ਵੰਡਾਰੇ ਦੇ ਕਤਲੇਆਮ ਦੀ ਜ਼ਿੰਮੇਵਾਰੀ ਕਿਸ `ਤੇ?

ਅਧਿਆਤਮਕ ਰੰਗ ਆਮ-ਖਾਸ

ਵੰਡ `47 ਦੀ…
ਸੰਤਾਲੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ?
1947 ਦੇ ਮੁਲਕੀ ਵੰਡ-ਵੰਡਾਰੇ ਦੇ ਦੁਖਾਂਤ ਲਈ ਅਸਲ ਕਾਰਨ ਕੀ ਬਣੇ ਜਾਂ ਕਿਸ ਤਰ੍ਹਾਂ ਪ੍ਰਸਥਿਤੀਆਂ ਪੈਦਾ ਹੁੰਦੀਆਂ ਗਈਆਂ; ਜਾਂ ਇਸ ਸਭ ਲਈ ਅਸਲ ਦੋਸ਼ੀ ਕੌਣ ਸਨ? ਬਾਰੇ ਲਿਖਿਆ ਹਥਲਾ ਲੇਖ ਬਹੁਤ ਧਿਆਨ ਮੰਗਦਾ ਹੈ। ‘ਮੁਲਕ ਦੀ ਵੰਡ ਦੇ ਬੀਜ’ ਦੇ ਇਰਦ-ਗਿਰਦ ਜੁੜਦੀਆਂ ਗਈਆਂ ਜਾਂ ਪੈਦਾ ਕੀਤੀਆਂ ਗਈਆਂ ਘਟਨਾਵਾਂ ਦੇ ਪਰਿਪੇਖ ਵਿੱਚ ਵੱਖਰੇ ਕੋਣ ਤੋਂ ਨਜ਼ਰੀਆ ਜਾਹਰ ਕੀਤਾ ਗਿਆ ਹੈ।

ਲੇਖਕ ਦੇ ਵਿਚਾਰਾਂ ਨਾਲ ‘ਪੰਜਾਬੀ ਪਰਵਾਜ਼’ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ, ਪਰ ਇਸ ਮਾਮਲੇ ਬਾਰੇ ਅਸੀਂ ਇਹ ਲੇਖ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰ ਰਹੇ ਹਾਂ, ਜਿਸ ਵਿੱਚ ‘1947 ਦੀ ਵੰਡ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ?’ ਉਤੇ ਵੀ ਚਰਚਾ ਕੀਤੀ ਗਈ ਹੈ। ਪੇਸ਼ ਹੈ, `47 ਦੀ ਵੰਡ ਬਾਬਤ ਲੰਮੇ ਲੇਖ ਦੀ ਪੰਜਵੀਂ ਕਿਸ਼ਤ, ਜਿਸ ਵਿੱਚ ਸਵਾਲ ਹੈ ਕਿ ਵੰਡਾਰੇ ਦੇ ਕਤਲੇਆਮ ਦੀ ਜ਼ਿੰਮੇਵਾਰੀ ਕਿਸ `ਤੇ? ਇਸ ਤੋਂ ਇਲਾਵਾ ‘ਵੱਖਰੇ ਸਿੱਖ ਮੁਲਕ ਦਾ ਮੁੱਦਾ ਕਦੇ ਗੰਭੀਰਤਾ ਨਾਲ ਉਭਰਿਆ ਹੀ ਨਹੀਂ’ ਅਤੇ ‘ਸਿੱਖ ਕਾਂਗਰਸ ਦੀ ਪੈੜ ਵਿੱਚ ਪੈਰ ਧਰਦੇ ਰਹੇ’ ਆਦਿ ਸਮੇਤ ਹੋਰ ਵੇਰਵਾ ਸ਼ਾਮਲ ਹੈ…

ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ: +91-8872664000

ਵੰਡ ਦੀ ਲਕੀਰ ਦਾ ਐਲਾਨ 17 ਅਗਸਤ ਨੂੰ ਹੋਇਆ
ਇਹ ਬੜੀ ਦਿਲਚਸਪ ਗੱਲ ਹੈ ਕਿ ਪਾਕਿਸਤਾਨ 14 ਅਗਸਤ ਨੂੰ ਆਜ਼ਾਦ ਹੋਇਆ ਅਤੇ ਭਾਰਤ 15 ਅਗਸਤ ਨੂੰ, ਪਰ ਪੰਜਾਬ ਦੀ ਵੰਡ ਵਾਲੀ ਲਕੀਰ 17 ਅਗਸਤ ਨੂੰ ਖਿੱਚੀ ਗਈ। ਇਸ ਬਾਰੇ ਸਿਆਸੀ ਆਗੂਆਂ ਨੂੰ ਤਾਂ ਭਾਵੇਂ 16 ਅਗਸਤ ਸ਼ਾਮ ਨੂੰ ਦੱਸ ਦਿੱਤਾ ਗਿਆ ਸੀ, ਪਰ ਇਸਦਾ ਰਸਮੀ ਐਲਾਨ 17 ਅਗਸਤ ਨੂੰ ਕੀਤਾ ਗਿਆ। ਇਸਦੇ ਦੋ ਕਾਰਨ ਸਨ। ਪਹਿਲਾ ਇਹ ਕਿ ਅੰਗਰੇਜ਼ ਸਰਕਾਰ ਇਸ ਗੱਲੋਂ ਡਰਦੀ ਸੀ ਕਿ ਇਹ ਨਾ ਹੋਵੇ ਕਿ ਵੰਡਾਰਾ ਕਮਿਸ਼ਨ ਦੇ ਫੈਸਲੇ ਨੂੰ ਲੈ ਕੇ ਰੌਲਾ ਐਨਾ ਵਧ ਜਾਵੇ ਕਿ ਦੋਹਾਂ ਮੁਲਕਾਂ ਨੂੰ ਆਜ਼ਾਦੀ ਦੇਣ ਦੀ ਧਰੀ-ਧਰਾਈ ਸਕੀਮ ਵਿਚੇ ਰਹਿ ਜਾਵੇ। ਦੂਜਾ ਕਾਰਨ ਇਹ ਸੀ ਕਿ ਕਮਿਸ਼ਨ ਦੇ ਫੈਸਲੇ ਨਾਲ ਦੋਹਾਂ ਧਿਰਾਂ ਦਾ ਮਨ ਖਰਾਬ ਹੋਣਾ ਹੈ, ਜਿਸ ਕਰਕੇ ਇਨ੍ਹਾਂ ਦੇ 14 ਅਤੇ 15 ਅਗਸਤ ਨੂੰ ਹੋਣ ਵਾਲੇ ਆਜ਼ਾਦੀ ਦੇ ਜਸ਼ਨਾਂ ਵਿੱਚ ਕਿਰਕ ਨਾ ਪਵੇ। ਸੋ ਇਵੇਂ ਹੋਇਆ ਭਾਰਤ ਦਾ ਵੰਡਾਰਾ। ਦੇਸ਼ ਦੇ ਆਮ ਲੋਕਾਂ ਨੂੰ ਇਉਂ ਜਾਪਦਾ ਹੈ ਕਿ ਅੰਗਰੇਜ਼ ਇੱਥੋਂ ਜਾਣ ਮੌਕੇ ਚੁੱਪ-ਚਾਪ ਦੇਸ਼ ਦੀ ਵੰਡੀ ਕਰਕੇ ਤੁਰਦੇ ਬਣੇ। ਇਸ ਗੱਲ ਵਿੱਚ ਅੰਗਰੇਜ਼ਾਂ ਦਾ ਪੱਖ ਦੱਸਣ ਵਾਲੀ ਕੋਈ ਧਿਰ ਭਾਰਤ ਵਿੱਚ ਮੌਜੂਦ ਨਾ ਹੋਣ ਕਰਕੇ ਅੰਗਰੇਜ਼ਾਂ ਸਿਰ ਵੰਡ ਦਾ ਦੋਸ਼ ਪੱਕੇ ਪੈਰੀਂ ਹੁੰਦਾ ਗਿਆ।
ਵੰਡਾਰੇ ਦੇ ਕਤਲੇਆਮ ਦੀ ਜ਼ਿੰਮੇਵਾਰੀ ਕਿਸ `ਤੇ?
