ਸ਼ਾਹਸਵਾਰ

ਆਮ-ਖਾਸ ਸਾਹਿਤਕ ਤੰਦਾਂ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਦੀ ਆਖਰੀ ਕਿਸ਼ਤ ਹੈ…

ਜਸਵੀਰ ਸਿੰਘ ਸ਼ੀਰੀ
ਫੋਨ: +91-6280574657

ਕੰਪਿਊਟਰ ਨਾਲ ਮੱਥਾ ਮਾਰ ਮਾਰ ਕੇ ਅੰਬੇ ਨੇ ਕਲਰਡ ਲੈਟਰ ਪੈਡ ਡਿਜ਼ਾਈਨ ਕਰ ਲਏ ਸਨ। ‘ਲਿਬਰੇਸ਼ਨ ਆਰਮੀ ਆਫ ਈਸਟਰਨ ਪੰਜਾਬ’ ਹੈਡਿੰਗ ਪਾ ਕੇ ਜਦੋਂ ਉਨ੍ਹਾਂ ਪਹਿਲਾ ਲੈਟਰ ਪੈਡ ਕੱਢਣ ‘ਚ ਸਫਲਤਾ ਹਾਸਲ ਕੀਤੀ ਤਾਂ ਦੋਨੋ ਛੋਟੇ ਨੱਚਣ ਲੱਗੇ। ਯੂ.ਪੀ. ਵਾਲੀ ਘਟਨਾ ਨੂੰ ਹੁਣ ਛੇ ਮਹੀਨੇ ਪੂਰੇ ਹੋ ਗਏ ਸਨ। ਉਨ੍ਹਾਂ ਇਸ ਘਟਨਾ ਦੀ ਜ਼ਿੰਮੇਵਾਰੀ ਓਟਣ ਲਈ ਲੈਟਰ ਪੈਡ ‘ਤੇ ਵਾਰਤਾ ਲਿਖੀ। ਇੱਕ ਨਕਲੀ ਨਾਂ ਹੇਠ ਗੋਲੂ ਦੇ ਖੱਬੇ ਹੱਥ ਨਾਲ ਦਸਤਖਤ ਕੀਤੇ ਅਤੇ ਮਾਝੇ ਦੇ ਕਿਸੇ ਛੋਟੇ ਜਿਹੇ ਪਿੰਡ ਵਿੱਚੋਂ ਜਾ ਕੇ ਅਖ਼ਬਾਰਾਂ ਨੂੰ ਪੋਸਟ ਕਰਨ ਦੀ ਤਿਆਰੀ ਕਰ ਲਈ। ਚਿੱਠੀ ਜਦੋਂ ਉਨ੍ਹਾਂ ਦਿਲਬਾਗ ਨੂੰ ਵਿਖਾਈ ਤਾਂ ਉਹ ਮੁੰਡਿਆਂ ਨੂੰ ਚਾਰੇ ਪੈਰ ਚੁੱਕ ਕੇ ਪਿਆ, ‘ਤੁਹਾਨੂੰ ਇਹ ਜ਼ਿੰਮੇਵਾਰੀ ਜਿਹੀ ਲਿਖਣ ਨੂੰ ਕੀਹਨੇ ਕਿਹਾ? ਮੈਂ ਤੁਹਾਨੂੰ ਸਿਰਫ ਲੈਟਰ ਪੈਡ ਕੱਢਣ ਲਈ ਕਿਹਾ ਸੀ। ਕੋਈ ਜਿੰLਮੇ-ਜੁLੰਮੇਵਾਰੀ ਨ੍ਹੀਂ ਲੈਣੀ ਆਪਾਂ, ਸਰਕਾਰ ਆਪਾਂ ਆਪਣੇ ਮਗਰ ਪਾਉਣੀ! ਅਰਾਮ ਨਾਲ ਬਹਿ ਨ੍ਹੀਂ ਹੁੰਦਾ ਤੁਹਾਥੋਂ ਘਰੇ।’
ਦਿਲਬਾਗ ਨੇ ਗੋਲੂ ਹੋਰਾਂ ਦੀ ਸਾਰੀ ਸਕੀਮ ਠੱਪ ਕਰ ਦਿੱਤੀ। ਕੁਝ ਦਿਨ ਲੰਘੇ ਤੋਂ ਯੂ.ਪੀ. ਵਾਲਾ ਮਾਮਲਾ ਠੰਡਾ ਪੈ ਗਿਆ ਸੀ ਤੇ ਪੁਲਿਸ ਵਗੈਰਾ ਆਪਣੀ ਰੁਟੀਨ ਵਿੱਚ ਆ ਗਈ। ਇਨ੍ਹਾਂ ਦਿਨ੍ਹਾਂ ਵਿੱਚ ਦਿਲਬਾਗ ਨੇ ਮੁੰਡਿਆਂ ਨੂੰ ਬਾਹਰ ਨਿਕਲਣ ਤੋਂ ਮਨ੍ਹਾਂ ਕਰ ਦਿੱਤਾ ਸੀ। ਉਹ ਘੋੜਿਆਂ ਦੀ ਪ੍ਰੈਕਟਿਸ ਕਰਵਾ ਲਿਆਉਂਦੇ, ਖਾਂਦੇ-ਪੀਂਦੇ, ਡੰਗਰ ਵੱਛਾ ਸਾਂਭਦੇ ਤੇ ਸ਼ਾਮ ਨੂੰ ਆਪਣੇ ਅਹਾਤੇ ਵਿੱਚ ਹੀ ਸਖਤ ਪ੍ਰੈਕਟਿਸ ਵਿੱਚੋਂ ਦੀ ਗੁਜ਼ਰਦੇ। ਦਿਲਬਾਗ ਨੇ ਹੁਣ ਉਨ੍ਹਾਂ ਨੂੰ ਕੂਹਣੀਆਂ ਭਾਰ ਤੁਰਨ ਅਤੇ ਇੱਕ ਪਾਸੇ ਨੂੰ ਲੋਟਣੀਆਂ ਲੈ ਕੇ ਅੱਗੇ ਵਧਣ, ਰੱਸਾ ਚੜ੍ਹਨ ਦੀ ਵੀ ਪ੍ਰੈਕਟਿਸ ਕਰਵਾਉਣੀ ਸ਼ੁਰੂ ਕਰ ਦਿੱਤੀ। ਇਹ ਸਾਰਾ ਕੁਝ ਮਿਲਟਰੀ ਟਰੇਨਿੰਗ ਦਾ ਹਿੱਸਾ ਸੀ। ਦਿਲਬਾਗ ਆਪ ਮਿਲਟਰੀ ਟਰੇਨਿੰਗ ਅਤੇ ਗੁਰੀਲਾ ਵਾਰ ਫੇਅਰ ਬਾਰੇ ਕਿਤਾਬਾਂ ਪੜ੍ਹਨ ਲੱਗਾ। ਉਹਨੂੰ ਪਤਾ ਸੀ, ਦਿਨ ਸਖਤ ਆਉਣ ਵਾਲੇ ਹਨ। ਉਹ ਦੋਹਾਂ ਮੁੰਡਿਆਂ ਨੂੰ ਵੀ ਨਵੇਂ ਹਾਲਾਤ ਬਾਰੇ ਤਿਆਰ ਕਰਨ ਲੱਗਾ। ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰਨ ਲਈ ਦੇਰ ਤੱਕ ਉਨ੍ਹਾਂ ਨਾਲ ਗੱਲਾਂ ਕਰਦਾ। ਇਹ ਗੱਲ ਉਹ ਵਾਰ ਵਾਰ ਕਹਿੰਦਾ ‘ਆਪਾਂ ਮੁੰਡਿਓ ਕੋਈ ਵਧੀਕੀ ਨਹੀਂ ਕਰਨੀ ਕਿਸੇ ਨਾਲ, ਕਿਸੇ ‘ਤੇ ਪਹਿਲਾਂ ਹਮਲਾ ਨ੍ਹੀਂ ਕਰਨਾ, ਪਰ ਜਿਹੜਾ ਸਾਡੇ ਰਾਹ ਵਿੱਚ ਰੋੜਾ ਬਣੂ, ਉਹਨੂੰ ਹਟਾ ਦੇਣਾ। ਜਿਹੜਾ ਚੜ੍ਹ ਕੇ ਆਊ ਉਹਦਾ ਕੀਮਾ ਬਣਾ ਦੇਣਾ।’
