ਦੁਨੀਆ ਦਾ ਅੰਤ ਕਦੋਂ ਅਤੇ ਕਿਵੇਂ?

ਆਮ-ਖਾਸ ਵਿਚਾਰ-ਵਟਾਂਦਰਾ

ਤਰਲੋਚਨ ਸਿੰਘ ਭੱਟੀ
ਸਾਬਕਾ ਪੀ.ਸੀ.ਐੱਸ. ਅਧਿਕਾਰੀ
ਫੋਨ: +91-9876502607
1991 ਵਿੱਚ ਸ਼ੀਤ ਯੁੱਧ ਦੇ ਅੰਤ ਤੋਂ ਬਾਅਦ, ਵੱਖ-ਵੱਖ ਫੌਜੀ ਸੰਘਰਸ਼, ਖਾਸ ਤੌਰ `ਤੇ 2022 ਤੋਂ ਚੱਲ ਰਹੇ ਯੂਕਰੇਨ `ਤੇ ਰੂਸੀ ਹਮਲੇ ਦੇ ਨਾਲ ਨਾਲ ਸੰਯੁਕਤ ਰਾਜ ਅਮਰੀਕਾ ਅਤੇ ਚੀਨ ਵਿਚਕਾਰ ਵੱਧ ਰਹੇ ਭੂ-ਰਾਜਨੀਤਿਕ ਤਣਾਅ, ਇਜ਼ਰਾਇਲ, ਫਲਸਤੀਨ, ਲਿਬਰਾਨ ਅਤੇ ਈਰਾਨ ਵਿਚਾਲੇ ਫੌਜੀ ਟਕਰਾਅ ਨੂੰ ਵਿਗਿਆਨੀ, ਮੀਡੀਆ ਅਤੇ ਭਵਿੱਖਬਾਣੀ ਕਰਤਾਵਾਂ ਵੱਲੋਂ ਹੋ ਰਹੀ ਜਾਂ ਹੋਣ ਵਾਲੀ ਤੀਸਰੇ ਵਿਸ਼ਵ ਯੁੱਧ ਬਾਰੇ ਫਿਕਰਮੰਦੀ ਜ਼ਾਹਰ ਕੀਤੀ ਜਾ ਰਹੀ ਹੈ।

ਦੂਜੇ ਵਿਸ਼ਵ ਯੁੱਧ ਦੇ ਅੰਤ ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਪ੍ਰਮਾਣੂ ਬੰਬ ਧਮਾਕਿਆਂ ਵਿੱਚ ਸੰਯੁਕਤ ਰਾਜ ਅਮਰੀਕਾ ਦੁਆਰਾ ਪ੍ਰਮਾਣੂ ਬੰਬਾਂ ਦੀ ਵਰਤੋਂ ਤੋਂ ਬਾਅਦ ਇੱਕ ਪ੍ਰਮਾਣੂ ਸਾਕਾ ਦੁਨੀਆਂ ਦੀ ਤਬਾਹੀ ਜਾਂ ਮਨੁੱਖਤਾ ਦੇ ਅੰਤ ਦਾ ਸਭ ਤੋਂ ਵੱਡਾ ਕਾਰਨ ਬਣਦਾ ਲੱਗ ਰਿਹਾ ਹੈ। ਅਮਰੀਕਾ-ਰੂਸ, ਚੀਨ-ਰੂਸ ਜਾਂ ਹੋਰ ਦੇਸ਼ਾਂ ਵਿਚਾਲੇ ਵੱਧ ਰਿਹਾ ਫੌਜੀ ਅਤੇ ਰਾਜਨੀਤਿਕ ਤਣਾਅ ਲੋਕਾਂ ਦੇ ਇਸ ਸਹਿਮ ਨੂੰ ਪੁਖਤਾ ਕਰਦਾ ਹੈ ਕਿ ਕਦੇ ਵੀ ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਸਕਦਾ ਹੈ; ਸਗੋਂ ਲੋਕ ਤਾਂ ਮੰਨਦੇ ਹਨ ਕਿ ਤੀਸਰਾ ਵਿਸ਼ਵ ਯੁੱਧ ਸ਼ੁਰੂ ਹੋ ਚੁੱਕਾ ਹੈ, ਜਿਸਨੂੰ ਰੋਕਿਆ ਨਾ ਗਿਆ ਤਾਂ ਦੁਨੀਆ ਦਾ ਅੰਤ ਵੀ ਹੋ ਸਕਦਾ ਹੈ। 