ਲਹਿੰਦੇ ਪੰਜਾਬ ਦਾ ਉਹ ਘਰ

ਅਧਿਆਤਮਕ ਰੰਗ ਆਮ-ਖਾਸ

ਅਸ਼ਪੁਨੀਤ ਕੌਰ ਸਿੱਧੂ
ਫੋਨ: +91-9988585879
ਕਈ ਸਾਲ ਪਹਿਲਾਂ ਜਦ ਮੈਂ ਅੰਮ੍ਰਿਤਸਰ ਵਿਖੇ ਪੜ੍ਹਦੀ ਸੀ, ਮੈਂ ਆਪਣੀ ਜਮਾਤੀ ਅਤੇ ਉਸਦੇ ਪਰਿਵਾਰ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਅਟਾਰੀ ਸਰਹੱਦ ਨੇੜੇ ਉਨ੍ਹਾਂ ਦੇ ਜੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਗਈ। ਮੇਰੀ ਜਮਾਤਣ ਦੇ ਪਰਿਵਾਰ ਨੇ ਮੈਨੂੰ ਉਨ੍ਹਾਂ ਦੇ ਨਾਲ ਲੱਗਦੇ ਪਿੰਡ ਦਾ ਮੇਲਾ ਵੇਖਣ ’ਤੇ ਜ਼ੋਰ ਦਿੱਤਾ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੇਰਾ ਜੱਦੀ ਪਰਿਵਾਰ ਲਾਹੌਰ ਜ਼ਿਲ੍ਹੇ ਦੇ ਪਿੰਡ ਦਾ ਸੀ।

ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਪਿੰਡ ਸਰਹੱਦ ਦੀ ਵਾੜ ਤੋਂ ਸਿਰਫ਼ ਇੱਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਹ ਜਾਣਕਾਰੀ ਮੇਰੀ ਉਤਸੁਕਤਾ ਵਧਾਉਣ ਲਈ ਕਾਫੀ ਸੀ ਅਤੇ ਮੇਰੇ ਅੰਦਰ ਕਾਹਲ਼ ਪੈਣ ਲੱਗੀ। ਹੁਣ ਮੈਂ ਉਨ੍ਹਾਂ ਦੇ ਸਰਹੱਦੀ ਪਿੰਡ ਪਹੁੰਚਣ ਲਈ ਇੰਤਜ਼ਾਰ ਨਹੀਂ ਕਰ ਸਕਦੀ ਸੀ ਅਤੇ ਅਸੀਂ ਉਨ੍ਹਾਂ ਦੇ ਪਿੰਡ ਨੌਸ਼ਹਿਰਾ ਢਾਲਾ ਲਈ ਰਵਾਨਾ ਹੋ ਗਏ। ਉਥੇ ਪਹੁੰਚਣ `ਤੇ ਮੇਰੀ ਦੋਸਤ ਦੇ ਪਿਤਾ ਨੇ ਮੇਰੀ ਵਾਰਤਾਲਾਪ ਇੱਕ ਬਜ਼ਰੁਗ ਨਾਲ ਕਰਵਾਈ, ਜਿਨ੍ਹਾਂ ਨੇ ਦਾਅਵਾ ਕੀਤਾ ਕਿ ਉਹ 93 ਸਾਲਾਂ ਦੇ ਸਨ। ਜਿਸ ਪਲ ਮੈਂ ਉਸ ਬਜ਼ਰੁਗ ਨੂੰ ਆਪਣੇ ਪੜਦਾਦਾ ਜੀ ਦਾ ਨਾਮ ਦੱਸਿਆ ਤਾਂ ਉਹ ਹੱਸ ਪਿਆ ਅਤੇ ਬੋਲਿਆ, “ਉਹੋ ਤਾਂ ਕੁੱਤੇ ਮਾਰ ਸਰਦਾਰ ਸੀ ਪਢਾਣਾ ਦੇ।” ਬਜ਼ੁਰਗ ਸੱਜਣ ਦੇ ਇਹ ਦੱਸਣ ਤੋਂ ਪਹਿਲਾਂ ਕਿ ਮੇਰੇ ਪੜਦਾਦਾ ਜੀ ਦਾ ਇਹ ਨਾਮ ਕਿਵੇਂ ਪਿਆ, ਇੱਕ ਅਜੀਬ ਜਿਹੀ ਚੁੱਪ ਛਾ ਗਈ।
ਮੇਰਾ ਸਿਰ ਮਾਣ ਅਤੇ ਫ਼ਕਰ ਨਾਲ ਉੱਚਾ ਹੋ ਗਿਆ, ਜਦ ਗੱਲਾਂ ਅਤੇ ਯਾਦ ਕਰਦੇ ਉਹ ਬਜ਼ੁਰਗ ਨੇ ਦੱਸਿਆ ਕਿ ਮੇਰੇ ਪੜਦਾਦਾ ਜੀ ਦਾ ਅਸਲੀ ਨਾਮ ਮੇਵਾ ਸਿੰਘ, ਜੋ ਇੱਕ ਇਮਾਨਦਾਰ ਅਤੇ ਸਖ਼ਤ ਪੁਲਿਸ ਅਫਸਰ ਸਨ। ਵਾਰਤਾਲਾਪ ਨੂੰ ਅੱਗੇ ਵਧਾਉਂਦੇ ਬਜ਼ੁਰਗ ਦੇ ਦੱਸਿਆ ਕਿ ਇੱਕ ਵਾਰ ਮੇਵਾ ਸਿੰਘ ਦੀ ਟੀਮ ਨੇ ਇੱਕ ਅਪਰਾਧੀ ਨੂੰ ਫੜ ਲਿਆ ਅਤੇ ਉਸਨੂੰ ਕੁੱਤੇ ਵਾਂਗ ਕੁੱਟਿਆ, ਜਦੋਂ ਤੱਕ ਉਸ ਮੁਜ਼ਰਮ ਨੇ ਇਹ ਸਵੀਕਾਰ ਨਹੀਂ ਕੀਤਾ ਕਿ ਉਸਨੇ ਅਪਰਾਧ ਕੀਤਾ ਹੈ। ਉਦੋਂ ਤੋਂ ਹੀ ਮੇਵਾ ਸਿੰਘ ਨੂੰ ‘ਕੁੱਤੇ ਮਾਰ ਸਰਦਾਰ’ ਕਿਹਾ ਜਾਣ ਲੱਗਾ।
ਉਥੇ ਬੈਠੇ ਇੱਕ ਹੋਰ ਬਜ਼ੁਰਗ ਨੇ ਦੱਸਿਆ ਕਿ ਉਹਦੇ ਸਾਡੇ ਪਰਿਵਾਰ ਨਾਲ ਚੰਗੇ ਸਬੰਧ ਸਨ ਅਤੇ ਖਾਸਾ ਸਮਾਂ ਉਹਨੇ ਇਸ ਰਿਸ਼ਤੇ ਦਾ ਆਨੰਦ ਮਾਣਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਵੰਡ ਤੋਂ ਪਹਿਲਾਂ ਉਹ ਅਕਸਰ ਮੇਰੇ ਜੱਦੀ ਘਰ ਜਾਂਦਾ ਰਹਿੰਦਾ ਸੀ। ਉਸ ਨੇ ਯਾਦ ਕਰਦਿਆਂ ਕਿਹਾ ਕਿ ਪਢਾਣਾ ਘਰ ਖੁੱਲ੍ਹਾ ਡੁੱਲ੍ਹਾ ਹੋਣ ਕਾਰਨ ਗਰਮੀਆਂ ਦਾ ਸਮਾਂ ਸਭ ਤੋਂ ਵਧੀਆ ਬਿਤਾਇਆ ਜਾਂਦਾ ਸੀ। ਉਹ ਘਰ ਤਿੰਨ ਮੰਜ਼ਿਲਾ ਸੀ, ਪਰ 1971 ਦੀ ਭਾਰਤ-ਪਾਕਿ ਜੰਗ ਦੌਰਾਨ ਉਪਰਲੀ ਮੰਜ਼ਿਲ ਨੂੰ ਤਬਾਹ ਕਰ ਦਿੱਤਾ ਗਿਆ ਸੀ। ਪੁਰਾਣੇ ਜ਼ਮਾਨੇ ਵਿੱਚ ਉਸ ਘਰ ਦੀ ਜ਼ਮੀਨੀ ਮੰਜ਼ਿਲ ਦੀ ਵਰਤੋਂ ਸਿਰਫ਼ ਖਾਣ-ਪੀਣ ਅਤੇ ਆਏ-ਗਏ ਲਈ ਕੀਤੀ ਜਾਂਦੀ ਸੀ ਤੇ ਖਾਣਾ ਪਕਾਉਣ ਤੋਂ ਬਾਅਦ ਰਸੋਈਆ ਟਲ ਵਜਾਉਂਦਾ ਸੀ। ਤਿਆਰ-ਬਰ-ਤਿਆਰ ਰਹਿਣ ਵਾਲੇ ਮੇਵਾ ਸਿੰਘ ਦਾ ਖਾਸ ਖਿਆਲ ਰਹਿੰਦਾ ਸੀ ਕਿ ਖਾਣਾ ਨਿਸ਼ਚਿਤ ਸਮੇਂ ‘ਤੇ ਪਰੋਸਿਆ ਜਾਵੇ; ਨਹੀਂ ਤਾਂ ਰਸੋਈਏ ਨੂੰ ਉਨ੍ਹਾਂ ਦੇ ਸਖਤ ਸੁਭਾਅ ਦਾ ਸਾਹਮਣਾ ਕਰਨਾ ਪੈਂਦਾ ਸੀ। ਉਸ ਘਰ ਦੀਆਂ ਪੌੜੀਆਂ ਸੁਰੱਖਿਆ ਕਾਰਨਾਂ ਕਰਕੇ ਗੁੰਝਲਦਾਰ ਢੰਗ ਨਾਲ ਬਣਾਈਆਂ ਗਈਆਂ ਸਨ।
ਭਾਵੁਕ ਹੁੰਦਿਆ ਬਜ਼ੁਰਗ ਸੱਜਣ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਆਪਣਾ ਘਰ ਦੇਖਣਾ ਚਾਹੁੰਦੀ ਹਾਂ? ਤਾਂ ਉਸਨੇ ਨਾਲ਼ ਲੱਗਦੀ ਇਮਾਰਤ ਵੱਲ ਇਸ਼ਾਰਾ ਕਰ ਕੇ ਕਿਹਾ ਕਿ “ਉੱਪਰ ਜਾਉ ਤੇ ਦੇਖੋ, ਬਿਲਕੁਲ ਉਹੀ ਜਿੱਥੇ ਕਾਫੀ ਡਰਖਤ ਲੱਗੇ ਨੇ, ਓਹ ਤੋਹਾਡਾ ਘਰ ਹੈ।” ਜਦ ਹੀ ਬਜ਼ੁਰਗ ਨੇ ਇਹ ਕਿਹਾ, ਮੈਂ ਜਲਦੀ ਨਾਲ ਛੱਤ `ਤੇ ਦੌੜਦੀ ਹਾਂ। ਛੱਤ `ਤੇ ਪਹੁੰਚ ਕੇ ਥੋੜ੍ਹੀ ਦੂਰੀ ‘ਤੇ ਮੈਂ ਇੱਕ ਧੁੰਦਲੀ ਜਿਹੀ ਦੋ ਮੰਜ਼ਿਲਾ ਇਮਾਰਤ ਦੇਖੀ, ਜਿਸ ਦੇ ਆਲੇ-ਦੁਆਲੇ ਬਹੁਤ ਸਾਰੇ ਅਸ਼ੋਕ ਦੇ ਰੁੱਖ ਲੱਗੇ ਹੋਏ ਸਨ। ਮੇਰੀਆਂ ਅੱਖਾਂ ਭਰ ਆਈਆਂ ਅਤੇ ਜੋ ਮੈਂ ਦੇਖ ਰਹੀ ਸੀ, ਉਸ ਨੂੰ ਸਾਂਝਾ ਕਰਨ ਲਈ ਮੈਂ ਆਪਣੇ ਪਿਤਾ ਨੂੰ ਫ਼ੋਨ ਕੀਤਾ। ਜਦੋਂ ਮੈਂ ਮੇਰੇ ਪਿਤਾ ਨੂੰ ‘ਕੁੱਤੇ ਮਾਰ ਸਰਦਾਰ’ ਬਾਰੇ ਪੁੱਛਿਆ ਤਾਂ ਉਨ੍ਹਾਂ ਦੀ ਵੀ ਦੀ ਆਵਾਜ਼ ਲੜਖੜਾ ਗਈ।
ਉਦੋਂ ਮੈਨੂੰ ਅਹਿਸਾਸ ਹੋਇਆ ਕਿ ਕਿਵੇਂ ਇੱਕ ਕਿਲੋਮੀਟਰ ਅਤੇ ਕੰਡਿਆਲੀ ਤਾਰ ਦੀ ਵਾੜ ਨੇ ਵਰਤਮਾਨ ਨੂੰ ਅਤੀਤ ਤੋਂ ਹਮੇਸ਼ਾ ਲਈ ਦੂਰ ਕਰ ਦਿੱਤਾ ਹੈ। ਹੁਣ ਮੇਰੀ ਇੱਕੋ ਇੱਕ ਇੱਛਾ ਹੈ ਕਿ ਇਸ ਜੀਵਨ ਵਿੱਚ ਇੱਕ ਵਾਰ ਚੜ੍ਹਦੇ ਪੰਜਾਬ ਦੇ ਇਸ ਘਰ ਤੋਂ ਦੂਰ ਉਸ ਲਹਿੰਦੇ ਪੰਜਾਬ ਦੇ ਘਰ ਦਾ ਦੌਰਾ ਕਰਾਂ।

Leave a Reply

Your email address will not be published. Required fields are marked *