ਗਾਥਾ ਨਵਾਂ ਸ਼ਹਿਰ

ਆਮ-ਖਾਸ

ਪਿੰਡ ਵਸਿਆ-23
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਨਵਾਂ ਸ਼ਹਿਰ ਦੀ ਗਾਥਾ…

ਵਿਜੈ ਬੰਬੇਲੀ
ਫੋਨ:+91-9463439075

ਪ੍ਰਚੀਨ ਦਸਤਾਵੇਜਾਂ (ਮਾਲ) ਅਨੁਸਾਰ, “ਪਿੰਡ ਨਵਾਂਸ਼ਹਿਰ ਮਸ਼ੀਰ ਖਾਨ ਨੇ ਆਬਾਦ ਕੀਤਾ। ਜ਼ਮੀਨ ਦਾ ਮਾਲਕ ਅਜ਼ੀ ਬਖਸ਼ ਕੌਮ ਰਾਜਪੂਤ ਘੌੜੇਬਾਹ ਪਿੰਡ ਹੀਮਾਂ ਤਹਿਸੀਲ ਸਮਰਾਲਾ (?) ਤੋਂ ਵਕਤ ਦੇ ਹਾਕਮ ਦੇ ਹੁਕਮ ਨਾਲ ਕਾਬਜ਼ ਹੋਆ। ਪਿੱਛੋਂ ਮਸੱਮੀਆਂ-ਲੱਧਾ-ਨਿਹਾਲ-ਸਲਾਨੀ-ਬੋਡਾ-ਪੀਰੂ ਬਾਕੀ ਗੋਰਚੀ ਵਗੈਰਾ ਵੀ ਸਮੇਂ ਦੇ ਹਾਕਮਾਂ ਦੀ ਪ੍ਰਵਾਨਗੀ ਲੈ ਕੇ ਆਪੋ-ਆਪਣੇ ਅਸਬਾਬ ਨਾਲ ਆ ਕਾਬਜ਼ ਹੋਏ, ਜ਼ਰਾਇਤ (ਖੇਤੀ) ਕਰਨ ਲੱਗੇ ਵ ਆਹਲਾ ਮਾਲਕ ਬਣੇ। ਪਿੱਛੋਂ ਸਵਾ ਪੰਜਤਾਲੀ ਵਿੱਘੇ ਹਲ ਮੁਕੱਰਰ ਹੋਆ। ਕੌਮ ਰਾਜਪੂਤ ਬਾਰਾਂ ਹਲ, ਅਰਾਂਈਆਂ (ਅਰਾਂਈ ਹਲਵਾਹਕ) ਸਵਾ ਵੀਹੀ ਹਲ, ਜੱਟ ਗਿਆਰਾਂ ਹਲ, ਕੈਮ ਕਰਕੇ ਤਿੰਨ ਪੱਤੀਆਂ ਰਾਜਪੂਤਾਂ, ਜੱਟਾਂ ਅਤੇ ਮੁਆਫੀ ਕਾਇਮ ਹੋਈਆਂ।”
ਇੱਕ ਹੋਰ ਵਿਸ਼ਵਾਸ ਅਨੁਸਾਰ, “ਪਿੰਡ ਨਵਾਂਸ਼ਹਿਰ ਦਾ ਇਤਿਹਾਸ 14ਵੀਂ ਸਦੀ ਨਾਲ ਜਾ ਖਹਿੰਦਾ ਹੈ। ਕਿਹਾ ਜਾਂਦਾ ਹੈ ਕਿ ਇੱਕ ਧੜਵੈਲ ਅਫਗਾਨ ਗੁਰੀਲੇ ਨੌ-ਸ਼ੇਰ-ਖਾਨ ਨੇ ਅਲਾਓਦੀਨ ਖਿਲਜ਼ੀ (1295-1316) ਸਮੇਂ, ਇੱਕ ਝੀਲ ਕਿਨਾਰੇ ਇਸ ਦੀ ਮੌੜ੍ਹੀ ਗੱਡੀ। ਪਹਿਲ-ਪਲੱਕੜਿਆਂ ਵਿਚ ਇਸ ਨੂੰ ਨੌ-ਸ਼ੇਰ ਕਿਹਾ ਜਾਂਦਾ ਰਿਹਾ। ਸਮਾਂ ਪਾ ਕੇ ਇਹ ਵਿਗੜਦਾ/ਸੰਵਰਦਾ ‘ਨਵਾਂ ਸ਼ਹਿਰ’ ਵਜੋਂ ਸਥਾਪਿਤ ਹੋ ਗਿਆ। ਨੌ-ਸ਼ੇਰ-ਖਾਨ ਨੇ ਪੰਜ ਕਿਲੇ (ਗੜ੍ਹੀਆਂ), ਜਿਹੜੇ ਕਿ ਹਵੇਲੀ ਨੁਮਾਂ ਸਨ, ਬਣਵਾਏ ਜਿਨ੍ਹਾਂ ਦੇ ਖੰਡਰ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹਨ।”
ਇੱਕ ਹੋਰ ਮਿੱਥ ਅਨੁਸਾਰ, “ਕਈ ਲੋਕ, ਦਰਿਆ ਸਤਲੁਜ ਦੇ ਵਾਰ-ਵਾਰ ਭੰਨਿਓ-ਗੋਥਲਿਓ, ਰਾਹੋਂ ਲਾਗਲੇ ਖਿੱਤੇ ਤੋਂ ਇੱਥੇ ਆ ਬੈਠੇ। ਪ੍ਰਾਚੀਨ ‘ਰਾਹੋਂ ਸ਼ਹਿਰ’ ਦੀ ਤਰਜ਼ ’ਤੇ ਉਨ੍ਹਾਂ ਇਸ ਮੁਕਾਮ ਦਾ ਨਾਂ ‘ਨਵਾਂ ਸ਼ਹਿਰ’ ਰੱਖ ਦਿੱਤਾ।” ਇੱਕ ਹੋਰ ਦੰਦ ਕਥਾ ਅਨੁਸਾਰ, “ਰਾਹੋਂ ਉੱਚੇ ਥੇਹ ‘ਤੇ ਬਿਰਾਜਮਾਨ ਹੈ ਅਤੇ ਇਹ ਉਸਤੋਂ ਕਿਤੇ ਨੀਵੀਂ ਥਾਂ। ‘ਨੀਵੀਂ ਵਸੇਬ’ ਨੂੰ ਪਹਿਲਾਂ ‘ਨੀਵਾਂ ਸ਼ਹਿਰ’ ਕਿਹਾ ਜਾਣ ਲੱਗ ਪਿਆ, ਜਿਹੜਾ ਮਗਰੋਂ, ਸਮਾਂ ਪਾ ‘ਨਵਾਂ ਸ਼ਹਿਰ’ ਵਜੋਂ ਸੁ-ਪ੍ਰਸਿੱਧ ਹੋ ਗਿਆਂ।”
‘ਦਾ ਇੰਪੀਰੀਅਲ ਗਜ਼ਟੀਅਰ ਆਫ ਇੰਡੀਆ’ (ਜਿਲਦ-18, ਸਫਾ-429) ਅਨੁਸਾਰ, “ਨਵਾਂ ਸ਼ਹਿਰ ਕਿਸੇ ਸਮੇਂ ਸ਼ਕਤੀਸ਼ਾਲੀ ਸਿੱਖ ਯੋਧੇ ਤਾਰਾ ਸਿੰਘ ਘੇਬਾ ਦੀ ਸੂਹੀ ਮਲਕੀਅਤ ਸੀ, ਜਿਹੜੀ ਉਸਦੀ ਮੌਤ ਉਪਰੰਤ ਰਣਜੀਤ ਸਿੰਘ ਨੇ ਹਥਿਆ ਲਈ।” ਦਰ-ਹਕੀਕਤ; ਜਦ ਸਿੱਖ ਮਿਸਲਾਂ ਦਾ ਪ੍ਰਤਾਪ ਵਧਣਾ ਸ਼ੁਰੂ ਹੋ ਗਿਆ, ਤਦ 1760 ‘ਚ ਸਿਲਦਾਰ ਤਾਰਾ ਸਿੰਘ ਘੇਬਾ ਮਾਛੀਵਾੜਾ ਬੰਨਿਓਂ ਦਰਿਆ ਸਤਲੁਜ ਪਾਰ ਕਰਕੇ ਪਹਲਾਂ ‘ਰਾਹੋਂ’ ਅਤੇ ਫਿਰ ‘ਕਾਠਗੜ੍ਹ’ ਖਿੱਤੇ ‘ਤੇ ਆਣ ਕਾਬਜ਼ ਹੋਇਆ। ਫਿਰ ਉਸ ‘ਨਵਾਂ ਸਹਿਰ’ ਅਤੇ ‘ਬੰਗਾ’ ਵੀ ਦੱਬ ਲਿਆ। ਸਰਦਾਰ ਘੇਬਾ ਜਦ ਤਾਂਈਂ 100 ਵਰਸੀਆ, ਗੂੜ੍ਹਾ ਬੁੱਢਾ ਹੋਇਆ, ਤਦ ਤਾਂਈਂ ਮਹਾਰਾਜਾ ਰਣਜੀਤ ਸਿੰਘ ਦਾ ਤੇਜ਼ ਬੁਲੰਦ ਹੋ ਚੁਕਾ ਸੀ। ਇਸ ਤੇਜ਼-ਪ੍ਰਤਾਪ ਵਿਚ ਸ. ਘੇਬਾ ਦਾ ਵੀ ‘ਯੋਗਦਾਨ’ ਸੀ; ਪਰ ਸਤਾ ਦੀ ਲਾਲਸਾ ‘ਯੋਗਦਾਨ’ ਨਹੀਂ, ‘ਹਿੱਤ’ ਵੇਖਦੀ ਹੈ। ਸ. ਘੇਬਾ ਦੇ ਅੱਖਾਂ ਮੀਟਦਿਆਂ ਹੀ ਆਨੀਂ-ਬਹਾਨੀਂ ਅਤੇ ਮਿਸਲ ਘੇਬਾ ਦੇ ਮੱਕਾਰਾਂ ਬਦੌਲਤ ਇੱਥੇ ਆਣ ਕਾਬਜ਼ ਹੋਇਆ। ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਜਲੰਧਰ ਦੁਆਬ, ਪਹਿਲੇ ਖੇਤਰਾਂ ਸਣੇ, ਰਾਹੋਂ-ਨਵਾਂ ਸ਼ਹਿਰ ਸਮੇਤ ਆਪਣੇ ਭਰੋਸੇਮੰਦ ਦੀਵਾਨ ਮੋਹਕਮ ਚੰਦ ਨੂੰ ਸਮੁੱਚੇ ਜਲੰਧਰ ਦੁਆਬ ਦਾ ਆਹਲਾ ਮੁਨਸੱਬ ਮੁਕੱਰਰ ਕਰਕੇ, ਆਹਲਾ ਸਿੱਖ ਸਿਪਾਹ ਸਾਲਾਰ ਖੁਸ਼ਹਾਲ ਸਿੰਘ ਨੂੰ ਨਵਾਂ ਸ਼ਹਿਰ ਦਾ ਜ਼ਮਾਂਦਾਰ ਥਾਪ ਦਿੱਤਾ।
ਇਸ ਨਗਰ ਦਾ ਇਤਿਹਾਸ ਬਾਬਾ ਬੰਦਾ ਬਹਾਦੁਰ ਸਿੰਘ ਜੀ ਨਾਲ ਵੀ ਅੰਤਰ-ਸਬੰਧਿਤ ਹੈ। ਇਹਿਤਾਸ ਮੁਤਾਬਕ, “ਜਲੰਧਰ ਦੁਆਬ ਦੇ ਸਿੱਖਾਂ ਨੇ ਮੁਸਲਿਮ ਦਾਬੇ ਤੋਂ ਮੁਕਤ ਹੋਣ ਦੇ ਯਤਨਾਂ ਵਜੋਂ ਦੁਆਬੇ ਦੇ ਫੌਜਦਾਰ ਸਮਸ਼ਖਾਨ ਨੂੰ ਕੁਝ ਸੁਧਾਰ ਕਰਨ ਲਈ ਕਿਹਾ। ਸੁਧਾਰ ਦੀ ਜਗਾਹ, ਉਸ ਉਲਟਾ ਦਮਨ ਚੱਕਰ ਤੇਜ਼ ਕਰ ਦਿੱਤਾ। ਬਾਬਾ ਬੰਦਾ ਬਹਾਦੁਰ ਦੀ ਚੜ੍ਹਤ ਦੀ ਕਨਸੌਅ ਪਾ ਸਿੱਖਾਂ ਨੇ ਪੁਰਾਣੇ ਸ਼ਹਿਰ ਰਾਹੋਂ ਉੱਤੇ ਗੁਰੀਲਾ ਹਮਲੇ ਤਹਿਤ ਅੰਸ਼ਕ ਕਬਜ਼ਾ ਕਰ ਲਿਆ। ਸਿੱਟੇ ਵਜੋਂ ‘ਬਾਗ ਯਕੂਬ ਖਾਂ’ ਕੋਲ ਘਮਸਾਨ ਦਾ ਯੁੱਧ ਹੋਇਆ, ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਮਗਰੋਂ ਹਲਾਤਾਂ ਵੱਸ ਸ਼ਮਸ ਖਾਨ ਦੇ ਦੁਆਬ ਛੱਡਦਿਆਂ ਹੀ ਹੇਠਲੀਆਂ ਸ਼ਿਵਾਲਕ ਪਹਾੜੀਆਂ (ਕਟਾਰ ਧਾਰ) ‘ਚ, ਸਤਲੁਜ ਗਿਰਦ, ਸਰਗਰਮ ਬਾਬਾ ਬੰਦਾ ਬਹਾਦੁਰ ਦੇ ਕੁਮਕ ਇਸ ਖਿੱਤੇ ‘ਤੇ ਆ ਕਾਬਜ਼ ਹੋਏ।”
ਰਾਹੋਂ ਉੱਤੇ ਬੱਝਵਾਂ ਹਮਲਾ ਕਰਨ ਅਤੇ ਦਰਿਆ ਪਾਰਲੀ ਸ਼ਾਹੀ ਫੌਜ ਤੋਂ ਬਚਾਅ ਹਿੱਤ ਪੱਕੇ ਪੈਰੀਂ ਹੋਣ ਲਈ ਉਸ ਨੇ ਕਟਾੜ ਧਾਰ ‘ਚ ਗੁਫਾ ਨੁਮਾ ਸਥਾਨਾਂ ‘ਚ ਜੰਗੀ ਪਿਕਟਾਂ ਸਥਾਪਿਤ ਕੀਤੀਆਂ ਸਨ। ਅਜਿਹੀ ਹੀ ਇੱਕ ਮਜਬੂਤ ਪਨਾਹ-ਮੋਰਚਾ ‘ਰੇਲ ਮਾਜਰਾ’ ਦੀਆਂ ਪਹਾੜੀ-ਬਰੂਹਾਂ ਵਿੱਚ ਸਤਲੁਜ ਦੇ ਮੈਦਾਨੀ ਕਿੱਤੇ ਦੇ ਪ੍ਰਵੇਸ਼ ਦੁਆਰ ਲਾਗੇ ਘਣੇ ਪਹਾੜੀ ਜੰਗਲ ਦੇ ਗੁਫਾ ਨੁਮਾ ਸਥਾਨ ‘ਚ ਸੀ। ਸਮੇਂ ਦੀ ਮਾਰ ਅਤੇ ਅਜਿਹੇ ਸਥਾਨਾਂ ਪ੍ਰਤੀ ਮਨੁੱਖੀ ਉਦਾਸੀਨਤਾ ਤਹਿਤ ਹੁਣ ਸਭ ਕੁਝ ਢਹਿ-ਢੇਰੀ ਅਤੇ ਰੁੰਡ-ਮਰੁੰਡ ਹੋ ਚੁਕਾ ਹੈ। ਸਾਡੇ ਸਮਿਆਂ ‘ਚ ਸੱਭਿਅਤਾਵਾਂ ਅਤੇ ਤਵਾਰੀਖੀ ਸਥਾਨਾਂ ਦੀ ਹੋਣੀ ਦਾ ਇੱਕ ਹੋਰ ਕਰੂਰ ਦਸਤੂਰ-ਸੰਤਾਪ ਹੈ, ਇਹ।

Leave a Reply

Your email address will not be published. Required fields are marked *