ਨਖ਼ਲਿਸਤਾਨ ਦੀ ਤਲਾਸ਼ ਵਿੱਚ

ਅਧਿਆਤਮਕ ਰੰਗ ਆਮ-ਖਾਸ

ਡਾ. ਅਰਵਿੰਦਰ ਸਿੰਘ
ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ।
ਜੇਕਰ ਜ਼ਿੰਦਗੀ ਦਾ ਸਫ਼ਰ ਸਹਿਰਾ ਦਾ ਸਫ਼ਰ ਬਣ ਜਾਏ ਤਾਂ ਨਖ਼ਲਿਸਤਾਨ ਦੀ ਤਲਾਸ਼ ਵਿੱਚ ਕਦੇ-ਕਦੇ ਸਾਰੀ ਉਮਰ ਗੁਜ਼ਰ ਜਾਂਦੀ ਹੈ। ਰੋਜ਼ਮਰ੍ਹਾ ਦੇ ਸ਼ੋਰ-ਓ-ਗੁਲ ਵਿੱਚ ਫਸ ਕੇ ਸਕੂਨ ਦੇ ਕੁਝ ਪਲਾਂ ਦੀ ਤਲਾਸ਼ ਵਿੱਚ ਕਦੋਂ ਜ਼ਿੰਦਗੀ ਪਲਕ ਝਪਕਦਿਆਂ ਗੁਜ਼ਰ ਜਾਂਦੀ ਹੈ ਅਤੇ ਕਦੋਂ ਰਿਸ਼ਤਿਆਂ-ਨਾਤਿਆਂ ਦੀ ਭੀੜ ਦੇ ਬਾਵਜੂਦ ਮਨੁੱਖ ਸਭ ਤੋਂ ਅਲੱਗ-ਥਲੱਗ ਹੋ ਜਾਂਦਾ ਹੈ, ਇਸ ਦਾ ਅਕਸਰ ਪਤਾ ਹੀ ਨਹੀਂ ਚਲਦਾ ਹੈ।

ਇਨਸਾਨ ਆਪਣੀ ਤਮਾਮ ਉਮਰ ਬੇਆਰਾਮ ਅਤੇ ਬੇਚੈਨ ਇਸ ਕਰਕੇ ਰਹਿੰਦਾ ਹੈ ਤਾਂ ਜੋ ਉਹ ਨਿਸ਼ਚਿੰਤ ਹੋ ਕੇ ਆਰਾਮਦਾਇਕ ਜ਼ਿੰਦਗੀ ਬਿਤਾ ਸਕੇ। ਜ਼ਿੰਦਗੀ ਵਿੱਚ ਸਫ਼ਲ ਹੋਣ ਖ਼ਾਤਰ ਆਪਣਿਆਂ ਤੋਂ ਦੂਰੀ ਬਣਾਉਣ ਤੋਂ ਬਾਅਦ ਅਕਸਰ ਇਨਸਾਨ ਇਹ ਹਿਰਖ ਕਰਦਿਆਂ ਦਿਖਾਈ ਦਿੰਦਾ ਹੈ ਕਿ ਉਹ ਆਪਣੀ ਸਫ਼ਲਤਾ ਦਾ ਜਸ਼ਨ ਕਿਸ ਨਾਲ ਮਿਲ ਕੇ ਮਨਾਵੇ। ਭੀੜ ਵਿੱਚ ਸ਼ਾਮਿਲ ਤਨਹਾ ਲੋਕਾਂ, ਰਿਸ਼ਤਿਆਂ ਦੇ ਤਾਣੇ-ਬਾਣੇ ਵਿੱਚ ਘਿਰੇ ਹੋਣ ਦੇ ਬਾਵਜੂਦ ਇੱਕਲੇਪਣ ਦਾ ਸੰਤਾਪ ਹੰਢਾ ਰਹੇ ਲੋਕਾਂ ਅਤੇ ਸਫ਼ਲਤਾ ਦੇ ਸਿਖ਼ਰ ਉੱਪਰ ਪਹੁੰਚ ਕੇ ਕਿਸਮਤ ਨੂੰ ਦੋਸ਼ ਦਿੰਦੇ ਹੋਏ ਕਾਮਯਾਬ ਲੋਕਾਂ ਨੂੰ ਦੇਖ ਕੇ ਦਿਲੋਂ ਇਹੋ ਦੁਆ ਨਿਕਲਦੀ ਹੈ ਕਿ ਜ਼ਿੰਦਗੀ ਦੇ ਸਫ਼ਰ ਦੌਰਾਨ ਨਖ਼ਲਿਸਤਾਨ ਲਈ ਇੰਨਾ ਲੋਕਾਂ ਦੀ ਤਲਾਸ਼ ਖ਼ਤਮ ਹੋਵੇ ਅਤੇ ਖੁਸ਼ੀ, ਸਕੂਨ ਤੇ ਰਾਹਤ ਦੇ ਕੁਝ ਪਲ ਇਨ੍ਹਾਂ ਬੇਚੈਨ ਅਤੇ ਤਪਦੀਆਂ ਦੇਹਾਂ ਨੂੰ ਮੁਯਸਰ ਹੋਣ। ਆਮੀਨ!
