ਮਾਸਟਰ ਧਰਮਪਾਲ ਉੱਗੀ ਦੀ ਆਮਦ ’ਤੇ
ਪਿਲਾਕ ਵਿੱਚ ਸੰਗਤ
ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ ਭਰਪੂਰ ਹੈ ਅਤੇ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਤੇਰ੍ਹਵੀਂ ਕਿਸ਼ਤ, ਜਿਸ ਵਿੱਚ ‘ਪਾਕਿਸਤਾਨੀ ਪੰਜਾਬੀ ਸੰਗਤ’ ਦੀ ਹਫ਼ਤਾਵਾਰ ਮਿਲਣੀ ਅਤੇ ਮਾਸਟਰ ਧਰਮਪਾਲ ਹੋਰਾਂ ਨਾਲ ਕਰਤਾਰਪੁਰ ਜਾਣ ਦਾ ਸੰਖੇਪ ਵੇਰਵਾ ਦਰਜ ਹੈ…
ਰਵਿੰਦਰ ਸਹਿਰਾਅ
ਫੋਨ: 219-900-1115
ਬਾਲਟੀਮੋਰ, ਅਮੈਰਿਕਾ ਤੋਂ ਸਾਡੇ ਪੁਰਾਣੇ ਸਾਥੀ ਮਾਸਟਰ ਧਰਮਪਾਲ ਤੇ ਉਨ੍ਹਾਂ ਦੀ ਸਾਥਣ ਮਨਜੀਤ ਕੌਰ ਵੀ ਲਾਹੌਰ ਦੀਆਂ ਰੌਣਕਾਂ ਵਿੱਚ ਸ਼ਾਮਲ ਹੋ ਰਹੇ ਸਨ। ਅਸੀਂ ਮਿੱਥੇ ਪ੍ਰੋਗਰਾਮ ਅਨੁਸਾਰ ਉਨ੍ਹਾਂ ਨੂੰ ਵਾਹਗਾ ਬਾਰਡਰ ’ਤੇ ਮਿਲਣਾ ਤੇ ਲੈ ਕੇ ਆਉਣਾ ਸੀ, ਪਰ ਤਬੀਅਤ ਖ਼ਰਾਬ ਹੋਣ ਕਾਰਨ ਮੈਂ ਆਰਾਮ ਕਰਨਾ ਹੀ ਮੁਨਾਸਿਬ ਸਮਝਿਆ ਤੇ ਤਾਹਿਰ ਸੰਧੂ ਡਰਾਈਵਰ ਨਾਲ਼ ਉਨ੍ਹਾਂ ਨੂੰ ਲੈਣ ਪਹੁੰਚ ਗਿਆ। ਸਬੱਬ ਦੀ ਗੱਲ ਦੇਖੋ ਕਿ ਪਾਸ਼ ਦੇ ਇੱਕ ਹੋਰ ਸਾਥੀ ਮਰਹੂਮ ਲਖਵਿੰਦਰ ਉੱਗੀ ਦੇ ਭੈਣ-ਭਣੋਈਆ ਵੀ ਉਸੇ ਵਕਤ ਕੈਨੇਡਾ ਤੋਂ ਵਾਹਗੇ ਪੁੱਜੇ ਸਨ। ਲਖਵਿੰਦਰ ਉੱਗੀ ਤੇ ਮਾਸਟਰ ਧਰਮਪਾਲ ਉੱਗੀ ਪਾਸ਼ ਦੀ ਸੱਜੀ-ਖੱਬੀ ਬਾਂਹ ਵਜੋਂ ਜਾਣੇ ਜਾਂਦੇ ਸਨ। ਪਾਸ਼ ਦਾ ਪਿੰਡ ਤਲਵੰਡੀ ਸਲੇਮ ਉੱਗੀ ਦੇ ਬੱਸ ਅੱਡੇ ਤੋਂ ਬਹੁਤ ਹੀ ਨੇੜੇ ਹੈ, ਜਿੱਥੇ ਉਸਨੇ ਸਕੂਲ ਵੀ ਖੋਲ੍ਹ ਰੱਖਿਆ ਸੀ। ਬਾਹਰੋਂ ਮਿਲਣ ਆਇਆਂ ਨੂੰ ਪਾਸ਼ ਇਸੇ ਬੱਸ ਅੱਡੇ ’ਤੇ ਬਣੀ ਚਾਹ ਦੀ ਦੁਕਾਨ ’ਤੇ ਹੀ ਮਿਲਿਆ ਕਰਦਾ ਸੀ। ਕਿੰਨੀ ਹੀ ਵੇਰ ਮੈਂ ਵੀ ਪਾਸ਼ ਨਾਲ਼ ਉੱਥੇ ਮਿਲਦਾ ਰਿਹਾ।
ਖ਼ੈਰ! ਸ਼ਾਮ ਨੂੰ ਪਿਲਾਕ (ਪੰਜਾਬ ਇੰਸਟੀਚੂਟ ਆਫ਼ ਲੈਂਗੂਏਜ, ਆਰਟ ਐਂਡ ਕਲਚਰ) ਵਿੱਚ ‘ਸੰਗਤ’ ਦੀ ਮਿਲਣੀ ਲਈ ਤਿਆਰ ਹੋ ਰਹੇ ਸੀ ਤਾਂ ਤਾਹਿਰ ਦਾ ਫ਼ੋਨ ਆਇਆ ਕਿ ਜਲਦੀ ਤਿਆਰ ਹੋ ਜਾਓ, ਕਿਉਂਕਿ ਆਪਾਂ ਰਸਤੇ ਵਿੱਚ ਅਹਿਮਦ ਰਜ਼ਾ ਪੰਜਾਬੀ ਤੇ ਅੰਜੁਮ ਗਿੱਲ ਨੂੰ ਵੀ ਉਨ੍ਹਾਂ ਦੇ ਦਫ਼ਤਰ ਵਿੱਚ ਮਿਲਣਾ ਹੈ। ਅਸੀਂ ਉਂਜ ਵੀ ਉਨ੍ਹਾਂ ਨੂੰ ਮਿਲਣਾ ਹੀ ਸੀ, ਕਿਉਂਕਿ ਕੈਨੇਡਾ ਤੋਂ ਸੁੱਖੀ ਬਾਠ ਜੋ ਕਿ ਉਨ੍ਹੀਂ ਦਿਨੀਂ ਪੰਜਾਬ ਆਇਆ ਹੋਇਆ ਸੀ, ਨੇ ਸਾਡੇ ਹੱਥ ਇੱਕ ਸੁਨੇਹਾ ਅਹਿਮਦ ਰਜ਼ਾ ਲਈ ਭੇਜਿਆ ਸੀ। ਥੋੜ੍ਹੇ ਜਿਹੇ ਵਕਤ ਵਿੱਚ ਵੀ ਅਸੀਂ ਢੇਰ ਸਾਰੀਆਂ ਗੱਲਾਂ ਕੀਤੀਆਂ। ਅੰਜੁਮ ਗਿੱਲ ਅਤੇ ਨੀਰੂ ਨੇ ਤਸਵੀਰਾਂ ਖਿੱਚੀਆਂ। ਮੈਂ ਉਨ੍ਹਾਂ ਦੋਵਾਂ ਨੂੰ ਆਪਣੀ ਸ਼ਾਹਮੁਖੀ ਵਾਲੀ ਚੋਣਵੀਆਂ ਕਵਿਤਾਵਾਂ ਦੀ ਕਿਤਾਬ ਭੇਟ ਕੀਤੀ। ਆਉਣ ਲੱਗਿਆਂ ਮੈਂ ਸੁੱਖੀ ਬਾਠ ਵਾਲਾ ਸੁਨੇਹਾ ਦੇਣਾ ਚਾਹਿਆ ਤਾਂ ਉਨ੍ਹਾਂ ਲੈਣ ਤੋਂ ਨਾਂਹ ਕਰ ਦਿੱਤੀ। ਕਾਰਨ ਕੀ ਸੀ ਉਹ ਦੋਵੇਂ ਹੀ ਜਾਣਦੇ ਹੋਣਗੇ।
ਸੰਗਤ ਦੀ ਸੰਗਤ
