ਦਰਿਆ ਸੁੱਕੇ, ਪਹਾੜ ਪੁਟੇ
ਜਸਵੀਰ ਸਿੰਘ ਸ਼ੀਰੀ
ਪੂਰਬੀ ਪੰਜਾਬ ਦਾ ਜੇ ਮੈਂ ਸਮੁੱਚੇ ਰੂਪ ਵਿੱਚ ਨਕਸ਼ਾ ਖਿੱਚਾਂ ਤਾਂ ਇਹ ਬਣਦਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਵਿੱਚੋਂ ਲੰਘਦੇ ਢਾਈ ਦਰਿਆਵਾਂ ਵਿੱਚ ਵਗਦਾ ਪਾਣੀ ਹੁਣ ਜਿੱਥੇ ਕੁਝ ਪ੍ਰੋਜੈਕਟਾਂ ਰਾਹੀਂ ਪਹਾੜੀ ਰਾਜਾਂ ਤੋਂ ਹੀ ਦੱਖਣ ਪੂਰਬ ਵੱਲ ਖਿੱਚਣ ਦਾ ਯਤਨ ਕੀਤਾ ਜਾ ਰਿਹਾ ਹੈ, ਉਥੇ ਬਾਕੀ ਬਚਦਾ ਰੋਪੜ ਤੋਂ ਪਿੱਛੇ ਅਤੇ ਫਿਰ ਹਰੀਕੇ ਪੱਤਣ ਤੋਂ ਪੰਜਾਬ ਤੋਂ ਬਾਹਰ ਵੱਲ ਖਿੱਚ ਲਿਆ ਜਾਂਦਾ ਹੈ। ਇਸ ਦਾ ਸਿੱਟਾ ਇਹ ਹੈ, ਅਕਸਰ ਹੀ ਦਰਿਆਵਾਂ ਵਿੱਚ ਹੜ੍ਹਾਂ ਨਾਲ ਉੱਜੜਨ ਵਾਲੇ ਸਾਡੇ ਇਸ ਛੋਟੇ ਜਿਹੇ ਰਾਜ ਦੇ ਖੇਤ, ਗੈਰ-ਬਰਸਾਤੀ ਮੌਸਮ ਵਿੱਚ ਦਰਿਆਈ/ਨਹਿਰੀ ਪਾਣੀ ਲਈ ਤਰਸ ਜਾਂਦੇ ਹਨ।
ਸਾਡੀ ਇੱਥੇ ਖੇਤੀ 70/80 ਫੀਸਦੀ ਮੋਟਰਾਂ, ਡੂੰਘੇ ਬੋਰਾਂ ਨਾਲ ਸਿੰਜੀ ਜਾਂਦੀ ਹੈ, ਜਦਕਿ ਰਾਜਸਥਾਨ ਦੇ ਟਿੱਬੇ ਨਹਿਰੀ ਪਾਣੀ ਨਾਲ ਤਰੌਤ ਕੀਤੇ ਜਾ ਰਹੇ ਹਨ। ਜ਼ਮੀਨਦੋਜ਼ ਪਾਣੀ ਦਾ ਪੱਧਰ ਲਗਾਤਾਰ ਗਿਰ ਰਿਹਾ ਹੈ। ਖੇਤੀ ਮਾਹਿਰ ਐਜੂਕੇਸ਼ਨਿਸਟ ਸਰਦਾਰਾ ਸਿੰਘ ਜੌਹਲ ਨੇ ਇੱਕ ਮੁਲਾਕਾਤ ਵਿੱਚ ਕਿਹਾ ਕਿ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਜੇ ਇਸ ਤਰ੍ਹਾਂ ਕੱਢਣਾ ਜਾਰੀ ਰਿਹਾ ਤਾਂ ਇਹ ਸਿਰਫ 14-15 ਸਾਲ ਦੀ ਖੇਡ ਹੈ। ਮੁੜ ਕੇ ਵੇਖੀ ਜਾਇਓ ਆਨੇ ਵਾਲੀ ਥਾਂ ‘ਤੇ ਹੱਥ ਲਾ-ਲਾ ਕੇ।
