ਪਿੰਡ ਵਸਿਆ-8
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ‘ਨਾਮ੍ਹਾ ਫਾਂਸੀ ਵਾਲਾ’ ਦੇ ਪਿੰਡ ਫਤਿਹਗੜ੍ਹ ਬਾਰੇ ਸੰਖੇਪ ਵੇਰਵਾ…
-ਵਿਜੈ ਬੰਬੇਲੀ
ਫੋਨ: +91-9463439075
ਸੈਂਟਰਲ ਜੇਲ੍ਹ ਲਾਹੌਰ ਵਿੱਚੋਂ ਜਨਵਰੀ 1917 ਦੀ ਤਾਰੀਖ 8 ਨੂੰ ਇੱਕ ਖ਼ਤ ਹੁਸ਼ਿਆਰਪੁਰ ਨੂੰ ਘੱਲਿਆ ਗਿਆ, ਇਬਾਰਤ ਸੀ:
“ਲਾਹੌਰ, ਸੈਂਟਰਲ ਜੇਲ੍ਹ 8.1.17 ਨਾਮ੍ਹਾ ਫਾਂਸੀ ਵਾਲਾ
ਭਾਈ ਸਾਹਿਬ ਦੀਵਾਨ ਚੰਦ ਨਮਸਤੇ
ਮੁਝ ਕੋ 5 ਮਾਹ ਹਾਲ ਕਾ ਫਾਂਸੀ ਕਾ ਹੁਕਮ ਹੋ ਗਯਾ ਹੈ-
ਆਪ ਕਿਸੀ ਕਿਸਮ ਕਾ ਫਿਕਰ ਨਾ ਕਰੇ-
ਔਰ ਮੇਰੀ ਜ਼ੋਜਾ ਰੁਕਮਣੀ ਕੋ ਵਰਯਾਮਾ ਕੇ ਹੱਕ ਮੇਂ ਕਰ ਦੇਵੇ-
ਔਰ ਸਭ ਕੋ ਦਰਜਾ-ਬਾ-ਦਰਜਾ ਨਮਸਤੇ ਬੱਚੋਂ ਕੋ ਪਯਾਰ।”
ਕਾਰਡ ਦੇ ਦੂਜੇ ਪਾਸੇ ਸਰਨਾਮਾ ਹੈ:
ਬਾਕਾਮ ਫਤਿਹਗੜ੍ਹ
ਡਾਕਖਾਨਾ… ਜ਼ਿਲ੍ਹਾ ਹੁਸ਼ਿਆਰਪੁਰ
ਪਾਸ ਦੀਵਾਨ ਚੰਦ
ਇਸ ਕਾਰਡ ਉੱਤੇ ਲਾਹੌਰ ਦੇ ਕਿਸੇ ਡਾਕਖਾਨੇ ਦੀ ਧੀਮੀ ਮੋਹਰ ਹੈ, ਜਿਸ ‘ਤੇ ਡਾਕ ਨਿਕਲਣ ਦਾ ਸਮਾਂ ਵੀ ਅੰਕਿਤ ਹੈ: 13-35, ਨਾਲ ਹੀ ਜੇਲ੍ਹ ਸੁਪਰਡੈਂਟ ਦੀ ਸੈਂਸਰ ਦੀ ਮੋਹਰ ਲੱਗੀ ਹੋਈ। ਜੇਲ੍ਹ ਨਿਯਮਾਂ ਅਤੇ ਵੇਲੇ ਦੇ ਹਾਲਾਤ ‘ਚ ਕਿੰਨਾ ਕੁ ਲਿਖਿਆ ਜਾ ਸਕਦਾ ਸੀ, ਇਸ ਖਤ ਵਿੱਚ। ਫਿਰ ਵੀ, ਆਪਣੇ ਆਗੋਸ਼ ਵਿੱਚ ਬੜਾ ਕੁੱਝ ਸਾਂਭੀ ਬੈਠਾ ਹੈ ਇਹ ਤਵਾਰੀਖੀ ਖਤ। ਵਿਲੱਖਣ ਅਤੇ ਚਿਰਭਾਵੀ ਸ਼ਬਦਾਂ ਦੀ ਵਿਆਖਿਆ ਕਰਨ ਲੱਗੋ ਤਾਂ ਸਫ਼ਿਆਂ ਦੇ ਸਫ਼ੇ ਕਾਲੇ ਕੀਤੇ ਜਾ ਸਕਦੇ ਹਨ।
ਹਰਨਾਮ ਨਾਮ ਦੇ ਦੇਸ਼ ਭਗਤ ਕੈਦੀ ਤਾਂ ਹੋਰ ਵੀ ਸਨ, ਇਸ ਜੇਲ੍ਹ ਵਿੱਚ ਪਰ ਚਿੱਠੀ ਉਕਰਨ ਵੇਲੇ ਫਾਂਸੀ ਵਾਲੀ ਕੋਠੀ ਲੱਗਿਆ ਸਿਰਫ ਇੱਕੋ ਹੀ ਸੀ ‘ਨਾਮ੍ਹਾ ਫਾਂਸੀ ਵਾਲਾ’ ਉਰਫ ਹਰਨਾਮ ਚੰਦ ਫਤਿਹਗੜ੍ਹੀਆਂ। ‘ਫਤਿਹਗੜ੍ਹ’ ਹੁਣ ਵਾਲੇ ਵੱਡ ਅਕਾਰੀ ਹੁਸ਼ਿਆਰਪੁਰ ਦੇ ਹੋਰ ਮੁਹੱਲਿਆਂ ਵਾਂਗ ਬਣ ਜਾਣ ਵਾਲਾ ਇੱਕ ਅਦਨਾ ਜਿਹਾ ਮੁਹੱਲਾ। ਕਿੰਨਿਆਂ ਕੁ ਨੂੰ ਪਤਾ ਹੈ ਕਿ ਸਾਡੇ ਗ਼ਦਰੀ ਸ਼ਹੀਦਾਂ ਦਾ ਇਹ ਇੱਕ ਅਜਿਹਾ ਮਾਣਮੱਤਾ ਪਿੰਡ ਹੈ, ਜਿਹੜਾ ਹੁਣ ਸਾਡੇ ਚੇਤਿਆਂ ਵਿੱਚੋਂ, ਸਮੇਂ ਦੇ ਵਹਿਣ ਨੇ, ਦੇਰ ਦਾ ਗੁੰਮ ਕਰ ਦਿੱਤਾ ਹੈ। ਕਦੇ ਸੂਤੈਹਰੀ ਦੇ ਫਤਿਹ ਮੁਹੰਮਦ ਦਾ ਵਾੜਾ ਹੁੰਦਾ ਸੀ ਏਥੇ, ਜਿਹੜਾ ਨੇੜੇ-ਨੇੜੇ ਵਸਦੇ ਕੁੱਝ ਹੋਰ ਪਿੰਡਾਂ ਦੀ ਬਦੌਲਤ ਤਿੰਨ ਕੁ ਸਦੀਆਂ ਪਹਿਲਾਂ ਖੁਦ ਪਿੰਡ ਬਣ ਗਿਆ। ਸੁਤੰਤਰਤਾ ਸੰਗਰਾਮ ਸਮੇਂ ਆਪਣੇ ਫਰਜ਼ੰਦਾਂ ਕਾਰਨ ਤਿੰਨ ਜਾਤਾਂ ਬਹੁਤ ਚਰਚਿਤ ਹੋਈਆਂ ਸਨ ਇਸਦੀਆਂ। ਉਹ ਸਨ: ਸੈਣੀ, ਘੁਮਿਹਾਰ ਅਤੇ ਪਠਾਣ।
ਹੁਸ਼ਿਆਰਪੁਰ ਸ਼ਹਿਰ ਦੀ ਇੱਕ ਮੁੱਖ ਸੜਕ ਸੂਤੈਹਰੀ ਰੋਡ ਬਹੁਤ ਮਸ਼ਹੂਰ ਹੈ। ਸੈਸ਼ਨ ਚੌਂਕ ਦੇ ਪਿੱਛਿਓਂ ਸ਼ੁਰੂ ਹੋ ਕੇ ਇਹ, ਸਰਕਾਰੀ ਕਾਲਜ ਦਾ ਫਗਵਾੜਾ ਚੌਰਾਹਾ ਟੱਪ, ਪ੍ਰਭਾਤ ਚੌਂਕ ਦੀਆਂ ਬਰੂਹਾਂ ਛੋਹ ਲੈਂਦੀ ਹੈ; ਪਰ ਦੱਖਣ-ਪੱਛੋਂ ਨੂੰ ਇਸ ਸੂਤੈਹਰੀ ਦਾ ਕਿੰਨਾ ਕੁ ਰਕਬਾ ਹੋਵੇਗਾ, ਬਾਰੇ ਪੁਖਤਾ ਸਬੂਤ ਨਹੀਂ ਮਿਲੇ। ਸੂਤੈਹਰੀ ਮੁਸਲਿਮ ਪਠਾਣਾਂ ਦੀ ਸੀ, ਇਨ੍ਹਾਂ ‘ਚੋਂ ਹੀ ਫਤਿਹ ਮੁਹੰਮਦ ਹੋਇਆ ਜਿਸਦਾ ਹੁਣ ਵਾਲੇ ਫਤਿਹਗੜ੍ਹ ਦੀ ਜੂਹ ਵਿੱਚ ਵਾੜਾ ਸੀ। ਸੂਤੈਹਰੀ ਦੇ ਲਫ਼ਜ਼ੀ ਅਰਥ ਹਨ- ਹਿੱਕ ਦੇ ਜ਼ੋਰ ਨਾਲ ਸੱਤ ਵਾਰ ਵਾਹ ਕੇ ਕਬਜ਼ਾ ਕੀਤੀ ਹੋਈ ਭੋਇੰ। ਸਿਤਮ ਵੇਖੋ! ਸਦੀਆਂ ਪੁਰਾਣੀ ਸੂਤੈਹਰੀ ਆਪ ਤਾਂ ਪਿੰਡ ਨਾ ਬਣ ਸਕੀ, ਫਤਿਹ ਮੁਹੰਮਦ ਦਾ ਵਾੜਾ ਬਣ ਗਿਆ। ਪਠਾਣ ਤਾਂ ਹੋਣੇ ਹੀ ਸਨ ਫਤਿਹਗੜ੍ਹ ਵਿੱਚ, ਪਰ ਇਸੇ ਸੂਤੈਹਰੀ ਦੀ ਪੱਛੋ ਦੀ ਬਾਹੀ ਨਾਲ ਖਹਿੰਦੇ ਪ੍ਰੇਮੇ ਸੈਣੀ ਦੇ ਪ੍ਰੇਮ ਗੜ੍ਹ, ਜਿਹੜਾ ਹੁਣ ਹੁਸ਼ਿਆਰਪੁਰ ਦਾ ਗਹਿਗੱਜਵਾਂ ਕੇਂਦਰੀ ਮੁਹੱਲਾ ਹੈ, ਵਿੱਚੋਂ ਇਥੇ ਸੈਣੀ ਵੀ ਆ ਵਸੇ। ਇਹੀ ਨਹੀਂ, ਹੁਸ਼ਿਆਰਪੁਰ ਤੋਂ ਕਿਤੇ ਪਹਿਲਾਂ ਵਸਿਆ ਬਜਵਾੜਾ ਕਸਬਾ, ਲੋਅਰ ਹਿਮਾਚਲ ਦਾ ਦੱਰਾ ਜਿੱਥੋਂ ਅਪਰ ਹਿਮਾਚਲ ਮੰਡੀ-ਲੇਹ ਲਦਾਖ ਅਤੇ ਧੁਰ ਸਮਰਕੰਦ ਤੱਕ ਆਪਣੀਆਂ ਖੱਚਰਾਂ ਨਾਲ ਮਾਲ-ਅਸਬਾਬ ਢੋਣ ਵਾਲੇ, ਦੇ ਘੁਮਿਹਾਰਾਂ ਨੇ ਵੀ ਨੇੜੇ ਪੈਂਦੇ ਇਸੇ ਫਤਿਹਗੜ੍ਹ ਰੈਣ ਵਸੇਰਾ ਕਰ ਲਿਆ। ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਜੰਗ-ਏ-ਆਜ਼ਾਦੀ ਵਿੱਚ ਸੂਹੀ ਤੰਦ ਰੱਖਦੇ ‘ਮੰਡੀ ਸਾਜਿਸ਼ ਕੇਸ ਦੀਆਂ ਪੀਡੀਆਂ ਤੰਦਾਂ ਇਸੇ ਫਤਿਹਗੜ੍ਹ ਦੇ ਘੁਮਿਹਾਰਾਂ ਨਾਲ ਜਕੜਬੰਦ ਹਨ।