ਉਹਨੇ ਸਾਈਨਾਇਡ ਵਾਲੇ ਤਵੀਤਾਂ ਦਾ ਗੁੱਛਾ ਕੱਢਿਆ, ਤਿੰਨ ਤਵੀਤਾਂ ਨੂੰ ਇੱਕ ਅਨੋ੍ਹਬੜ ਸੁਨਿਆਰੇ ਦੇ ਕੋਲ ਬੈਠ ਕੇ ਸੋਨੇ ਦੀਆਂ ਜੰਜੀਰਾਂ ਵਿੱਚ ਇਸ ਤਰ੍ਹਾਂ ਜੜਵਾਇਆ ਕਿ ਇਹ ਚੱਬਣੇ ਸੌਖੇ ਰਹਿਣ। ਇੱਕ ਆਪਣੇ ਗਲ ਵਿੱਚ ਪਾ ਲਿਆ ਅਤੇ ਦੋ ਦੂਜੇ ਮੁੰਡਿਆਂ ਦੇ ਗਲ ਵਿੱਚ ਪਾ ਦਿੱਤੇ; ‘ਇਹ ਹੁਣ ਲਾਹੁਣੇ ਨ੍ਹੀਂ, ਜਾਣ ਤੇ ਤੁਹਾਡੀ ਜਾਨ ਦੇ ਨਾਲ ਹੀ।’ ਦਿਲਬਾਗ ਪਾਠ ਪੂਜਾ ਦਾ ਤਾਂ ਆਦੀ ਨਹੀਂ ਸੀ, ਪਰ ਹੁਣ ਉਹ ਸਵੇਰੇ-ਸ਼ਾਮ ਦਰਬਾਰ ਸਾਹਿਬ ਤੋਂ ਆਉਣ ਵਾਲੇ ਕੀਰਤਨ ਨੂੰ ਸੁਣਨ ਲਗਦਾ। ਟੀ.ਵੀ. ਦੀ ਆਵਾਜ਼ ਉਚੀ ਕਰ ਦਿੰਦਾ ਤਾਂ ਕੇ ਬਾਣੀ ਦੂਜੇ ਮੁੰਡਿਆ ਦੇ ਕੰਨਾਂ ਵਿੱਚ ਪੈਂਦੀ ਰਹੇ। ਕਦੀ ਕਦੀ ਆਪਣੇ ਫੋਨ ਵਿੱਚ ਰਿਕਾਰਡ ਕੀਤੇ ਹੋਏ ਨਿੱਤਨੇਮ ਨੂੰ ਉਚੀ ਕਰਕੇ ਲਗਾ ਦਿੰਦਾ। ਇਹ ਚੀਜਾਂ ਉਸ ਦੀ ਰੂਹ ਨੂੰ ਜਿਵੇਂ ਰਾਹਤ ਬਖਸ਼ਦੀਆਂ। ਗੋਲੂ ਕਦੀ ਕਦੀ ਆਖਦਾ, ‘ਦੇਖੀਂ ਬਾਈ ਸਾਨੂੰ ਛੱਡ ਕੇ ਕਿਸੇ ਗੁਰਦੁਆਰੇ ਦਾ ਭਾਈ ਨਾ ਬਣ ਜੀਂ।’ ਉਹ ਹੱਸ ਪੈਂਦਾ ਤੇ ਆਖਦਾ, ‘ਜੇ ਮੈਂ ਪਾਠੀ ਬਣਿਆ ਤਾਂ ਤੁਸੀਂ ਵੀ ਪਾਠੀ ਹੀ ਬਣੋਗੇ। ਥੋਨੂੰ ਛੱਡ ਕੇ ਕਿਤੇ ਨ੍ਹੀਂ ਜਾਂਦਾ ਮੈਂ, ਇਹ ਪੱਥਰ `ਤੇ ਲਕੀਰ ਰਹੀ।’ ਮੁੰਡੇ ਉਹਦੇ ਮੁਰੀਦ ਹੋ ਜਾਂਦੇ। ਪਿਆਰ ਹੋਰ ਗੂੜ੍ਹਾ ਹੋਣ ਲਗਦਾ।
ਦਿਨੇ ਹੁਣ ਉਨ੍ਹਾਂ ਕੋਲ ਮੱਝਾਂ ਤੇ ਘੋੜਿਆਂ ਦੇ ਖਰੀਦਦਾਰ ਆਉਣ ਲੱਗੇ। ਕਈ ਵਾਰ ਤਾਂ ਸਾਰਾ ਦਿਨ ਮੇਲਾ ਲੱਗਿਆ ਰਹਿੰਦਾ। ਉਹ ਪਸ਼ੂ ਮੇਲਿਆਂ ‘ਤੇ ਵੀ ਆਪਣੀਆਂ ਮੱਝਾਂ ਲਿਜਾਣ ਲੱਗੇ ਸਨ। ਗੋਲੂ ਹੋਰਾਂ ਲਈ ਇਹ ਖਾਸਾ ਰੁਝੇਵਾਂ ਬਣਿਆ ਰਹਿੰਦਾ।
ਇੱਕ ਦਿਨ ਸਵਖਤੇ ਦਿਲਬਾਗ ਨੇ ਸ਼ੀਸ਼ੇ ਮੂਹਰੇ ਖਲੋ ਕੇ ਗੁਲਾਬੀ ਸਾਫਾ ਬੰਨਿ੍ਹਆ, ਜਿਵੇਂ ਜੰਨ ਚੜ੍ਹਨਾ ਹੋਵੇ। ਸਾਫੇ ਨੂੰ ਠੀਕ ਠਾਕ ਕੀਤਾ। ਸਿਰ ‘ਤੇ ਬੰਨ੍ਹੀ ਪੱਗ ਨਾਲ ਉਹਨੂੰ ਉੜਕਾਂ ਦਾ ਰੂਪ ਚੜ੍ਹਿਆ। ਉਹਨੂੰ ਲੱਗਾ, ਮੈਨੂੰ ਪੱਗ ਬੰਨ੍ਹਣੀ ਚਾਹੀਦੀ। ਦੋਨੋ ਮੁੰਡਿਆਂ ਦੇ ਵੀ ਇੱਕੋ ਥਾਨ ਵਿੱਚੋਂ ਪੜਵਾਏ ਸਾਫੇ ਬੰਨ੍ਹਵਾਏ। ਫਿਰ ਉਹ ਤਿੰਨੋਂ ਘੋੜਿਆਂ ਦੀਆਂ ਵਾਗਾਂ ਫੜ ਕੇ ਉਨ੍ਹਾਂ ਨੂੰ ਦੌੜਾਉਣ ਲੱਗੇ। ਖਾਸੀ ਦੂਰ ਤੱਕ ਆਪ ਨਾਲ ਦੌੜੇ, ਜਦੋਂ ਥਕਵਾਟ ਹੋਈ ਤਾਂ ਘੋੜਿਆਂ ‘ਤੇ ਸਵਾਰ ਹੋ ਗਏ। ‘ਅੱਜ ਆਪਾਂ ਥੋੜ੍ਹੀ ਦੂਰ ਜਾਣਾ, ਮੇਰੇ ਮਗਰ ਆਉਂਦੇ ਰਿਹੋ,’ ਦਿਲਬਾਗ ਨੇ ਕਿਹਾ। ਸਤਲੁਜ ਦਰਿਆ ਇੱਥੋਂ 20 ਕੁ ਕਿਲੋਮੀਟਰ ਦੀ ਵਿੱਥ ‘ਤੇ ਸੀ। ਪਿੰਡੋ ਪਿੰਡੀ ਹੁੰਦੇ ਉਹ ਦਰਿਆ ਦੇ ਕੰਢੇ ਜਾ ਪੁੱਜੇ। ਦਿਲਬਾਗ ਉਨ੍ਹਾਂ ਤੋਂ ਕਈ ਵਾਰ ਖਾਸਾ ਦੂਰ ਨਿਕਲ ਜਾਂਦਾ। ਫਿਰ ਰੁਕ ਕੇ ਉਨ੍ਹਾਂ ਨੂੰ ਨਾਲ ਰਲਾ ਲੈਂਦਾ। ਉਹਦੇ ਕੋਲ ਰਾਣੀ (ਘੋੜੀ) ਸੀ। ਇਹ ਘੋੜੀ ਉਹਨੇ ਕਈ ਦੇਰ ਤੋਂ ਵੇਚੀ ਨਹੀਂ ਸੀ। ਚੜ੍ਹਦੇ ਸੂਰਜ ਦੀ ਲਾਲੀ ਉਹਦੇ ਮੂੰਹ ‘ਤੇ ਪੈ ਰਹੀ ਸੀ। ਗੁਲਾਬੀ ਸਾਫੇ ਹੇਠ ਉਹਦਾ ਚਿਹਰਾ ਹੋਰ ਦਗਣ ਲੱਗਾ। ਰਾਣੀ ਨਾਲ ਉਹ ਇਸ ਤਰ੍ਹਾਂ ਖੇਡਦਾ ਜਿਵੇਂ ਸਦੀਆਂ ਤੋਂ ਘੋਵਸਵਾਰੀ ਜਾਣਦਾ ਹੋਵੇ। ਉਹਦੀ ਘੋੜੀ ਹੁਣ ਉਹਦੇ ਨਾਲ ਇੱਕ ਮਿੱਕ ਹੋ ਗਈ ਸੀ। ਉਹਦੇ ਨਾਲ ਇਸ ਤਰ੍ਹਾਂ ਲਾਡ ਕਰਦੀ, ਜਿਵੇਂ ਉਹਦੀ ਰੂਹ ਦਾ ਹੀ ਕੋਈ ਟੋਟਾ ਹੋਵੇ। ਦਰਿਆ ਦੇ ਕੰਢੇ ਜਾ ਕੇ ਉਹ ਰੁਕ ਗਿਆ। ਪੱਧਰੇ ਪੱਤਣ ਤੋਂ ਘੋੜੀ ਨੂੰ ਪਾਣੀ ਪਿਆਇਆ। ਉਹਦੇ ਪਿੰਡੇ ‘ਤੇ ਹੱਥ ਫੇਰਿਆ, ਥਾਪੀ ਦਿੱਤੀ। ਜਦ ਨੂੰ ਅੰਬੇ ਹੋਰੀਂ ਵੀ ਪੁੱਜ ਗਏ। ਉਨ੍ਹਾਂ ਤਿੰਨਾਂ ਘੋੜਿਆਂ ਨੂੰ ਲਾਗੇ ਖੜ੍ਹੇ ਦਰਖਤਾਂ ਨਾਲ ਬੰਨ੍ਹ ਦਿੱਤਾ। ਦਰਿਆ ਕੰਢੇ ਖਲੋ ਕੇ ਦਿਲਬਾਗ ਨੇ ਦੋਹਾਂ ਮੁੰਡਿਆਂ ਨੂੰ ਗਲਵੱਕੜੀ ਵਿੱਚ ਲੈ ਲਿਆ। ‘ਮਿੰਟ ਕੁ ਖਲੋ ਜੋ ਗੋਲੂ-ਅੰਬੇ ਸੂਰਜ ਵੱਲ ਨੂੰ ਮੂੰਹ ਕਰਕੇ, ਵਗਦਾ ਦਰਿਆ ਆਪਣੀ ਫੋਟੋ ਖਿੱਚ ਲਵੇ। ਆਪਾਂ ਕੱਚੀਆਂ ਫੋਟੋਆਂ ਨੀ ਖਿਚਾਉਣੀਆਂ। ਸ਼ੋਹਰਤਾਂ, ਜ਼ਿੰਮੇਵਾਰੀਆ ਨ੍ਹੀਂ ਚਾਹੀਦੀਆਂ ਆਪਾਂ ਨੂੰ। ਇਹ ਧਰਤੀ, ਇਹ ਵਗਦੇ ਪਾਣੀ ਆਪਾਂ ਨੂੰ ਯਾਦ ਰੱਖਣ, ਬਸ ਇੰਨੀ ਕੁ ਹੀ ਰੀਝ ਰਹੇ। ਇਹਦੇ ਹੀ ਜਾਏ ਹਾਂ ਆਪਾਂ, ਇਹਦੇ ਲਈ ਹੀ ਮਰ ਮਿਟ ਜਾਣਾ।’ ਇੱਕੋ ਥਾਨ ਵਿੱਚੋਂ ਪੜਵਾਏ ਗੁਲਾਬੀ ਸਾਫਿਆਂ ਹੇਠ ਤਿੰਨਾਂ ਦੇ ਚਿਹਰੇ ਸੂਰਜ ਨਾਲ ਸੂਰਜ ਹੋ ਗਏ। ਸਤਲੁਜ ਉਨ੍ਹਾਂ ਦੀਆਂ ਅੱਖਾਂ ਵਿੱਚ ਵੀ ਵਗਣ ਲੱਗਾ। ਸਤਲੁਜ ਨੇ ਉਨ੍ਹਾਂ ਦੇ ਅਕਸ ਵੀ ਉਤਾਰ ਲਏ ਸਨ।

ਇਹ ਐਤਵਾਰ ਦਾ ਦਿਨ ਸੀ। ਦਿਲਬਾਗ ਅੱਜ ਤੜਕੇ ਉੱਠ ਖਲੋਇਆ ਸੀ। ਕਿਸੇ ਅਵੱਲੇ ਜਿਹੇ ਸੁਪਨੇ ਨੇ ਉਸ ਦੀ ਨੀਂਦ ਤੋੜ ਦਿੱਤੀ। ਫਿਰ ਕਈ ਦੇਰ ਉਹ ਬਿਸਤਰੇ ਵਿੱਚ ਪਿਆ ਰਿਹਾ, ਪਰ ਨੀਂਦ ਨਾ ਆਈ। ਸਵੇਰ ਦੇ ਸਾਡੇ ਚਾਰ ਵੱਜ ਗਏ। ਉਸ ਨੇ ਆਪਣੇ ਫੋਨ ਵਿੱਚ ਰਿਕਾਰਡ ਨਿੱਤਨੇਮ ਲਗਾ ਲਿਆ। ਮਨ ਨੂੰ ਕੁਝ ਸਕੂਨ ਆਇਆ। ਹਿੰਮਤ ਕਰ ਕੇ ਉਹ ਉੱਠ ਖਲੋਇਆ, ਆਪਣੇ ਲਈ ਚਾਹ ਦਾ ਕੱਪ ਬਣਾਇਆ। ਚਾਹ ਪੀਂਦਿਆਂ ਬਾਣੀ ਚਲਦੀ ਰਹੀ। ਨਿੱਤਨੇਮ ਦੇ ਪੂਰਾ ਹੋਣ ਤੱਕ ਉਹਦਾ ਮਨ ਸਕੂਨ ਵਿੱਚ ਰਿਹਾ। ਪਾਠ ਦੇ ਖਤਮ ਹੁੰਦਿਆਂ ਹੀ ਮਨ ਵਿੱਚ ਫਿਰ ਸੁਪਨੇ ਵਾਲੀ ਰੀਲ ਚੱਲ ਪਈ। ਪੈਹ ਸੀਰਨ ਵੇਲੇ ਤੱਕ ਛੋਟੇ ਵੀ ਉਠ ਖਲੋਏ ਸਨ। ਉਹ ਪੂਰਬੀਏ ਨਾਲ ਮਿਲ ਕੇ ਪਸ਼ੂਆਂ ਨੂੰ ਪੱਠੇ ਪਾਉਣ ਲੱਗੇ। ਫਿਰ ਧਾਰਾਂ ਕੱਢਣ ਲੱਗੇ। ਇਹ ਸਾਰਾ ਸਮਾਂ ਦਿਲਬਾਗ ਵਿਹੜੇ ਵਿੱਚ ਇਕੱਲਾ ਘੁੰਮਦਾ ਰਿਹਾ। ਕੰਮ ਮੁਕਾ ਕੇ ਛੋਟੇ ਵੀ ਉਹਦੇ ਮਗਰ ਘੁੰਮਣ ਲੱਗੇ। ‘ਕਿਵੇਂ ਬਾਈ ਅੱਜ ਉਖੜਿਆ ਜਿਹਾ ਫਿਰਦਾਂ,’ ਅੰਬੇ ਨੇ ਉਹਦੇ ਮਗਰ ਹੁੰਦਿਆਂ ਗੱਲ ਤੋਰੀ। ਨੌਕਰ ਪਸ਼ੂਆਂ ਨੂੰ ਨਹਾਉਣ-ਧੋਣ ਦੇ ਕੰਮ ਵਿੱਚ ਰੁੱਝਿਆ ਹੋਇਆ ਸੀ। ਉਹ ਦੋਹਾਂ ਨੂੰ ਅੰਦਰ ਲੈ ਗਿਆ। ‘ਦਰਵਾਜ਼ਾ ਬੰਦ ਕਰਦੇ ਗੋਲੂ ਤੇ ਅੰਦਰੋਂ ਕੁੰਡੀ ਮਾਰ ਦੇ।’ ਦਿਲਬਾਗ ਨੇ ਗੋਲੂ ਨੂੰ ਜਿਵੇਂ ਹਦਾਇਤ ਕੀਤੀ। ਉਹਨੇ ਬੂਹਾ ਭੇੜ ਕੇ ਕੁੰਡੀ ਮਾਰ ਦਿੱਤੀ। ਉਹ ਤਿੰਨੋ ਡਾਈਨਿੰਗ ਟੇਬਲ ‘ਤੇ ਆਹਮੋ-ਸਾਹਮਣੇ ਬੈਠ ਗਏ। ‘ਤੈਨੂੰ ਭਾਈ ਗੁਲਵਿੰਦਰ ਸਿਆਂ ਹੁਣ ਸਾਡੇ ਨਾਲੋਂ ਵੱਖਰਾ ਹੋਣਾ ਪੈਣਾ’ ਗੋਲੂ ਵੱਲ ਇਸ਼ਾਰਾ ਕਰਕੇ ਦਿਲਬਾਗ ਨੇ ਸਹਿਜ ਭਾਅ ਆਖਿਆ।
‘ਕਿਉਂ ਬਾਈ ਮੈਥੋਂ ਕੀ ਗਲਤੀ ਹੋ`ਗੀ!’ ਗੋਲੂ ਹੈਰਾਨ ਜਿਹਾ ਹੋ ਕੇ ਬੋਲਿਆ।
‘ਗਲਤੀ ਕੋਈ ਨ੍ਹੀਂ ਹੋਈ ਤੈਥੋਂ, ਪਰ ਆਪਣਾ ਸਾਰਿਆਂ ਦਾ ਇੱਕ ਥਾਂ ਰਹਿਣਾ ਹੁਣ ਠੀਕ ਨ੍ਹੀਂ। ਤੂੰ ਸਤਲੁਜ ਦੇ ਆਰ-ਪਾਰ ਕਿਸੇ ਪਿੰਡ/ਕਸਬੇ ਵਿੱਚ ਕੋਈ ਕਿਰਾਏ ਦਾ ਮਕਾਨ ਵੇਖ। ਉਥੇ ਆਪਣੇ ਬੇਬੇ-ਬਾਪੂ ਨੂੰ ਵੀ ਨਾਲ ਰੱਖ। ਜੇ ਆਉਂਦਾ ਤਾਂ ਸੀਤੇ ਨੂੰ ਵੀ ਨਾਲ ਲੈ ਆਵੀਂ। ਛੋਟੀ-ਮੋਟੀ ਕੋਈ ਦੁਕਾਨ ਵਗੈਰ ਪਾ ਦਈਂ ਉਨ੍ਹਾਂ ਨੂੰ ਪਰਚੂਨ ਵਗੈਰਾ ਦੀ। ਬਜ਼ੁਰਗ ਤੇ ਮਾਤਾ ਰੁੱਝੇ ਰਿਹਾ ਕਰਨਗੇ। ਇੱਕ-ਦੋ ਛੋਟੇ ਤੇ ਇੱਕ-ਅੱਧਾ ਵੱਡਾ ਹਥਿਆਰ ਲੈ ਜਾ ਨਾਲ। ਇੱਕ-ਅੱਧੀ ਰੌਂਦਾਂ ਦੀ ਪੇਟੀ ਵੀ ਲੈ ਜਾ। ਵਧ ਚਾਹੀਦੇ, ਹੋਰ ਲੈ ਜਾ। ਕੁਝ ਪੈਸੇ ਦੇ ਦੇਨਾਂ ਮੈਂ ਤੈਨੂੰ। ਜੇ ਛੋਟਾ-ਮੋਟਾ ਮਕਾਨ ਸਸਤਾ ਮਿਲ ਜਾਵੇ ਤਾਂ ਆਪਣਾ ਹੀ ਖਰੀਦ ਲਵੀਂ। ਇਹ ਕੰਮ ਜਿੰਨਾ ਛੇਤੀ ਹੋ ਸਕੇ, ਕਰੀਂ। ਜੇ ਕਦੀ ਤੈਨੂੰ ਪਤਾ ਲੱਗੇ ਬਈ ਅਸੀਂ ਘਿਰ ਗਏ ਹਾਂ ਤਾਂ ਤੁਰੰਤ ਬਾਹਰੋਂ ਹਮਲਾ ਕਰਨ ਦਾ ਯਤਨ ਕਰੀਂ। ਮਜ਼ਲੂਮ ‘ਤੇ ਹੱਥ ਨ੍ਹੀਂ ਚੁੱਕਣਾ, ਅਰਾਮ ਨਾਲ ਰਹਿਣਾ, ਆਲੇ-ਦੁਆਲੇ ਨਾਲ ਬਣਾ ਕੇ ਰੱਖਣੀ। ਲਾਲਚ ਲਈ ਕੋਈ ਕੰਮ ਨਾ ਕਰੀਂ। ਕੋਈ ਜ਼ਰੂਰਤ ਹੋਵੇ ਤਾਂ ਮੇਰੇ ਕੋਲ ਆ ਜਾਵੀਂ ਜਾਂ ਵੀਰਦੀਪ ਦੀ ਸਲਾਹ ਲਵੀਂ। ਆਪਾਂ ਮਿਲਦੇ ਰਹਾਂਗੇ, ਪਰ ਸਾਨੂੰ ਆਪਣਾ ਟਿਕਾਣਾ ਨਾ ਦੱਸੀਂ। ਕੋਈ ਬੰਦਾ ਆਪਣੇ ਨਾਲ ਜੋੜਨਾ ਹੋਵੇ ਤਾਂ ਬੜਾ ਵੇਖ-ਪਰਖ ਕੇ ਜੋੜੀਂ। ਕੰਪਿਊਟਰ ਤੇ ਲੈਟਰ ਪੈਡ ਵਗੈਰਾ ਵੀ ਲੈ ਜਾ ਚੁੱਕ ਕੇ। ਪਰ ਹਾਲੇ ਜ਼ਿੰਮੇਵਾਰੀਆਂ ਵਾਲੇ ਚੱਕਰ ‘ਚ ਨਾ ਪਵੀਂ। ਹਾਲੇ ਆਪਾਂ ਇੰਨੇ ਜੋਗੇ ਨ੍ਹੀਂ ਹੋਏ।’ ਦਿਲਬਾਗ ਨੇ ਅੱਜ ਉਹਨੂੰ ਲੰਮੀ ਤਾਕੀਦ ਕੀਤੀ।
‘ਪਰ ਕਿਉਂ ਬਾਈ?’ ਗੋਲੂ ਉਦਾਸ ਹੋ ਗਿਆ।
‘ਕਿਉਂ ਤਾਂ ਅੱਧੀ ਲੜਾਈ ਹੁੰਦੀ ਗੋਲੂ, ਹੁਣ ਤੂੰ ਉਡਾਰ ਹੋ ਗਿਆਂ, ਜਿਵੇਂ ਮੈਂ ਕਹਿੰਨਾ ਉਵੇਂ ਕਰ। ਇਹਦੇ ਵਿੱਚ ਹੀ ਆਪਣਾ ਸਾਰਿਆਂ ਦਾ ਭਲਾ ਤੇ ਅੱਜ ਹੀ ਨਿਕਲ ਜਾ।’ ਦਿਲਬਾਗ ਨੇ ਮੁੰਡੇ ਦੇ ਸਾਰੇ ਸਵਾਲ ਸ਼ਾਂਤ ਕਰ ਦਿੱਤੇ।

ਅਗਲੇ ਇੱਕ-ਦੋ ਕੁ ਦਿਨ ਗੋਲੂ ਸਤਲੁਜ ਦੇ ਦੁਆਬੇ ਅਤੇ ਮਾਲਵੇ ਵਾਲੇ ਪਾਸੇ ਰਿਮੋਟ ਜਿਹੇ ਪਿੰਡਾਂ/ਕਸਬਿਆਂ ਵਿੱਚ ਘੁੰਮਦਾ ਰਿਹਾ। ਆਪਣੇ ਕਬੱਡੀ ਵਾਲੇ ਦਿਨਾਂ ਦੇ ਕੁਝ ਦੋਸਤਾਂ ਨੂੰ ਮਿਲਿਆ। ਅਖੀਰ ਦਰਿਆ ਤੋਂ ਦਸ ਕੁ ਕਿਲੋਮੀਟਰ ਦੂਰ ਇੱਕ ਰਿਮੋਟ ਜਿਹੇ ਪਿੰਡ ਵਿੱਚ ਕਿਸੇ ਪਰਵਾਸੀ ਦੀ ਕੋਠੀ ਉਸ ਨੂੰ ਮਿਲ ਗਈ। ਘਰ ਦਾ ਸਾਰਾ ਸਾਜ਼ੋ ਸਮਾਨ ਅਤੇ ਹੋਰ ਨਿੱਕ-ਸੁੱਕ ਦੇ ਕੇ ਦਿਲਬਾਗ ਨੇ ਉਸ ਨੂੰ ਨਾਲ ਦਸ ਲੱਖ ਰੁਪਏ ਦੇ ਦਿੱਤੇ। ਅਗਲੇ ਦਿਨ ਤੜਕੇ ਢਾਈ ਵਜੇ ਉਹ ਆਪਣੇ ਪਿੰਡ ਗਿਆ। ਬਾਪੂ ਬੇਬੇ ਨੂੰ ਜ਼ਰੂਰੀ ਜਿਹਾ ਸਮਾਨ ਬੰਨ੍ਹਣ ਲਈ ਕਿਹਾ ਅਤੇ ਘਰ ਨੂੰ ਜੰਦਰਾ ਮਾਰ ਕੇ ਨਵੀਂ ਕੋਠੀ ਵਿੱਚ ਲੈ ਆਇਆ। ਇੰਨਾ ਖੁੱਲ੍ਹਾ ਤੇ ਸੋਹਣਾ ਮਕਾਨ ਵੇਖ ਕੇ ਇੱਕ ਵਾਰ ਤਾਂ ਮਾਪਿਆਂ ਦੀ ਰੂਹ ਖੁਸ਼ ਹੋ ਗਈ। ਇੱਕ ਬੈਠਕ ਦਾ ਬੂਹਾ ਪਿੰਡ ਦੀ ਫਿਰਨੀ ਵੱਲ ਖੁੱਲ੍ਹਦਾ ਸੀ। ਉਸ ਵਿੱਚ ਬੇਬੇ-ਬਾਪੂ ਲਈ ਗੋਲੂ ਨੇ ਪਰਚੂਨ ਦੀ ਦੁਕਾਨ ਖੋਲ੍ਹ ਦਿੱਤੀ। ਵਾਹਵਾ ਸਮਾਨ ਪਾ ਦਿੱਤਾ ਸੀ। ਬਜ਼ੁਰਗ ਛੇਤੀ ਹੀ ਨਵੀਂ ਜਿੰਦਗੀ ਵਿੱਚ ਰੁਝ ਗਏ। ਇੰਨੇ ਸੁਖਾਵੇਂ ਤੇ ਖੁੱਲ੍ਹੇ-ਡੁੱਲ੍ਹੇ ਥਾਂ ਰਹਿਣ ਦਾ ਉਨ੍ਹਾਂ ਕਦੇ ਸੁਪਨਾ ਵੀ ਨਹੀਂ ਸੀ ਲਿਆ। ਥੋੜ੍ਹੇ ਦਿਨਾਂ ਵਿੱਚ ਦੁਕਾਨ ਚੰਗੀ ਚਲ ਪਈ। ਕੋਠੀ ਵਿੱਚ ਕਮਰੇ ਵਾਧੂ ਸਨ। ਉਨ੍ਹਾਂ ਸਿਰਫ ਚਾਰ ਕਮਰੇ ਹੀ ਖੁਲ੍ਹਵਾਏ, ਇੱਕ ਬੇਬੇ-ਬਾਪੂ ਲਈ, ਇੱਕ ਦੁਕਾਨ ਲਈ ਤੇ ਦੋ ਗੋਲੂ ਨੇ ਆਪਣੇ ਲਈ। ਉਨ੍ਹਾਂ ਦੇ ਵਰਤਣ ਲਈ ਇੱਕ ਰਸੋਈ ਵੀ ਖੋਲ੍ਹ ਦਿੱਤੀ ਗਈ ਸੀ। ਗੋਲੂ ਨੇ ਆਪਣਾ ਅਸਲਾ ਵਗੈਰਾ ਅਤੇ ਆਪਣਾ ਜ਼ਰੂਰੀ ਸਮਾਨ ਆਪਣੇ ਲਈ ਖਰੀਦੀ ਵੱਖਰੀ ਪੇਟੀ ਵਿੱਚ ਰੱਖ ਲਿਆ ਸੀ। ਸੀਤੇ ਨੂੰ ਹਾਲ ਦੀ ਘੜੀ ਉਨ੍ਹਾਂ ਉਥੇ ਹੀ ਰਹਿਣ ਦਿੱਤਾ, ਜਿਥੇ ਉਹ ਰਹਿੰਦਾ ਸੀ।

