ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ: +91-8872664000
8 ਅਪਰੈਲ 1982 ਨੂੰ ਬੜੇ ਜੋਸ਼ ਨਾਲ ਲੱਗਿਆ ਕਪੂਰੀ ਮੋਰਚਾ ਅਗਲੇ ਹੀ ਦਿਨ ਠੰਡਾ ਪੈ ਗਿਆ। 19 ਜੁਲਾਈ 1982 ਨੂੰ ਬਾਬਾ ਠਾਰਾ ਸਿੰਘ ਅਤੇ ਭਾਈ ਅਮਰੀਕ ਸਿੰਘ ਦੀ ਰਿਹਾਈ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਮੰਜੀ ਸਾਹਿਬ (ਦਰਬਾਰ ਸਾਹਿਬ) ਕੰਪਲੈਕਸ ਤੋਂ ਇੱਕ ਮੋਰਚਾ ਸ਼ੁਰੂ ਕਰ ਦਿੱਤਾ। 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇੱਕ ਮੋਰਚਾ ਸ਼ੁਰੂ ਕਰ ਦਿੱਤਾ ਗਿਆ।
ਇਸ ਮੋਰਚੇ ਦਾ ਏਜੰਡਾ ਦਲ ਵੱਲੋਂ ਸਤੰਬਰ 1981 ਨੂੰ ਕੇਂਦਰ ਸਰਕਾਰ ਕੋਲ ਪੇਸ਼ ਕੀਤਾ ਗਿਆ 40 ਮੰਗਾਂ ਵਾਲਾ ਚਾਰਟਰ ਸੀ। ਇਨ੍ਹਾਂ 40 ਮੰਗਾਂ ਤੋਂ ਇਲਾਵਾ 41ਵੀਂ ਮੰਗ ਬਾਬਾ ਠਾਰਾ ਸਿੰਘ ਅਤੇ ਭਾਈ ਅਮਰੀਕ ਸਿੰਘ ਦੀ ਰਿਹਾਈ ਵਾਲੀ ਸ਼ਾਮਲ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਮੋਰਚੇ ਨੂੰ ਵੀ ਅਪਨਾ ਲਿਆ ਜਾਂ ਕਹਿ ਲਓ ਕਿ ਆਪਣੇ ਮੋਰਚੇ ਵਿੱਚ ਮਰਜ ਕਰ ਲਿਆ। ਕਪੂਰੀ ਮੋਰਚੇ ਦੇ ਅੰਮ੍ਰਿਤਸਰ ਸ਼ਿਫ਼ਟ ਹੋ ਜਾਣੇ ਬਾਰੇ ਕਹਿ ਕੇ ਅਕਾਲੀ ਨੇ ਰਸਮੀ ਤੌਰ `ਤੇ ਕਪੂਰੀ ਮੋਰਚਾ ਠੱਪ ਕਰ ਦਿੱਤਾ। ਇਹ ਮੋਰਚਾ ਭਾਵੇਂ 8 ਅਪਰੈਲ 1982 ਤੋਂ ਲੈ ਕੇ 4 ਅਗਸਤ 1982 ਤੱਕ ਚਾਰ ਮਹੀਨੇ ਰਸਮੀ ਤੌਰ `ਤੇ ਤਾਂ ਚੱਲਿਆ, ਪਰ 8 ਅਪਰੈਲ ਤੋਂ ਅਗਲੇ ਹੀ ਇਹ ਏਨਾ ਠੰਡਾ ਹੋ ਗਿਆ ਕਿ 9 ਅਪਰੈਲ ਦੇ ਅਖਬਾਰ ਤੋਂ ਬਾਅਦ ਮੋਰਚੇ ਦੀ ਕੋਈ ਖ਼ਬਰ ਵੀ ਦੇਖਣ ਨੂੰ ਨਹੀਂ ਮਿਲਦੀ ਸੀ, ਯਾਨਿ ਇਹ ਮੋਰਚਾ ਸਿਰਫ ਇੱਕ ਦਿਨ ਹੀ ਚੱਲਿਆ।
