ਅਮਰੀਕਾ-ਇਰਾਨ ਵਿਚਾਲੇ ਸਮਝੌਤੇ ਦੇ ਆਸਾਰ ਮੱਧਮ

ਸਿਆਸੀ ਹਲਚਲ ਖਬਰਾਂ

*ਜੰਗ ਦੀ ਤਿਆਰੀ ਕਰਨ ਲੱਗੀਆਂ ਦੋਨੋ ਧਿਰਾਂ
*ਪਾਕਿਸਤਾਨ ਦੀ ਗੱਲਬਾਤ ਲਈ ਗੁਹਾਰ
ਜਸਵੀਰ ਸਿੰਘ ਸ਼ੀਰੀ
ਅਮਰੀਕਾ-ਇਜ਼ਰਾਇਲ ਅਤੇ ਇਰਾਨ ਵਿਚਕਾਰ ਜਿਹੜੀ ਆਰਜੀ ਜੰਗਬੰਦੀ ਚੱਲ ਰਹੀ ਹੈ, ਉਸ ਨੇ ਖਤਮ ਹੋ ਜਾਣਾ ਹੈ। ਜੰਗਬੰਦੀ ਲਈ ਗੱਲਬਾਤ ਵਾਸਤੇ ਇੱਕ ਪਾਸੇ ਤਾਂ ਅਮਰੀਕੀ ਰਾਸ਼ਟਰਪਤੀ ਦੇ ਅੰਦਰ ਇੱਕ ਕਾਹਲ ਵਿਖਾਈ ਦੇ ਰਹੀ ਹੈ, ਦੂਜੇ ਪਾਸੇ ਇਰਾਨ ਪਹਿਲੇ ਤਜ਼ਰਬਿਆਂ ਦੇ ਮੱਦੇਨਜ਼ਰ ਫੂਕ-ਫੂਕ ਕੇ ਕਦਮ ਪੁੱਟ ਰਿਹਾ ਹੈ। ਜੰਗਬੰਦੀ ਦੀ ਡੈਡ ਲਾਈਨ ਨਜ਼ਦੀਕ ਆਉਣ ਨਾਲ ਦੋਹਾਂ ਧਿਰਾਂ ਵਿਚਕਾਰ ਇੱਕ ਤਣਾਓ ਵੀ ਵਧ ਰਿਹਾ ਹੈ।

ਜੰਗਬੰਦੀ ਨੂੰ ਅਮਲ ਵਿੱਚ ਲਿਆਉਣ ਦੇ ਮਾਮਲੇ ਵਿੱਚ ਦੋਹਾਂ ਧਿਰਾਂ ਦੀਆਂ ਸ਼ਰਤਾਂ ਇੰਨੀਆ ਸਖ਼ਤ ਹਨ ਕਿ ਦੋਹਾਂ ਨੂੰ ਆਪਸ ਵਿੱਚ ਗੱਲ ਤੋਰਨੀ ਵੀ ਮੁਸ਼ਕਲ ਹੋ ਰਹੀ ਹੈ। ਟਰੰਪ ਹੋਰੀਂ ਤਾਂ ਜ਼ੁਬਾਨ ਦੇ ਰਸ ਨਾਲ ਹੀ ਆਪਣੇ ਆਪ ਲਈ ਮੁਸ਼ਕਲਾਂ ਖੜ੍ਹੀਆਂ ਕਰੀ ਜਾ ਰਹੇ ਹਨ। ਕਦੀ ਆਖ ਦੇਂਦੇ, ‘ਇਰਾਨ ਨੂੰ ਧਰਤੀ ਤੋਂ ਮਿਟਾ ਦਿਆਂਗੇ, ਵਿੱਚ ਨੂੰ ਉਨ੍ਹਾਂ ਨੂੰ ਬਹਾਦਰਾਂ ਦੀ ਕੌਮ ਵੀ ਕਹੀ ਜਾਂਦੇ। ਥੋੜ੍ਹੀ ਦੇਰ ਬਾਅਦ ਬਿਆਨ ਆਏਗਾ, ‘ਸਾਡਾ ਮਿਸ਼ਨ ਗੱਲਬਾਤ ਲਈ ਇਸਲਾਮਾਬਾਦ ਵੱਲ ਤੁਰ ਪਿਆ ਹੈ, ਰਸਤੇ ਵਿੱਚ ