ਇਨ੍ਹੀਂ ਦਿਨੀਂ ਸਾਰਿਆਂ ਦੀਆਂ ਨਜ਼ਰਾਂ ਮੁੰਬਈ ਉੱਤੇ ਟਿਕੀਆਂ ਹੋਈਆਂ ਸਨ- ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੇ ਵਿਆਹ ਕਾਰਨ। ਸੋਸ਼ਲ ਮੀਡੀਆ ਉੱਤੇ ਭਾਰਤੀ ਸੈਲੀਬ੍ਰਿਟੀਜ਼ ਆਪਣੇ ਪਰਿਵਾਰਾਂ ਨਾਲ ਸੂਹੇ ਰੰਗਾਂ ਦੇ ਕੱਪੜੇ ਅਤੇ ਲਿਸ਼ਕਦੇ ਗਹਿਣੇ ਪਾ ਕੇ ਘੁੰਮਦੇ ਰਹੇ। ਉਨ੍ਹਾਂ ਦੇ ਕੱਪੜਿਆਂ ਦੀ ਕੀਮਤ ਦੀ ਸੋਸ਼ਲ ਮੀਡੀਆ ਉੱਤੇ ਚਰਚਾ ਹੈ। ਦੁਨੀਆਂ ਦੇ ਮਸ਼ਹੂਰ ਗਾਇਕ, ਬਾਲੀਵੁੱਡ ਤੇ ਕ੍ਰਿਕਟ ਦੇ ਸਿਤਾਰੇ ਅਤੇ ਕਾਰੋਬਾਰੀ- ਅਮੀਰ ਵਿਆਹ ਵਿੱਚ ਸ਼ਾਮਲ ਹੋਣ ਕਾਰਨ ਆਪਣੇ-ਆਪ ਨੂੰ ਖਾਸ ਸਮਝ ਰਹੇ ਸਨ।
ਭਾਰਤ ਵਿੱਚ ਵਿਆਹ ਇੱਕ ਪਰਿਵਾਰਕ ਸਮਾਗਮ ਹੁੰਦਾ ਹੈ, ਪਰ ਅੱਜ ਕੱਲ੍ਹ ਤਾਂ ਸਥਿਤੀ ਇਹ ਹੋ ਗਈ ਹੈ ਕਿ ਪਰਿਵਾਰ ਵਾਲੇ ਵਿਆਹ ਨੂੰ ਸਮਾਜ ਵਿੱਚ ਆਪਣੇ ਪੈਸੇ ਅਤੇ ਰੁਤਬੇ ਦੀ ਨੁਮਾਇਸ਼ ਕਰਨ ਲਈ ਵਰਤਦੇ ਹਨ। ਧਰਮ ਕੋਈ ਵੀ ਹੋਵੇ, ਸਾਰੇ ਹੀ ਵਰਗਾਂ ਵਿੱਚ ਵਿਆਹਾਂ ਉੱਤੇ ਵਧ ਚੜ੍ਹ ਕੇ ਖਰਚਾ ਕਰਨ ਦੀ ਦੌੜ ਲੱਗੀ ਰਹਿੰਦੀ ਹੈ। ਉੱਤਰੀ ਭਾਰਤ ਵਿੱਚ ਵਿਆਹ, ਵਿਆਹ ਤੋਂ ਪਹਿਲੀਆਂ ਰਸਮਾਂ ਜਿਵੇਂ ਸੰਗੀਤ ਅਤੇ ਹਲਦੀ ਬਹੁਤ ਲਿਸ਼ਕ-ਪੁਸ਼ਕ ਨਾਲ ਕੀਤੀਆਂ ਜਾਂਦੀਆਂ ਹਨ। ਮੁਸਲਿਮ ਵਿਆਹਾਂ ਵਿੱਚ ਵੀ ਮਹਿੰਦੀ, ਨਿਕਾਹ ਅਤੇ ਵਲੀਮੇ ਦੀਆਂ ਰਸਮਾਂ ਦਾ ਆਪਣਾ ਜਲੌਅ ਹੁੰਦਾ ਹੈ। ਈਸਾਈ ਵਿਆਹਾਂ ਵਿੱਚ ਮੰਗਣੀ, ਵਿਆਹ ਅਤੇ ਦਾਅਵਤਾਂ ਹੁੰਦੀਆਂ ਹਨ। ਸਿੱਖਾਂ ਦੇ ਵਿਆਹਾਂ ਵਿੱਚ ਵੀ ਅਨੰਦ ਕਾਰਜ ਦੀ ਰਸਮ ਮਗਰੋਂ ਤੇ ਪਹਿਲਾਂ ਵੀ ਪਾਰਟੀਆਂ ਉੱਤੇ ਵੱਡੀ ਰਕਮ ਖਰਚੀ ਜਾਂਦੀ ਹੈ।
ਮੀਡੀਆ ਅਨੁਮਾਨਾਂ ਮੁਤਾਬਕ ਅਨੰਤ ਅੰਬਾਨੀ ਦੇ ਵਿਆਹ ਦਾ ਬਜਟ ਹਜ਼ਾਰਾਂ ਕਰੋੜ ਵਿੱਚ ਹੈ। ਭਾਰਤੀ ਸਮਾਜ ਵਿੱਚ ਸਾਰੇ ਵਿਆਹ ਅੰਬਾਨੀ ਦੇ ਵਿਆਹ ਵਰਗੇ ਨਹੀਂ ਹੁੰਦੇ, ਪਰ ਕਰਨਾ ਸਾਰੇ ਚਾਹੁੰਦੇ ਹਨ; ਜਿਵੇਂ ਅਤੇ ਜਿੰਨਾ ਕਿਸੇ ਦੀ ਜੇਬ੍ਹ ਭਾਰ ਝੱਲ ਸਕਦੀ ਹੋਵੇ। ਲੋਕ ਆਪਣੇ ਵਿੱਤ ਤੋਂ ਬਾਹਰ ਜਾ ਕੇ ਕਰਜ਼ਾ ਚੁੱਕੇ ਕੇ ਆਪਣੇ ਧੀਆਂ-ਪੁੱਤਰਾਂ ਦੇ ਵਿਆਹਾਂ ਉੱਤੇ ਖ਼ਰਚ ਕਰਦੇ ਹਨ। ਵਿਆਹਾਂ ਉੱਤੇ ਪੈਸਾ ਵਹਾਉਣ ਨੂੰ ਇੱਕ ਸਮਾਜਿਕ ਪ੍ਰਵਾਨਗੀ ਮਿਲ ਚੁੱਕੀ ਹੈ। ਇਸ ਮਾਮਲੇ ਵਿੱਚ ਭਾਰਤ ਵਿੱਚ ਜਾਤ-ਬਰਾਦਰੀ, ਧਰਮ ਅਤੇ ਸੱਭਿਆਚਾਰ ਦਾ ਕੋਈ ਫਰਕ ਨਜ਼ਰ ਨਹੀਂ ਆਉਂਦਾ। ਲੋਕ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਆਪਣੀ ਤਾਕਤ ਦਾ ਲੋਹਾ ਮੰਨਵਾਉਣ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ।
ਇਨਵੈਸਟਮੈਂਟ ਬੈਂਕਿੰਗ ਅਤੇ ਕੈਪੀਟਲ ਮਾਰਕਿਟ ਨਾਲ ਜੁੜੀ ਫਰਮ ‘ਜੈਫਰੀਜ਼’ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਅਨੁਮਾਨ ਲਾਇਆ ਹੈ ਕਿ ਭਾਰਤ ਵਿੱਚ ਵਿਆਹਾਂ ਦਾ ਅਰਥਚਾਰਾ ਲਗਭਗ 10.7 ਲੱਖ ਕਰੋੜ ਰੁਪਏ ਦਾ ਹੈ। ਵਿਆਹ ਖਾਣੇ ਅਤੇ ਕਰਿਆਨੇ ਨਾਲ ਜੁੜੇ ਕਾਰੋਬਾਰ (56.5 ਲੱਖ ਕਰੋੜ) ਤੋਂ ਬਾਅਦ ਦੂਜਾ ਸਭ ਤੋਂ ਵੱਡਾ ਗਾਹਕ ਬਾਜ਼ਾਰ ਹੈ। ਭਾਰਤ ਦਾ ਵਿਆਹ ਬਾਜ਼ਾਰ ਅਮਰੀਕਾ (5.8 ਲੱਖ ਕਰੋੜ) ਤੋਂ ਲਗਭਗ ਦੁੱਗਣਾ, ਪਰ ਚੀਨ (14 ਲੱਖ ਕਰੋੜ) ਤੋਂ ਘੱਟ ਹੈ। ਸੰਖਿਆ ਦੇ ਹਿਸਾਬ ਨਾਲ ਭਾਰਤ ਵਿੱਚ ਹਰ ਸਾਲ 80 ਲੱਖ ਤੋਂ ਲੈ ਕੇ ਇੱਕ ਕਰੋੜ ਤੱਕ ਵਿਆਹ ਹੁੰਦੇ ਹਨ। ਜਦਕਿ ਚੀਨ ਵਿੱਚ 70 ਤੋਂ 80 ਲੱਖ ਵਿਆਹ ਹਰ ਸਾਲ ਹੁੰਦੇ ਹਨ। ਅਮਰੀਕਾ ਵਿੱਚ 20 ਤੋਂ 35 ਲੱਖ ਵਿਆਹ ਹਰ ਸਾਲ ਹੁੰਦੇ ਹਨ।
ਜੈਫਰੀਜ਼ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਵਿਆਹ ਉੱਤੇ ਔਸਤ 12.5 ਲੱਖ ਖਰਚੇ ਜਾਂਦੇ ਹਨ, ਜਦਕਿ ਮਹਿੰਗੇ ਵਿਆਹਾਂ ਉੱਪਰ ਤਾਂ 20-30 ਲੱਖ ਖਰਚ ਦਿੱਤੇ ਜਾਣੇ ਮਾਮੂਲੀ ਗੱਲ ਹੈ। ਵਿਆਹਾਂ ਉੱਤੇ 12.5 ਲੱਖ ਦਾ ਕੀਤਾ ਜਾਣਾ ਵਾਲਾ ਖਰਚਾ ਭਾਰਤ ਦੀ ਪ੍ਰਤੀ ਕੈਪਿਟਾ ਜੀ.ਡੀ.ਪੀ. ਔਸਤ (2.4 ਲੱਖ) ਤੋਂ ਪੰਜ ਗੁਣਾ ਜ਼ਿਆਦਾ ਹੈ। ਇਹ ਇੱਕ ਔਸਤ ਭਾਰਤੀ ਪਰਿਵਾਰ ਦੀ ਸਾਲਾਨਾ ਆਮਦਨ (4 ਲੱਖ) ਦਾ ਤਿੰਨ ਗੁਣਾ ਹੈ। ਇਸ ਤੋਂ ਵੀ ਅੱਗੇ ਇਹ ਰਕਮ ਭਾਰਤ ਵਿੱਚ ਕਿੰਡਰਗਾਰਟਨ ਤੋਂ ਗਰੈਜੂਏਸ਼ਨ ਤੱਕ ਪੜ੍ਹਾਈ ਉੱਤੇ ਕੀਤੇ ਜਾਣ ਵਾਲੇ ਖਰਚੇ ਤੋਂ ਵੀ ਦੁੱਗਣਾ ਹੈ। ਰਿਪੋਰਟ ਉਪਲਬਧ ਡੇਟਾ ਅਤੇ ਵਿਆਹ ਕੇਂਦਰਾਂ ਦੇ ਅੰਕੜਿਆਂ ਉੱਤੇ ਆਧਾਰਿਤ ਹੈ।
ਲਿਸ਼ਕਦੇ-ਪੁਸ਼ਕਦੇ ਵਿਆਹ ਭਾਰਤ ਦੇ ਨੀਵੀਂ ਆਮਦਨ ਵਾਲੇ ਮੱਧ ਵਰਗ ਉੱਤੇ ਇੱਕ ਅਹਿਮ ਬੋਝ ਪਾਉਂਦੇ ਹਨ। ਜਦੋਂ ਚੇਨੱਈ ਦੀ ਰਹਿਣ ਵਾਲੀ ਕਾਰਥਿਕਾ ਨੇ ਦਸ ਸਾਲ ਪਹਿਲਾਂ 22 ਸਾਲ ਦੀ ਉਮਰ ਵਿੱਚ ਬਹੁਤ ਜ਼ਿਆਦਾ ਖੁੱਲ੍ਹੇ ਖਰਚ ਨਾਲ ਵਿਆਹ ਕੀਤਾ ਤਾਂ ਸਭ ਕੁਝ ਠੀਕ ਸੀ। ਥੋੜ੍ਹੀ ਆਮਦਨ ਵਾਲੇ ਪਰਿਵਾਰ ਹੋਣ ਦੇ ਬਾਵਜੂਦ ਬੈਂਕ ਤੋਂ ਲੋਨ ਲੈ ਕੇ ਵਿਆਹ ਕਰਵਾਇਆ; ਪਰ ਕਰਜ਼ਾ ਮੋੜਨ ਵਿੱਚ ਉਨ੍ਹਾਂ ਦੇ ਮਾਪਿਆਂ ਅਤੇ ਪਤੀ ਨੂੰ ਪੂਰੇ ਦਸ ਸਾਲ ਲੱਗ ਗਏ। 