4 ਅਗਸਤ 1982 ਨੂੰ ਸ਼ੁਰੂ ਕੀਤੇ ਮੋਰਚੇ ਦਾ ਨਾਂ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਰੱਖਿਆ। ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਤੋਂ ਲੈ ਕੇ ਪੰਥਕ ਸਰਗਰਮੀਆਂ ਲਗਾਤਾਰ ਤੇਜ ਰਹੀਆਂ ਤੇ ਖਬਰਾਂ ਬਣ ਕੇ ਇਤਿਹਾਸ ਦਾ ਹਿੱਸਾ ਬਣੀਆਂ। ਇਸ ਇਤਿਹਾਸ ਮੂਹਰੇ ਕਪੂਰੀ ਮੋਰਚੇ ਦਾ ਇਤਿਹਾਸ ਬਹੁਤ ਫਿੱਕਾ ਹੈ। 8 ਅਪਰੈਲ ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਘਨੌਰ ਨੇੜੇ ਸਤਲੁਜ-ਜਮਨਾ ਨਹਿਰ ਦਾ ਟੱਕ ਲਾਉਣ ਤੇ ਅਕਾਲੀ ਦਲ ਵੱਲੋਂ ਟੱਕ ਨੂੰ ਰੋਕਣ ਖ਼ਾਤਰ ਮੁਜ਼ਾਹਰਾ ਕਰਨ ਤੋਂ ਇਲਾਵਾ ਹੋਰ ਕੋਈ ਲਿਖਤ ਇਤਿਹਾਸ ਨਾ ਹੋਣ ਕਰਕੇ ਅਜੋਕੀ ਪੀੜ੍ਹੀ ਨੂੰ ਬਹੁਤਾ ਪਤਾ ਨਹੀਂ ਹੈ।
31 ਦਸੰਬਰ 1981 ਨੂੰ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਦਾਬ ਹੇਠ ਇੱਕ ਸਮਝੌਤੇ `ਤੇ ਦਸਤਖ਼ਤ ਕੀਤੇ। ਇਸ ਸਮਝੌਤੇ ਤਹਿਤ ਪੰਜਾਬ ਦੀ ਮਾਲਕੀ ਵਾਲੇ ਦਰਿਆਈ ਪਾਣੀਆਂ `ਤੇ 75 ਫੀਸਦੀ ਹੱਕ ਹਰਿਆਣਾ ਤੇ ਰਾਜਸਥਾਨ ਦਾ ਤਸਲੀਮ ਕਰ ਲਿਆ ਗਿਆ। ਨਾਲ ਦੀ ਨਾਲ ਹਰਿਆਣੇ ਨੂੰ ਨਹਿਰ ਪੱਟ ਕੇ ਦੇਣਾ ਵੀ ਮੰਨ ਲਿਆ ਗਿਆ। ਇੰਦਰਾ ਗਾਂਧੀ ਨੇ ਟੱਕ ਲਾ ਕੇ ਨਹਿਰ ਪੱਟਣ ਦੀ ਸ਼ੁਰੂਆਤ ਕਰਨ ਖ਼ਾਤਰ 8 