ਸਿੱਖੋ! ਤੁਹਾਡੀ ਕੰਧ ਪਿੱਛੇ ਹੈ ਨਨਕਾਣਾ ਸਾਹਿਬ: ਰਾਏ ਬਿਲਾਲ ਭੱਟੀ

ਆਮ-ਖਾਸ ਖਬਰਾਂ

*ਸੰਗਤ ਨੂੰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਅਪੀਲ

ਕੁਲਜੀਤ ਦਿਆਲਪੁਰੀ

ਸਿਨਸਿਨੈਟੀ, ਓਹਾਇਓ: ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਰਹੇ ਤਲਵੰਡੀ (ਨਨਕਾਣਾ ਸਾਹਿਬ) ਦੇ ਜਾਗੀਰਦਾਰ ਰਾਏ ਬੁਲਾਰ ਭੱਟੀ ਦੀ 19ਵੀਂ ਪੀੜ੍ਹੀ ਵਿੱਚੋਂ ਰਾਏ ਬਿਲਾਲ ਅਕਰਮ ਭੱਟੀ ਨੇ ‘ਸਿੱਖੋ! ਤੁਹਾਡੀ ਕੰਧ ਪਿੱਛੇ ਹੈ ਨਨਕਾਣਾ ਸਾਹਿਬ’ ਸ਼ਬਦਾਂ ਨਾਲ ਸੰਜੋਈ ਭਾਵੁਕ ਤਕਰੀਰ ਨਾਲ ਸਿੱਖਾਂ ਨੂੰ ਨਨਕਾਣਾ ਸਾਹਿਬ ਆਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਰਾਏ ਬਿਲਾਲ ਅਕਰਮ ਭੱਟੀ ਚਾਰ ਜੂਨ ਤੋਂ 23 ਜੁਲਾਈ ਤੱਕ ਅਮਰੀਕਾ ਦੇ ਦੌਰੇ `ਤੇ ਹਨ, ਜਿਸ ਦੌਰਾਨ ਉਹ ਵੱਖ ਵੱਖ ਗੁਰੂ ਘਰਾਂ ਵਿੱਚ ਜਾ ਕੇ ਸੰਗਤ ਨੂੰ ਨਨਕਾਣਾ ਸਾਹਿਬ ਆਉਣ ਦੀਆਂ ਅਪੀਲਾਂ ਕਰ ਰਹੇ ਹਨ। ਨਿਊ ਯਾਰਕ, ਨਿਊ ਜਰਸੀ, ਕਨੈਕਟੀਕਟ ਤੇ ਓਹਾਇਓ ਦੇ ਗੁਰੂ ਘਰਾਂ ਵਿੱਚ ਜਾਣ ਉਪਰੰਤ ਉਹ ਕੈਲੀਫਰਨੀਆ ਆਦਿ ਸਟੇਟਾਂ ਵਿੱਚ ਵੀ ਜਾਣਗੇ।

ਲੰਘੇ ਐਤਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਸੁਸਾਇਟੀ, ਹੈਮਿਲਟਨ (ਗਰੇਟਰ ਸਿਨਸਿਨੈਟੀ) ਵਿਖੇ ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੇਰਾ ਤਾਅਲੁਕ ਉਸ ਰਾਏ ਭੋਇ ਦੀ ਤਲਵੰਡੀ ਨਾਲ ਹੈ, ਜਿੱਥੇ ਬਾਬੇ ਨਾਨਕ ਦੀ ਖੁਸ਼ਬੂ ਉਥੋਂ ਦੀਆਂ ਫਿਜ਼ਾਵਾਂ ਵਿੱਚ ਆਉਂਦੀ ਹੈ। ਸਿੱਖੀ ਦਾ ਘਰ ਉਥੋਂ ਸ਼ੁਰੂ ਹੋਇਆ, ਜਿਸ ਨੂੰ ਅੱਜ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ। ਜੋ ਪਿਆਰ ਬਾਬੇ ਨਾਨਕ ਨਾਲ ਸਾਡੇ ਵੱਡਿਆਂ ਦਾ ਸੀ, ਉਹ ਹਮੇਸ਼ਾ ਕਾਇਮ ਰਹੇਗਾ। ਜਦੋਂ ਤੱਕ ਇਨਸਾਨੀਅਤ ਰਹੇਗੀ, ਗੁਰੂ ਸਾਹਿਬ ਦਾ ਨਾਂ ਰਹੇਗਾ ਅਤੇ ਸਾਡੇ ਵੱਡਿਆਂ ਦਾ ਨਾਂ ਉਨ੍ਹਾਂ ਨਾਲ ਜੁੜਿਆ ਰਹੇਗਾ।
