ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਸਾਂਭਣ ਲਈ ਯਤਨਸ਼ੀਲ ਹਨ ਬਹਿਰੀਨ ਦੀਆਂ ਪੰਜਾਬਣਾਂ

ਆਮ-ਖਾਸ

ਭਾਰਤੀਆਂ ਨਾਲ ਬਹਿਰੀਨ ਦਾ ਨਾਤਾ ਤਕਰੀਬਨ ਤਿੰਨ ਕੁ ਹਜ਼ਾਰ ਸਾਲ ਪੁਰਾਣਾ ਹੈ। ਜਦੋਂ ਸੰਨ 1932 ਵਿੱਚ ਇੱਥੇ ਜ਼ਮੀਨਦੋਜ਼ ਤੇਲ ਮਿਲਣ ਦੀ ਜਾਣਕਾਰੀ ਮਿਲੀ ਤਾਂ ਇੱਥੇ ਕੰਮ ਕਰਨ ਲਈ ਮਜ਼ਦੂਰਾਂ ਦੀ ਲੋੜ ਇੱਕ ਦਮ ਵਧ ਗਈ। ਇੱਥੇ ਪੰਜਾਬੀਆਂ ਨੇ ਵੀ ਆਪਣੀ ਛਾਪ ਛੱਡਣ ਅਤੇ ਧਾਕ ਜਮਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਪੰਜਾਬੀ ਬੋਲੀ, ਵਿਰਸੇ ਅਤੇ ਸੱਭਿਆਚਾਰ ਨੂੰ ਤਨ, ਮਨ, ਧਨ ਨਾਲ ਸਮਰਪਿਤ ਔਰਤਾਂ ਦੀ ਇਸ ਟੀਮ ਨੇ ਇੱਥੇ ਪਹਿਲਾ ਪੰਜਾਬੀ ਰਸਾਲਾ ‘ਗੂੰਜ’ ਰਿਲੀਜ਼ ਕਰਨ ਦਾ ਅਤਿ-ਸ਼ਲਾਘਾਯੋਗ ਉਪਰਾਲਾ ਵੀ ਕੀਤਾ ਹੈ। ਪੇਸ਼ ਹੈ, ਬਹਿਰੀਨ ਵਿੱਚ ਪੰਜਾਬੀਆਂ ਬਾਰੇ ਸੰਖੇਪ ਵੇਰਵਾ…

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008

ਅਰਬੀ ਭਾਸ਼ਾ ਦੇ ਲਫ਼ਜ਼ ‘ਬਹਿਰੀਨ’ ਦਾ ਅਰਥ ਹੁੰਦਾ ਹੈ, ‘ਦੋ ਸਮੁੰਦਰ।’ ਇਹ ਪੱਛਮੀ ਏਸ਼ੀਆ ਵਿੱਚ ਸਥਿਤ ਟਾਪੂਆਂ ਤੋਂ ਬਣਿਆ ਇੱਕ ਅਜਿਹਾ ਮੁਲਕ ਹੈ, ਜਿਸ ਵਿੱਚ 50 ਕੁਦਰਤੀ ਟਾਪੂ ਅਤੇ 33 ਬਣਾਉਟੀ ਟਾਪੂ ਸ਼ਾਮਿਲ ਹਨ। ਬਹਿਰੀਨ ਅਸਲ ਵਿੱਚ ਕਤਰ ਅਤੇ ਸਾਊਦੀ ਅਰਬ ਦੇ ਉੱਤਰ-ਪੂਰਬੀ ਸਮੁੰਦਰੀ ਕਿਨਾਰੇ ਦੇ ਵਿਚਕਾਰ ਸਥਿਤ ਹੈ। ਸਾਲ 2023 ਵਿੱਚ ਇਸ ਮੁਲਕ ਦੀ ਆਬਾਦੀ 15,01,635 ਸੀ। ਕੁੱਲ 760 ਵਰਗ ਕਿਲੋਮੀਟਰ ਦੇ ਰਕਬੇ ਵਾਲਾ ਇਹ ਮੁਲਕ ਏਸ਼ੀਆ ਦੇ ਸਭ ਤੋਂ ਛੋਟੇ ਮੁਲਕਾਂ ਵਿੱਚੋਂ ਤੀਜੇ ਨਬੰਰ ’ਤੇ ਹੈ। ਏਸ਼ੀਆ ਵਿੱਚ ਸਥਿਤ ਬਾਕੀ ਦੋ ਛੋਟੇ ਮੁਲਕ ਮਾਲਦੀਵ ਅਤੇ ਸਿੰਗਾਪੁਰ ਹਨ। ਦਿਲਚਸਪ ਗੱਲ ਹੈ ਕਿ ਬਹਿਰੀਨ ਦੀ 53 ਫ਼ੀਸਦੀ ਦੇ ਕਰੀਬ ਆਬਾਦੀ ਅਰਬ ਲੋਕਾਂ ਦੀ ਹੈ, ਜਦੋਂ ਕਿ ਇੱਥੇ 43 ਫ਼ੀਸਦੀ ਦੇ ਕਰੀਬ ਏਸ਼ੀਆਈ ਮੁਲਕਾਂ ਤੋਂ ਆਏ ਲੋਕ ਵੱਸਦੇ ਹਨ। ਇਸਨੂੰ 15 ਅਗਸਤ 1971 ਨੂੰ ਬਰਤਾਨਵੀ ਸ਼ਾਸਨ ਤੋਂ ਆਜ਼ਾਦੀ ਹਾਸਿਲ ਹੋਈ ਸੀ।
ਬਹਿਰੀਨ ਨਾਲ ਭਾਰਤ ਦੇ ਲੋਕਾਂ ਦੇ ਰਿਸ਼ਤਿਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਹੈਰਾਨੀਜਨਕ ਤੱਥ ਜੋ ਸਾਹਮਣੇ ਆਉਂਦੇ ਹਨ। ਦੱਸਦੇ ਹਨ ਕਿ ਭਾਰਤੀਆਂ ਨਾਲ ਇਸ ਮੁਲਕ ਦਾ ਨਾਤਾ ਤਕਰੀਬਨ ਤਿੰਨ ਕੁ ਹਜ਼ਾਰ ਸਾਲ ਪੁਰਾਣਾ ਹੈ। ਇੱਥੋਂ ਦੀ ‘ਦਿਲਮਨ ਸੱਭਿਅਤਾ’ ਦੇ ਲੋਕਾਂ ਦੀ ਦਰਅਸਲ ਸਿੰਧੂ ਘਾਟੀ ਦੀ ਸੱਭਿਅਤਾ ਅਤੇ ਮੈਸੋਪੋਟਾਮੀਆ ਦੀ ਸੱਭਿਅਤਾ ਦੇ ਲੋਕਾਂ ਦਰਮਿਆਨ ਵਪਾਰਕ ਸਬੰਧ ਕਾਇਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਰਹੀ ਸੀ। ਫਿਰ ਵੀ ਤਾਜ਼ਾ ਦਸਤਾਵੇਜ਼ਾਂ ਅਨੁਸਾਰ ਸੰਨ 1925 ਤੱਕ 2500 ਦੇ ਕਰੀਬ ਭਾਰਤੀ ਨਾਗਰਿਕ ਇੱਥੇ ਪੁੱਜ ਚੁੱਕੇ ਸਨ ਤੇ ਉਸ ਕਾਲਖੰਡ ਵਿੱਚ ਪਹਿਲੇ-ਪਹਿਲ ਇੱਥੇ ਪੁੱਜਣ ਵਾਲੇ ਵਧੇਰੇ ਲੋਕ ‘ਬਾਣੀਆ’ ਭਾਵ ਵਪਾਰੀ ਬਿਰਤੀ ਵਾਲੇ ਸਨ; ਪਰ ਜਦੋਂ ਸੰਨ 1932 ਵਿੱਚ ਇੱਥੇ ਜ਼ਮੀਨਦੋਜ਼ ਤੇਲ ਮਿਲਣ ਦੀ ਜਾਣਕਾਰੀ ਮਿਲੀ ਤਾਂ ਇੱਥੇ ਕੰਮ ਕਰਨ ਲਈ ਮਜ਼ਦੂਰਾਂ ਦੀ ਲੋੜ ਇੱਕ ਦਮ ਵਧ ਗਈ। ਹੋਰ ਭਾਰਤੀ ਲੋਕਾਂ ਨੇ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਇਹ ਸੰਖਿਆ ਵਧਦੀ ਗਈ ਤੇ ਅੱਜ ਇੱਥੇ ਵੱਸਣ ਵਾਲੇ ਭਾਰਤੀਆਂ ਦੀ ਕੁੱਲ ਗਿਣਤੀ 3,50,000 ਤੋਂ ਵੀ ਵੱਧ ਹੈ। ਇੱਥੇ ਆਉਣ ਵਾਲੇ ਭਾਰਤੀ ਲੋਕ ਵਧੇਰੇ ਕਰਕੇ ਬਤੌਰ ਕਾਰਪੇਂਟਰ, ਨਾਈ, ਵੈਲਡਰ, ਰਾਜ ਮਿਸਤਰੀ, ਅਧਿਆਪਕ, ਡਾਕਟਰ, ਅਕਾਊਂਟੈਂਟ ਅਤੇ ਫ਼ਾਰਮਾਸਿਸਟ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਇੱਥੇ 15,000 ਦੇ ਕਰੀਬ ਭਾਰਤੀ ਲੋਕ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ, ਘਰੇਲੂ ਸੇਵਾਦਾਰਾਂ ਵਜੋਂ ਵੀ ਕੰਮ ਕਰਦੇ ਹਨ।
ਬਹਿਰੀਨ ਵਿੱਚ ਪੰਜਾਬੀਆਂ ਨੇ ਵੀ ਆਪਣੀ ਛਾਪ ਛੱਡਣ ਅਤੇ ਧਾਕ ਜਮਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਜਨਵਰੀ 2015 ਵਿੱਚ ਇੱਥੇ ‘ਪੰਜਾਬੀਜ਼ ਯੂਨਾਈਟਿਡ ਇਨ ਬਹਿਰੀਨ’ ਨਾਮੀਂ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ, ਜਿਸ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਪੰਜਾਬੀਆਂ ਨੂੰ ਇੱਕ ਮੰਚ ’ਤੇ ਇਕੱਤਰ ਕੀਤਾ ਗਿਆ ਸੀ ਤਾਂ ਜੋ ਸਮੂਹ ਪੰਜਾਬੀ ਵੱਖ-ਵੱਖ ਸਮਾਜਿਕ ਤੇ ਸਮਾਜ ਸੇਵੀ ਗਤੀਵਿਧੀਆਂ ਵਿੱਚ ਇਕੱਠਿਆਂ ਭਾਗ ਲੈ ਸਕਣ ਤੇ ਲੋਹੜੀ, ਵਿਸਾਖੀ, ਦੀਵਾਲੀ ਅਤੇ ਹੋਰ ਭਾਰਤੀ ਤਿਉਹਾਰ ਮਿਲ-ਜੁਲ ਕੇ ਮਨਾ ਸਕਣ। ਇਸ ਸੰਸਥਾ ਦੇ ਸੰਸਥਾਪਕ ਸੰਦੀਪ ਚੋਪੜਾ ਹਨ, ਜੋ ਸੰਨ 2010 ਤੋਂ ਬਹਿਰੀਨ ਵਿਖੇ ਰਹਿ ਰਹੇ ਹਨ। ਇਸ ਸੰਸਥਾ ਦੇ ਸ਼ੁਰੂ ਵਿੱਚ ਕੇਵਲ 250 ਮੈਂਬਰ ਸਨ, ਜਦੋਂ ਕਿ ਹੁਣ ਇਹ ਗਿਣਤੀ ਪੰਜ ਗੁਣਾ ਹੋ ਚੁੱਕੀ ਹੈ। ਇਹ ਸੰਸਥਾ ਖ਼ੂਨਦਾਨ ਕੈਂਪ ਲਾ ਕੇ ਲੋੜਵੰਦਾਂ ਲਈ ਖ਼ੂਨ ਇਕੱਤਰ ਕਰਨ ਦਾ ਪੁੰਨ ਦਾ ਕੰਮ ਵੀ ਕਰਦੀ ਹੈ।
ਜ਼ਿਕਰਯੋਗ ਹੈ ਕਿ ਵੱਖ-ਵੱਖ ਮਹੱਤਵਪੂਰਨ ਮੌਕਿਆਂ ’ਤੇ ਇਸ ਸੰਸਥਾ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮਾਂ ਵਿੱਚ ਇੱਥੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਰਾਜਨਾਥ ਸਿੰਘ, ਭਾਰਤੀ ਫ਼ੌਜ ਦੇ ਸਾਬਕਾ ਮੁਖੀ ਤੇ ਸਾਬਕਾ ਕੇਂਦਰੀ ਮੰਤਰੀ ਜਨਰਲ ਵੀ.