1949 ਵਿੱਚ ਦੂਜੇ ਵਿਸ਼ਵ ਯੁੱਧ ਦੇ ਅੰਤ ਵਿੱਚ ਪ੍ਰਮਾਣੂ ਹਥਿਆਰਾਂ ਨੂੰ ਛੱਡਣ ਤੋਂ ਬਾਅਦ ਭੌਤਿਕ ਵਿਗਿਆਨੀ ਅਲਬਰਟ ਆਇਨਸਟਾਈਨ ਨੇ ਸੁਝਾਅ ਦਿੱਤਾ ਸੀ ਕਿ ਸੰਭਾਵਿਤ ਤੀਜੇ ਵਿਸ਼ਵ ਯੁੱਧ ਦਾ ਕੋਈ ਵੀ ਨਤੀਜਾ ਮਨੁੱਖੀ ਸੱਭਿਅਤਾ ਦਾ ਵਿਨਾਸ਼ ਕਰਕੇ ਸਮੁੱਚੀ ਮਨੁੱਖ ਜਾਤੀ ਨੂੰ ਪੱਥਰਯੁੱਗ ਵਿੱਚ ਬਦਲ ਸਕਦਾ ਹੈ।
ਪਬਲਿਕ ਡੋਮੇਨ ਵਿੱਚ ਉਪਲੱਬਧ ਜਾਣਕਾਰੀ ਅਨੁਸਾਰ ਦੁਨੀਆਂ ਵਿੱਚ 15,000 ਦੇ ਕਰੀਬ ਪ੍ਰਮਾਣੂ ਹਥਿਆਰ ਹਨ, ਜਿਨ੍ਹਾਂ ਵਿੱਚੋਂ 20% ਨੂੰ ਲੰਚਿੰਗ ਪੈੱਡ ਉੱਤੇ ਰਖਿਆ ਗਿਆ ਹੈ, ਜਿਸ ਨੂੰ ਉੱਚਤਮ ਸਮਰਥ ਅਥਾਰਟੀ ਹੁਕਮ ਨਾਲ ਕਦੇ ਵੀ ਚਲਾਇਆ ਜਾ ਸਕਦਾ ਹੈ। 90% ਪ੍ਰਮਾਣੂ ਹਥਿਆਰ ਰੂਸ ਅਤੇ ਅਮਰੀਕਾ ਪਾਸ ਹਨ। ਯਾਦ ਰਹੇ, ਦੂਸਰੇ ਵਿਸ਼ਵ ਯੁੱਧ ਦੌਰਾਨ ਹੀਰੋਸ਼ੀਮਾ ਅਤੇ ਨਾਗਾਸਾਕੀ ਉਤੇ ਦੋ ਐਟਮ ਬੰਬਾਂ ਨਾਲ ਲਗਭਗ 4 ਲੱਖ ਲੋਕ ਮਰੇ ਜਾਂ ਜਖਮੀ ਹੋਏ। ਸ਼ਾਂਤੀ ਦੇ ਖੇਤਰ ਵਿੱਚ ਸਾਲ 2024 ਦਾ ਨੋਬਲ ਪੀਸ ਪ੍ਰਾਈਜ਼ (ਨੋਬਲ ਸ਼ਾਂਤੀ ਪੁਰਸਕਾਰ) ਹੀਰੋਸ਼ੀਮਾ ਅਤੇ ਨਾਗਾਸਾਕੀ ਐਟਮ ਬੰਬਾਂ ਦੀ ਤਬਾਹੀ ਵਿੱਚ ਬਚੇ ਰਹੇ ਜਪਾਨੀ ਲੋਕਾਂ ਦੇ ਗਰੁੱਪ ਨੂੰ 10 ਦਸੰਬਰ 2024 ਦਿੱਤਾ ਗਿਆ ਹੈ। ਸਨਮਾਨ ਪ੍ਰਾਪਤ ਕਰਨ ਵਾਲੇ ਗਰੁੱਪ ਦੇ ਮੈਂਬਰ ਤੈਰੂਮੀ ਤਾਨਕਾ ਨੇ ਨੋਬਲ ਪ੍ਰਾਈਜ਼ ਪ੍ਰਾਪਤ ਕਰਦੇ ਹੋਏ ਸਮੇਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਸੰਸਾਰ ਨੂੰ ਪ੍ਰਮਾਣੂ ਰਹਿਤ ਬਣਾਇਆ ਜਾਵੇ।
ਪ੍ਰਮਾਣੂ ਬੰਬਾਂ ਦੀ ਤਬਾਹੀ ਤੋਂ ਇਲਾਵਾ ਅੰਦਾਜ਼ਨ ਪੰਜ ਅਰਬ ਲੋਕ ਭੁੱਖਮਰੀ ਨਾਲ ਮਰ ਸਕਦੇ ਹਨ। ਉਭਰਦੀਆਂ ਵਿਗਿਆਨਕ ਤਕਨੀਕਾਂ ਜਿਵੇਂ ਬਣਾਉਟੀ ਬੁੱਧੀ (ਏ.ਆਈ. ਯਾਨਿ ਆਰਟੀਫਿਸ਼ੀਅਲ ਇੰਟੈਲੀਜੈਂਸ) ਆਉਣ ਵਾਲੇ ਦਹਾਕਿਆਂ ਵਿੱਚ ਕਲਪਨਾਤਮਕ ਤੌਰ `ਤੇ ਵਧੇਰੇ ਤਬਾਹੀ ਅਤੇ ਜ਼ੋਖਮ ਪੈਦਾ ਕਰ ਸਕਦੀਆਂ ਹਨ। ਸਾਇਬਰ ਯੁੱਧ ਕਿਸੇ ਰਾਸ਼ਟਰ ਰਾਜ ਜਾਂ ਅੰਤਰਰਾਸ਼ਟਰੀ ਸੰਗਠਨ ਦੁਆਰਾ ਵਿਰੋਧੀ ਰਾਸ਼ਟਰ ਦੀ ਸੂਚਨਾ ਨੈਟਵਰਕਾਂ ਅਤੇ ਕੰਪਿਊਟਰਾਂ `ਤੇ ਹਮਲਾ ਕਰਨ ਅਤੇ ਨਸ਼ਟ ਕਰਨ ਲਈ ਤਕਨਾਲੋਜੀ ਦਾ ਸ਼ੋਸ਼ਣ ਹੈ। ਸਾਇਬਰ ਹਮਲਿਆਂ ਦਾ ਵੱਧ ਜਾਣਾ ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ ਅਤੇ ਤਬਾਹੀ ਨੂੰ ਮਜਬੂਤ ਕਰਦੇ ਹਨ। ਏ.ਆਈ. ਹਥਿਆਰਾਂ ਦੇ ਦੌਰ ਦਾ ਇੱਕ ਸੰਭਾਵੀ ਖਤਰਾ ਸਿਸਟਮਾਂ ਦਾ ਕੰਟਰੋਲ ਗੁਆਉਣ ਦੀ ਸੰਭਾਵਨਾ ਦੇ ਖਤਰੇ ਨੂੰ ਵਧਾਉਂਦਾ ਹੈ।
1940 ਦੇ ਦਹਾਕੇ ਤੋਂ ਹੀ ਅਣਗਿਣਤ ਕਿਤਾਬਾਂ, ਖੋਜ-ਪੱਤਰਾਂ, ਫਿਲਮਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਨੇ ਪ੍ਰਮਾਣੂ ਹਥਿਆਰਾਂ ਅਤੇ ਤੀਜੇ ਵਿਸ਼ਵ ਯੁੱਧ ਦੇ ਥੀਮ ਦਾ ਜ਼ਿਕਰ ਕੀਤਾ ਹੈ ਕਿ ਪ੍ਰਮਾਣੂ ਹਥਿਆਰ ਆਧੁਨਿਕਤਾ ਦੇ ਸਭ ਤੋਂ ਭੈੜੇ ਪ੍ਰਤੀਕ ਹਨ। ਵਿਲੀਅਮ ਫ਼ਾਲਕਨਰ ਨੂੰ 1949 ਵਿੱਚ ਸਾਹਿਤ ਨੋਬਲ ਪ੍ਰਾਈਜ਼ ਦਿੱਤਾ ਗਿਆ, ਜਿਸ ਨੇ ਆਪਣੀਆਂ ਰਚਨਾਵਾਂ ਵਿੱਚ ਸ਼ੀਤ ਯੁੱਗ ਦੇ ਵਿਸ਼ਿਆ ਬਾਰੇ ਗੱਲ ਕੀਤੀ ਸੀ। ਨੋਬਲ ਲੌਰੀਟਸ (ਨੋਬਲ ਪੁਰਸਕਾਰ ਜੇਤੂਆਂ) ਅਨੁਸਾਰ ਤੀਜੇ ਵਿਸ਼ਵ ਯੁੱਧ ਵਿੱਚ ਵਰਤੇ ਜਾਣ ਵਾਲੇ ਪ੍ਰਮਾਣੂ ਹਥਿਆਰਾਂ ਨਾਲ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਅਤੇ ਮਨੁੱਖਤਾ ਦਾ ਅੰਤ ਹੋ ਸਕਦਾ ਹੈ।