ਅਪਰੈਲ 1982 ਦਾ ਦਿਨ ਵੀ ਮੁਕੱਰਰ ਕਰ ਦਿੱਤਾ। ਅਕਾਲੀ ਦਲ ਨੇ ਐਲਾਨ ਕੀਤਾ ਕਿ ਅਸੀਂ ਕਿਸੇ ਸੂਰਤ ਵਿੱਚ ਟੱਕ ਨਹੀਂ ਲਾਉਣ ਦੇਣਾ। ਦਲ ਨੇ ਵੀ 8 ਅਪਰੈਲ ਵਾਲੇ ਦਿਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ `ਚ ਇਕੱਠ ਰੱਖ ਲਿਆ।
ਸੋ, 8 ਅਪਰੈਲ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਅਕਾਲੀਆਂ ਦਾ ਇੱਕ ਵੱਡਾ ਇਕੱਠ ਹੋਇਆ, ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਨੇ ਧੂੰਆਂ ਧਾਰ ਤਕਰੀਰਾਂ ਕਰਕੇ ਕਪੂਰੀ ਪਿੰਡ ਪਹੁੰਚਣ ਲਈ ਆਖਿਆ ਕਿ ਅਕਾਲੀ ਯੋਧੇ ਅੱਜ ਕਪੂਰੀ ਜਾ ਇੰਦਰਾ ਗਾਂਧੀ ਨੂੰ ਟੱਕ ਲਾਉਣੋਂ ਰੋਕਣਗੇ ਅਤੇ ਅਕਾਲੀਆਂ ਦਾ ਇਹ ਮੋਰਚਾ ਲਗਾਤਾਰ ਉਦੋਂ ਤੱਕ ਚੱਲੂਗਾ, ਜਦੋਂ ਤੱਕ ਨਹਿਰ ਦੀ ਪੁਟਾਈ ਰੁਕ ਨਹੀਂ ਜਾਂਦੀ। ਇਹ ਵੀ ਆਖਿਆ ਕਿ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ’ਚ ਅਕਾਲੀ ਵਰਕਰ ਨਹਿਰ ਦੀ ਪੁਟਾਈ ਨੂੰ ਰੋਕਣਗੇ; ਪਰ ਅਗਲੇ ਹੀ ਦਿਨ ਅਕਾਲੀਆਂ ਨੇ ਮੋਰਚਾ ਠੰਡਾ ਕਰ ਦਿੱਤਾ, ਸਿਰਫ ਇਕਵੰਜਾ ਬੰਦਿਆਂ ਦਾ ਜਥਾ ਤੋਰਿਆ ਤੇ ਓਹਤੋਂ ਵੀ ਅਗਲੇ ਦਿਨ ਸਿਰਫ ਪੰਜ ਬੰਦਿਆਂ ਦਾ। ਕਪੂਰੀ ਮੋਰਚੇ ਦੇ ਨਾਂ ਨਾਲ਼ ਮਸ਼ਹੂਰ ਹੋਇਆ ਇਹ ਮੋਰਚਾ ਅਸਲ ਵਿੱਚ ਕੋਈ ਮੋਰਚਾ ਨਹੀਂ ਸੀ, ਸਿਰਫ ਇੱਕ ਦਿਨ ਦਾ ਐਕਸ਼ਨ ਸੀ। ਅਕਾਲੀ ਮੋਰਚਿਆਂ ਦੇ ਇਤਿਹਾਸ `ਚ ਇਹ ਸਭ ਤੋਂ ਛੋਟਾ ਮੋਰਚਾ ਸੀ। ਇਸ ਮੋਰਚੇ ਵਿੱਚ ਕਮਿਊਨਿਸਟ ਪਾਰਟੀ (ਸੀ.ਪੀ.ਐਮ.) ਦੀ ਵੀ ਸ਼ਮੂਲੀਅਤ ਸੀ। ਇਹਤੋਂ ਪਹਿਲਾਂ ਅਕਾਲੀ ਦਲ ਨੇ 1977 ਵਾਲੀ ਲੋਕ ਸਭਾ ਚੋਣ ਅਤੇ 1980 ਵਾਲੀ ਵਿਧਾਨ ਸਭਾ ਚੋਣ ਵੀ ਕਮਿਊਨਿਸਟ ਪਾਰਟੀ (ਸੀ.ਪੀ.ਐਮ.) ਨਾਲ਼ ਰਲ਼ ਕੇ ਲੜੀ ਸੀ। ਸੋ, ਉਸ ਵੇਲੇ ਤੱਕ ਦੋਹਾਂ ਪਾਰਟੀਆਂ ਦੀ ਆੜੀ ਬਰਕਰਾਰ ਸੀ। ਜਦੋਂ ਅਕਾਲੀ ਦਲ ਨੇ ਮੋਰਚੇ ਦਾ ਨਾਂ ‘ਧਰਮ ਯੁੱਧ ਮੋਰਚਾ’ ਰੱਖ ਦਿੱਤਾ ਤਾਂ ਸੀ.ਪੀ.ਐਮ. ਨੇ ਅਕਾਲੀ ਦਲ ਤੋਂ ਕਿਨਾਰਾਕਸ਼ੀ ਕਰ ਲਈ।
ਇਹ ਮੋਰਚਾ ਸਿਰਫ ਇੱਕ ਦਿਨ ਦੀ ਗਰਮੀ ਦਿਖਾ ਕੇ ਅਗਲੇ ਹੀ ਠੰਡਾ ਕਿਵੇਂ ਹੋਇਆ? ਇਹ ਮੈਂ ਸਭ ਕੁੱਝ ਖੁਦ ਨੇੜਿਓਂ ਦੇਖਿਆ ਹੈ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਾਲੇ ਇਕੱਠ `ਚ ਜਾਣ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ, ਵਿਧਾਨ ਸਭਾ `ਚ ਲੀਡਰ ਆਫ ਆਪੋਜੀਸ਼ਨ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੀ ਇੱਕ ਮੀਟਿੰਗ ਹੋਈ, ਜੀਹਦੇ `ਚ ਮੋਰਚੇ ਦੀ ਹਿਕਮਤੇ-ਅਮਲੀ ਤੈਅ ਕੀਤੀ ਗਈ। ਪਟਿਆਲੇ ਦੇ ਰਜਬਾਹਾ ਰੋਡ `ਤੇ ਪੈਂਦੀਆਂ ਸਰਕਾਰੀ ਕੋਠੀਆਂ ਵਿੱਚ ਇੱਕ ਕੋਠੀ `ਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਇੱਕ ਮੈਂਬਰ ਸੁਰਿੰਦਰਪਾਲ ਸਿੰਘ ਮਾਨ ਦੀ ਰਿਹਾਇਸ਼ ਸੀ। ਸੁਰਿੰਦਰਪਾਲ ਸਿੰਘ ਮਾਨ ਨੂੰ ਸ. ਬਾਦਲ ਨੇ ਆਪਣੀ 1977 ਵਾਲੀ ਸਰਕਾਰ ਦੌਰਾਨ ਕਮਿਸ਼ਨ ਦਾ ਮੈਂਬਰ ਥਾਪਿਆ ਸੀ। ਸ. ਮਾਨ ਪੁਰਾਣੇ ਅਕਾਲੀ ਸੀਗੇ ਤੇ ਕਮਿਸ਼ਨ ਦੀ ਮੈਂਬਰੀ ਦੌਰਾਨ ਵੀ ਉਹ ਅਕਾਲੀਆਂ ਵਰਗੀ ਨੀਲੀ ਪੱਗ ਬੰਨ੍ਹ ਕੇ ਰੱਖਦੇ ਹੁੰਦੇ ਸੀ। ਅਕਾਲੀ ਦਲ ਦੇ ਉਕਤ ਤਿੰਨੇ ਲੀਡਰਾਂ ਦੀ ਇਹ ਮੀਟਿੰਗ ਸ. ਮਾਨ ਦੀ ਕੋਠੀ ਵਿੱਚ ਹੀ ਹੋਈ ਸੀ। ਮੈਂ ਵੀ ਗੁਰਦਾਸਪੁਰ ਤੋਂ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਨਾਲ ਮਾਸਟਰ ਅਜੀਤ ਸਿੰਘ ਸੇਖੋਂ ਨਾਲ ਪਹੁੰਚ ਗਿਆ। ਕੋਠੀ ਦੇ ਡਰਾਇੰਗ ਰੂਮ `ਚ ਕੁੱਝ ਮੋਹਤਬਰ ਸੱਜਣ ਪਹਿਲਾਂ ਹੀ ਬੈਠੇ ਹੋਏ ਸਨ। ਡਰਾਇੰਗ ਰੂਮ `ਚ ਮੇਰਾ ਦਾਖਲਾ ਵੀ ਸ. ਸੇਖੋਂ ਦੇ ਕਹਿਣ `ਤੇ ਸੰਭਵ ਹੋਇਆ। ਉਥੇ ਆ ਕੇ ਦਬਵੀਂ ਸੁਰ `ਚ ਨੀਲੀ ਪੱਗ ਵਾਲੇ ਸੁਰਿੰਦਰਪਾਲ ਸਿੰਘ ਮਾਨ ਨੇ ਦੱਸਿਆ ਕਿ ਚੌਧਰੀ ਦੇਵੀ ਲਾਲ ਦਾ ਸੁਨੇਹਾ ਆਇਆ ਹੈ ਕਿ ਤੁਸੀਂ ਮੋਰਚਾ ਬੰਦ ਕਰੋ, ਕਿਉਂਕਿ ਹਰਿਆਣੇ ਵਿੱਚ ਇਸ ਗੱਲ ਦਾ ਮੈਨੂੰ ਨੁਕਸਾਨ ਹੁੰਦਾ ਹੈ। ਹਰਿਆਣੇ ਵਿੱਚ ਕਾਂਗਰਸ ਦੀ ਭਜਨ ਲਾਲ ਸਰਕਾਰ ਨੂੰ ਵਿਰੋਧੀ ਧਿਰ ਦਾ ਲੀਡਰ ਚੌਧਰੀ ਦੇਵੀ ਲਾਲ ਇਹ ਕਹਿ ਕੇ ਭੰਡ ਰਿਹਾ ਸੀ ਕਿ ਹਰਿਆਣੇ ਨੂੰ ਕਾਂਗਰਸ ਦੀ ਸੈਂਟਰ ਸਰਕਾਰ ਨੇ ਘੱਟ ਪਾਣੀ ਦੇ ਕੇ ਪੰਜਾਬ ਦਾ ਫਾਇਦਾ ਕੀਤਾ ਹੈ। ਦੇਵੀ ਲਾਲ ਨੇ ਸੁਨੇਹੇ ਵਿੱਚ ਆਖਿਆ ਸੀ ਕਿ ਜੇ ਪੰਜਾਬ ਇਸ ਗੱਲ ਦਾ ਰੌਲ਼ਾ ਪਾਉਂਦਾ ਹੈ ਕਿ ਇੰਦਰਾ ਨੇ ਹਰਿਆਣੇ ਨੂੰ ਵੱਧ ਪਾਣੀ ਦੇ ਦਿੱਤਾ ਹੈ ਤਾਂ ਸਾਡੇ ਵੱਲੋਂ ਭਜਨ ਲਾਲ `ਤੇ ਲਾਇਆ ਦੋਸ਼ ਝੂਠਾ ਪੈਂਦਾ ਹੈ; ਯਾਨਿ ਅਕਾਲੀ ਦਲ ਦੇ ਮੋਰਚੇ ਦੀ ਗਰਮੀ ਦੇਵੀ ਲਾਲ ਦਾ ਨੁਕਸਾਨ ਕਰੂਗੀ।
