ਮਲੇਸ਼ੀਆ: ਪੰਜਾਬੀਆਂ ਅਤੇ ਸਿੱਖ ਸੂਰਬੀਰਾਂ ਦੀ ਚੜ੍ਹਤ ਦਾ ਜਲੌਅ

ਆਮ-ਖਾਸ ਗੂੰਜਦਾ ਮੈਦਾਨ

ਮਲੇਸ਼ੀਆ ਦੇ ਇਤਿਹਾਸ ਅਤੇ ਸੱਭਿਆਚਾਰ ’ਤੇ ਡੂੰਘਾ ਪ੍ਰਭਾਵ ਰੱਖਦੇ ਹਨ ਪੰਜਾਬੀ
ਕਈ ਮੁਲਕਾਂ ਵਿੱਚ ਪੰਜਾਬੀ ਆਪਣੀ ਮਰਜ਼ੀ ਜਾਂ ਲੋੜ ਲਈ ਨਹੀਂ ਗਏ ਸਨ, ਸਗੋਂ ਆਪਣੇ ਵਤਨ ਦੀ ਮਿੱਟੀ ਨਾਲ ਮੁਹੱਬਤ ਕਰਨ ਦੇ ਜੁਰਮ ਵਿੱਚ ਬਰਤਾਨਵੀ ਹਾਕਮਾਂ ਨੇ ਇਨ੍ਹਾਂ ਨੂੰ ਜਲਾਵਤਨ ਕਰਕੇ ਜਾਂ ਫਿਰ ਦੂਜੇ ਮੁਲਕਾਂ ਦੀਆਂ ਫ਼ੌਜਾਂ ਨਾਲ ਲੜਾਈ ਲੜਨ ਵਾਸਤੇ ਪਰਾਈ ਧਰਤੀ ’ਤੇ ਭੇਜਿਆ ਸੀ; ਪਰ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਉਚੇਰੇ ਮੁਕਾਮ ਹਾਸਿਲ ਕੀਤੇ ਅਤੇ ਨਿਵੇਕਲੀ ਪਛਾਣ ਕਾਇਮ ਰੱਖਣ ਹਿਤ ਜੱਦੋਜਹਿਦ ਵੀ ਕੀਤੀ। ਇੰਜ ਹੀ ਮਲੇਸ਼ੀਆ ਦੀ ਅਰਥ ਵਿਵਸਥਾ ਤੇ ਸਿਵਲ ਪ੍ਰਸ਼ਾਸਨ ਵਿੱਚ ਸਿੱਖਾਂ ਨੇ ਵੱਡਾ ਯੋਗਦਾਨ ਪਾਇਆ ਹੈ। ਮਲੇਸ਼ੀਆ ਦੇ ਲੋਕ ਸਿੱਖ ਸੈਨਿਕਾਂ ’ਤੇ ਇਸ ਕਦਰ ਭਰੋਸਾ ਕਰਦੇ ਹਨ ਕਿ ਪੀਨਾਂਗ ਦੇ ‘ਖੂ ਕਾਂਗਸੀ’ ਮੰਦਰ ਦੇ ਪ੍ਰਾਥਨਾ ਸਥਲ ਦੇ ਬਾਹਰ ਇੱਕ ਸਿੱਖ ਸੈਨਿਕ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ।

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008

ਭਾਰਤੀ ਅਤੇ ਵਿਦੇਸ਼ੀ ਲੋਕਾਂ ਵਿੱਚ ਪੰਜਾਬੀਆਂ ਬਾਰੇ ਆਮ ਰਾਇ ਹੈ ਕਿ ਇਨ੍ਹਾਂ ਨੇ ਰੋਜ਼ੀ-ਰੋਟੀ ਲਈ ਪਰਵਾਸ ਦਾ ਮਾਰਗ ਚੁਣਿਆ ਹੈ, ਪਰ ਵੱਖ-ਵੱਖ ਮੁਲਕਾਂ ਵਿੱਚ ਗਏ ਪੰਜਾਬੀਆਂ ਬਾਰੇ ਜਦੋਂ ਅਧਿਐਨ ਕਰੀਏ ਤਾਂ ਪਤਾ ਲੱਗਦਾ ਹੈ ਕਿ ਕਈ ਮੁਲਕਾਂ ਵਿੱਚ ਪੰਜਾਬੀ ਆਪਣੀ ਮਰਜ਼ੀ ਜਾਂ ਲੋੜ ਲਈ ਨਹੀਂ ਗਏ ਸਨ, ਸਗੋਂ ਆਪਣੇ ਵਤਨ ਦੀ ਮਿੱਟੀ ਨਾਲ ਮੁਹੱਬਤ ਕਰਨ ਦੇ ਜੁਰਮ ਵਿੱਚ ਬਰਤਾਨਵੀ ਹਾਕਮਾਂ ਨੇ ਇਨ੍ਹਾਂ ਨੂੰ ਜਲਾਵਤਨ ਕਰਕੇ ਜਾਂ ਫਿਰ ਦੂਜੇ ਮੁਲਕਾਂ ਦੀਆਂ ਫ਼ੌਜਾਂ ਨਾਲ ਲੜਾਈ ਲੜਨ ਵਾਸਤੇ ਪਰਾਈ ਧਰਤੀ ’ਤੇ ਭੇਜਿਆ ਸੀ। ਕੁਝ ਇੱਕ ਪੰਜਾਬੀ ਤਾਂ ਵਾਪਸ ਵਤਨਾਂ ਨੂੰ ਪਰਤ ਆਏ ਸਨ, ਪਰ ਜ਼ਿਆਦਾਤਰ ਉਨ੍ਹਾਂ ਮੁਲਕਾਂ ਵਿੱਚ ਹੀ ਵੱਸ ਗਏ ਅਤੇ ਫਿਰ ਬਾਅਦ ਵਿੱਚ ਉਨ੍ਹਾਂ ਨੇ ਪਿੱਛੇ ਭਾਰਤ ਵਿੱਚ ਰਹਿ ਗਏ ਆਪਣੇ ਪਰਿਵਾਰ ਵੀ ਵਿਦੇਸ਼ਾਂ ਵਿੱਚ ਬੁਲਾ ਲਏ ਤੇ ਉਥੇ ਹੀ ਪੱਕੇ ਤੌਰ ’ਤੇ ਵੱਸ ਗਏ। ਮਲੇਸ਼ੀਆ ਵਿਖੇ ਵੱਸ ਰਹੇ ਪੰਜਾਬੀਆਂ ਦਾ ਇਤਿਹਾਸ ਵੀ ਕੁਝ ਇਸੇ ਤਰ੍ਹਾਂ ਦਾ ਹੀ ਹੈ।
ਮਲੇਸ਼ੀਆ ਵਿੱਚ ਵੱਸਦੇ ਪੰਜਾਬੀਆਂ ਬਾਰੇ ਸਭ ਤੋਂ ਪਹਿਲੀ ਦਿਲਚਸਪ ਗੱਲ ਹੈ ਕਿ ਮਲੇਸ਼ੀਆ ਵਿੱਚ ਜੁਲਾਈ 2024 ਦੇ ਅੰਕੜਿਆਂ ਅਨੁਸਾਰ ਪੰਜਾਬੀਆਂ ਦੀ ਆਬਾਦੀ ਇੱਕ ਲੱਖ ਦੇ ਕਰੀਬ ਹੈ। ਦੱਖਣ-ਪੂਰਬ ਏਸ਼ੀਆ ਅਤੇ ਪੂਰਬੀ ਏਸ਼ੀਆ ਵਿੱਚ ਆਉਂਦੇ ਮੁਲਕਾਂ ਵਿੱਚੋਂ ਪੰਜਾਬੀ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਮਲੇਸ਼ੀਆ ਵਿੱਚ ਵੱਸਦੀ ਹੈ। ਚੇਤੇ ਰਹੇ, ਸੰਨ 1947 ਵੇਲੇ ਇੱਥੇ ਸਿੱਖਾਂ ਦੀ ਆਬਾਦੀ 30 ਹਜ਼ਾਰ ਦੇ ਨੇੜੇ ਸੀ। ਸਿੱਖਾਂ ਨੇ ਮਲੇਸ਼ੀਆ ਦੀ ਅਰਥ ਵਿਵਸਥਾ ਤੇ ਸਿਵਲ ਪ੍ਰਸ਼ਾਸਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਸਿੱਖਿਆ, ਸਿਵਲ ਸੇਵਾਵਾਂ ਅਤੇ ਵਪਾਰ ਆਦਿ ਉਹ ਖੇਤਰ ਹਨ, ਜਿਨ੍ਹਾਂ ਵਿੱਚ ਸਿੱਖਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਸੰਨ 1986 ਵਿੱਚ ਅਰੰਭ ਕੀਤੀ ਤੇ ਸੰਨ 2003 ਵਿੱਚ ਰਜਿਸਟਰਡ ਕੀਤੀ ‘ਪੰਜਾਬੀ ਪਾਰਟੀ ਆੱਫ ਮਲੇਸ਼ੀਆ’ ਨੇ ਮਲੇਸ਼ੀਆ ਦੀ ਸਿਆਸਤ ਵਿੱਚ ਪੰਜਾਬੀਆਂ ਦੇ ਹੱਕਾਂ ਲਈ ਲੜਨ ਖ਼ਾਤਿਰ ਵੱਡੀ ਭੂਮਿਕਾ ਅਦਾ ਕੀਤੀ ਹੈ ਤੇ ਇਸ ਪਾਰਟੀ ਵਿੱਚ ਸਿੱਖਾਂ ਦੀ ਵੱਡੀ ਸ਼ਮੂਲੀਅਤ ਹੈ। ਗੋਬਿੰਦ ਸਿੰਘ ਦਿਓ, ਜਗਦੀਪ ਸਿੰਘ ਦਿਓ, ਕੇ.ਐਸ. ਨਿੱਝਰ, ਬਲਜੀਤ ਸਿੰਘ, ਕਿਰਪਾਲ ਸਿੰਘ, ਕੇਸ਼ਵਿੰਦਰ ਸਿੰਘ, ਰਾਮਕ੍ਰਿਪਾਲ ਸਿੰਘ ਆਦਿ ਨੇ ਇੱਥੇ ਸਿਆਸਤ ਵਿੱਚ ਵੱਡਾ ਨਾਮਣਾ ਖੱਟਿਆ ਹੈ। ਇਸ ਤੋਂ ਇਲਾਵਾ ਮੁਹਿੰਦਰ ਸਿੰਘ ਅਮਰ, ਜਗਜੀਤ ਸਿੰਘ ਚੇਤ, ਅਵਤਾਰ ਸਿੰਘ ਗਿੱਲ, ਰਣਜੀਤ ਸਿੰਘ ਗੁਰਦਿੱਤ, ਸੁਖਵਿੰਦਰਜੀਤ ਸਿੰਘ, ਸੁਰਜੀਤ ਸਿੰਘ, ਮਨਿੰਦਰਜੀਤ ਸਿੰਘ, ਹਮਾਲ ਸਿੰਘ, ਬਲਜੀਤ ਸਿੰਘ, ਗਿਆਨ ਸਿੰਘ, ਸਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਆਦਿ ਸਿੱਖ ਖਿਡਾਰੀਆਂ ਨੇ ਹਾਕੀ ਵਿੱਚ ਸਿੱਖੀ ਦੀ ਸ਼ਾਨ ਨੂੰ ਵਧਾਇਆ ਹੈ। ਇਨ੍ਹਾਂ ਤੋਂ ਇਲਾਵਾ ਵੀਰਨਦੀਪ ਸਿੰਘ, ਸੁਰੇਸ਼ ਸਿੰਘ, ਲਾਲ ਸਿੰਘ, ਮਾਣਿਕ ਸਿੰਘ, ਪਵਨਦੀਪ ਸਿੰਘ ਨੇ ਕ੍ਰਿਕਟ, ਅਨੀਤਾ ਰਾਜ ਕੌਰ ਤੇ ਜਗਦੀਸ਼ ਸਿੰਘ ਨੇ ਬੈਡਮਿੰਟਨ, ਸੈਬੀ ਸਿੰਘ ਤੇ ਸੰਤੋਖ ਸਿੰਘ ਨੇ ਫੁੱਟਬਾਲ ਅਤੇ ਨਵਰਾਜ ਸਿੰਘ ਰੰਧਾਵਾ ਨੇ ਅਥਲੈਟਿਕਸ ਵਿੱਚ ਆਪਣਾ ਨਾਂ ਬਣਾਇਆ ਹੈ। ਸਤਵੰਤ ਸਿੰਘ ਧਾਲੀਵਾਲ ਇੱਥੇ ਨਾਮਵਰ ਜੀਵ ਵਿਗਿਆਨੀ ਹਨ ਤੇ ਬੀ.ਐਸ. ਰਾਜਹੰਸ ਇੱਕ ਉੱਘੇ ਫ਼ਿਲਮ ਨਿਰਦੇਸ਼ਕ ਹਨ। ਕਵਿਤਾ ਸਿੱਧੂ, ਸੰਜਨਾ ਸੂਰੀ ਅਤੇ ਕਿਰਨ ਜੱਸਲ ਦਾ ਮਾਡਲਿੰਗ ਦੀ ਦੁਨੀਆਂ ਵਿੱਚ ਚੰਗਾ ਨਾਂ ਹੈ।
