*ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ
*ਕਿਸਾਨ ਲਹਿਰ ਮੁੜ ਕੇ ਲੋਕ ਲਹਿਰ ਬਣਨ ਲੱਗੀ
ਜਸਵੀਰ ਸਿੰਘ ਸ਼ੀਰੀ
ਕਿਸਾਨ ਸੰਘਰਸ਼ ਇੱਕ ਵਾਰ ਫਿਰ ਪੰਜਾਬ ਅਤੇ ਦੇਸ਼ ਦੀ ਸਿਆਸਤ ਦਾ ਕੇਂਦਰ ਬਣਨ ਵੱਲ ਵਧ ਰਿਹਾ ਹੈ। ਖਾਸ ਕਰਕੇ ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਾਰੀ ਮਰਨ ਵਰਤ ਨੇ ਪੰਜਾਬ-ਹਰਿਆਣਾ ਦੇ ਕਿਸਾਨ ਸੰਘਰਸ਼ ਵਿੱਚ ਇੱਕ ਤਰ੍ਹਾਂ ਨਾਲ ਮੁੜ ਕੇ ਜਾਨ ਫੂਕ ਦਿੱਤੀ ਹੈ। ਮੈਂ ਜਦੋਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਇੱਕ ਪਾਸੇ ਤਾਂ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਦੀ ਇਹ ਮੁਹਿੰਮ 23ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕੀ ਹੈ।
ਦੂਜੇ ਪਾਸੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਾਵਈ ਵਿੱਚ 32 ਕਿਸਾਨ ਜਥੇਬੰਦੀਆਂ ‘ਤੇ ਆਧਾਰਤ ਆਗੂ ਚੰਡੀਗੜ੍ਹ ਵਿੱਚ ਐਮਰਜੈਂਸੀ ਮੀਟਿੰਗ ਕਰ ਰਹੇ ਹਨ। ਇਸ ਮੀਟਿੰਗ ਵਿੱਚ ਜਿੱਥੇ ਖੇਤੀ ਮੰਡੀਕਰਣ ਬਾਰੇ ਕੇਂਦਰ ਵੱਲੋਂ ਲਿਆਂਦੇ ਗਏ ਖਰੜੇ ‘ਤੇ ਚਰਚਾ ਹੋਈ, ਉਥੇ ਸ. ਡੱਲੇਵਾਲ ਵੱਲੋਂ ਜਾਰੀ ਮਰਨ ਵਰਤ ਅਤੇ ਸ਼ੰਭੂ-ਖਨੌਰੀ ਵਿੱਚ ਚੱਲ ਰਹੇ ਮੋਰਚੇ ਬਾਰੇ ਵੀ ਮਸ਼ਵਰੇ ਕੀਤੇ ਗਏ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਖੇਤੀ ਮੰਡੀਕਰਨ ਖਰੜੇ ਨੂੰ ਰੱਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਖਰੜੇ ਦਾ ਜ਼ੋਰਦਾਰ ਵਿਰੋਧ ਕਰੇਗੀ। ਇਹ ਪਹਿਲਾਂ ਰੱਦ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਮੁੜ ਲਾਗੂ ਕਰ ਦਾ ਯਤਨ ਹੈ। ਪੰਜਾਬ ਦੇ ਖੇਤੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਵੀ ਇਸ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਹ ਖਰੜਾ ਪੰਜਾਬ ਵਿੱਚ ਪਹਿਲਾਂ ਤੋਂ ਮੌਜੂਦ ਮੰਡੀਕਰਣ ਨੂੰ ਬਰਬਾਦ ਕਰ ਦੇਵੇਗਾ। ਇਸ ਦੇ ਸਮਾਨੰਤਰ ਸ਼ੰਭੂ ਬਾਰਡਰ ‘ਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਨੇ ਤਿੰਨ ਘੰਟੇ ਲਈ ਪੰਜਾਬ ਵਿੱਚ 52 ਥਾਵਾਂ ‘ਤੇ ਰੇਲਾਂ ਰੋਕਣ ਦਾ ਸੱਦਾ ਦਿੱਤਾ ਹੋਇਆ ਹੈ। ਇਸ ਐਕਸ਼ਨ ਵਿੱਚ ਡੱਲੇਵਾਲ ਵਾਲੀ ਕਿਸਾਨ ਜਥੇਬੰਦੀ ਵੀ ਉਨ੍ਹਾਂ ਦਾ ਸਹਿਯੋਗ ਕਰ ਰਹੀ ਹੈ। ਅਜਿਹਾ ਸੱਦਾ ਜੁਗਿੰਦਰ ਸਿੰਘ ਉਗਰਾਹਾਂ ਵਾਲੀ ਕਿਸਾਨ ਜਥੇਬੰਦੀ ਨੇ ਵੀ ਦਿੱਤਾ ਹੋਇਆ ਹੈ। ਯੂ.ਪੀ. ਨਾਲ ਸੰਬੰਧਤ ਵੱਡੇ ਕਿਸਾਨ ਆਗੂ ਰਾਕੇਸ਼ ਟਿਕੈਤ ਕੁਝ ਦਿਨ ਪਹਿਲਾਂ ਸ. ਡੱਲੇਵਾਲ ਨੂੰ ਮਿਲ ਕੇ ਗਏ ਹਨ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਏਕਾ ਕਰਨ ਦਾ ਸੱਦਾ ਦਿੱਤਾ। ਬਹੁਤ ਸਾਰੇ ਆਮ ਕਿਸਾਨ ਦੂਜੇ ਰਾਜਾਂ ਤੋਂ ਵੀ ਖਨੌਰੀ ਬਾਰਡਰ ‘ਤੇ ਪੁੱਜਣ ਲੱਗੇ ਹਨ। ਇਸ ਤੋਂ ਪਹਿਲਾਂ ਦੇਸ਼ ਦੀ ਸੁਪਰੀਮ ਕੋਰਟ ਨੇ ਵੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸੰਬਧੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਪ੍ਰਦਾਨ ਕਰਨ ਲਈ ਕਿਹਾ ਹੈ। ਭਾਵੇਂ ਕਿ ਪੰਜਾਬ ਸਰਕਾਰ ਕਿਸਾਨ ਮਸਲਿਆਂ ਦੇ ਹੱਲ ਲਈ ਸਿੱਧੇ ਤੌਰ ‘ਤੇ ਆਹਮਣੇ ਨਹੀਂ ਆਈ, ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਅਤੇ ਕੇਂਦਰ ਸਰਕਾਰ ਨੂੰ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਖਨੌਰੀ ਪੁੱਜ ਕੇ ਸ. ਡੱਲੇਵਾਲ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਇਸੇ ਤਰ੍ਹਾਂ ਹਰਿਆਣਾ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਧਾਨ ਸਭਾ ਮੈਂਬਰ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀ ਸ. ਡੱਲੇਵਾਲ ਦੀ ਸਿਹਤ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।
ਇਹ ਮਸਲਾ ਸੁਪਰੀਮ ਕੋਰਟ ਵਿੱਚ ਉੱਠਣ ਤੋਂ ਬਾਅਦ ਲੰਘੀ 16 ਦਸੰਬਰ ਨੂੰ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਡਾਇਰੈਕਟਰ ਮਯਾਂਕ ਮਿਸ਼ਰਾ ਵੀ ਸ. ਡੱਲੇਵਾਲ ਦੀ ਸਿਹਤ ਦਾ ਹਾਲ-ਚਾਲ ਜਾਨਣ ਲਈ ਖਨੌਰੀ ਪੁੱਜੇ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, “ਅਸੀਂ ਇੱਥੇ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕਰਨ ਆਏ ਹਾਂ। ਮੇਰੇ ਨਾਲ ਕੇਂਦਰ ਸਰਕਾਰ ਦੇ ਨੁਮਾਇੰਦੇ ਮਯਾਂਕ ਮਿਸ਼ਰਾ ਵੀ ਹਨ।” ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਸ. ਡੱਲੇਵਾਲ ਨੂੰ ਤੁਰੰਤ ਮੈਡੀਕਲ ਹੈਲਪ ਲੈਣ ਲਈ ਕਿਹਾ, ਪਰ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਅਗਲੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਮੇਤ ਕਈ ਕਾਂਗਰਸੀ ਆਗੂ ਵੀ ਉਨ੍ਹਾਂ ਦਾ ਹਾਲ-ਚਾਲ ਜਾਨਣ ਲਈ ਖਨੌਰੀ ਹਾਜ਼ਰੀ ਲਵਾਈ। ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਤੇ ਹੁਣ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਖਨੌਰੀ ਪੁੱਜ ਕੇ ਡੱਲੇਵਾਲ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕੀਤੀ ਅਤੇ ਦੇਸ਼ ਦੀ ਸੰਸਦ ਵਿੱਚ ਮੌਜੂਦ ਪੰਜਾਬ-ਹਰਿਆਣਾ ਦੇ ਸੰਸਦ ਮੈਂਬਰਾਂ ਨੂੰ ਇਹ ਕਿਸਾਨ ਮੁੱਦਾ ਸੰਸਦ ਵਿੱਚ ਉਠਾਉਣ ਦਾ ਸੱਦਾ ਦਿੱਤਾ। ਪੰਥ ਪ੍ਰਸਿੱਧ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਸ. ਡੱਲੇਵਾਲ ਦਾ ਹਾਲ-ਚਾਲ ਪੁੱਛਿਆ ਅਤੇ ਸਟੇਜ ਸ਼ਬਦ ਕੀਰਤਨ ਰਾਹੀਂ ਕਿਸਾਨ ਕਾਰਕੁਨਾਂ ਨਾਲ ਰਾਬਤਾ ਕਾਇਮ ਕੀਤਾ। ਇਸ ਤੋਂ ਇਲਾਵਾ ਗਾਇਕ ਅਤੇ ਹੋਰ ਕਲਾਕਾਰ ਵੀ ਇੱਥੇ ਪੁੱਜਣ ਲੱਗੇ ਹਨ। ਇਸ ਤਰ੍ਹਾਂ ਇਹ ਕਿਸਾਨ ਲਹਿਰ ਮੁੜ ਇੱਕ ਲੋਕ ਲਹਿਰ ਦਾ ਰੂਪ ਅਖਤਿਆਰ ਕਰਦੀ ਵਿਖਾਈ ਦੇ ਰਹੀ ਹੈ।
ਇਸ ਦਰਮਿਆਨ ਪੰਜਾਬ ਸਰਕਾਰ ਨੇ ਕਿਸਾਨੀ ਰੋਸ ਨੂੰ ਆਪਣੇ ਗਲੋਂ ਲਾਹ ਕੇ ਕੇਂਦਰ ਵੱਲ ਸੇਧਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸਥਿਤੀ ਦਿੱਲੀ ਮੋਰਚੇ ਵਾਲੀ ਹੀ ਬਣਦੀ ਵਿਖਾਈ ਦੇ ਰਹੀ ਹੈ। ਉਸ ਸਮੇਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ। ਉਦੋਂ ਕਾਂਗਰਸ ਸਰਕਾਰ ਨੇ ਵੀ ਇਸ ਕਿਸਮ ਦੀ ਨੀਤੀ ਅਪਣਾਈ ਸੀ ਅਤੇ ਕਿਸਾਨ ਲਹਿਰ ਦਾ ਰੁਖ ਕੇਂਦਰ ਵੱਲ ਮੋੜ ਦਿੱਤਾ ਸੀ। ਉਂਝ ਕਿਸਾਨ ਜਥੇਬੰਦੀਆਂ ਖੁਦ ਵੀ ਇਸ ਪੱਖੋਂ ਸੁਚੇਤ ਵਿਖਾਈ ਦਿੰਦੀਆਂ ਹਨ। ਉਨ੍ਹਾਂ ਨੂੰ ਇਲਮ ਹੈ ਕਿ ਉਨ੍ਹਾਂ ਦੀ ਲੜਾਈ ਕਿਸ ਧਿਰ ਨਾਲ ਹੈ ਜਾਂ ਕਿਸ ਧਿਰ ਕੋਲ ਉਨ੍ਹਾਂ ਦੇ ਮਸਲੇ ਹੱਲ ਕਰਨ ਜੋਗਰੀ ਸੱਤਿਆ ਹੈ।
ਇਸ ਮੌਕੇ ਪੰਜਾਬ-ਕਿਸਾਨ (ਅਕਾਲੀ) ਪੱਖੀ ਸਿਅਸਤ ਆਪਣੇ ਪਤਨ ਦੀਆਂ ਆਖਰੀ ਨਿਵਾਣਾਂ ਨੂੰ ਛੂਹ ਰਹੀ ਹੈ। ਜਿਉਂ ਜਿਉਂ ਸਮਾਂ ਬੀਤ ਰਿਹਾ ਹੈ, ਸ. ਡੱਲੇਵਾਲ ਦੀ ਸਿਹਤ ਨਾਜ਼ੁਕ ਹੁੰਦੀ ਜਾ ਰਹੀ ਹੈ। ਇਸ ਨਾਲ ਉਨ੍ਹਾਂ ਪ੍ਰਤੀ ਲੋਕਾਂ ਦੀ ਸੰਵੇਦਨਾ, ਹਮਦਰਦੀ ਅਤੇ ਖਿੱਚ ਲਗਾਤਾਰ ਵਧ ਰਹੀ ਹੈ। ਡੱਲੇਵਾਲ ਦੀ ਜਥੇਬੰਦੀ ਬੀ.ਕੇ.ਯੂ. (ਸਿੱਧੂਪੁਰ) ਭਾਵੇਂ ਐਲਾਨੀਆ ਗੈਰ-ਸਿਆਸੀ ਹੈ, ਪਰ ਉਨ੍ਹਾਂ ਦਾ ਪੰਗਾ ਸਿਆਸਤਦਾਨਾਂ ਨਾਲ ਪਿਆ ਹੋਇਆ ਹੈ। ਜ਼ਿੰਦਗੀ ਦਾ ਕੋਈ ਵੀ ਖੇਤਰ ਹੋਵੇ, ਉਸ ਦੇ ਮਸਲੇ ਜੇ ਨਾ ਸੁਲਝਾਏ ਜਾਣ ਤਾਂ ਉਸ ਦਾ ਆਖਰੀ ਪੰਗਾ ਸਿਆਸਤ ਨਾਲ ਹੀ ਪੈਣਾ ਹੁੰਦਾ ਹੈ। ਇਸ ਲਈ ਸ. ਡੱਲੇਵਾਲ ਦੀ ਇਹ ਮੁਹਿੰਮ ਗੈਰ-ਸਿਆਸੀ ਹੋਣ ਦੇ ਬਾਵਜੂਦ ਸਮਾਜ, ਰਾਜ, ਸਿਆਸੀ ਆਗੂਆਂ ਅਤੇ ਨੌਜਵਾਨਾਂ, ਖਾਸ ਕਰ ਪੰਜਾਬ ਦੇ ਪੇਂਡੂ ਨੌਜਵਾਨਾਂ ‘ਤੇ ਅਸਰ ਛੱਡ ਰਹੀ ਹੈ। ਇਸ ਲਈ ਆਉਣ ਵਾਲੇ ਨੇੜ ਭਵਿੱਖ ਵਿੱਚ ਇਹ ਅਸਰ ਸਮਾਜ ਅਤੇ ਇਸ ਖਿਤੇ ਦੀ ਸਿਆਸਤ ‘ਤੇ ਨਾਂਹਮੁਖੀ ਜਾਂ ਹਾਂਮੁਖੀ, ਕਿਸੇ ਵੀ ਕਿਸਮ ਦੇ ਪ੍ਰਭਾਵ ਛੱਡ ਸਕਦੇ ਹਨ। ਇਨ੍ਹਾਂ ਪ੍ਰਭਾਵਾਂ ਨੂੰ ਉਸਾਰੂ ਦਿਸ਼ਾ ਦੇਣ ਲਈ ਪੰਜਾਬ ਵਿੱਚ ਕੁਝ ਸੁਹਿਰਦ ਸਿਆਸੀ ਆਗੂਆਂ ਦਾ ਹੋਣਾ ਬੇਹੱਦ ਜ਼ਰੂਰੀ ਹੈ। ਖਾਸ ਕਰਕੇ ਉਸ ਸਥਿਤੀ ਵਿੱਚ, ਜਦੋਂ ਬੀਤੇ ਵਿੱਚ ਪੰਜਾਬ ਦੇ ਧਰਮ-ਓ-ਸਿਆਸੀ ਅਤੇ ਆਰਥਕ ਮਸਲਿਆਂ ਨੂੰ ਦਿਸ਼ਾ ਦੇਣ ਵਾਲੀ ਧਿਰ ਅਕਾਲੀ ਦਲ, ਸਿਆਸੀ ਪਿੜ ਵਿੱਚੋਂ ਲੱਗਪਗ ਗੈਰ-ਸਰਗਰਮ ਹੋ ਗਿਆ ਹੈ।
ਇਸ ਦਰਮਿਆਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸੰਘਰਸ਼ ਤੋਂ ਬਾਹਰ ਰਹਿ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਮੌਜੂਦਾ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਦਾ ਸੱਦਾ ਵੀ ਦਿੱਤਾ ਹੈ। ਉਸ ਦਾ ਇਹ ਸੱਦਾ ਰਾਕੇਸ਼ ਟਿਕੈਤ ਦੇ ਖਨੌਰੀ ਬਾਰਡਰ ‘ਤੇ ਕਿਸਾਨ ਜਥੇਬੰਦੀਆਂ ਨੂੰ ਏਕਤਾ ਦੀ ਅਪੀਲ ਕਰਨ ਤੋਂ ਬਾਅਦ ਆਇਆ ਹੈ। ਯਾਦ ਰਹੇ, ਦਸੰਬਰ ਦੇ ਮਹੀਨੇ ਵਿੱਚ ਸਰਵਣ ਸਿੰਘ ਪੰਧੇਰ ਤਿੰਨ ਵਾਰ 101 ਕਿਸਾਨਾਂ ਦੇ ਜਥੇ ਦਿੱਲੀ ਵੱਲ ਭੇਜਣ ਦਾ ਯਤਨ ਕਰ ਚੁੱਕੇ ਹਨ, ਪਰ ਸੁਰੱਖਿਆ ਦਸਤਿਆਂ ਵੱਲੋਂ ਕੀਤੀ ਗਈ ਸਖਤੀ ਸਦਕਾ ਉਹ ਅਜਿਹਾ ਕਰਨ ਵਿੱਚ ਸਫਲ ਨਹੀਂ ਹੋ ਸਕੇ। ਇਸ ਦੌਰਾਨ ਕਾਫੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਕਾਰਕੁੰਨ ਸੁਰੱਖਿਆ ਦਸਤਿਆਂ ਵੱਲੋਂ ਛੱਡੇ ਗਏ ਅੱਥਰੂ ਗੈਸ ਦੇ ਗੋਲਿਆਂ ਅਤੇ ਚਲਾਈਆਂ ਗਈਆਂ ਰਬੜ ਦੀਆਂ ਗੋਲੀਆਂ ਨਾਲ ਜ਼ਖਮੀ ਵੀ ਹੋਏ ਹਨ।