ਡਾ. ਅਰਵਿੰਦਰ ਸਿੰਘ ਭੱਲਾ
ਪ੍ਰਿੰਸੀਪਲ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ।
ਫੋਨ: +91-9463062603
ਮੁਰਸ਼ਦ ਨੇ ਆਪਣੇ ਮੁਰੀਦ ਨੂੰ ਫ਼ੁਰਮਾਇਆ ਕਿ ਯਾਦ ਰੱਖੋ! ਵਡਿਆਈ ਇਸ ਗੱਲ ਵਿੱਚ ਨਹੀਂ ਕਿ ਮਹਿਜ਼ ਆਪਣੀ ਜ਼ਿੱਦ ਪੁਗਾਉਣ ਲਈ ਤੁਸੀਂ ਕਿਸੇ ਨੂੰ ਆਪਣੇ ਖੋਖਲੇ ਤਰਕ ਜਾਂ ਦਲੀਲ ਨਾਲ ਮਾਤ ਦਿੱਤੀ, ਬਲਕਿ ਵਡੱਪਣ ਤਾਂ ਇਸ ਗੱਲ ਵਿੱਚ ਹੈ ਕਿ ਤੁਸੀਂ ਠੀਕ ਹੋਣ ਦੇ ਬਾਵਜੂਦ ਵੀ ਮੁਖ਼ਾਲਿਫ਼ ਧਿਰ ਨਾਲ ਕਿਸੇ ਵੀ ਤਰ੍ਹਾਂ ਦੇ ਤਕਰਾਰ ਵਿੱਚ ਉਲਝੇ ਬਿਨਾ ਆਪਣੇ ਅੰਦਰ ਦੇ ਸਹਿਜ ਅਤੇ ਸਕੂਨ ਨੂੰ ਤੱਤੀ ਵਾਅ ਨਾ ਲੱਗਣ ਦਿੱਤੀ। ਕੋਸ਼ਿਸ਼ ਕਰੋ ਕਿ ਤੁਸੀਂ ਸਕਾਰਾਤਮਕ ਤੇ ਉਸਾਰੂ ਸੰਵਾਦ ਰਚਾਉ ਅਤੇ ਇਸ ਗੱਲ ਤੋਂ ਵੀ ਸੁਚੇਤ ਰਹੋ ਕਿ ਤੁਹਾਡਾ ਸੰਵਾਦ ਕਿਸੇ ਪੜਾਅ ਉਤੇ ਤਕਰਾਰ ਵਿੱਚ ਪਰਿਵਰਤਿਤ ਨਾ ਹੋਵੇ। ਵਿਚਾਰਾਂ ਦੇ ਪ੍ਰਗਟਾਵੇ ਜਾਂ ਅਦਾਨ-ਪ੍ਰਦਾਨ ਕਰਨ ਵੇਲੇ ਆਪਣੇ ਤਰਕਾਂ ਦੇ ਤੀਰਾਂ ਨਾਲ ਕਿਸੇ ਦੀ ਰੂਹ ਨੂੰ ਵਿੰਨ੍ਹਣ ਤੋਂ ਹਮੇਸ਼ਾ ਗੁਰੇਜ਼ ਕਰੋ। ਕਿਸੇ ਅੱਗੇ ਆਪਣਾ ਪੱਖ ਰੱਖਦੇ ਹੋਏ ਆਪਣੇ ਸਹਿਜ ਤੇ ਸਕੂਨ ਨੂੰ ਕਦੇ ਨਾ ਗਵਾਉ।
ਮੁਰਸ਼ਦ ਨੇ ਇਸ ਗੱਲ ਦੀ ਵੀ ਤਲਕੀਨ ਕੀਤੀ ਕਿ ਪੁਰਸਕੂਨ ਜ਼ਿੰਦਗੀ ਆਪਣੇ ਆਪ ਵਿੱਚ ਹੀ ਸਭ ਤੋਂ ਵੱਡਾ ਪੁਰਸਕਾਰ ਹੈ। ਸਕੂਨ ਹਾਸਲ ਕਰਨ ਲਈ ਦੂਸਰਿਆਂ ਨਾਲ ਉਲਝਣ ਜਾਂ ਬਾਹਰ ਭਟਕਣ ਦੀ ਬਜਾਏ ਆਪਣੇ ਅੰਦਰ ਉਤਰ ਕੇ ਆਪਣੇ ਅੰਦਰ ਮਚੇ ਸ਼ੋਰ ਅਤੇ ਖਲ਼ਲ ਨੂੰ ਪਹਿਲਾਂ ਖ਼ਤਮ ਕਰੋ। ਇੱਕ ਗੱਲ ਪੱਲੇ ਬੰਨ੍ਹ ਲਵੋ ਕਿ ਸਕੂਨ ਉਹ ਦਰਿਆ ਹੈ, ਜੋ ਤੁਹਾਡੇ ਅੰਦਰ ਹਰ ਵੇਲੇ ਵਹਿੰਦਾ ਰਹਿੰਦਾ ਹੈ। ਨਿੱਤ ਨਵੇਂ ਝਮੇਲਿਆਂ ਵਿੱਚ ਜਾਣ-ਬੁੱਝ ਕੇ ਉਲਝਦੇ ਹੋਏ, ਉਸ ਦਰਿਆ ਦੇ ਵਹਿਣ ਦੇ ਰੁਖ ਨੂੰ ਨਾ ਮੋੜੋ। ਦਰਅਸਲ ਸਕੂਨ ਉਸ ਪਰਿੰਦੇ ਦੀ ਮਾਨਿੰਦ ਵੀ ਹੈ, ਜਿਸ ਦਾ ਆਲ੍ਹਣਾ ਵੀ ਤੁਹਾਡੇ ਅੰਦਰ ਹੈ। ਤੁਹਾਨੂੰ ਉਸ ਸੋਹਣੇ ਰੱਬ ਦਾ ਵਾਸਤਾ ਹੈ ਕਿ ਆਪਣੇ ਹੱਥੀਂ ਉਸ ਆਲ੍ਹਣੇ ਨੂੰ ਬਰਬਾਦ ਨਾ ਕਰੋ। ਕਿਤੇ ਅਜਿਹਾ ਨਾ ਹੋਵੇ ਕਿ ਉਹ ਪਰਿੰਦਾ ਸਦਾ ਲਈ ਕਿਤੇ ਦੂਰ ਉਡਾਰੀ ਭਰ ਜਾਵੇ।
ਮੁਰਸ਼ਦ ਨੇ ਫ਼ੁਰਮਾਇਆ ਕਿ ਬਹਿਸ ਕਰਨ ਅਤੇ ਬਹਿਸ ਵਿੱਚ ਦੂਸਰਿਆਂ ਨੂੰ ਸ਼ਿਕਸਤ ਦੇਣ ਦੀ ਬਿਰਤੀ ਦਾ ਤਿਆਗ ਕਰੋ। ਹੋ ਸਕੇ ਤਾਂ ਦੂਸਰਿਆਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਕਰੋ ਅਤੇ ਵਾਦ-ਵਿਵਾਦਾਂ ਤੋਂ ਸਦਾ ਦੂਰ ਰਹਿਣ ਦਾ ਹੁਨਰ ਸਿਖੋ। ਕੁਝ ਕਹਿਣ ਤੋਂ ਪਹਿਲਾਂ ਸੁਣਨ ਦੀ ਆਦਤ ਪਾਉ, ਸੁਣ ਕੇ ਵਿਚਾਰਨ ਅਤੇ ਵਿਚਾਰਨ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਜ਼ਾਹਰ ਕਰੋ। ਦਲੀਲਬਾਜ਼ੀ ਕਰਦਿਆਂ ਬੇਸ਼ਕੀਮਤੀ ਰਿਸ਼ਤਿਆਂ ਦੀ ਪਾਕੀਜ਼ਗੀ ਦਾ ਸਦਾ ਖਿਆਲ ਰੱਖੋ। ਇਹ ਵੀ ਯਾਦ ਰਹੇ ਕਿ ਤੁਹਾਡੇ ਬੋਲ ਤੁਹਾਡੇ ਇਲਮ, ਸੰਸਕਾਰਾਂ, ਪਰਵਰਿਸ਼ ਅਤੇ ਪਿਛੋਕੜ ਦਾ ਅਕਸ ਹੁੰਦੇ ਹਨ। ਆਪਣੇ ਬੋਲਾਂ ਕਰਕੇ ਤੁਹਾਨੂੰ ਕਿਸੇ ਅੱਗੇ ਕਦੇ ਸ਼ਰਮਸਾਰ ਨਾ ਹੋਣਾ ਪਵੇ, ਇਸ ਲਈ ਹਮੇਸ਼ਾ ਸਹੀ ਸਮੇਂ ਉੱਪਰ ਸਹੀ ਸ਼ਬਦਾਂ ਦਾ ਇੰਤਖ਼ਾਬ ਕਰੋ। ਇਨਸਾਨ ਦੇ ਮੂੰਹੋਂ ਉਚਰੇ ਸ਼ਬਦ ਉਸ ਕਿਸ਼ਤੀ ਦੀ ਤਰ੍ਹਾਂ ਹੁੰਦੇ ਹਨ, ਜੋ ਉਸ ਨੂੰ ਸਾਹਿਲ ਤੱਕ ਵੀ ਪਹੁੰਚਾਉਣ ਦੀ ਸਲਾਹੀਅਤ ਰੱਖਦੇ ਹਨ ਅਤੇ ਵਕæਤ ਆਉਣ ਉਤੇ ਇਨਸਾਨ ਨੂੰ ਮੰਝਧਾਰ ਵਿੱਚ ਸਭ ਤੋਂ ਅਲੱਗ-ਥਲੱਗ ਕਰਨ ਦੇ ਸਮਰੱਥ ਵੀ ਹੁੰਦੇ ਹਨ। ਕਿਸੇ ਨਾਲ ਵੀ ਗੁਫ਼ਤਗੂ ਕਰਦਿਆਂ ਜਾਂ ਕਿਸੇ ਨੂੰ ਮੁਖ਼ਾਤਿਬ ਹੁੰਦੇ ਹੋਏ ਤੁਹਾਡੇ ਹਰਫ਼, ਅਲਫ਼ਾਜ਼, ਵਾਕ ਅਤੇ ਲਹਿਜ਼ਾ ਤੁਹਾਡੇ ਵਰਤਮਾਨ ਅਤੇ ਮੁਸਤਕਬਿਲ ਨੂੰ ਤੈਅ ਕਰਦਾ ਹੈ, ਲਿਹਾਜ਼ਾ ਤੁਸੀਂ ਇਸ ਗੱਲ ਉੱਪਰ ਤਵੱਜੋ ਦਿਉ ਕਿ ਤੁਸੀਂ ਹਮੇਸ਼ਾ ਸਕਾਰਾਤਮਕ, ਅਰਥਭਰਪੂਰ ਅਤੇ ਰਚਨਾਤਮਿਕ ਸੰਵਾਦ ਰਚਾਉਣ ਨੂੰ ਤਰਜ਼ੀਹ ਦਿਉ। ਹਰ ਸੂਰਤ ਵਿੱਚ ਆਪਣੇ ਆਪ ਨੂੰ ਦੂਸਰਿਆਂ ਤੋਂ ਬੇਹਤਰ ਸਿੱਧ ਕਰਨ ਦੀ ਦੌੜ ਵਿੱਚ ਜਾਂ ਫਿਰ ਵਕਤੀ ਤੌਰ ਉੱਪਰ ਕਿਸੇ ਨੂੰ ਨੀਵਾਂ ਦਿਖਾਉਣ ਦੀ ਖ਼ਾਤਰ ਕਦੇ ਵੀ ਤੈਸ਼ ਵਿੱਚ ਆ ਕੇ ਕਦੇ ਕੁਝ ਨਾ ਬੋਲੋ।
ਜੋ ਲੋਕ ਆਪਣੇ ਉੱਪਰ ਨਿਯੰਤਰਣ ਰੱਖਣ ਵਿੱਚ ਅਸਮਰਥ ਹੋਣ ਦੀ ਸੂਰਤ ਵਿੱਚ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ, ਉਹ ਦੂਸਰਿਆਂ ਦੀਆਂ ਨਜ਼ਰਾਂ ਤੋਂ ਡਿੱਗਣ ਦੇ ਨਾਲ-ਨਾਲ ਆਪ ਵੀ ਅੰਦਰੋ-ਅੰਦਰ ਹੀ ਕੁਰਝਦੇ, ਕਲਪਦੇ ਅਤੇ ਮਾਯੂਸ ਰਹਿੰਦੇ ਹਨ; ਜਦੋਂ ਕਿ ਜੋ ਲੋਕ ਮਿੱਠ ਬੋਲੜੇ ਜਾਂ ਵਕਤ ਦੀ ਨਜ਼ਾਕਤ ਨੂੰ ਸਮਝਦੇ ਹੋਏ ਬੋਲਣ ਲੱਗਿਆਂ ਪਰਹੇਜ਼, ਸ਼ਰਮ ਜਾਂ ਲਿਹਾਜ਼ ਰੱਖਦੇ ਹਨ, ਉਹ ਹਰ ਜਗ੍ਹਾ ਪਲਕਾਂ ਉਤੇ ਬਿਠਾਏ ਜਾਂਦੇ ਹਨ। ਮੁਰਸ਼ਦ ਨੇ ਫ਼ੁਰਮਾਇਆ ਕਿ ਆਪਣੀ ਗੱਲ ਬੇਸ਼ੱਕ ਤੁਸੀਂ ਬੇਬਾਕ ਢੰਗ ਨਾਲ ਕਹੋ, ਲੇਕਿਨ ਆਪਣੇ ਸ਼ਬਦਾਂ ਨਾਲ ਕਿਸੇ ਨੂੰ ਖੁਦ ਤੋਂ ਕਮਤਰ ਸਿੱਧ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਕਿਸੇ ਦਾ ਬੇਬਾਕ ਹੋਣਾ ਤਾਂ ਲੋਕ ਜ਼ਰ ਲੈਂਦੇ ਹਨ, ਪਰ ਕਿਸੇ ਦਾ ਬੇਲਿਹਾਜ਼ ਹੋਣਾ ਉਹ ਹਰਗਿਜ਼ ਬਰਦਾਸ਼ਤ ਨਹੀਂ ਕਰਦੇ। ਇਹ ਵੀ ਇੱਕ ਸਦੀਵੀਂ ਸੱਚ ਹੈ ਕਿ ਤਲਵਾਰ ਦਾ ਫੱਟ ਤਾਂ ਇੱਕ ਨਾ ਇੱਕ ਦਿਨ ਭਾਵੇਂ ਭਰ ਹੀ ਜਾਂਦਾ ਹੈ, ਲੇਕਿਨ ਮਾੜੇ ਸ਼ਬਦਾਂ ਦੀ ਵਰਤੋਂ ਨਾਲ ਦਿੱਤੇ ਜ਼ਖ਼ਮ ਕਦੇ ਨਹੀਂ ਭਰਦੇ ਹਨ।
ਮੁਰਸ਼ਦ ਨੇ ਆਪਣੇ ਮੁਰੀਦ ਦੀ ਇਸ ਸਿਲਸਿਲੇ ਵਿੱਚ ਕੁਝ ਹੋਰ ਜਾਣਨ ਦੀ ਜਗਿਆਸਾ ਨੂੰ ਭਾਂਪਦਿਆਂ ਫ਼ੁਰਮਾਇਆ ਕਿ ਜੇਕਰ ਗ਼ੌਰ ਨਾਲ ਦੇਖਿਆ ਜਾਵੇ ਤਾਂ ਗੁਫ਼ਤਗੂ ਅਤੇ ਸ਼ਿਸ਼ਟਾਚਾਰ ਦੇ ਵੀ ਕੁਝ ਬੁਨਿਆਦੀ ਤਕਾਜ਼ੇ ਹੁੰਦੇ ਹਨ। ਜੇਕਰ ਕਿਸੇ ਨਾਲ ਵਿਚਾਰ-ਵਟਾਂਦਰਾ ਕਰਦਿਆਂ ਅਸੀਂ ਦੂਜਿਆਂ ਉੱਪਰ ਲੋੜ ਤੋਂ ਵੱਧ ਭਾਰੂ ਹੋਣ ਦਾ ਯਤਨ ਕਰਾਂਗੇ ਤਾਂ ਇੱਕ ਪੜਾਅ ਉਤੇ ਪਹੁੰਚ ਕੇ ਸਾਡੀ ਗੱਲਬਾਤ ਦਾ ਸਿਲਸਿਲਾ ਟੁੱਟ ਜਾਵੇਗਾ ਅਤੇ ਬੇਸਿੱਟਾ ਗੱਲਬਾਤ ਦਾ ਲਾਭ ਕਿਸੇ ਵੀ ਧਿਰ ਨੂੰ ਕਦੇ ਨਹੀਂ ਪਹੁੰਚਦਾ ਹੈ। ਮੁਰਸ਼ਦ ਨੇ ਹਦਾਇਤ ਦਿੱਤੀ ਕਿ ਜਿਵੇਂ ਤੁਹਾਨੂੰ ਆਪਣੇ ਨਜ਼ਰੀਏ ਨੂੰ ਪੇਸ਼ ਕਰਨ ਦਾ ਹੱਕ ਹੈ, ਉਸ ਤਰ੍ਹਾਂ ਹਰੇਕ ਵਿਅਕਤੀ ਨੂੰ ਵੀ ਆਪਣੇ ਨੁਕਤਾ-ਏ-ਨਿਗਾਹ ਤੋਂ ਆਪਣੀ ਬਾਤ ਕਹਿਣ ਦਾ ਅਧਿਕਾਰ ਹੁੰਦਾ ਹੈ। ਤੁਸੀਂ ਕੇਵਲ ਆਪਣੇ ਜ਼ਾਵੀਏ ਨੂੰ ਹੀ ਜੇਕਰ ਦਰੁਸਤ ਕਰਾਰ ਦਿੰਦੇ ਹੋਏ ਦੂਜਿਆਂ ਨੂੰ ਗ਼ਲਤ ਸਾਬਤ ਕਰਨ ਦਾ ਯਤਨ ਕਰੋਗੇ ਤਾਂ ਤੁਸੀਂ ਬਹੁਤ ਛੇਤੀ ਖੁਦ ਨੂੰ ਸਭ ਤੋਂ ਦੂਰ ਖੜ੍ਹਾ ਦੇਖੋਗੇ। ਤੁਹਾਡੀਆਂ ਦਲੀਲਾਂ ਅਤੇ ਤਰਕ ਤੈਅ ਕਰਨਗੇ ਕਿ ਲੋਕ ਤੁਹਾਨੂੰ ਆਪਣਾ ਖ਼ੈਰਖਾਹ ਸਮਝਣ ਜਾਂ ਆਪਣਾ ਰਕੀਬ। ਉੱਚਿਤ ਸਮੇਂ ਉੱਪਰ ਤੁਹਾਡੇ ਵੱਲੋਂ ਸੋਚ ਸਮਝ ਕੇ ਅਖਤਿਆਰ ਕੀਤੀ ਗਈ ਖ਼ਾਮੋਸ਼ੀ ਤੁਹਾਡੀਆਂ ਲੱਖਾਂ ਬੇਤੁਕੀਆਂ ਦਲੀਲਾਂ ਤੋਂ ਹਮੇਸ਼ਾ ਵਧੇਰੇ ਕਾਰਗਰ ਸਾਬਤ ਹੁੰਦੀ ਹੈ। ਮੁਰਸ਼ਦ ਨੇ ਇਹ ਵੀ ਫ਼ੁਰਮਾਇਆ ਕਿ ਕਈ ਹਾਲਾਤ ਵਿੱਚ ਬੇਸ਼ੱਕ ਸ਼ਾਂਤ ਅਤੇ ਖਾਮੋਸ਼ ਰਹਿਣਾ ਭਾਵੇਂ ਅਸਾਨ ਨਹੀਂ ਹੁੰਦਾ ਹੈ, ਲੇਕਿਨ ਕੁਝ ਮੌਕਿਆਂ ਉੱਪਰ ਤੁਸੀਂ ਸ਼ਾਂਤ ਤੇ ਖਾਮੋਸ਼ ਰਹਿੰਦੇ ਹੋਏ ਅਨੇਕਾਂ ਤਰ੍ਹਾਂ ਦੀਆਂ ਬੇਲੋੜੀਆਂ ਉਲਝਣਾਂ ਅਤੇ ਨਾਗਵਾਰ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਤੋਂ ਬਚਣ ਵਿੱਚ ਕਾਮਯਾਬ ਰਹਿੰਦੇ ਹੋ।
ਮੁਰਸ਼ਦ ਨੇ ਆਪਣੇ ਮੁਰੀਦ ਨੂੰ ਹਦਾਇਤ ਦਿੰਦਿਆਂ ਫ਼ੁਰਮਾਇਆ ਕਿ ਜਦੋਂ ਕੋਈ ਤੁਹਾਡੇ ਉੱਪਰ ਗ਼ੈਰ-ਵਾਜਬ ਧੌਂਸ ਜਮਾਉਣ ਦਾ ਯਤਨ ਕਰੇ ਅਤੇ ਆਪਣੀਆਂ ਤਰਕਹੀਣ ਤੇ ਗ਼ੈਰ-ਮੁਨਾਸਿਬ ਦਲੀਲਾਂ ਦਾ ਬੋਝ ਤੁਹਾਡੇ ਉੱਤੇ ਲੱਦੇ ਤਾਂ ਵੀ ਤੁਸੀਂ ਆਪਣੀ ਮੁਖ਼ਾਲਿਫ਼ ਧਿਰ ਵਰਗਾ ਬਣੇ ਬਿਨਾ ਅਡੋਲ ਰਹਿਣ ਦੀ ਕੋਸ਼ਿਸ਼ ਕਰੋ ਅਤੇ ਇਹ ਯਾਦ ਰੱਖੋ ਕਿਸੇ ਦੇ ਉਕਸਾਉਣ ਉੱਪਰ ਜੇਕਰ ਤੁਸੀਂ ਅਸ਼ਾਂਤ ਤੇ ਕ੍ਰੋਧਿਤ ਹੋ ਕੇ ਆਪਣੀ ਪ੍ਰਤੀਕਿਰਿਆ ਦਿਉਗੇ ਤਾਂ ਇਹ ਨਿਸ਼ਚਿਤ ਤੌਰ ਉੱਪਰ ਤੁਹਾਡੀ ਮੁਖ਼ਾਲਿਫ਼ ਧਿਰ ਦੀ ਹੀ ਜਿੱਤ ਸਮਝੀ ਜਾਵੇਗੀ। ਲਿਹਾਜ਼ਾ ਸਹਿਜ ਰੂਪ ਵਿੱਚ ਵਿਚਰਨ ਅਤੇ ਮਾਨਸਿਕ ਤੌਰ ਉੱਪਰ ਸ਼ਾਂਤਚਿੱਤ ਰਹਿਣ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਉੱਪਰ ਨਿਯੰਤਰਣ ਰੱਖਦਿਆਂ ਆਪਣੇ ਪੱਖ ਨੂੰ ਪੇਸ਼ ਕਰੋ। ਲੋਕ ਤਾਂ ਤੁਹਾਨੂੰ ਉਕਸਾ ਕੇ ਤੁਹਾਡੇ ਧੁਰ ਅੰਦਰ ਖ਼ਲਲ ਪੈਦਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ, ਪਰ ਇਹ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਆਪਣੇ ਸਹਿਜ ਨੂੰ ਸਲਾਮਤ ਰੱਖਣਾ ਹੈ ਜਾਂ ਫਿਰ ਆਪਣੇ ਮਨ ਦੇ ਹੱਥੋਂ ਹਾਰ ਕੇ ਕਿਸੇ ਸ਼ਰਾਰਤੀ ਅਨਸਰ ਦੇ ਮਨਸੂਬੇ ਨੂੰ ਸਫਲ ਬਣਾਉਣਾ ਹੈ।
ਮੁਰਸ਼ਦ ਨੇ ਆਪਣੇ ਮੁਰੀਦ ਨੂੰ ਫ਼ੁਰਮਾਇਆ ਕਿ ਸ਼ਾਂਤਚਿੱਤ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕਰੋ ਅਤੇ ਕਿਸੇ ਦੀ ਨਕਾਰਾਤਮਿਕ ਸੋਚ ਨੂੰ ਕਦੇ ਵੀ ਆਪਣੇ ਉੱਪਰ ਭਾਰੂ ਨਾ ਹੋਣ ਦਿਓ। ਕੁਰਖਤ ਸ਼ਬਦਾਂ ਦਾ ਨਾ ਤਾਂ ਆਪ ਇਸਤੇਮਾਲ ਕਰੋ ਅਤੇ ਨਾ ਹੀ ਦੂਸਰਿਆਂ ਵੱਲੋਂ ਬੋਲੇ ਕੁਰਖਤ ਅਤੇ ਕੌੜੇ ਸ਼ਬਦਾਂ ਨੂੰ ਆਪਣੀਆਂ ਸਿਮਰਤੀਆਂ ਵਿੱਚ ਸਦਾ ਲਈ ਪਨਾਹ ਦਿਉ। ਰੱਬ ਦੀ ਰਜ਼ਾ ਵਿੱਚ ਤੁਰਦੇ ਰਹੋ ਅਤੇ ਰੱਬ ਦੇ ਖ਼ੌਫ਼ ਨੂੰ ਆਪਣੇ ਅੰਦਰ ਵਸਾਉ ਤਾਂ ਜੋ ਤੁਸੀਂ ਦੁਨੀਆਂ ਦੇ ਹਰ ਖ਼ੌਫ਼ ਅਤੇ ਨਾਗਵਾਰ ਪ੍ਰਸਥਿਤੀ ਤੋਂ ਸਦਾ ਲਈ ਨਿਜ਼ਾਤ ਹਾਸਲ ਕਰ ਸਕੋ।