‘ਪਾਕਿਸਤਾਨੀ ਪੰਜਾਬੀ ਸੰਗਤ’ ਦੀ ਹਫ਼ਤਾਵਾਰ ਮਿਲਣੀ ਵਿੱਚ ਮੇਰੀਆਂ ਚੋਣਵੀਆਂ ਕਵਿਤਾਵਾਂ (ਜਿਸ ਨੂੰ ਤਾਹਿਰ ਸੰਧੂ ਤੇ ਸਾਇਮਾ ਸੰਧੂ ਨੇ ਸ਼ਾਹਮੁਖੀ ਵਿੱਚ ਉਲਥਾਇਆ) ਦਾ ਮੂੰਹ ਵਿਖਾਲਾ ਵੀ ਸੀ। ਨਾਲ਼ ਹੀ ਸ਼ਾਹ ਹੁਸੈਨ (ਮਾਧੋ ਲਾਲ ਹੁਸੈਨ) ਦੀ ਯਾਦ ਵਿੱਚ ‘ਮੇਲਾ ਚਿਰਾਗ਼ਾਂ ਦਾ’ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ। ਤਕਰੀਬਨ ਤਿੰਨ ਘੰਟੇ ਚੱਲੀ ਇਸ ਮਿਲਣੀ ਵਿੱਚ ਲਹਿੰਦੇ ਪੰਜਾਬ ਦੇ ਚਾਲੀ ਦੇ ਕਰੀਬ ਅਦੀਬਾਂ ਨੇ ਸ਼ਿਰਕਤ ਕੀਤੀ। ਅੱਜ ਮੌਸਮ ਪਲ-ਪਲ ਬਦਲਦਾ ਰਿਹਾ ਸੀ। ਕਦੀ ਧੁੱਪ, ਕਦੀ ਬੱਦਲਵਾਈ, ਕਦੇ ਮੀਂਹ ਤੇ ਇੱਕ ਵੇਰ ਤਾਂ ਅਹਿਣ (ਗੜੇ੍ਹ) ਵੀ ਅਚਾਨਕ ਪੈ ਗਏ। ਫੇਰ ਵੀ ਇਹ ਭਰਵੀਂ ਮੀਟਿੰਗ ਰਹੀ।
ਪਹਿਲੇ ਅੱਧ ਵਿੱਚ ਮੇਰੀਆਂ ਨਜ਼ਮਾਂ ਬਾਰੇ ਚਰਚਾ ਹੋਈ। ਅਫ਼ਜ਼ਲ ਸਾਹਿਬ ਨੇ ਮੇਰੀਆਂ ਦੋ-ਤਿੰਨ ਨਜ਼ਮਾਂ ਆਪਣੇ ਖ਼ਸੂਸੀ ਅੰਦਾਜ਼ ਵਿੱਚ ਪੜ੍ਹੀਆਂ। ਆਇਸ਼ਾ ਅਸਲਮ ਨੇ ਲਿਖ ਕੇ ਲਿਆਂਦੇ ਆਪਣੇ ਖ਼ਿਆਲਾਤ ਪੇਸ਼ ਕੀਤੇ। ਹੋਰ ਕੁਝ ਅਦੀਬਾਂ ਨੇ ਵੀ ਵਿਚਾਰ ਰੱਖੇ ਤੇ ਮੈਨੂੰ ਕੁਝ ਬੋਲਣ ਲਈ ਕਿਹਾ ਗਿਆ। ਪੰਦਰਾਂ ਕੁ ਮਿੰਟ ਮੈਂ ਕਵਿਤਾ ਬਾਰੇ ਆਪਣੀ ਸਮਝ ਮੁਤਾਬਕ ਬੋਲਦਿਆਂ ਚੜ੍ਹਦੇ ਪੰਜਾਬ ’ਚ ਲਿਖੀ ਜਾ ਰਹੀ ਕਵਿਤਾ ਦਾ ਜ਼ਿਕਰ ਕੀਤਾ। ਪਾਸ਼, ਅਮਰਜੀਤ ਚੰਦਨ, ਵਰਿਆਮ ਸੰਧੂ, ਦਰਸ਼ਨ ਖਟਕੜ, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ ਤੇ ਗੁਰਦਾਸ ਰਾਮ ਆਲਮ ਦੇ ਹਵਾਲੇ ਨਾਲ਼ ਮੈਂ ਕਿਹਾ ਕਿ ਹਮੇਸ਼ਾ ਲੋਕ-ਪੱਖੀ ਰਚਨਾ ਹੀ ਚਿਰਜੀਵ ਰਹਿੰਦੀ ਹੈ। ਮੈਨੂੰ ਫ਼ਲਿਸਤੀਨੀ ਕੁੜੀ ਵਾਲੀ ਨਜ਼ਮ ਸੁਣਾਉਣ ਲਈ ਕਿਹਾ ਗਿਆ। ਜਦੋਂ ਪੜ੍ਹਦਿਆਂ/ਸੁਣਾਉਂਦਿਆਂ ਮੇਰਾ ਗੱਚ ਭਰ ਆਇਆ ਤਾਂ ਸਾਰੇ ਹਾਜ਼ਰ ਅਦੀਬ ਵੀ ਗੰਭੀਰ ਹੋ ਗਏ ਤੇ ਉਨ੍ਹਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਮੈਂ ਦੱਸਿਆ ਕਿ ਅਜੇ ਪਿਛਲੇ ਹਫ਼ਤੇ ਹੀ ਲਾਹੌਰ ਗੇੜਾ ਮਾਰ ਕੇ ਗਏ ਸਾਡੇ ਵੱਡੇ ਸਾਹਿਤਕਾਰ ਵਰਿਆਮ ਸੰਧੂ ਹੋਰਾਂ ਦੀ ਇਹ ਮਨਪਸੰਦ ਨਜ਼ਮ ਹੈ ਤੇ ਉਨ੍ਹਾਂ ਤਾਗੀਦ ਕੀਤੀ ਕਿ ਇਹ ਨਜ਼ਮ ਜ਼ਰੂਰ ਸੁਣਾਵਾਂ।
ਪਾਸ਼ ਦੀ ਗੱਲ ਚੱਲੀ ਤਾਂ ਕਈਆਂ ਨੇ ਸਵਾਲ ਵੀ ਕੀਤੇ। ਜਿਨ੍ਹਾਂ ਦੇ ਜਵਾਬ ਦਿੰਦਿਆਂ ਮੈਂ ਕਿਹਾ ਕਿ ਅੱਜ ਸਾਡੇ ਵਿਚਕਾਰ ਪਾਸ਼ ਦੇ ਨੇੜਲੇ ਸਾਥੀ ਰਹੇ, ਮਾਸਟਰ ਧਰਮਪਾਲ ਸਿੰਘ ਉੱਗੀ ਵੀ ਆਏ ਹੋਏ ਹਨ। ਮਾਸਟਰ ਹੋਰਾਂ ਥੋੜ੍ਹੇ ਜਿਹੇ ਸਮੇਂ ਵਿੱਚ ਪਾਸ਼ ਨਾਲ਼ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਹਾਜ਼ਰ ਅਦੀਬਾਂ ਲਈ ਇਹ ਬਿਲਕੁਲ ਹੀ ਨਵੀਆਂ ਸਨ ਤੇ ਉਨ੍ਹਾਂ ਬੜੇ ਗਹੁ ਨਾਲ਼ ਸੁਣੀਆਂ।