10 ਲੱਖ ਤਾਂ ਸਿਰਫ਼ ਮੈਰਿਜ ਹਾਲ ਅਤੇ ਖਾਣੇ ਉੱਤੇ ਹੀ ਖਰਚ ਦਿੱਤਾ ਗਿਆ ਸੀ। ਇੱਕ ਕਰਜ਼ ਲਾਹੁਣ ਲਈ ਇੱਕ ਹੋਰ ਕਰਜ਼ਾ ਲੈਣਾ ਪਿਆ। ਹੁਣ ਉਨ੍ਹਾਂ ਨੂੰ ਪਛਤਾਵਾ ਹੈ ਕਿ ਉਨ੍ਹਾਂ ਦੀ ਜ਼ਿਆਦਾਤਰ ਜ਼ਿੰਦਗੀ ਕਰਜ਼ਾ ਉਤਾਰਨ ਵਿੱਚ ਹੀ ਬੀਤ ਗਈ ਹੈ।
ਇੱਕ ਪਾਸੇ ਉਹ ਲੋਕ ਹਨ, ਜਿਨ੍ਹਾਂ ਨੇ ਵਿਆਹਾਂ ਲਈ ਕਰਜ਼ ਚੁੱਕੇ ਤੇ ਹੁਣ ਉਸ ਵਿੱਚੋਂ ਨਿਕਲਣ ਲਈ ਸੰਘਰਸ਼ ਕਰ ਰਹੇ ਹਨ ਅਤੇ ਦੂਜੇ ਪਾਸੇ ਉਹ ਲੋਕ ਹਨ, ਜੋ ਆਪਣੀ ਬੱਚਤ ਦਾ ਜ਼ਿਆਦਾਤਰ ਹਿੱਸਾ ਵਿਆਹ ਉੱਤੇ ਖਰਚ ਕਰਨ ਲਈ ਤਿਆਰ ਹਨ। ਸਾਦੀਆਂ ਰਸਮਾਂ ਦਾ ਵੀ ਆਧੁਨੀਕੀਕਰਨ ਹੋ ਗਿਆ ਹੈ, ਭਾਂਤ-ਸੁਭਾਂਤੇ ਭੋਜਨ ਪਰੋਸੇ ਜਾਂਦੇ ਹਨ। ਵਿਆਹ ਵਿੱਚ ਬਹੁਤ ਸਾਰੀ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਹੈਲੀਕੈਮ ਫੋਟੋਗ੍ਰਾਫੀ ਅਤੇ ਮਿਊਜ਼ਿਕ ਬੈਂਡ। ਗਹਿਣੇ ਭਾਰਤੀ ਵਿਆਹਾਂ ਦੀ ਸਭ ਤੋਂ ਮਹਿੰਗੀ ਚੀਜ਼ ਹੈ। ਜੈਫਰੀਜ਼ ਦੀ ਰਿਪੋਰਟ ਮੁਤਾਬਕ ਵੱਡੀ ਰਕਮ ਸਿਰਫ ਗਹਿਣਿਆਂ ਉੱਤੇ ਖ਼ਰਚ ਦਿੱਤੀ ਜਾਂਦੀ ਹੈ। ਆਲੀਸ਼ਾਨ ਵਿਆਹਾਂ ਵਿੱਚ ਹੀਰੇ ਦੇ ਗਹਿਣਿਆਂ ਨੂੰ ਵੀ ਉਨੀਂ ਹੀ ਅਹਿਮੀਅਤ ਦਿੱਤੀ ਜਾਂਦੀ ਹੈ, ਜਿੰਨੀ ਗਰੀਬ ਜਾਂ ਮੱਧ ਵਰਗੀ ਪਰਿਵਾਰਾਂ ਵਿੱਚ ਸੋਨੇ ਦੇ ਗਹਿਣਿਆਂ ਦੀ ਹੁੰਦੀ ਹੈ। ਇਸ ਤੋਂ ਇਲਾਵਾ ਵਿਆਹ ਨਾਲ ਜੁੜੇ ਹੋਰ ਮੌਕੇ, ਕੱਪੜੇ, ਸਜਾਵਟ, 3ਡੀ ਕੈਮਰੇ, ਡੀ.