ਪਿੰਡ ਵਸਿਆ-4
ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਅਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਭਾਰਤ ਪਿੰਡਾਂ ਦਾ ਦੇਸ਼ ਹੈ, ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪਾਠਕਾਂ ਦੀ ਜਾਣਕਾਰੀ ਲਈ ਅਸੀਂ ਇੱਕ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪੇਸ਼ ਹੈ, ਦੇਸ਼ ਭਗਤਾਂ ਦੇ ਪਿੰਡ ਲੰਗੇਰੀ ਬਾਰੇ ਲੇਖ…
-ਵਿਜੈ ਬੰਬੇਲੀ
ਫੋਨ: +91-9463439075
ਦਸਤਾਵੇਜ਼ਾਂ ਅਨੁਸਾਰ “…ਕੁੱਝ ਰਿਹਾਈਆਂ ਅਤੇ ਜੇਲ੍ਹ ਫਰਾਰੀਆਂ ਫਲਸਰੂਪ ਗ਼ਦਰ ਪਾਰਟੀ ਤਕੜੀ ਹੋ ਕੇ ਅੱਗੇ ਵਧੀ। 1920 ‘ਚ ਸੰਸਾਰ ਜੰਗ ਦੇ ਖਾਤਮੇ ਉਪਰੰਤ ਆਮ ਮੁਆਫ਼ੀ ਤਹਿਤ ਹੋਈਆਂ ਰਿਹਾਈਆਂ ਮੁਤਾਬਿਕ ਕੁੱਝ ਗ਼ਦਰੀ ਕੈਦੀ ਵੀ ਰਿਹਾਅ ਹੋਏ ਸਨ, ਜਿਨ੍ਹਾਂ ਵਿੱਚ ਭਾਈ ਪਿਆਰਾ ਸਿੰਘ ਲੰਗੇਰੀ ਵੀ ਸ਼ੁਮਾਰ ਸੀ। ਦੇਸ਼ ਭਗਤਾਂ ਦਾ ਪਿੰਡ ਲੰਗੇਰੀ, ਮਾਹਿਲਪੁਰ ਤੋਂ ਦੋ ਮੀਲ ਦੇ ਫਾਸਲੇ ਉੱਤੇ ਉਹ ਪਿੰਡ ਹੈ, ਜਿਹੜਾ ਭੱਜੇ-ਨੱਠੇ ਗ਼ਦਰੀਆਂ ਨੂੰ ਵੀ ਠਾਹਰ ਦਿੰਦਾ ਸੀ। ਕਿਤੇ ਮਗਰੋਂ ਇਸ ਪਿੰਡ ਦੇ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਦੀ ਸ਼ਹਾਦਤ ਨੇ ਇਸ ਛੋਟੇ ਜਿਹੇ ਗਰਾਂ, ਜਿਸਨੇ ਡੇਢ ਦਰਜ਼ਨ ਤੋਂ ਵੱਧ ਕਰਮਯੋਗੀ ਦੇਸ਼ਭਗਤਾਂ ਨੂੰ ਜਨਮ ਦਿੱਤਾ ਸੀ, ਨੂੰ ਦੁਨੀਆਂ ਦੇ ਨਕਸ਼ੇ ਉੱਤੇ ਲੈ ਆਂਦਾ।”