ਅਗਲੇ ਅੱਧ ਵਿੱਚ ਮਾਧੋ ਲਾਲ ਹੁਸੈਨ ਨੂੰ ਯਾਦ ਕੀਤਾ ਗਿਆ। ਸਥਾਨਕ ਕਲਾਕਾਰਾਂ ਨੇ ਖ਼ੂਬਸੂਰਤ ਆਵਾਜ਼ ਵਿੱਚ ਉਨ੍ਹਾਂ ਦੀਆਂ ਕਾਫ਼ੀਆਂ ਗਾ ਕੇ ਸੁਣਾਈਆਂ ਤਾਂ ਸਾਰਾ ਹਾਲ ਅਸ਼-ਅਸ਼ ਕਰ ਉੱਠਿਆ। ਕਲਾਕਾਰਾਂ ਨੇ ਅਫ਼ਜ਼ਲ ਸਾਹਿਰ ਦਾ ਇੱਕ ਨਗ਼ਮਾ ਵੀ ਗਾ ਕੇ ਸੁਣਾਇਆ। ਉਕਾਫ਼ ਦੇ ਸਾਬਕਾ ਡਾਇਰੈਕਟਰ ਜਨਾਬ ਗਾਫ਼ਰ ਸ਼ਹਿਯਾਦ ਨੇ ਮਾਧੋ ਲਾਲ ਹੁਸੈਨ ਬਾਰੇ ਬਹੁਤ ਜਾਣਕਾਰੀ ਵਾਲੀਆਂ ਗੱਲਾਂ ਕੀਤੀਆਂ। ਨੌਜਵਾਨ ਖੋਜਕਾਰ ਅਲੀ ਉਸਮਾਨ ਬਾਜਵਾ ਨੇ ਵੀ ਸ਼ਾਹ ਹੁਸੈਨ ਬਾਰੇ ਭਰਪੂਰ ਗੱਲਾਂ ਕੀਤੀਆਂ। ਦੱਸਿਆ ਗਿਆ ਕਿ 1960 ਤੱਕ ਮੇਲਾ ਚਿਰਾਗ਼ਾਂ ਦਾ ਅੰਬਰਸਰ ਤੋਂ ਲਾਹੌਰ ਤੱਕ ਮਨਾਇਆ ਜਾਂਦਾ ਸੀ। ਤਿੰਨ ਦਿਨ ਅੰਬਰਸਰ ਤੋਂ ਲਾਹੌਰ ਤੱਕ ਰੇਲ ਗੱਡੀ ਚਲਦੀ ਸੀ ਤੇ ਲੋਕ ਸ਼ਾਲਾਮਾਰ ਬਾਗ਼ ਵਿੱਚ ਤੰਬੂ ਲਗਾ ਕੇ ਰਹਿੰਦੇ ਸਨ, ਪਰ ਅਯੂਬ ਖ਼ਾਂ ਦੇ ਫ਼ੌਜੀ ਰਾਜ ਵੇਲੇ ਇਸ ਮੇਲੇ ਦਾ ਭੋਗ ਪਾ ਦਿੱਤਾ ਗਿਆ।
ਅੱਜ ਇੱਕ ਸਾਹਿਤ ਰਸੀਏ ਪੁਲੀਸ ਮੁਲਾਜ਼ਮ ਨੇ ਆਪਣੀਆਂ ਬੋਲੀਆਂ ਤੇ ਟੱਪਿਆਂ ਨਾਲ਼ ਵਾਹਵਾ ਰੰਗ ਬੰਨਿ੍ਹਆ। ਉਸ ਦੀਆਂ ਇਹ ਸਤਰਾਂ ਤਾਂ ਹੁਣ ਤੱਕ ਮੇਰੇ ਕੰਨਾਂ ਵਿੱਚ ਗੁੰਜ ਰਹੀਆਂ ਹਨ:
“ਉਨ੍ਹਾਂ ਕਲਮਾਂ ਨੂੰ ਸੱਚ ਕੀ ਫ਼ੁਰਨਾ
ਜਿਹੜੀਆਂ ਨੇ ਹੱਡੀ ਚੱਖ ਲਈ।”
ਅੱਜ ਦੀ ਇਸ ਮਿਲਣੀ ਵਿੱਚ ਹੋਰਨਾਂ ਤੋਂ ਇਲਾਵਾ ਜਨਾਬ ਇਕਬਾਲ ਕੈਸਰ, ਬਾਬਾ ਨਜ਼ਮੀ, ਅਲੀ ਉਸਮਾਨ ਬਾਜਵਾ, ਤਾਹਿਰ ਸੰਧੂ, ਰੁਬੀਨਾ ਗੋਗੀ, ਮਿਰਜ਼ਾ ਸੁਬੀਰ ਬੇਗ, ਡਾ. ਸ਼ਹਿਯਾਦ ਆਦਿ ਨੇ ਹਿੱਸਾ ਲਿਆ। ਤਾਹਿਰ ਤਾਂ ਵਿਆਹ ਵਿੱਚ ਨੈਣ ਵਾਂਗ ਭੱਜਾ ਫਿਰਦਾ ਸੀ। ਇਹ ਇਕੱਠ ਚਿਰਾਂ ਤੱਕ ਚੇਤਿਆਂ ਵਿੱਚ ਵਸਿਆ ਰਹੇਗਾ।
