ਮੁਕੁਲ ਵਿਆਸ
ਪਿਛਲੇ ਦਹਾਕਿਆਂ ਵਿੱਚ ਧਰਤੀ ਦੀ ਤਿੰਨ ਚੌਥਾਈ ਤੋਂ ਵੱਧ ਜ਼ਮੀਨ ਸਥਾਈ ਤੌਰ `ਤੇ ਖੁਸ਼ਕ ਯਾਨੀ ਕਿ ਸੁੱਕੀ ਹੋ ਗਈ ਹੈ। ਖੁਸ਼ਕ ਜ਼ਮੀਨਾਂ ਦਾ ਵਿਸਤਾਰ ਜਲਵਾਯੂ ਸੰਕਟ ਦੇ ਪ੍ਰਭਾਵਾਂ ਨਾਲ ਜੂਝ ਰਹੇ ਸੰਸਾਰ ਲਈ ਨਵੀਂਆਂ ਚਿੰਤਾਵਾਂ ਪੈਦਾ ਕਰਦਾ ਹੈ। ਸੰਯੁਕਤ ਰਾਸ਼ਟਰ ਕਨਵੈਨਸ਼ਨ ਟੂ ਕੰਬੈਟ ਡੈਜ਼ਰਟੀਫਿਕੇਸ਼ਨ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਦਰਸਾਉਂਦੀ ਹੈ ਕਿ 2020 ਤੋਂ ਤਿੰਨ ਦਹਾਕਿਆਂ ਵਿੱਚ ਧਰਤੀ ਦੀ ਲਗਭਗ 77.6 ਪ੍ਰਤੀਸ਼ਤ ਜ਼ਮੀਨ ਨੇ ਪਿਛਲੇ 30 ਸਾਲਾਂ ਦੀ ਮਿਆਦ ਦੇ ਮੁਕਾਬਲੇ ਖੁਸ਼ਕ ਸਥਿਤੀਆਂ ਦਾ ਅਨੁਭਵ ਕੀਤਾ ਹੈ।
ਉਸੇ ਤਿੰਨ ਦਹਾਕਿਆਂ ਵਿੱਚ ਸੁੱਕੀ ਜ਼ਮੀਨ ਦਾ ਲਗਭਗ 4.3 ਮਿਲੀਅਨ ਵਰਗ ਕਿਲੋਮੀਟਰ ਦਾ ਵਿਸਤਾਰ ਹੋਇਆ, ਜੋ ਕਿ ਅੰਟਾਰਕਟਿਕਾ ਨੂੰ ਛੱਡ ਕੇ ਸਾਰੀ ਧਰਤੀ ਦੀ ਜ਼ਮੀਨ ਦਾ 40.6 ਪ੍ਰਤੀਸ਼ਤ ਹੈ। ਇਸ ਸਮਾਂ ਸੀਮਾ ਦੇ ਅੰਦਰ, ਗਲੋਬਲ ਭੂਮੀ ਖੇਤਰ ਦਾ ਲਗਭਗ 7.6 ਪ੍ਰਤੀਸ਼ਤ ਖੁਸ਼ਕਤਾ ਦੀ ਹੱਦ ਨੂੰ ਪਾਰ ਕਰ ਗਿਆ ਹੈ। ਜ਼ਿਆਦਾਤਰ ਨਮੀ ਵਾਲੀਆਂ ਜ਼ਮੀਨਾਂ, ਖੁਸ਼ਕ ਜ਼ਮੀਨਾਂ ਵਿੱਚ ਤਬਦੀਲ ਹੋ ਗਈਆਂ ਸਨ, ਜਿਸ ਨੇ ਖੇਤੀਬਾੜੀ, ਵਾਤਾਵਰਣ ਪ੍ਰਣਾਲੀ ਅਤੇ ਉਨ੍ਹਾਂ ‘ਤੇ ਨਿਰਭਰ ਲੋਕਾਂ `ਤੇ ਡੂੰਘਾ ਪ੍ਰਭਾਵ ਪਾਇਆ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਦੁਨੀਆ ਨੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ‘ਤੇ ਰੋਕ ਨਾ ਲਗਾਈ, ਤਾਂ ਇਸ ਸਦੀ ਦੇ ਅੰਤ ਤੱਕ 3 ਫੀਸਦੀ ਜਲਗਾਹਾਂ ਖੁਸ਼ਕ ਜ਼ਮੀਨ ‘ਚ ਤਬਦੀਲ ਹੋ ਜਾਣਗੀਆਂ। ਵਿਗਿਆਨੀਆਂ ਦੀ ਨਵੀਂ ਰਿਪੋਰਟ ਰਿਆਦ, ਸਾਊਦੀ ਅਰਬ ਵਿੱਚ ਆਲਮੀ ਖੁਸ਼ਕਤਾ ਦੇ ਰੁਝਾਨਾਂ ਅਤੇ ਭਵਿੱਖ ਦੇ ਅਨੁਮਾਨਾਂ ‘ਤੇ ਆਯੋਜਿਤ ਸੰਯੁਕਤ ਰਾਸ਼ਟਰ ਸੰਮੇਲਨ ਵਿੱਚ ਪੇਸ਼ ਕੀਤੀ ਗਈ। ਇਹ ਸੰਯੁਕਤ ਰਾਸ਼ਟਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਮੀਨੀ ਕਾਨਫਰੰਸ ਸੀ। ਪੱਛਮੀ ਏਸ਼ੀਆ ਵਿੱਚ ਇਹ ਪਹਿਲੀ ਮੀਟਿੰਗ ਸੀ। ਇਹ ਇੱਕ ਅਜਿਹਾ ਖੇਤਰ ਹੈ, ਜੋ ਖੁਸ਼ਕਤਾ ਦੇ ਪ੍ਰਭਾਵਾਂ ਤੋਂ ਵਿਆਪਕ ਤੌਰ ‘ਤੇ ਪ੍ਰਭਾਵਿਤ ਹੁੰਦਾ ਹੈ। ਪਹਿਲੀ ਵਾਰ ਰਿਆਦ ਦੀ ਮੀਟਿੰਗ ਵਿੱਚ ਔੜ ਦੇ ਸੰਕਟ ਨੂੰ ਵਿਗਿਆਨਕ ਸਪੱਸ਼ਟਤਾ ਨਾਲ ਪੇਸ਼ ਕੀਤਾ ਗਿਆ ਸੀ। ਮਨੁੱਖੀ ਕਾਰਨ ਜਲਵਾਯੂ ਪਰਿਵਰਤਨ ਇਸ ਸੰਕਟ ਦਾ ਮੁਢਲਾ ਚਾਲਕ ਹੈ। ਬਿਜਲੀ ਉਤਪਾਦਨ, ਆਵਾਜਾਈ, ਉਦਯੋਗ ਅਤੇ ਭੂਮੀ-ਵਰਤੋਂ ਦੀਆਂ ਤਬਦੀਲੀਆਂ ਤੋਂ ਨਿਕਲਣ ਵਾਲੇ ਨਿਕਾਸ, ਗ੍ਰਹਿ ਨੂੰ ਗਰਮ ਕਰ ਰਹੇ ਹਨ ਅਤੇ ਵਰਖਾ ਦੇ ਪੈਟਰਨ, ਵਾਸ਼ਪੀਕਰਨ ਦਰਾਂ ਅਤੇ ਪੌਦਿਆਂ ਦੇ ਜੀਵਨ ਨੂੰ ਬਦਲ ਰਹੇ ਹਨ। ਇਹ ਸਥਿਤੀਆਂ ਵਧਦੀ ਖੁਸ਼ਕਤਾ ਨੂੰ ਦਰਸਾਉਂਦੀਆਂ ਹਨ।