ਦੋਵੇਂ ਮੁਲਕਾਂ ਦੀ ਆਜ਼ਾਦੀ ਤੋਂ ਬਾਅਦ ਲਗਭਗ ਸਵਾ ਇੱਕ ਕਰੋੜ ਲੋਕ ਬੇਘਰ ਹੋਏ। ਜੀ.ਡੀ. ਖੋਸਲਾ ਆਪਣੀ ਕਿਤਾਬ ‘ਸਟਰਨ ਰੈਕਲਿੰਗ’ ਦੇ ਪੰਨਾ ਨੰ. 299 `ਤੇ ਲਿਖਦੇ ਹਨ ਕਿ ਇਸ ਮੌਕੇ ਲਗਭਗ 5 ਲੱਖ ਲੋਕ ਕਤਲ ਹੋਏ, ਜਿਨ੍ਹਾਂ ਵਿੱਚ ਮੁਸਲਮਾਨਾਂ ਅਤੇ ਹਿੰਦੂ-ਸਿੱਖਾਂ ਦੀ ਗਿਣਤੀ ਲਗਭਗ ਬਰਾਬਰ ਸੀ। ਮਾਈਕਲ ਐਡਵਰਜ਼ ਆਪਣੀ ਕਿਤਾਬ ‘ਲਾਸਟ ਈਅਰਜ਼ ਆਫ਼ ਬ੍ਰਿਟਸ਼ ਇੰਡੀਆ’ ਦੇ ਪੰਨਾ ਨੰ. 233 `ਤੇ 6 ਲੱਖ ਲੋਕਾਂ ਦਾ ਕਤਲੇਆਮ ਹੋਇਆ ਲਿਖਦੇ ਹਨ। ਲੱਖਾਂ ਦੀ ਔਰਤਾਂ ਦੀ ਇੱਜ਼ਤ ਰੁਲੀ। ਇਸਦੀ ਜ਼ਿੰਮੇਵਾਰੀ ਅੱਜ ਤੱਕ ਤੈਅ ਨਹੀਂ ਹੋਈ। ਇਸਨੂੰ ਸਿਰਫ਼ ਦੰਗਾਈਆਂ ਜ਼ੁੰਮੇ ਮੜ੍ਹ ਕੇ ਗੱਲ ਮੁਕਾ ਦਿੱਤੀ ਜਾਂਦੀ ਹੈ। 11 ਮਈ 1947 ਨੂੰ ਵਾਇਸਰਾਏ ਲਾਰਡ ਮਾਊਂਟਬੈਟਨ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਲਾਰਡ ਨੇ ਪੰਜਾਬ ਦੇ ਗਵਰਨਰ ਜੈਨਕਿਨਜ਼ ਤੋਂ ਪੁੱਛਿਆ, “ਕੀ ਇਹ ਵਿਚਾਰਿਆ ਜਾ ਸਕਦਾ ਹੈ ਕਿ ਕਿਸੇ ਵੱਡੇ ਪੱਧਰ `ਤੇ ਆਬਾਦੀ ਦੇ ਤਬਾਦਲੇ ਦੇ ਪ੍ਰਬੰਧ ਦੀ ਆਸ ਕੀਤੀ ਜਾਏ?” ਜੈਨਕਿਨਜ਼ ਨੇ ਉੱਤਰ ਦਿੱਤਾ, “ਉਸ ਦਾ ਵਿਚਾਰ ਹੈ ਨਹੀਂ।” ਉੱਥੇ ਹਾਜ਼ਰ ਪੰਡਿਤ ਨਹਿਰੂ ਚੁੱਪ ਰਹੇ। ਜਦੋਂ ਗਿਆਨੀ ਕਰਤਾਰ ਸਿੰਘ ਨੂੰ ਲਾਰਡ ਮਾਊਂਟਬੈਟਨ ਨੂੰ ਆਬਾਦੀ ਦੇ ਤਬਾਦਲੇ ਦੀ ਮੰਗ ਨੂੰ ਚਿੱਠੀ ਦੇ ਰੂਪ ਵਿੱਚ ਲਿਖ ਕੇ ਦਿੱਤਾ ਤਾਂ ਉਸਨੇ ਉਹ ਚਿੱਠੀ ਪੰਡਿਤ ਨਹਿਰੂ ਅਤੇ ਮਿਸਟਰ ਜਿਨਾਹ ਨੂੰ ਭੇਜ ਦਿੱਤੀ।
ਮਿਸਟਰ ਜਿਨਾਹ ਨੇ ਕੋਈ ਉੱਤਰ ਨਾ ਦਿੱਤਾ, ਪਰ ਪੰਡਿਤ ਨਹਿਰੂ ਨੇ ਬੜਾ ਟਾਲੂ ਜਿਹਾ ਉੱਤਰ ਦਿੰਦਿਆ 7 ਜੁਲਾਈ 1947 ਨੂੰ ਲਿਖਿਆ, ‘ਆਬਾਦੀ ਦੇ ਤਬਾਦਲੇ ਦਾ ਮਸਲਾ ਤੁਰੰਤ ਵਾਲਾ ਨਹੀਂ।’ ਕਿਉਂਕਿ ਸਰਕਾਰ ਵੰਡਾਰੇ ਦੇ ਮਾਮਲੇ ‘ਚ ਦੋ ਪ੍ਰਮੁੱਖ ਧਿਰਾਂ ਕਾਂਗਰਸ ਅਤੇ ਮੁਸਲਿਮ ਲੀਗ ਤੋਂ ਹੀ ਪੁੱਛ ਕੇ ਗੱਲ ਕਰਦੀ ਸੀ। ਜਦੋਂ ਕਿ ਦੋਵੇਂ ਧਿਰਾਂ ਆਬਾਦੀ ਦੇ ਤਬਾਦਲੇ ਤੋਂ ਪੈਦਾ ਹੋਣਾ ਵਾਲੀਆਂ ਸਮੱਸਿਆਵਾਂ ਨੂੰ ਕੋਈ ਤਵੱਜੋ ਨਹੀਂ ਸਨ ਦਿੰਦੀਆਂ। ਇੱਥੇ ਜ਼ਿਕਰਯੋਗ ਹੈ ਕਿ ਜਿਹੜੇ ਕਤਲੇਆਮ ਹੋਏ, ਉਹ ਸਾਰੇ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਆਜ਼ਾਦ ਤੇ ਖੁਦਮੁਖਤਿਆਰ ਸਰਕਾਰਾਂ ਦੇ ਦੌਰ ‘ਚ ਹੋਏ। 15 ਅਗਸਤ 1947 ਤੋਂ ਪਹਿਲਾਂ ਕਿਸੇ ਰੌਲੇ ਰੱਪੇ ਨੂੰ ਕਾਬੂ ਕਰਨ ਖ਼ਾਤਿਰ ਫੌਜ ਨੂੰ ਬਾਕਾਇਦਾ ਤਿਆਰ ਰੱਖਿਆ ਹੋਇਆ ਸੀ। ਵਾਇਸਰਾਏ ਨੇ ਫੌਜਾਂ ਦੇ ਕਮਾਂਡਰ-ਇਨ-ਚੀਫ਼ ਨੂੰ ਇਹ ਤਿਆਰੀ ਕਰਨ ਲਈ 10 ਜੁਲਾਈ 1947 ਨੂੰ ਲਿਖਿਆ। ਚੀਫ਼ ਕਮਾਂਡਰ ਨੇ ਇਸ `ਤੇ ਅਮਲ ਕਰਦਿਆਂ ਹੇਠਲੇ ਕਮਾਂਡਰਾਂ ਨੂੰ ਬਾਕਾਇਦਾ ਨਿਯੁਕਤੀਆਂ ਕਰਕੇ ਉਨ੍ਹਾਂ ਦੇ ਖੇਤਰ ਵੀ ਵੰਡ ਦਿੱਤੇ ਅਤੇ ਇਹ ਵੀ ਕਿਹਾ ਗਿਆ ਕਿ ਉਹ ਵੱਧ ਤੋਂ ਵੱਧ 8 ਅਗਸਤ ਤੱਕ ਇਨ੍ਹਾਂ ਖੇਤਰਾਂ ਵਿੱਚ ਆਪਣੀਆਂ ਫੌਜਾਂ ਤਾਇਨਾਤ ਕਰ ਦੇਣ। ਲਾਹੌਰ, ਅੰਮ੍ਰਿਤਸਰ, ਜਲੰਧਰ ਅਤੇ ਮੁਲਤਾਨ ਵਿੱਚ ਟੈਂਕਾਂ ਅਤੇ ਤੋਪਖਾਨਿਆਂ ਵਾਲੀਆਂ ਭਾਰੀਆਂ ਫੌਜਾਂ ਰੱਖੀਆਂ ਗਈਆਂ। ਫਿਰੋਜ਼ਪੁਰ, ਲੈਲਪੁਰ ਅਤੇ ਹੋਰ ਅਹਿਮ ਸ਼ਹਿਰਾਂ ਵਿੱਚ ਫੌਜਾਂ ਨੂੰ ਤਿਆਰ-ਬਰ-ਤਿਆਰ ਰੱਖਿਆ ਗਿਆ। ਇਨ੍ਹਾਂ ਵਿੱਚ ਤੋਪ ਖਾਨੇ ਦੀਆਂ 6 ਰੈਜਮੈਂਟਾਂ, ਇਨਫੈਨਟਰੀ ਦੀਆਂ 27 ਬਟਾਲੀਅਨ ਤੋਂ ਇਲਾਵਾ ਇੰਜੀਨੀਅਰਿੰਗ ਸਿਗਨਲ, ਮੈਡੀਕਲ, ਟ੍ਰਾਂਸਪੋਰਟ ਅਤੇ ਸਪਲਾਈ ਯੂਨਿਟਾਂ ਸ਼ਾਮਲ ਸਨ। ਗਵਰਨਰ ਪੰਜਾਬ ਨੇ ਅਮਨ ਕਾਇਮ ਰੱਖਣ ਖ਼ਾਤਰ ਇੱਕ ਸੁਰੱਖਿਆ ਕੌਂਸਲ ਕਾਇਮ ਕੀਤੀ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਤਿੰਨੋਂ ਪਾਰਟੀਆਂ ਦੇ ਪ੍ਰਧਾਨ ਨਵਾਬ ਇਫ਼ਤਿਖਾਰ ਹੁਸੈਨ ਮਮਦੋਟ ਮੁਸਲਿਮ ਲੀਗ ਵੱਲੋਂ, ਕਾਂਗਰਸ ਪਾਰਟੀ ਦੇ ਭੀਮ ਸੈਨ ਸੱਚਰ ਅਤੇ ਅਕਾਲੀ ਵਿਧਾਇਕ ਦਲ ਦੇ ਨੇਤਾ ਸਵਰਨ ਸਿੰਘ ਸ਼ਾਮਲ ਸਨ। ਇਸ ਕੌਂਸਲ ਨੇ ਰੋਜ਼ਾਨਾ ਮੀਟਿੰਗ ਕਰਕੇ ਅਮਨ-ਕਾਨੂੰਨ ਦੀ ਹਾਲਾਤ `ਤੇ ਗੌਰ ਕਰਨਾ ਸੀ, ਪਰ 15 ਅਗਸਤ ਤੋਂ ਬਾਅਦ ਇਹ ਕੌਂਸਲ ਕੰਮ ਨਾ ਕਰ ਸਕੀ। ਇਸੇ ਕਰਕੇ 15 ਅਗਸਤ ਤੋਂ ਪਹਿਲਾਂ ਪੰਜਾਬ ਵਿੱਚ ਸ਼ਾਂਤੀ ਰਹੀ।