ਨਿਰੋਲ ਕਾਮਾ ਜਾਤਾਂ ਵਿੱਚੋਂ ਫਤਿਹਗੜ੍ਹ ਦੇ ਚਾਰ ਗ਼ਦਰੀ ਦੇਸ਼ ਭਗਤ ਸੁਤੰਤਰਤਾ ਤਾਰੀਖ ਵਿੱਚ ਬੜੇ ਉੱਘੇ ਹਨ। ਹਰਨਾਮ ਚੰਦ ਸੈਣੀ ਉਰਫ ‘ਨਾਮਾ ਫਾਂਸੀ ਵਾਲਾ’ ਮਗਰੋਂ ਵਤਨ ਖਾਤਿਰ 1917 ਨੂੰ ਜਿਹੜਾ ਇੱਕ ਹੋਰ ਫਾਂਸੀ ਲੱਗਾ ਉਹ ਸੀ ‘ਫੈਰੂ ਸ਼ਹਿਰ ਸਾਕਾ’ ਵਾਲਾ ਸੁਰਜਨ ਪੁੱਤਰ ਬੂਟਾ ਘੁਮਿਹਾਰ। ਇਸੇ ਪਿੰਡ ਦਾ ਇੱਕ ਹੋਰ ਸੂਰਮਾ ਗ਼ਦਰੀ ਬਾਬੂ ਰਾਮ ਪੁੱਤਰ ਗਾਂਧੀ ਘੁਮਿਹਾਰ ਵੀ ਤੀਜੇ ਲਾਹੌਰ ਸਾਜਿਸ਼ ਕੇਸ ਵਿੱਚ ਗੋਰਿਆਂ ਨੇ ਫਾਹੇ ਟੰਗ ਦਿੱਤਾ ਸੀ। ਇਸੇ ਕੇਸ ਵਿੱਚ ਇੱਥੋਂ ਦੇ ਫਜ਼ਲਦੀਨ ਪੁੱਤਰ ਨੂਰਾ ਪਠਾਣ ਫਤਿਹਗੜ੍ਹ ਨੂੰ ‘ਤਾਅ ਜਾਇਦਾਦ ਜਬਤ’ ਸਮੇਤ ਬਾ-ਮੁਸ਼ੱਕਤ ‘ਉਮਰ ਕੈਦ ਸਖ਼ਤ’ ਹੋਈ। ਲਾ ਤਾਂ ਉਸਨੂੰ ਵੀ ਫਾਹੇ ਦੇਣਾ ਸੀ, ਪਰ ਘੱਟ ਉਮਰ ਆੜੇ ਆ ਗਈ, ਜਿਹੜਾ ਤਾ-ਉਮਰ ਆਪਣੇ ਹਿੰਦੂ ਹਮਸਾਇਆ ਨੂੰ ਝੂਰਦਾ ਰਿਹਾ। ਅਫਸੋਸ! ਸੰਤਾਲੀ ਦੇ ਮਹਾਂ-ਸੰਤਾਪ ਵੇਲੇ; ਉਨ੍ਹਾਂ ਫਿਰਕੂਆਂ ਜਿਨ੍ਹਾਂ ਸੁਤੰਤਰਤਾ ਸੰਗਰਾਮ ‘ਚ ਭੋਰਾ ਹਿੱਸਾ ਨਹੀਂ ਪਾਇਆ, ਨੇ ਉਸ ‘ਦੇਸ਼ਭਗਤ’ ਨੂੰ ਇਹ ਫਤਵਾ ਦਿੰਦਿਆਂ ਪਰਾਈ ਧਰਤ ਨੂੰ ਸਦੀਵੀ ਪ੍ਰਸਥਾਨ ਕਰਨ ਲਈ ਮਜ਼ਬੂਰ ਕਰ ਦਿੱਤਾ, ‘ਅਖੇ! ਉਹ ਤਾਂ ਮੁਸਲਮਾਨ ਹੈ।’