ਹੁਣ ਸੱਭਿਆਚਾਰ ਆਪਣੇ ਆਪ ਸਮਾਜ ਵਿੱਚੋਂ ਜਨਮ ਲੈਣ ਵਾਲੀ ਪ੍ਰਕਿਰਿਆ ਨਹੀਂ ਰਹਿ ਗਿਆ, ਸਗੋਂ ਇਹ ਬਾਜ਼ਾਰ ਦੇ ਆਧਾਰ ’ਤੇ ਤੈਅ ਹੋਣ ਲੱਗ ਪਿਆ ਹੈ…
ਅਰੁਣ ਕੁਮਾਰ ਗੌਂਡ
ਭਾਰਤੀ ਪਿੰਡਾਂ ਦੀ ਸਮਾਜਿਕ ਅਤੇ ਸੱਭਿਆਚਾਰਕ ਬਣਤਰ ਪਹਿਲਾਂ ਤੋਂ ਹੀ ਸਮੂਹਿਕਤਾ, ਮਿਲ-ਬੈਠ ਕੇ ਅਤੇ ਇਕੱਠੇ ਜੀਵਨ ’ਤੇ ਆਧਾਰਿਤ ਰਹੀ ਹੈ। ਉਸ ਵੇਲੇ ਤਕਨੀਕੀ ਸਹੂਲਤਾਂ ਘੱਟ ਸਨ, ਇਸ ਲਈ ਮਨੋਰੰਜਨ ਵੀ ਲੋਕਾਂ ਨੂੰ ਇਕੱਠਾ ਕਰਨ ਦਾ ਸਾਧਨ ਬਣਿਆ ਰਹਿੰਦਾ ਸੀ। ਉਸ ਸਮੇਂ ਵੇਖਣ-ਸੁਣਨ ਦੀ ਗੱਲ ਸਿਰਫ਼ ਇੱਕ ਵਿਅਕਤੀ ਤੱਕ ਸੀਮਿਤ ਨਹੀਂ ਹੁੰਦੀ ਸੀ, ਸਗੋਂ ਇਹ ਸਾਰਿਆਂ ਲਈ ਇਕੱਠੇ ਅਨੰਦ ਮਾਣਨ ਦਾ ਮੌਕਾ ਹੁੰਦਾ ਸੀ। ਜ਼ਿਆਦਾਤਰ ਪਿੰਡਾਂ ਦੇ ਘਰਾਂ ਵਿੱਚ ਟੈਲੀਵਿਜ਼ਨ ਨਹੀਂ ਹੁੰਦਾ ਸੀ ਅਤੇ ਮੋਬਾਈਲ ਜਾਂ ਇੰਟਰਨੈੱਟ ਵੀ ਨਹੀਂ ਹੁੰਦੇ ਸਨ। ਇਸ ਕਰਕੇ ਮਨੋਰੰਜਨ ਇੱਕ ਸਾਂਝੀ ਸਮਾਜਿਕ ਘਟਨਾ ਬਣ ਜਾਂਦਾ ਸੀ, ਜੋ ਲੋਕਾਂ ਵਿਚਕਾਰ ਨਜ਼ਦੀਕੀ ਅਤੇ ਸੰਤੁਲਨ ਬਣਾਈ ਰੱਖਦਾ ਸੀ।
ਪਰ ਅੱਜ ‘ਸਭਿਆਚਾਰ ਉਦਯੋਗ’ ਦੀ ਸੋਚ ਸਾਨੂੰ ਇਹ ਸਮਝਾਉਂਦੀ ਹੈ ਕਿ ਓ.ਟੀ.ਟੀ. ਪਲੈਟਫਾਰਮ (ਜੋ ਇੰਟਰਨੈੱਟ ਰਾਹੀਂ ਸਿੱਧਾ ਫ਼ਿਲਮਾਂ, ਸੀਰੀਜ਼ ਜਾਂ ਵੀਡੀਓ ਦਿਖਾਉਂਦੇ ਹਨ) ਹੁਣ ਸਿਰਫ਼ ਮਨੋਰੰਜਨ ਨਹੀਂ ਰਹੇ, ਸਗੋਂ ਇੱਕ ਪੂਰੀ ਪ੍ਰਣਾਲੀ ਬਣ ਚੁੱਕੇ ਹਨ। ਹੁਣ ਸੱਭਿਆਚਾਰ ਆਪਣੇ ਆਪ ਸਮਾਜ ਵਿੱਚੋਂ ਉਪਜਣ ਵਾਲੀ ਚੀਜ਼ ਨਹੀਂ ਰਹਿ ਗਿਆ, ਸਗੋਂ ਬਾਜ਼ਾਰ ਇਸ ਨੂੰ ਤੈਅ ਕਰਦਾ ਹੈ। ਕੀ ਬਣੇਗਾ, ਕਿਵੇਂ ਬਣੇਗਾ ਅਤੇ ਕਿਨ੍ਹਾਂ ਲਈ ਬਣੇਗਾ- ਇਹ ਸਭ ਹੁਣ ਲਾਭ, ਦਰਸ਼ਕਾਂ ਦੀ ਗਿਣਤੀ ਅਤੇ ਡਾਟਾ ਦੇ ਆਧਾਰ ’ਤੇ ਨਿਰਧਾਰਤ ਹੁੰਦਾ ਹੈ।
ਸਮਾਜ ਵਿਗਿਆਨੀ ਜਿਗਮੰਟ ਬਾਓਮਨ ਦੀ ‘ਤਰਲ ਆਧੁਨਿਕਤਾ’ ਦੇ ਆਧਾਰ ’ਤੇ ਵੇਖੀਏ ਤਾਂ ਓ.ਟੀ.ਟੀ. ਸੱਭਿਆਚਾਰ ਤੁਰੰਤ ਸੰਤੁਸ਼ਟੀ, ਬਦਲਦੀਆਂ ਪਸੰਦਾਂ ਅਤੇ ਲਗਾਤਾਰ ਐਪੀਸੋਡ ਵੇਖਣ ਦੀ ਆਦਤ ਨੂੰ ਵਧਾਉਂਦਾ ਹੈ। ਇਸ ਨਾਲ ਮਨੋਰੰਜਨ ਲੰਬੇ ਸਮੇਂ ਦੇ ਸਮਾਜਿਕ ਰਿਸ਼ਤਿਆਂ ਦੀ ਥਾਂ ਛੋਟੇ ਸਮੇਂ ਦੇ ਨਿੱਜੀ ਉਪਭੋਗ ਵਿੱਚ ਬਦਲਦਾ ਜਾ ਰਿਹਾ ਹੈ।
ਜੇ ਅਸੀਂ ਪਿੰਡਾਂ ਦੇ ਪੁਰਾਣੇ ਦ੍ਰਿਸ਼ ਨੂੰ ਯਾਦ ਕਰੀਏ, ਤਾਂ ਤਸਵੀਰ ਬਿਲਕੁਲ ਵੱਖਰੀ ਨਜ਼ਰ ਆਉਂਦੀ ਹੈ। ਕੁਝ ਹੀ ਘਰਾਂ ਵਿੱਚ ਟੀ.ਵੀ. ਹੁੰਦਾ ਸੀ, ਉਹ ਵੀ ਜ਼ਿਆਦਾਤਰ ਕਾਲੇ-ਸਫ਼ੈਦ। ਉਸ ’ਤੇ ਐਂਟੀਨਾ ਲੱਗਿਆ ਹੁੰਦਾ ਸੀ ਅਤੇ ਮੌਸਮ ਦੇ ਨਾਲ ਤਸਵੀਰ ਕਦੇ ਸਾਫ਼, ਕਦੇ ਧੁੰਦਲੀ ਹੋ ਜਾਂਦੀ ਸੀ। ਸ਼ਾਮ ਹੁੰਦੇ ਹੀ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਵਿੱਚ ਇੱਕੋ ਉਤਸ਼ਾਹ ਹੁੰਦਾ ਸੀ- ਅੱਜ ਵਾਲਾ ਪ੍ਰੋਗਰਾਮ ਦੇਖਣਾ ਹੈ। ਜਿਵੇਂ ਹੀ ਟੀ.ਵੀ. ਚਲਦਾ, ਨੇੜਲੇ ਘਰਾਂ ਦੇ ਲੋਕ ਵੀ ਆ ਕੇ ਇੱਕੋ ਵਿਹੜੇ ਜਾਂ ਵਰਾਂਡੇ ਵਿੱਚ ਬੈਠ ਜਾਂਦੇ। ਜ਼ਮੀਨ ’ਤੇ ਦਰੀ ਜਾਂ ਚਟਾਈ ਵਿਛਾਈ ਜਾਂਦੀ, ਜਗ੍ਹਾ ਘੱਟ ਹੋਵੇ ਤਾਂ ਕੋਈ ਬਾਹਰ ਖੜ੍ਹਾ ਹੋ ਕੇ ਵੀ ਵੇਖ ਲੈਂਦਾ।
ਇਹ ਸਿਰਫ਼ ਮਨੋਰੰਜਨ ਨਹੀਂ ਹੁੰਦਾ ਸੀ, ਸਗੋਂ ਇਕੱਠੇ ਬੈਠਣ, ਹੱਸਣ ਅਤੇ ਪ੍ਰਤੀਕਿਰਿਆ ਦੇਣ ਦਾ ਸਾਂਝਾ ਤਜਰਬਾ ਹੁੰਦਾ ਸੀ। ਇਸ ਤਰ੍ਹਾਂ ਮਨੋਰੰਜਨ ਸਮਾਜ ਵਿੱਚ ਵਿਅਕਤੀ ਅਤੇ ਸਮੂਹ ਦੇ ਵਿਚਕਾਰ ਸੰਤੁਲਨ ਬਣਾਈ ਰੱਖਦਾ ਸੀ, ਜੋ ਅੱਜ ਦੀ ਨਿੱਜੀ ਸਕਰੀਨ ਵਾਲੀ ਸੰਸਕ੍ਰਿਤੀ ਵਿੱਚ ਹੌਲੀ-ਹੌਲੀ ਘਟਦਾ ਜਾ ਰਿਹਾ ਹੈ। ਅੱਜ ਜਦੋਂ ਓ.ਟੀ.ਟੀ. ਪਲੈਟਫਾਰਮ ਅਤੇ ਸਮਾਰਟ ਫੋਨ ਨੇ ਮਨੋਰੰਜਨ ਨੂੰ ਪੂਰੀ ਤਰ੍ਹਾਂ ਨਿੱਜੀ ਬਣਾ ਦਿੱਤਾ ਹੈ, ਤਾਂ ਪੁਰਾਣੇ ਸਮੇਂ ਦੇ ਇਹ ਤਜਰਬੇ ਹੋਰ ਵੀ ਕੀਮਤੀ ਲੱਗਦੇ ਹਨ। ਅੱਜ ਸਾਡੇ ਕੋਲ ਨੈਟਫਲਿਕਸ, ਯੂਟਿਊਬ, ਮੋਬਾਈਲ ਅਤੇ ਬੇਅੰਤ ਸਾਧਨ ਹਨ, ਪਰ ਉਸ ਸਮੇਂ ਵਾਲੀ ਸਾਂਝੀ ਖੁਸ਼ੀ ਅਤੇ ਮਨੁੱਖੀ ਮੇਲ ਮਿਲਾਪ ਗ਼ਾਇਬ ਹੈ।
ਅੱਜ ਹਰ ਵਿਅਕਤੀ ਆਪਣੀ ਪਸੰਦ ਮੁਤਾਬਕ, ਕਿਸੇ ਵੀ ਵੇਲੇ ਮਨੋਰੰਜਨ ਦੇਖ ਸਕਦਾ ਹੈ। ਇਸ ਨਾਲ ਸੁਵਿਧਾ ਤਾਂ ਵਧੀ ਹੈ, ਪਰ ਪਰਿਵਾਰਕ ਅਤੇ ਸਮੂਹਕ ਤਜਰਬੇ ਘਟੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕ ਹੁਣ ਆਪਣੀ-ਆਪਣੀ ਸਕਰੀਨ ’ਤੇ ਹੀ ਰੁੱਝੇ ਰਹਿੰਦੇ ਹਨ।
ਇੱਕ ਕਹਾਵਤ ਹੈ ਕਿ ‘ਮੀਡੀਆ ਹੀ ਸੁਨੇਹਾ ਹੈ।’ ਓ.ਟੀ.ਟੀ. ਪਲੈਟਫਾਰਮ ਲੋਕਾਂ ਨੂੰ ਦੁਨੀਆ ਭਰ ਦੀ ਸਮੱਗਰੀ ਸਿੱਧੀ ਦਿੰਦੇ ਹਨ- ਕੋਰੀਆਈ ਡਰਾਮੇ, ਅਮਰੀਕੀ ਸੀਰੀਜ਼, ਯੂਰਪੀ ਡਾਕੂਮੈਂਟਰੀਆਂ ਅਤੇ ਭਾਰਤੀ ਪ੍ਰੋਗਰਾਮ। ਇਹ ਸੱਭਿਆਚਾਰਕ ਪੱਖੋਂ ਧਨਾਢ ਹੈ, ਪਰ ਇਸ ਨਾਲ ਸਥਾਨਕ ਰਿਵਾਜਾਂ ’ਤੇ ਅਸਰ ਵੀ ਪੈ ਰਿਹਾ ਹੈ। ਪਹਿਲਾਂ ਜੋ ਸਾਂਝ ਘਰ ਦੇ ਵਿਹੜੇ ਵਿੱਚ ਬਣਦੀ ਸੀ, ਹੁਣ ਉਹ ਨਿੱਜੀ ਡਿਜ਼ੀਟਲ ਦੁਨੀਆ ਵਿੱਚ ਸੀਮਿਤ ਹੋ ਗਈ ਹੈ। ਓ.ਟੀ.ਟੀ. ਪਲੈਟਫਾਰਮ ਖਪਤ ਸੱਭਿਆਚਾਰ ਨੂੰ ਵਧਾਉਂਦੇ ਹਨ। ਨੌਜਵਾਨ ਆਪਣੀ ਪਸੰਦ ਦੇ ਅਨੁਸਾਰ ਸਮੱਗਰੀ ਚੁਣਦੇ ਹਨ, ਜਿਸ ਨਾਲ ਮਨੋਰੰਜਨ ਹੁਣ ਨਿੱਜੀ ਪਛਾਣ ਅਤੇ ਜੀਵਨ-ਸ਼ੈਲੀ ਦਾ ਹਿੱਸਾ ਬਣ ਗਿਆ ਹੈ। ਇਸ ਨਾਲ ਵਿਅਕਤੀਵਾਦ ਵਧ ਰਿਹਾ ਹੈ ਅਤੇ ਸਮਾਜਿਕ ਦੂਰੀ ਵੀ। ਲੋਕ ਪਰਿਵਾਰ ਜਾਂ ਗੁਆਂਢੀਆਂ ਨਾਲ ਗੱਲ ਕਰਨ ਦੀ ਬਜਾਏ ਆਪਣੀ ਸਕਰੀਨ ਵਿੱਚ ਹੀ ਰੁੱਝੇ ਰਹਿੰਦੇ ਹਨ।