ਮਾਰ-ਕਾਟ ਦੇ ਸ਼ੁਰੂ ਹੋਣ ਮੌਕੇ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਨੇ ਦੰਗਾਈਆਂ ਨੂੰ ਕੁਝ ਨਹੀਂ ਕਿਹਾ, ਜਿਸ ਕਰਕੇ ਜਣਾ-ਖਣਾ ਬਦਮਾਸ਼ ਉੱਠ ਕੇ ਲੁੱਟਮਾਰ ਅਤੇ ਕਤਲੇਆਮ ਦੇ ਰਾਹ ਪੈ ਗਿਆ। ਇਸ ਕਰਕੇ ਪਾਕਿਸਤਾਨ ਵਿਚਲੇ ਹਿੰਦੂ-ਸਿੱਖ ਆਪਣੀ ਜਾਨ ਅਤੇ ਇੱਜ਼ਤ ਬਚਾਉਣ ਖਾਤਰ ਭਾਰਤੀ ਖੇਤਰ ਵੱਲ ਨੂੰ ਭੱਜ ਪਏ, ਇਸੇ ਤਰ੍ਹਾਂ ਭਾਰਤੀ ਪੰਜਾਬ ਵਿਚਲੇ ਮੁਸਲਮਾਨ ਪਾਕਿਸਤਾਨ ਵੱਲ ਨੂੰ ਭੱਜਣ ਲੱਗੇ। ਦੰਗਾਈਆਂ ਨੂੰ ਸਰਕਾਰੀ ਹੱਲਾਸ਼ੇਰੀ ਤੇ ਹੋਰ ਬਹੁਤ ਸਾਰੇ ਸਬੂਤਾਂ ਤੋਂ ਇਲਾਵਾ ਇੱਕ ਹੋਰ ਸਬੂਤ ਇਹ ਹੈ ਕਿ ਪੂਰਬੀ ਪੰਜਾਬ ਵਿੱਚ ਦੋ ਮੁਸਲਮਾਨ ਰਿਆਸਤਾਂ ਮਲੇਰਕੋਟਲਾ ਅਤੇ ਪਟੌਦੀ (ਹੁਣ ਜ਼ਿਲ੍ਹਾ ਫਰੀਦਾਬਾਦ) ਸਨ। ਉਸ ਵੇਲੇ ਇਹ ਭਾਰਤ ਦੀ ਸਰਕਾਰ ਤੋਂ ਬਾਹਰਲੇ ਇੱਕ ਛੋਟੇ ਮੁਲਕ ਸਨ। ਚੁਫ਼ੇਰਿਓਂ ਪੰਜਾਬ ‘ਚ ਘਿਰੇ ਹੋਣ ਦੇ ਬਾਵਜੂਦ ਵੀ ਇੱਥੇ ਕੋਈ ਦੰਗਾ ਜਾਂ ਕਤਲੇਆਮ ਨਹੀਂ ਹੋਇਆ, ਬਲਕਿ ਪੰਜਾਬ ਦੇ ਮੁਸਲਮਾਨਾਂ ਨੇ ਇੱਥੇ ਜਾ ਕੇ ਪਨਾਹ ਲਈ। ਸੋ ਇਸ ਗੱਲ ਦਾ ਦੋਸ਼ ਅੰਗਰੇਜ਼ਾਂ `ਤੇ ਦੇਣਾ ਗ਼ਲਤ ਹੈ ਕਿ ਉਹ ਦੰਗਿਆਂ ਦਾ ਪਹਿਲਾਂ ਕੋਈ ਇੰਤਜ਼ਾਮ ਕਿਉਂ ਨਹੀਂ ਕਰਕੇ ਗਏ! ਇਸਦੀ ਜ਼ਿੰਮੇਵਾਰੀ ਕਾਂਗਰਸ ਅਤੇ ਮੁਸਲਿਮ ਲੀਗ ਦੀ ਲੀਡਰਸ਼ਿਪ `ਤੇ ਆਉਂਦੀ ਹੈ। ਮਦਰਾਸ ਤੋਂ ਛਪਦੇ ‘ਦਾ ਹਿੰਦੂ’ ਅਖ਼ਬਾਰ ਵਿੱਚ 4 ਸਤੰਬਰ 1947 ਨੂੰ ਛਪੀ ਇੱਕ ਖਬਰ ਵਿੱਚ ਇਸ ਗੱਲ ਦੀ ਵਜਾਹਤ ਹੁੰਦੀ ਹੈ। ਅਖਬਾਰ ਲਿਖਦਾ ਹੈ ਕਿ, ਜ਼ਿਲ੍ਹਾ ਸ਼ੇਖੂਪੁਰਾ ਦੀ ਇੱਕ ਅਨਪੜ੍ਹ ਸਿੱਖ ਔਰਤ ਨੇ ਸੜਕ `ਤੇ ਪੈਦਲ ਚਲ ਰਹੇ ਕਾਫ਼ਲੇ ਨੂੰ ਵੇਖ ਰਹੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਇਹ ਸ਼ਬਦ ਬਿਲਕੁਲ ਠੀਕ ਆਖੇ ਸਨ, “ਜੇਂ ਤੁਸੀਂ ਦੇਸ਼ ਦਾ ਬਟਵਾਰਾ ਕਰਨਾ ਚਾਹੁੰਦੇ ਸੀ ਤਾਂ ਤੁਸੀਂ ਪਹਿਲਾਂ ਆਬਾਦੀ ਦੇ ਤਬਾਦਲੇ ਦਾ ਪ੍ਰਬੰਧ ਕਿਉਂ ਨਾ ਕੀਤਾ? ਦੇਖੋ, ਸਾਡੇ ਸਾਰਿਆਂ ਤੇ ਕਿੰਨੀ ਮੁਸੀਬਤ ਆ ਪਈ ਹੈ।”
ਵੱਖਰੇ ਸਿੱਖ ਮੁਲਕ ਦਾ ਮੁੱਦਾ ਕਦੇ ਗੰਭੀਰਤਾ ਨਾਲ ਉਭਰਿਆ ਹੀ ਨਹੀਂ
ਅੰਗਰੇਜਾਂ ਦੇ ਭਾਰਤ ਵਿੱਚੋਂ ਚਲੇ ਜਾਣ ਤੋਂ ਬਾਅਦ ਮੁਲਕ ਦੀ ਸਿਆਸੀ ਸ਼ਕਲ ਵੱਖਰੀ ਹੋਣੀ ਸੀ। ਮੁਸਲਮਾਨ ਅਵਾਮ ਆਪਣੀ ਸਿਆਸੀ ਪਾਰਟੀ ਮੁਸਲਿਮ ਲੀਗ ਰਾਹੀਂ ਆਪਣੀ ਖਾਤਰ ਵੱਖਰਾ ਮੁਲਕ ਲੈਣ ਲਈ ਕਲੀਅਰ ਕੱਟ ਸਟੈਂਡ ਲਈ ਬੈਠਾ ਸੀ। ਦੂਜੇ ਪਾਸੇ ਸਿੱਖ ਆਗੂਆਂ ਨੇ ਅੰਮ੍ਰਿਤਸਰ ਵਿੱਚ ਅਗਸਤ 1944 ਅਤੇ ਲਾਹੌਰ ਵਿੱਚ ਅਕਤੂਬਰ 1944 ਨੂੰ ਸਿਰਫ ਰਸਮੀ ਤੌਰ `ਤੇ ਵੱਖਰੇ ਸਿੱਖ ਮੁਲਕ ਦੀ ਗੱਲ ਤੋਰੀ। ਇਹ ਗੱਲ ਵੀ ਆਪਣੇ ਖਾਤਰ ਨਾ ਹੋ ਕੇ ਸਿੱਖਾਂ ਨੇ ਪਾਕਿਸਤਾਨ ਦੀ ਮੰਗ ਦੇ ਖਿਲਾਫ ਕੀਤੀ ਸੀ, ਜਿਸਦਾ ਸਿੱਧਾ ਮਤਲਬ ਸੀ ਕਿ ਜੇ ਪਾਕਿਸਤਾਨ ਬਣਨਾ ਹੈ ਤਾਂ ਸਿੱਖ ਮੁਲਕ ਵੀ ਬਣਨਾ ਚਾਹੀਦਾ ਹੈ। ਰਸਮੀ ਮੰਗ ਕਰਨ ਤੋਂ ਇਲਾਵਾ ਸਿੱਖਾਂ ਨੇ ਇਹਦੇ ਬਾਬਤ ਕੋਈ ਗੰਭੀਰ ਵਿਉਂਤਬੰਦੀ ਨਹੀਂ ਕੀਤੀ। ਬਲਕਿ ਪਾਕਿਸਤਾਨ ਦੀ ਕਾਇਮੀ ਨੂੰ ਰੋਕਣ ਖਾਤਰ ਸਾਰਾ ਟਿੱਲ ਲਾ ਦਿੱਤਾ। ਮਾਰਚ 1947 ਵਿੱਚ ਪੋਠੋਹਾਰ (ਜ਼ਿਲ੍ਹਾ ਰਾਵਲਪਿੰਡੀ ਵਗੈਰਾ) ਅਤੇ ਵੰਡ ਤੋਂ ਬਾਅਦ ਹੋਇਆ ਸਿੱਖਾਂ ਦਾ ਕਤਲੇਆਮ ਸਿੱਖਾਂ ਵੱਲੋਂ ਪਾਕਿਸਤਾਨ ਦੇ ਖਿਲਾਫ ਸਟੈਂਡ ਲੈਣ ਦੇ ਸਿੱਟੇ ਵਜੋਂ ਸੀ।