ਬਾਬੇ ਨਾਨਕ ਦੀ ਕਿਰਤਗਾਹ: ਕਰਤਾਰਪੁਰ ਸਾਹਿਬ
3 ਮਾਰਚ 2024 ਦਾ ਐਤਵਾਰ ਸੀ। ਅਸੀਂ ਤਾਂ ਭਾਵੇਂ ਪਿਛਲੀ ਫੇਰੀ ਸਮੇਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਸੀ, ਪਰ ਧਰਮਪਾਲ ਅਤੇ ਉਸਦੀ ਸਾਥਣ ਮਨਜੀਤ ਕੌਰ ਨੂੰ ਨਾਲ਼ ਲੈ ਕੇ ਜਾਣਾ ਸੀ। ਇਸ ਤੋਂ ਇਲਾਵਾ ਪਿਛਲੀ ਫੇਰੀ ਦੌਰਾਨ ਸਾਡੇ ਨਾਲ਼ ਮੁਸ਼ਤਾਕ ਸੂਫ਼ੀ ਜੀ ਗਏ ਸਨ ਤੇ ਇਸ ਵਾਰੀ ਤਾਹਿਰ ਸੰਧੂ ਦਾ ਸਾਰਾ ਪਰਿਵਾਰ ਇਸ ਇਤਿਹਾਸਕ ਜਗ੍ਹਾ ਨੂੰ ਦੇਖਣ ਦਾ ਚਾਹਵਾਨ ਸੀ। ਤਾਹਿਰ ਨੇ ਉਸਦੇ ਦੋਸਤ ਅਤੇ ਕਾਲਜ ਦੇ ਸਾਥੀ ਪ੍ਰੋ. (ਡਾ.) ਕਲਿਆਣ ਸਿੰਘ ਕਲਿਆਣ ਨੂੰ ਇੱਕ ਦਿਨ ਪਹਿਲਾਂ ਹੀ ਇਸ ਬਾਰੇ ਇਤਲਾਹ ਕਰ ਦਿੱਤੀ ਸੀ। ਪ੍ਰੋ. ਕਲਿਆਣ ਸਿੰਘ ਦੀ ਸਾਰੇ ਧਾਰਮਿਕ ਅਸਥਾਨਾਂ ’ਤੇ ਕਾਫ਼ੀ ਜਾਣ-ਪਛਾਣ ਹੈ। ਉਸਨੇ ਸਾਡੇ ਲਈ ਇੱਕ ਵੇਰ ਫਿਰ ਖ਼ਾਸ ਪ੍ਰੋਟੋਕੋਲ ਦਾ ਬੰਦੋਬਸਤ ਤਾਂ ਕੀਤਾ ਹੀ, ਨਾਲ਼ ਹੀ ਇੱਕ ਪੰਦਰਾਂ ਸੀਟਾਂ ਵਾਲੀ ਵੈਨ ਦਾ ਵੀ ਪ੍ਰਬੰਧ ਕਰ ਦਿੱਤਾ।
ਸ਼ਹਿਜੇਬ ਨੇ ਰਸਤੇ ਵਿੱਚ ਗੀਤ-ਸੰਗੀਤ ਨਾਲ਼ ਸਭ ਦਾ ਦਿਲ ਪਰਚਾਈ ਰੱਖਿਆ। ਅਸੀਂ ਦਰਿਆ ਰਾਵੀ ਦੇ ਪੁਲ ਉੱਪਰ ਵੀ ਰੁਕੇ ਅਤੇ ਤਸਵੀਰਾਂ ਖਿਚਵਾਈਆਂ। ਤਾਹਿਰ ਦੀਆਂ ਬੇਟੀਆਂ ਨਵਾਲ, ਇਸ਼ਾਲ ਅਤੇ ਬੇਟਾ ਹਿਸ਼ਾਮ ਬਹੁਤ ਖ਼ੁਸ਼ ਸਨ।