ਸਤਲੁਜ ਦਰਿਆ ਤਾਂ ਰੋਪੜ ਤੋਂ ਅੱਗੇ ਹੁਣ ਤਕਰੀਬਨ ਸੁੱਕ ਹੀ ਗਿਆ ਹੈ। ਇੱਕ ਕੱਸੀ ਕੁ ਜਿੰਨਾ ਪਾਣੀ ਹੀ ਅੱਜ-ਕੱਲ੍ਹ ਇਸ ਵਿੱਚ ਵਗਦਾ ਹੈ। ਇਹਨੂੰ ਵੀ ਬੁੱਢੇ ਦਰਿਆ ਰਾਹੀਂ ਲੁਧਿਆਣੇ ਦਾ ਜ਼ਹਿਰੀਲਾ ਪਾਣੀ ਪਲੀਤ ਕਰੀ ਜਾ ਰਿਹਾ ਹੈ। ਬਚਦੇ ਸਤਲੁਜ ਦਾ ਰੇਤਾ ਸਿਆਸਤਦਾਨਾਂ ਨੇ ਖਾਣਾ ਸ਼ੁਰੂ ਕੀਤਾ ਹੋਇਆ ਹੈ। ਪੰਜਾਬ-ਹਰਿਆਣਾ ਦੇ ਬਾਰਡਰਾਂ- ਖਨੌਰੀ ਅਤੇ ਸ਼ੰਭੂ ਵਿਖੇ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਦੇ ਹੱਕ ਵਿੱਚ ਮੋਰਚਾ ਲਗਾਈਂ ਬੈਠੇ ਹਨ। ਬੇਰੁਜ਼ਗਾਰ/ਕੱਢੇ ਹੋਏ ਪ੍ਰੋਫੈਸਰ ਲਾਠੀਆਂ ਖਾ ਰਹੇ ਹਨ। ਪਿਛਲੇ ਕੁਝ ਹੀ ਦਿਨਾਂ ਵਿੱਚ ਪੰਜਾਬ ਦੇ ਸਰਹੱਦੀ ਖੇਤਰ ਦੇ ਕਈ ਥਾਣਿਆਂ ਵਿੱਚ ਧਮਾਕੇ ਹੋਏ ਹਨ, ਜਾਂ ਗਰਨੇਡ ਸੁੱਟੇ ਗਏ ਹਨ। ਕੁਝ ਦੀ ਜ਼ਿੰਮੇਵਾਰੀ ਕਥਿਤ ਗੈਂਗਸਟਰਾਂ ਨੇ ਲਈ ਹੈ, ਬਾਕੀ ਹਾਲੇ ਲਾਵਾਰਸ ਹਨ।
ਇਸ ਤੋਂ ਇਲਾਵਾ ਸਿੱਖ ਖਾੜਕੂਵਾਦ ਨਾਲ ਸੰਬੰਧਤ ਰਹੇ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਕੀਤੇ ਗਏ ਹਮਲੇ ਨੂੰ ਲੈ ਕੇ ਰਵਾਇਤੀ ਅਕਾਲੀਆਂ ਅਤੇ ਰੈਡੀਕਲ ਸਿੱਖ ਧਿਰਾਂ ਵਿਚਕਾਰ ਇੱਕ ਡੂੰਘੀ ਲਕੀਰ ਖਿੱਚੀ ਗਈ ਹੈ। ਪੰਜਾਬ ਦੀ ਅਕਾਲੀ ਸਿਆਸਤ ਅੰਦਰ ਸੰਵਿਧਾਨ ਦੇ ਘੇਰੇ ਵਿੱਚ ਰਹਿ ਕੇ ਆਪਣੀ ਸਿਆਸਤ ਚਲਾਉਣ ਵਾਲੀਆਂ ਧਿਰਾਂ ਦਾ ਸਿੱਖ ਰੈਡੀਕਲਜ਼ ਜਾਂ ਸਿੱਖਾਂ ਦੇ ਕੁਝ ਦਬਾਅ ਗਰੁੱਪਾਂ ਨਾਲ ਜੈਵਿਕ ਰਿਸ਼ਤਾ ਬਣਦਾ ਕਿਧਰੇ ਵਿਖਾਈ ਨਹੀਂ ਦੇ ਰਿਹਾ। ਕਿਸੇ ਸਫਲ ਸਿਆਸੀ ਮੁਹਿੰਮ ਲਈ ਇਸ ਕਿਸਮ ਦੇ ਰਿਸ਼ਤੇ ਬੇਹੱਦ ਜ਼ਰੂਰੀ ਹੁੰਦੇ ਹਨ। ਕਿਸੇ ਕੌਮ/ਕੌਮੀਅਤ/ਸੱਭਿਆਚਾਰ ਦੀ ਸਿਆਸੀ ਮੁਹਿੰਮ ਨੂੰ ਅਜਿਹੇ ਰਿਸ਼ਤੇ ਸਮੁੱਚ (ਹੋਲਿਸਟਕ ਰੂਪ ‘ਚ) ਐਕਟੀਵੇਟ ਕਰਦੇ ਹਨ। ਅੰਨ੍ਹੀ ਕਿਸਮ ਦੀ ਸ਼ਰੀਕੇਬਾਜ਼ੀ ਸਾਡੇ ਸੁਭਾਅ ਅਤੇ ਸੱਭਿਆਚਾਰ ਵਿੱਚ ਰਚਿਆ ਹੋਇਆ ਅਸਾਧ ਰੋਗ ਹੈ, ਜਿਹੜਾ ਸਾਡੀ ਹੋਣੀ ਦੀ ਬੇੜੀ ਦੇ ਪਾਰ ਲੱਗਣ ਵਿੱਚ ਵੱਡਾ ਅੜਿਕਾ ਬਣ ਗਿਆ ਹੈ।
ਕਿਸਾਨ ਜਥੇਬੰਦੀਆਂ ਦਾ ਹਾਲ ਵੇਖ ਲਓ, ਨੌਂ ਪੂਰਬੀਏ ਅਠਾਰਾਂ ਚੁੱਲਿ੍ਹਆਂ ਵਾਲੀ ਹਾਲਤ ਹੈ। ਹਰੇਕ ਦੀ ਜਿੱLਦ ਹੈ ਬਈ ਮੈਨੂੰ ਸਾਰਾ ਕੁਝ ਪਤਾ, ਸਾਰੇ ਮੇਰੀ ਹੀ ਅਗਵਾਈ ਵਿੱਚ ਚੱਲਣ। ਹਾਲ ਸਾਡਾ ਇਹ ਹੈ ਕਿ ਪਾਣੀ ਪੀਣ ਦੇ ਲਾਇਕ ਨਹੀਂ ਤੇ ਹਵਾ ਸਾਹ ਲੈਣ ਦੇ ਕਾਬਲ ਨਹੀਂ। ਜਵਾਨੀ ਕੋਲ ਰੁਜ਼ਗਾਰ ਜੋਗਾ ਸਕਿੱਲ ਨਹੀਂ। ਮੁੰਡੇ-ਕੁੜੀਆਂ ਜਦੋਂ ਦੇ ਅੰਗਰੇਜ਼ੀ ਨੂੰ ਮਾੜਾ ਮੋਟਾ ਮੂੰਹ ਮਾਰਨ ਲੱਗੇ ਹਨ, ਪੰਜਾਬੀ ਭੁੱਲ ਗਏ ਹਨ। ਕਲਾਸ ਗਿਆਰਵੀਂ, ਤੇ ਪੈਂਤੀ ਯਾਦ ਨਹੀਂ! ਮੇਰੀਆਂ ਗੱਲਾਂ ਝੂਠੀਆਂ ਲੱਗਣ ਤਾਂ ਪੰਜਾਬ ਵਿੱਚ ਆਪਣੇ ਆਲੇ-ਦੁਆਲੇ ਦੁਕਾਨਾਂ ਦੇ ਬੋਰਡਾਂ, ਕੰਧਾਂ ‘ਤੇ ਲਿਖੇ ਇਸ਼ਤਿਹਾਰਾਂ, ਮੀਲ ਪੱਥਰਾਂ, ਬੱਸਾਂ, ਟਰੱਕਾਂ ਅਤੇ ਕਾਰਾਂ ਵਗੈਰਾ ‘ਤੇ ਲਿਖੀ ਪੰਜਾਬੀ ਨੂੰ ਧਿਆਨ ਨਾਲ ਵੇਖਣਾ, ਬਹੁਤ ਸਾਰੀ ਗਲਤ ਲਿਖੀ ਮਿਲੇਗੀ। ਸੋਸ਼ਲ ਮੀਡੀਆ ਅਤੇ ਵੈਬ ਚੈਨਲਾਂ ‘ਤੇ ਅਕਸਰ ਪੰਜਾਬੀ ਗਲਤ ਲਿਖੀ ਹੁੰਦੀ ਹੈ। ਦੂਰ ਦੁਰਾਡੇ ਦੇ ਪਿੰਡਾਂ ਦੇ ਸਕੂਲ ਵੇਖਣਾ, ਬਾਹਰੋਂ ਕੰਧਾਂ ਲਿੱਪੀਆਂ-ਪੋਚੀਆਂ ਅਤੇ ਸੁਰਖ਼ੀ ਬਿੰਦੀ ਨਾਲ ਸਜੀਆਂ ਮਿਲਣਗੀਆਂ। ਮੁੱਖ ਬੋਰਡ ‘ਤੇ ਲਿਸ਼ਕਦਾ ‘ਸਮਾਰਟ ਸਕੂਲ’ ਤੁਹਾਡਾ ਸੁਆਗਤ ਕਰੇਗਾ; ਪਰ ਅੰਦਰ ਵੜੋਗੇ ਤਾਂ ਬੋਰਡ ਟੁੱਟੇ ਮਿਲਣਗੇ, ਟੀਚਰ ਸੁੱਤੇ, ਬੈਂਚ ਉੱਖੜੇ ਹੋਏ, ਸਰਾਕਾਰ ਵੱਲੋਂ ਭੇਜੇ ਕੰਪਿਊਟਰ ਕਬਾੜ ਖ਼ਾਨੇ ਵਿੱਚ ਲੱਭਣਗੇ।
ਪਿੰਡਾਂ ਦੇ ਸਕੂਲਾਂ ਨਾਲ ਲਗਦੀਆਂ ਗਰਾਊਂਡਾਂ ਵਿੱਚ ਸਾਡੇ ਵੇਲਿਆਂ ‘ਚ ਅਕਸਰ ਸ਼ਾਮਾਂ ਨੂੰ ਮੁੰਡੇ ਤਕੜੀ ਗਿਣਤੀ ਵਿੱਚ ਖੇਡਦੇ ਸਨ। ਹੁਣ ਇਹ ਸੁੰਨੇ ਹਨ। ਕਾਈ, ਘਾਹ ਫੂਸ, ਸਰਿੰਜਾਂ/ਸੂਈਆਂ/ਨਸ਼ੇ ਦੇ ਟੀਕਿਆਂ ਦੇ ਕੱਚ ਜਾਂ ਨਾਜਾਇਜ਼ ਕਬਜ਼ਿਆਂ ਦਾ ਸ਼ਿਕਾਰ ਹੋ ਗਏ ਹਨ। ਜਿਹੜੇ ਛੋਟੇ-ਛੋਟੇ ਪਿੰਡ ਬੜੇ ਸੁਥਰੇ ਹੁੰਦੇ ਸਨ, ਉਨ੍ਹਾਂ ਦੀਆਂ ਨਾਲੀਆਂ ਆਧੁਨਿਕ ਟੱਟੀਆਂ ਦੇ ਪਾਣੀ ਅਤੇ ਲਿਫਾਫਿਆਂ ਨਾਲ ਭਰ ਗਈਆਂ ਹਨ। ਖੇਤਾਂ/ਘਰਾਂ ਵਿੱਚ ਪੂਰਬੀਏ ਕੰਮ ਕਰਦੇ ਹਨ, ਸਰਦਾਰ ਜੀ ਵਧੇ ਹੋਏ ਢਿੱਡ ਨੂੰ ਪਲੋਸਦੇ ਹਨ। ਸਾਹਿਬਜ਼ਾਦਾ ਗਿੱਚੀ ਚੁੱਕਵੇਂ ਵਾਲ ਕਟਾ, ਕੰਨ ‘ਚ ਮੁੰਦਰ ਪਾ, ਸ਼ਹਿਰ ਦੀ ਗੇੜੀ `ਤੇ ਚੜ੍ਹਿਆ ਹੋਇਆ ਹੈ। ਸ਼ਹਿਰਾਂ ਦੀਆਂ ਗਰੀਬ ਬਸਤੀਆਂ ਵਿੱਚ ਨਵਾਂ-ਨਵਾਂ ਬਣਿਆ ਸੀਵਰੇਜ ਬੰਦ ਪਿਆ ਹੈ ਅਤੇ ਸੜੇ ਹੋਏ ਪਾਣੀ ਦੀ ਝੀਲ ਬਣ ਗਈ ਹੈ। ਵੱਡੇ-ਵੱਡੇ ਹਾਈਵੇ ਬਣ ਰਹੇ ਹਨ। ਜਿਧਰ ਨੂੰ ਜੀ ਕਰਦਾ ਸੜਕਾਂ ਕੱਢੀਂ ਤੁਰੇ ਜਾਂਦੇ। ਓਵਰ-ਬ੍ਰਿੱਜਾਂ ਦੀ ਓਟ ‘ਚ ਛੋਟੇ ਸ਼ਹਿਰ/ਕਸਬੇ ਰੀਂਘਣ ਲੱਗੇ ਹਨ। ਬਾਰਸ਼ ਬਾਅਦ ਵਿੱਚ ਹੁੰਦੀ ਹੈ, ਹੜ੍ਹ ਪਹਿਲਾਂ ਆ ਜਾਂਦਾ। ਪਿੰਡਾਂ ਦੇ ਰਾਹਾਂ ਵਿੱਚ ਉੱਖਲੀਆਂ, ਖੂਹੀਆਂ ਬਣ ਗਈਆਂ ਹਨ। ਸ਼ਹਿਰਾਂ ਲਾਗੇ ਵਸੇ ਜੱਟ ਜ਼ਮੀਨਾਂ ਵੇਚ ਕੇ ਕੋਠੀਆਂ ਪਾ ਰਹੇ ਹਨ ਅਤੇ ਲਗਜ਼ਰੀ ਕਾਰਾਂ ਖਰੀਦ ਰਹੇ ਹਨ। ਸਭ ਕੁਝ ਲੁਟਾ ਕੇ ਖੁਦਕਸ਼ੀਆਂ ਵੀ ਕਰੀ ਜਾਂਦੇ ਹਨ।
ਇੰਡਸਟਰੀ ਤਾਂ ਸਾਡੇ ਲਈ ਹੁਣ ਰੁਜ਼ਗਾਰ ਨਹੀਂ, ਜ਼ਹਿਰਾਂ ਜੰਮਦੀ ਐ! ਅਖ਼ਬਾਰਾਂ ਨੂੰ ਖ਼ਬਰ ਦੇ ਅੰਦਰ ਲੁਕਿਆ ਹੋਇਆ ਇਸ਼ਤਿਹਾਰ ਚਾਹੀਦਾ। ਚੈਨਲਾਂ ਦੇ ਮਾਲਕਾਂ ਨੂੰ ਸਟੇਜ ‘ਤੇ ਚੀਕਾਂ ਮਾਰਦੇ ਐਂਕਰ ਤੇ ਸਨਸਨੀ। ਸਿਆਸਤਦਾਨਾਂ ਨੇ ਘੁਟਾਲੇ ਕਰਨ, ਬੈਂਕਾਂ ਲੁੱਟਣ, ਝੂਠ ਬੋਲਣ, ਠੱਗੀ ਮਾਰਨ, ਲਾਰੇ ਲਾਉਣ, ਹਿੰਸਾ ਭੜਕਾਉਣ ਦੇ ਰਿਕਾਰਡ ਤੋੜ ਦਿੱਤੇ ਹਨ। ਸੀਰੀਆ ਵਾਲੇ ਡਿਕਟੇਟਰ ਦੀ ਸੱਤਾ ਗਿਰੀ ਤਾਂ ਪਤਾ ਲੱਗਿਆ ਕਿ ਮਾਈ ਦੇ ਲਾਲ ਕੋਲ ਸੈਂਕੜੇ ਟਨ ਸੋਨਾ ਸੀ। ਲੋਕਾਂ ਲਈ ਤਸੀਹਾ ਘਰ ਅਤੇ ਆਪਣੇ ਲਈ ਅੱਯਾਸ਼ੀ ਦੇ ਅੱਡੇ। ਨਸ਼ੇ ਦਾ ਸੱਭ ਤੋਂ ਵੱਡਾ ਵਪਾਰੀ ਪਤੰਦਰ ਆਪ ਹੀ ਸੀ। ਕਿਤੇ ਸਾਡੇ ਇੱਥੇ ਵੀ ਇਹੋ ਕੁਝ ਤੇ ਨਹੀਂ? ਗੁਬਾਰਾ ਫੁੱਟਿਆਂ ਹੀ ਪਤਾ ਲੱਗਣਾ।