ਪੀਕਰੇ ਆਤਸ਼ਾਂ-ਤੋਪ ਜਮਜਮਾ

ਗੂੰਜਦਾ ਮੈਦਾਨ

ਇਤਿਹਾਸਨਾਮਾ
ਸੰਤੋਖ ਸਿੰਘ ਮੰਡੇਰ-ਸਰੀ, ਕੈਨੇਡਾ
ਵੱਟਸਐਪ: 604-505-7000
ਲਾਹੌਰ ਦੀ ਮਾਲ ਰੋਡ ਉਪਰ ਅਨਾਰਕਲੀ ਬਜਾਰ ਤੇ ਅਨਾਰਕਲੀ ਫੂਡ ਸਟਰੀਟ ਦੇ ਕੋਲ ਖੂੰਜੇ ਦੇ ਨਾਲ ਟੌਲਿੰਨਟੰਨ ਮਾਰਕੀਟ ਲੰਘ ਕੇ ਲਾਹੌਰ ਦੇ ਅਜਾਇਬ ਘਰ ਅਤੇ ਪੰਜਾਬ ਯੂਨੀਵਰਸਿਟੀ ਹਾਲ-ਲਾਹੌਰ ਦੇ ਸਾਹਮਣੇ ਨਾਸਿਰ ਬਾਗ ਚੌਕ ਤੋਂ ਪਹਿਲਾਂ, ਮਾਲਰੋਡ (ਸ਼ਾਰਾ-ਏ-ਕਾਇਦੇ ਆਜ਼ਮ) ਸੜਕ ਦੇ ਵਿਚਕਾਰ ਮੁਗਲਾਂ ਦੀ ਇਤਿਹਾਸਕ ‘ਤੋਪ ਜਮਜਮਾ’, ਗੋਰਿਆਂ ਦੀ ‘ਕਿੰਮਜ ਗੰਨ’ ਤੇ ਸਿੱਖਾਂ ਦੀ ਪੱਥਰ ਪਾੜ ‘ਭੰਗੀਆਂ ਦੀ ਤੋਪ’ ਇੱਕ ਚਿੱਟੇ ਸੰਗਮਰਮਰ ਦੇ ਥੜ੍ਹੇ ਉਪਰ ਹਿੱਕ ਤਾਣ ਕੇ ਨਿਸੰਗ ਖੜੀ ਹੈ|

ਨਸਿਰ ਬਾਗ ਜਾਂ ਪਾਰਕ ਦੇ ਬਿਲਕੁਲ ਸਾਹਮਣੇ ਬ੍ਰਿਟਿਸ਼ ਸਾਮਰਾਜ ਸਮੇਂ ਸੰਨ 1864 ਵਿੱਚ ਬਣੇ ਪੰਜਾਬ ਦੇ ਪਹਿਲੇ ਗੌਰਮਿੰਟ ਕਾਲਜ ਲਾਹੌਰ ਦੀ ਅੰਗਰੇਜ਼ਾਂ ਦੇ ਚਰਚ ਦੀ ਤਰਜ ਉਪਰ ਬਣੀ ਲੰਮੀ ਚੌੜੀ ਸ਼ਾਨਦਾਰ ਇਮਾਰਤ ਵੀ ਹੈ| ਫਾਰਸੀ ਭਾਸ਼ਾ ਵਿੱਚ ਇਸ ਉਪਰ ਉਕਰੇ ਸ਼ਬਦ ‘ਪੀਕਰੇ ਆਤਸ਼ਾਂ’-ਤੋਪ ਜਮਜਮਾ, ‘ਭੰਗੀਆਂ ਦੀ ਤੋਪ’ ਦਾ ਇਤਿਹਾਸ ਵੀ ਬੜਾ ਰੌਚਿਕ ਹੈ| ਇਸ ਤੋਪ ਦੀ ਉਸ ਸਮੇਂ ਪੂਰੀ ਦੁਨੀਆਂ ਵਿੱਚ ਬੜੀ ਮਸ਼ਹੂਰੀ ਸੀ ਤੇ ਖਾਸ ਕਰਕੇ ਭਾਰਤ ਦੀਆਂ ਦੇਸੀ ਰਿਆਸਤਾਂ ਦੇ ਰਾਜਿਆਂ, ਮਹਾਰਾਜਿਆਂ, ਨਵਾਬਾਂ, ਠਾਕੁਰਾਂ ਤੇ ਮਰਹੱਟਿਆਂ ਦੇ ਮਨਾਂ ਵਿੱਚ ਇਸ ਤੋਪ ਦੀ ਪੂਰੀ ਦਹਿਸ਼ਤ ਸੀ|
ਅਫਗਾਨਿਸਤਾਨ ਮੁਸਲਿਮ ਮੁਲਕ ਵਿੱਚ ਸੂਬਾ ਹੈਰਾਤ ਦੇ ਹਰੀ ਦਰਿਆ ਦੀ ਜਰਖੇਜ ਵਾਦੀ ਵਾਲੇ ‘ਸਰਦੋਜ਼ਈ ਕਬੀਲੇ’ `ਚ 1722 ਨੂੰ ਜੰਮਿਆ ਤੇ ਕੰਧਾਰ ਦੇ ‘ਲੋਇਆ ਜਿਰਗਾ’ ਦਾ ਮੁਖੀਆ, ਅਫਗਾਨਿਸਤਾਨ ਮੁਲਕ ਦਾ ਨਿਰਮਾਤਾ, ਕਾਬੁਲ ਸਲਤਨਤ ਦਾ ਸ਼ਾਸ਼ਕ, ਪਾਤਸ਼ਾਹ-ਏ-ਗਾਜੀ, ਦੂਰਾਨੀ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉਪਰ ਲਗਾਤਾਰ ਸੰਨ 1748 ਤੋਂ 1767 ਤੱਕ 17 ਵਾਰ ਹਮਲੇ ਕੀਤੇ| ਉਹ ਹਰ ਵਾਰ ਬੜੀ ਆਸਾਨੀ ਨਾਲ ਭਾਰਤ ਤੋਂ ਧਨ, ਦੌਲਤ, ਸੋਨੇ, ਚਾਂਦੀ ਦੇ ਕੀਮਤੀ ਗਹਿਣਿਆਂ ਦੇ ਨਾਲ ਜਵਾਨ ਔਰਤਾਂ ਤੇ ਬੱਚੇ ਵੀ ਕਾਬੁਲ ਲੈ ਜਾਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਕਾਬੁਲ ਦੇ ਬਾਜ਼ਾਰਾਂ ਵਿੱਚ ਵੇਚ ਦਿੰਦਾ ਸੀ| ਅਹਿਮਦ ਸ਼ਾਹ ਅਬਦਾਲੀ ਨੇ ਜਦੋਂ 1759 ਵਿੱਚ ਭਾਰਤ ਉਪਰ ਪੰਜਵਾਂ ਹਮਲਾ ਕੀਤਾ ਤੇ ਉਸ ਦੀ ਸ਼ਾਹੀ ਫੌਜ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ| ਉਸਦੇ ਅਹਿਲਕਾਰਾਂ ਤੇ ਫੌਜ ਨੇ ਪੰਜਾਬੀਆਂ ਦੇ ਘਰਾਂ ਵਿੱਚੋਂ ਹੋਰ ਕੀਮਤੀ ਚੀਜ਼ਾਂ ਦੇ ਨਾਲ ਨਾਲ ਪਿੱਤਲ, ਤਾਬੇ, ਕਾਂਸੀ ਤੇ ਹੋਰ ਧਾਤਾਂ ਦੇ ਭਾਂਤ-ਭਾਂਤ ਦੇ ਬਰਤਨ ਵੀ ਚੁੱਕ ਲਏ ਸਨ| ਇਨ੍ਹਾਂ ਭਾਂਤ ਭਾਂਤ ਦੇ ਭਾਂਡਿਆਂ ਦਾ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਬੜਾ ਉਚਾ ਢੇਰ ਲੱਗ ਗਿਆ ਸੀ| ਜਦੋਂ ਅਬਦਾਲੀ ਵਾਪਿਸ ਕਾਬੁਲ ਨੂੰ ਜਾਣ ਲਗਿਆ ਤਾਂ ਸਾਰਾ ਲੁਟਿਆ ਹੋਇਆ ਕੀਮਤੀ ਸਾਮਾਨ ਗੱਡਿਆਂ ਉਪਰ ਲੱਦਿਆ ਗਿਆ, ਜੋ ਇੱਕ ਲੰਮਾ ਕਾਫਲਾ ਬਣ ਗਿਆ, ਪਰ ਬਰਤਨ ਤੇ ਭਾਂਡੇ ਹਾਲੇ ਵੀ ਰਹਿ ਗਏ ਸਨ| ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਚੁਣਵੇਂ ਅਹਿਲਕਾਰਾਂ ਨਾਲ ਸਲਾਹ ਕੀਤੀ ਕਿ ਇਨ੍ਹਾਂ ਬਰਤਨਾਂ ਦਾ ਕੀ ਕੀਤਾ ਜਾਵੇ?