ਰਾਤ ਵੇਲੇ ਤਾਂ ਦਿਲਬਾਗ ਪੁਲਿਸ ਦੀ ਨਕਲੋ ਹਰਕਤ ਤੋਂ ਸੁਚੇਤ ਰਹਿੰਦਾ ਸੀ। ਦਿਨ ਵੇਲੇ ਥੋੜ੍ਹਾ ਅਵੇਸਲਾ ਹੋ ਜਾਂਦਾ। ਕੁਝ ਸਮਾਂ ਲੰਘਣ ਤੋਂ ਬਾਅਦ ਉਹਨੂੰ ਜਾਪਣ ਲੱਗਾ ਸੀ ਬਈ ਸੁਪਨੇ-ਸੁਪਨੇ ਹੁੰਦੇ ਹਨ, ਬਹੁਤਾ ਡਰਨ ਦੀ ਵੀ ਲੋੜ ਨਹੀਂ। ਬੇਫਿਕਰੀ ਉਸ ਦੇ ਸੁਭਾਅ ਦਾ ਹਿੱਸਾ ਸੀ। ਉਹ ਤੇ ਅੰਬਾ ਹੁਣ ਫਿਰ ਸਵੇਰੇ ਘੋੜਸਵਾਰੀ ਲਈ ਨਿਕਲਦੇ। ਗੋਲੂ ਦੇ ਜਾਣ ਤੋਂ ਬਾਅਦ ਕੁਝ ਦਿਨ ਤੱਕ ਘੋੜ ਸਵਾਰੀ ਵੇਲੇ ਉਹ ਛੋਟੇ ਹਥਿਆਰ ਨਾਲ ਰੱਖਦੇ ਰਹੇ। ਫਿਰ ਉਨ੍ਹਾਂ ਨੂੰ ਲੱਗਾ ਇਨ੍ਹਾਂ ਦੇ ਨਾਲ ਹੋਣ ‘ਤੇ ਦੌੜਨ ਵਿੱਚ ਦਿੱਕਤ ਆਉਂਦੀ ਹੈ। ਹੁਣ ਉਹ ਸਵੇਰ ਵੇਲੇ ਬਿਨਾ ਹਥਿਆਰਾਂ ਤੋਂ ਹੀ ਘੋੜ ਸਵਾਰੀ ਕਰਨ ਨਿਕਲ ਜਾਂਦੇ। ਦਿਲਬਾਗ ਕੋਲ ਰਾਣੀ ਹੁੰਦੀ ਤੇ ਅੰਬਾ ਹਰ ਆਏ ਦਿਨ ਬਦਲ-ਬਦਲ ਕੇ ਘੋੜਾ ਲੈ ਜਾਂਦਾ। ਇੰਜ ਚਾਰਾਂ-ਪੰਜਾਂ ਜਾਨਵਰਾਂ ਦੀ ਪ੍ਰੈਕਟਿਸ ਹੋ ਜਾਂਦੀ ਸੀ। ਫਿਰ ਤਿੰਨ ਘੋੜੇ ਉਨ੍ਹਾਂ ਵੇਚ ਦਿੱਤੇ ਅਤੇ ਰਾਣੀ ਤੇ ਜੈਮਲ ਦੀ ਉਹ ਰੋਜ਼ ਪ੍ਰੈਕਟਿਸ ਕਰਵਾਉਣ ਲੱਗੇ। ਜੈਮਲ ਅੰਬੇ ਨੇ ਆਪਣੇ ਖਾਸ ਘੋੜੇ ਦਾ ਨਾਂ ਰੱਖਿਆ ਹੋਇਆ ਸੀ।
ਇੱਕ ਦਿਨ ਉਹ ਬਾਅਦ ਦੁਪਹਿਰ ਦੋ ਕੁ ਵਜੇ ਘੋੜੇ ਲੈ ਕੇ ਨਿਕਲੇ। ਕਿਸੇ ਕਾਰਨ ਸਵੇਰੇ ਜਾ ਨਹੀਂ ਸਨ ਸਕੇ। ਦਿਲਬਾਗ ਦਾ ਮਨ ਸੀ ਕੇ ਅੱਜ ਘੋੜਿਆਂ ਨਾਲ ਦਰਿਆ ਪਾਰ ਕਰਕੇ ਵੇਖਦੇ ਹਾਂ। ਉਨ੍ਹਾਂ ਨੂੰ ਨਿਕਲਿਆਂ ਨੂੰ ਪੌਣਾ ਕੁ ਘੰਟਾ ਹੋਇਆ ਸੀ ਕਿ ਪਿੱਛੋਂ ਕੋਠੀ ਨੂੰ ਪੁਲਿਸ ਦਾ ਘੇਰਾ ਪੈ ਗਿਆ। ਘੇਰਾ ਪੰਜਾਬ, ਯੂ.ਪੀ. ਦੀ ਪੁਲਿਸ ਤੇ ਨੀਮ ਫੌਜੀ ਦਲਾਂ ਨੇ ਸਾਂਝੇ ਰੂਪ ਵਿੱਚ ਪਾਇਆ ਸੀ। ਮੁਸਲਮਾਨ ਮੁੰਡਾ ਸਲੀਮ ਪੁਲਿਸ ਦੀ ਹਿਰਾਸਤ ਵਿੱਚ ਸੀ। ਦਿਲਬਾਗ ਹੋਰੀਂ ਸਤਲੁਜ ਤੋਂ ਦੋ ਕੁ ਮੀਲ ਹੀ ਦੂਰ ਸਨ ਕਿ ਤਿੰਨ ਪਾਸਿਆਂ ਤੋਂ ਉਨ੍ਹਾਂ ‘ਤੇ ਫਾਇਰਿੰਗ ਹੋਣ ਲੱਗੀ। ਉਹ ਘੋੜਿਆਂ ਦੀਆਂ ਕਾਠੀਆਂ ‘ਤੇ ਲੰਮੇ ਪੈ ਗਏ ਅਤੇ ਸਿਰ ਤੋੜ ਦਰਿਆ ਵੱਲ ਨਿਕਲੇ। ਉਨ੍ਹਾਂ ਕੋਲ ਦੋ ਹੀ ਰਾਹ ਸੰਨ ਜਾਂ ਤੇ ਆਤਮ-ਸਮਰਪਣ ਕਰਨ ਜਾਂ ਫਿਰ ਦਰਿਆ ਵਿੱਚ ਘੋੜੇ ਠਿੱਲ੍ਹਣ ਤੇ ਘੇਰਾ ਤੋੜ ਕੇ ਲੰਘ ਜਾਵਣ। ਦਰਿਆ ਵਿੱਚ ਜੈਮਲ ਨੂੰ ਠਿਲ੍ਹਣ ਤੋਂ ਪਹਿਲਾਂ ਅੰਬਾ ਥੋੜ੍ਹਾ ਜਿਹਾ ਸਿਰ ਚੁੱਕ ਕੇ ਪਿੱਛੇ ਵੇਖਣ ਲੱਗਾ। ਗੋਲੀ ਉਸ ਦੇ ਸਿਰ ਨੂੰ ਚੀਰਦੀ ਹੋਈ ਲੰਘੀ। ਅਗਲੀ ਗੋਲੀ ਨਾਲ ਜੈਮਲ ਵੀ ਜ਼ਖਮੀ ਹੋ ਕੇ ਡਿੱਗ ਪਿਆ। ਦਿਲਬਾਗ ਨੇ ਬਿਨਾ ਅੱਗਾ-ਪਿੱਛਾ ਵੇਖੇ ਰਾਣੀ ਦਰਿਆ ਵਿੱਚ ਠਿੱਲ੍ਹ ਦਿੱਤੀ। ਘੋੜੀ ਹਵਾ ਵਾਂਗ ਪਾਣੀ ਨੂੰ ਚੀਰਦੀ ਪਾਰ ਲੰਘ ਗਈ। ਰਾਣੀ ਦੀ ਪਿੱਠ ਨਾਲ ਚਿਪਕਿਆ ਉਹ ਇੱਕ ਢਲਾਨ ਵੇਖ ਕੇ ਦੁਆਬੇ ਵਾਲੇ ਪਾਸੇ ਦਰਿਆ ਦੀ ਪੰਧੜੀ ਚੜ੍ਹ ਗਿਆ। ਪੰਧੜੀ ਤੋਂ ਪਾਰ ਉਤਰ ਕੇ ਉਹਨੂੰ ਲੱਗਾ ਕਿ ਹੁਣ ਉਸ ਨੇ ਘੇਰਾ ਤੋੜ ਦਿੱਤਾ ਹੈ। ਪਿਛੋਂ ਪੰਧੜੀ ਦੀ ਓਟ ਮਿਲ ਗਈ ਸੀ। ਉਹਨੇ ਸਿਰ ਚੁੱਕ ਕੇ ਘੋੜੀ ਸਿੱਧੀ ਸਰਪਟ ਦੌੜਾਈ। ਉਹ ਹਾਲੇ ਥੋੜ੍ਹਾ ਜਿਹਾ ਹੀ ਅੱਗੇ ਗਿਆ ਸੀ ਕਿ ਤਿੰਨ ਗੋਲੀਆਂ ਉਸ ਦੀ ਹਿੱਕ ਵਿੱਚ ਵੱਜੀਆਂ। ਪੰਤਾਲੇ ਵਾਂਗ ਖੂਨ ਵਗਿਆ। ਅਸਲ ਵਿੱਚ ਪੁਲਿਸ ਨੇ ਅੱਗੜ-ਪਿੱਛੜ ਤੀਹਰਾ ਘੇਰਾ ਪਾਇਆ ਹੋਇਆ ਸੀ, ਸਤਲੁਜ ਦੇ ਆਰ-ਪਾਰ। ਰਾਣੀ ਦੀ ਕਾਠੀ ਖੂਨ ਨਾਲ ਭਿੱਜ ਗਈ। ਦਿਲਬਾਗ ਜ਼ਮੀਨ ਉਪਰ ਡਿੱਗਾ। ਡਿੱਗਦੀ ਸਾਰ ਉਸਦੇ ਪ੍ਰਾਣ ਪੰਖੇਰੂ ਹੋ ਗਏ। ਘੋੜੀ ਅੱਗੇ ਹੀ ਅੱਗੇ ਦੌੜਦੀ ਗਈ। ਪੁਲਿਸ ਘੋੜੀ ਨੂੰ ਛੱਡ ਕੇ ਉਸਦੀ ਲਾਸ਼ ਦੇ ਦੁਆਲੇ ਇਕੱਠੀ ਹੋ ਗਈ। ਰਾਣੀ ਹਨੇਰਾ ਹੋਣ ਵੇਲੇ ਤੱਕ ਕਈ ਪਿੰਡਾਂ ਦੀਆਂ ਜੂਹਾਂ ਵਿੱਚ ਫਿਰਦੀ ਰਹੀ। ਕੋਈ ਬੰਦਾ ਉਸ ਦੇ ਲਾਗੇ ਹੋਣ ਜਾਂ ਉਹਨੂੰ ਫੜਨ ਦਾ ਯਤਨ ਕਰਦਾ, ਉਹ ਫਿਰ ਸਰਪਟ ਦੌੜਨ ਲਗਦੀ ਜਾਂ ਦੁਲੱਤੇ ਮਾਰਨ ਲਗਦੀ। ਕਣਕ ਨਿੱਸਰਨ ‘ਤੇ ਆਈ ਹੋਈ ਸੀ। ਤਰੇਲ ਨੇ ਉਸ ਨੂੰ ਪੱਟਾਂ ਤੱਕ ਭਿਉਂ ਦਿੱਤਾ।

ਗੋਲੂ ਨੂੰ ਅੱਜ ਤੜਕੇ ਇੱਕ ਭਿਆਨਕ ਸੁਪਨਾ ਆਇਆ। ਉਹ ਅੱਧ ਸੁੱਤੇ ਦੀ ਹਾਲਤ ਵਿੱਚ ਸੀ। ਸੁਪਨੇ ਵਿੱਚ ਉਸ ਨੂੰ ਵਿਖਾਈ ਦਿੱਤਾ ਕਿ ਰਾਣੀ ਦੀ ਪਿੱਠ ‘ਤੇ ਲੰਮਾ ਪਿਆ ਬੁਰੀ ਤਰ੍ਹਾਂ ਜ਼ਖਮੀ ਦਿਲਬਾਗ ਬੰਦੂਕ ਦੀ ਨਾਲੀ ਨਾਲ ਉਸ ਦਾ ਬੂਹਾ ਖੜਕਾ ਰਿਹਾ ਹੈ। ਸੁਪਨੇ ਨਾਲ ਗੋਲੂ ਦੀ ਨੀਂਦ ਖੁੱਲ੍ਹ ਗਈ। ਚੱਲ ਰਿਹਾ ਸੁਪਨਾ ਇਕਦਮ ਟੁੱਟਿਆ। ਉਸ ਦਾ ਸਰੀਰ ਪਸੀਨੇ ਨਾਲ ਭਿੱਜਿਆ ਪਿਆ ਸੀ। ਸਰੀਰ ‘ਤੇ ਜਿਵੇਂ ਮਣਾ ਮੂੰਹੀਂ ਭਾਰ ਪਿਆ ਹੋਵੇ। ਐਨ ਇਸੇ ਵਕਤ ਘਰ ਦਾ ਬਾਹਰਲਾ ਬੂਹਾ ਜ਼ੋਰ ਨਾਲ ਖੜਕਿਆ। ਗੋਲੂ ਨੇ ਖੇਸ ਦੀ ਬੁੱਕਲ ਮਾਰੀ। ਆਪਣੇ ਸਿਰਹਾਣੇ ਪਿਆ ਪਿਸਤੌਲ ਚੁੱਕਿਆ, ਵਿਹੜੇ ਵਾਲੇ ਗੇਟ ਵੱਲ ਤੁਰ ਪਿਆ। ‘ਕੌਣ ਹੈ ਬਈ’, ਉਸ ਨੇ ਆਵਾਜ਼ ਦਿੱਤੀ। ਕੋਈ ਮਨੁੱਖੀ ਆਵਾਜ਼ ਨਾ ਆਈ। ਬੂਹੇ ਦੇ ਬਾਹਰੋਂ ਰਾਣੀ ਦੇ ਹਿਣਕਣ ਦੀ ਆਵਾਜ਼ ਆਈ। ਉਸ ਨੇ ਬੂਹੇ ਦੀ ਸਾਈਡ ਵਾਲੀ ਝੀਥ ਵਿੱਚ ਦੀ ਵੇਖਣ ਦਾ ਯਤਨ ਕੀਤਾ। ਕੋਈ ਜਾਨਵਰ ਬੂਹੇ ਅੱਗੇ ਖੜ੍ਹਾ ਸੀ। ਗੋਲੂ ਦੀ ਉਂਗਲ ਪਿਸਤੌਲ ਦੇ ਘੋੜੇ ‘ਤੇ ਤਣ ਗਈ। ਉਹਨੇ ਲੋਹੇ ਦੇ ਭਾਰੀ ਬੂਹੇ ਦੇ ਪਿੱਛੇ ਖਲੋਂਦਿਆਂ ਬੂਹਾ ਆਪਣੇ ਵੱਲ ਖਿੱਚਿਆ। ਇੱਕ ਪਾਸੇ ਦਾ ਦਰਵਾਜ਼ਾ ਖੁੱਲ੍ਹ ਗਿਆ। ਰਾਣੀ ਆਪਣੇ ਆਪ ਅੰਦਰ ਆ ਗਈ। ਫੋਨ ਦੀ ਮੱਧਮ ਜਿਹੀ ਲਾਈਟ ਵਿੱਚ ਧਿਆਨ ਨਾਲ ਵੇਖਿਆ, ਠੰਡ ਨਾਲ ਕੰਬਦੀ ਲਿੱਬੜੀ-ਤਿੱਬੜੀ ਰਾਣੀ ਉਸ ਦੇ ਵਿਹੜੇ ਵਿੱਚ ਖੜ੍ਹੀ ਸੀ। ਉਹਨੇ ਬੂਹੇ ਦੇ ਪਿੱਛੇ ਰਹਿੰਦਿਆਂ ਹੀ ਦਰਵਾਜ਼ਾ ਬੰਦ ਕਰ ਦਿੱਤਾ। ‘ਦਿਲਬਾਗ ਕਿੱਥੇ ਹੈ?’ ਗੋਲੂ ਨੇ ਜਿਵੇਂ ਆਪਣੇ ਆਪ ਤੇ ਰਾਣੀ- ਦੋਵਾਂ ਨੂੰ ਪੁੱਛਿਆ ਹੋਵੇ। ਉਹ ਹੌਸਲਾ ਕਰਕੇ ਛੋਟੇ ਦਰਵਾਜ਼ੇ ਵਿੱਚ ਦੀ ਬਾਹਰ ਨਿਕਲਿਆ ਅਤੇ ਫੋਨ ਦੀ ਲਾਈਟ ਦੂਰ ਤੱਕ ਮਾਰੀ। ਕਿਧਰੇ ਕੋਈ ਨਹੀਂ ਸੀ। ਤੜਕੇ ਢਾਈ ਵਜੇ ਰਾਣੀ ਇਕੱਲੀ ਅਟਕਦੀ-ਭਟਕਦੀ ਜਿਹੀ ਗੋਲੂ ਦੇ ਵਿਹੜੇ ਆਣ ਪੁੱਜੀ ਸੀ। ਫਿਰ ਉਹਨੇ ਦਰਵਾਜ਼ਾ ਬੰਦ ਕੀਤਾ। ਕਾਠੀ ‘ਤੇ ਹੱਥ ਫੇਰਿਆ। ਉਹਦੇ ਹੱਥ ਗਾੜ੍ਹੇ ਹੋ ਗਏ ਖੂਨ ਨਾਲ ਚਿਪਕ ਗਏ। ਗੋਲੂ ਨੂੰ ਲੱਗਾ ਭਾਣਾ ਵਾਪਰ ਚੁੱਕਾ ਹੈ। ਗੁਲਵਿੰਦਰ ਨੇ ਫੋਨ ਜੇਬ ਵਿੱਚ ਪਾਇਆ ਤੇ ਰਾਣੀ ਦੇ ਗਲ ਨੂੰ ਜੱਫੀ ਪਾ ਕੇ ਹੁਭਕੀਂ-ਹੁਭਕੀਂ ਰੋਣ ਲੱਗਾ। ‘ਰਾਣੀ…ਰਾਣੀ…ਕਿੱਥੇ…ਛੱਡ ਆਈ… ਸਾਡਾ…ਹੀਰਾ ਯਾਰ…ਸ਼ਾਹ-ਸਵਾਰ’ ਅਸਪਸ਼ਟ ਜਿਹੇ ਸ਼ਬਦ ਉਹਦੀ ਜ਼ੁਬਾਨ ਵਿੱਚੋਂ ਫੁਸਫੁਸਾਏ। ਰਾਣੀ ਦੀਆਂ ਅੱਖਾਂ ਵਿੱਚੋਂ ਵੀ ਜਿਵੇਂ ਸਿੱਲ੍ਹ ਟਪਕਣ ਲੱਗੀ। ਜਲਦੀ ਨਾਲ ਘੋੜੀ ਨੂੰ ਉਹਨੇ ਪਸ਼ੂਆਂ ਵਾਲੇ ਵਰਾਂਡੇ ਵਿੱਚ ਬੰਨਿ੍ਹਆ ਅਤੇ ਉਸ ਦੀ ਕਾਠੀ ਲਾਹੀ। ਪਾਣੀ ਗਰਮ ਕੀਤਾ ਅਤੇ ਦਿਨ ਚੜ੍ਹਨ ਤੋਂ ਪਹਿਲਾਂ ਸਾਰਾ ਕੁਝ ਚੰਗੀ ਤਰ੍ਹਾਂ ਸਾਫ ਕੀਤਾ। ਉਹਨੇ ਕੋਸੇ ਪਾਣੀ ਨਾਲ ਘੋੜੀ ਨੂੰ ਨੁਹਾਇਆ ਅਤੇ ਆਪਣਾ ਖੇਸ ਲਾਹ ਕੇ ਉਸ ਦੇ ਉਤੇ ਦੇ ਦਿੱਤਾ। ਉਹਦੇ ਲਾਗੇ ਹੀਟਰ ਲਗਾ ਦਿੱਤਾ। ਕੁਝ ਦੇਰ ਬਾਅਦ ਰਾਣੀ ਸੁਰਤ ਸਿਰ ਹੋਣ ਲੱਗੀ। ਦਿਨ ਵੇਲੇ ਜਦੋਂ ਧੁੱਪ ਚੜ੍ਹੀ ਤਾਂ ਗੋਲੂ ਨੇ ਕੁਝ ਦੇਰ ਲਈ ਰਾਣੀ ਨੂੰ ਧੁੱਪੇ ਬੰਨ੍ਹ ਦਿੱਤਾ ਤੇ ਫਿਰ ਅੰਦਰ ਕਰ ਲਿਆ। ਅਗਲੇ ਦਿਨ ਉਹਨੇ ਬਾਪੂ-ਬੇਬੇ ਨਾਲ ਸਲਾਹ ਕੀਤੀ ਕਿ ਆਪਾਂ ਨਵੇਂ ਘਰ ਆਉਣ ਦੀ ਖੁਸ਼ੀ ਵਿੱਚ ਸਹਿਜ ਪਾਠ ਕਰਵਾ ਦੇਈਏ। ਉਹਦੇ ਮਾਪੇ ਝੱਟ ਮੰਨ ਗਏ। ਅਸਲ ਵਿੱਚ ਉਹਦਾ ਇਹ ਯਤਨ ਦਿਲਬਾਗ ਤੇ ਅੰਬੇ ਦੀ ਰੂਹ ਦੀ ਸ਼ਾਂਤੀ ਲਈ ਸੀ। ਉਸੇ ਦਿਨ ਉਨ੍ਹਾਂ ਦੇ ਘਰ ਵਿੱਚ ਸਹਿਜ ਪਾਠ ਅਰੰਭ ਹੋ ਗਿਆ। ਓਦਰੀ ਜਿਹੀ ਰਾਣੀ ਵੀ ਹੁਣ ਸ਼ਾਂਤ ਹੋਣ ਲੱਗੀ ਸੀ।
(ਸਮਾਪਤ)

Leave a Reply

Your email address will not be published. Required fields are marked *