ਸਿੱਖਾਂ ਨੇ ਕਦੇ ਵੀ ਆਪਣੀ ਖਾਤਰ ਕੋਈ ਸਟੈਂਡ ਨਹੀਂ ਲਿਆ, ਬਲਕਿ ਉਨ੍ਹਾਂ ਦਾ ਸਟੈਂਡ ਹਮੇਸ਼ਾ ਅੰਗਰੇਜਾਂ ਅਤੇ ਮੁਸਲਮਾਨਾਂ ਦੇ ਖਿਲਾਫ ਹੁੰਦਾ ਸੀ। ਦੂਜੇ ਲਫ਼ਜ਼ਾਂ ਵਿੱਚ ਗੱਲ ਕਰੀਏ ਤਾਂ ਉਨ੍ਹਾਂ ਦੇ ਇਹ ਸਟੈਂਡ ਉਹੀ ਹੁੰਦਾ ਸੀ ਜੋ ਕਿ ਹਿੰਦੂਆਂ ਦਾ ਆਪਣੀ ਸਿਆਸੀ ਪਾਰਟੀ ਕਾਂਗਰਸ ਰਾਹੀਂ ਹੁੰਦਾ ਸੀ। ਹਿੰਦੂਆਂ ਦਾ ਸਟੈਂਡ ਇਹ ਹੁੰਦਾ ਸੀ ਕਿ ਅੰਗਰੇਜ਼ ਚੁੱਪਚਾਪ ਇੱਥੋਂ ਚਲੇ ਜਾਣ, ਬਾਕੀ ਦੀ ਗੱਲ ਅਸੀਂ ਆਪੇ ਹੱਲ ਕਰਾਂਗੇ। ਮੁਸਲਮਾਨਾਂ ਦੀ ਦਿਲਚਸਪੀ ਅੰਗਰੇਜ਼ਾਂ ਨੂੰ ਇੱਥੋਂ ਛੇਤੀ ਕੱਢਣ ਵਿੱਚ ਨਹੀਂ ਸੀ, ਬਲਕਿ ਉਹ ਚਾਹੁੰਦੇ ਸਨ ਕਿ ਅੰਗਰੇਜ਼ ਆਪਣੇ ਹੁੰਦੇ-ਹੁੰਦੇ ਅਜਿਹਾ ਸਿਆਸੀ ਢਾਂਚਾ ਬਣਾ ਕੇ ਜਾਣ ਜੀਹਦੇ ਵਿੱਚ ਮੁਸਲਮਾਨਾਂ ਦੇ ਹਿੱਤ ਮਹਿਫੂਜ਼ ਹੋਣ। ਜਦੋਂ ਅਜਿਹਾ ਨਾ ਹੁੰਦਾ ਦਿਸਿਆ ਤਾਂ ਉਨ੍ਹਾਂ ਨੇ ਸਾਰਾ ਜ਼ੋਰ ਵੱਖਰਾ ਮੁਲਕ ਲੈਣ `ਤੇ ਲਾ ਦਿੱਤਾ। ਸਿੱਖਾਂ ਦਾ ਸਟੈਂਡ ਵੀ ਇਹੀ ਸੀ ਕਿ ਅੰਗਰੇਜ਼ ਛੇਤੀ ਤੋਂ ਛੇਤੀ ਮੁਲਕ ਛੱਡ ਜਾਣ। ਮੁਸਲਮਾਨਾਂ ਵਾਂਗ ਉਨ੍ਹਾਂ ਨੇ ਅਜਿਹੀ ਕੋਈ ਮੰਗ ਨਹੀਂ ਰੱਖੀ ਕਿ ਅੰਗਰੇਜ਼ ਜਾਣ ਤੋਂ ਪਹਿਲਾ ਸਿੱਖ ਹਿੱਤ ਸੁਰੱਖਿਅਤ ਕਰ ਕੇ ਜਾਣ। ਸਿੱਖਾਂ ਨੇ ਹਮੇਸ਼ਾ ਮੁਸਲਮਾਨ ਦੀ ਹਰੇਕ ਮੰਗ ਦਾ ਵਿਰੋਧ ਕੀਤਾ। ਉਨ੍ਹਾਂ ਦਾ ਹਰੇਕ ਸਿਆਸੀ ਪੈਂਤੜਾਂ ਉਹੀ ਹੁੰਦਾ ਸੀ, ਜੋ ਕਾਂਗਰਸ ਚਾਹੁੰਦੀ ਸੀ। ਇਹਦੀਆਂ ਕੁੱਝ ਕੁ ਵੰਨਗੀਆਂ ਹੇਠ ਲਿਖੀਆਂ ਹਨ:
1928 ਵਿੱਚ ਇੱਕ ਬਰਤਾਵਨੀ ਕਮਿਸ਼ਨ ਭਾਰਤ ਆਇਆ, ਜਿਸਨੂੰ ਸਾਈਮਨ ਕਮਿਸ਼ਨ ਆਖਿਆ ਜਾਂਦਾ ਹੈ। ਇਹ ਕਮਿਸ਼ਨ ਇਹ ਪਤਾ ਲਾਉਣ ਭਾਰਤ ਆਇਆ ਸੀ ਕਿ ਅੰਗਰੇਜ਼ਾਂ ਦੇ ਭਾਰਤ ਛੱਡ ਜਾਣ ਤੋਂ ਬਾਅਦ ਆਜ਼ਾਦ ਭਾਰਤ ਦੀ ਕੀ ਸ਼ਕਲੋਂ ਸੂਰਤ ਬਣੇਗੀ। ਕਾਂਗਰਸ ਨੇ ਇਹਦਾ ਬਾਈਕਾਟ ਇਹ ਕਹਿ ਕੇ ਕੀਤਾ ਕਿ ਅੰਗਰੇਜ਼ਾਂ ਨੂੰ ਅਜਿਹਾ ਕਰਨ ਦਾ ਕੋਈ ਹੱਕ ਨਹੀਂ, ਉਹ ਚੁੱਪਚਾਪ ਇੱਥੋਂ ਚਲੇ ਜਾਣ, ਬਾਕੀ ਅਸੀਂ ਆਪਦਾ ਆਪੇ ਦੇਖ ਲਵਾਂਗੇ। ਇੱਥੋਂ ਮੁਸਲਮਾਨਾਂ ਦਾ ਖਦਸ਼ਾ ਹੋਰ ਵਧਿਆ ਕਿ ਆਜ਼ਾਦ ਮੁਲਕ ਦੀ ਸਿਆਸੀ ਸ਼ਕਲੋਂ ਸੂਰਤ ਉਹੀ ਹੋਵੇਗੀ, ਜੋ ਹਿੰਦੂ ਬਹੁ ਗਿਣਤੀ ਚਾਹੇਗੀ। ਜੀਹਦਾ ਸਿੱਧਮ ਸਿੱਧਾ ਮਤਲਬ ਇਹ ਸੀ ਕਿ ਮੁਸਲਮਾਨਾਂ ਦੇ ਮੁਫਾਦ ਹਿੰਦੂ ਬਹੁ-ਗਿਣਤੀ ਦੀ ਮਰਜੀ `ਤੇ ਨਿਰਭਰ ਹੋਣਗੇ। ਇਹ ਦੇਖ ਕੇ ਉਹ ਪਾਕਿਸਤਾਨ ਦੀ ਮੰਗ ਵੱਲ ਹੋਰ ਗੰਭੀਰ ਹੋ ਗਏ। ਵਕਤ ਦਾ ਤਕਾਜ਼ਾ ਮੰਗ ਕਰਦਾ ਸੀ ਕਿ ਸਿੱਖ ਆਗੂ ਵੀ ਕਮਿਸ਼ਨ ਕੋਲ ਆਪਣੀ ਇਹ ਮੰਗ ਰੱਖਦੇ ਕਿ ਆਜ਼ਾਦ ਭਾਰਤ ਵਿੱਚ ਸਿੱਖ ਹਿੱਤਾਂ ਦੀ ਰੱਖਿਆ ਦਾ ਕੋਈ ਬਾਨਣੂ ਬੰਨਿ੍ਹਆ ਜਾਵੇ, ਪਰ ਉਨ੍ਹਾਂ ਨੇ ਨਾ ਆ ਦੇਖਿਆ ਨਾ ਤਾਅ ਦੇਖਿਆ ਕਾਂਗਰਸ ਦੀ ਬੋਲੀ ਬੋਲਦਿਆਂ ਸਾਈਮਨ ਕਮਿਸ਼ਨ ਦਾ ਬਾਈਕਾਟ ਕਰ ਦਿੱਤਾ।
ਇੱਥੇ ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਸਿਰਫ ਅਗਸਤ 1947 ਦਾ ਹੀ ਟਾਇਮ ਨਹੀਂ ਸੀ, ਜਦੋਂ ਅੰਗਰੇਜਾਂ ਨੇ ਸਭ ਤੋਂ ਪੁੱਛਿਆ ਕਿ ਤੁਸੀੰ ਕੀ ਚਾਹੁੰਨੇ ਓਂ? ਤਾਂ ਸਿੱਖਾਂ ਨੇ ਜਵਾਬ ਦੇ ਦਿੱਤਾ। ਮੁਸਲਮਾਨਾਂ ਨੇ ਪਾਕਿਸਤਾਨ ਮੰਗ ਲਿਆ, ਜੋ ਉਨ੍ਹਾਂ ਨੂੰ ਮਿਲ ਗਿਆ। ਮੁਸਲਮਾਨਾਂ ਨੇ ਪਾਕਿਸਤਾਨ ਦੀ ਮੰਗ ਨੂੰ ਸਾਕਾਰ ਕਰਨ ਖਾਤਰ ਦਹਾਕਿਆ ਤੋਂ ਇਹਦੀ ਖਾਤਰ ਹਾਲਾਤ ਤਿਆਰ ਕੀਤੇ। ਜਦਕਿ ਸਿੱਖਾਂ ਦਾ ਕੋਈ ਪੈਂਤੜਾ ਆਪਣੀ ਖਾਤਰ ਨਹੀਂ ਸੀ। ਇਹਦੇ ਮੱਦੇਨਜ਼ਰ ਇਹ ਸੰਭਵ ਵੀ ਨਹੀਂ ਸੀ ਕਿ ਵੱਖਰੇ ਸਿੱਖ ਰਾਜ ਦੀ ਮੰਗ 1947 ਵਿੱਚ ਜਾ ਕੇ ਕੀਤੀ ਜਾਂਦੀ ਤਾਂ ਉਹ ਪੂਰੀ ਹੋ ਜਾਂਦੀ।
ਆਪਦਾ ਮੁਫਾਦ ਸੋਚੇ ਬਿਨਾ ਸਿੱਖ ਕਾਂਗਰਸ ਦੀ ਪੈੜ ਵਿੱਚ ਪੈਰ ਧਰਦੇ ਰਹੇ