ਅਹਿਮਦ ਸ਼ਾਹ ਅਬਦਾਲੀ ਦੇ ਇੱਕ ਖਾਸਮ ਖਾਸ ਲਾਹੌਰ ਦਰਬਾਰ ਦੇ ਵਜ਼ੀਰ ਸ਼ਾਹ ਵੱਲੀ ਖਾਨ ਨੇ ਲਾਹੌਰ ਦੇ ਇੱਕ ਉਤਮ ਕਾਰੀਗਰ ਸ਼ਾਹ ਨਜੀਰ ਨੂੰ ਪੇਸ਼ ਕੀਤਾ, ਜੋ ਉਸ ਜ਼ਮਾਨੇ ਦਾ ਸਭ ਤੋਂ ਪ੍ਰਸਿੱਧ ਠੱਠਿਆਰ, ਨਾਮੀ ਬਰਤਨ ਤੇ ਤੋਹਫੇ ਬਨਾਉਣ ਦਾ ਸਿਆਣਾ ਕਾਰੀਗਰ ਸੀ| ਕਾਰੀਗਰ ਸ਼ਾਹ ਨਜੀਰ ਨੇ ਦੋਵੇਂ ਹੱਥ ਜੋੜ ਕੇ ਤੇ ਝੁਕ ਕੇ ਕਿਹਾ, “ਜਹਾਂ ਪਨਾਹ ਜੇ ਹੁਕਮ ਹੋਵੇ ਤਾਂ ਇਨ੍ਹਾਂ ਬਰਤਨਾਂ ਦੇ ਢੇਰ ਨੂੰ ਢਾਲ ਕੇ ਇੱਕ ਲਾਸਾਨੀ ਤੇ ਨਾਮਵਰ ਤੋਪ ਬਣਾਈ ਜਾ ਸਕਦੀ ਹੈ।” ਇਨ੍ਹਾਂ ਬਹੁਤ ਸਾਰੀਆਂ ਧਾਤਾਂ ਨੂੰ ਮਿਲਾ ਕੇ ਬਣੀ ਤੋਪ ਯੁੱਧ ਦੇ ਮੈਦਾਨ ਵਿੱਚ ਬਹੁਤ ਕਾਮਯਾਬ ਤੇ ਅਹਿਮ ਕਾਰਗਰ ਸਾਬਿਤ ਹੋ ਸਕਦੀ ਹੈ| ਸ਼ਾਹ ਨਜੀਰ ਜੋ ਕਾਬੁਲ ਦਾ ਰਹਿਣ ਵਾਲਾ ਸੀ, ਨੂੰ ਲਾਹੌਰ ਵਿਖੇ ਰਹਿ ਕੇ ਹੀ ਅਨੋਖੀ ਤੋਪ ਬਨਾਉਣ ਦੀ ਮਨਜ਼ੂਰੀ ਅਹਿਮਦ ਸ਼ਾਹ ਅਬਦਾਲੀ ਵੱਲੋਂ ਮਿਲ ਗਈ| ਸ਼ਾਹ ਨਜੀਰ ਨੇ ਇਨ੍ਹਾਂ ਲੁੱਟ ਦੇ ਭਾਂਡਿਆਂ ਨੂੰ ਢਾਲ ਕੇ ਇੱਕ ਲਾਸਾਨੀ ਤੇ ਲਾਜਵਾਬ ਤੋਪ ਤਿਆਰ ਕੀਤੀ, ਜੋ ਉਸ ਜਮਾਨੇ ਦੀ ਬਹੁਤ ਵੱਡੀ ਤੇ ਅਹਿਮ ਤੋਪ ਸੀ, ਜਿਸ ਨੂੰ ‘ਤੋਪ ਜਮਜਮਾ’ ਦਾ ਨਾਂ ਦਿੱਤਾ ਗਿਆ ਸੀ| ਇਸ ਉਤੇ ਫਾਰਸੀ ਭਾਸ਼ਾ ਵਿੱਚ ਉਕਰਿਆ “1757 ਸ਼ਾਹ ਨਜੀਰ-ਮੈਟਲਸਮਿਥ, ਮੁਗਲ ਬਾਦਸ਼ਾਹ, ਮੁਈਨ-ਅਲ-ਮੁਲਕ, ਅਹਿਮਦ ਸ਼ਾਹ ਅਬਦਾਲੀ, ਦਿਸ਼ਾ ਨਿਰਦੇਸ਼, ਵਜ਼ੀਰ-ਸ਼ਾਹ ਵੱਲੀ ਖਾਨ।” ਤੋਪ ਦੀ ਲੰਮੀ ਨਲੀ ਉਪਰ ਫੁੱਲ-ਬੂਟਿਆਂ ਨਾਲ ਪਿੱਤਲ ਵਿੱਚ ਹੀ ਮੀਨਾਕਾਰੀ ਵੀ ਕੀਤੀ ਹੋਈ ਹੈ| ਫਾਰਸੀ ਭਾਸ਼ਾ ਇਸ ਦੌਰ ਵਿੱਚ ਆਮ ਵਰਤੀ ਜਾਂਦੀ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੀ ਰਾਜਸੀ ਭਾਸ਼ਾ ਵੀ ਫਾਰਸੀ ਸੀ| ਪੰਜਾਬੀ, ਡੋਗਰੀ, ਕਸ਼ਮੀਰੀ ਵੀ ਪ੍ਰਚਲਤ ਭਾਸ਼ਾਵਾਂ ਸਨ| “ਕਾਇਦਾ-ਏ-ਨੂਰ” ਵੱਖੋ ਵੱਖ ਭਾਸ਼ਾਵਾਂ ਦੀ ਪੜ੍ਹਾਈ ਲਈ ਸਾਰੀ ਪ੍ਰਜਾ ਵਿੱਚ ਵੰਡਿਆ ਜਾਂਦਾ ਸੀ|
ਤੋਪ ਜਮਜਮਾ ਦੇ ਮੂੰਹ ਦਾ ਆਕਾਰ 10 ਇੰਚ, ਇਸ ਦੀ ਨਲੀ ਦੀ ਲੰਬਾਈ 15 ਫੁੱਟ ਅਤੇ ਇਸ ਵਿੱਚ 55 ਮਣ ਦਾ ਗੋਲਾ ਪੈਂਦਾ ਸੀ| ਤੋਪ ਦਾ ਆਪਣਾ ਵਜ਼ਨ 4500 ਕਿੱਲੋ ਜਾਂ 9000 ਪੌਂਡ ਦੇ ਕਰੀਬ ਹੈ| ਤੋਪ ਜਮਜਮਾ ਜਦੋਂ ਦੁਸ਼ਮਣ ਉਪਰ ਫਾਇਰ ਕਰਦੀ ਸੀ ਤਾਂ ਧਰਤੀ ਕੰਬਦੀ ਸੀ| ਇਸ ਨੂੰ ਚਲਾਉਣ ਲਈ 15 ਤੋਂ 20 ਤਕੜੇ ਜੁੱਸੇ ਵਾਲੇ ਸਿਪਾਹੀ ਲਗਦੇ ਸਨ| ਇਸ ਤੋਪ ਵਿੱਚੋਂ ਨਿਕਲਿਆ ਗੋਲਾ ਬਹੁਤ ਦੂਰ-ਦੂਰ ਤੱਕ ਤਬਾਹੀ ਮਚਾ ਦਿੰਦਾ ਸੀ| ਇਸ ਤੋਪ ਨੂੰ ਉਸ ਵੇਲੇ ਦੇ ਬਹੁਤ ਮਜਬੂਤ ਕਿਲੇ ਤੋੜਨ ਲਈ ਵਰਤਿਆ ਜਾਂਦਾ ਸੀ| ‘ਤੋਪ ਜਮਜਮਾ’ ਉਪਰ ਫਾਰਸੀ ਭਾਸ਼ਾ ਵਿੱਚ ਲਿਖਿਆ ਹੋਇਆ ਹੈ, “ਪੀਕਰੇ ਅਨਜ਼ਹਾਦੇ ਆਤਸ਼ਬਾਜ” ਜਿਸ ਦਾ ਮਤਲਬ ਹੈ- “ਦੁਨੀਆਂ ਦੀ ਸਭ ਤੋਂ ਵੱਡੀ ਸਰਾਲ/ਸੱਪ” ਜਿਸ ਦੇ ਮੂੰਹ ਵਿੱਚੋ ਅੱਗ ਨਿਕਲਦੀ ਹੈ| ਇਸ ਤੋਪ ਜਮਜਮਾ ਦੇ ਮੂੰਹ ਵਿੱਚੋਂ 20 ਫੁੱਟ ਲੰਮੀ ਚੌੜੀ ਅੱਗ ਦੀ ਵੱਡੀ ਲਾਟ ਨਿਕਲਦੀ ਸੀ, ਜੋ ਉਸ ਅੱਗੇ ਆਈ ਹਰ ਸ਼ੈਅ ਨੂੰ ਫਨਾਹ ਕਰਦੀ ਤੇ ਫੂਕਦੀ ਜਾਂਦੀ ਸੀ|
ਦੂਰਾਨੀ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਵੱਲੋਂ ਪੰਜਾਬ ਤੇ ਹਿੰਦੋਸਤਾਨ ਦੀ ਲੁੱਟ ਲਈ ਹੋਏ ਹਮਲਿਆਂ ਤੇ ਲੜਾਈਆਂ ਵਿੱਚ ਇਹ ਤੋਪ ਉਚੇਚੀ ਵਰਤੀ ਜਾਂਦੀ ਰਹੀ| ਸੰਨ 1760 ਵਿੱਚ ਕਾਬੁਲ ਨੂੰ ਵਾਪਿਸ ਜਾਣ ਸਮੇਂ ਅਹਿਮਦ ਸ਼ਾਹ ਅਬਦਾਲੀ ਇਸ ਤੋਪ ਨੂੰ ਬਹੁਤ ਭਾਰੀ ਹੋਣ ਕਰਕੇ ਲਾਹੌਰ ਦੇ ਕਿਲੇ ਵਿੱਚ ਆਪਣੇ ਸ਼ਾਹੀ ਸੂਬੇਦਾਰ ਕੋਲ ਛੱਡ ਗਿਆ ਸੀ, ਪਰ ਹੋਰ ਛੋਟੀਆਂ-ਮੋਟੀਆਂ ਤੋਪਾਂ ਨਾਲ ਲੈ ਗਿਆ ਸੀ, ਜੋ ਰਾਹ ਵਿੱਚ ਦਰਿਆ ਚਨਾਬ ਪਾਰ ਕਰਦੇ ਸਮੇਂ ਦਰਿਆ ਦੇ ਤੇਜ ਪਾਣੀ ਵਿੱਚ ਹੀ ਰੁੜ੍ਹ ਗਈਆਂ ਸਨ| ਅਹਿਮਦ ਸ਼ਾਹ ਅਬਦਾਲੀ ਚਾਹੁੰਦਾ ਸੀ ਕਿ ਰਾਜਸਥਾਨ ਦੇ ਰਾਜਪੂਤ ਰਾਜਿਆਂ ਤੇ ਦੱਖਣੀ ਭਾਰਤ ਦੇ ਸ਼ਾਸ਼ਕਾਂ, ਜਿਨ੍ਹਾਂ ਕੋਲ ਬਹੁਤ ਮਜਬੂਤ ਕਿਲੇ ਹਨ, ਇਹ ਤੋਪ ਉੁਨ੍ਹਾਂ ਨੂੰ ਤੋੜਨ ਵਾਸਤੇ ਇੱਥੇ ਹੀ ਕੰਮ ਆਵੇਗੀ ਅਤੇ ਫੇਰ ਉਹ ਪੂਰੇ ਹਿੰਦੋਸਤਾਨ `ਤੇ ਕਾਬਜ ਹੋ ਜਾਵੇਗਾ| ‘ਤੋਪ ਜਮਜਮਾ’ ਆਕਾਰ ਵਿੱਚ ਬਹੁਤ ਵੱਡੀ ਅਤੇ ਵਜ਼ਨਦਾਰ ਹੋਣ ਕਰਕੇ ਕਾਬੁਲ ਤੱਕ ਲਿਜਾਣੀ ਵੀ ਉਤਨੀ ਹੀ ਮੁਸ਼ਕਿਲ ਸੀ|
ਸੰਨ 1761 ਵਿੱਚ ਹਿੰਦੋਸਤਾਨ ਦੇ ਮਰਾਠਾ ਸ਼ਾਸ਼ਕ ‘ਸਦਾਸ਼ਿਵ ਰਾਉ ਭਾਊ’ ਅਤੇ ਅਫਗਾਨ ਅਹਿਮਦ ਸ਼ਾਹ ਦੂਰਾਨੀ ਵਿਚਕਾਰ ਪਾਣੀਪਤ ਦੀ ਤੀਜੀ ਜੰਗ ਤੋਂ ਪਿੱਛੋਂ ਕਾਬੁਲ ਵਾਪਿਸ ਮੁੜਦਾ ਹੋਇਆ ਅਬਦਾਲੀ ਇਹ ਤੋਪ ਲਾਹੌਰ ਦੇ ਸੂਬੇਦਾਰ ਖਵਾਜਾ ਊਬੈਦ ਖਾਨ ਨੂੰ ਦੇ ਗਿਆ| ਇਸ ਜਮਜਮਾ ਤੋਪ ਦੀ ਹਿਫਾਜ਼ਤ ਵਾਸਤੇ ਇੱਕ ਫੌਜੀ ਕਮਾਂਡਰ ਦੀ ਖਾਸ ਡਿਊਟੀ ਸੀ ਅਤੇ ਲਗਭਗ 60 ਆਦਮੀ ਇਸ ਦੀ ਸਾਂਭ-ਸੰਭਾਲ ਕਰਨ ਵਾਲੇ ਸਨ| ਅਹਿਮਦ ਸ਼ਾਹ ਅਬਦਾਲੀ ਨੇ ਸੰਨ 1748 ਤੋਂ 1767 ਤੱਕ ਹਿੰਦੋਸਤਾਨ ਉਪਰ ਬੜੇ ਖੂੰਖਾਰ ਹਮਲੇ ਕਰਕੇ ਖੂਬ ਲੁੱਟ ਮਾਰ ਕੀਤੀ, ਪਰ ਉਸ ਦੀ ਹਸਰਤ ਹਿੰਦੋਸਤਾਨ ਦਾ ਬਾਦਸ਼ਾਹ ਬਣਨ ਦੀ ਪੂਰੀ ਨਾ ਹੋ ਸਕੀ, ਕਿਉਂਕਿ ਅਕਤੂਬਰ ਸੰਨ 1772 ਵਿੱਚ 50 ਸਾਲ ਦੀ ਉਮਰ ਭੋਗ ਕੇ ਕੈਸਰ ਦੀ ਬੀਮਾਰੀ ਨਾਲ ਕਾਬੁਲ ਵਿੱਚ ਹੀ ਉਸਦੀ ਮੌਤ ਹੋ ਗਈ ਸੀ|