ਇਸੇ ਦੌਰਾਨ ਤਿੰਨੇ ਅਕਾਲੀ ਲੀਡਰ ਵੀ ਮੀਟਿੰਗ ਵਾਲੇ ਕਮਰੇ ਤੋਂ ਬਾਹਰ ਆ ਗਏ, ਤਾਂ ਅਜੀਤ ਸਿੰਘ ਸੇਖੋਂ ਨੇ ਲੀਡਰਾਂ ਤੋਂ ਸ. ਮਾਨ ਦੀ ਗੱਲ ਦੀ ਤਸਦੀਕ ਕਰਨੀ ਚਾਹੀ। ਲੀਡਰਾਂ ਦਾ ਜਵਾਬ ਹੂ-ਬ-ਹੂ ਮੈਨੂੰ ਯਾਦ ਨਹੀਂ, ਪਰ ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਮਈ ਤੱਕ ਹਰਿਆਣੇ ਦੇ ਇਲੈਕਸ਼ਨ ਹੋ ਜਾਣ ਦੇਈਏ, ਬਾਅਦ ਵਿੱਚ ਮੋਰਚਾ ਤੇਜ਼ ਕਰ ਦਿਆਂਗੇ। ਕੋਠੀ ਵਿੱਚ ਪੰਜਾਬੀ ਯੂਨੀਵਰਸਿਟੀ ਵਾਲੇ ਪ੍ਰੋਫੈਸਰ ਬਲਕਾਰ ਸਿੰਘ ਵੀ ਹਾਜ਼ਰ ਸਨ। ਚੌਧਰੀ ਦੇਵੀ ਲਾਲ ਨੇ ਇਲੈਕਸ਼ਨਾਂ ਵਿੱਚ ਇੰਦਰਾ ਗਾਂਧੀ ਵੱਲੋਂ ਹਰਿਆਣੇ ਨਾਲ ਧੱਕੇ ਦੀ ਗੱਲ ਨੂੰ ਖੂਬ ਪ੍ਰਚਾਰਿਆ ਤੇ ਇਲੈਕਸ਼ਨਾਂ ਜਿੱਤੀਆ ਵੀ, ਭਾਵੇਂ ਬਹੁਮਤ ਹੁੰਦਿਆਂ ਸੁੰਦਿਆਂ ਵੀ ਇੰਦਰਾ ਨੇ ਓਹਦੀ ਸਰਕਾਰ ਨਹੀਂ ਬਣਨ ਦਿੱਤੀ। ਸੋ, ਇਹ ਵਜ੍ਹਾ ਸੀ ਅਗਲੇ ਹੀ ਦਿਨ ਮੋਰਚਾ ਠੰਡਾ ਕਰਨ ਦੀ।
ਆਪਣੇ ਪਰਿਵਾਰਕ ਦੋਸਤ ਚੌਧਰੀ ਦੇਵੀ ਲਾਲ ਦਾ ਹਰਿਆਣੇ `ਚ ਸਿਆਸੀ ਫ਼ਾਇਦਾ ਕਰਨ ਖ਼ਾਤਰ ਪੰਜਾਬ ਦੇ ਹਿੱਤ ਕੁਰਬਾਨ ਕਰਨ ਦੇ ਇਲਜ਼ਾਮ ਪ੍ਰਕਾਸ਼ ਸਿੰਘ ਬਾਦਲ `ਤੇ ਕਪੂਰੀ ਮੋਰਚੇ ਤੋਂ ਪਹਿਲਾਂ ਵੀ ਲਗਦੇ ਰਹੇ ਸਨ ਤੇ ਮਗਰੋਂ ਵੀ ਲਗਦੇ ਰਹੇ।