1930 ਵਿੱਚ ਹੋਈਆਂ ਚੋਣਾਂ ਦਾ ਕਾਂਗਰਸ ਨੇ ਬਾਈਕਾਟ ਕੀਤਾ ਤੇ ਸਿੱਖ ਲੀਗ ਨੇ ਵੀ ਕਾਂਗਰਸ ਮਗਰ ਲੱਗ ਕੇ ਬਾਈਕਾਟ ਕਰ ਦਿੱਤਾ। ਉਨ੍ਹੀਂ ਦਿਨੀਂ ਅਕਾਲੀ ਦਲ ਪੂਰੀ ਤਰ੍ਹਾਂ ਇੱਕ ਸਿਆਸੀ ਪਾਰਟੀ ਵਜੋਂ ਨਹੀਂ ਸੀ ਉਭਰਿਆ ਅਤੇ ਸਿੱਖ ਲੀਗ ਹੀ ਸਿੱਖਾਂ ਦੀ ਨੁਮਾਇੰਦਾ ਜਮਾਤ ਸੀ। ਸਿੱਖ ਲੀਗ ਸਿੱਖਾਂ ਦੀ ਪਾਰਟੀ ਹੋਣ ਦੇ ਬਾਵਜੂਦ ਇਹਦਾ ਸਿਆਸੀ ਪ੍ਰੋਗਰਾਮ ਕਾਂਗਰਸ ਤੋਂ ਇੱਕ ਇੰਚ ਵੀ ਵੱਖਰਾ ਨਹੀਂ ਸੀ। ਇੱਥੋਂ ਤੱਕ ਕਿ ਸਿੱਖ ਲੀਗ ਦੇ ਅਹੁਦੇਦਾਰ ਨਾਲੋ-ਨਾਲ ਕਾਂਗਰਸ ਦੇ ਵੀ ਅਹੁਦੇਦਾਰ ਸੀਗੇ। ਸਿੱਖ ਲੀਗ ਦਾ ਸਕੱਤਰ ਸਰਦੂਲ ਸਿੰਘ ਕਵੀਸ਼ਰ ਪੰਜਾਬ ਕਾਂਗਰਸ ਕਮੇਟੀ ਦਾ ਵੀ ਸਕੱਤਰ ਸੀ। ਬਾਬਾ ਖੜਕ ਸਿੰਘ ਸਿੱਖ ਲੀਗ ਦਾ ਵੀ ਸੈਕਟਰੀ ਸੀ ਤੇ ਨਾਲੋ-ਨਾਲ ਪੰਜਾਬ ਕਾਂਗਰਸ ਦਾ ਵੀ ਪ੍ਰਧਾਨ ਸੀ। ਜਦੋਂ 1930 ‘ਚ ਕਾਂਗਰਸ ਨੇ ਵਿਦੇਸ਼ੀ ਚੀਜ਼ਾਂ ਦੇ ਬਾਈਕਾਟ ਦਾ ਪ੍ਰੋਗਰਾਮ ਦਿੱਤਾ ਤਾਂ ਇਸ ਨਿਰੇ-ਪੁਰੇ ਸਿਆਸੀ ਪ੍ਰੋਗਰਾਮ ਨੂੰ ਸਿੱਖ ਆਗੂਆਂ ਨੇ ਸਿੱਖਾਂ ਦੇ ਧਾਰਮਿਕ ਪ੍ਰੋਗਰਾਮ ਵਜੋਂ ਮਾਨਤਾ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲੇ ਵੀ ਵਿਦੇਸ਼ੀ ਕੱਪੜੇ ਦੇ ਨਾ ਬਣਾਉਣ। ਦੇਗ ਵੀ ਦੇਸੀ ਖੰਡ ਦੀ ਬਣੀ ਹੋਈ ਪ੍ਰਵਾਨ ਕੀਤੀ ਜਾਵੇ।
ਇੱਕ ਵਾਰ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਅੰਗਰੇਜ਼ਾਂ ਨੂੰ ਇਸ ਗੱਲ ਲਈ ਮਨਾ ਲਿਆ ਸੀ ਕਿ ਉਹ ਗੁਰਦੁਆਰਾ ਸੀਸ ਗੰਜ ਦਿੱਲੀ ਦੇ ਨਾਲ ਲੱਗਦੀ ਕੋਤਵਾਲੀ ਗੁਰਦੁਆਰੇ ਨੂੰ ਦੇ ਦੇਣ। ਮਾਸਟਰ ਤਾਰਾ ਸਿੰਘ ਨੇ ਇਹ ਕਹਿੰਦਿਆਂ ਸਖਤ ਸਟੈਂਡ ਲਿਆ ਕਿ ਅਸੀਂ ਗੁਰਦੁਆਰੇ ਖਾਤਰ ਅੰਗਰੇਜ਼ਾਂ ਹੱਥੋਂ ਕੱਖ ਨਹੀਂ ਲੈਣਾ। ਸਿੱਖ ਨਿੱਕੀ ਤੋਂ ਲੈ ਕੇ ਵੱਡੀ ਗੱਲ ਤੱਕ ਇਸ ਸਟੈਂਡ `ਤੇ ਗੱਡਵੇਂ ਪੈਂਰੀ ਖੜ੍ਹੇ ਰਹੇ ਕਿ ਅਸੀਂ ਜੋ ਲੈਣਾ ਹੈ, ਕਾਂਗਰਸ ਤੋਂ ਹੀ ਲਵਾਂਗੇ। ਸਿੱਖਾਂ ਦਾ ਇਹ ਸਟੈਂਡ ਐਨ ਅਖੀਰ ਤੱਕ ਕਾਇਮ ਰਿਹਾ। ਦਸਬੰਰ 1946 ਨੂੰ ਜਦੋਂ ਬਰਤਾਨਵੀ ਸਰਕਾਰ ਨੇ ਮੁਸਲਿਮ ਲੀਗ ਕਾਂਗਰਸ ਅਤੇ ਸਿੱਖਾਂ ਦਾ ਇੱਕ ਇੱਕ ਨੁਮਾਇੰਦਾ ਲੰਡਨ ਸੱਦਿਆ ਤਾਂ ਕਿ ਹਿੰਦੁਸਤਾਨ ਨੂੰ ਇੱਕਠਾ ਰੱਖਣ ਦੀ ਆਖਰੀ ਕੋਸ਼ਿਸ਼ ਕੀਤੀ ਜਾਵੇ, ਪਰ ਇਹ ਕੋਸ਼ਿਸ਼ ਵੀ ਫੇਲ੍ਹ ਹੋ ਗਈ। ਸਿੱਖ ਲੀਡਰਾਂ ਨੂੰ ਤਾਂ ਭਾਵੇਂ ਸਿੱਖਾਂ ਦੀ ਹੋਣੀ ਦੀ ਕੋਈ ਪ੍ਰਵਾਹ ਨਹੀਂ ਸੀ, ਪਰ ਅੰਗਰੇਜ਼ ਜ਼ਰੂਰ ਸਿੱਖਾਂ ਬਾਬਤ ਫਿਕਰਮੰਦ ਸਨ। ਉਨ੍ਹਾਂ ਦਾ ਫਿਕਰ ਇਹ ਸੀ ਕਿ ਪੰਜਾਬ ਦੀ ਵੰਡ ਨਾਲ ਸਿੱਖ ਕੌਮ ਦੋ ਹਿੱਸਿਆਂ ਵਿੱਚ ਵੰਡੀ ਜਾਵੇਗੀ, ਜੀਹਦੇ ਨਾਲ ਇਹਦਾ ਭਾਰੀ ਨੁਕਸਾਨ ਹੋਵੇਗਾ। ਲੰਡਨ ਗਏ ਸਿੱਖਾਂ ਦੇ ਨੁਮਾਇੰਦੇ ਬਲਦੇਵ ਸਿੰਘ ਨੂੰ ਬਰਤਾਨਵੀ ਪਾਰਲੀਮੈਂਟ ਮੈਂਬਰਾਂ ਨੇ ਕੁੱਝ ਦਿਨ ਰੁਕਣ ਦੀ ਸਲਾਹ ਦਿੱਤੀ ਤਾਂ ਕਿ ਸਿੱਖ ਕੌਮ ਬਾਬਤ ਕੁੱਝ ਸੋਚਿਆ ਜਾ ਸਕੇ। ਬਲਦੇਵ ਸਿੰਘ ਨੇ ਇਹ ਗੱਲ ਉੱਥੇ ਹੀ ਨਹਿਰੂ ਨੂੰ ਦੱਸ ਦਿੱਤੀ। ਨਹਿਰੂ ਕਦ ਇਹ ਗੱਲ ਚਾਹੁੰਦਾ ਸੀ। 7 ਦਸੰਬਰ 1946 ਵਾਲੇ ਦਿਨ ਲੰਡਨ ਤੋਂ ਦਿੱਲੀ ਜਾਣ ਵਾਲੀ ਫਲਾਇਟ ਵਿੱਚ ਉਹਨੇ ਪਹਿਲਾਂ ਬਲਦੇਵ ਸਿੰਘ ਨੂੰ ਜਹਾਜ਼ ਦੀਆਂ ਪੌੜੀਆਂ ਚੜ੍ਹਾਇਆ ਤੇ ਮਗਰੋਂ ਆਪ ਚੜ੍ਹਿਆ। ਜਹਾਜ਼ ਦੀਆਂ ਪੌੜੀਆਂ ਵਿੱਚੋਂ ਹੀ ਬਲਦੇਵ ਸਿੰਘ ਨੇ ਕੁੱਝ ਦਿਨ ਠਹਿਰਨ ਦੀ ਗੁਜ਼ਾਰਿਸ਼ ਕਰਨ ਵਾਲੇ ਬਰਤਾਨਵੀ ਐਮ.ਪੀਜ਼ ਨੂੰ ਜਵਾਬ ਦਿੰਦਿਆਂ ਆਖਿਆ ਕਿ ਸਿੱਖਾਂ ਦੀ ਕੋਈ ਮੰਗ ਨਹੀਂ ਹੈ, ਅਸੀਂ ਅੰਗਰੇਜ਼ਾਂ ਤੋਂ ਕੱਖ ਨਹੀਂ ਲੈਣਾ, ਜੋ ਲੈਣਾ ਅਸੀਂ ਆਪੇ ਨਹਿਰੂ ਹੁਣਾ ਤੋਂ ਲੈ ਲਾਵਾਂਗੇ, ਸਿੱਖਾਂ ਦੀ ਇੱਕੋਂ ਇੱਕ ਮੰਗ ਹੈ ਕਿ ਅੰਗਰੇਜ਼ ਹਿੰਦੁਸਤਾਨ ਨੂੰ ਫੌਰੀ ਖਾਲੀ ਕਰ ਜਾਣ।
ਬੱਸ ਇਹੀ ਆਖਰੀ ਮੌਕਾ ਸੀ ਜੀਹਨੂੰ ਠੁੱਡ ਮਾਰ ਕੇ ਸਿੱਖ ਆਗੂ ਨੇ ਜਿੱਥੇ ਸਿੱਖ ਕੌਮ ਨਾਲ ਗੱਦਾਰੀ ਤਾਂ ਕੀਤੀ ਹੀ, ਉੱਥੇ ਇਹ ਸਪੱਸ਼ਟ ਇਸ਼ਾਰਾ ਵੀ ਕਰ ਦਿੱਤਾ ਕਿ ਅਗਾਂਹ ਤੋਂ ਕੋਈ ਬੰਦਾ ਸਿੱਖ ਆਗੂਆਂ ਨੂੰ ਅਜਿਹੀ ਸਲਾਹ ਦੇ ਕੇ ਆਪਦੀ ਬੇਇੱਜ਼ਤੀ ਨਾ ਕਰਵਾਏ। ਹਾਂ, ਬਲਦੇਵ ਸਿੰਘ ਨੇ ਜੋ ਸਿੱਖਾਂ ਖਾਤਰ ਲੈਣਾ ਸੀ, ਉਹ ਇਹ ਸੀ ਜੀਹਦਾ ਬਿਆਨ ਸਿਰਦਾਰ ਕਪੂਰ ਸਿੰਘ ਆਪਦੀ ਕਿਤਾਬ ‘ਸਾਚੀ ਸਾਖੀ’ ਸਫਾ ਨੰਬਰ 161 ਦੇ ਫੁੱਟ ਨੋਟ `ਤੇ ਇਉਂ ਕਰਦੇ ਹਨ: 1949 ਵਿੱਚ ਸੰਵਿਧਾਨ ਬਣ ਰਿਹਾ ਸੀ, ਜਿਸ ਵਿੱਚ ਸਿੱਖ ਹਿੱਤ ਦੀ ਕੋਈ ਮੱਦ ਸ਼ਾਮਿਲ ਨਾ ਕੀਤੀ ਤਾਂ ਮਾਸਟਰ ਤਾਰਾ ਸਿੰਘ ਇਸ ਬਾਬਤ ਰੋਸ ਜਾਹਿਰ ਕਰਨ ਖਾਤਰ ਜਦੋਂ ਰੇਲ ਗੱਡੀ ਰਾਹੀਂ ਦਿੱਲੀ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਾਹ ਵਿੱਚ ਹੀ ਗ੍ਰਿਫਤਾਰ ਕਰ ਲਿਆ। ਉਦੋਂ ਰੱਖਿਆ ਮੰਤਰੀ ਬਣ ਚੁੱਕੇ ਬਲਦੇਵ ਸਿੰਘ ਨੇ ਰੇਡੀਓ `ਤੇ ਆਪਣਾ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਮੂਰਖਤਾ ਕਰ ਰਹੇ ਹਨ। 