ਤੰਦਰੁਸਤੀ ਅਤੇ ਖ਼ੂਬਸੂਰਤੀ ਦੀ ਵਿਲਖੱਣ ਮਿਸਾਲ:ਹੁੰਜ਼ਾ ਸਮਾਜ

ਆਮ-ਖਾਸ

ਅਸ਼ਵਨੀ ਚਤਰਥ
ਫੋਨ:+91-6284220595
ਪਾਕਿਸਤਾਨ ਦੇ ਉੱਤਰੀ ਇਲਾਕੇ ਦੇ ਗਿਲਗਿਤ ਬਾਲਤਿਸਤਾਨ ਖਿੱਤੇ ਵਿੱਚ ਹੁੰਜ਼ਾ ਨਦੀ ਦੇ ਕੰਢੇ ‘ਹੁੰਜ਼ਾ ਘਾਟੀ’ ਇਕ ਬੇਹੱਦ ਖ਼ੂਬਸੂਰਤ ਪਹਾੜੀ ਵਾਦੀ ਹੈ। ਇਸ ਘਾਟੀ ’ਚ ਰਹਿੰਦੇ ‘ਹੁੰਜ਼ਾ’ ਕਬੀਲਾਈ ਲੋਕ ਦੁਨੀਆ ਦੇ ਸਭ ਤੋਂ ਜ਼ਿਆਦਾ ਉਮਰਦਰਾਜ, ਰੋਗਰਹਿਤ–ਸਿਹਤਮੰਦ ਅਤੇ ਬੇਹੱਦ ਖ਼ੂਬਸੂਰਤ ਸ਼ਖਸੀਅਤ ਦੇ ਮਾਲਕ ਹਨ। ਹੁੰਜ਼ਾ ਘਾਟੀ ਸਮੁੰਦਰੀ ਤਲ ਤੋਂ 8000 ਫੁੱਟ ਦੀ ਉਚਾਈ `ਤੇ ਦੁਨੀਆ ਤੋਂ ਨਿਵੇਕਲੀ ਅਤੇ ਸ਼ਾਨਦਾਰ ਉਪਜਾਊੁ ਘਾਟੀ ਹੈ।

ਇੱਥੋਂ ਦੇ ਲੋਕਾਂ ਦਾ ਸੰਭਾਵੀ ਜੀਵਨ ਕਾਲ ਭਾਵ ਕਿ ਜਿਉਂਦੇ ਰਹਿਣ ਦੀ ਔਸਤ ਉਮਰ 120 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਦੁਨੀਆ ਦੇ ਬਾਕੀ ਹਿੱਸਿਆਂ ਤੋਂ ਲੋਕ ਅਕਸਰ ਇੱਥੇ ‘ਹੁੰਜ਼ਾ ਲੋਕਾਂ’ ਦੀ ਸਿਹਤਯਾਬੀ ਅਤੇ ਖ਼ੂਬਸੂਰਤੀ ਦਾ ਰਾਜ਼ ਜਾਣਨ ਲਈ ਚੱਕਰ ਲਗਾਉਂਦੇ ਰਹਿੰਦੇ ਹਨ। ਪੱਛਮੀ ਦੇਸ਼ਾਂ ਦੇ ਲੋਕਾਂ ਲਈ ਤਾਂ ਇਹ ਘਾਟੀ ਅਕਸਰ ਖਿੱਚ ਦਾ ਕੇਂਦਰ ਬਣੀ ਰਹਿੰਦੀ ਹੈ। ਇਨ੍ਹਾਂ ਲੋਕਾਂ ਦੀ ਤੰਦਰੁਸਤ ਸਿਹਤ ਦਾ ਰਾਜ਼ ਇਨ੍ਹਾਂ ਦਾ ਸਾਦਗੀ ਵਾਲਾ ਜੀਵਨ ਢੰਗ ਅਤੇ ਸੰਤੁਲਿਤ–ਕੁਦਰਤੀ ਖ਼ੁਰਾਕ ਹੈ। ਅਜੋਕੇ ਸਮੇਂ ਵਿੱਚ ਵੀ ਇਹ ਲੋਕ ਆਪਣੇ ਪੁਰਾਣੇ ਰੀਤੀ ਰਿਵਾਜਾਂ ਵਾਲਾ ਅਤੇ ਆਧੁਨਿਕ ਜੀਵਨ ਸ਼ੈਲੀ ਵਾਲਾ ਮਿਸ਼ਰਿਤ ਜੀਵਨ ਜਿਉਂਦੇ ਹਨ।
ਇਨ੍ਹਾਂ ਲੋਕਾਂ `ਤੇ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਹੁੰਜ਼ਾ ਲੋਕ ਪਹਾੜਾਂ ਦੇ ਬੇਹੱਦ ਉੱਬੜ–ਖਾਬੜ ਇਲਾਕਿਆਂ ਵਿੱਚ ਰਹਿੰਦੇ ਹੋਏ ਸਖ਼ਤ ਮਿਹਨਤ ਭਰਿਆ ਜੀਵਨ ਬਤੀਤ ਕਰਦੇ ਹਨ। ਇਨ੍ਹਾਂ ਨੂੰ ਖੇਤੀਬਾੜੀ ਕਰਨ ਲਈ ਅਤੇ ਰੋਜ਼ਾਨਾ ਜੀਵਨ ਦੇ ਹੋਰ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਅਕਸਰ ਲੰਮਾ–ਲੰਮਾ ਸਫ਼ਰ ਪੈਦਲ ਹੀ ਤੈਅ ਕਰਨਾ ਪੈਂਦਾ ਹੈ। ਇਨ੍ਹਾਂ ਵਿੱਚ ਮੋਟਾਪਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ, ਕਿਉਂਕਿ ਇਹ ਸਰੀਰਕ ਤੌਰ `ਤੇ ਹਰ ਵੇਲੇ ਸਰਗਰਮ ਰਹਿੰਦੇ ਹਨ। ਕੁਦਰਤੀ ਵਾਤਾਵਰਨ ਨਾਲ ਬੇਹੱਦ ਨੇੜਿਓਂ ਜੁੜੇ ਇਸ ਇਲਾਕੇ ਵਿੱਚ ਸਿਹਤ ਦੀਆਂ ਸੇਵਾਵਾਂ ਨਾਂਮਾਤਰ ਹੀ ਵੇਖਣ ਨੂੰ ਮਿਲਦੀਆਂ ਹਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਦੇ ਲੋਕਾਂ ਵੱਲੋਂ ਇਨ੍ਹਾਂ ਦੀ ਜ਼ਰੂਰਤ ਵੀ ਮਹਿਸੂਸ ਨਹੀਂ ਕੀਤੀ ਜਾਂਦੀ। ਇਹ ਲੋਕ ਜ਼ਿਆਦਾਤਰ ਸ਼ਾਕਾਹਾਰੀ ਭੋਜਨ ਨੂੰ ਹੀ ਪਹਿਲ ਦਿੰਦੇ ਹਨ। ਖੁਰਮਾਨੀ, ਆੜੂ, ਚੈਰੀ, ਗਿਰੀ–ਮੇਵੇ ਅਤੇ ਅੰਗੂਰ ਆਦਿ ਤੋਂ ਇਲਾਵਾ ਜੌਂ, ਬਾਜਰਾ ਅਤੇ ਮੱਕੀ ਆਦਿ ਇਨ੍ਹਾਂ ਦੀ ਖ਼ੁਰਾਕ ਵਿੱਚ ਭਰਪੂਰ ਮਾਤਰਾ ਵਿੱਚ ਸ਼ਾਮਲ ਹੁੰਦੇ ਹਨ। ਫਲਾਂ ਅਤੇ ਸਬਜ਼ੀਆਂ ਦਾ ਇਨ੍ਹਾਂ ਦੇ ਭੋਜਨ ਵਿੱਚ ਅਹਿਮ ਸਥਾਨ ਹੁੰਦਾ ਹੈ। ਖੁਰਮਾਨੀ (ੳਫ੍ਰੀਛੌਠ) ਇੱਥੋਂ ਦੀ ਮੁੱਖ ਸਥਾਨਕ ਫਸਲ ਹੈ। ਇਸ ਲਈ ਖੁਰਮਾਨੀ ਫਲ ਦੇ ਕਿਸੇ ਨਾ ਕਿਸੇ ਹਿੱਸੇ ਨੂੰ ਇਨ੍ਹਾਂ ਦੇ ਭੋਜਨ ਦੀ ਹਰ ਵਨੰਗੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਸ ਦੇ ਬੀਜਾਂ ਅਤੇ ਤੇਲ ਦੀ ਵਰਤੋਂ ਹਰ ਤਰ੍ਹਾਂ ਦੇ ਭੋਜਨ ਤਿਆਰ ਕਰਨ ਵਿੱਚ ਵਿਸ਼ੇਸ਼ ਤੌਰ `ਤੇ ਕੀਤੀ ਜਾਂਦੀ ਹੈ।
ਕਿਹਾ ਜਾਂਦਾ ਹੈ ਕਿ ਖੁਰਮਾਨੀ ਦੇ ਜੂਸ ਦੇ ਸਹਾਰੇ ਇਹ ਲੋਕ ਕਈ ਮਹੀਨਿਆਂ ਤੱਕ ਜਿਉਂਦੇ ਰਹਿ ਸਕਦੇ ਹਨ। ਖੁਰਮਾਨੀ ਦੇ ਬੀਜਾਂ ਵਿੱਚ ‘ਐਮੀਗਡਾਲਿਨ’ ਨਾਂ ਦਾ ਰਸਾਇਣ ਮੌਜੂਦ ਹੁੰਦਾ ਹੈ, ਜੋ ਕਿ ‘ਵਿਟਾਮਿਨ ਬੀ–17’ ਦਾ ਭਰਪੂਰ ਸਰੋਤ ਹੁੰਦਾ ਹੈ। ਇਸੇ ਕਰਕੇ ਇੱਥੋਂ ਦੇ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਰਹਿਤ ਹੁੰਦੇ ਹਨ। ਤਲਿਆ–ਮਿਲਿਆ ਭੋਜਨ ਖਾਣ ਦੀ ਬਜਾਏ ਇਹ ਲੋਕ ਕਚਘਰੜ ਭੋਜਨ ਖਾਣ ਨੂੰ ਪਹਿਲ ਦਿੰਦੇ ਹਨ। ਇਸ ਨਾਲ ਇਨ੍ਹਾਂ ਵਿੱਚ ਸ਼ੂਗਰ ਦੀ ਬਿਮਾਰੀ ਲੱਗਣ ਅਤੇ ਕੋਲੈਸਟਰੌਲ ਦੇ ਵਧਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਰੋਜ਼ਾਨਾ ਦੇ ਕੰਮ ਕਾਜ ਲਈ ਲੰਮਾ ਸਫ਼ਰ ਤੈਅ ਕਰਦਿਆਂ ਇਨ੍ਹਾਂ ਦੀ ਬਹੁਤ ਜ਼ਿਆਦਾ ਸਰੀਰਕ ਕਸਰਤ ਹੋ ਜਾਂਦੀ ਹੈ, ਜਿਸ ਕਰਕੇ ਇਨ੍ਹਾਂ ਦੀਆਂ ਹੱਡੀਆਂ ਅਤੇ ਪੱਠੇ ਮਜ਼ਬੂਤ ਰਹਿੰਦੇ ਹਨ। ਪੈਦਲ ਚੱਲਣਾ ਹੁੰਜ਼ਾ ਲੋਕਾਂ ਨੂੰ ਵਿਸ਼ੇਸ਼ ਤੌਰ `ਤੇ ਚੰਗਾ ਲੱਗਦਾ ਹੈ। ਇੱਥੋਂ ਤੱਕ ਕਿ 80 ਸਾਲਾਂ ਦੀ ਉਮਰ ਦੇ ਆਦਮੀ ਵੀ ਆਪਣੇ ਦੂਰ–ਦਰੇਡੇ ਦੇ ਖੇਤਾਂ ਵਿੱਚ ਉੱਬੜ–ਖਾਬੜ ਰਸਤਿਆਂ `ਤੇ ਚੱਲਦੇ ਹੋਏ ਪੈਦਲ ਹੀ ਜਾਂਦੇ ਹਨ ਅਤੇ ਹੱਥੀਂ ਕੰਮ ਕਰਨ ਨੂੰ ਪਹਿਲ ਦਿੰਦੇ ਹਨ। ਹਰਿਆਵਲ ਭਰਪੂਰ ਆਲਾ–ਦੁਆਲਾ ਹੋਣ ਕਰਕੇ ਸਾਹ ਪ੍ਰਣਾਲੀ ਦੀਆਂ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਰਹਿਤ ਇਹ ਲੋਕ ਲੰਮੀ ਉਮਰ ਤੱਕ ਨਰੋਏ ਅਤੇ ਤੰਦਰੁਸਤ ਰਹਿੰਦੇ ਹਨ।
ਇੱਥੋਂ ਦੀਆਂ ਮਹਿਲਾਵਾਂ ਦੀ ਖ਼ੂਬਸੂਰਤੀ ਬਾਰੇ ਕਿਹਾ ਜਾਂਦਾ ਹੈ ਕਿ 65 ਸਾਲ ਦੀ ਉਮਰ ਵਿੱਚ ਵੀ ਬੁਢਾਪਾ ਇਨ੍ਹਾਂ ਦੇ ਨੇੜੇ ਨਹੀਂ ਆਉਂਦਾ ਹੈ। ਇਸ ਉਮਰ ਵਿੱਚ ਵੀ ਇਹ ਮਹਿਲਾਵਾਂ 25–30 ਸਾਲ ਦੀ ਉਮਰ ਦੀਆਂ ਹੀ ਲੱਗਦੀਆਂ ਹਨ। ਇਨ੍ਹਾਂ ਦੀ ਖ਼ੂਬਸੂਰਤੀ ਦਾ ਰਾਜ਼ ਇਨ੍ਹਾਂ ਦੀ ਰਵਾਇਤੀ ਜੀਵਨਸ਼ੈਲੀ ਅਤੇ ਸ਼ੁੱਧ, ਸਾਫ਼–ਸੁਥਰਾ ਅਤੇ ਰਸਾਇਣਾਂ ਤੋਂ ਬਗੈਰ ਖਾਣ–ਪਾਣ ਦੱਸਿਆ ਗਿਆ ਹੈ। ਇਹ ਲੋਕ ਬਹੁਤ ਹੀ ਸਾਦਾ ਜੀਵਨ ਬਤੀਤ ਕਰਦੇ ਹਨ। ਇਹ ਕੁਦਰਤੀ ਤੌਰ `ਤੇ ਉਗਾਏ ਗਏ ਫਲ, ਸਬਜ਼ੀਆਂ, ਅਨਾਜ ਅਤੇ ਦੁੱਧ ਆਦਿ ਖਾਂਦੇ–ਪੀਂਦੇ ਹਨ। ਡਰਾਈ ਫ਼ਰੂਟ ਦਾ ਸੇਵਨ ਵੀ ਕਾਫ਼ੀ ਜ਼ਿਆਦਾ ਕਰਦੇ ਹਨ।