ਜੇ. ਅਤੇ ਫਲੋਰ ਡਾਂਸ ਆਦਿ ਵੀ ਵਿਆਹਾਂ ਦੇ ਖਰਚੇ ਦਾ ਅਹਿਮ ਹਿੱਸਾ ਹਨ। ਮਹਿੰਦੀ ਵਰਗੀਆਂ ਹੋਰ ਰਸਮਾਂ, ਜੋ ਪਹਿਲਾਂ ਘਰ ਵਿੱਚ ਹੀ ਕੀਤੀਆਂ ਜਾਂਦੀਆਂ ਸਨ, ਹੁਣ ਕਿਰਾਏ ਦੇ ਹਾਲਾਂ ਵਿੱਚ ਕੀਤੀਆਂ ਜਾਂਦੀਆਂ ਹਨ। ਕੁਝ ਲੋਕ ਹਨ, ਜੋ ਖਰਚੀਲੇ ਵਿਆਹਾਂ ਨਾਲ ਸਹਿਮਤ ਨਹੀਂ ਹਨ ਅਤੇ ਫਾਲਤੂ ਦੇ ਖਰਚੇ ਨਾ ਕਰਨ ਲਈ ਦ੍ਰਿੜ ਹਨ।
ਉਂਜ ਭਾਰਤ ਵਿੱਚ ਵਿਆਹਾਂ ਦੇ ਸੱਭਿਆਚਾਰਕ ਮਹੱਤਵ ਕਾਰਨ ਭਾਰਤ ਤੋਂ ਬਾਹਰ ਵੀ ਇਸ ਦਾ ਕਾਰੋਬਾਰ ਵਧ-ਫੁੱਲ ਰਿਹਾ ਹੈ। ਰਾਜਸਥਾਨ ਦੇ ਜੈਪੁਰ ਤੇ ਉਦੇਪੁਰ ਅਤੇ ਗੋਆ ਦੇ ਸੁਹਣੇ ਸਮੁੰਦਰੀ ਕਿਨਾਰੇ ਬਾਲੀਵੁੱਡ ਕਲਾਕਾਰਾਂ ਅਤੇ ਅਮੀਰਾਂ ਦੇ ਵਿਆਹ ਸਮਾਗਮਾਂ ਲਈ ਪਹਿਲੀ ਪਸੰਦ ਹਨ। ਬਾਲੀਵੁੱਡ ਵਿੱਚ ਦੱਖਣ ਭਾਰਤੀ ਸੂਬਿਆਂ ਵਿੱਚ ਤਾਮਿਲਨਾਡੂ ਅਤੇ ਕੇਰਲ ਵਿੱਚ ਵਿਆਹ ਕਰਵਾਉਣ ਦਾ ਰੁਝਾਨ ਵੀ ਵਧ ਰਿਹਾ ਹੈ। ਲੋਕ ਪੋਨੀਅਨ ਸੇਲਵਨ ਥੀਮ ਜਾਂ ਬਾਹੂਬਲੀ ਥੀਮ ਦੀ ਮੰਗ ਕਰਦੇ ਹਨ।
ਉਂਜ ਜਦੋਂ ਵੀ ਖਰਚੀਲੇ ਵਿਆਹ ਦੀ ਖ਼ਬਰ ਆਉਂਦੀ ਹੈ ਤਾਂ ਲੋਕ ਰੌਲਾ ਪਾਉਂਦੇ ਹਨ ਕਿ ਸਾਦੇ ਵਿਆਹ ਹੀ ਸਾਡਾ ਸੱਭਿਆਚਾਰ ਹਨ, ਪਰ ਸਮਾਜਿਕ ਦਬਾਅ ਅਤੇ ਗਾਹਕਵਾਦੀ ਸੱਭਿਆਚਾਰ ਕਾਰਨ ਮੱਧ ਵਰਗ ਅਮੀਰਾਂ ਦੇ ਵਿਆਹਾਂ ਦੀ ਚਮਕ-ਦਮਕ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਸਮਾਜ ਵਿੱਚ ਵਿੱਤੀ ਤਣਾਅ ਫੈਲਣ ਦਾ ਇੱਕ ਕਾਰਨ ਖਰਬੂਜੇ ਨੂੰ ਦੇਖ ਕੇ ਖਰਬੂਜੇ ਦੇ ਰੰਗ ਬਦਲਣ ਵਾਂਗ ਰੀਸੋ-ਰੀਸੀ ਵਿਆਹਾਂ ਦੇ ਖਰਚੇ ਵਧਾਉਣਾ ਵੀ ਹੈ।
-ਨੰਦਿਨੀ