1949 ਦਸੰਬਰ ਵਿੱਚ ਚਮਕੌਰ ਸਾਹਿਬ ਹੋਈ ਸਾਹਿਬਜ਼ਾਦਿਆਂ ਦੀ ਸਾਲਾਨਾ ਸ਼ਹੀਦੀ ਸਭਾ ਵਿੱਚ ਬਲਦੇਵ ਸਿੰਘ ਨੇ ਤਕਰੀਰ ਕਰਦਿਆਂ ਮਾਸਟਰ ਤਾਰਾ ਸਿੰਘ ਦੇ ਰੋਸ ਦਾ ਇਉਂ ਜਵਾਬ ਦਿੱਤਾ, ‘ਹਿੰਦੂਆਂ ਨੇ ਇੱਕ ਸਿੱਖ ਨੂੰ ਰੱਖਿਆ ਮੰਤਰੀ ਬਣਾਇਆ ਹੋਇਆ ਹੈ, ਇਹਤੋਂ ਵੱਧ ਸਿੱਖ ਉਨ੍ਹਾਂ ਤੋਂ ਹੋਰ ਕੀ ਭਾਲਦੇ ਨੇ?’ ਇਹ ਲਫਜ਼ ਉਨ੍ਹਾਂ ਨੇ ਸਿਰਦਾਰ ਕਪੂਰ ਸਿੰਘ ਦੀ ਹਾਜ਼ਰੀ ਵਿੱਚ ਕਹੇ।
ਕਾਂਗਰਸ ਵੱਲੋਂ ਅੰਗਰੇਜ਼ਾਂ ਖਿਲਾਫ ਨਾ-ਮਿਲਵਰਤਣ ਅੰਦੋਲਨ ਦੀ ਸਿੱਖਾਂ ਦੀ ਬਿਨਾ ਸ਼ਰਤ ਹਮਾਇਤ
ਕਾਂਗਰਸ ਵੱਲੋਂ ਜਦੋਂ ਕੋਈ ਅੰਗਰੇਜ਼ਾਂ ਦੇ ਖਿਲਾਫ ਰੌਲਾ-ਗੌਲਾ ਕੀਤਾ ਜਾਂਦਾ ਸੀ ਤਾਂ ਸਿੱਖ ਅੱਡੀਆ ਚੁੱਕ ਕੇ ਮੂਹਰੇ ਹੁੰਦੇ ਸੀ, ਕਦੇ ਇਹ ਗੱਲ ਨਹੀਂ ਸੀ ਪੁੱਛੀ ਜਾਂਦੀ ਕਿ ਇਹਦੇ ਵਿੱਚ ਸਿੱਖਾਂ ਦਾ ਕੀ ਫਾਇਦਾ ਹੋਵੇਗਾ? ਇਹ ਗੱਲ ਤਾਂ ਨਹੀਂ ਸੀ ਕੀਤੀ ਜਾਂਦੀ ਕਿ ਉਨ੍ਹਾਂ ਨੂੰ ਹਿੰਦੂਆਂ ਦਾ ਹਿੱਤ ਤੇ ਸਿੱਖਾਂ ਦਾ ਹਿੱਤ ਇਕੋ ਜਿਹਾ ਲੱਗਦਾ ਸੀ। ਉਹ ਤਾਂ ਲੱਗਦਾ ਸੀ ਸਿੱਖਾਂ ਦੇ ਮਨ ਵਿੱਚ ਕਦੇ ਵੀ ਹਿੰਦੂਆਂ ਤੋਂ ਅਹਿਸਾਸ-ਏ-ਅਲਹਿਦਗੀ ਨਹੀਂ ਪੈਦਾ ਹੋਈ। ਜੇ ਕਿਸੇ ਨੂੰ ਦੂਜੇ ਤੋਂ ਅਲਹਿਦਗੀ ਦਾ ਅਹਿਸਾਸ ਨਹੀਂ ਤਾਂ ਉਹ ਕਦੇ ਵੀ ਦੂਜੇ ਨੂੰ ਦੂਜਾ ਨਹੀਂ ਸਮਝੂਗਾ, ਜਿਸ ਕਰਕੇ ਸਾਡੇ ਤੇ ਥੋਡੇ ਦਾ ਵਿਚਾਰ ਮਨ ਵਿੱਚ ਨਹੀਂ ਆ ਸਕਦਾ। ਇਹੀ ਕਾਰਨ ਹੈ ਕਿ ਸਿੱਖਾਂ ਨੇ ਕਦੇ ਕਾਂਗਰਸ ਭਾਵ ਹਿੰਦੂਆਂ ਤੋਂ ਇਹ ਨਹੀਂ ਪੁੱਛਿਆ ਕਿ ਥੋਡੇ ਨਾਲ ਤੁਰਨ ਦਾ ਸਾਨੂੰ ਕੀ ਫਾਇਦਾ ਹੋਵੇਗਾ? ਇਹੀ ਸਾਰੀ ਗੱਲ ਦਾ ਨਿਚੋੜ ਹੈ। ਇਸੇ ਕਰਕੇ ਕਾਂਗਰਸ ਵੱਲੋਂ ਅੰਗਰੇਜ਼ਾਂ ਦੇ ਖਿਲਾਫ ਕੀਤੇ ਗਏ ਨਾ-ਮਿਲਵਰਤਣ ਅੰਦੋਲਨ ਦੀ ਵੀ ਸਿੱਖਾਂ ਨੇ ਬਿਨਾ ਸ਼ਰਤ ਹਮਾਇਤ ਕੀਤੀ। ਇਹੀ ਬਿਨਾ ਸ਼ਰਤ ਹਮਾਇਤ ਵਾਲੀ ਨੀਤੀ ਅੱਜ ਵੀ ਬਾਦਸਤੂਰ ਜਾਰੀ ਹੈ। ਬਿਨਾ ਸ਼ਰਤ ਦੇ ਨਾਲ ਨਾਲ ਬਿਨ ਮੰਗਵੀਂ ਵੀ ਹਮਾਇਤ ਕੀਤੀ ਜਾਂਦੀ ਹੈ। 1942 ਵਿੱਚ ਜਦੋਂ ਕਾਂਗਰਸ ਨੇ ਅੰਗਰੇਜ਼ਾਂ ਦੇ ਖਿਲਾਫ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਤਾਂ ਉਦੋਂ ਕਾਂਗਰਸ ਦੇ ਝੰਡੇ ਦੀ ਬਣਤਰ ਬਾਰੇ ਕਾਂਗਰਸ ਵਿੱਚ ਵਿਚਾਰ ਚੱਲ ਰਿਹਾ ਸੀ। ਅਕਾਲੀ ਦਲ ਨੇ ਮੰਗ ਕੀਤੀ ਕਿ ਕਾਂਗਰਸ ਦੇ ਝੰਡੇ ਵਿੱਚ ਸਿੱਖਾਂ ਦਾ ਕੇਸਰੀ ਰੰਗ ਪਾਇਆ ਜਾਵੇ, ਪਰ ਕਾਂਗਰਸ ਨੇ ਇਹਨੂੰ ਠੁਕਰਾ ਦਿੱਤਾ। ਇੱਥੇ ਵੀ ਅਹਿਸਾਸ-ਏ-ਅਲਹਿਦਗੀ ਗੈਰ-ਹਾਜ਼ਰ ਜਾਪਦੀ ਹੈ। ਜੇ ਸਿੱਖਾਂ ਨੂੰ ਅਹਿਸਾਸ-ਏ-ਅਲਹਿਦਗੀ ਹੁੰਦਾ ਤਾਂ ਉਨ੍ਹਾਂ ਨੂੰ ਕਾਂਗਰਸ ਤੋਂ ਅਜਿਹੀ ਮੰਗ ਕਰਨ ਦੀ ਲੋੜ ਨਹੀਂ ਸੀ। ਸਿਆਸੀ ਤਕਾਜਾ ਇਹ ਮੰਗ ਕਰਦਾ ਸੀ ਕਿ ਕਾਂਗਰਸ ਤੋਂ ਕੁੱਝ ਮੰਗਣ ਦੀ ਬਜਾਏ ਚੁੱਪ ਰਿਹਾ ਜਾਂਦਾ, ਜਦੋਂ ਕਾਂਗਰਸ ਸਿੱਖਾਂ ਤੋਂ ਹਮਾਇਤ ਮੰਗਦੀ ਤਾਂ ਉਹਦੇ ਮੂਹਰੇ ਆਪਦੀਆਂ ਸ਼ਰਤਾਂ ਰੱਖੀਆਂ ਜਾਂਦੀਆਂ ਤੇ ਕਿਹਾ ਜਾਂਦਾ ਕਿ ਕਾਂਗਰਸ ਦੱਸੇ ਕਿ ਉਹਨੂੰ ਸਿੱਖਾਂ ਦੀ ਲੋੜ ਹੈ ਕਿ ਨਹੀਂ? ਜੇ ਸਿੱਖਾਂ ਦੀ ਲੋੜ ਸਮਝਦੇ ਪਹਿਲਾਂ ਝੰਡੇ ਵਿੱਚ ਸਾਡਾ ਰੰਗ ਪਾਓ, ਪਰ ਇਹ ਗੱਲ ਤਾਂ ਹੁੰਦੀ ਜੇ ਅਸੀਂ-ਤੁਸੀਂ ਦਾ ਫਰਕ ਹੁੰਦਾ। ਨਾਲੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਜਮਾਤ ਅਕਾਲੀ ਦਲ ਦਾ ਵੱਖਰਾ ਝੰਡਾ ਸੀਗਾ, ਤਾਂ ਫਿਰ ਕਾਂਗਰਸ ਦੇ ਝੰਡੇ ਵਿੱਚ ਸਿੱਖਾਂ ਦਾ ਰੰਗ ਪਵਾਉਣ ਦੀ ਲੋੜ ਹੀ ਨਹੀਂ ਸੀ। ਇਹ ਕਿਹਾ ਜਾਣਾ ਚਾਹੀਦਾ ਸੀ ਕਿ ਕਾਂਗਰਸ ਨੇ ਜੇ ਅੰਗਰੇਜ਼ਾਂ ਦੇ ਖਿਲਾਫ ਸਿੱਖਾਂ ਦੀ ਹਮਾਇਤ ਲੈਣੀ ਹੈ ਤਾਂ ਅਕਾਲੀ ਦਲ ਦੇ ਝੰਡੇ ਨੂੰ ਕਾਂਗਰਸ ਦੇ ਝੰਡੇ ਦੇ ਬਰਾਬਰ ਗੱਡਿਆ ਜਾਵੇ।