ਬਲੂ ਜ਼ੋਨ (ਨੀਲੇ ਖੇਤਰ) ਦਾ ਪ੍ਰਭਾਵ: ਵਿਗਿਆਨੀਆਂ ਦਾ ਮੰਨਣਾ ਹੈ ਕਿ ਹੁੰਜ਼ਾ ਲੋਕਾਂ ਦੀ ਤੰਦਰੁਸਤੀ ਅਤੇ ਖ਼ੂਬਸੂਰਤੀ ਦਾ ਰਾਜ਼ ਇਨ੍ਹਾਂ ਦਾ ‘ਬਲੂ ਜ਼ੋਨ’ ਭਾਵ ਨੀਲੇ ਖੇਤਰ ਵਿੱਚ ਰਹਿਣ ਕਰਕੇ ਹੈ। ਨੀਲਾ ਖੇਤਰ ਉਹ ਖੇਤਰ ਹੁੰਦਾ ਹੈ, ਜਿਸ ਖੇਤਰ ਵਿੱਚ ਰਹਿੰਦੇ ਲੋਕਾਂ ਨੂੰ ਲੰਮੀਆਂ ਅਤੇ ਚਿਰਕਾਲੀਨ ਬਿਮਾਰੀਆਂ ਘੱਟ ਲਗਦੀਆਂ ਹਨ ਅਤੇ ਇਨ੍ਹਾਂ ਦੀ ਔਸਤ ਉਮਰ ਲੰਮੇਰੀ ਹੁੰਦੀ ਹੈ। ਇਸ ਖੇਤਰ ਵਿੱਚ ਰਹਿੰਦੇ ਲੋਕਾਂ ਦੀ ਵਿਸ਼ੇਸ਼ਤਾ ਇਹ ਹੰਦੀ ਹੈ ਕਿ ਇਨ੍ਹਾਂ ਦੀ ਜ਼ਿਆਦਾਤਰ ਖ਼ੁਰਾਕ ਸ਼ਾਕਾਹਾਰੀ ਹੁੰਦੀ ਹੈ। ਇਹ ਲੋਕ ਰੇਸ਼ੇ ਵਾਲੀਆਂ ਸਬਜ਼ੀਆਂ, ਬੀਨਸ, ਸਾਬਤ ਅਨਾਜ ਅਤੇ ਗਿਰੀ–ਮੇਵਿਆਂ ਨੂੰ ਮੁੱਖ ਤੌਰ `ਤੇ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰਦੇ ਹਨ। ਇਹ ਆਧੁਨਿਕ ਜੀਵਨ ਸ਼ੈਲੀ ਦੀ ਬਜਾਏ ਰਵਾਇਤੀ ਢੰਗ–ਤਰੀਕਿਆਂ ਨਾਲ ਆਪਣਾ ਜੀਵਨ ਬਿਤਾਉਣ ਨੂੰ ਪਹਿਲ ਦਿੰਦੇ ਹਨ। ਨੀਲੇ ਖੇਤਰ ’ਚ ਰਹਿੰਦੇ ਲੋਕ ਬੇਹੱਦ ਚੁਸਤ–ਦਰੁਸਤ, ਸਰੀਰਕ ਸਰਗਰਮੀ ਵਾਲਾ ਅਤੇ ਮਾਨਸਿਕ ਤਣਾਅ–ਰਹਿਤ ਜੀਵਨ ਬਤੀਤ ਕਰਦੇ ਹਨ। ਇਹ ਲੋਕ ਤਲੇ ਹੋਏ ਬਾਜ਼ਾਰੀ ਜੰਕ ਭੋਜਨ ਦੀ ਬਜਾਏ ਘਰੇਲੂ ਸਾਬਤ ਅਨਾਜ ਵਾਲੇ ਭੋਜਨ ਨੂੰ ਪਹਿਲ ਦਿੰਦੇ ਹਨ। ਇਹ ਲੋਕ ਗੂੜ੍ਹ ਪ੍ਰੇਮ–ਪਿਆਰ ਤੇ ਨਿੱਘ ਭਰੇ ਸਮਾਜਿਕ ਰਿਸ਼ਤਿਆਂ ਵਾਲਾ ਜੀਵਨ ਬਤੀਤ ਕਰਦੇ ਹਨ ਅਤੇ ਆਪਣੇ ਸਥਾਨਕ ਸੱਭਿਆਚਾਰ ਨਾਲ ਜੁੜੇ ਰਹਿੰਦੇ ਹਨ।
ਇੱਥੇ ਜਪਾਨੀ ਲੋਕਾਂ ਦੀ ਲੰਮੀ ਉਮਰ ਅਤੇ ਤੰਦਰੁਸਤੀ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ, ਜਿਨ੍ਹਾਂ ਵਿੱਚ ਔਰਤਾਂ ਦੀ ਔਸਤ ਉਮਰ 87 ਸਾਲ ਅਤੇ ਪੁਰਸ਼ਾਂ ਦੀ ਔਸਤ ਉਮਰ 81 ਸਾਲ ਹੁੰਦੀ ਹੈ। ਇਨ੍ਹਾਂ ਦੀ ਅਜਿਹੀ ਉਮਰ ਦਾ ਰਾਜ਼ ਘੱਟ ਮੋਟਾਪਾ, ਹੌਲੀ–ਹੌਲੀ ਭੋਜਨ ਖਾਣਾ, ਤਣਾਅ–ਰਹਿਤ ਜੀਵਨ ਬਤੀਤ ਕਰਨਾ ਅਤੇ ਸ਼ਾਕਾਹਾਰੀ ਭੋਜਨ ਨੂੰ ਪਹਿਲ ਦੇਣਾ ਆਦਿ ਮੰਨਿਆ ਗਿਆ ਹੈ। ਜਪਾਨੀ ਲੋਕ ਆਪਣੀ ਭੁੱਖ ਦਾ 80 ਫ਼ੀਸਦ ਭੋਜਨ ਹੀ ਖਾਂਦੇ ਹਨ ਅਤੇ 20 ਫ਼ੀਸਦ ਪੇਟ ਖਾਲੀ ਹੀ ਰੱਖਦੇ ਹਨ।
ਹੁੰਜ਼ਾ ਕਬੀਲੇ ਦੀਆਂ ਔਰਤਾਂ ਦੀ ਇਕ ਦਿਲਚਸਪ ਗੱਲ ਇਹ ਵੀ ਹੈ ਕਿ ਇਹ 60 ਸਾਲ ਤੋਂ ਬਾਅਦ ਵੀ ਗਰਭਵਤੀ ਹੋ ਸਕਦੀਆਂ ਹਨ। ਇਸ ਦੀ ਵਜ੍ਹਾ ਦਾ ਪਤਾ ਕਰਨ `ਤੇ ਪਤਾ ਲੱਗਾ ਕਿ ਇਨ੍ਹਾਂ ਦਾ ਖਾਣ–ਪਾਣ ਕਾਫ਼ੀ ਵੱਖਰਾ ਹੁੰਦਾ ਹੈ। ਇਹ ਪੂਰੀ ਤਰ੍ਹਾਂ ਦਾ ‘ਆਰਗੈਨਿਕ ਖਾਣਾ’ ਖਾਂਦੇ ਹਨ, ਜਿਸ ਵਿੱਚ ਰਸਾਇਣਾਂ ਦੀ ਮਾਤਰਾ ਬਿਲਕੁਲ ਨਹੀਂ ਹੁੰਦੀ। ਇਹ ਲੋਕ ‘ਗਲੇਸ਼ੀਅਰ’ ਭਾਵ ਬਰਫ਼ ਦੇ ਪਹਾੜਾਂ ਦੇ ਪਿਘਲੇ ਹੋਏ ਪਾਣੀ ਨੂੰ ਹੀ ਪੀਣ ਲਈ ਵਰਤਦੇ ਹਨ। ਇਸ ਪਾਣੀ ਵਿੱਚ ‘ਖਣਿਜ ਪਦਾਰਥ’ ਅਤੇ ‘ਐਂਟੀਆਕਸੀਡੈਂਟ’ ਮੌਜੂਦ ਹੁੰਦੇ ਹਨ। ਖਣਿਜ ਪਦਾਰਥ ਹੁੰਜ਼ਾ ਲੋਕਾਂ ਦੇ ਸਰੀਰਾਂ ਦੇ ਤੱਤਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ ਅਤੇ ਐਂਟੀਆਕਸੀਡੈਂਟ ਸਰੀਰ ਦੇ ਸੈਲਾਂ ਵਿੱਚ ਪੈਦਾ ਹੋਏ ਜ਼ਹਿਰੀਲੇ ਅਤੇ ਹਾਨੀਕਾਰਕ ਪਦਾਰਥਾਂ ਨੂੰ ਪ੍ਰਭਾਵਹੀਣ ਕਰਕੇ ਸਰੀਰ ਦੀ ਤਾਜ਼ਗੀ ਨੂੰ ਬਰਕਰਾਰ ਰੱਖਦੇ ਹਨ ਅਤੇ ਸ਼ੂਗਰ, ਕੈਂਸਰ ਅਤੇ ਗੁਰਦੇ ਫੇਲ੍ਹ ਹੋਣ ਵਰਗੀਆਂ ਬਿਮਾਰੀਆਂ ਨਹੀਂ ਲੱਗਣ ਦਿੰਦੇ। ਕੁਦਰਤੀ ਤੌਰ `ਤੇ ਮਿਲਦੇ ਖਣਿਜਾਂ ਅਤੇ ਐਂਟੀਆਕਸੀਡੈਂਟਾਂ ਕਰਕੇ ਵੀ ਹੁੰਜ਼ਾ ਲੋਕ ਲੰਮੀ ਉਮਰ ਲਈ ਜਵਾਨ ਰਹਿੰਦੇ ਹਨ।
ਹੁੰਜ਼ਾ ਲੋਕ ਆਪਣੀਆਂ ਸਮਾਜਿਕ ਕਦਰਾਂ ਕੀਮਤਾਂ ਦਾ ਬਹੁਤ ਸਤਿਕਾਰ ਕਰਦੇ ਹਨ। ਸਮਾਜਿਕ ਤਾਣੇ–ਬਾਣੇ ਵਿੱਚ ਬੱਝੇ ਹੋਏ ਇਹ ਲੋਕ ਆਪਣੇ ਸਮਾਜ ਦੇ ਬਜ਼ੁਰਗਾਂ ਦਾ ਵਿਸ਼ੇਸ਼ ਸਨਮਾਨ ਕਰਦੇ ਹਨ। ਇੱਥੇ ਕੋਈ ਬਿਰਧ ਆਸ਼ਰਮ ਵੇਖਣ ਨੂੰ ਨਹੀਂ ਮਿਲਦਾ ਹੈ। ਦੁਨੀਆ ਦੇ ਇਸ ਅਨੋਖੇ ਖਿੱਤੇ ਵਿੱਚ ਕਿਸੇ ਕਿਸਮ ਦਾ ਕੋਈ ਜ਼ੁਰਮ ਨਹੀਂ ਹੁੰਦਾ। ਬੱਚੇ ਮੋਬਾਇਲ ਅਤੇ ਕੰਪਿਊਟਰ ਦੀਆਂ ਖੇਡਾਂ ਦੀ ਬਜਾਏ ਖੁੱਲ੍ਹੀਆਂ ਥਾਵਾਂ `ਤੇ ਰਵਾਇਤੀ ਖੇਡਾਂ ਖੇਡਣ ਨੂੰ ਪਹਿਲ ਦਿੰਦੇ ਹਨ।
ਆਧੁਨਿਕਤਾ ਦੀ ਦੌੜ ਪਿੱਛੇ ਲੱਗੇ ਸਾਡੇ ਸਮਾਜ ਦੇ ਲੋਕਾਂ ਨੂੰ ਵੀ ਹੁੰਜ਼ਾ ਲੋਕਾਂ ਦੇ ਜੀਵਨ ਢੰਗ ਤੋਂ ਕਾਫ਼ੀ ਕੁਝ ਸਿੱਖਣ ਦੀ ਲੋੜ ਹੈ।

Leave a Reply

Your email address will not be published. Required fields are marked *