ਕੁੱਲ ਮਿਲਾ ਕੇ ਸੁੱਕੀ ਜ਼ਮੀਨ ਵਿਸ਼ਵ ਪੱਧਰ ‘ਤੇ ਫੈਲ ਰਹੀ ਹੈ। 2020 ਤੱਕ 2.3 ਬਿਲੀਅਨ ਲੋਕ, ਜਾਂ ਵਿਸ਼ਵ ਦੀ ਆਬਾਦੀ ਦੇ ਇੱਕ ਚੌਥਾਈ ਤੋਂ ਵੱਧ, ਫੈਲੀਆਂ ਖੁਸ਼ਕ ਜ਼ਮੀਨਾਂ ਵਿੱਚ ਰਹਿ ਰਹੇ ਸਨ। ਖੁਸ਼ਕਤਾ-ਸਬੰਧਤ ਜ਼ਮੀਨ ਦੀ ਗਿਰਾਵਟ, ਜਿਸਨੂੰ ਮਾਰੂਥਲੀਕਰਨ ਵਜੋਂ ਜਾਣਿਆ ਜਾਂਦਾ ਹੈ, ਮਨੁੱਖੀ ਭਲਾਈ ਅਤੇ ਵਾਤਾਵਰਣ ਦੀ ਸਥਿਰਤਾ ਲਈ ਇੱਕ ਗੰਭੀਰ ਖ਼ਤਰਾ ਹੈ। ਇਸ ਦਿਸ਼ਾ ਵਿੱਚ ਠੋਸ ਕਦਮ ਨਾ ਚੁੱਕੇ ਤਾਂ ਭਵਿੱਖ ਹੋਰ ਵੀ ਨਿਰਾਸ਼ਾਜਨਕ ਹੋ ਸਕਦਾ ਹੈ। ਸਭ ਤੋਂ ਮਾੜੇ ਨਿਕਾਸੀ ਦ੍ਰਿਸ਼ਾਂ ਦੇ ਤਹਿਤ ਸਦੀ ਦੇ ਅੰਤ ਤੱਕ ਪੰਜ ਅਰਬ ਲੋਕ ਸੁੱਕੀ ਜ਼ਮੀਨ ‘ਤੇ ਰਹਿ ਸਕਦੇ ਹਨ। ਅਜਿਹੀ ਸਥਿਤੀ ਦਾ ਅਰਥ ਹੈ, ਮਿੱਟੀ ਦੀ ਕਟੌਤੀ, ਪਾਣੀ ਦੇ ਸਰੋਤਾਂ ਦੀ ਕਮੀ ਅਤੇ ਮਨੁੱਖਤਾ ਦੇ ਵੱਡੇ ਹਿੱਸਿਆਂ ਲਈ ਵਾਤਾਵਰਣ ਪ੍ਰਣਾਲੀ ਦਾ ਢਹਿ ਜਾਣਾ।
ਜ਼ਬਰਦਸਤੀ ਪਰਵਾਸ ਅੱਜ ਦੁਨੀਆ ਦੇ ਕੁਝ ਖੁਸ਼ਕ ਖੇਤਰਾਂ ਵਿੱਚ ਪਹਿਲਾਂ ਹੀ ਦਿਖਾਈ ਦੇ ਰਿਹਾ ਹੈ। ਜਿਵੇਂ ਕਿ ਜ਼ਮੀਨ ਬੇਕਾਰ ਹੋ ਜਾਂਦੀ ਹੈ ਅਤੇ ਖੇਤੀ ਅਸਫਲ ਹੋ ਜਾਂਦੀ ਹੈ, ਪਰਿਵਾਰਾਂ ਅਤੇ ਭਾਈਚਾਰਿਆਂ ਕੋਲ ਅਕਸਰ ਜਾਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੁੰਦਾ। ਇਸ ਕਾਰਨ ਵਿਸ਼ਵ ਪੱਧਰ ‘ਤੇ ਸਮਾਜਿਕ ਅਤੇ ਸਿਆਸੀ ਚੁਣੌਤੀਆਂ ਵਧਦੀਆਂ ਹਨ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਸਾਰੀ ਜ਼ਮੀਨ ਦਾ ਪੰਜਵਾਂ ਹਿੱਸਾ ਅਚਾਨਕ ਈਕੋਸਿਸਟਮ ਵਿੱਚ ਤਬਦੀਲੀਆਂ ਕਰ ਸਕਦਾ ਹੈ। ਇਨ੍ਹਾਂ ਦੇ ਪ੍ਰਭਾਵਾਂ ਕਾਰਨ ਜੰਗਲ ਘਾਹ ਦੇ ਮੈਦਾਨਾਂ ਵਿੱਚ ਬਦਲ ਸਕਦੇ ਹਨ। ਦੁਨੀਆ ਦੇ ਕਈ ਪੌਦਿਆਂ ਅਤੇ ਜਾਨਵਰਾਂ ਦੀਆਂ ਕਿਸਮਾਂ ਅਲੋਪ ਹੋ ਸਕਦੀਆਂ ਹਨ।
ਇੱਕ ਹੋਰ ਅਧਿਐਨ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਤੋਂ ਦੁਨੀਆ ਦੇ ਗਲੇਸ਼ੀਅਰਾਂ ਦਾ ਸਾਹਮਣਾ ਕਰ ਰਹੇ ਆਉਣ ਵਾਲੇ ਸੰਕਟ ਨੂੰ ਉਜਾਗਰ ਕਰਦਾ ਹੈ। ਦੁਨੀਆਂ ਦੇ ਬਹੁਤ ਸਾਰੇ ਗਲੇਸ਼ੀਅਰ ਪਿਛਲੇ ਬਰਫ਼ ਯੁੱਗ ਦੌਰਾਨ ਬਣੇ ਸਨ। ਇਹ ਗਲੇਸ਼ੀਅਰ ਹਜ਼ਾਰਾਂ ਸਾਲਾਂ ਤੋਂ ਉਚਾਈ ਵਾਲੇ ਖੇਤਰਾਂ ਅਤੇ ਧਰੁਵੀ ਖੇਤਰਾਂ ਵਿੱਚ ਮੌਜੂਦ ਹਨ, ਪਰ ਆਉਣ ਵਾਲੇ ਸਮੇਂ ਵਿੱਚ ਇਸ ਸਥਿਤੀ ਵਿੱਚ ਵੱਡੀ ਤਬਦੀਲੀ ਆ ਸਕਦੀ ਹੈ। ਇੱਕ ਤਾਜ਼ਾ ਅਧਿਐਨ ਸੁਝਾਅ ਦਿੰਦਾ ਹੈ ਕਿ ਇਸ ਸਦੀ ਦੇ ਅੰਤ ਤੱਕ ਦੁਨੀਆ ਦੇ ਅੱਧੇ ਤੋਂ ਵੱਧ ਗਲੇਸ਼ੀਅਰ ਅਲੋਪ ਹੋ ਸਕਦੇ ਹਨ। ਸਵਿਟਜ਼ਰਲੈਂਡ ਅਤੇ ਬੈਲਜੀਅਮ ਦੇ ਵਿਗਿਆਨੀਆਂ ਨੇ ਕਾਰਬਨ ਨਿਕਾਸ ਦੇ ਵੱਖ-ਵੱਖ ਦ੍ਰਿਸ਼ਾਂ ਤਹਿਤ ਗਲੇਸ਼ੀਅਰਾਂ ਦੇ ਸੰਭਾਵੀ ਨੁਕਸਾਨ ਦਾ ਅਨੁਮਾਨ ਲਗਾਇਆ ਹੈ। ਉਨ੍ਹਾਂ ਨੇ ਧਰਤੀ ਦੇ ਸਾਰੇ ਗਲੇਸ਼ੀਅਰਾਂ ਨੂੰ ਧਿਆਨ ਵਿਚ ਰੱਖਿਆ, ਜਿਨ੍ਹਾਂ ਦੀ ਗਿਣਤੀ ਦੋ ਲੱਖ ਹੈ। ਅਧਿਐਨ ਤੋਂ ਪ੍ਰਾਪਤ ਅੰਕੜੇ ਡਰਾਉਣੇ ਹਨ। ਜੇਕਰ ਕਾਰਬਨ ਨਿਕਾਸ ਉਚ ਪੱਧਰ ‘ਤੇ ਰਹਿੰਦਾ ਹੈ, ਤਾਂ ਸਾਰੇ ਗਲੇਸ਼ੀਅਰਾਂ ਦਾ 54 ਪ੍ਰਤੀਸ਼ਤ ਤੱਕ ਅਲੋਪ ਹੋ ਸਕਦਾ ਹੈ। ਐਲਪਸ ਵਿੱਚ ਇਹ ਸੰਖਿਆ 75 ਪ੍ਰਤੀਸ਼ਤ ਤੱਕ ਪਹੁੰਚ ਸਕਦੀ ਹੈ। ਪਿਛਲੇ ਸਾਲ ਕੀਤੇ ਗਏ ਇੱਕ ਅਧਿਐਨ ਨੇ ਦਿਖਾਇਆ ਕਿ ਹਿਮਾਲਿਆ ਦੇ ਗਲੇਸ਼ੀਅਰ ਵੀ ਤੇਜ਼ੀ ਨਾਲ ਪਿਘਲ ਰਹੇ ਹਨ ਅਤੇ ਜੇਕਰ ਗਲੋਬਲ ਵਾਰਮਿੰਗ ਜਾਰੀ ਰਹੀ ਤਾਂ ਸਦੀ ਦੇ ਅੰਤ ਤੱਕ ਆਪਣੇ ਪੁੰਜ ਦਾ 80 ਪ੍ਰਤੀਸ਼ਤ ਤੱਕ ਗੁਆ ਸਕਦਾ ਹੈ।
ਨਵੇਂ ਅਧਿਐਨ ਦੇ ਮੁੱਖ ਲੇਖਕ, ਗਲੇਸ਼ੀਅਰ ਵਿਗਿਆਨੀ ਹੈਰੀ ਜ਼ੇਕੋਲਾਰੀ ਨੇ ਕਿਹਾ ਕਿ ਗਲੇਸ਼ੀਅਰ ਦੁਨੀਆ ਦੇ ਕਈ ਹਿੱਸਿਆਂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਗਲੇਸ਼ੀਅਰਾਂ ਵਿੱਚ ਤਬਦੀਲੀਆਂ ਸਾਡੇ ਸਮਾਜ ਅਤੇ ਕੁਦਰਤੀ ਵਾਤਾਵਰਣ ਨੂੰ ਸਿੱਧਾ ਪ੍ਰਭਾਵਿਤ ਕਰਦੀਆਂ ਹਨ। ਗਲੇਸ਼ੀਅਰ ਸਥਾਨਕ ਪੱਧਰ ‘ਤੇ ਕੁਦਰਤੀ ਖ਼ਤਰਿਆਂ ਦਾ ਕਾਰਨ ਬਣ ਸਕਦੇ ਹਨ। ਗਲੇਸ਼ੀਅਰ ਸਥਾਨਕ ਪਾਣੀ ਦੀ ਸਪਲਾਈ ਨੂੰ ਨਿਰਧਾਰਤ ਕਰਦੇ ਹਨ ਅਤੇ ਸੈਰ-ਸਪਾਟੇ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹਨ। ਗਲੇਸ਼ੀਅਰਾਂ ਦੇ ਪਿਘਲਣ ਦੇ ਨਤੀਜੇ ਦੂਰਗਾਮੀ ਹੋਣਗੇ। ਗਲੇਸ਼ੀਅਰਾਂ ਦੇ ਪਿਘਲਣ ਨਾਲ ਸਮੁੰਦਰੀ ਪੱਧਰ ਵਧਦੇ ਹਨ, ਜੋ ਕਿ ਤੱਟਵਰਤੀ ਕਸਬਿਆਂ ਅਤੇ ਸ਼ਹਿਰਾਂ ਵਿੱਚ ਹੜ੍ਹਾਂ ਦੇ ਜੋਖਮ ਨੂੰ ਵਧਾਉਂਦੇ ਹਨ।
ਇਸ ਤੋਂ ਇਲਾਵਾ ਗਲੇਸ਼ੀਅਰ ਦਾ ਨੁਕਸਾਨ ਤਾਜ਼ੇ ਪਾਣੀ ਦੇ ਸਰੋਤਾਂ ਨੂੰ ਘਟਾਉਂਦਾ ਹੈ, ਜਿਸ ‘ਤੇ ਕਰੋੜਾਂ ਲੋਕ ਪੀਣ ਵਾਲੇ ਪਾਣੀ ਲਈ ਨਿਰਭਰ ਕਰਦੇ ਹਨ। ਗਲੇਸ਼ੀਅਰਾਂ ਤੋਂ ਪਾਣੀ ਦੀ ਸਪਲਾਈ ਵਿੱਚ ਬਦਲਾਅ ਜੈਵ ਵਿਭਿੰਨਤਾ, ਉਦਯੋਗ, ਖੇਤੀਬਾੜੀ ਅਤੇ ਘਰਾਂ ਲਈ ਪਾਣੀ ਦੀ ਉਪਲਬਧਤਾ ਨੂੰ ਪ੍ਰਭਾਵਤ ਕਰੇਗਾ। ਗ੍ਰੀਨਹਾਊਸ ਪ੍ਰਭਾਵ ਸੰਕਟ ਨੂੰ ਹੋਰ ਵਧਾ ਦੇਵੇਗਾ। ਜਿਵੇਂ ਕਿ ਸੂਰਜ ਦੀ ਰੋਸ਼ਨੀ ਨੂੰ ਪ੍ਰਤੀਬਿੰਬਤ ਕਰਨ ਦੀ ਧਰਤੀ ਦੀ ਸਮਰੱਥਾ ਘਟਦੀ ਹੈ, ਸੂਰਜ ਤੋਂ ਵੱਧ ਊਰਜਾ ਪ੍ਰਤੀਬਿੰਬਤ ਹੋਣ ਦੀ ਬਜਾਏ ਲੀਨ ਹੋ ਜਾਂਦੀ ਹੈ। ਇਹ ਗਲੋਬਲ ਵਾਰਮਿੰਗ ਦੇ ਜੋਖਮ ਨੂੰ ਵਧਾਉਂਦਾ ਹੈ ਅਤੇ ਜਲਵਾਯੂ ਤਬਦੀਲੀ ਨੂੰ ਹੋਰ ਵੀ ਗੰਭੀਰ ਬਣਾਉਂਦਾ ਹੈ।
ਖੋਜ ਟੀਮ ਨੇ ਭਵਿੱਖੀ ਗਲੇਸ਼ੀਅਰ ਦੇ ਨੁਕਸਾਨ ਦੀ ਭਵਿੱਖਬਾਣੀ ਕਰਨ ਲਈ ਇਤਿਹਾਸਕ ਗਲੇਸ਼ੀਅਰ ਪੁੰਜ, ਕਾਰਬਨ ਨਿਕਾਸ ਅਤੇ ਤਾਪਮਾਨ ਦੇ ਅੰਕੜਿਆਂ ਦਾ ਅਧਿਐਨ ਕੀਤਾ। ਇਸ ਜਾਣਕਾਰੀ ਅਤੇ ਕੰਪਿਊਟਰ ਮਾਡਲਿੰਗ ਦੀ ਮਦਦ ਨਾਲ ਖੋਜਕਰਤਾ ਗਲੇਸ਼ੀਅਰ ਪੁੰਜ ਦੇ ਭਵਿੱਖ ਦੇ ਨੁਕਸਾਨ ਬਾਰੇ ਭਵਿੱਖਵਾਣੀ ਕਰਨ ਦੇ ਯੋਗ ਸਨ। ਵੱਖ-ਵੱਖ ਜਲਵਾਯੂ ਦ੍ਰਿਸ਼ਾਂ ਤਹਿਤ 21ਵੀਂ ਸਦੀ ਵਿੱਚ ਗਲੇਸ਼ੀਅਰ ਦੇ ਵਾਧੇ ਨੂੰ ਮਾਡਲਿੰਗ ਕਰਕੇ, ਖੋਜਕਰਤਾਵਾਂ ਨੇ ਭਵਿੱਖ ਦੇ ਨਿਕਾਸ ਦੇ ਪੱਧਰਾਂ ਦੇ ਆਧਾਰ ‘ਤੇ ਨਤੀਜਿਆਂ ਵਿੱਚ ਬਹੁਤ ਅੰਤਰ ਪਾਇਆ। ਘੱਟ ਕਾਰਬਨ ਨਿਕਾਸੀ ਤਹਿਤ 2100 ਤੱਕ ਗਲੇਸ਼ੀਅਰ ਆਪਣੇ ਪੁੰਜ ਦਾ 25 ਤੋਂ 29 ਪ੍ਰਤੀਸ਼ਤ ਗੁਆ ਸਕਦੇ ਹਨ। ਇਹ ਅੰਕੜਾ ਇੱਕ ਉੱਚ-ਨਿਕਾਸ ਦ੍ਰਿਸ਼ ਦੇ ਤਹਿਤ 46 ਅਤੇ 54 ਪ੍ਰਤੀਸ਼ਤ ਦੇ ਵਿਚਕਾਰ ਵਧ ਸਕਦਾ ਹੈ। ਇਨ੍ਹਾਂ ਚਿੰਤਾਜਨਕ ਖੁਲਾਸਿਆਂ ਦੇ ਬਾਵਜੂਦ ਖੋਜਕਰਤਾਵਾਂ ਨੇ ਅਨੁਮਾਨਿਤ ਗਲੇਸ਼ੀਅਰ ਵਿਕਾਸ ਵਿੱਚ ਅਨਿਸ਼ਚਿਤਤਾਵਾਂ ਨੂੰ ਸਵੀਕਾਰ ਕੀਤਾ ਹੈ। ਉਹ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਖੋਜ ਨੇ ਖਾਸ ਤੌਰ ‘ਤੇ ਗਲੇਸ਼ੀਅਰਾਂ ਦੀ ਜਾਂਚ ਕੀਤੀ, ਨਾ ਕਿ ਬਰਫ਼ ਦੀ ਚਾਦਰਾਂ ਦੀ। ਗ੍ਰੀਨਲੈਂਡ ਅਤੇ ਅੰਟਾਰਕਟਿਕਾ ‘ਤੇ ਪਾਈਆਂ ਗਈਆਂ ਬਰਫ਼ ਦੀਆਂ ਚਾਦਰਾਂ ਵਿਚ 99 ਪ੍ਰਤੀਸ਼ਤ ਭੂਮੀ ਬਰਫ਼ ਅਤੇ 68 ਪ੍ਰਤੀਸ਼ਤ ਤੋਂ ਵੱਧ ਧਰਤੀ ਦੇ ਤਾਜ਼ੇ ਪਾਣੀ ਹਨ।