ਸੰਨ 1764 ਵਿੱਚ ਸਿੱਖਾਂ ਦੀ ਭੰਗੀ ਮਿਸਲ ਦੇ ਮੁਖੀ ਸਰਦਾਰ ਹਰੀ ਸਿੰਘ ਢਿੱਲੋਂ ਅਤੇ ਉਸਦੇ ਜਵਾਨ ਪੁੱਤਰਾਂ- ਝੰਡਾ ਸਿੰਘ ਤੇ ਗੰਡਾ ਸਿੰਘ ਢਿੱਲੋਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਨਾਮਜ਼ਦ ਲਾਹੌਰ ਦੇ ਸੂਬੇਦਾਰ ਕਾਬਲੀ ਮੱਲ ਤੋਂ ਲੁੱਟ ਦੇ ਮਾਲ ਵਿੱਚ ਤੋਪ ਜਮਜਮਾ ਵੀ ਆਪਣੇ ਕਬਜੇ ਵਿੱਚ ਲੈ ਲਈ ਗਈ, ਪਰ ਦੋ ਸਾਲ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਹੀ ਸ਼ਾਹੀ ਬੁਰਜ ਵਿਖੇ ਇੱਕ ਪਾਸੇ ਪਈ ਰਹੀ| ਸੰਨ 1770 ਵਿੱਚ ਦੂਰਾਨੀ ਅਹਿਮਦ ਸ਼ਾਹ ਅਬਦਾਲੀ ਸਿੱਖ ਜਥਿਆਂ ਦੇ ਲਾਹੌਰ ਵਿੱਚ ਮਾਰੂ ਹਮਲਿਆਂ ਤੋਂ ਤੰਗ ਆ ਕੇ ਮਰਨ ਤੋਂ ਪਹਿਲਾਂ ਲਾਹੌਰ ਦੀ ਸੂਬੇਦਾਰੀ ਤੇ ਕਾਬਜ ਭੰਗੀ ਮਿਸਲ ਦੇ ਸਰਦਾਰ ਲਹਿਣਾ ਸਿੰਘ ਤੇ ਗੁੱਜਰ ਸਿੰਘ ਢਿੱਲੋਂ ਨੂੰ ਇੱਕ ਅਹਿਦਨਾਮੇ ਤੇ ਧਨ ਦੌਲਤ ਦੇ ਸਮਝੌਤੇ ਨਾਲ ‘ਲਾਹੌਰ ਦੀ ਸੂਬੇਦਾਰੀ’ ਵੇਚ ਗਿਆ ਸੀ| ਭੰਗੀ ਮਿਸਲ ਦੇ ਵਾਰਸਾਂ ਤੇ ਢਿੱਲੋਂ ਸਿੱਖ ਸਰਦਾਰਾਂ ਦੀ ਲਾਹੌਰ ਵਿੱਚ 1765 ਤੋਂ 1799 ਤੱਕ ਪੂਰੇ 30 ਸਾਲ ਪੂਰੀ ਚੜ੍ਹਤ ਰਹੀ| ਸਰਦਾਰ ਹਰੀ ਸਿੰਘ ਭੰਗੀ-ਢਿੱਲੋਂ ਸਿੱਖ ਜੱਟ ਬਹੁਤ ਬਹਾਦਰ ਯੋਧਾ ਸੀ, ਜਿਸਨੇ ਲੰਮਾ ਸਮਾਂ ਲਾਹੌਰ ਵਾਸੀਆਂ ਉਪਰ ਬੜੀ ਨਿਰਦੈਤਾ ਨਾਲ ਅਣਗਿਣਤ ਟੈਕਸ ਲਾ ਕੇ ਰਾਜ ਕੀਤਾ, ਜਿਸ ਨਾਲ ਲਾਹੌਰ ਦੀ ਸਾਰੀ ਪ੍ਰਜਾ ਬੜੀ ਦੁਖੀ ਸੀ| ਲਾਹੌਰ ਸ਼ਹਿਰ ਦੀ ਸਾਰੀ ਪ੍ਰਜਾ ਦੀ ਪੁਕਾਰ-ਅਪੀਲ ਨਾਲ ਸਿੱਖ ਮਿਸਲਦਾਰ ਸਰਦਾਰਾਂ ਨੇ ਮਿਲ ਕੇ ਜਦੋਂ ਲਾਹੌਰ ਉਪਰ ਹਮਲਾ ਕੀਤਾ ਤਾਂ ਇਹ ਤੋਪ ਸੰਧਾਵਾਲੀਏ ਸਿੱਖ, ਸ਼ੁਕਰਚੱਕੀਆ ਮਿਸਲ ਦੇ ਸਰਦਾਰ ਚੜ੍ਹਤ ਸਿੰਘ ਦੇ ਹਿੱਸੇ ਆਈ ਤੇ ਉਹ ਇਸ ਨੂੰ ਗੁਜਰਾਂਵਾਲੇ ਲੈ ਗਿਆ| ਸਿੱਖਾਂ ਤੇ ਮੁਸਲਮਾਨਾਂ ਦੀ ਇੱਕ ਲੜਾਈ ਵਿੱਚ ਇਹ ਤੋਪ ਰਾਮਨਗਰ ਦੇ ਮੁਸਲਮਾਨ ਚੱਠਿਆਂ ਨੇ ਸਿੱਖਾਂ ਤੋਂ ਖੋਹ ਲਈ ਤੇ ਚੱਠਿਆਂ ਦਾ ਸਰਦਾਰ ਹਸ਼ਮਤ ਖਾਨ ਚੱਠਾ ਇਸ ਤੋਪ ਨੂੰ ਚੱਠਿਆਂ ਦੀ ਰਿਆਸਤ ਰਸੂਲ ਨਗਰ ਲੈ ਗਿਆ| ਸਿੱਖਾਂ ਦੀ ਭੰਗੀ ਮਿਸਲ ਦੇ ਸਰਦਾਰ ਝੰਡਾ ਸਿੰਘ ਢਿੱਲੋਂ ਤੇ ਸਾਥੀਆਂ ਨੇ ਇੱਕ ਲੜਾਈ ਵਿੱਚ ਚੱਠਿਆਂ ਨੂੰ ਹਰਾ ਕੇ ਇਹ ‘ਤੋਪ ਜਮਜਮਾ’ ਖੋਹ ਕੇ ਅੰਮ੍ਰਿਤਸਰ ਲੈ ਆਂਦੀ| ਅੰਮ੍ਰਿਤਸਰ ਸ਼ਹਿਰ ਵਿੱਚ ਲੰਮਾ ਸਮਾਂ ਢਿੱਲੋਂ, ਭੰਗੀ ਸਿੱਖ ਸਰਦਾਰਾਂ ਦੇ ਅਧੀਨ ਰਹਿਣ ਕਰਕੇ ਇਸਦਾ ਨਾਮ ‘ਭੰਗੀਆਂ ਦੀ ਤੋਪ’ ਪੈ ਗਿਆ|
ਸੰਨ 1802 ਵਿੱਚ ਗੁਜਰਾਂਵਾਲੇ ਦੀ ਸ਼ੁਕਰਚੱਕੀਆ ਮਿਸਲ ਦੇ ਸਿੱਖ ਸਰਦਾਰ ਨੌਜਵਾਨ ਰਣਜੀਤ ਸਿੰਘ ਨੇ ਲਾਹੌਰ ਦੇ ਅਹਿਮ ਮੁਸਲਮਾਨ ਹਿੰਦੂਆਂ ਦੀ ਪੁਰਜ਼ੋਰ ਅਪੀਲ ਉਪਰ ਆਸਾਨੀ ਨਾਲ ਲਾਹੌਰ ਨੂੰ ਆਪਣੇ ਕਬਜੇ ਵਿੱਚ ਕਰ ਲਿਆ ਸੀ| ਸੰਨ 1804 ਵਿੱਚ ਜਦੋਂ ਭੰਗੀ ਮਿਸਲ ਦੇ ਸਰਦਾਰਾਂ ਕੋਲੋਂ ਰਣਜੀਤ ਸਿੰਘ ਨੇ ਅੰਮ੍ਰਿਤਸਰ ਫਤਿਹ ਕੀਤਾ ਤਾਂ ਇਹ ਮੁਗਲਾਂ ਵਾਲੀ ਤੋਪ ਜਮਜਮਾ, ਜੋ ਹੁਣ ‘ਭੰਗੀਆਂ ਦੀ ਤੋਪ’ ਦੇ ਨਾਮ ਨਾਲ ਮਸ਼ਹੂਰ ਸੀ, ਵੀ ਉਸਦੇ ਹੱਥ ਆ ਗਈ ਤੇ ਉਹ ਇਸ ਨੂੰ ਲਾਹੌਰ ਲੈ ਆਇਆ ਸੀ| ਲਾਹੌਰ ਉਤੇ ਕਾਬਜ ਹੋਣ ਨਾਲ ਨੌਜਵਾਨ ਸਿੱਖ ਸਰਦਾਰ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣ ਗਿਆ ਸੀ| ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਇਸ ਤੋਪ ਨੂੰ 1807 ਵਿੱਚ ਕਸੂਰ ਉਪਰ ਚੜ੍ਹਾਈ ਵੇਲੇ ਵਰਤਿਆ ਅਤੇ ਫਿਰ ਸਮੇਂ ਸਮੇਂ ਕੁੱਝ ਹੋਰ ਲੜਾਈਆਂ ਵਿੱਚ ਵੀ ਇਸ ਤੋਪ ਨੂੰ ਇਸਤੇਮਾਲ ਕੀਤਾ ਗਿਆ|