ਸਟੀਫਨ ਹਾਕਿੰਗ ਨੇ 2018 ਵਿੱਚ ਭਵਿੱਖਬਾਣੀ ਕੀਤੀ ਹੈ ਕਿ ਪ੍ਰਮਾਣੂ ਹਥਿਆਰਾਂ ਤੋਂ ਇਲਾਵਾ ਜਲਵਾਯੂ ਤਬਦੀਲੀ ਅਤੇ ਆਬਾਦੀ ਦੇ ਵਾਧੇ ਕਾਰਨ ਧਰਤੀ ਦੀ ਹੋਂਦ ਖਤਰੇ ਵਿੱਚ ਪੈ ਸਕਦੀ ਹੈ ਜਾਂ ਦੁਨੀਆ ਦਾ ਅੰਤ ਸਾਲ 2600 ਤੱਕ ਹੋ ਸਕਦਾ ਹੈ। ਸੰਯੁਕਤ ਰਾਜ ਅਮਰੀਕਾ ਦੀ ਪੁਲਾੜ ਖੋਜ ਏਜੰਸੀ ਨਾਸਾ ਨੇ ਵੀ ਇਸ ਬਾਰੇ ਸਹਿਮਤੀ ਦਰਸਾਈ ਹੈ ਕਿ ਜਲਵਾਯੂ ਤਬਦੀਲੀ ਅਤੇ ਬੇਰੋਕ ਆਬਾਦੀ ਦੇ ਵਾਧੇ ਨਾਲ ਧਰਤੀ ਰਹਿਣ ਦੇ ਕਾਬਲ ਨਹੀਂ ਰਹੇਗੀ। ਜਲਵਾਯੂ ਤਬਦੀਲੀ ਅਤੇ ਬੇਰੋਕ ਆਬਾਦੀ ਦਾ ਵਧਣਾ ਚਿੰਤਾ ਦਾ ਵਿਸ਼ਾ ਹਨ। ਗਲੋਬਲ ਵਾਰਮਿੰਗ ਕਾਰਨ ਧਰਤੀ ਅੱਗ ਦੇ ਇੱਕ ਵੱਡੇ ਗੋਲੇ ਵਿੱਚ ਬਦਲ ਸਕਦੀ ਹੈ। ਲਿਹਾਜ਼ਾ ਵਾਤਾਵਰਣ ਨੂੰ ਬਚਾਉਣ ਅਤੇ ਸਾਧਨਾਂ ਦੀ ਸਹੀ ਵਰਤੋਂ ਕਰਨ ਦੀ ਸਖ਼ਤ ਜਰੂਰਤ ਹੈ। ਮਨੁੱਖ ਜਾਤੀ ਨੂੰ ਬਚਾਉਣ ਲਈ ਹੋਰ ਗ੍ਰਹਿਆ ’ਤੇ ਕਲੋਨੀਆਂ ਸਥਾਪਤ ਕਰਨ ਦੀ ਲੋੜ ਉਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਮੰਗਲ ਗ੍ਰਹਿ ਨੂੰ ਰਹਿਣ ਦੇ ਯੋਗ ਬਣਾਉਣ ਲਈ ਯਤਨ ਸ਼ੁਰੂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਇਸ ਵੇਲੇ 2024 ਦੁਨੀਆ ਦੀ ਆਬਾਦੀ 8 ਬਿਲੀਅਨ ਹੈ, ਜਿਸ ਵਿੱਚੋਂ ਭਾਰਤ 1.4 ਬਿਲੀਅਨ ਆਬਾਦੀ ਨਾਲ ਪਹਿਲੇ ਨੰਬਰ `ਤੇ ਹੈ। ਭਾਰਤ, ਚੀਨ, ਨਾਈਜੀਰੀਆ, ਬ੍ਰਾਜ਼ੀਲ, ਬੰਗਲਾ ਦੇਸ਼, ਰੂਸ, ਮੈਕਸੀਕੋ ਆਦਿ ਵੱਧ ਰਹੀ ਆਬਾਦੀ ਵਾਲੇ ਦੇਸ਼ ਹਨ। ਸੰਭਾਵਨਾ ਹੈ ਕਿ ਸਾਲ 2050 ਵਿੱਚ ਦੁਨੀਆ ਦੀ ਆਬਾਦੀ 9.7 ਬਿਲੀਅਨ ਹੋ ਜਾਵੇਗੀ, ਜੋ ਸਾਲ 2100 ਵਿੱਚ 10.04 ਬਿਲੀਅਨ ਹੋਣ ਦੀ ਸੰਭਾਵਨਾ ਹੈ।
ਨਾਸਾ ਨੇ ਚਿਤਾਵਨੀ ਦਿੱਤੀ ਹੈ ਕਿ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਉਲਟਾਇਆ ਨਹੀਂ ਜਾ ਸਕਦਾ ਅਤੇ ਇਸ ਲਈ ਗੰਭੀਰ ਕਦਮ ਚੁੱਕਣੇ ਪੈਣਗੇ। ਹਾਕਿੰਗ ਨੇ ਪੁਲਾੜ ਵਿੱਚ ਸਾਹ ਲੈਣ ਯੋਗ ਘਰ ਬਣਾਉਣ ਅਤੇ ਇੱਕ ਕਾਨੂੰਨੀ ਢਾਂਚਾ ਉਸਾਰਨ ਦੀ ਲੋੜ `ਤੇ ਜੋਰ ਦਿੱਤਾ ਹੈ, ਜਿਸ ਨਾਲ ਦੁਨੀਆ ਨੂੰ ਤਬਾਅ ਹੋਣ ਤੋਂ ਬਚਾਇਆ ਜਾ ਸਕਦਾ ਹੈ। ਖੋਜਕਾਰ ਅਤੇ ਲੋਕ ਚਿੰਤਕ ਫਿਰਕਮੰਦ ਹਨ ਕਿ ਜੇਕਰ ਵਿਸ਼ਵ ਦੀ ਆਬਾਦੀ, ਉਦਯੋਗੀਕਰਨ, ਪ੍ਰਦੂਸ਼ਣ, ਭੋਜਨ ਉਤਪਾਦਨ ਅਤੇ ਸਰੋਤਾਂ ਦੀ ਕਮੀ ਵਿੱਚ ਮੌਜੂਦਾ ਵਾਧੇ ਦੇ ਰੁਝਾਨਾਂ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਤਾਂ ਧਰਤੀ ਉਤੇ ‘ਵਿਕਾਸ’ ਦੀਆਂ ਹੱਦਾਂ ਅਗਲੇ 100 ਸਾਲਾਂ ਵਿੱਚ ਕਿਤੇ ਦੀਆਂ ਕਿਤੇ ਪਹੁੰਚ ਜਾਣਗੀਆਂ। ਜਰੂਰੀ ਹੈ ਕਿ ਨਵੇਂ ਰੁੱਖ ਲਾਉਣ ਲਈ ਸਾਰਥਿਕ ਜਤਨ ਕੀਤੇ ਜਾਣ ਤਾਂ ਕਿ ਅਸੀਂ ਆਪਣੀ ਆਰਥਿਕਤਾ ਦਾ ਪੁਨਰ ਗਠਨ ਕਰਦੇ ਹੋਏ ਮੌਜੂਦਾ ਜੰਗਲਾਂ ਦੀ ਕਟਾਈ ਨਾ ਕੀਤੀ ਜਾਵੇ ਅਤੇ ਜੰਗਲਾਂ ਨੂੰ ਸੜਨ ਤੋਂ ਬਚਾਇਆ ਜਾਵੇ। ਆਬਾਦੀ ਦੇ ਵਾਧੇ ਅਤੇ ਜੰਗਲਾਂ ਦੀ ਕਟਾਈ ਦੀਆਂ ਮੌਜੂਦਾ ਦਰਾਂ ਨੂੰ ਕਾਇਮ ਰੱਖਣ ਦਾ ਮਤਲਬ ਹੈ- ਸਾਡੇ ਕੋਲ ਕੁਝ ਦਹਾਕਿਆਂ ਦੇ ਅੰਦਰ ਸਾਡੀ ਸੱਭਿਅਤਾ ਅਤੇ ਹੋਂਦ ਦੇ ਢਹਿ ਜਾਣ ਤੋਂ ਬਚਣ ਦੇ ਕੇਵਲ 10% ਤੋਂ ਵੀ ਘੱਟ ਸੰਭਾਵਨਾ ਹੈ। ਵਿਸ਼ਵਵਿਆਪੀ ਅਸਮਾਨਤਾ ਅਤੇ ਰਾਜਨੀਤਿਕ ਧਰੂਵੀਕਰਨ ਵੱਧ ਰਿਹਾ ਹੈ, ਜੋ ਮਨੁੱਖਤਾ ਲਈ ਚੰਗਾ ਸੰਕੇਤ ਨਹੀਂ ਹੈ। ਸਮਾਜਿਕਤਾ ਦਾ ਢਹਿ ਢੇਰੀ ਹੋਣਾ ਅਤੇ ਮਨੁੱਖਤਾ ਦੀ ਹੋਂਦ ਦੇ ਖਤਰਿਆਂ ਵਿੱਚ ਕੁਦਰਤੀ ਆਫਤਾਂ, ਯੁੱਧ, ਭੂਚਾਲ, ਮਹਾਂਮਾਰੀ, ਅਕਾਲ, ਆਰਥਿਕਤਾ ਪਤਨ, ਵੱਡੇ ਪੱਧਰ ਤੇ ਪਰਵਾਸ, ਅਯੋਗ ਨੇਤਾਵਾਂ ਅਤੇ ਤਾਨਾਸ਼ਾਹੀ ਹਕੂਮਤਾਂ ਆਦਿ ਮਨੁੱਖਤਾ ਦੀ ਹੋਂਦ ਤੇ ਦੁਨੀਆਂ ਦੇ ਅੰਤ ਵਿੱਚ ਆਪਣੀਆਂ ਭੂਮਿਕਾਵਾਂ ਨਿਭਾਅ ਰਹੀਆਂ ਹਨ। ਜੈਵ ਵਿਭਿੰਨਤਾ ਚੇਤਾਵਨੀ ਦੇ ਮਾਹਰਾਂ ਦਾ ਕਹਿਣਾ ਹੈ ਕਿ ਮਨੁੱਖਤਾ ਧਰਤੀ ਦੀਆਂ ਕੁਦਰਤੀ ਹੱਦਾਂ ਨੂੰ ਤੋੜਨ ਦੀ ਕਰਾਰ ਉਤੇ ਹੈ।
ਵਿਗਿਆਨੀਆਂ ਅਤੇ ਸਿੱਖਿਆ ਸ਼ਾਸ਼ਤਰੀਆਂ ਦਾ ਕਹਿਣਾ ਹੈ ਕਿ ਮਨੁੱਖੀ ਗਤੀਵਿਧੀਆਂ ਨੇ ਦੁਨੀਆ ਨੂੰ ਖਤਰੇ ਦੇ ਖੇਤਰ ਵੱਲ ਧੱਕ ਦਿੱਤਾ ਹੈ। ਖੋਜਾਂ ਦੱਸਦੀਆਂ ਹਨ ਕਿ ਜੰਗਲੀ ਜੀਵਾਂ ਦੀ ਆਬਾਦੀ ਵਿੱਚ 1970 ਤੋਂ ਬਾਅਦ ਔਸਤਨ 73% ਦੀ ਕਮੀ ਆਈ ਹੈ। ਇਹ ਤ੍ਰਾਸਦੀ ਹੈ ਕਿ ਮਨੁੱਖ ਜਾਤੀ ਦੂਜੀਆਂ ਪ੍ਰਜਾਤੀਆਂ ਨੂੰ ਖਤਮ ਕਰਨ ਵਿੱਚ ਲੱਗੀ ਹੋਈ ਹੈ, ਪਰ ਆਪਣੀ ਹੋਂਦ ਦੇ ਖਤਰਿਆਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਸਮੇਂ ਦੀਆਂ ਸਰਕਾਰਾਂ ਕੁਦਰਤ ਦੀ ਬਹਾਲੀ ਲਈ ਫ਼ਿਕਰਮੰਦ ਨਹੀਂ ਹਨ। ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਾਡੀ ਧਰਤੀ ਅਤੇ ਇਸ ਦਾ ਮਨੁੱਖੀ ਅਤੇ ਜੈਵਿਕ ਜੀਵਨ ਦਿਨੋਂ ਦਿਨ ਗਿਰਾਵਟ ਵੱਲ ਵੱਧ ਰਿਹਾ ਹੈ। ਇਹ ਸੋਚਣ ਦਾ ਵਿਸ਼ਾ ਹੈ ਕਿ ਦੁਨੀਆ ਦਾ ਅੰਤ ਕਦੋਂ ਅਤੇ ਕਿਵੇਂ ਹੋਣ ਦੀ ਸੰਭਾਵਨਾ ਹੈ!

Leave a Reply

Your email address will not be published. Required fields are marked *