“…ਜਦੋਂ 1921 ਵਿੱਚ ਅੰਡੇਮਾਨ ਦੇ 24 ਗ਼ਦਰੀ ਕੈਦੀਆਂ ਨੂੰ ਹਿੰਦੋਸਤਾਨ ਵਿੱਚ ਲਿਆਂਦਾ ਗਿਆ ਤਾਂ ਪੰਜਾਬ ਦੇ ਗ਼ਦਰੀਆਂ ਨੂੰ ਪੰਜਾਬ ਸਰਕਾਰ ਨੇ ਲੈਣ ਤੋਂ ਮੂਲੋਂ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਉਨ੍ਹਾਂ ਨੂੰ ਵੀ 23 ਅਗਸਤ 1921 ਨੂੰ ਮਦਰਾਸ ਕੋਇੰਬਟੂਰ, ਰਾਮਮੁੰਦਰੀ, ਬੰਗਲੌਰ, ਤ੍ਰਿਚਨਾਪਲੀ ਅਤੇ ਵੈਲੋਰ ਦੀਆਂ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ। ਵੈਲੋਰ ਜੇਲ੍ਹ ਵਿੱਚ ਗ਼ਦਰੀਆਂ ਦਾ ਫ਼ੌਜੀ ਇਨਸਟ੍ਰਕਚਰ ਮਾਸਟਰ ਊਧਮ ਸਿੰਘ ਕਸੇਲ ਲਗਾਤਾਰ ਦਸ ਮਹੀਨੇ ਜੇਲ੍ਹ ਤੋਂ ਫਰਾਰ ਹੋਣ ਦੀਆਂ ਯੋਜਨਾਵਾਂ ਬਣਾਉਂਦਾ ਰਿਹਾ। ਅਖੀਰ, 22 ਜੂਨ ਦੀ ਇੱਕ ਕਾਲੀ-ਬੋਲੀ ਰਾਤ ਨੂੰ ਉਹ ਕੋਠੀ ਦਾ ਜੰਦਾ ਭੰਨ, ਅਠਾਰਾਂ ਫੁੱਟ ਉੱਚੀ ਕੰਧ ਟੱਪ, ਪੰਜਾਬ ਨੂੰ ਹੋ ਤੁਰਿਆ। ਕਰੀਬ ਛੇ ਸੌ ਮੀਲ ਦਾ ਜੋਖ਼ਮ ਭਰਪੂਰ ਪੈਂਡਾ ਗਾਹ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲੰਗੇਰੀ ਆਣ ਪੁੱਜਾ। ਦਿਨ-ਰਾਤ ਦੇ ਜੋਖ਼ਮ ਭਰਪੂਰ ਸਫ਼ਰ ਨੇ ਮਾਸਟਰ ਊੂਧਮ ਸਿੰਘ ਨੂੰ ਹਾਲੋਂ-ਬਹਾਲ ਕਰ ਦਿੱਤਾ ਸੀ। ਪੈਰ ਸੁੱਜ ਗਏ ਸਨ, ਸਰੀਰ ਚਕਨਾਚੂਰ ਸੀ। ਲੰਗੇਰੀ ਵਾਲਿਆਂ ਨੇ ਚੰਗੀ ਸੰਭਾਲ ਕੀਤੀ। ਰਾਜ਼ੀ-ਬਾਜੀ ਹੋਣ ‘ਤੇ ਗ਼ਦਰੀ ਪਿਆਰਾ ਸਿੰਘ ਨੇ ਹੋਰ ਦੇਸ਼ਭਗਤਾਂ ਦੀ ਮਦਦ ਨਾਲ ਉਸਨੂੰ ਕਾਬਲ (ਅਫਗਾਨਿਸਤਾਨ) ਪਹੁੰਚਾ ਦਿੱਤਾ।”
1922 ਵਿੱਚ ਹੀ ਗ਼ਦਰੀ ਗੁਰਮੁੱਖ ਸਿੰਘ ਤੇ ਸੱਜਣ ਸਿੰਘ ਦੀ ਚਾਲੀ ਅਕੌਲਾ (ਸੀ.ਪੀ.) ਜੇਲ੍ਹ ਦੀ ਹੋ ਗਈ। ਤ੍ਰਿਚਨਾਪਲੀ ਤੋਂ ਗੱਡੀ ਮਾਨਗੜ੍ਹ, ਚਾਲੀਮਗਾਓਂ ਹੁੰਦੀ ਹੋਈ ਅਕੌਲਾ ਜਾਣੀ ਸੀ। ਦੋਹਾਂ ਨੂੰ ਹੱਥਕੜੀਆਂ ਅਤੇ ਬੇੜੀਆਂ ਲੱਗੀਆਂ ਹੋਈਆਂ ਸਨ। ਪਹਿਰੇ ਉੱਤੇ ਇੱਕ ਹਵਾਲਦਾਰ ਅਤੇ ਦੋ ਸਿਪਾਹੀ ਸਨ। ਰਾਤ ਨੂੰ ਜਦੋਂ ਮਾਨਗੜ੍ਹੋਂ ਗੱਡੀ ਤੁਰੀ ਤਾਂ ਗੁਰਮੁੱਖ ਸਿੰਘ ਨੇ ਸੱਜਣ ਸਿੰਘ ਨੂੰ ਭੇਤਭਰੀ-ਸੁਰ ਵਿੱਚ ਦੱਸਿਆ ਕਿ ਉਸ ਫਰਾਰ ਹੋ ਜਾਣਾ ਹੈ। ਸੱਜਣ ਸਿੰਘ ਛੁਪਾ ਕੇ ਰੱਖੇ ਪੈਸੇ ਗੁਰਮੁੱਖ ਸਿੰਘ ਦੇ ਹਵਾਲੇ ਕਰ ਫਰਜ਼ੀ ਘੁਰਾੜੇ ਮਾਰਨ ਲੱਗ ਪਿਆ। ਜਦੋਂ ਹੌਲਦਾਰ ਸੌਂ ਗਿਆ ਅਤੇ ਸਿਪਾਹੀ ਊਂਘਣ ਲੱਗ ਪਏ, ਤਦ ਗੁਰਮੁੱਖ ਸਿੰਘ ਆਪਣੇ ਕੂਲੇL ਹੱਥ ਕੜੀਆਂ ਵਿੱਚੋਂ ਕੱਢ ਸਣੇ ਬੇੜੀਆਂ ਛਾਲ ਮਾਰ ਗਿਆ। ਗਾਰਦ ਨੂੰ ਕਦ ਪਤਾ ਲੱਗਾ, ਉਹ ਨਹੀਂ ਸੀ ਜਾਣਦਾ, ਪਰ ਕਿਸੇ ਆਦੀਵਾਸੀ ਤੋਂ ਬੇੜੀਆਂ ਕਟਾ ਉਹ ਰਵਾਂ-ਰਵੀ ਹੋ ਚੁੱਕਾ ਸੀ। ਅਸਲ ਠਾਹਰ ਉਸ ਕਿਥੇ ਆਣ ਲਈ? ‘ਸਿਰਨਾਵਾਂ’ ਗੁਰਮੁੱਖ ਸਿੰਘ ਕੋਲ ਵੀ ਇਸੇ ਲੰਗੇਰੀ ਦਾ ਹੀ ਸੀ। ਉਸ ਲੰਗੇਰੀ ਦਾ, ਜਿਸ ਦੀ ਮੋੜ੍ਹੀ ਗੁਰੂ ਗੋਬਿੰਦ ਸਿੰਘ ਦੇ ਲਾਂਗਰੀ ਭਾਈ ਕੂੰਮਾ ਸੰਘਾ ਜੀ ਨੇ ਗੱਡੀ ਸੀ।
ਲੰਗੇਰੀ ਪਿੰਡ ਦਾ ਪੁਰਖਾ ਨਗਰ ਸਕਰੂਲੀ ਹੈ। ਆਪਣੀ ਪਹਿਲੀ ਤ੍ਰੀਮਤ ਮਾਈ ਸ਼ਕਰੋ ਦੇ ਨਾਂ ‘ਤੇ ਸਕਰੂਲੀ ਪਿੰਡ ਬੰਨਣ ਵਾਲੇ ਬਾਬਾ ਭਰੋ ਸੰਘਾ ਦੇ ਹਮਸਾਇਆ ਨੇ ਦੂਜੇ ਪਿੰਡ ਜਿਸ ਦੀ ਮੋੜ੍ਹੀ ਗੱਡੀ ਸੀ, ਉਹ ਹੈ ਉਸਦੀ ਦੂਸਰੀ ਪਤਨੀ ਮਾਈ ਮੰਗੋ ਦੇ ਨਾਂ ‘ਤੇ ਬੱਝਿਆ ਪਿੰਡ ਮੂਗੋਵਾਲ। ਫਿਰ ਪ੍ਰਸਥਿਤੀਆਂ ਵੱਸ ਉਸਦੇ ਸਕਿਆਂ/ਬੰਸਾਂ ਨੇ ਜਿਹੜੇ ਹੋਰ ਸਕਰੂਲੀ ਦੀ ਵਿਸ਼ਾਲ ਜੂਹ ਵਿੱਚ ਬੰਨੇ, ਉਹ ਸਨ ਡੰਡੇਵਾਲ, ਰਨਿਆਲਾ ਅਤੇ ਸਮਾਂ ਪਾ ਕੇ ਬੰਨਿਆ ਪਿੰਡ ਲੰਗੇਰੀ। ਡੰਡੇਵਾਲ, ਰਨਿਆਲਾ ਅਤੇ ਮੂਗੋਵਾਲ ਸਕਰੂਲੀ ਤੋਂ ਹੱਟਵੇਂ ਹਨ, ਪਰ ਲੰਗੇਰੀ ਬਿੱਲਕੁਲ ਸੱਟਵਾਂ, ਜਿੱਥੋਂ ‘ਵਾਜ ਮਾਰਿਆਂ ਸਕਰੂਲੀ ਵਿੱਚ ਸੁਣਦੀ ਹੈ। ਪਰ ਲੰਗੇਰੀ ਵੱਸਣ ਦਾ ਬਹਾਨਾ ਬਣਨ ਵਾਲਾ ਭਾਈ ਕੂੰਮਾ ਵਿਆਹਿਆ ਵਰਿ੍ਹਆ ਨਹੀਂ, ਵਿਹੰਗਮ ਸੀ।
ਹੋਇਆ ਇਓਂ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਂ-ਪ੍ਰਸਥਾਨ ਕਰ ਗਏ ਤਾਂ ਭਾਈ ਕੂੰਮਾ ਆਪਣੇ ਗਰਾਂ ਸਕਰੂਲੀ ਮੁੜ ਆਇਆ। ਬੜਬੋਲੀ ਅਤੇ ਅੜਬ ਬਿਰਤੀ ਦਾ ਹੋਣ ਕਾਰਨ ਇਸ ਦੇ ਸਕੇ-ਸੋਧਰਿਆਂ ਨੇ ਇਸਨੂੰ ਕੁੱਝ ਹੱਟਵੀਂ ਥਾਵੇਂ ਆਬਾਦ ਹੋਣ ਦੀ ਅਰਜੋਈ ਕੀਤੀ। ਸਕਰੂਲੀ ਪਿੰਡ ਦੀ ਬਿਲਕੁਲ ਉੱਤਰੀ-ਪੂਰਬੀ ਗੁੱਠ ਵਿੱਚ ਇਸਨੇ ਆਪਣੇ ਰੈਣ-ਵਸੇਰੇ ਦੀ ਨੀਂਹ ਰੱਖੀ। ਹੌਲੀ-ਹੌਲੀ ਕੰਮ-ਕਾਜ਼ੀ ਲੋੜਾਂ ਤਹਿਤ ਕੁੱਝ ਹੋਰ ਟੱਬਰ ਵੀ ਆ ਵਸੇ। ਪਹਿਲਾਂ-ਪਹਿਲ ਇਸਨੂੰ ਸਕਰੂਲੀ ਦੀ ਪੱਤੀ ਭਕਾਈਆਂ (ਬੜਬੋਲਾਪਨ) ਕਿਹਾ ਜਾਣ ਲੱਗਾ, ਪਰ ਸਮਾਂ ਪਾ ਕੇ ਅਤੇ ਸਿੱਖ ਧਰਮ ਵਿੱਚ ਵਧੀ ਆਸਥਾ ਤਹਿਤ ਭਾਈ ਕੂੰਮਾ ਦੇ ਨਾਂ ਨਾਲ ਜੁੜੇ ਮਾਣਮੱਤੇ ਸ਼ਬਦ/ਤਲੱਖਸ ‘ਲਾਂਗਰੀ’ ਤੋਂ ਸ਼ਬਦ-ਦਰ-ਸ਼ਬਦ ਰੂਪ ਧਾਰਦਾ ਇਸ ਆਬਾਦੀ ਦਾ ਨਾਂ ‘ਲੰਗੇਰੀ’ ਪੈ ਗਿਆ।