ਜੰਗ ਦਾ ਅਸਰ ਹੁਣ ਰਸੋਈ ਤੱਕ: ਦੁਨੀਆ ਭਰ ਵਿੱਚ ਮਹਿੰਗਾਈ ਆਮ ਜਨਤਾ ਨੂੰ ਬੇਹਾਲ ਕਰੇਗੀ

ਖਬਰਾਂ

ਪੰਜਾਬੀ ਪਰਵਾਜ਼ ਬਿਊਰੋ
ਦੁਨੀਆ ਭਰ ਵਿੱਚ ਇਸ ਵੇਲੇ ਮਹਿੰਗਾਈ ਦੇ ਨਵੇਂ ਦੌਰ ਦੀ ਦਸਤਕ ਸੁਣਾਈ ਦੇ ਰਹੀ ਹੈ। ਸੰਕੇਤ ਸਾਫ਼ ਹਨ ਕਿ ਜੇ ਹਾਲਾਤ ਨਾ ਬਦਲੇ, ਤਾਂ ਆਉਣ ਵਾਲੇ ਸਮੇਂ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਸਕਦੀਆਂ ਹਨ ਅਤੇ ਇਸ ਦਾ ਸਿੱਧਾ ਅਸਰ ਹਰ ਘਰ ਦੀ ਰਸੋਈ ’ਤੇ ਪਵੇਗਾ।

ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਨੇ ਦੁਨੀਆ ਭਰ ਦੀ ਆਰਥਿਕਤਾ ’ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਟਕਰਾਅ ਕਰਕੇ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ। ਜਦੋਂ ਤੇਲ ਮਹਿੰਗਾ ਹੁੰਦਾ ਹੈ, ਤਾਂ ਇਸ ਦਾ ਅਸਰ ਸੀਮਿਤ ਨਹੀਂ ਰਹਿੰਦਾ, ਸਗੋਂ ਖੇਤੀਬਾੜੀ ਤੋਂ ਲੈ ਕੇ ਸਮਾਨ ਦੀ ਆਵਾਜਾਈ ਤੱਕ ਹਰ ਖੇਤਰ ’ਤੇ ਪੈਂਦਾ ਹੈ। ਇਸ ਨਾਲ ਖੇਤੀ ਦੀ ਲਾਗਤ ਵਧਦੀ ਹੈ ਅਤੇ ਆਖ਼ਰਕਾਰ ਇਹ ਵਾਧਾ ਖਾਣੇ ਦੀਆਂ ਕੀਮਤਾਂ ਵਿੱਚ ਦਿਖਾਈ ਦਿੰਦਾ ਹੈ।
ਸੰਯੁਕਤ ਰਾਸ਼ਟਰ ਦੀ ਖ਼ੁਰਾਕ ਅਤੇ ਖੇਤੀਬਾੜੀ ਸੰਸਥਾ ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ ਖ਼ੁਰਾਕ ਦੀਆਂ ਕੀਮਤਾਂ ਲਗਾਤਾਰ ਦੂਜੇ ਮਹੀਨੇ ਵਧੀਆਂ ਹਨ। ਇਹ ਵਾਧਾ ਮੁੱਖ ਤੌਰ ’ਤੇ ਵਧ ਰਹੀਆਂ ਊਰਜਾ ਕੀਮਤਾਂ ਕਰਕੇ ਹੋਇਆ ਹੈ, ਜਿਸ ਨਾਲ ਖ਼ੁਰਾਕ ਦੇ ਬਾਜ਼ਾਰ ’ਤੇ ਦਬਾਅ ਬਣਿਆ ਹੋਇਆ ਹੈ।
ਹਾਲਾਂਕਿ ਅਜੇ ਵੀ ਕੁਝ ਹੱਦ ਤੱਕ ਰਾਹਤ ਦੀ ਗੱਲ ਇਹ ਹੈ ਕਿ ਮੌਜੂਦਾ ਕੀਮਤਾਂ 2022 ਦੇ ਉੱਚ ਪੱਧਰ ਨਾਲੋਂ ਲਗਭਗ 20 ਫ਼ੀਸਦੀ ਘੱਟ ਹਨ, ਪਰ ਪਿਛਲੇ ਸਾਲ ਦੇ ਮੁਕਾਬਲੇ ਇਹ ਵਧਣ ਲੱਗੀਆਂ ਹਨ। ਇਹ ਦਰਸਾਉਂਦਾ ਹੈ ਕਿ ਮਹਿੰਗਾਈ ਹੌਲੀ-ਹੌਲੀ ਵਧ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਤੇਜ਼ ਹੋ ਸਕਦੀ ਹੈ।
ਮੌਜੂਦਾ ਸਮੇਂ ਵਿੱਚ ਦੁਨੀਆ ਵਿੱਚ ਅਨਾਜ ਦੀ ਘਾਟ ਨਹੀਂ ਹੈ। ਗੋਦਾਮਾਂ ਵਿੱਚ ਕਾਫ਼ੀ ਭੰਡਾਰ ਮੌਜੂਦ ਹੈ, ਜਿਸ ਕਰਕੇ ਕੀਮਤਾਂ ਵਿੱਚ ਵੱਡਾ ਉਛਾਲ ਅਜੇ ਤੱਕ ਨਹੀਂ ਆਇਆ; ਪਰ ਜੇ ਊਰਜਾ ਤੇ ਖਾਦ ਦੀਆਂ ਕੀਮਤਾਂ ਉੱਚੀਆਂ ਹੀ ਰਹਿੰਦੀਆਂ ਹਨ ਅਤੇ ਟਕਰਾਅ ਲੰਮਾ ਚੱਲਦਾ ਹੈ, ਤਾਂ ਆਉਣ ਵਾਲੇ ਮੌਸਮ ਵਿੱਚ ਪੈਦਾਵਾਰ ਘਟ ਸਕਦੀ ਹੈ, ਜਿਸ ਨਾਲ ਕੀਮਤਾਂ ਵਿੱਚ ਤੇਜ਼ ਵਾਧਾ ਹੋ ਸਕਦਾ ਹੈ।
ਰਿਪੋਰਟ ਮੁਤਾਬਕ ਖ਼ੁਰਾਕ ਕੀਮਤ ਸੂਚਕ ਅੰਕ ਮਾਰਚ ਮਹੀਨੇ ਵਿੱਚ 128.5 ਅੰਕ ’ਤੇ ਪਹੁੰਚ ਗਿਆ, ਜੋ ਫਰਵਰੀ ਨਾਲੋਂ 2.4 ਫ਼ੀਸਦੀ ਵੱਧ ਹੈ। ਪਿਛਲੇ ਸਾਲ ਨਾਲੋਂ ਵੀ ਇਸ ਵਿੱਚ ਇੱਕ ਫ਼ੀਸਦੀ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ।
ਜੇ ਅਸੀਂ ਇਸ ਵਾਧੇ ਦੀ ਜੜ੍ਹ ਵੇਖੀਏ ਤਾਂ ਇਹ ਤੇਲ ਨਾਲ ਜੁੜੀ ਹੋਈ ਹੈ। ਜਦੋਂ ਦੁਨੀਆ ਵਿੱਚ ਤਣਾਅ ਵਧਦਾ ਹੈ, ਤਾਂ ਤੇਲ ਮਹਿੰਗਾ ਹੋ ਜਾਂਦਾ ਹੈ। ਇਸ ਨਾਲ ਟਰੈਕਟਰ ਚਲਾਉਣ ਤੋਂ ਲੈ ਕੇ ਖੇਤਾਂ ਵਿੱਚ ਵਰਤੇ ਜਾਣ ਵਾਲੇ ਸਾਧਨਾਂ ਅਤੇ ਫ਼ਸਲ ਨੂੰ ਮੰਡੀ ਤੱਕ ਪਹੁੰਚਾਉਣ ਦੀ ਲਾਗਤ ਵਧ ਜਾਂਦੀ ਹੈ। ਇਹ ਸਾਰਾ ਬੋਝ ਆਖ਼ਰਕਾਰ ਖਪਤਕਾਰਾਂ ’ਤੇ ਹੀ ਪੈਂਦਾ ਹੈ।