ਮੁਲਤਾਨ ਸੂਬੇ ਦਾ ਅਫ਼ਗਾਨ ਗਵਰਨਰ ਨਵਾਬ ਮੁਜੱਫ਼ਰ ਖਾਨ, ਪੰਜਾਬ ਦੇ ਸਿੱਖ ਮਹਾਰਾਜਾ ਰਣਜੀਤ ਸਿੰਘ ਨੂੰ ਪਿਛਲੇ ਕਈ ਸਾਲਾਂ ਤੋਂ ਸਮੇਂ ਸਿਰ ਸਾਲਾਨਾ ਕਰ-ਲਗਾਨ ਦੀ ਅਦਾਇਗੀ ਨਹੀਂ ਕਰ ਰਿਹਾ ਸੀ| ਲਾਹੌਰ ਖਾਲਸਾ ਦਰਬਾਰ ਨੇ ਭਾਰੀ ਸਿੱਖ ਖਾਲਸਾ ਫੌਜਾਂ ਨਾਲ ਮੁਲਤਾਨ ਉਪਰ ‘ਲਾਮ-ਲਸ਼ਕਰ’ ਨਾਲ ਚੜ੍ਹਾਈ ਕਰ ਦਿੱਤੀ| ‘ਭੰਗੀਆਂ ਦੀ ਤੋਪ’ ਨੇ ਸੰਨ 1818 ਵਿੱਚ ਆਖਰੀ ਵਾਰ ਮੁਲਤਾਨ ਦੀ ਇਤਿਹਾਸਕ ਜੰਗ ਵਿੱਚ ਮਿਸਰ ਦੀਵਾਨ ਚੰਦ ਕਮਾਂਡਰ-ਇਨ-ਚੀਫ ਦੀ ਕਮਾਂਡ ਥੱਲੇ 25,000 ਜੰਗਜੂ ਖਾਲਸਾ ਫੌਜਾਂ ਨੇ ਨਵਾਬ ਮੁਜੱਫ਼ਰ ਖਾਨ ਦੇ ਮੁਲਤਾਨ ਕਿਲੇ ਦੀਆਂ ਦੀਵਾਰਾਂ ਤੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ| ਖਾਲਸਾ ਦਰਬਾਰ ਲਾਹੌਰ ਦੇ ਮਿਸਰ ਦੀਵਾਨ ਚੰਦ ਨੇ ਦੀਵਾਨ ਭਵਾਨੀ ਦਾਸ ਤੇ ਚੌਧਰੀ ਕਾਦਰ ਬਖਸ਼ ਦੀ ਵਿਚੋਲਗੀ ਰਾਹੀਂ ਨਵਾਬ ਮੁਜੱਫਰ ਖਾਨ ਨੂੰ ਮੁਲਤਾਨ ਦਾ ਸੂਬਾ ‘ਲਾਹੌਰ ਖਾਲਸਾ ਰਾਜ’ ਦੇ ਹਵਾਲੇ ਕਰਨ ਬਦਲੇ ‘ਸੁLਜਾਬਾਦ ਤੇ ਖਾਨਗੜ੍ਹ’ ਦੀਆਂ ਜਾਗੀਰਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ| ਨਵਾਬ ਮੁਜੱਫਰ ਖਾਨ ਇਸ ਗੱਲ ਨਾਲ ਸਹਿਮਤ ਸੀ, ਪਰ ਉਸ ਦੇ ਅਹਿਲਕਾਰਾਂ ਨੇ ਕੋਈ ਪੈਰ ਨਾ ਲਾਏ ਸਗੋਂ ਸ਼ਹਿਰ ਦੇ ਘਰ ਛੱਡ ਕੇ ਕਿਲੇ ਵਿੱਚ ਡੇਰੇ ਲਾ ਲਏ|
ਮੁਲਤਾਨ ਦੇ ਕਿਲੇ ਦੀਆਂ ਮੋਟੀਆਂ ਭਾਰੇ ਪੱਥਰਾਂ ਵਾਲੀਆਂ ਮਜਬੂਤ ਦੀਵਾਰਾਂ ਤੋੜਨ ਲਈ ਸਿਰਫ ‘ਭੰਗੀਆਂ ਦੀ ਤੋਪ’ ਦੇ ਭਾਰੀ ਗੋਲੇ ਹੀ ਤੋੜ-ਫਾੜ ਕਰ ਸਕਦੇ ਸੀ, ਜਿਸ ਨੂੰ ਲਾਹੌਰ ਤੋਂ ਮੁਲਤਾਨ ਲਿਆਉਣ ਵਿੱਚ 12 ਦਿਨ ਲੱਗੇ ਸਨ| ਮੁਲਤਾਨ ਦੇ ਨਵਾਬ ਦੀਆਂ ‘ਨਵਾਬ ਸ਼ਾਹੀ ਫੌਜਾਂ’ ਵਿੱਚ ਉਸ ਦਾ ਇੱਕ ਪੱਕਾ ਫੌਜੀ ਖੁਫੀਆ ਅਫ਼ਗਾਨ ਪਠਾਣ ਮੁਲਾਜ਼ਮ ‘ਗੁਲਾਮ ਜਿਲਾਨੀ’ ਇੱਕ ਪ੍ਰਸਿੱਧ ਲੇਖਕ ਤੇ ਪੇਸ਼ੇਵਰ ਜਾਸੂਸ ਵੀ ਸੀ, ਜਿਸ ਨੇ ਫ਼ਾਰਸੀ ਤੇ ਅਰਬੀ ਭਾਸ਼ਾ ਵਿੱਚ ਕਈ ਕਿਤਾਬਾਂ ਵੀ ਲਿਖੀਆਂ ਹਨ| ਉਸ ਦੀ ਇੱਕ ਫ਼ਾਰਸੀ ਕਿਤਾਬ ‘ਜੰਗਨਾਮਾ-ਏ-ਮੁਲਤਾਨ’ ਬਹੁਤ ਪ੍ਰਸਿੱਧ ਹੈ, ਜਿਸ ਵਿੱਚ ਮੁਲਤਾਨ ਦੀ ਜੰਗ ਦਾ ਵਰਨਣ ਬਹੱਤ ਬਾਖੂਬੀ ਨਾਲ ਦਿੱਤਾ ਗਿਆ ਹੈ| ਗੁਲਾਮ ਜਿਲਾਨੀ ਨੂੰ ਨਵਾਬ ਮੁਜੱਫ਼ਰ ਖਾਨ ਵੱਲੋਂ ਖਾਲਸਾ ਫੌਜਾਂ ਦੀ ਜਾਸੂਸੀ ਕਰਨ ਲਈ ਨਿਯੁਕਤ ਕੀਤਾ ਗਿਆ ਸੀ ਤੇ ਉਸ ਨੂੰ ਇਸ ਬਦਲੇ ਚੋਖੀ ਤਨਖਾਹ ਵੀ ਦਿੱਤੀ ਜਾਂਦੀ ਸੀ| ਮੁਲਤਾਨ ਦੇ ਕਿਲੇ ਦੀ ਘੇਰਾਬੰਦੀ ਦੌਰਾਨ ਉਹ ਇੱਕ ਸਿੱਖ ਸਿਪਾਹੀ ਦੇ ਲਿਬਾਸ ਵਿੱਚ ਖਾਲਸਾ ਫੌਜਾਂ ਵਿੱਚ ਬੇਖੌਫ ਘੁੰਮ ਫਿਰ ਰਿਹਾ ਸੀ| ਲੜਾਈ ਦੌਰਾਨ ਘੁੰਮਦਿਆਂ ਫਿਰਦਿਆਂ ਉਹ ਐਸੀ ਜਗ੍ਹਾ ਪਹੁੰਚਿਆ, ਜਿੱਥੇ ਕੁੱਝ ਸਿੱਖ ਸਿਪਾਹੀ ਇੱਕ ਟੁੱਟੀ ਹੋਈ ਵੱਡੇ ਆਕਾਰ ਦੀ ਤੋਪ ਕੋਲ ਆਪਸ ਵਿੱਚ ਬਹਿਸ ਕਰ ਰਹੇ ਸਨ, ਜੋ ‘ਭੰਗੀਆਂ ਵਾਲੀ ਤੋਪ’ ਹੀ ਸੀ|
ਲੜਾਈ ਦੌਰਾਨ ਸਿੱਖ ਜਰਨੈਲ ਅਕਾਲੀ ਫੂਲਾ ਸਿੰਘ ਵੱਲੋਂ ਹੁਕਮ ਹੋਇਆ ਕਿ ਭੰਗੀਆਂ ਵਾਲੀ ਤੋਪ ਦੇ ਗੋਲੇ ਕਿਲੇ ਦੇ ਖਿਜਰੀ ਦਰਵਾਜ਼ੇ ਉਪਰ ਦਾਗੇ ਜਾਣ| ਤੋਪ ਦੇ ਗੋਲੇ ਇੰਨੇ ਜਬਰਦਸਤ ਸਨ ਕਿ ਕੁੱਝ ਗੋਲੇ ਦਾਗਣ ਤੋਂ ਬਾਅਦ ਅਚਾਨਕ ਤੋਪ ਦਾ ਇੱਕ ਪਹੀਆ ਟੁੱਟ ਗਿਆ ਸੀ| ਕਿਲੇ ਦੀ ਦੀਵਾਰ ਤੋੜਨ ਲਈ ਹਾਲੀ ਕੁਝ ਹੋਰ ਗੋਲੇ ਦਾਗਣ ਦੀ ਲੋੜ ਸੀ, ਪਰ ਤੋਪ ਲੜਖੜਾ ਕੇ ਬੰਦ ਹੋ ਗਈ| ਨਵਾਬ ਦੇ ਖੁਫ਼ੀਆ ਜਾਸੂਸ ‘ਗੁਲਾਮ ਜਿਲਾਨੀ’ ਮੁਤਾਬਕ 17 ਸਿੱਖ ਸਿਪਾਹੀ ਇਸ ਤੋਪ ਨੂੰ ਫਿਰ ਚਲਾਉਣ ਲਈ ਲੱਗੇ ਹੋਏ ਸਨ| ਤੋਪ ਚਲਾਉਣ ਵਾਲੇ ਸਿੱਖ ਤੋਪਚੀ ਨੇ ਕਿਹਾ ਕਿ ਇਹ ਤੋਪ ਤਾਂ ਚੱਲ ਸਕਦੀ ਹੈ ਜੇ ਕੋਈ ਸਿਪਾਹੀ ਇਸ ਦੇ ਟੁੱਟੇ ਹੋਏ ਪਹੀਏ ਨੂੰ ਮੋਢੇ ਉਪਰ ਚੁੱਕ ਕੇ ਸਹਾਰਾ ਦੇ ਸਕੇ ਤਾਂ ਇਸ ਤੋਪ ਦਾ ਤਵਾਜਨ (ਬੈਲੰਸ) ਬਰਾਬਰ ਹੋ ਜਾਵੇਗਾ| ਇਸ ਸਹਾਰੇ ਨਾਲ ਤੋਪ ਚੱਲਣ ਦੇ ਪੂਰੀ ਕਾਬੁਲ ਹੋ ਜਾਵੇਗੀ, ਪਰ ਮੋਢਾ ਦੇਣ ਵਾਲੇ ਸਿਪਾਹੀ ਦੇ ਸਰੀਰ ਦੀਆਂ ਬੋਟੀਆਂ ਉਡ ਜਾਣਗੀਆਂ|
ਗੁਲਾਮ ਜਿਲਾਨੀ ਲਿਖਦਾ ਹੈ ਕਿ “ਮੈ ਹੈਰਾਨ ਪ੍ਰੇਸ਼ਾਨ ਸੀ ਕਿ ਸਿੱਖ ਸਿਪਾਹੀਆਂ ਦਾ ਜਜਬਾ ਤੇ ਹੌਸਲਾ ਇਸ ਤਰ੍ਹਾਂ ਜਾਗਿਆ ਕਿ ਉਹ ਕੌਮ ਵਾਸਤੇ ਸ਼ਹੀਦ ਹੋਣ ਲਈ ਸਭ ਤੋਂ ਅੱਗੇ ਸਨ।” ਸਿੱਖ ਸਿਪਾਹੀ ਆਪਸ ਵਿੱਚ ਬਹਿਸ ਕਰ ਰਹੇ ਸਨ ਕਿ ਸਭ ਤੋਂ ਪਹਿਲਾਂ ਮੋਢਾ ਮੈਂ ਦੇਣਾ ਹੈ| ਕੌਮ ਤੇ ਧਰਮ ਲਈ ਸ਼ਹਾਦਤ ਦਾ ਜਾਮ ਮੈਂ ਪੀਣਾ ਹੈ| ਗੁਲਾਮ ਜਿਲਾਨੀ ਅੱਗੇ ਵਰਨਣ ਕਰਦਾ ਹੈ ਕਿ ਆਖਿਰ ਉਨ੍ਹਾਂ ਦੀ ਟੁਕੜੀ ਦੇ ਕਮਾਂਡਰ ਨੇ ਫੈਸਲਾ ਕੀਤਾ ਕਿ ਮੈਂ ਤੁਹਾਡਾ ਕਮਾਂਡਰ ਹਾਂ, ਇਸ ਲਈ ਸਭ ਤੋਂ ਪਹਿਲਾਂ ਹੱਕ ਮੇਰਾ ਹੈ| ਉਸ ਕਮਾਂਡਰ ਨੇ ਸਾਰੇ 17 ਸਿਪਾਹੀਆਂ ਦੀ ਭਰਤੀ ਮੁਤਾਬਕ ਵਾਰੀ ਮਿੱਥ ਕੇ ਸੂਚੀ ਬਣਾਈ, ਜਿਸ ਅਨੁਸਾਰ ਉਹ 17 ਸਿੱਖ ਸਿਪਾਹੀ ਉਸ ਭੰਗੀਆਂ ਦੀ ਨਕਾਰਾ ਹੋਈ ਤੋਪ ਨੂੰ ਮੋਢੇ ਦਾ ਸਹਾਰਾ ਦੇ ਕੇ ਕੌਮ ਲਈ ਸ਼ਹੀਦੀਆਂ ਪ੍ਰਾਪਤ ਕਰ ਗਏ| ਇਸ ਭੰਗੀਆਂ ਦੀ ਤੋਪ ਨਾਲ ਦਾਗੇ ਗੋਲਿਆਂ ਨਾਲ ਮੁਲਤਾਨ ਦੇ ਮਜਬੂਤ ਸ਼ਾਹੀ ਕਿਲੇ ਦੇ ਖਿਜਰੀ ਦਰਵਾਜ਼ੇ ਤੇ ਦੀਵਾਰ ਦੇ ਪੱਚਰੇ ਉੱਡ ਗਏ ਸੀ|