ਜੇਕਰ ਦੇਖਿਆ ਜਾਵੇ ਤਾਂ ਨਖ਼ਲਿਸਤਾਨ ਦੀ ਤਲਾਸ਼ ਦਾ ਖ਼ਿਆਲ ਹੀ ਮਨੁੱਖ ਅੰਦਰ ਇੱਕ ਨਵੀਂ ਉਮੰਗ, ਇੱਕ ਨਵੀਂ ਉਮੀਦ ਅਤੇ ਜਿਊਣ ਦਾ ਨਵਾਂ ਉਤਸ਼ਾਹ ਪੈਦਾ ਕਰਦਾ ਹੈ। ਨਖ਼ਲਿਸਤਾਨ ਦੀ ਖਾਹਿਸ਼ ਮਨੁੱਖ ਨੂੰ ਆਪਣੇ ਆਸ-ਪਾਸ ਦੀਆਂ ਪ੍ਰਸਥਿਤੀਆਂ ਨੂੰ ਬਦਲਣ ਲਈ ਪ੍ਰੇਰਿਤ ਕਰਦੀ ਹੈ। ਨਖ਼ਲਿਸਤਾਨ ਦੀ ਤਲਾਸ਼ ਆਪਣੇ ਆਪ ਵਿੱਚ ਇੱਕ ਐਲਾਨ ਵੀ ਹੈ ਕਿ ਮਨੁੱਖ ਨੂੰ ਜ਼ਿੰਦਗੀ ਦੇ ਸਫ਼ਰ ਦੌਰਾਨ ਚੁਣੌਤੀਪੂਰਣ ਅਤੇ ਪ੍ਰਤੀਕੂਲ ਪ੍ਰਸਥਿਤੀਆਂ ਦੇ ਬਾਵਜੂਦ ਚੁਫੇਰੇ ਪਸਰੀ ਹੋਈ ਬੇਚੈਨੀ, ਇਕੱਲ, ਖੜੋਤ, ਅਸੁਰੱਖਿਆ, ਅਸਥਿਰਤਾ, ਅਨਿਸ਼ਚਿਤਤਾ ਅਤੇ ਬੇਜਾਰੀ ਹਰਗਿਜ਼ ਮਨਜ਼ੂਰ ਨਹੀਂ।
ਦਰਅਸਲ ਇਹ ਮਨੁੱਖੀ ਫ਼ਿਤਰਤ ਹੈ ਕਿ ਮਨੁੱਖ ਬੇਆਬਾਦ, ਬੰਜ਼ਰ ਅਤੇ ਕੁਦਰਤ ਦੀ ਕਰੋਪੀ ਝਲ ਰਹੇ ਧਰਾਤਲ ਦੀਆਂ ਕੌੜੀਆਂ ਹਕੀਕਤਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਆਪਣੇ ਲਈ ਉਸ ਜਰਖੇਜ਼ ਸਰਜ਼ਮੀਨ ਦੀ ਤਲਾਸ਼ ਵਿੱਚ ਨਿਕਲਣ ਦਾ ਅਹਿਦ ਕਰਕੇ ਆਪਣੀ ਜ਼ਿੰਦਗੀ ਦੇ ਬੇਰੰਗ ਕੈਨਵਸ ਉੱਪਰ ਧਨਕ ਰੰਗ ਭਰਨ ਦੇ ਖ਼ਵਾਬ ਬੁਣਦਾ ਹੈ। ਵਾਸਤਵ ਵਿੱਚ ਨਖ਼ਲਿਸਤਾਨ ਦੀ ਆਰਜ਼ੂ ਮਨੁੱਖ ਦੇ ਜਰਫ, ਬੁਲੰਦ ਹੌਂਸਲੇ, ਚੜ੍ਹਦੀ ਕਲਾ ਅਤੇ ਜਨੂੰਨ ਦੀ ਪ੍ਰਤੀਕ ਹੁੰਦੀ ਹੈ।
ਮੇਰੇ ਲਈ ਵੀ ਜ਼ਿੰਦਗੀ ਸਹਿਰਾ ਦੇ ਸਫ਼ਰ ਦੀ ਤਰ੍ਹਾਂ ਹੈ। ਇੱਕ ਮੁੱਦਤ ਤੋਂ ਮੁਸੱਲਸਲ ਮੈਂ ਸਹਿਰਾ ਦਾ ਇਹ ਸਫ਼ਰ ਤੈਅ ਕਰ ਰਿਹਾ ਹਾਂ। ਜਾਣਦਾ ਹਾਂ ਕਿ ਕੋਈ ਮੇਰੇ ਜਰਫ, ਮੇਰੇ ਸਬਰ, ਮੇਰੇ ਜਨੂੰਨ, ਮੇਰੀ ਤਲਬ ਅਤੇ ਮੇਰੀ ਪਿਆਸ ਨੂੰ ਲਗਾਤਾਰ ਅਜ਼ਮਾ ਰਿਹਾ ਹੈ। ਇਸ ਗੱਲ ਦਾ ਵੀ ਅਹਿਸਾਸ ਹੈ ਕਿ ਆਪਣੇ ਹਿੱਸੇ ਦੇ ਨਖ਼ਲਿਸਤਾਨ ਦੀ ਤਲਾਸ਼ ਵਿੱਚ ਸਹਿਰਾ ਦਾ ਇਹ ਪੈਂਡਾ ਮੈਨੂੰ ਇਕੱਲਿਆਂ ਹੀ ਤੈਅ ਕਰਨਾ ਪਵੇਗਾ। ਮਗਰ ਇਹ ਸੋਚ ਕੇ ਮੈਂ ਪੁਰਉਮੀਦ ਵੀ ਹਾਂ, ਪੁਰਅਜ਼ਮ ਅਤੇ ਪੁਰਇਹਤਮਾਦ ਵੀ ਹਾਂ ਕਿ ਇੱਕ ਨਾ ਇੱਕ ਦਿਨ ਇਸ ਨਾਗਵਾਰ ਅਤੇ ਤਕਲੀਫ਼ਦੇਹ ਸਫ਼ਰ ਦਾ ਅੰਜ਼ਾਮ ਯਕੀਨਨ ਤੌਰ ‘ਤੇ ਮੇਰੀ ਦੇਹ ਅਤੇ ਮੇਰੀ ਰੂਹ ਨੂੰ ਨਾਕਾਬਲੇ ਬਿਆਨ ਰਾਹਤ ਤੇ ਤਸਕੀਨ ਦੇਵੇਗਾ। ਦਰਅਸਲ ਇਸ ਕਾਇਨਾਤ ਅੰਦਰ ਸਹਿਰਾ ਦਾ ਸਫ਼ਰ ਤੈਅ ਕਰਦਿਆਂ ਹਰ ਸੁਪਨਸਾਜ਼ ਨੂੰ ਇੱਕ ਅਜਿਹੇ ਨਖ਼ਲਿਸਤਾਨ ਦੀ ਤਲਾਸ਼ ਹੁੰਦੀ ਹੈ, ਜਿਥੇ ਪਹੁੰਚ ਕੇ ਆਪਣੀ ਪਿਆਸ ਬੁਝਾ ਕੇ ਉਹ ਤਾਜ਼ਾ ਦਮ ਹੋ ਕੇ ਆਪਣੇ ਖ਼ਵਾਬਾਂ ਦੀ ਤਾਬੀਰ ਦੇ ਅਗਲੇ ਸਫ਼ਰ ਦਾ ਆਗਾਜ਼ ਕਰਦਾ ਹੈ।
ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਇਉਂ ਜਾਪਦਾ ਹੈ ਕਿ ਜ਼ਿੰਦਗ਼ੀ ਦੀਆਂ ਬੇਸ਼ੁਮਾਰ ਅਤੇ ਬੇਰਹਿਮ ਅਜ਼ਮਾਇਸ਼ਾਂ ਤੋਂ ਵਕਤਨ-ਬਾ-ਵਕਤਨ ਸੁਰਖੁਰੂ ਹੋਣ ਦਾ ਅਹਿਸਾਸ ਸੁਪਨਸਾਜ਼ ਲਈ ਕਿਸੇ ਨਖ਼ਲਿਸਤਾਨ ਦੀ ਪ੍ਰਾਪਤੀ ਵਾਂਗ ਹੁੰਦਾ ਹੈ। ਆਪਣੀ ਹਯਾਤੀ ਵਿੱਚ ਖੁਸ਼ੀਆਂ ਅਤੇ ਸਕੂਨ ਦੇ ਕਿਸੇ ਜਜ਼ੀਰੇ ਦੀ ਤਲਾਸ਼ ਵਿੱਚ ਨਿਕਲੇ ਕਿਸੇ ਵੀ ਸੁਪਨਸਾਜ਼ ਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਹਿਰਾ ਦੇ ਦੁਸ਼ਵਾਰ ਅਤੇ ਤਵੀਲ ਸਫ਼ਰ ਦੌਰਾਨ ਨਖ਼ਲਿਸਤਾਨ ਦੀ ਪ੍ਰਾਪਤੀ ਉਸ ਦੀ ਮੰਜ਼ਿਲ ਨਹੀਂ ਹੁੰਦੀ, ਬਲਕਿ ਉਸ ਦੀ ਮੰਜ਼ਿਲ ਵੱਲ ਜਾਂਦੇ ਰਾਹਾਂ ਦਾ ਇੱਕ ਬੇਹੱਦ ਅਹਿਮ ਪੜਾਅ ਹੁੰਦੀ ਹੈ। ਸਾਨੂੰ ਸਭ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮਾਰੂਥਲਾਂ ਦੀ ਖ਼ਾਕ ਛਾਣਦਿਆਂ ਅਤੇ ਜ਼ਿੰਦਗੀ ਦੇ ਬੇਸ਼ਕੀਮਤੀ ਤੇ ਤਲਖ਼ ਸਬਕ ਹਾਸਲ ਕਰਦਿਆਂ ਮਨੁੱਖ ਲਈ ਨਖ਼ਲਿਸਤਾਨ ਕੇਵਲ ਆਪਣੀ ਪਿਆਸ ਨੂੰ ਬੁਝਾਉਣ ਦਾ ਜ਼ਰੀਆ ਹੀ ਨਹੀਂ ਹੁੰਦਾ ਹੈ, ਬਲਕਿ ਇਹ ਉਸ ਦੇ ਦ੍ਰਿੜ ਇਰਾਦੇ, ਸਾਹਸ, ਧੀਰਜ, ਸਹਿਣਸ਼ੀਲਤਾ, ਲਿਆਕਤ, ਜ਼ਹਾਨਤ ਅਤੇ ਇੰਤਜ਼ਾਰ ਦਾ ਇਨਾਮ ਵੀ ਹੁੰਦਾ ਹੈ।

Leave a Reply

Your email address will not be published. Required fields are marked *