ਪੰਜਾਬੀ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਦੱਖਣੀ ਕੋਰੀਆ ਵਿੱਚ ਆਉਣ ਵਾਲੇ ਸ਼ੁਰੂਆਤੀ ਪੰਜਾਬੀਆਂ ਵਿੱਚੋਂ ਜ਼ਿਆਦਾਤਰ ਪੰਜਾਬੀ ਵੱਡੇ ਵਪਾਰੀ ਜਾਂ ਕਾਰੋਬਾਰੀ ਸਨ। ਹੁਣ ਇਸ ਮੁਲਕ ਵਿੱਚ ਕੰਮ ਕਰਨ ਵਾਲੇ ਪੰਜਾਬੀਆਂ ਦੇ ਪ੍ਰਮੁੱਖ ਕਿੱਤੇ ਖੇਤੀਬਾੜੀ, ਹੋਟਲ ਤੇ ਰੈਸਟੋਰੈਂਟ ਸਨਅਤ ਅਤੇ ਵਪਾਰ ਆਦਿ ਹਨ। ਕੋਈ ਵੇਲਾ ਸੀ ਜਦੋਂ ਇੱਥੇ ਰਹਿੰਦੇ ਸਿੱਖਾਂ ਨੂੰ ਸ਼ਨਾਖ਼ਤੀ ਕਾਰਡ ਬਣਵਾਉਣ ਸਮੇਂ ਲਗਾਈ ਜਾਣ ਵਾਲੀ ਫ਼ੋਟੋ ਵਿੱਚ ਪਗੜੀ ਅਤੇ ਲੰਮੀ ਦਾਹੜੀ ਰੱਖਣ ਦੀ ਇਜਾਜ਼ਤ ਨਹੀਂ ਸੀ, ਪਰ ਹੁਣ ਅਜਿਹੀ ਕੋਈ ਵੀ ਸ਼ਰਤ ਬਾਕੀ ਨਹੀਂ ਹੈ। ਪੇਸ਼ ਹੈ, ਦੱਖਣੀ ਕੋਰੀਆ ਵਿੱਚ ਵਸੇ ਪੰਜਾਬੀਆਂ ਬਾਰੇ ਸੰਖੇਪ ਵੇਰਵਾ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਦੱਖਣੀ ਕੋਰੀਆ ਵਿੱਚ ਪੰਜਾਬੀਆਂ ਦੀ ਸੰਖਿਆ ਕੋਈ ਬਹੁਤ ਜ਼ਿਆਦਾ ਨਹੀਂ ਹੈ। ਦੱਖਣੀ ਕੋਰੀਆ ਨੂੰ ਜਦੋਂ ਜਾਪਾਨ ਦੇ ਕਬਜ਼ੇ ਤੋਂ ਆਜ਼ਾਦੀ ਮਿਲੀ ਸੀ ਤਾਂ ਉਦੋਂ ਤੋਂ ਹੀ ਪੰਜਾਬੀ ਕੌਮ ਉੱਥੇ ਵੱਸ ਰਹੀ ਹੈ। ਇੱਥੇ ਆਉਣ ਵਾਲੇ ਸ਼ੁਰੂਆਤੀ ਪੰਜਾਬੀਆਂ ਵਿੱਚੋਂ ਜ਼ਿਆਦਾਤਰ ਪੰਜਾਬੀ ਵੱਡੇ ਵਪਾਰੀ ਜਾਂ ਕਾਰੋਬਾਰੀ ਸਨ। ਉਨ੍ਹਾਂ ਨੇ ਇੱਥੇ ਆ ਕੇ ਕੱਪੜੇ ਦੀਆਂ ਮਿੱਲਾਂ ਲਗਾਈਆਂ ਸਨ ਅਤੇ ਉਨ੍ਹਾਂ ਮਿੱਲਾਂ ’ਚ ਬਣਿਆ ਕੱਪੜਾ ਭਾਰਤ ਤੇ ਮੱਧ ਪੂਰਬ ਦੇ ਦੇਸ਼ਾਂ ਨੂੰ ਨਿਰਯਾਤ ਕਰਦੇ ਸਨ। ਉਨਾਂਾ ਵੇਲਿਆਂ ਵਿੱਚ ਕਿਉਂਕਿ ਇਸ ਮੁਲਕ ਅੰਦਰ ਵਿਦੇਸ਼ੀਆਂ ਦੇ ਨਿਵਾਸ ਕਰਨ ਸਬੰਧੀ ਨਿਯਮ ਬੜੇ ਕਰੜੇ ਸਨ, ਇਸ ਲਈ ਜ਼ਿਆਦਾਤਰ ਪੰਜਾਬੀ ਕਾਰੋਬਾਰੀ ਇੱਥੇ ਲੰਮਾ ਸਮਾਂ ਨਾ ਰੁਕ ਸਕੇ ਤੇ ਆਪਣੇ ਮੁਲਕ ਨੂੰ ਪਰਤ ਗਏ ਸਨ।
ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿੱਚ ਪੰਜਾਬ ਤੇ ਭਾਰਤ ਵਿੱਚ ਰੁਜ਼ਗਾਰ ਦੀ ਘਾਟ ਹੋ ਜਾਣ ਕਰਕੇ ਅਨੇਕਾਂ ਪੰਜਾਬੀਆਂ ਨੇ ਰੁਜ਼ਗਾਰ ਅਤੇ ਚੰਗੀ ਕਮਾਈ ਦੀ ਤਲਾਸ਼ ਵਿੱਚ ਆਪਣੀ ਵਿੱਤੀ ਹੈਸੀਅਤ ਮੁਤਾਬਿਕ ਮੱਧ ਪੂਰਬ ਦੇ ਦੇਸ਼ਾਂ ਤੋਂ ਇਲਾਵਾ ਕੈਨੇਡਾ, ਇੰਗਲੈਂਡ, ਅਮਰੀਕਾ ਅਤੇ ਹੋਰ ਮੁਲਕਾਂ ਵੱਲ ਨੂੰ ਚਾਲੇ ਪਾ ਦਿੱਤੇ ਸਨ। ਰੁਜ਼ਗਾਰ ਹਾਸਿਲ ਕਰਨ ਦੇ ਮਾਰੇ ਕੁਝ ਕੁ ਪੰਜਾਬੀ ਦੱਖਣੀ ਕੋਰੀਆ ਵਿਖੇ ਵੀ ਆਣ ਪੁੱਜੇ ਸਨ ਅਤੇ ਇੱਥੇ ਆ ਕੇ ਹੱਡ-ਭੰਨ੍ਹਵੀਂ ਮਿਹਨਤ ਮਜ਼ਦੂਰੀ ਕਰਨ ਲੱਗ ਪਏ ਸਨ। ਫਿਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇੱਥੇ ਹੀ ਸੱਦ ਲਿਆ ਸੀ ਤੇ ਬੀਤੇ ਪੰਜਾਹ ਦੇ ਕਰੀਬ ਸਾਲਾਂ ਤੋਂ ਕੋਈ ਛੇ ਸੌ ਦੇ ਕਰੀਬ ਪੰਜਾਬੀ ਆਪਣੇ ਪਰਿਵਾਰਾਂ ਸਮੇਤ ਇੱਥੇ ਵੱਸ ਰਹੇ ਹਨ।
ਪੰਜਾਬੀਆਂ ਨੇ ਦੱਖਣੀ ਕੋਰੀਆ ਅੰਦਰ ਆਪਣਾ ਪਹਿਲਾ ਗੁਰਦੁਆਰਾ ਸੰਨ 1998 ਵਿੱਚ ਸੁੰਗਰੀ ਨਾਮਕ ਇਲਾਕੇ ਵਿੱਚ ਇੱਕ ਕਿਰਾਏ ਦੀ ਇਮਾਰਤ ਵਿਖੇ ਸਥਾਪਿਤ ਕੀਤਾ ਸੀ, ਪਰ ਬਦਕਿਸਮਤੀ ਨਾਲ ਸੰਨ 2000 ਵਿੱਚ ਇਸ ਗੁਰਦੁਆਰੇ ਨੂੰ ਭਿਆਨਕ ਅੱਗ ਲੱਗ ਗਈ ਤੇ ਇਹ ਬੁਰੀ ਤਰ੍ਹਾਂ ਸੜ੍ਹ ਗਿਆ ਸੀ। ਗੁਰੂਘਰ ਦੇ ਪ੍ਰੇਮੀਆਂ ਨੇ ਮੁੜ ਤੋਂ ਮਾਇਆ ਇਕੱਤਰ ਕਰਕੇ ਇਕ ਹੋਰ ਕਿਰਾਏ ਦੀ ਇਮਾਰਤ ਲਈ ਅਤੇ ਉੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਸੰਨ 2004 ਵਿੱਚ ਕਰ ਦਿੱਤੀ ਸੀ। ਤਾਜ਼ਾ ਜਾਣਕਾਰੀ ਅਨੁਸਾਰ ਉੱਥੋਂ ਦੀ ਹਕੂਮਤ ਨੇ ਕੁਝ ਸਮਾਂ ਪਹਿਲਾਂ ਹੀ ਪੰਜਾਬੀਆਂ ਨੂੰ ਉੱਥੋਂ ਦੀ ਨਾਗਰਿਕਤਾ ਲੈਣ ਦੀ ਆਗਿਆ ਪ੍ਰਦਾਨ ਕੀਤੀ ਹੈ।
ਬਾਕੀ ਮੁਲਕਾਂ ਵਿੱਚ ਵੱਸ ਰਹੇ ਪੰਜਾਬੀਆਂ ਨੂੰ ਜਿਹੜੀ ਗੱਲ ਇੱਥੇ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ, ਉਹ ਇਹ ਹੈ ਕਿ ਇਸ ਮੁਲਕ ਦੇ ਮੂਲ ਵਾਸੀ ਪੰਜਾਬ, ਪੰਜਾਬੀਆਂ ਜਾਂ ਸਿੱਖ ਧਰਮ ਬਾਰੇ ਜਾਣਨ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਰੱਖਦੇ ਹਨ। ਆਲਮ ਇਹ ਹੈ ਕਿ ਇੱਥੇ ਪੁਰਸ਼ ਪੰਜਾਬੀਆਂ ਦੀ ਸੰਖਿਆ ਔਰਤਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਇੱਥੇ ਟੂਰਿਸਟ ਵੀਜ਼ੇ ’ਤੇ ਆਉਣ ਵਾਲੇ ਜ਼ਿਆਦਾਤਰ ਪੰਜਾਬੀ ਨੌਜਵਾਨ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਇੱਥੇ ਰੁਕੇ ਰਹਿੰਦੇ ਹਨ ਤੇ ਉਨ੍ਹਾਂ ਵਿੱਚੋਂ ਕਈ ਨੌਜਵਾਨ ਦੱਖਣੀ ਕੋਰੀਆ ਦੀ ਕਿਸੇ ਪੱਕੀ ਕੁੜੀ ਨਾਲ ਸ਼ਾਦੀ ਕਰਕੇ ਇੱਥੋਂ ਦੀ ਨਾਗਰਿਕਤਾ ਹਾਸਿਲ ਕਰ ਲੈਂਦੇ ਹਨ। ਜਿਹੜੇ ਅਜਿਹਾ ਕਰਨ ਵਿੱਚ ਸਫ਼ਲ ਨਹੀਂ ਹੋ ਪਾਉਂਦੇ, ਉਨ੍ਹਾਂ ਨੂੰ ਫੜ੍ਹ ਕੇ ਡਿਪੋਰਟ ਕਰ ਦਿੱਤਾ ਜਾਂਦਾ ਹੈ। ਇਸ ਮੁਲਕ ਵਿੱਚ ਵੱਸਣ ਵਾਲੇ ਪੰਜਾਬੀਆਂ ਵਿੱਚੋਂ ਪਗੜੀਧਾਰੀ ਪੰਜਾਬੀਆਂ ਦੀ ਸੰਖਿਆ ਬੇਹੱਦ ਘੱਟ ਹੈ ਤੇ ਜ਼ਿਆਦਾਤਰ ਪੰਜਾਬੀ ਨੌਜਵਾਨ ਬਤੌਰ ਸਹਿਜਧਾਰੀ ਸਿੱਖ ਇੱਥੇ ਰਹਿੰਦੇ ਹਨ। ਇਸ ਮੁਲਕ ਵਿੱਚ ਕੰਮ ਕਰਨ ਵਾਲੇ ਪੰਜਾਬੀਆਂ ਦੇ ਪ੍ਰਮੁੱਖ ਕਿੱਤੇ ਖੇਤੀਬਾੜੀ, ਹੋਟਲ ਅਤੇ ਰੈਸਟੋਰੈਂਟ ਸਨਅਤ ਅਤੇ ਵਪਾਰ ਆਦਿ ਹਨ। ਇਸ ਮੁਲਕ ਦੇ ‘ਗਿਊਂਗੀ ਡੂ’ ਪ੍ਰਾਂਤ ਵਿੱਚ ਸਿਓਲ ਵਿਖੇ ‘ਗੁਰਦੁਆਰਾ ਸਿੰਘ ਸਭਾ’ ਦੀ ਸਥਾਪਨਾ ਕੀਤੀ ਗਈ ਹੈ, ਜਿੱਥੇ ਪੰਜ ਸੌ ਦੇ ਕਰੀਬ ਪੰਜਾਬੀ ਇਕੱਤਰ ਹੋ ਕੇ ਵੱਖ-ਵੱਖ ਗੁਰਪੁਰਬ ਮਨਾਉਂਦੇ ਹਨ ਅਤੇ ਹੋਰ ਧਾਰਮਿਕ ਸਮਾਗਮਾਂ ਦਾ ਆਯੋਜਨ ਕਰਦੇ ਹਨ। ਉਧਰ ‘ਥੁੰਗਨਨ’ ਨਾਮਕ ਇਲਾਕੇ ਵਿੱਚ ਵੀ ਇੱਕ ਛੋਟੇ ਜਿਹੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਹੈ। ਸਾਲ 2013 ਦੇ ਜਨਸੰਖਿਆ ਅੰਕੜਿਆਂ ਅਨੁਸਾਰ ਦੱਖਣੀ ਕੋਰੀਆ ਵਿਖੇ ਵੱਸਣ ਵਾਲੇ ਭਾਰਤੀਆਂ ਦੀ ਸੰਖਿਆ 24,414 ਸੀ, ਜਦੋਂ ਕਿ ਇਨ੍ਹਾਂ ਵਿੱਚੋਂ ਪੰਜਾਬੀਆਂ ਦੀ ਸੰਖਿਆ ਛੇ ਸੌ ਤੋਂ ਵੀ ਘੱਟ ਸੀ।
ਬੇਹੱਦ ਦਿਲਚਸਪ ਜਾਣਕਾਰੀ ਹੈ ਕਿ ਕੋਰੀਆ ਦੇ ਵਿਦਵਾਨਾਂ ਅਨੁਸਾਰ ਭਾਰਤ ਨਾਲ ਕੋਰੀਆ ਦਾ ਸਬੰਧ 11ਵੀਂ ਸਦੀ ਦੇ ਸਮੇਂ ਤੋਂ ਹੈ। ਉਸ ਵੇਲੇ ‘ਸੂਰੋ’ ਨਾਮਕ ਇੱਕ ਰਾਜਕੁਮਾਰੀ ਸੀ, ਜੋ ‘ਅਯੁੱਟਾ’ ਨਾਮਕ ਰਾਜ ਨਾਲ ਸਬੰਧ ਰੱਖਦੀ ਸੀ। ਇਤਿਹਾਸਕਾਰਾਂ ਨੇ ਖੋਜ ਉਪਰੰਤ ਤੱਤ ਕੱਢਿਆ ਸੀ ਕਿ ਉਹ ਰਾਜਕੁਮਾਰੀ ਅਸਲ ਵਿੱਚ ਜਿਸ ਰਾਜ ਨਾਲ ਸਬੰਧ ਰੱਖਦੀ ਸੀ, ਉਹ ‘ਅਯੁੱਟਾ’ ਨਹੀਂ ਸਗੋਂ ਭਾਰਤ ਦਾ ਸ਼ਹਿਰ ‘ਅਯੁੱਧਿਆ’ ਸੀ। ਦੱਸਿਆ ਜਾਂਦਾ ਹੈ ਕਿ 673 ਈਸਵੀ ਵਿੱਚ ਚੀਨ ਤੋਂ ਇੱਕ ਬੋਧੀ ਯਾਤਰੀ ‘ਯੀਜਿੰਗ’ ਭਾਰਤ ਗਿਆ ਸੀ ਤੇ ਉਸਨੇ ਇਹ ਗੱਲ ਆਪਣੀ ਪੁਸਤਕ ਵਿੱਚ ਦਰਜ ਕੀਤੀ ਸੀ ਕਿ ਭਾਰਤ ਦੇ ਲੋਕ ਕੋਰੀਆ ਦੇ ਰੀਤੀ-ਰਿਵਾਜਾਂ ਅਤੇ ਧਾਰਮਿਕ ਪਰੰਪਰਾਵਾਂ ਤੋਂ ਭਲੀਭਾਂਤ ਵਾਕਿਫ਼ ਸਨ।
ਇਤਿਹਾਸਕ ਦਸਤਾਵੇਜ਼ ਇਹ ਵੀ ਦੱਸਦੇ ਹਨ ਕਿ ਚੌਥੀ ਸਦੀ ਵਿੱਚ ਤਿੰਨ ਬੋਧੀ ਪ੍ਰਚਾਰਕ ਬੁੱਧ ਮਤ ਦੇ ਪ੍ਰਚਾਰ ਹਿਤ ਕੋਰੀਆ ਪੁੱਜੇ ਸਨ। ਇਨ੍ਹਾਂ ਵਿੱਚੋਂ ਮੇਘਾਨੰਦ ਨਾਂ ਦਾ ਇੱਕ ਬੋਧੀ ਪ੍ਰਚਾਰਕ ਭਾਰਤ ਤੋਂ ਆਇਆ ਸੀ ਤੇ ਉਹ ਸੰਨ 384 ਵਿੱਚ ‘ਬਾਇਜੇ’ ਰਾਜ ਦੇ ‘ਰਾਜਾ ਚਿਮਨਾਯੂ’ ਦੇ ਦਰਬਾਰ ਵਿੱਚ ਵੀ ਪੁੱਜਾ ਸੀ। ਬਾਕੀ ਦੇ ਦੋ ਬੋਧੀ ਪ੍ਰਚਾਰਕਾਂ ਨੇ ਕੋਰੀਆ ਦੇ ਬਾਕੀ ਪ੍ਰਾਂਤਾਂ ਵਿੱਚ ਜਾ ਕੇ ਬੁੱਧ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਸੀ।
ਸੰਨ 1950 ਦੇ ਆਸਪਾਸ ਹੋਏ ਇਤਿਹਾਸਕ ‘ਕੋਰੀਆ ਯੁੱਧ’ ਵਿੱਚ ਭਾਰਤੀ ਫ਼ੌਜ ਨੇ ਸਿੱਧੇ ਤੌਰ ’ਤੇ ਕੋਈ ਸ਼ਮੂਲੀਅਤ ਨਹੀਂ ਕੀਤੀ ਸੀ, ਪਰ ਭਾਰਤੀ ਫ਼ੌਜ ਦੀ ਮੈਡੀਕਲ ਯੂਨਿਟ ਦੇ ਕੁਝ ਸਿੱਖ ਜਵਾਨ ਇੱਥੇ ਯੂਨਾਈਟਿਡ ਨੇਸ਼ਨਜ਼ ਭਾਵ ਸੰਯੁਕਤ ਰਾਸ਼ਟਰ ਸੰਘ ਦੇ ਝੰਡੇ ਹੇਠ ‘ਇੰਡੀਅਨ ਫ਼ੀਲਡ ਐਂਬੂਲੈਂਸ’ ਤਹਿਤ ਨਵੰਬਰ 1950 ਤੋਂ ਮਈ 1954 ਤੱਕ ਰਹੇ ਸਨ। ਇਸ ਯੂਨਿਟ ਦੇ ਸੈਨਿਕਾਂ ਨੇ ਇੱਥੇ ਰਹਿ ਕੇ ਉਕਤ ਯੁੱਧ ਵਿੱਚ ਸ਼ਾਮਿਲ ਅਮਰੀਕੀ ਫ਼ੌਜ, ਰੌਕ ਫ਼ੋਰਸਿਜ਼ ਆਫ਼ ਕਾਮਨਵੈਲਥ ਡਿਵੀਜਨ ਅਤੇ ਸਥਾਨਕ ਲੋਕਾਂ ਦੀ ਭਰਪੂਰ ਮਦਦ ਤੇ ਸੇਵਾ ਕੀਤੀ ਸੀ, ਜਿਸ ਕਰਕੇ ਉਨ੍ਹਾਂ ਸਿੱਖ ਜਵਾਨਾਂ ਦੇ ਸਮੂਹ ਨੂੰ ‘ਦਿ ਮੈਰੂਨ ਏਂਜਲਜ਼’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਸੀ।
ਬੜਾ ਹੀ ਦਿਲਚਸਪ ਤੱਥ ਹੈ ਕਿ ਨੌ ਸੌ ਤੋਂ ਵੱਧ ਭਾਰਤੀ ਇੱਥੇ ਬਤੌਰ ਵਿਗਿਆਨੀ ਜਾਂ ਪੋਸਟ ਡਾਕਟਰੇਟ ਰਿਸਰਚ ਸਕਾਲਰਸ਼ਿਪ ਅਧੀਨ ਖੋਜ ਕਾਰਜਾਂ ਹਿਤ ਕੰਮ ਕਰ ਰਹੇ ਹਨ। ਭਾਵੇਂ ਕਿ ਸੰਨ 1970 ਤੋਂ ਬਾਅਦ ਕਈ ਸਾਰੇ ਭਾਰਤੀਆਂ ਨੇ ਦੱਖਣੀ ਕੋਰੀਆ ਦਾ ਰੁਖ਼ ਕੀਤਾ ਸੀ, ਪਰ ਸੰਨ 2014 ਵਿੱਚ ਇੱਥੋਂ ਦੀ ਸਰਕਾਰ ਨੇ ‘ਇੰਡਸਟਰੀਅਲ ਐਂਡ ਇੰਪਲਾਏਮੈਂਟ ਪਰਮਿਟ ਸਕੀਮ’ ਜਾਰੀ ਕੀਤੀ ਸੀ ਤੇ ਭਾਰਤ ਸਮੇਤ 15 ਮੁਲਕਾਂ ਦੇ ਨਾਗਰਿਕਾਂ ਨੂੰ ਦੱਖਣੀ ਕੋਰੀਆ ਵਿੱਚ ਭਵਨ ਨਿਰਮਾਣ, ਖੇਤੀਬਾੜੀ, ਪਸ਼ੂ ਪਾਲਣ ਅਤੇ ਉਤਪਾਦਨ ਯੂਨਿਟਾਂ ਵਿੱਚ ਬਤੌਰ ਲੇਬਰ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।
ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਦੱਖਣੀ ਕੋਰੀਆ ਵਿੱਚ ਦੂਜੇ ਧਰਮਾਂ ਦੇ ਲੋਕਾਂ ਦੇ ਨਿਵਾਸ ਕਰਨ ਦੇ ਬਾਵਜੂਦ ਸਥਾਨਕ ਨਿਵਾਸੀ ਦੂਜੇ ਧਰਮਾਂ ਬਾਰੇ ਜਾਂ ਉਨ੍ਹਾਂ ਦੇ ਰੀਤੀ-ਰਿਵਾਜਾਂ ਨੂੰ ਜਾਣਨ ਵਿੱਚ ਬਹੁਤੀ ਦਿਲਚਸਪੀ ਨਹੀਂ ਲੈਂਦੇ ਹਨ, ਪਰ ਹੁਣ ਸਮਾਂ ਬੀਤਣ ਨਾਲ ਥੋੜ੍ਹਾ ਫ਼ਰਕ ਕੁਝ ਇਸ ਤਰ੍ਹਾਂ ਪੈਣਾ ਸ਼ੁਰੂ ਹੋ ਗਿਆ ਹੈ ਕਿ ਉਹ ਸਿੱਖਾਂ ਦੇ ਪਛਾਣ ਚਿੰਨ੍ਹਾਂ ਜਿਵੇਂ ਕਿ ਪਗੜੀ ਅਤੇ ਪ੍ਰਕਾਸ਼ ਕੀਤੇ ਦਾਹੜੇ ਨੂੰ ਪਛਾਣਨ ਅਤੇ ਮਾਨਤਾ ਦੇਣ ਲੱਗ ਪਏ ਹਨ। ਸਿੱਟੇ ਵਜੋਂ ਇੱਥੇ ਵੱਸਦੇ ਸਿੱਖ ਪਰਿਵਾਰਾਂ ਨੂੰ ਹੁਣ ਆਸ ਦੀ ਇੱਕ ਨਵੀਂ ਕਿਰਨ ਉੱਗਦੀ ਨਜ਼ਰ ਆਉਣ ਲੱਗ ਪਈ ਹੈ। ਕੋਈ ਵੇਲਾ ਸੀ ਜਦੋਂ ਇੱਥੇ ਰਹਿੰਦੇ ਸਿੱਖਾਂ ਨੂੰ ਸ਼ਨਾਖ਼ਤੀ ਕਾਰਡ ਬਣਵਾਉਣ ਸਮੇਂ ਲਗਾਈ ਜਾਣ ਵਾਲੀ ਫ਼ੋਟੋ ਵਿੱਚ ਪਗੜੀ ਤੇ ਲੰਮੀ ਦਾਹੜੀ ਰੱਖਣ ਦੀ ਇਜਾਜ਼ਤ ਨਹੀਂ ਸੀ, ਪਰ ਹੁਣ ਅਜਿਹੀ ਕੋਈ ਵੀ ਸ਼ਰਤ ਬਾਕੀ ਨਹੀਂ ਹੈ। ਸ. ਦਲਜਿੰਦਰ ਸਿੰਘ ਨੂੰ ਸਿਰ ’ਤੇ ਪਗੜੀ ਤੇ ਸਿੱਖੀ ਦੇ ਹੋਰ ਚਿੰਨ੍ਹ ਜਨਤਕ ਤੌਰ ’ਤੇ ਧਾਰਨ ਕਰਨ ਦਾ ਸ਼ਰਫ਼ ਹਾਸਿਲ ਹੈ। ਉਨ੍ਹਾਂ ਨੂੰ ਦੱਖਣੀ ਕੋਰੀਆ ਦੇ ਸਭ ਤੋਂ ਪਹਿਲੇ ਪ੍ਰਵਾਨਿਤ ਸਿੱਖ ਪਰਿਵਾਰ ਦਾ ਮੈਂਬਰ ਹੋਣ ਦਾ ਸ਼ਰਫ਼ ਹਾਸਿਲ ਹੈ। ਕੋਰੀਆ `ਚ ਸਿੱਖ ਭਾਈਚਾਰੇ ਲਈ ਇਹ ਇੱਕ ਵੱਡੀ ਤਬਦੀਲੀ ਹੈ।
ਆਉਣ ਵਾਲੇ ਸਮੇਂ ਵਿੱਚ ਕੁਝ ਸਿੱਖ ਨੌਜਵਾਨਾਂ ਦੇ ਦੱਖਣੀ ਕੋਰੀਆ ਦੀ ਫ਼ੌਜ ਵਿੱਚ ਭਰਤੀ ਹੋਣ ਦੇ ਵੀ ਆਸਾਰ ਬਣ ਰਹੇ ਹਨ, ਕਿਉਂਕਿ ਕੋਰੀਆ ਦੀ ਫ਼ੌਜ ਭਾਰਤ ਦੇ ਸਿੱਖ ਫ਼ੌਜੀਆਂ ਦੀ ਸੂਰਬੀਰਤਾ ਤੇ ਬਹਾਦਰੀ ਤੋਂ ਵਾਕਿਫ਼ ਹੋ ਚੁੱਕੀ ਹੈ। ਕੋਰੀਅਨ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਤੈਅ ਸਮੇਂ ਵਿੱਚ ਕੋਰੀਆਈ ਸਮਾਜ ਵਿੱਚ ਆਪਣਾ ਬਣਦਾ ਸਥਾਨ ਹਾਸਲ ਕਰਨ ਦੀ ਉਮੀਦ ਕਰ ਰਹੇ ਹਨ।