‘ਭੰਗੀਆਂ ਦੀ ਤੋਪ’ ਨਾਲ ਪਾਏ ਪਾੜ ਰਸਤੇ ਵਿੱਚੋਂ ਲੰਘ ਕੇ ਖਾਲਸਾ ਫੌਜ ਦਾ ਨਿਹੰਗ ਜਥਾ, ਨੀਲੇ ਬਾਣੇ ਵਿੱਚ ਜੈਕਾਰੇ ਛੱਡਦਾ ਅਕਾਲੀ ਫੂਲਾ ਸਿੰਘ ਤੇ ਸਾਧੂ ਸਿੰਘ ਅਕਾਲੀ ਦੀ ਅਗਵਾਈ ਵਿੱਚ ਕਿਲੇ ਦੇ ਗਾਰਡਾਂ ਨੂੰ ਵੱਢਦਾ ਟੁੱਕਦਾ ਕਿਲੇ ਵਿੱਚ ਘੁਸ ਗਿਆ| ਦੀਵਾਨ ਮੋਹਕਮ ਚੰਦ, ਦੀਵਾਨ ਮੋਤੀਰਾਮ, ਫਤਿਹ ਸਿੰਘ ਆਹਲੂਵਾਲੀਆ, ਹਰੀ ਸਿੰਘ ਨਲਵਾ, ਦਲ ਸਿੰਘ ਨਹੇਰਨਾ, ਧੰਨਾ ਸਿੰਘ ਮਲਵਈ, ਨੌਦ ਸਿੰਘ ਕਲਸੀਆਂ ਤੇ ਜੋਗਾ ਸਿੰਘ ਬਦੇਸ਼ਾ ਨੇ ਮੁਲਤਾਨ ਦੇ ਅਫਗਾਨ ਨਵਾਬ ਮੁਜੱਫਰ ਖਾਨ ਸਦੋਜਾਈ, ਅਫਗਾਨ ਫੌਜ ਅਤੇ ਉਸਦੇ ਪੁੱਤਰਾਂ ਨਾਲ ਕਿਲੇ ਵਿੱਚ ਸਿਧੀ ਜੰਗ ਲੜੀ, ਜਿਸ ਵਿੱਚ ਨਵਾਬ ਅਤੇ ਉਸ ਦੇ ਦੋ ਪੁੱਤਰ- ਸ਼ਹਿਜ਼ਾਦਾ ਸ਼ਾਹ ਨਵਾਜ ਖਾਨ, ਹੱਕ ਨਵਾਜ ਖਾਨ, ਸ਼ਹਿਜ਼ਾਦੀਆਂ, ਪਰਿਵਾਰ ਤੇ ਸਕੇ-ਸਬੰਧੀ ਅਫ਼ਗਾਨ ਸਿਪਾਹੀਆਂ ਸਮੇਤ ਕਿਲੇ ਵਿੱਚ ਹੀ ਖਾਲਸਾ ਫੌਜਾਂ ਨੇ ਹੱਥੋ ਹੱਥੀ ਲੜਾਈ ਵਿੱਚ ਤਲਵਾਰਾਂ ਨਾਲ ਕਤਲ ਕਰ ਦਿੱਤੇ ਸਨ| ਮੁਲਤਾਨ ਦੇ ਕਿਲੇ ਵਿੱਚ 2500 ਅਫਗਾਨ ਸੈਨਿਕਾਂ ਦੀ ਛਾਉਣੀ ਵਿੱਚੋਂ 500 ਦੇ ਕਰੀਬ ਸੈਨਿਕ ਬਚੇ ਸਨ, ਜਿਨ੍ਹਾਂ ਨੇ ਆਤਮ ਸਮਪਰਣ ਕਰ ਦਿੱਤਾ| ਨਵਾਬ ਮੁਜੱਫ਼ਰ ਖਾਨ ਦੇ ਦੋ ਜਵਾਨ ਪੁੱਤਰ- ਸਰਫ਼ਰਾਜ ਖਾਨ ਤੇ ਜੁਲਫੀਕਾਰ ਜਿਊਂਦੇ ਫੜ ਲਏ ਗਏ ਸਨ| ਸਰਫ਼ਰਾਜ ਖਾਨ ਇੱਕ ਡੂੰਘੇ ਤਹਿਖਾਨੇ ਵਿੱਚ ਲੁਕਿਆ ਹੋਇਆ ਸੀ, ਪਰ ਸ਼ਹਿਜ਼ਾਦਾ ਜੁਲਫੀਕਾਰ ਨੇ ਖਾਲਸਾ ਫੌਜਾਂ ਅੱਗੇ ਹੱਥ ਖੜੇ ਕਰਕੇ ਈਨ ਮੰਨ ਲਈ ਸੀ| ਮੁਲਤਾਨ ਦੇ ਦੁਸ਼ਮਣ ਨਵਾਬ ਦੇ ਸ਼ਾਹੀ ਸ਼ਹਿਜ਼ਾਦਿਆਂ ਨੂੰ ਸਜ਼ਾ ਦੇਣ ਦੀ ਥਾਂ ਖਾਲਸਾ ਰਾਜ ਦੇ ਮਹਾਰਾਜੇ ਨੇ ਆਪਣੇ ਇਲਾਕੇ ਵਿੱਚ ਦਰਿਆ ਰਾਵੀ ਦੇ ਕੰਢੇ ‘ਸ਼ਕਰਪੁਰ’ ਵਿਖੇ 30,000 ਦੀ ਜਾਗੀਰ ਗੁਜਾਰੇ ਲਈ ਦੇ ਦਿੱਤੀ ਸੀ| ਇਹੋ ਜਿਹਾ ਸੀ ਸਿੱਖਾਂ ਦੇ ਮਹਾਰਾਜਾ ਰਣਜੀਤ ਸਿੰਘ-ਸ਼ੇਰੇ ਪੰਜਾਬ ਦਾ ‘ਖਾਲਸਾ ਰਾਜ।’
ਮੁਲਤਾਨ ਦਾ ਕਿਲਾ ਫਤਿਹ ਹੋਇਆ ਅਤੇ ਪੰਜਾਬ ਦਾ ਮਸ਼ਹੂਰ ਸ਼ਹਿਰ ਮੁਲਤਾਨ ਤੇ ਉਸ ਦਾ ਜ਼ਰਖ਼ੇਜ ਇਲਾਕਾ ਖਾਲਸਾ ਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ| ਗੁਲਾਮ ਜਿਲਾਨੀ ਆਪਣੀ ਕਿਤਾਬ ‘ਜੰਗਨਾਮਾ-ਏ-ਮੁਲਤਾਨ’ ਵਿੱਚ ਲਿਖਦਾ ਹੈ ਕਿ “ਜਦੋਂ 10 ਸਿੱਖ ਸਿਪਾਹੀ ਤੋਪ ਨੂੰ ਮੋਢਾ ਦੇ ਕੇ ਸ਼ਹੀਦ ਹੋ ਚੁੱਕੇ ਸਨ ਤਾਂ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਦੇਖ ਕੇ ਉਸ ਦਾ ਦਿਲ ਵੀ ਕੀਤਾ ਕਿ ਉਹ ਵੀ ਮੋਢਾ ਦੇ ਕੇ ਸ਼ਹਾਦਤ ਪ੍ਰਾਪਤ ਕਰੇ, ਪਰ ਫਿਰ ਉਸ ਨੇ ਆਪਣੇ ਦਿਲ ਨਾਲ ਫੈਸਲਾ ਕੀਤਾ ਕਿ ਜਿਹੜੀ ਘਟਨਾ ਮੇਰੇ ਸਾਹਮਣੇ ਵਾਪਰੀ ਹੈ, ਇਸ ਨੂੰ ਮੇਰੇ ਬਿਨਾ ਹੋਰ ਕੋਈ ਨਹੀਂ ਜਾਣਦਾ, ਇਸ ਲਈ ਮੈਂ ਇਨ੍ਹਾਂ ਸਿੱਖ ਸਿਪਾਹੀਆਂ ਦੀ ਸ਼ਹਾਦਤ ਦਾ ਇਤਿਹਾਸ ਲਿਖ ਕੇ ਇਨ੍ਹਾਂ ਨੂੰ ਅਮਰ ਕਰਨ ਦੀ ਜ਼ਿੰਮੇਵਾਰੀ ਨਿਭਾਵਾਂਗਾ| ਮੁਲਤਾਨ ਦੀ ਜਿੱਤ ਤੋਂ ਬਾਅਦ ਗੁਲਾਮ ਜਿਲਾਨੀ ਨੇ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਪੇਸ਼ ਹੋ ਕੇ ‘ਜੰਗਨਾਮਾ-ਏ-ਮੁਲਤਾਨ’ ਦੀ ਲਿਖਤ ਮਹਾਰਾਜੇ ਨੂੰ ਪੇਸ਼ ਕੀਤੀ ਅਤੇ ਖਿਲਤਾਂ-ਤੋਹLਫੇ ਲਾਹੌਰ ਸਿੱਖ ਦਰਬਾਰ ਵਿੱਚ ਲਏ ਸੀ| ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇਸ ‘ਭੰਗੀਆਂ ਦੀ ਤੋਪ’ ਨੂੰ ਆਖਰੀ ਵਾਰ ਮੁਲਤਾਨ ਦੀ ਜੰਗ ਵਿੱਚ ਹੀ ਵਰਤਿਆ ਗਿਆ ਸੀ| ਮੁਲਤਾਨ ਦੀ ਜੰਗ ਵਿੱਚ ਖਰਾਬ ਹੋਣ ਕਰਕੇ ‘ਭੰਗੀਆਂ ਦੀ ਤੋਪ’ ਨੂੰ ਨਕਾਰਾ ਐਲਾਨ ਕੇ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਇੱਕ ਪਾਸੇ ਖੜੀ ਕਰ ਦਿੱਤਾ ਗਿਆ ਸੀ| ਮੁਲਤਾਨ ਦੀ ਜੰਗ ਵਿੱਚ ਜਿੱਥੇ ਇਹ ‘ਭੰਗੀਆਂ ਦੀ ਤੋਪ’ ਚੱਲੀ ਸੀ, ਉਸ ਜਗ੍ਹਾ `ਤੇ ਇਨ੍ਹਾਂ 17 ਸਿੱਖ ਫੌਜੀਆਂ ਦੀ ਯਾਦਗਾਰ ਬਣਾਈ ਗਈ ਹੈ|
ਸੰਨ 1849 ਵਿੱਚ ਅੰਗਰੇਜਾਂ ਵੱਲੋਂ ‘ਲਾਹੌਰ ਸਿੱਖ ਰਾਜ’ ਦੇ ਖਾਤਮੇ ਵੇਲੇ ਇਹ ‘ਭੰਗੀਆਂ ਦੀ ਤੋਪ’ ਹੋਰ ‘ਸ਼ਾਹੀ ਖਜ਼ਾਨਿਆਂ’ ਸਮੇਤ ਲਾਹੌਰ ਵਿੱਚ ਹੀ ਅੰਗਰੇਜ਼ ਹੁਕਮਰਾਨਾਂ ਦੇ ਹੱਥ ਆਈ ਸੀ| ਸੰਨ 1870 ਵਿੱਚ ਬ੍ਰਿਟਿਸ਼ ਸਾਮਰਾਜ ਵੇਲੇ ਇੰਗਲੈਂਡ ਤੋਂ ਡੀਊਕ ਆਫ ਇੰਡਨਬਰਗ, ਐਲਫਰੇਡ ਅਰਨੱਸਟ ਐਲਬਰਟ ਦੀ ਸ਼ਾਹੀ ਫੇਰੀ ਵੇਲੇ ‘ਭੰਗੀਆਂ ਦੀ ਤੋਪ’ ਨੂੰ ਫਿਰ ਸ਼ਿੰਗਾਰਿਆ, ਲਿਸ਼ਕਾਇਆ ਤੇ ਪਾਲਿਸ਼ ਕੀਤਾ ਗਿਆ ਸੀ| ਸੰਨ 1947 ਵਿੱਚ ਅੰਗਰੇਜ਼ਾਂ ਵੱਲੋਂ ਹਿੰਦੋਸਤਾਨ ਦੀ ਵੰਡ ਸਮੇਂ ਇਹ ਤੋਪ ਬਾਕੀ ਸਿੱਖ ਸਰਦਾਰੀਆਂ, ਜਾਗੀਰਦਾਰੀਆਂ ਤੇ ਸ਼ਾਹੂਕਾਰੀਆਂ ਦੇ ਨਾਲੋ ਨਾਲ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਨਵੇਂ ਦੇਸ਼ ਪਾਕਿਸਤਾਨ ਕੋਲ ਰਹਿ ਗਈ ਹੈ| ਇਸ ਵੇਲੇ ਇਹ ਇਤਿਹਾਸਕ ਤੋਪ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ-ਲਾਹੌਰ ਦੇ ਅਜਾਇਬ ਘਰ ਤੇ ਪੰਜਾਬ ਯੂਨੀਵਰਸਿਟੀ ਹਾਲ ਦੇ ਸਾਹਮਣੇ ਮਾਲ ਰੋਡ ਉਪਰ ਸੜਕ ਦੇ ਵਿਚਕਾਰ ਚਿੱਟੇ ਸੰਗਮਰਮਰ ਦੇ ਸ਼ਾਨਦਾਰ ਪਲੈਟਫਾਰਮ ਉਪਰ ਸਜਾਈ ਹੋਈ ਹੈ| ਇਸ ਤੋਪ ਉਪਰ ਫ਼ਾਰਸੀ ਵਿੱਚ ਇਸ ਦਾ ਨਾਮ ਲਿਖਿਆ ਹੋਇਆ ਹੈ, “ਪੀਕਰੇ ਅਜ਼ਦਹਾਏ ਆਤਸ਼ਬਾਰ।” ‘ਭੰਗੀਆਂ ਦੀ ਤੋਪ’ ਪੱਛਮੀ ਪੰਜਾਬ ਦੇ ਨਾਮਵਰ ਸ਼ਹਿਰ ਲਾਹੌਰ ਵਿੱਚ ਸਿੱਖ ਦਰਬਾਰ ਦੀ ਸ਼ਕਤੀਸ਼ਾਲੀ ਹੋਦ ਦੀ ਨਿਸ਼ਾਨੀ ਤੇ ਯਾਦ-ਪਾਕਿਸਤਾਨ ਵਿੱਚ ਦੁਨੀਆਂ ਭਰ ਦੇ ਸੈਲਾਨੀਆਂ ਲਈ ਖਿੱਚ ਦਾ ਕਂੇਦਰ ਹੈ|

Leave a Reply

Your email address will not be published. Required fields are marked *