8 ਅਪਰੈਲ ਨੂੰ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਹਜ਼ਾਰਾਂ ਅਕਾਲੀ ਵਰਕਰ ਕਪੂਰੀ ਪਹੁੰਚੇ, ਪਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਜਲਸੇ ਨੇੜੇ ਪੁਲਿਸ ਨੇ ਪੁੱਜਣ ਨਹੀਂ ਦਿੱਤਾ। ਪੁਲਿਸ ਲਾਠੀਚਾਰਜ `ਚ ਦਰਜਨਾਂ ਅਕਾਲੀ ਫੱਟੜ ਤੇ ਸੈਂਕੜੇ ਗ੍ਰਿਫਤਾਰ ਵੀ ਹੋਏ। ਇੱਕ ਪੱਤਰਕਾਰ ਨਾਲ ਅਗਲੇ ਦਿਨ ਮੈਂ ਰਾਜਪੁਰਾ ਦੇ ਸਰਕਾਰੀ ਹਸਪਤਾਲ `ਚ ਫੱਟੜ ਅਕਾਲੀ ਵਰਕਰਾਂ ਦਾ ਹਾਲ ਚਾਲ ਪੁੱਛਿਆ। ਹੋਰ ਤਾਂ ਚੇਤੇ ਨਹੀਂ, ਪਰ ਇੱਕ ਅਕਾਲੀ ਜ਼ਰੂਰ ਯਾਦ ਹੈ, ਜੀਹਨੇ ਆਪਦੇ ਜੂੜੇ `ਤੇ ਚਿੱਟਾ ਰੁਮਾਲ ਇਓਂ ਬੰਨਿ੍ਹਆ ਹੋਇਆ ਸੀ ਜਿਵੇਂ ਜੂੜੇ ਵਾਲੇ ਹਾਕੀ ਖਿਡਾਰੀ ਆਪਣੇ ਜੂੜੇ `ਤੇ ਬੰਨ੍ਹਦੇ ਨੇ। ਇਸ ਅਕਾਲੀ ਦਾ ਨਾਂ ਜਸਮੇਰ ਸਿੰਘ ਸੀ, ਜੋ ਅੱਜ ਦੇ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਰਾਜਪੁਰਾ ਨੇੜੇ ਪੈਂਦੇ ਪਿੰਡ ਚੰਦੂਮਾਜਰਾ ਦਾ ਹੀ ਵਸਨੀਕ ਸੀ। ਜਸਮੇਰ ਸਿੰਘ ਦੀ ਆਪਣੇ ਗਰਾਈਂ ਪ੍ਰੇਮ ਸਿੰਘ ਨਾਲ ਸਿਆਸੀ ਅਣਬਣ ਉਦੋਂ ਹੀ ਸਾਹਮਣੇ ਆ ਗਈ ਸੀ, ਜਦੋਂ ਉਹ ਫੱਟੜ ਹਾਲਤ `ਚ ਵੀ ਪ੍ਰੇਮ ਸਿੰਘ ਦੀ ਵੱਢਵੀਂ ਕਰ ਰਿਹਾ ਸੀ।
ਅਕਾਲੀ ਅੰਦੋਲਨਕਾਰੀਆਂ ਵੱਲੋਂ ਟੱਕ ਲਾਉਣ ਵਾਲੀ ਕਹੀ ਇੰਦਰਾ ਹੱਥੋਂ ਖੋਹਣ ਜਾਂ ਉਸ ਵੇਲੇ ਦੇ ਕਾਂਗਰਸੀ ਐਮ.ਪੀ. ਅਮਰਿੰਦਰ ਸਿੰਘ ਕੋਲ਼ੋਂ ਬੱਠਲ਼ ਖੋਹ ਲੈਣ ਵਾਲੀ ਗੱਲ ਵੀ ਬਹੁਤ ਮਸ਼ਹੂਰ ਹੈ, ਪਰ ਅਸਲੀਅਤ `ਚ ਅਜਿਹਾ ਕੁਝ ਨਹੀਂ ਵਾਪਰਿਆ। ਪਟਿਆਲੇ ਤੋਂ ਤੁਰੇ ਅਕਾਲੀਆਂ ਨੂੰ ਪੁਲਿਸ ਨੇ ਟੱਕ ਲਾਉਣ ਵਾਲੀ ਥਾਂ ਤੋਂ 10 ਕਿਲੋਮੀਟਰ ਦੂਰ ਘਨੌਰ ਤੋਂ ਪਹਿਲਾਂ ਹੀ ਰੋਕ ਲਿਆ ਸੀ। ਟੱਕ ਲਾਉਣ ਦੀ ਜਗ੍ਹਾ ਪਿੰਡ ਕਪੂਰੀ ਤੋਂ 3 ਕਿਲੋਮੀਟਰ ਦੂਰ ਪਿੰਡ ਸਰਾਲ਼ਾ ਕਲਾਂ ਵਿੱਚ ਸੀ। ਪ੍ਰਧਾਨ ਮੰਤਰੀ ਦਾ ਜਲਸਾ ਵੀ ਇੱਥੇ ਹੀ ਸੀ। ਜਲਸੇ ਵਿੱਚ ਕਿਸੇ ਕਿਸਮ ਦਾ ਕੋਈ ਵਿਘਨ ਨਹੀਂ ਪਿਆ ਸੀ, ਪ੍ਰਧਾਨ ਮੰਤਰੀ ਦੇ ਖਿਲਾਫ ਕੋਈ ਨਾਅਰਾ ਤੱਕ ਲੱਗਣ ਦੀ ਖ਼ਬਰ ਵੀ ਕਿਸੇ ਅਖਬਾਰ `ਚ ਛਾਇਆ ਨਹੀਂ ਹੋਈ। ਹਾਲਾਂਕਿ ਕਿਸੇ ਵੱਡੇ ਜਲਸੇ `ਚ ਪ੍ਰਧਾਨ ਮੰਤਰੀ ਦੇ ਨੇੜੇ ਕੋਈ ਬੰਦਾ ਛਿੱਕ ਵੀ ਮਾਰ ਜਾਵੇ ਤਾਂ ਵੀ ਉਹ ਖ਼ਬਰ ਬਣ ਜਾਂਦੀ ਹੈ। ਸੋ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੱਥੋਂ ਕਹੀ ਜਾਂ ਵੇਲੇ ਦੇ ਲੋਕਲ ਐਮ.ਪੀ. ਅਮਰਿੰਦਰ ਸਿੰਘ ਹੱਥੋਂ ਬੱਠਲ਼ ਖੋਹੇ ਜਾਣ ਦੀ ਖ਼ਬਰ ਨੂੰ ਕੋਈ ਅਖਬਾਰ ਨਜ਼ਰ ਅੰਦਾਜ਼ ਕਰ ਦੇਵੇ, ਇਹ ਗੱਲ ਇਤਬਾਰ ਲਾਇਕ ਨਹੀਂ ਹੈ।
ਪ੍ਰਧਾਨ ਮੰਤਰੀ ਦੇ ਜਲਸੇ ਨੂੰ ਕਵਰ ਕਰਨ ਵਾਸਤੇ ਪਟਿਆਲੇ ਦੇ ਸਾਰੇ ਵੱਡੇ ਪੱਤਰਕਾਰ ਪੁੱਜੇ ਹੋਏ ਸਨ। ਹਾਂ! ਏਨੀ ਕੁ ਗੱਲ ਜ਼ਰੂਰ ਹੋਈ ਸੀ, ਜੋ ਅਖਬਾਰਾਂ ਵਿੱਚ ਵੀ ਛਪੀ ਸੀ ਕਿ ਉਸ ਵੇਲੇ ਦੀ ਮੈਂਬਰ ਰਾਜ ਸਭਾ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਰਜਿੰਦਰ ਕੌਰ ਕੁਝ ਬੀਬੀਆਂ ਨੂੰ ਲੈ ਕੇ ਕਪੂਰੀ ਦੇ ਗੁਰਦੁਆਰੇ `ਚ ਦਾਖਲ ਹੋਣ `ਚ ਕਾਮਯਾਬ ਹੋ ਗਏ ਸਨ। ਉਨ੍ਹਾਂ ਗੁਰਦੁਆਰੇ ਅੰਦਰੋਂ ਕੁਝ ਆਤਿਸ਼ਬਾਜੀਆਂ ਛੱਡੀਆਂ, ਜਿਨ੍ਹਾਂ ਦੇ ਭੜਾਕੇ ਪੁਲਿਸ ਅਫਸਰਾਂ ਨੂੰ ਕੁਝ ਹੱਦ ਤੱਕ ਵਖਤ ਪਾਉਣ `ਚ ਕਾਮਯਾਬ ਰਹੇ।