ਅੰਕੜਿਆਂ ਮੁਤਾਬਕ ਕਣਕ ਦੀਆਂ ਕੀਮਤਾਂ ’ਤੇ ਸਭ ਤੋਂ ਵੱਧ ਅਸਰ ਪਿਆ ਹੈ। ਵਿਸ਼ਵ ਪੱਧਰ ’ਤੇ ਕਣਕ ਦੀਆਂ ਕੀਮਤਾਂ ਵਿੱਚ 4.3 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਪਿੱਛੇ ਕਈ ਕਾਰਨ ਹਨ। ਅਮਰੀਕਾ ਵਿੱਚ ਸੋਕੇ ਕਾਰਨ ਫ਼ਸਲ ਦੀ ਉਮੀਦ ਘਟ ਗਈ ਹੈ, ਜਦਕਿ ਆਸਟ੍ਰੇਲੀਆ ਵਿੱਚ ਖਾਦ ਮਹਿੰਗੀ ਹੋਣ ਕਰਕੇ ਕਿਸਾਨ ਬੀਜਾਈ ਘਟਾ ਸਕਦੇ ਹਨ।
ਇਸੇ ਤਰ੍ਹਾਂ ਮੱਕੀ ਦੀਆਂ ਕੀਮਤਾਂ ’ਤੇ ਵੀ ਦਬਾਅ ਬਣਿਆ ਹੋਇਆ ਹੈ। ਮਹਿੰਗੇ ਤੇਲ ਕਰਕੇ ਬਾਇਓ-ਬਾਲਣ ਦੀ ਮੰਗ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਮੱਕੀ ਦੀ ਮੰਗ ਵਧੇਗੀ। ਮੱਕੀ ਦੀਆਂ ਕੀਮਤਾਂ ਵਿੱਚ 0.9 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਜੌਂਅ ਅਤੇ ਜਵਾਰ ਵੀ ਮਹਿੰਗੇ ਹੋਏ ਹਨ।
ਹਾਲਾਂਕਿ ਚੌਲ਼ਾਂ ਦੀਆਂ ਕੀਮਤਾਂ ਵਿੱਚ ਕੁਝ ਕਮੀ ਆਈ ਹੈ, ਜੋ ਕਿ ਅਸਥਾਈ ਮੰਨੀ ਜਾ ਰਹੀ ਹੈ। ਪਿਛਲੇ ਮਹੀਨੇ ਨਾਲੋਂ ਚੌਲ਼ਾਂ ਦੀਆਂ ਕੀਮਤਾਂ ਵਿੱਚ ਤਿੰਨ ਫ਼ੀਸਦੀ ਦੀ ਕਮੀ ਆਈ ਹੈ; ਪਰ ਇਹ ਰਾਹਤ ਜ਼ਿਆਦਾ ਸਮੇਂ ਲਈ ਰਹਿਣ ਦੀ ਸੰਭਾਵਨਾ ਨਹੀਂ ਹੈ।
ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਤੇਜ਼ੀ ਦਰਜ ਕੀਤੀ ਗਈ ਹੈ। ਖਾਣ ਵਾਲੇ ਤੇਲ ਦਾ ਸੂਚਕ ਅੰਕ 5.1 ਫ਼ੀਸਦੀ ਵਧ ਕੇ 183.1 ਅੰਕ ’ਤੇ ਪਹੁੰਚ ਗਿਆ ਹੈ। ਇਹ ਲਗਾਤਾਰ ਤੀਜਾ ਮਹੀਨਾ ਹੈ, ਜਦੋਂ ਇਹ ਵਧਿਆ ਹੈ। ਪਾਮ ਤੇਲ ਦੀਆਂ ਕੀਮਤਾਂ 2022 ਤੋਂ ਬਾਅਦ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਕੱਚੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਕਰਕੇ ਬਾਇਓ-ਬਾਲਣ ਦੀ ਮੰਗ ਵਧ ਰਹੀ ਹੈ, ਜਿਸ ਨਾਲ ਸੋਇਆਬੀਨ ਤੇਲ ਮਹਿੰਗਾ ਹੋ ਰਿਹਾ ਹੈ। ਕਾਲੇ ਸਮੁੰਦਰ ਵਾਲੇ ਖੇਤਰ ਵਿੱਚ ਸਪਲਾਈ ਘਟਣ ਕਰਕੇ ਸੂਰਜਮੁਖੀ ਤੇਲ ਦੀਆਂ ਕੀਮਤਾਂ ਵੀ ਵਧੀਆਂ ਹਨ।
ਚੀਨੀ ਦੀਆਂ ਕੀਮਤਾਂ ਵਿੱਚ ਵੀ ਵੱਡਾ ਵਾਧਾ ਹੋਇਆ ਹੈ। ਮਾਰਚ ਮਹੀਨੇ ਵਿੱਚ ਇਹ 7.2 ਫ਼ੀਸਦੀ ਵਧ ਗਈਆਂ ਹਨ। ਇਸਦਾ ਇੱਕ ਕਾਰਨ ਬ੍ਰਾਜ਼ੀਲ ਵਿੱਚ ਗੰਨੇ ਦਾ ਵੱਧ ਹਿੱਸਾ ਬਾਇਓ-ਈਂਧਨ ਬਣਾਉਣ ਲਈ ਵਰਤਿਆ ਜਾਣਾ ਹੈ। ਦੁੱਧ ਅਤੇ ਮਾਸ ਦੀਆਂ ਕੀਮਤਾਂ ਵੀ ਵਧਣ ਲੱਗੀਆਂ ਹਨ। ਦੁੱਧ ਨਾਲ ਸੰਬੰਧਿਤ ਉਤਪਾਦਾਂ ਦੀਆਂ ਕੀਮਤਾਂ ਵਿੱਚ ਜੁਲਾਈ 2025 ਤੋਂ ਬਾਅਦ ਪਹਿਲੀ ਵਾਰ ਵਾਧਾ ਹੋਇਆ ਹੈ। ਮਾਸ ਦੀਆਂ ਕੀਮਤਾਂ ਵਿੱਚ ਵੀ ਇੱਕ ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਹਾਲਾਤ ਜਾਰੀ ਰਹੇ, ਤਾਂ ਕਿਸਾਨਾਂ ਨੂੰ ਮੁਸ਼ਕਲ ਫ਼ੈਸਲੇ ਕਰਨੇ ਪੈ ਸਕਦੇ ਹਨ। ਮਹਿੰਗੀ ਖਾਦ ਅਤੇ ਊਰਜਾ ਕਰਕੇ ਕਿਸਾਨ ਘੱਟ ਖਾਦ ਵਰਤਣਗੇ ਜਾਂ ਬੀਜਾਈ ਘਟਾ ਦੇਣਗੇ। ਕੁਝ ਕਿਸਾਨ ਸਸਤੀਆਂ ਫ਼ਸਲਾਂ ਵੱਲ ਮੁੜ ਸਕਦੇ ਹਨ। ਇਸ ਦਾ ਅਸਰ ਤੁਰੰਤ ਨਹੀਂ, ਪਰ ਆਉਣ ਵਾਲੇ ਮੌਸਮ ਵਿੱਚ ਜ਼ਰੂਰ ਪਵੇਗਾ।
ਇਸ ਦੇ ਨਾਲ ਨਾਲ ਖੇਤੀਬਾੜੀ ਨਾਲ ਜੁੜੀਆਂ ਹੋਰ ਲਾਗਤਾਂ ਵੀ ਵਧ ਰਹੀਆਂ ਹਨ, ਜਿਵੇਂ ਕਿ ਮਜ਼ਦੂਰੀ, ਬੀਜ ਅਤੇ ਸਿੰਚਾਈ ਦੇ ਖ਼ਰਚੇ। ਇਹ ਸਾਰੇ ਕਾਰਕ ਕਿਸਾਨਾਂ ’ਤੇ ਦਬਾਅ ਵਧਾ ਰਹੇ ਹਨ। ਕਈ ਖੇਤਰਾਂ ਵਿੱਚ ਕਿਸਾਨ ਪਹਿਲਾਂ ਹੀ ਘਾਟੇ ਨਾਲ ਜੂਝ ਰਹੇ ਹਨ, ਜਿਸ ਕਰਕੇ ਉਹ ਖੇਤੀ ਘਟਾਉਣ ਜਾਂ ਹੋਰ ਧੰਦਿਆਂ ਵੱਲ ਜਾਣ ਬਾਰੇ ਵੀ ਸੋਚ ਰਹੇ ਹਨ। ਜੇ ਪੈਦਾਵਾਰ ਘਟਦੀ ਹੈ, ਤਾਂ ਸਪਲਾਈ ਘਟੇਗੀ ਅਤੇ ਕੀਮਤਾਂ ਵਿੱਚ ਤੇਜ਼ ਵਾਧਾ ਹੋਵੇਗਾ। ਇਹ ਸਥਿਤੀ ਖਾਸ ਕਰਕੇ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਲਈ ਜ਼ਿਆਦਾ ਮੁਸ਼ਕਲ ਬਣ ਸਕਦੀ ਹੈ। ਖਾਣ-ਪੀਣ ਦੀਆਂ ਬੁਨਿਆਦੀ ਵਸਤਾਂ ਮਹਿੰਗੀਆਂ ਹੋਣ ਨਾਲ ਲੋਕਾਂ ਦੀ ਖ਼ਰੀਦ ਸਮਰੱਥਾ ਘਟੇਗੀ ਅਤੇ ਗਰੀਬ ਵਰਗ ’ਤੇ ਸਭ ਤੋਂ ਵੱਧ ਅਸਰ ਪਵੇਗਾ।
ਮੌਜੂਦਾ ਹਾਲਾਤ ਇਹ ਦਰਸਾਉਂਦੇ ਹਨ ਕਿ ਦੁਨੀਆ ਅਜੇ ਸੰਕਟ ਵਿੱਚ ਨਹੀਂ, ਪਰ ਇੱਕ ਸੰਭਾਵਿਤ ਸੰਕਟ ਦੇ ਨੇੜੇ ਜ਼ਰੂਰ ਖੜੀ ਹੈ। ਅੱਜ ਭਾਵੇਂ ਬਾਜ਼ਾਰਾਂ ਵਿੱਚ ਅਨਾਜ ਉਪਲਬਧ ਹੈ, ਪਰ ਅਸਥਿਰਤਾ ਵੀ ਉਤਨੀ ਹੀ ਵੱਡੀ ਹੈ। ਜੇ ਹਾਲਾਤ ਨਹੀਂ ਬਦਲੇ, ਤਾਂ ਆਉਣ ਵਾਲੇ ਮਹੀਨਿਆਂ ਵਿੱਚ ਮਹਿੰਗਾਈ ਸਿਰਫ਼ ਇੱਕ ਆਰਥਿਕ ਖ਼ਬਰ ਨਹੀਂ ਰਹੇਗੀ, ਸਗੋਂ ਹਰ ਘਰ ਦੀ ਸਭ ਤੋਂ ਵੱਡੀ ਚਿੰਤਾ ਬਣ ਸਕਦੀ ਹੈ। ਰਸੋਈ ਦਾ ਖ਼ਰਚ ਵਧੇਗਾ ਅਤੇ ਆਮ ਲੋਕਾਂ ਦੀ ਜ਼ਿੰਦਗੀ ਹੋਰ ਮੁਸ਼ਕਲ ਹੋ ਸਕਦੀ ਹੈ।
ਇਸ ਲਈ ਲੋੜ ਹੈ ਕਿ ਵਿਸ਼ਵ ਪੱਧਰ ’ਤੇ ਸ਼ਾਂਤੀ ਬਣਾਈ ਜਾਵੇ ਅਤੇ ਊਰਜਾ ਤੇ ਖੇਤੀ ਨਾਲ ਜੁੜੇ ਮਸਲਿਆਂ ਦਾ ਹੱਲ ਲੱਭਿਆ ਜਾਵੇ, ਤਾਂ ਜੋ ਖਾਣ-ਪੀਣ ਦੀਆਂ ਕੀਮਤਾਂ ’ਤੇ ਕਾਬੂ ਪਾਇਆ ਜਾ ਸਕੇ ਅਤੇ ਲੋਕਾਂ ਨੂੰ ਆਉਣ ਵਾਲੇ ਵੱਡੇ ਸੰਕਟ ਤੋਂ ਬਚਾਇਆ ਜਾ ਸਕੇ। ਨਾਲ ਹੀ ਸਰਕਾਰਾਂ ਨੂੰ ਭੰਡਾਰ ਪ੍ਰਬੰਧਨ ਮਜਬੂਤ ਕਰਨਾ, ਸਪਲਾਈ ਲੜੀ ਸੁਧਾਰਨੀ ਅਤੇ ਗਰੀਬ ਵਰਗ ਲਈ ਰਾਹਤ ਦੇ ਕਦਮ ਚੁੱਕਣੇ ਲਾਜ਼ਮੀ ਹੋਣਗੇ, ਤਾਂ ਜੋ ਮਹਿੰਗਾਈ ਦਾ ਅਸਰ ਘੱਟ ਕੀਤਾ ਜਾ ਸਕੇ।

Leave a Reply

Your email address will not be published. Required fields are marked *