ਇਤਿਹਾਸ ਦੇ ਹਵਾਲੇ ਨਾਲ ਜਨਾਬ ਭੱਟੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਇੱਕ ਖੱਤਰੀ ਖਾਨਦਾਨ ਵਿੱਚ ਹੋਇਆ ਸੀ, ਪਰ ਮੇਰੇ ਵੱਡੇ ਰਾਏ ਬੁਲਾਰ ਸਾਹਿਬ ਨੂੰ ਪਤਾ ਸੀ ਕਿ ਗੁਰੂ ਨਾਨਕ ਸਾਹਿਬ ਕੋਈ ਆਮ ਸ਼ਖਸ ਨਹੀਂ ਹਨ। ਅੱਜ ਕੱਲ੍ਹ ਅਸੀਂ ਆਪਣੇ ਆਪ ਨੂੰ ਜ਼ਾਤਾਂ ਵਿੱਚ ਵੰਡ ਲਿਆ ਹੈ, ਉਸ ਟਾਈਮ ਜ਼ਾਤਾਂ-ਪਾਤਾਂ ਨਹੀਂ ਸਨ ਵੇਖੀਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਅੱਜ ਜਦੋਂ ਕਿਸੇ ਬੰਦੇ ਦਾ ਪਤਾ ਲਾਉਣਾ ਹੋਵੇ ਤਾਂ ਉਸ ਦੀ ਜ਼ਾਤ ਦੇਖੀ ਜਾਂਦੀ ਹੈ ਜਾਂ ਇਹ ਦੇਖਿਆ ਜਾਂਦਾ ਹੈ ਕਿ ਉਸ ਕੋਲ ਕਿੰਨੀ ਜਾਗੀਰ ਹੈ; ਪਰ ਗੁਰੂ ਨਾਨਕ ਸਾਹਿਬ ਦੇ ਸਮੇਂ ਜਮੀਰ ਵੇਖੀ ਜਾਂਦੀ ਸੀ। ਅੱਜ ਹਾਲਾਤ ਇਹ ਹਨ ਕਿ ਜੇ ਕਿਸੇ ਨੇ ਆਪਣੇ ਭਰਾ ਤੋਂ ਹੀ ਮਰਲਾ ਜ਼ਮੀਨ ਲੈਣੀ ਹੋਵੇ ਤਾਂ ਕਤਲ ਹੋ ਜਾਂਦੇ ਹਨ। ਜਨਾਬ ਭੱਟੀ ਨੇ ਕਿਹਾ ਕਿ ਸਾਡੇ ਬਜ਼ੁਰਗ ਰਾਏ ਬੁਲਾਰ ਜੀ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਸਨ ਕਿ ਉਨ੍ਹਾਂ ਨੇ ਆਪਣੀ ਅੱਧੀ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਕਰ ਦਿੱਤੀ। ਕੁਝ ਲੋਕਾਂ ਨੇ ਰਾਏ ਬੁਲਾਰ ਨੂੰ ਸਮਝਾਇਆ ਕਿ ਇਹ ਤੁਸੀਂ ਕੀ ਕਰ ਰਹੇ ਹੋ? ਤਾਂ ਰਾਏ ਬੁਲਾਰ ਜੀ ਨੇ ਕਿਹਾ ਮੇਰੀ ਤਲਵੰਡੀ ਵੱਸਦੀ ਹੀ ਬਾਬੇ ਨਾਨਕ ਦੇ ਨਾਂ `ਤੇ ਹੈ। ਅੱਜ ਵੀ ਸਾਢੇ ਸੱਤ ਸੌ ਮੁਰੱਬਾ ਗੁਰੂ ਨਾਨਕ ਸਾਹਿਬ ਦੇ ਨਾਂ ਬੋਲਦਾ ਹੈ, ਜਿਸ ਵਿੱਚ ਨਨਕਾਣਾ ਸਾਹਿਬ ਦੇ ਸਾਰੇ ਗੁਰਦੁਆਰੇ ਆਉਂਦੇ ਹਨ ਅਤੇ ਆਸ-ਪਾਸ ਦੇ ਕਈ ਪਿੰਡ ਉਸ ਜ਼ਮੀਨ ਉਤੇ ਵੱਸੇ ਹੋਏ ਸਨ। ਗੁਰੂ ਨਾਨਕ ਦਾ ਸੰਦੇਸ਼- ਨਾਮ ਜਪਣਾ, ਕਿਰਤ ਕਰਨਾ ਤੇ ਵੰਡ ਛਕਣਾ ਸਿਰਫ ਸਿੱਖਾਂ ਵਾਸਤੇ ਨਹੀਂ ਹੈ, ਇਹ ਤਾਂ ਕੁਲ ਇਨਸਾਨੀਅਤ ਲਈ ਹੈ। ਸਾਡਾ ਪਰਿਵਾਰ ਜਿੱਥੇ ਜਿੱਥੇ ਵੀ ਜਾਂਦਾ ਰਿਹਾ ਹੈ ਜਾਂ ਹੁਣ ਵੀ ਜਾਂਦਾ ਹੈ, ਸਿੱਖ ਭਾਈਚਾਰਾ ਸਾਨੂੰ ਬਹੁਤ ਮਾਣ ਦਿੰਦਾ ਹੈ।
ਰਾਏ ਬਿਲਾਲ ਭੱਟੀ ਨੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੀ ਨੌਜਵਾਨ ਪੀੜ੍ਹੀ ਨੂੰ ਨਨਕਾਣਾ ਸਾਹਿਬ ਲੈ ਕੇ ਜ਼ਰੂਰ ਆਉਣ, ਤਾਂ ਜੋ ਉਨ੍ਹਾਂ ਨੂੰ ਬਾਬੇ ਨਾਨਕ, ਸਿੱਖ ਇਤਿਹਾਸ ਅਤੇ ਸਿੱਖ ਵਿਰਾਸਤ ਦਾ ਪਤਾ ਲੱਗੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪੂਰੀ ਦੁਨੀਆਂ ਤੋਂ ਲੋਕ ਆਉਂਦੇ ਹਨ, ਪਰ ਓਹਾਇਓ ਸਟੇਟ ਤੋਂ ਬਹੁਤ ਹੀ ਘੱਟ ਲੋਕ ਆਉਂਦੇ ਹਨ। ਉਨ੍ਹਾਂ ਸੰਗਤਾਂ ਨੂੰ ਆਪਣੇ ਗੁਰਧਾਮਾਂ ਉਤੇ ਜਥੇ ਲੈ ਕੇ ਆਉਣ ਦੀ ਅਪੀਲ ਕੀਤੀ ਅਤੇ ਯਕੀਨ ਦਿਵਾਇਆ ਕਿ ਉਨ੍ਹਾਂ ਦਾ ਉਥੇ ਰਹਿਣ ਦਾ ਉਚੇਚਾ ਬੰਦੋਬਸਤ ਕੀਤਾ ਜਾਂਦਾ ਹੈ। ਉਨ੍ਹਾਂ ਯਾਦ ਕਰਵਾਇਆ ਕਿ 1947 ਦੀ ਵੰਡ ਵੇਲੇ ਜੋ ਗੁਰੂਧਾਮ ਵਿਛੜ ਗਏ ਸਨ, ਅਸੀਂ ਅਰਦਾਸ ਵਿੱਚ ਉਨ੍ਹਾਂ ਦੇ ਦਰਸ਼ਨਾਂ ਦੀ ਤਾਂਘ ਲੋਚਦੇ ਹਾਂ। ਉਨ੍ਹਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਦੇ ਵੀਜ਼ਾ ਵਗੈਰਾ ਲੈਣ ਲਈ ਕਿਸੇ ਵੀ ਪ੍ਰਕਾਰ ਦੀ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਅਫਵਾਹਾਂ ਹੀ ਹਨ ਕਿ ਜਿਸ ਦਾ ਇੱਕ ਵਾਰ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ, ਉਸ ਦਾ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗਦਾ। ਉਨ੍ਹਾਂ ਕਿਹਾ ਜਿਹੜੇ ਇੱਕ ਵਾਰ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਆਏ ਹਨ, ਇਸ ਬਾਰੇ ਉਨ੍ਹਾਂ ਸਿੱਖ ਭਰਾਵਾਂ ਤੋਂ ਜ਼ਰੂਰ ਪੁੱਛੋ। ਉਨ੍ਹਾਂ ਕਿਹਾ ਕਿ ਜਦੋਂ ਵੀ ਸੰਗਤ ਜਥਿਆਂ ਦੇ ਰੂਪ ਵਿੱਚ ਆਉਂਦੀ ਹੈ ਤਾਂ ਨਨਕਾਣਾ ਸਾਹਿਬ ਦੀਆਂ ਰੌਣਕਾਂ ਵਧ ਜਾਂਦੀਆਂ ਹਨ।
ਇਸ ਮੌਕੇ ਸੰਗਤ ਵੱਲੋਂ ਜਨਾਬ ਭੱਟੀ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਜਨਾਬ ਭੱਟੀ ਨੇ ਗੁਰਦੁਆਰਾ ਡੇਅਟਨ ਵਿੱਚ ਵੀ ਸੰਗਤਾਂ ਨਾਲ ਆਪਣੇ ਪਰਿਵਾਰ ਦਾ ਤੁਆਰਫ ਕਰਵਾਉਂਦਿਆਂ ਨਨਕਾਣਾ ਸਾਹਿਬ ਆਉਣ ਦੀ ਅਪੀਲ ਕੀਤੀ। ਉਥੇ ਉਨ੍ਹਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।
‘ਪੰਜਾਬੀ ਪਰਵਾਜ਼’ ਨਾਲ ਗੱਲ ਕਰਦਿਆਂ ਰਾਏ ਬਿਲਾਲ ਭੱਟੀ ਨੇ ਕਿਹਾ ਕਿ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵਿਦੇਸ਼ਾਂ ਤੋਂ ਜਿੰਨੇ ਵੀ ਵਫਦ ਆਉਂਦੇ ਹਨ, ਉਨ੍ਹਾਂ ਦਾ ਸਵਾਗਤ ਕਰ ਕੇ ਅਤੇ ਰਹਿਣ-ਸਹਿਣ ਦਾ ਪ੍ਰਬੰਧ ਕਰ ਕੇ ਸਾਡੇ ਪਰਿਵਾਰ ਨੂੰ ਮਾਣ ਮਹਿਸੂਸ ਹੁੰਦਾ ਹੈ। ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸਰਕਾਰ ਅਤੇ ਸਥਾਨਕ ਭਾਈਚਾਰੇ ਨਾਲ ਮਿਲ ਕੇ ਗੁਰੂ ਨਾਨਕ ਗੁਰਪੁਰਬ ਅਤੇ ਹੋਰ ਪੁਰਬ ਬੜੀ ਸ਼ਰਧਾ ਨਾਲ ਮਨਾਏ ਜਾਣ ਤਾਂ ਜੋ ਸਿੱਖ ਭਾਈਚਾਰੇ ਨਾਲ ਸਾਡੀ ਜੱਦੀ-ਪੁਸ਼ਤੀ ਸਾਂਝ ਬਰਕਰਾਰ ਰਹੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਵਿੱਚੋਂ ਰੱਬੀ ਨੂਰ ਵੇਖਣ ਵਾਲਿਆਂ `ਚੋਂ ਬੇਬੇ ਨਾਨਕੀ ਤੋਂ ਬਾਅਦ ਪਹਿਲੇ ਸ਼ਖਸ ਰਾਏ ਬੁਲਾਰ ਭੱਟੀ ਹੀ ਸਨ, ਤੇ ਸਾਨੂੰ ਇਸ ਪਰਿਵਾਰ ਦੇ ਹੋਣ ਦਾ ਮਾਣ ਹੈ।
——————-