ਪਰ ਸਿੱਖ ਤਾਂ ਅਸੀਂ-ਤੁਸੀਂ ਦਾ ਫਰਕ ਪਹਿਲਾਂ ਹੀ ਮੁਕਾਈ ਬੈਠੇ ਸੀ। ਝੰਡੇ ਵਿੱਚ ਸਿੱਖਾਂ ਦਾ ਰੰਗ ਨਾ ਪਾਉਣ ਤੋਂ ਸਿੱਖ ਆਗੂ ਅਜੇ ਨਾਰਾਜ਼ ਹੀ ਬੈਠੇ ਸਨ, ਉਧਰੋਂ ਕਾਂਗਰਸ ਨੇ ਭਾਰਤ ਛੱਡੋ ਅੰਦੋਲਨ ਦਾ ਐਲਾਨ ਕਰ ਦਿੱਤਾ। ਕਾਂਗਰਸ ਨੂੰ ਸਿੱਖਾਂ ਦੀ ਤਾਸੀਰ ਦਾ ਪਤਾ ਸੀ, ਉਨ੍ਹਾਂ ਨੇ ਇਸ ਅੰਦੋਲਨ ਖਾਤਰ ਅਕਾਲੀ ਦਲ ਭਾਵ ਸਿੱਖਾਂ ਤੋਂ ਕੋਈ ਹਮਾਇਤ ਨਾ ਮੰਗੀ, ਪਰ ਫਿਰ ਵੀ ਸਿੱਖ ਚੁੱਪ ਕਰਕੇ ਇਸ ਅੰਦਲਨ ਵਿੱਚ ਬਿਨਾ ਕਿਸੇ ਦੇ ਸੱਦਿਆਂ ਇਸ ਅੰਦੋਲਨ ਵਿੱਚ ਕੁੱਦ ਪਏ। ਬਹਾਨਾ ਇਹ ਲਾਇਆ ਗਿਆ ਕਿ ਓਹ ਯਾਰ! ਆਪਾਂ ਤੋਂ ਬਿਨਾ ਜੇ ਕਾਂਗਰਸ ਦੀ ਹਾਰ ਹੋ ਗਈ ਤਾਂ ਇਹਦਾ ਮਿਹਣਾ ਆਪਾਂ ਨੂੰ ਮਿਲੇਗਾ। ਜਦੋਂ ਕਿਸੇ ‘ਚ ਅਸੀਂ-ਤੁਸੀਂ ਦਾ ਅਹਿਸਾਸ ਮੁੱਕ ਜਾਵੇ ਤਾਂ ਅਜਿਹੀ ਸੂਰਤ-ਏ-ਹਾਲ ਵਿੱਚ ਹੀ ਬੰਦਾ ਤੁਹਾਡੀ ਹਾਰ ਨੂੰ ਆਪ ਦੀ ਹਾਰ ਸਮਝਦਾ ਹੈ। ਅਕਾਲੀਆਂ ਭਾਵ ਸਿੱਖਾਂ ਵੱਲੋਂ ਆਪਣੇ ਆਪ ਨੂੰ ਕਾਂਗਰਸ ਭਾਵ ਹਿੰਦੂਆਂ ਦਾ ਹੀ ਅੰਗ ਸਮਝ ਲਿਆ ਗਿਆ ਤਾਂ ਇਸ ਵਿੱਚੋਂ ਆਪਣੀ ਖਾਤਰ ਵੱਖਰੇ ਮੁਲਕ ਦਾ ਅਹਿਸਾਸ ਕਿੱਥੋਂ ਪੈਦਾ ਹੋਣਾ ਸੀ!
ਬਰਤਾਨਵੀ ਸ਼ਹਿਜਾਦੇ ਦੀ ਖਾਲਸਾ ਕਾਲਜ ਫੇਰੀ ਦੀ ਸਿੱਖਾਂ ਵੱਲੋਂ ਮੁਖਾਲਫਿਤ
ਬਰਤਾਨਵੀ ਸਰਕਾਰ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮਾਨਤਾ ਦਿੰਦਿਆਂ ਇਹਨੂੰ ਹਿੰਦੂ ਮੁਸਲਮਾਨਾਂ ਤੋਂ ਬਾਅਦ ਇੱਕ ਤੀਜੀ ਸਿਆਸੀ ਧਿਰ ਮੰਨਦੀ ਸੀ। ਵੱਖਰੀਆਂ ਕੌਮੀ ਨਿਸ਼ਾਨੀਆਂ ਵਜੋਂ ਮੁਸਲਮਾਨਾਂ ਅਤੇ ਹਿੰਦੂਆਂ ਦੀਆਂ ਯੂਨੀਵਰਸਿਟੀਆਂ ਸੀਗੀਆ। 1921 ਵਿੱਚ ਬਰਤਾਵਨੀ ਸਰਕਾਰ ਨੇ ਹਿੰਦੂ ਯੂਨੀਵਰਸਿਟੀ ਬਨਾਰਸ ਅਤੇ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੀ ਤਰਜ਼ `ਤੇ ਸਿੱਖਾਂ ਦਾ ਰੁਤਬਾ ਇਨ੍ਹਾਂ ਦੇ ਬਰਾਬਰ ਕਰਨ ਖਾਤਰ ਅੰਮ੍ਰਿਤਸਰ ਵਿੱਚ ਇੱਕ ਸਿੱਖ ਯੂਨੀਵਰਸਿਟੀ ਕਾਇਮ ਕਰਨ ਦਾ ਫੈਸਲਾ ਕੀਤਾ। ਇਸਦਾ ਐਲਾਨ ਬਰਤਾਵਨੀ ਸਹਿਜ਼ਾਦੇ ਪ੍ਰਿੰਸ ਆਫ ਵੇਲਜ਼ ਨੇ ਖਾਲਸਾ ਕਾਲਜ ਅੰਮ੍ਰਿਤਸਰ ਆ ਕੇ ਕਰਨਾ ਸੀ, ਪਰ ਸਿੱਖ ਤਾਂ ਅੰਗਰੇਜ਼ ਸਰਕਾਰ ਨੂੰ ਹਰ ਮੌਕੇ ਬੱਦੂ ਕਰਨ ਦੀ ਤਾਕ ਵਿੱਚ ਰਹਿੰਦੇ ਸਨ। ਜਿਵੇਂ ਕਿ ਗੁਰਦੁਆਰਾ ਸੀਸ ਗੰਜ ਨਾਲ ਲੱਗਦੀ ਕੋਤਵਾਲੀ ਲੈਣ ਤੋਂ ਸਿੱਖਾਂ ਨੇ ਇਨਕਾਰ ਕੀਤਾ, ਉਸੇ ਦਸਤੂਰ ਮੁਤਾਬਕ ਸਿੱਖਾਂ ਨੇ ਸਿੱਖ ਯੂਨੀਵਰਸਿਟੀ ਦੇ ਖਿਲਾਫ ਅੱਡੀਆਂ ਚੱਕ ਲਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਕਾਇਦਾ ਇੱਕ ਮਤਾ ਪਾਸ ਕਰਕੇ ਸਿੱਖਾਂ ਨੂੰ ਇਸ ਪ੍ਰੋਗਰਾਮ ਦੇ ਬਾਈਕਾਟ ਦਾ ਸੱਦਾ ਦਿੱਤਾ।
ਖਾਲਸਾ ਕਾਲਜ ਦੇ ਪ੍ਰੋਫੈਸਰਾਂ ਤੋਂ ਹੜਤਾਲ ਕਰਵਾ ਦਿੱਤੀ। ਖਾਲਸਾ ਕਾਲਜ ਦੇ ਪ੍ਰੋਫੈਸਰ ਅਤੇ ਮਾਸਟਰ ਤਾਰਾ ਸਿੰਘ ਦੇ ਭਰਾ ਪ੍ਰੋਫੈਸਰ ਨਿਰੰਜਣ ਸਿੰਘ ਨੇ ਐਲਾਨ ਕੀਤਾ ਕਿ ਮੈਂ ਸਹਿਜ਼ਾਦੇ ਦੀ ਗੱਡੀ ਮੂਹਰੇ ਲੰਮਾ ਪੈ ਕੇ ਜਾਨ ਤਾਂ ਦੇ ਸਕਦਾ, ਪਰ ਉਹਦੀ ਗੱਡੀ ਆਪਦੇ ਜਿਉਂਦੇ ਜੀਅ ਖਾਲਸਾ ਕਾਲਜ ਵਿੱਚ ਵੜ੍ਹਨ ਨਹੀਂ ਦੇਣੀ। ਉਧਰ ਸਰਕਾਰ ਨੇ ਕਿਹੜਾ ਸਿੱਖਾਂ ਨੂੰ ਧੱਕੇ ਨਾਲ ਚੂਰੀ ਖਵਾਉਣੀ ਸੀ, ਉਹਨੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਸਿੱਖਾਂ ਨੂੰ ਮੁਲਕ ਵਿੱਚ ਤੀਜੀ ਧਿਰ ਵਜੋਂ ਮਾਨਤਾ ਦੇਣ ਵਾਲੀ ਇੱਕ ਹੋਰ ਕਾਰਵਾਈ ਧਰੀ-ਧਰਾਈ ਰਹਿ ਗਈ। ਜਿਹੜੀ ਚੀਜ਼ ਸਿੱਖਾਂ ਨੂੰ ਬਿਨ ਮੰਗਿਆਂ ਮਿਲ ਰਹੀ ਸੀ, ਉਹ ਵੀ ਲੈ ਨਾ ਹੋਈ। ਇਹਦਾ ਕਾਰਨ ਇਹ ਸੀ ਕਿ ਸਿੱਖਾਂ ਨੂੰ ਹਿੰਦੂਆਂ ਨਾਲੋਂ ਬਤੌਰ ਇੱਕ ਵੱਖਰੀ ਕੌਮ ਮਾਨਤਾ ਮਿਲਣ ਵੱਲ ਗੱਲ ਵੱਧਦੀ ਸੀ, ਪਰ ਸਿੱਖ ਕਦਾਚਿਤ ਹਿੰਦੂਆਂ ਤੋਂ ਵੱਖਰੇ ਹੋਣ ਦਾ ਖਿਆਲ ਮਨ ਵਿੱਚ ਨਹੀਂ ਸੀ ਲਿਆ ਸਕਦੇ, ਜਿਸ ਕਰਕੇ ਸਿੱਖ ਅਵਾਮ ਨੂੰ ਆਪਣੇ ਲੀਡਰਾਂ ਦੀਆਂ ਇਹ ਹਰਕਤਾਂ ਚੰਗੀਆਂ ਲੱਗਦੀਆਂ ਸਨ।
ਇਹ ਮਿਸਾਲ ਇਹ ਦੱਸਣ ਲਈ ਕਾਫੀ ਹੈ ਕਿ ਸਿੱਖ ਆਗੂਆਂ ਦੀਆਂ ਅਜਿਹੀਆਂ ਅਹਿਮਕਾਨਾ ਹਰਕਤਾਂ ਲਈ ਸਿਰਫ ਸਿੱਖ ਆਗੂਆਂ ਨੂੰ ਹੀ ਕਸੂਰਵਾਰ ਕਰਾਰ ਦੇਣਾ ਜਾਇਜ਼ ਨਹੀਂ ਹੈ। ਕਿਉਂਕਿ ਸਿੱਖ ਅਵਾਮ ਨੇ ਕਦੇ ਵੀ ਅਜਿਹੇ ਆਗੂਆਂ ਦੀਆਂ ਕਾਰਵਾਈਆਂ ਨਾਲ ਅਸਹਿਮਤੀ ਜ਼ਾਹਰ ਨਹੀਂ ਕੀਤੀ, ਬਲਕਿ ਗੱਜ-ਵੱਜ ਕੇ ਇਨ੍ਹਾਂ ਗੱਲਾਂ ਦੀ ਹਮਾਇਤ ਕੀਤੀ। ਮਿਸਾਲ ਵਜੋਂ ਇਸ ਤੋਂ ਕੁੱਝ ਦਿਨ ਬਾਅਦ ਖਾਲਸਾ ਕਾਲਜ ਦੇ ਪ੍ਰੋਫੈਸਰਾਂ ਨੇ ਪ੍ਰਿੰਸ ਦੀ ਥਾਂ ਇੱਕ ਹਿੰਦੂ ਕਾਂਗਰਸੀ ਲੀਡਰ ਪੰਡਤ ਮਦਨ ਮੋਹਨ ਮਾਲਵਈਆ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਸੱਦਿਆ। ਖਾਲਸਾ ਕਾਲਜ ਦੇ ਪ੍ਰੋਫੈਸਰ ਸਿੱਖ ਵਿਦਿਆਰਥੀਆਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ `ਤੇ ਉਹਦੀ ਆਉ ਭਗਤ ਲਈ ਪੁੱਜੇ। ਇਹ ਆਉ ਭਗਤ ਆਮ ਆਉ ਭਗਤਾਂ ਵਾਂਗ ਰਸਮੀ ਨਹੀਂ ਸੀ, ਬਲਕਿ ਉਨ੍ਹਾਂ ਨੇ ਇਸ ਖਾਤਰ ਆਪਣੀ ਅਣਖ ਅਤੇ ਰੁਤਬੇ ਦਾ ਖਿਆਲ ਵੀ ਦਰਕਿਨਾਰ ਕਰ ਦਿੱਤਾ। ਮਾਲਵੀਏ ਖਾਤਰ ਇੱਕ ਉਚੇਚੀ ਘੋੜਾ ਬੱਗੀ ਮੰਗਾਈ ਗਈ। ਇੱਥੇ ਹੀ ਬੱਸ ਨਹੀਂ, ਸਿੱਖ ਵਿਦਿਆਰਥੀਆਂ ਨੇ ਬੱਗੀ ਨਾਲੋਂ ਘੋੜੇ ਖੋਲ੍ਹ ਦਿੱਤੇ ਅਤੇ ਆਪਦੀਆਂ ਧੌਣਾਂ ਬੱਗੀ ਦੇ ਜੂਲੇ ਹੇਠਾਂ ਦੇ ਦਿੱਤੀਆਂ। ਆਪ ਘੋੜੇ ਬਣ ਕੇ ਮਾਲਵਈਆ ਦੀ ਬੱਗੀ ਮੂਹਰੇ ਜੁੜੇ ਤੇ ਇਉਂ ਇੱਕ ਜਲੂਸ ਦੀ ਸ਼ਕਲ ਵਿੱਚ ਉਹਨੂੰ ਖਾਲਸਾ ਕਾਲਜ ਤੱਕ ਲੈ ਕੇ ਗਏ। ਮਾਲਵਈਆ ਕੁੱਛ ਦੇਣ ਜੋਗਾ ਤਾਂ ਨਹੀਂ ਸੀ, ਉਹਨੇ ਸਿਰਫ ਪ੍ਰਿੰਸ ਦੀ ਕਪੱਤ ਕਰਨ ਖਾਤਰ ਸਿੱਖਾਂ ਨੂੰ ਸ਼ਾਬਾਸ਼ ਦਿੱਤੀ। ਸੋ, ਸਿੱਖ ਹਿੰਦੂਆਂ ਤੋਂ ਸ਼ਾਬਾਸ਼ ਲੈਣ ਖਾਤਰ ਆਪਦਾ ਹਿੱਤ ਗਵਾਉਣ ਨੂੰ ਵੀ ਵਡਭਾਗੇ ਸਮਝਦੇ ਸਨ। ਵੈਸੇ ਤਾਂ ਕੋਈ ਅਜਿਹੀ ਮਿਸਾਲ ਨਹੀਂ, ਜਿੱਥੇ ਅੰਗਰੇਜ਼ਾਂ ਨੇ ਸਿੱਖ ਹਿਤਾਂ ਨੂੰ ਅੱਖੋਂ ਪਰੋਖੇ ਕੀਤਾ ਹੋਵੇ, ਪਰ ਜੋ ਸਿੱਖਾਂ ਦਾ ਅੰਗਰੇਜ਼ਾਂ ਪ੍ਰਤੀ ਰਵੱਈਆ ਸੀ, ਉਹਦੇ ਮੁਤਾਬਕ ਜੇ ਉਹ ਸਿੱਖਾਂ ਨੂੰ ਕੁਝ ਨਾ ਵੀ ਦਿੰਦੇ ਤਾਂ ਵੀ ਜਾਇਜ਼ ਕਿਹਾ ਜਾਣਾ ਸੀ।
ਜਦੋਂ ਕੋਈ ਬੰਦਾ ਹਰ ਵੇਲੇ ਕਿਸੇ ਨੂੰ ਬੱਦੂ ਕਰਨ `ਤੇ ਹੀ ਲੱਗਿਆ ਰਹੇ ਤਾਂ ਉਹਦੀ ਮਨੋ ਅਵਸਥਾ ਅਸੀਂ ਸਾਰੇ ਸਮਝ ਸਕਦੇ ਹਾਂ, ਪਰ ਅੰਗਰੇਜ਼ਾਂ ਨੇ ਸਿੱਖਾਂ ਨਾਲ ਕਦੇ ਵੀ ਬਦਲੇ ਵਾਲਾ ਰਵੱਈਆ ਅਖਤਿਆਰ ਨਹੀਂ ਕੀਤਾ। ਸਿੱਖਾਂ ਨੇ ਹਿੰਦੂਆਂ ਨਾਲ ਅਸੀਂ ਤੇ ਤੁਸੀਂ ਦਾ ਐਨਾ ਫਰਕ ਮਿਟਾਇਆ ਹੋਇਆ ਸੀ ਕਿ ਉਨ੍ਹਾਂ ਨੇ ਹਿੰਦੂਆਂ ਨੂੰ ਇਹ ਮੋੜਵਾਂ ਸਵਾਲ ਨਹੀਂ ਕੀਤਾ ਕਿ ਜਦੋਂ ਤੁਸੀਂ ਸਰਕਾਰ ਤੋਂ ਬਨਾਰਸ ਹਿੰਦੂ ਯੂਨੀਵਰਸਿਟੀ ਬਣਵਾਈ ਹੈ ਤਾਂ ਅਸੀਂ ਸਿੱਖ ਯੂਨੀਵਰਸਿਟੀ ਕਿਉਂ ਨਾ ਬਣਵਾਈਏ? ਸਿੱਖ ਯੂਨੀਵਰਸਿਟੀ ਲੈਣ ਤੋਂ ਇਨਕਾਰ ਕਰਨ ਲਈ ਸ਼ਾਬਾਸ਼ ਦੇਣ ਆਏ ਮਦਨ ਮੋਹਨ ਮਾਲਵੀਏ ਮੂਹਰੇ ਘੋੜਿਆਂ ਵਾਂਗੂੰ ਜੁੜ ਕੇ ਸਿੱਖਾਂ ਨੇ ਇਹ ਸਬੂਤ ਦਿੱਤਾ ਕਿ ਮਾਲਵੀਆ ਜੀ ਭਾਵੇਂ ਤੁਸੀਂ ਸਾਨੂੰ ਇਨਕਾਰ ਕਰਨ ਦੀ ਸਲਾਹ ਤਾਂ ਨਹੀਂ ਸੀ ਦਿੱਤੀ, ਪਰ ਸਾਡੇ ਵੱਲੋਂ ਅਜਿਹੇ ਇਨਕਾਰ ਕਰਨ ਦੀ ਥੋਡੇ ਵੱਲੋਂ ਸ਼ਾਬਾਸ਼ ਤੋਂ ਅਸੀਂ ਗਦਗਦ ਹਾਂ। ਥੋਡੇ-ਸਾਡੇ ਦੀ ਐਨੀ ਅਣਹੋਂਦ ਸੀ ਕਿ ਹਿੰਦੂਆਂ ਦੀ ਬਨਾਰਸ ਯੂਨੀਵਰਸਿਟੀ ਨੂੰ ਸਿੱਖ ਆਪ ਦੀ ਹੀ ਸਮਝਦੇ ਸਨ। ਇੱਥੇ ਜ਼ਿਕਰਯੋਗ ਹੈ ਕਿ ਇਸ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਸਿੱਖਾਂ ਦੇ ਉੱਘੇ ਧਾਰਮਿਕ ਆਗੂ ਸੰਤ ਅਤਰ ਸਿੰਘ ਮਸਤੂਆਣਾ ਨੇ ਰੱਖਿਆ ਸੀ।
(ਜਾਰੀ)

Leave a Reply

Your email address will not be published. Required fields are marked *