ਜੇ ਪੰਜਾਬੀਆਂ ਦੇ ਮਲੇਸ਼ੀਆ ਵਿੱਚ ਪੁੱਜਣ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਭਾਈ ਨਿਹਾਲ ਸਿੰਘ ਉਰਫ਼ ਭਾਈ ਮਹਾਰਾਜ ਸਿੰਘ ਅਤੇ ਭਾਈ ਖੜਕ ਸਿੰਘ ਉਹ ਪਹਿਲੇ ਪੰਜਾਬੀ ਸਿੱਖ ਸਨ, ਜਿਨ੍ਹਾਂ ਨੂੰ ਸੰਨ 1849 ਦੀਆਂ ਬਰਤਾਨੀਆ ਹਕੂਮਤ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਜਲਾਵਤਨ ਕਰਕੇ ਮਲੇਸ਼ੀਆ ਵਿਖੇ ਲਿਆਂਦਾ ਗਿਆ ਸੀ ਤੇ ਉਸ ਜੇਲ੍ਹ ਵਿੱਚ ਰੱਖਿਆ ਗਿਆ ਸੀ, ਜੋ ਅੱਜ-ਕਲ੍ਹ ਸਿੰਘਾਪੁਰ ਵਿਖੇ ਸਥਿਤ ਹੈ। ਸੰਨ 1865 ਵਿੱਚ ਬਰਤਾਨਵੀ ਸਾਮਰਾਜ ਦੇ ਹਾਕਮਾਂ ਨੇ ਪੰਜਾਬੀਆਂ ਦੀ ਬਹਾਦਰੀ ਤੇ ਦਲੇਰੀ ਦੇ ਮੱਦੇਨਜ਼ਰ ਇਨ੍ਹਾਂ ਨੂੰ ਫ਼ੌਜ ਅਤੇ ਪੁਲਿਸ ਵਿੱਚ ਬਤੌਰ ਸੁਰੱਖਿਆ ਕਰਮੀ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਸੰਨ 1873 ਵਿੱਚ ਸਿੰਘਾਪੁਰ ਵਿਖੇ ਬਣੀ ਜੇਲ੍ਹ ਕਾਲੋਨੀ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਉਥੇ ਅੰਗਰੇਜ਼ ਸਰਕਾਰ ਦੇ ਨਜ਼ਰੀਏ ਤੋਂ ‘ਅਪਰਾਧੀ’ ਗਿਣੇ ਜਾਂਦੇ ਪੰਜਾਬੀ ਸਿੱਖਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਇਨ੍ਹਾਂ ਰਿਹਾਅ ਕੀਤੇ ਪੰਜਾਬੀਆਂ ਵਿੱਚੋਂ ਵਧੇਰੇ ਸਿੰਘਾਪੁਰ ਵਿਖੇ ਹੀ ਵੱਸ ਗਏ ਸਨ ਤੇ ਸੰਨ 1873 ਵਿੱਚ ਹੀ ਬਰਤਾਨਵੀ ਹਾਕਮ, ਪੰਜਾਬੀ ਸਿੱਖਾਂ ਨੂੰ ਬਤੌਰ ਸੁਰੱਖਿਆ ਕਰਮੀ ਭਰਤੀ ਕਰਕੇ ਮਲੇਸ਼ੀਆ ਦੀਆਂ ਧਾਤੂ ਖਾਣਾਂ ਦੀ ਚੀਨੀ ਹਮਲਾਵਰਾਂ ਤੋਂ ਰਾਖੀ ਲਈ ਇੱਥੇ ਲੈ ਆਏ ਸਨ। ਸ਼ੁਰੂ ਵਿੱਚ ਮਲੇਸ਼ੀਆ ਪੁੱਜੇ ਪੰਜਾਬੀਆਂ ਵਿੱਚੋਂ ਮਾਝੇ ਤੋਂ 35 ਫ਼ੀਸਦੀ, ਮਾਲਵੇ ਤੋਂ 35 ਫ਼ੀਸਦੀ ਅਤੇ ਦੁਆਬੇ ਤੋਂ 20 ਫ਼ੀਸਦੀ ਦੇ ਕਰੀਬ ਸਨ। ਕੁਝ ਸਮੇਂ ਬਾਅਦ ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਕੈਨੇਡਾ, ਅਮਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵੱਲ ਨੂੰ ਚਲੇ ਗਏ। ਸੰਨ 1920 ਵਿੱਚ ਪੰਜਾਬ ਤੋਂ ਕੁਝ ਹੋਰ ਪੰਜਾਬੀ ਸਿੱਖ ਮਲੇਸ਼ੀਆ ਆਣ ਪਹੁੰਚੇ। ਉਹ ਆਏ ਤਾਂ ਬਤੌਰ ਸੁਰੱਖਿਆ ਕਰਮੀ ਕੰਮ ਕਰਨ ਸਨ, ਪਰ ਕੰਮ ਨਾ ਮਿਲਣ ਕਰਕੇ ਕਈ ਨੌਜਵਾਨ ਇੱਥੇ ਬਤੌਰ ਡਰਾਈਵਰ, ਪਸ਼ੂ ਪਾਲਕ, ਮਜ਼ਦੂਰ ਅਤੇ ਸੇਵਾਦਾਰ ਕੰਮ ਕਰਨ ਲੱਗ ਪਏ ਸਨ। ਇਨ੍ਹਾਂ ਦੀ ਗਿਣਤੀ ਦਸ ਹਜ਼ਾਰ ਦੇ ਕਰੀਬ ਸੀ ਤੇ ਇਨ੍ਹਾਂ ਵਿੱਚੋਂ ਬਹੁਤੇ ਕੁਆਰੇ ਸਨ। ਸੰਨ 1930 ਤੋਂ 1953 ਤੱਕ ਹੋਰ ਵੱਡੀ ਗਿਣਤੀ ਵਿੱਚ ਪੰਜਾਬੀ ਇੱਥੇ ਆਣ ਪੁੱਜੇ ਸਨ, ਕਿਉਂਕਿ ਸੰਨ 1947 ਵਿੱਚ ਮੁਲਕ ਵੰਡ ਹੋਣ ਕਰਕੇ ਪੰਜਾਬ ਵਿੱਚ ਇਹ ਅਫ਼ਵਾਹ ਫ਼ੈਲ ਗਈ ਸੀ ਕਿ ਪੰਜਾਬੀਆਂ ਦੇ ਮਲੇਸ਼ੀਆ ਜਾਣ ’ਤੇ ਪਾਬੰਦੀ ਲੱਗ ਜਾਵੇਗੀ।
ਪੰਜਾਬੀਆਂ ਦੀ ਇਹ ਖ਼ਾਸੀਅਤ ਹੈ ਕਿ ਇਹ ਆਪਣੇ ਗੁਰੂਆਂ, ਆਪਣੀ ਬੋਲੀ ਅਤੇ ਆਪਣੇ ਸੱਭਿਆਚਾਰ ਨੂੰ ਕਦੇ ਨਹੀਂ ਵਿਸਾਰਦੇ। ਮਲੇਸ਼ੀਆ ਵਿੱਚ ਪੰਜਾਬੀਆਂ ਨੇ ਆਪਣਾ ਇਹ ਗੁਣ ਬਹੁਤ ਪਹਿਲਾਂ ਹੀ ਪ੍ਰਦਰਸ਼ਿਤ ਕਰ ਦਿੱਤਾ ਸੀ। ਇੱਥੇ ਸੰਨ 1873 ਵਿੱਚ ਕਾਰਨਵਾਲਿਸ ਵਿਖੇ ਮਲੇਸ਼ੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰ ਦਿੱਤੀ ਗਈ ਸੀ, ਪਰ ਇਹ ਗੁਰਦੁਆਰਾ ਪੁਲਿਸ ਲਾਈਨਜ਼ ਇਲਾਕੇ ਦੇ ਅੰਦਰ ਸਥਿਤ ਸੀ। ਜਨਤਕ ਖੇਤਰ ਵਿੱਚ ਸਭ ਤੋਂ ਪਹਿਲਾ ਗੁਰਦੁਆਰਾ ਸੰਨ 1903 ਵਿੱਚ ਪੀਨਾਂਗ ਵਿਖੇ ਸਥਾਪਿਤ ਕੀਤਾ ਗਿਆ ਸੀ। ਸੰਨ 1895 ਵਿੱਚ ਹਾਂਗਕਾਂਗ ਤੋਂ ਇੱਥੇ ਪੁੱਜੇ ਲਾਲ ਸਿੰਘ ਨੇ 19 ਮਈ 1895 ਨੂੰ ‘ਸਿੰਘ ਸਭਾ ਪੀਨਾਂਗ’ ਨਾਮਕ ਸੰਗਠਨ ਦੀ ਸ਼ੁਰੂਆਤ ਕੀਤੀ ਸੀ ਤੇ ਇਸ ਸੰਗਠਨ ਦੀ ਪਹਿਲੀ ਹੀ ਸਭਾ ਵਿੱਚ ‘ਖ਼ਾਲਸਾ ਸਮਾਚਾਰ’ ਦੀਆਂ ਪ੍ਰਕਾਸ਼ਨਾਵਾਂ ਪੜ੍ਹੀਆਂ ਗਈਆਂ ਸਨ। ਕੁਝ ਸਮੇਂ ਬਾਅਦ ਇਸ ਸੰਗਠਨ ਨੇ ਇੱਥੇ ਅੰਮ੍ਰਿਤ ਸੰਚਾਰ ਵੀ ਅਰੰਭ ਕੀਤਾ ਸੀ ਤੇ ਇੱਥੇ ਵੱਸਦੇ ਪੰਜਾਬੀ ਨੌਜਵਾਨਾਂ ਨੂੰ ਗੁਰਬਾਣੀ ਨਾਲ ਵੀ ਜੋੜਿਆ ਸੀ। ਸੰਨ 1900 ਆਉਣ ਤੱਕ ਸਿੰਘਾਪੁਰ, ਪੀਨਾਂਗ ਅਤੇ ਤਾਈਪਿੰਗ ਵਿਖੇ ‘ਸਿੰਘ ਸਭਾਵਾਂ’ ਦਾ ਗਠਨ ਹੋ ਚੁੱਕਾ ਸੀ। ਸਿੱਖ ਆਗੂਆਂ ਨੇ ਇੱਕ ਵੱਡਾ ਕਦਮ ਵਧਾਉਂਦਿਆਂ 27 ਦਸੰਬਰ 1903 ਨੂੰ ਮਲੇਸ਼ੀਆ ਵਿਖੇ ‘ਖ਼ਾਲਸਾ ਦੀਵਾਨ’ ਦੀ ਸਥਾਪਨਾ ਕਰ ਦਿੱਤੀ ਸੀ। ‘ਖ਼ਾਲਸਾ ਦੀਵਾਨ’ ਨੇ ਇੱਥੇ ਸਿੱਖਾਂ ਦੀਆਂ ਵਿਦਿਅਕ, ਧਾਰਮਿਕ ਅਤੇ ਸੱਭਿਆਚਾਰਕ ਲੋੜਾਂ ਦੀ ਪੂਰਤੀ ਲਈ ਫੰਡ ਇਕੱਠਾ ਕਰਕੇ ਕਈ ਮਹੱਤਵਪੂਰਨ ਕਾਰਜ ਕੀਤੇ ਸਨ। ਸੰਨ 1903 ਵਿੱਚ ਬਣੇ ‘ਖ਼ਾਲਸਾ ਦੀਵਾਨ’ ਦੇ ਪਹਿਲੇ ਪ੍ਰਧਾਨ ਗੁਰਦਿੱਤ ਸਿੰਘ, ਮੀਤ ਪ੍ਰਧਾਨ ਬਹਾਲ ਸਿੰਘ, ਸਕੱਤਰ ਠਾਕਰ ਸਿੰਘ ਅਤੇ ਖ਼ਜ਼ਾਨਚੀ ਖ਼ਜ਼ਾਨ ਸਿੰਘ ਸਨ। ਪਹਿਲੀ ਜਨਵਰੀ 1928 ਨੂੰ ਮਲੇਸ਼ੀਆ ਦੇ ਤਾਈਪਿੰਗ ਇਲਾਕੇ ਵਿੱਚ ‘ਖ਼ਾਲਸਾ ਸਕੂਲ’ ਦੀ ਸਥਾਪਨਾ ਇੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਕਰ ਦਿੱਤੀ ਗਈ ਸੀ। ਵਰਤਮਾਨ ਸਮੇਂ ਵਿੱਚ ਮਲੇਸ਼ੀਆ ਅੰਦਰ 120 ਤੋਂ 130 ਦੇ ਕਰੀਬ ਗੁਰਦੁਆਰਾ ਸਾਹਿਬ ਮੌਜੂਦ ਹਨ, ਜਿਨ੍ਹਾਂ ਵਿੱਚੋਂ 42 ਗੁਰਦੁਆਰੇ ਤਾਂ ਇਕੱਲੇ ਪਰਾਕ ਨਾਮ ਰਾਜ ਵਿੱਚ ਸਥਿਤ ਹਨ।
ਮਲੇਸ਼ੀਆ ਵਿਖੇ ਵੱਸਦੇ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖਾਂ ਨਾਲ ਜੁੜੀ ਇੱਕ ਬੇਹੱਦ ਦਿਲਚਸਪ ਘਟਨਾ ਦਾ ਇੱਥੇ ਜ਼ਿਕਰ ਕਰਨਾ ਬਣਦਾ ਹੈ। ਹੋਇਆ ਦਰਅਸਲ ਕੁਝ ਇੰਜ ਸੀ ਕਿ ਮਲੇਸ਼ੀਆ ਦੀ ‘ਯੂਨੀਵਰਸਿਟੀ ਆੱਫ਼ ਟੈਕਨਾਲੋਜੀ’ ਨੇ ਸੰਨ 2016 ਵਿੱਚ ਭਾਰਤੀ ਹਿੰਦੂਆਂ ਅਤੇ ਪੰਜਾਬੀ ਸਿੱਖਾਂ ਬਾਰੇ ਕੁਝ ਗੁਮਰਾਹਕੁਨ ਸਮੱਗਰੀ ਪ੍ਰਕਾਸ਼ਿਤ ਕੀਤੀ ਸੀ, ਜਿਸਦੇ ਖ਼ਿਲਾਫ਼ ਮਲੇਸ਼ੀਆ ਵਿਖੇ ਸਥਿਤ ਵੱਖ-ਵੱਖ ਹਿੰਦੂ ਅਤੇ ਸਿੱਖ ਸੰਗਠਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਉਕਤ ਯੂਨੀਵਰਸਿਟੀ ਦੇ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਸੀ। ਜਦੋਂ ਸਮੂਹ ਹਿੰਦੂ ਅਤੇ ਸਿੱਖ ਸੰਗਠਨਾਂ ਨੇ ਮਾਮਲੇ ਦੀ ਸੱਚਾਈ ਤੱਥਾਂ ਦੇ ਆਧਾਰ ’ਤੇ ਸਮਝਾਈ ਤਾਂ ਸਿੱਟੇ ਵਜੋਂ ਮਲੇਸ਼ੀਆ ਦੇ ਸਿਹਤ ਮੰਤਰੀ ਅਤੇ ਸਿੱਖਿਆ ਰਾਜ ਮੰਤਰੀ ਨੇ ਉਕਤ ਯੂਨੀਵਰਸਿਟੀ ਦੇ ਗੁਮਰਾਹਕੁਨ ਪ੍ਰਚਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਸੀ ਤੇ ਸਬੰਧਿਤ ਯੂਨੀਵਰਸਿਟੀ ਤੋਂ ਮੁਆਫ਼ੀ ਮੰਗਵਾ ਕੇ ਮਾਮਲੇ ਨੂੰ ਹੱਲ ਕਰ ਦਿੱਤਾ ਸੀ। ਇਸ ਘਟਨਾ ਨੇ ਵਿਖ਼ਾ ਦਿੱਤਾ ਸੀ ਕਿ ਪੰਜਾਬੀ ਲੋਕ ਆਪਣੇ ਹੱਕਾਂ ਅਤੇ ਆਪਣੀ ਅਜ਼ਮਤ ਦੇ ਲਈ ਜਿੱਥੇ ਅਤੇ ਜਿਸਦੇ ਵਿਰੁੱਧ ਖੜ੍ਹੇ ਹੋ ਜਾਣ, ਉਸਨੂੰ ਝੁਕਾਅ ਕੇ ਤੇ ਹਰਾ ਕੇ ਹੀ ਦਮ ਲੈਂਦੇ ਹਨ; ਫਿਰ ਚਾਹੇ ਉਹ ਘਟਨਾਕ੍ਰਮ ਆਪਣੇ ਮੁਲਕ ਦੀ ਸਰਜ਼ਮੀਨ ’ਤੇ ਵਾਪਰਿਆ ਹੋਵੇ ਤੇ ਚਾਹੇ ਕਿਸੇ ਵਿਦੇਸ਼ੀ ਮੁਲਕ ਦੀ ਧਰਤੀ ’ਤੇ।
ਪੰਜਾਬੀ ਸਿੱਖ ਸੈਨਿਕਾਂ ਤੇ ਸੁਰੱਖਿਆ ਕਰਮੀਆਂ ਦਾ ਮਲੇਸ਼ੀਆ ਵਿੱਚ ਬਹੁਤ ਆਦਰ-ਸਨਮਾਨ ਹੈ ਅਤੇ ਇਸ ਸਨਮਾਨ ਪਿੱਛੇ ਸਿੱਖ ਸੈਨਿਕਾਂ ਦੀ ਈਮਾਨਦਾਰੀ ਤੇ ਵਫ਼ਾਦਾਰੀ ਦਾ ਵੱਡਾ ਹੱਥ ਹੈ। ਜਦੋਂ ਸੰਨ 1870 ਦੇ ਆਸਪਾਸ ਸਿੱਖ ਇੱਥੇ ਬਤੌਰ ਸਿਪਾਹੀ ਜਾਂ ਸੈਨਿਕ ਕੰਮ ਕਰਨ ਲਈ ਪੁੱਜੇ ਸਨ ਤਾਂ ਸੰਨ 1873 ਵਿੱਚ ਕੈਪਟਨ ਟ੍ਰਿਸਟਰੰਮ ਸਪੀਡੀ ਨੇ ਕਈ ਸਿੱਖਾਂ ਨੂੰ ਸੁਰੱਖਿਆ ਕਰਮੀਆਂ ਵਜੋਂ ਭਰਤੀ ਕਰਕੇ ਸਿਖਲਾਈ ਦਿੱਤੀ ਸੀ। ਇਸ ਉਪਰੰਤ ਸੰਨ 1880 ਦੇ ਕਰੀਬ ਸਿੱਖ ਸੈਨਿਕਾਂ ਦੀ ਇੱਕ ਵਿਸ਼ੇਸ਼ ਟੁਕੜੀ ਕਾਇਮ ਕਰਕੇ ਹਾਈਵੇ ’ਤੇ ਲੋਕਾਂ ਨੂੰ ਲੁੱਟਣ ਵਾਲੇ ਲੁਟੇਰਿਆਂ ਤੋਂ ਬਚਾਉਣ ਲਈ ਤਾਇਨਾਤ ਕੀਤੀ ਸੀ। ਸੰਨ 1896 ਵਿੱਚ ਸਿੱਖ ਸੈਨਿਕਾਂ ਦੀ ਇੱਕ ਹੋਰ ਵਿਸ਼ੇਸ਼ ਟੁਕੜੀ ਨੂੰ ਪਰਾਕ ਦੇ ਸੁਲਤਾਨ ਇਦਰੀਸ ਮੁਰਸ਼ਿਦੁਲ ਆਜ਼ਮ ਦੀ ਸੁਰੱਖਿਆ ਲਈ ਤਾਇਨਾਤ ਹੋਣ ਦਾ ਮਾਣ ਬਖ਼ਸ਼ਿਆ ਗਿਆ ਸੀ। ਸੰਨ 1913 ਵਿੱਚ ਵੀ ਸਿੱਖ ਸੈਨਿਕਾਂ ਦਾ ਇਹ ਦਲ ਸੁਲਤਾਨ ਦੀ ਸੁਰੱਖਿਆ ਵਿੱਚ ਹੀ ਤਾਇਨਾਤ ਸੀ। ਸਿੱਖ ਸੈਨਿਕਾਂ ’ਤੇ ਮਲੇਸ਼ੀਆ ਦੇ ਲੋਕ ਇਸ ਕਦਰ ਭਰੋਸਾ ਕਰਦੇ ਹਨ ਕਿ ਪੀਨਾਂਗ ਦੇ ‘ਖੂ ਕਾਂਗਸੀ’ ਮੰਦਰ ਦੇ ਪ੍ਰਾਥਨਾ ਸਥਲ ਦੇ ਬਾਹਰ ਇੱਕ ਸਿੱਖ ਸੈਨਿਕ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਇੱਥੋਂ ਦੇ ਲੋਕ ਮੰਨਦੇ ਹਨ ਕਿ ਇੱਕ ਸਿੱਖ ਸੈਨਿਕ ਦਾ ਇਹ ਬੁੱਤ ਵੀ ਇਸ ਧਰਮ ਅਸਥਾਨ ਦੀ ਰਾਖੀ ਲਈ ਕਾਫੀ ਹੈ। ਇੱਥੇ ਹੀ ਬਸ ਨਹੀਂ, ਮਲੇਸ਼ੀਆ ਅਤੇ ਚੀਨੀ ਲੋਕਾਂ ਦੇ ਕੁਝ ਸਮੂਹ ਆਪਣੇ ਮ੍ਰਿਤਕਾਂ ਦੇ ਸਰੀਰਾਂ ਨਾਲ ਕਾਗ਼ਜ਼ ਦੇ ਬਣੇ ਸਿੱਖ ਸੈਨਿਕਾਂ ਦੇ ਪੁਤਲੇ ਇਸ ਵਿਸ਼ਵਾਸ਼ ਨਾਲ ਸਾੜ੍ਹਦੇ ਹਨ ਕਿ ਇਹ ਪੁਤਲਾਨੁਮਾ ਸਿੱਖ ਵੀ ਉਨ੍ਹਾਂ ਦੇ ਉਸ ਮ੍ਰਿਤਕ ਪਿਆਰੇ ਦੀ ਅਗਲੇ ਜਹਾਨ ਦੀ ਯਾਤਰਾ ਦੌਰਾਨ ਰਾਖੀ ਕਰਨਗੇ। ਮਲੇਸ਼ੀਆ ਵਿੱਚ ਵੱਸਦੇ ਪੰਜਾਬੀਆਂ ਦੀ ਤੇ ਖ਼ਾਸ ਕਰਕੇ ਸਿੱਖ ਸੂਰਬੀਰਾਂ ਦੀ ਚੜ੍ਹਤ ਦੀ ਤਾਂ ਬਾਤ ਹੀ ਨਿਰਾਲੀ ਹੈ।

Leave a Reply

Your email address will not be published. Required fields are marked *