ਹਾਲਾਂਕਿ ਓ.ਟੀ.ਟੀ. ਦਾ ਇੱਕ ਸਕਾਰਾਤਮਕ ਪੱਖ ਵੀ ਹੈ। ਇਹ ਨਵੀਂ ਕਿਸਮ ਦੀ ਡਿਜ਼ੀਟਲ ਸਾਂਝ ਦਾ ਮੌਕਾ ਦਿੰਦਾ ਹੈ। ਲੋਕ ਸੋਸ਼ਲ ਮੀਡੀਆ ਜਾਂ ਹੋਰ ਪਲੈਟਫਾਰਮਾਂ ਰਾਹੀਂ ਆਪਣੇ ਵਿਚਾਰ ਸਾਂਝੇ ਕਰਦੇ ਹਨ ਅਤੇ ਵਿਸ਼ਵ ਪੱਧਰ ’ਤੇ ਜੁੜਦੇ ਹਨ। ਸਮਾਜਕ ਪੱਖੋਂ ਵੇਖਿਆ ਜਾਵੇ ਤਾਂ ਓ.ਟੀ.ਟੀ. ਦਾ ਅਸਰ ਦੋਹਰਾ ਹੈ। ਇੱਕ ਪਾਸੇ ਇਹ ਗਿਆਨ, ਨਜ਼ਰੀਆ ਅਤੇ ਆਜ਼ਾਦੀ ਵਧਾਉਂਦਾ ਹੈ; ਦੂਜੇ ਪਾਸੇ ਇਹ ਰਵਾਇਤੀ ਸਾਂਝੇ ਤਜਰਬੇ ਅਤੇ ਪਰਿਵਾਰਕ ਗੱਲਬਾਤ ਨੂੰ ਕਮਜ਼ੋਰ ਕਰ ਰਿਹਾ ਹੈ।
ਦਰਸ਼ਕ ਦੀ ਪਸੰਦ ਦੇ ਅਨੁਸਾਰ ਸਮੱਗਰੀ ਦਿਖਾਉਣ ਦੀ ਸਹੂਲਤ ਓ.ਟੀ.ਟੀ. ਦੀ ਸਭ ਤੋਂ ਵੱਡੀ ਖ਼ਾਸੀਅਤ ਬਣ ਚੁੱਕੀ ਹੈ। ਇਸ ਨਾਲ ਲੋਕ ਜਲਦੀ ਆਪਣੀ ਪਸੰਦ ਦੀ ਚੀਜ਼ ਵੇਖ ਲੈਂਦੇ ਹਨ ਅਤੇ ਵਧੇਰੇ ਸਮੱਗਰੀ ਵਰਤਦੇ ਹਨ। ਹੁਣ ਰੋਜ਼ਾਨਾ ਨਵੇਂ ਪ੍ਰੋਗਰਾਮ ਆਉਣਾ ਵੀ ਆਮ ਗੱਲ ਬਣ ਗਈ ਹੈ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਓ.ਟੀ.ਟੀ. ਪਲੈਟਫਾਰਮ ਨੇ ਮਨੋਰੰਜਨ ਨੂੰ ਨਿੱਜੀ, ਆਸਾਨ ਅਤੇ ਵਿਸ਼ਵ ਪੱਧਰੀ ਬਣਾ ਦਿੱਤਾ ਹੈ। ਇਹ ਲੋਕਾਂ ਨੂੰ ਆਪਣੀ ਪਸੰਦ ਮੁਤਾਬਕ ਚੋਣ ਕਰਨ ਦਾ ਮੌਕਾ ਦਿੰਦਾ ਹੈ ਅਤੇ ਨਵੇਂ ਬਾਜ਼ਾਰਾਂ ਤੱਕ ਪਹੁੰਚ ਵੀ ਵਧਾਉਂਦਾ ਹੈ। ਇਸ ਤਰ੍ਹਾਂ ਓ.ਟੀ.ਟੀ. ਸਿਰਫ਼ ਤਕਨੀਕੀ ਬਦਲਾਅ ਨਹੀਂ, ਸਗੋਂ ਸਮਾਜ ਦੇ ਮਨੋਰੰਜਨ, ਸੱਭਿਆਚਾਰ ਅਤੇ ਜੀਵਨ ਢੰਗ ਨੂੰ ਨਵਾਂ ਰੂਪ ਦੇਣ ਵਾਲਾ ਇੱਕ ਮਜਬੂਤ ਸਾਧਨ ਬਣ ਗਿਆ ਹੈ।