ਕੇ. ਸਿੰਘ ਅਤੇ ਸਵਰਗੀ ਸੁਸ਼ਮਾ ਸਵਰਾਜ ਸਮੇਤ ਕਈ ਹੋਰ ਵੱਡੇ ਸਿਆਸੀ ਆਗੂ ਸ਼ਿਰਕਤ ਕਰ ਚੁੱਕੇ ਹਨ। ਇਸ ਸੰਸਥਾ ਦੀ ਇੱਕ ਵੱਡੀ ਖ਼ੂਬੀ ਇਹ ਵੀ ਹੈ ਕਿ ਇਸ ਸੰਸਥਾ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਬਹਿਰੀਨ ਵਿਖੇ ਪਹਿਲੀ ਵਾਰ ਆਉਣ ਵਾਲੇ ਭਾਰਤੀਆਂ ਦੀ ਹਰ ਸੰਭਵ ਮਦਦ ਲਈ ਸਦਾ ਤਿਆਰ ਰਹਿੰਦੇ ਹਨ ਤੇ ਉਨ੍ਹਾਂ ਨੂੰ ਇੱਕ ਪਲ ਲਈ ਵੀ ਇੱਥੇ ਇਕੱਲਾ ਜਾਂ ਪ੍ਰੇਸ਼ਾਨ ਨਹੀਂ ਹੋਣ ਦਿੰਦੇ ਹਨ। ਨਵੇਂ ਆਏ ਭਾਰਤੀ ਜਾਂ ਪੰਜਾਬੀ ਦੇ ਸੁੱਖ-ਚੈਨ ਲਈ ਇਸ ਸੰਸਥਾ ਦੇ ਸਮੂਹ ਮੈਂਬਰ ਨਿਸੁਆਰਥ ਭਾਵ ਨਾਲ ਸੇਵਾ ਕਰਦੇ ਹਨ।
ਬਹਿਰੀਨ ਤੋਂ ਪ੍ਰਕਾਸ਼ਿਤ ਹੁੰਦੇ ‘ਦਿ ਡੇਲੀ ਟ੍ਰਿਬਿਊਨ’ ਨਾਮੀਂ ਅਖ਼ਬਾਰ ਵਿੱਚ ਨਾਮਵਰ ਪੱਤਰਕਾਰ ਮਾਹਿਰ ਹਨੀਫ਼ ਵੱਲੋਂ ਛਾਪੀ ਗਈ ਇੱਕ ਰਿਪੋਰਟ ਅਨੁਸਾਰ ਛੇ ਬੇਹੱਦ ਜ਼ਹੀਨ ਅਤੇ ਉੱਦਮੀ ਪੰਜਾਬਣਾਂ ਨੇ ਇੱਥੇ ਵੱਸਦੇ ਪੰਜਾਬੀ ਬੱਚਿਆਂ ਤੇ ਨੌਜਵਾਨਾਂ ਨੂੰ ਪੰਜਾਬੀ ਬੋਲੀ, ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਦੇ ਮਕਸਦ ਨਾਲ ‘ਪੰਜਾਬੀ ਵਿਰਸਾ’ ਸਿਰਲੇਖ ਹੇਠ ਇੱਕ ਵਿਸ਼ੇਸ਼ ਲਹਿਰ ਅਰੰਭ ਕੀਤੀ ਹੈ, ਜੋ ਕਿ ਇਨ੍ਹਾਂ ਸੂਝਵਾਨ ਔਰਤਾਂ ਵੱਲੋਂ ਚੁੱਕਿਆ ਗਿਆ ਇੱਕ ਅਤਿਅੰਤ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ। ਇੱਥੇ ਵੱਸਦੇ ਪੰਜਾਬੀਆਂ ਅੰਦਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰੰਗ ਨੂੰ ਕਾਇਮ ਕਰਨ ਹਿਤ ਯਤਨਸ਼ੀਲ ਇਨ੍ਹਾਂ ਪੰਜਾਬਣਾਂ ਵਿੱਚ ਰਮਨਪ੍ਰੀਤ ਪਰਵੀਨ ਇੱਕ ਮਨੋਵਿਗਿਆਨੀ ਹੋਣ ਦੇ ਨਾਲ-ਨਾਲ ਇੱਕ ਉੱਘੀ ਲੇਖਿਕਾ ਅਤੇ ਨਿਰਦੇਸ਼ਿਕਾ ਵੀ ਹੈ। ਉਕਤ ਲਹਿਰ ਸਿਰਜਣ ਦਾ ਇਹ ਸੁਫ਼ਨਾ ਸਭ ਤੋਂ ਪਹਿਲਾਂ ਰਮਨਪ੍ਰੀਤ ਨੇ ਹੀ ਵੇਖਿਆ ਸੀ ਤੇ ਉਸ ਵੱਲੋਂ ਬਹਿਰੀਨ ਦੀ ਧਰਤੀ ’ਤੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਅੱਜ ਤੋਂ ਸਾਲ ਕੁ ਪਹਿਲਾਂ ਵੇਖੇ ਗਏ ਉਸ ਸੁਫ਼ਨੇ ਨੂੰ ਸਾਕਾਰ ਕਰਨ ਲਈ ਜਿਹੜੇ ਹੋਰ ਹੱਥ ਨਾਲ ਆ ਰਲ਼ੇ ਹਨ, ਉਨ੍ਹਾਂ ਵਿੱਚ ਵਪਾਰਕ ਉੱਦਮੀ ਮਨਦੀਪ ਕੌਰ ਗਿੱਲ, ਦੰਦਾਂ ਦੇ ਰੋਗਾਂ ਦੀ ਮਾਹਿਰ ਡਾ. ਗੁਰਪ੍ਰੀਤ ਕੌਰ, ਬਿਹਤਰੀਨ ਜੀਵਨ ਸ਼ੈਲੀ ਸਿਖਾਉਣ ਦੀ ਉਸਤਾਦ ਡਾ. ਤੇਜਿੰਦਰ ਕੌਰ ਸਰਨਾ, ਅਧਿਆਪਕਾ ਮਨਪ੍ਰੀਤ ਕੌਰ ਰਾਣਾ ਅਤੇ ਇਲੈਟ੍ਰੋਹੋਮਿਓਪੈਥੀ ਮਾਹਿਰ ਹਰਮਿੰਦਰ ਕੌਰ ਗਾਬਾ ਜਿਹੀਆਂ ਨਾਮਵਰ ਸ਼ਖ਼ਸੀਅਤਾਂ ਸ਼ਾਮਿਲ ਹਨ।
ਔਰਤਾਂ ਦੇ ਇਸ ਸਮੂਹ ਨੂੰ ਵੱਖ-ਵੱਖ ਗੁਰਦੁਆਰਾ ਕਮੇਟੀਆਂ ਅਤੇ ਹੋਰ ਪੰਜਾਬੀ ਪਰਿਵਾਰਾਂ ਵੱਲੋਂ ਭਰਪੂਰ ਸਹਿਯੋਗ ਪ੍ਰਦਾਨ ਕੀਤਾ ਜਾ ਰਿਹਾ ਹੈ। ਬੱਚਿਆਂ ਤੇ ਨੌਜਵਾਨਾਂ ਨੂੰ ਪੰਜਾਬੀ ਮਾਂ ਬੋਲੀ, ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਪੰਜਾਬੀ ਵਿਰਸੇ ਦੀ ਮਹਾਨਤਾ ਤੋਂ ਜਾਣੂ ਕਰਵਾਉਣ ਲਈ ਇਹ ਮਹਿਲਾਵਾਂ ਬੜੇ ਹੀ ਯੋਜਨਾਬੱਧ ਢੰਗ ਨਾਲ ਵੱਖ-ਵੱਖ ਸਿਖਾਉਣ ਤਕਨੀਕਾਂ ਦਾ ਸਹਾਰਾ ਲੈ ਰਹੀਆਂ ਹਨ। ਪੰਜਾਬੀ ਬੋਲੀ, ਵਿਰਸੇ ਅਤੇ ਸੱਭਿਆਚਾਰ ਨੂੰ ਤਨ, ਮਨ, ਧਨ ਨਾਲ ਸਮਰਪਿਤ ਔਰਤਾਂ ਦੀ ਇਸ ਟੀਮ ਨੇ ਇੱਥੇ ਪਹਿਲਾ ਪੰਜਾਬੀ ਰਸਾਲਾ ‘ਗੂੰਜ’ ਰਿਲੀਜ਼ ਕਰਨ ਦਾ ਅਤਿ-ਸ਼ਲਾਘਾਯੋਗ ਉਪਰਾਲਾ ਵੀ ਕੀਤਾ ਹੈ। ਆਪਣੀਆਂ ਵਰਤਮਾਨ ਅਤੇ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਣ ਲਈ ‘ਪੰਜਾਬੀ ਵਿਰਸਾ’ ਦੀ ਸਮੁੱਚੀ ਟੀਮ ਬੜੀ ਹੀ ਤਨਦੇਹੀ ਨਾਲ ਕੰਮ ਕਰ ਰਹੀ ਹੈ।

Leave a Reply

Your email address will not be published. Required fields are marked *