ਸਾਨੂੰ ਉਕਾਫ਼ ਦੇ ਮੁਲਾਜ਼ਮ ਨੇ ਬੜੇ ਆਦਰ ਨਾਲ਼ ਜੀ ਆਇਆਂ ਆਖਿਆ। ਲੋੜੀਂਦੀ ਫ਼ੀਸ ਜਮ੍ਹਾ ਕਰਵਾ ਕੇ ਉਹ ਸਾਨੂੰ ਡਿਉਢੀ ਤੱਕ ਲੈ ਆਇਆ ਤੇ ਕਿਸੇ ਵੀ ਕਿਸਮ ਦੀ ਲੋੜ ਪੈਣ ’ਤੇ ਫ਼ੋਨ ਕਰਨ ਨੂੰ ਕਿਹਾ। ਅੱਜ ਦਿਨ ਬੜਾ ਪੱਧਰਾ ਤੇ ਪੂਰਾ ਨਿੱਖਰਿਆ ਹੋਇਆ ਸੀ। ਘੁੰਮਦੇ-ਘੁਮਾਂਦੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਤਾਂ ਗਿਆਨੀ ਗੋਬਿੰਦ ਸਿੰਘ ਨੇ ਸਾਡਾ ਸਿਰੋਪਾਉ ਨਾਲ਼ ਸਵਾਗਤ ਕੀਤਾ। ਉਸਨੇ ਦੱਸਿਆ ਕਿ ਪ੍ਰੋ. ਕਲਿਆਣ ਸਿੰਘ ਦਾ ਉਸਨੂੰ ਫ਼ੋਨ ਆ ਗਿਆ ਸੀ। ਗਿਆਨੀ ਗੋਬਿੰਦ ਸਿੰਘ ਪੰਜਾਬ ਅਸੈਂਬਲੀ ਵਿੱਚ ਤੀਜੀ ਵਾਰ ਚੁਣੇ ਗਏ ਅਤੇ ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੇ ਸਿੱਖ ਮਨਿਸਟਰ ਬਣੇ ਸ. ਰਮੇਸ਼ ਸਿੰਘ ਅਰੋੜਾ ਦੇ ਭਰਾ ਹਨ। ਅਸੀਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।
ਸਾਇਮਾ ਅਤੇ ਸ਼ਹਿਜੇਬ ਬੱਚਿਆਂ ਨੂੰ ਵਾਰ-ਵਾਰ ਕੋਲ ਰਹਿਣ ਲਈ ਤਾਕੀਦ ਕਰ ਰਹੇ ਸਨ, ਪਰ ਉਹ ਇਸ ਪਾਕਿ ਥਾਂ ਨੂੰ ਘੁੰਮ ਕੇ ਦੇਖਣਾ ਚਾਹੁੰਦੇ ਸਨ। ਵੱਡੀ ਬੇਟੀ ਨਵਾਲ ਨੀਰੂ ਤੋਂ ਇਸ ਥਾਂ ਬਾਰੇ ਅਤੇ ਹੋਰ ਚੀਜ਼ਾਂ ਬਾਰੇ ਸਵਾਲ ਕਰ ਰਹੀ ਸੀ। ਉਹ ਬਹੁਤ ਸੰਜੀਦਾ ਹੋ ਕੇ ਹਰ ਚੀਜ਼ ਨੂੰ ਨਿਹਾਰ ਰਹੀ ਸੀ। ਉਸ ਦੀ ਚਚੇਰੀ ਭੈਣ ਵੀ ਸਾਡੇ ਨਾਲ਼ ਹੀ ਆਈ ਸੀ। ਉਸ ਲਈ ਵੀ ਕਰਤਾਰਪੁਰ ਸਾਹਿਬ ਨਵੀਂ ਥਾਂ ਸੀ।
