ਪਿੰਡ ਵਸਿਆ-3
ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਅਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਭਾਰਤ ਪਿੰਡਾਂ ਦਾ ਦੇਸ਼ ਹੈ, ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ।
ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪਾਠਕਾਂ ਦੀ ਜਾਣਕਾਰੀ ਲਈ ਅਸੀਂ ਇੱਕ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪੇਸ਼ ਹੈ, ਬਾੜੀਆਂ ਕਲਾਂ ਬਾਰੇ ਲੇਖ…
ਵਿਜੈ ਬੰਬੇਲੀ
ਫੋਨ: +91-9463439075
ਦਹਾਕਾ ਪਹਿਲਾਂ ਤੱਕ ਤੀਹ-ਪੈਂਤੀ ਸਾਲ ਰੇਡੀਓ ਰੋਜ਼ ਇੱਕ ਨਾਂ ਅਕਸਰ ਬੋਲਦਾ ‘ਬਾੜੀਆਂ ਕਲਾਂ ਸੇ ਬੂਟੀ ਰਾਮ ਹਾਂਡਾ…।’ ਸਰੋਤਿਆਂ ਨੂੰ ਇਵੇਂ ਲੱਗਦਾ, ਜਿਵੇਂ ਬਾੜੀਆਂ ਕਲਾਂ ਤੇ ਸ੍ਰੀ ਬੂਟੀ ਰਾਮ ਹਾਂਡਾ ਇੱਕ ਪਿੰਡ ਅਤੇ ਇੱਕ ਬੰਦਾ ਨਾ ਹੋ ਕੇ ਇੱਕੋ ਸਿੱਕੇ ਦੇ ਦੋ ਪਾਸੇ ਹੋਣ; ਰੂਹ ਤੇ ਵਜੂਦ ਦਾ ਸੁਮੇਲ। ਹੁਸ਼ਿਆਰਪੁਰ ਜ਼ਿਲ੍ਹੇ ਦੇ ਹਦਬਸਤ ਨੰਬਰ-38 ਮਾਲਕੀ 790 ਏਕੜ ਵਾਲਾ ਪ੍ਰਾਚੀਨ ਗਰਾਂ, ਜੋ ਵੱਸਦਾ ਤਾਂ ਭਾਵੇਂ ਹੁਸ਼ਿਆਰਪੁਰ-ਚੰਡੀਗੜ੍ਹ ਸ਼ਾਹ-ਰਾਹ ਉੱਤੇ ਵਸੇ ਮਾਹਿਲਪੁਰ ਦੀ ਉੱਤਰੀ-ਪੱਛਮੀ ਗੁੱਠ ‘ਤੇ ਹੈ, ਪਰ ਭਲਿਆਂ-ਵੇਲੀਂ ਕਿਤੇ ਅੱਗੇ-ਪਿੱਛੇ ਗਿਆਂ ਇਧਰਲੇ ਲੋਕ ਦੱਸਦੇ, ‘ਮੇਰਾ ਪਿੰਡ ਮਾਹਿਲਪੁਰ-ਬਾੜੀਆਂ ਕੋਲ ਪੈਂਦਾ।’ ਇਹੀ ਨਹੀਂ, ਇਨ੍ਹਾਂ ਦੇ ਨੇੜਲੇ ਪਿੰਡਾਂ ਵਾਲੇ ਤਾਂ ਕੀ ਦੂਰ-ਦੁਰਾਡੇ ਵਾਲੇ ਵੀ ਇਹੀ ਬੋਲਦੇ, ‘ਜੀ, ਸਾਡਾ ਪਿੰਡ ਮਾਹਿਲਪੁਰ-ਬਾੜੀਆਂ ਖਿੱਤੇ ‘ਚ ਹੈ।’ ਭਾਵ ਉਦੋਂ ਮਾਹਿਲਪੁਰ-ਬਾੜੀਆਂ, ਇੱਕ-ਦੂਜੇ ਦੇ ਪੂਰਕ ਸਨ, ਮਗਰੋਂ ਮਾਹਿਲਪੁਰ ਦੀ ਬਜਾਏ ਬੂਟੀ ਰਾਮ ਹਾਂਡਾ ਬਾੜੀਆਂ ਦਾ ਪੂਰਕ ਬਣ ਗਿਆ।
ਮਾਹਿਲਪੁਰ ਹੁਣ ਬੇਸ਼ੱਕ ਬਾੜੀਆਂ ਕਲਾਂ ਨਾਲੋਂ ਬਹੁਤ ਸਿਰ-ਕੱਢਵਾਂ ਹੈ, ਪਰ ਪੁਰਾਣੇ ਵੇਲੀਂ ਤੂਤੀ ਮਾਹਿਲਪੁਰ ਦੀ ਨਹੀਂ, ਬਾੜੀਆਂ ਦੀ ਬੋਲਦੀ ਸੀ, ਭਾਵੇਂ ਕਿ ਇਸਨੂੰ ਵਸਾਉਣ ਦਾ ਕਾਰਨ ਮਾਹਿਲਪੁਰ ਹੀ ਬਣਿਆ ਸੀ। ਜਿਥੇ ਬਾੜੀਆਂ ਦੇ ਵੱਸਣ ਦਾ ਸਬੱਬ ਮਾਹਿਲਪੁਰ ਦੇ ਸਰਬਸ਼ਾਹ ਬੈਂਸਾ ਦੀ ਇੱਕ ਕਮਜ਼ੋਰ ਕੜੀ ਬਣਦੀ ਹੈ, ਉਥੇ ਮਗਰੋਂ ਮੁੱਢ-ਕਦੀਮੀ ਮਾਹਿਲਪੁਰੀਆਂ ਦੀਆਂ ਹੱਟੀਆਂ-ਭੱਠੀਆਂ ਨਾਲੋਂ ਬਾੜੀਆਂ ਦਾ ਬਾਜ਼ਾਰ ਵੀ ਕਾਮਾ-ਸ਼ਿਲਪੀ ਅਤੇ ਮਹਾਜਨ ਜਾਤਾਂ ਦੇ ਆ ਵੱਸਣ ਨਾਲ, ਐਨਾ ਤਰੱਕੀ ਕਰ ਗਿਆ ਕਿ ਸਿਰਫ ਆਲੇ-ਦੁਆਲੇ ਦੇ ਪਿੰਡ ਹੀ ਨਹੀਂ, ਸਗੋਂ ਮਾਹਿਲਪੁਰੀਆਂ ਦੀਆਂ ਹੱਟੀਆਂ ਵੀ ਸੌਦੇ-ਪੱਤੇ ਲਈ ਬਾੜੀਆਂ ‘ਤੇ ਹੀ ਨਿਰਭਰ ਹੋ ਗਈਆਂ। ਇੱਥੋਂ ਦੇ ਬੁਣੇ-ਉਣੇ ਕੱਪੜੇ-ਲੱਤੇ ਉਪਰਲੇ ਪਹਾੜਾਂ ‘ਚ ਧੂਮਾਂ ਪਾਉਣ ਲੱਗੇ। ਸੂਤੀ ਕੱਪੜਾਂ ਰੰਗਣ ਵਿੱਚ ਮਾਹਰ ਮੁਸਲਮਾਨ ਕਾਰੀਗਰਾਂ ਸਮੇਤ ਪੁਰਾਣੇ ਵਕਤੀਂ ਐਂ ਲੱਗਦਾ ਸੀ ਕਿ ਜਿਵੇਂ ਪੂਰਾ ਬਾੜੀਆਂ ਹੀ ਜੁਲਾਹਿਆਂ, ਰੰਗਰੇਜ਼ਾਂ ਅਤੇ ਮਹਾਜਨਾਂ ਦੇ ਕਰਮ ਖੇਤਰ ਦਾ ਪਿੜ ਹੋਵੇ। ਪਹਿਲਾਂ ਕ੍ਰਿਸ਼ਨ ਲੀਲਾ ਅਤੇ ਹਟਵਾਣੀਆਂ ਨੇ ਬਾੜੀਆਂ ਨੂੰ ਮਸ਼ਹੂਰੀ ਦਿਵਾਈ, ਮਗਰੋਂ ਬੂਟੀ ਰਾਮ ਹਾਂਡਾ ਨੇ।
