁੰਦਾ!

Leave a Reply

Your email address will not be published. Required fields are marked *