ਰਾਇ ਬੁਲਾਰ ਖ਼ਾਨ
ਤਲਵੰਡੀ (ਨਨਕਾਣਾ ਸਾਹਿਬ) ਦਾ ਜਗੀਰਦਾਰ ਸੀ ਰਾਇ ਬੁਲਾਰ ਖ਼ਾਨ। ਉਂਝ ਇਨ੍ਹਾਂ ਦਾ ਖ਼ਾਨਦਾਰ ਭੱਟੀ ਰਾਜਪੂਤ ਸੀ ਤੇ ਬਾਅਦ ਵਿੱਚ ਇਸਲਾਮ ਕਬੂਲ ਕਰ ਲਿਆ ਸੀ। ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਰਾਇ ਬੁਲਾਰ ਖ਼ਾਨ ਦੇ ਮਾਲ ਮਹਿਕਮੇ ਵਿੱਚ ਅਹਿਲਕਾਰ ਸਨ। ਗੁਰੂ ਜੀ ਦੇ ਰੱਬੀ ਨੂਰ ਦੀ ਤਸਦੀਕ ਕਰਨ ਵਾਲ਼ੇ ਚਾਰ ਇਨਸਾਨ ਦੱਸੇ ਜਾਂਦੇ ਹਨ, ਜਿਨ੍ਹਾਂ ’ਚ ਗੁਰੂ ਜੀ ਦੀ ਭੈਣ ਬੀਬੀ ਨਾਨਕੀ, ਜੋ ਗੁਰੂ ਜੀ ਤੋਂ ਚਾਰ ਸਾਲ ਵੱਡੇ ਸਨ; ਭਾਈ ਮਰਦਾਨਾ ਜੀ, ਜੋ ਗੁਰੂ ਜੀ ਤੋਂ ਦਸ ਸਾਲ ਵੱਡੇ ਸਨ; ਰਾਇ ਬੁਲਾਰ, ਜੋ ਗੁਰੂ ਜੀ ਤੋਂ ਕਰੀਬ ਪੱਚੀ ਸਾਲ ਵੱਡੇ ਸਨ ਅਤੇ ਮਾਈ ਦੌਲਤਾਂ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਦਾਈ ਹੋਣ ਦਾ ਮਾਣ ਹਾਸਲ ਹੋਇਆ। ਰਾਇ ਬੁਲਾਰ ਨੇ ਬਾਲ ਉਮਰ ’ਚ ਗੁਰੂ ਜੀ ਦੇ ਰੱਬੀ ਨੂਰ ਹੋਣ ਦਾ ਤਸਦੀਕ ਕੀਤਾ ਸੀ, ਜਿਸ ਬਾਰੇ ਪਿਤਾ ਮਹਿਤਾ ਕਾਲੂ ਅਸਲੋਂ ਬੇ-ਖ਼ਬਰ ਸਨ।
ਰਾਇ ਬੁਲਾਰ ਨੇ ਗੁਰੂ ਜੀ ਬਾਰੇ ਕਿਹਾ ਸੀ, “ਸਾਨੂੰ ਸਾਫ ਦਿੱਸਦਾ ਹੈ, ਕੱਲ੍ਹ ਨੂੰ ਦੁਨੀਆਂ ਦੀ ਦੌਲਤ ਦਾ ਦਰਿਆ ਇਸ ਬਾਲਕ ਦਿਆਂ ਹੱਥਾਂ ਥਾਣੀਂ ਵਗੇਗਾ।” ਲਗਭਗ 1515 ਈ. ਵਿੱਚ ਰਾਇ ਬੁਲਾਰ ਸਾਹਿਬ ਅੱਲ੍ਹਾ ਨੂੰ ਪਿਆਰੇ ਹੋ ਗਏ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦੀਆਂ ਪੀੜ੍ਹੀਆਂ ਅੱਜ ਵੀ ਲਹਿੰਦੇ ਪੰਜਾਬ ਵਿੱਚ ਰਹਿ ਰਹੀਆਂ ਹਨ।
(ਅਲੀ ਰਾਜਪੁਰਾ ਦੀ ਪੁਸਤਕ ‘ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ’ ਵਿੱਚੋਂ)

Leave a Reply

Your email address will not be published. Required fields are marked *