ਹਾਂ! ਬਾੜੀਆਂ ਕਲਾਂ ਸਹੋਤੇ ਜੱਟਾਂ ਦਾ ਵਸਾਇਆ ਹੋਇਆ ਹੈ ਅਤੇ ਮਗਰੋਂ, ਇਸ ਦੀਆਂ ਅੱਡ-ਅੱਡ ਬੱਖੀਆਂ ‘ਚ ਵਸੇ-ਰਸੇ ਬਾੜੀਆਂ ਖੁਰਦ, ਬੁੜੋ ਬਾੜੀ ਅਤੇ ਭੂੰਨੋ ਬਾੜੀ ਵੀ। ਇਹ ਨਗਰ ਕਦੋਂ ਵਸਿਆ, ਪੱਕ ਨਾਲ ਨਹੀਂ ਕਿਹਾ ਜਾ ਸਕਦਾ। ਮਾਲ ਰਿਕਾਰਡ ਕੁੱਝ ਨਹੀਂ ਬੋਲਦਾ, ਪਰ ਦੋ ਕੁ ਦਹਾਕਾ ਪਹਿਲਾਂ ਸ. ਕਰਮ ਸਿੱਘ ਸਹੋਤਾ ਦੀ ਹਰਿਦੁਆਰ ਤੋਂ ਪ੍ਰਾਪਤ ਬੰਸਾਵਲੀ ਘੂਨੋ (ਪਹਿਲਾ ਸ਼ਖਸ, ਜਿਹੜਾ ਪਹਿਲ-ਪਲੱਕੜੇ ਪੂਰ ਨਾਲ ਇਥੇ ਆਇਆ ਸੀ)- ਉਧੋ-ਭੈਲੂ-ਬੇਗਾ-ਜੀਣਾਂ-ਜਸਪਾਲ-ਸ਼ਾਹ-ਬਹਾਦਰ-ਹੰਸਾ-ਘਨੇਈਆਂ-ਮੈਂਹਗਾ-ਗੁਲਾਬਾ-ਵੀਰਭਾਨ-ਰਾਮਦਿਆਲ-ਡਾਲਾ/ਨੱਥੂਆਂ-ਲਾਭ ਸਿੰਘ-ਗੰਗਾ ਸਿੰਘ ਤੇ ਅਠਾਰਵੀਂ ਪੀੜ੍ਹੀ ਦੇ ਕਰਮ ਸਿੰਘ (ਉਮਰ 80 ਵਰਸ) ਵਾਚਣ-ਗਿਣਨ ਮੁਤਬਿਕ ਇਸ ਪਿੰਡ ਦੇ ਮੋੜ੍ਹੀ ਗੱਡਣ ਦਾ ਅਰਸਾ ਸਾਢੇ ਪੰਜ ਕੁ ਸਦੀਆਂ ਬਣਦਾ ਹੈ।
ਹੋਇਆ ਇਓਂ ਕਿ ਮਾਹਿਲਪੁਰੀਏ ਹੀ ਆਪਣੀ ਕਿਸੀ ਮਜ਼ਬੂਰੀ/ਲੋੜ ਤਹਿਤ ਆਪਣੀਆਂ ਬਾਗ-ਬਾੜਿਆਂ ਵਿੱਚ, ਬਾੜੀਆਂ ਦਾ ਮੁੱਢ ਬੰਨਣ ਵਾਲੇ, ਸਹੋਤੇ ਜੱਟਾਂ ਦੇ ਸਦੀਵੀ ਬੈਠਣ ਦਾ ਸਬੱਬ ਬਣੇ। ਪਰੰਤੂ ਰਾਮ ਪਿਆਰਾ ਬੈਂਸ ਰਚਿਤ ਸੰਨ 1886 ਦੀ ਕ੍ਰਿਤ, ਜਿਹੜੀ ਕਿ ਲੰਡਨ ਦੀ ਲਾਇਬ੍ਰੇਰੀ ‘ਚ ਪਈ ਹੋਈ ਹੈ, ਇਸ ਦੇ ਕਾਫੀ ਪੁਰਾਣਾ ਪਿੰਡ ਹੋਣ ਦੀ ਸ਼ਾਹਦੀ ਭਰਦੀ ਹੈ। ਇੱਕ ਮਿੱਥ, ਜਿਹੜੀ ਜ਼ਿਆਦਾ ਪ੍ਰਚੱਲਤ ਹੈ, ਮੁਤਾਬਿਕ ਸਮਰਾਟ ਅਕਬਰ (1542-1605), ਜਦ ਚੌਧਰੀ ਰਾਮ ਰਾਏ ਬੈਂਸ ਮਾਹਿਲਪੁਰ ਦਾ ਆਹਲਾ ਜਗੀਰਦਾਰ ਸੀ, ਵੇਲੇ ਜੇਜੋਂ-ਲਸਾੜਾ ਦੇ ਜਸਵਾਲ ਰਾਜਪੂਤਾਂ ਨੇ ਜਦ ਮਾਹਿਲਪੁਰ ਦੇ ਨਾਸੀਂ ਧੂੰ ਲਿਆ ਦਿੱਤਾ ਤਾਂ ਜੈਜੋਂ ਦੀ ਚੜ੍ਹਦੀ ਬਾਹੀ ਪੁਬੋਵਾਲ-ਪੋਲੀਆਂ, ਬੀਤ ਦੇ ਜੱਟ, ਬਸੀ ਕਲਾਂ ਦੇ ਪਠਾਣ ਅਤੇ ਬੜੇ ਪਿੰਡ (ਗੋਰਾਇਆਂ) ਦੇ ਸਹੋਤੇ ਮਾਹਿਲਪੁਰ ਦੀ ਸੁਰੱਖਿਆ ਢਾਲ ਬਣੇ ਸਨ।
ਬੜੇ ਪਿੰਡੀਏ ਉਦੋਂ ਬੜੇ ਮਾਰ-ਖੋਰੇ ਮੰਨੇ ਜਾਂਦੇ ਸਨ। ਉਂਜ ਵੀ ਬੈਂਸਾਂ ਦੀਆਂ ਬਹੁਤੀਆਂ ਸਕੀਰੀਆਂ ਗੋਰਾਇਆ (ਮੰਝਕੀ) ਦੇ ਇਲਾਕੇ ਵੱਲ ਹੀ ਸਨ, ਜਿਸ ਕਾਰਨ ਵੀ ਉਹ ਮਦਦ ਲਈ ਆਏ/ਸੱਦੇ ਹੋ ਸਕਦੇ ਹਨ। ਸ਼ਾਇਦ ਇਸੇ ਅਹਿਸਾਨ ਜਾਂ ਡਰ ਤਹਿਤ ਮਾਹਿਲਪੁਰੀਆਂ ਨੇ, ਜਿਧਰ ਉਨ੍ਹਾਂ ਦੇ ਬਾਗ-ਬਾੜੇ ਸਨ, ਉਨ੍ਹਾਂ ਨੂੰ ਪੱਕੇ ਤੌਰ `ਤੇ ਹੀ ਮੁਕਾਮ ਕਰਨ ਦੀ ਅਰਜੋਈ ਕੀਤੀ ਹੋਵੇਗੀ। ਇਨ੍ਹਾਂ ਬਾੜਿਆਂ ਜਾਂ ਪਿਛਲੇ ਗਰਾਂ ਬੜੇ ਪਿੰਡ ਦੇ ਨਾਂ ਉੱਤੇ ਹੀ ਧਰੇ। ਇਸ ਰੈਣ-ਵਸੇਰੇ ਦਾ ਨਾਂ ਵੀ ਵਿਗੜਦਾ-ਸੰਵਰਦਾ ਬਾੜੀਆਂ ਪੈ ਗਿਆ ਹੋਵੇਗਾ ਅਤੇ ‘ਕਲਾਂ’ (ਵੱਡਾ ਪਿੰਡ) ਦੀ ਉਪਾਧੀ ਇਸਨੂੰ ਆਪਣੇ ਸਕੇ-ਸੋਧਰੇ ਤਿੰਨ ਪਿੰਡਾਂ ‘ਬਾੜੀਆਂ ਖੁਰਦ (ਕਲਾਂ ਤੋਂ ਛੋਟਾ) ਅਤੇ ਬੂੜੋ ਬਾੜੀ ਤੇ ਭੂੰਨੋ ਬਾੜੀ’, ਜਿਨ੍ਹਾਂ ਦਾ ਮੁੱਢ ਕ੍ਰਮਵਾਰ ਸਕੇ ਭਰਾਵਾਂ ਬੂੜੇ ਅਤੇ ਭੂੰਨਾ ਸਹੋਤਾ ਨੇ ਬੰਨਿਆ ਸੀ, ਤੋਂ ਫੈਲਰਵਾਂ ਹੋਣ ਕਾਰਨ ਹੀ ਨਹੀਂ, ਕਈ ਗੱਲਾਂ ‘ਚ ਵੱਡਾ ਤੇ ਉੱਘਾ ਹੋਣ ਕਾਰਨ ਮਿਲੀ ਸੀ।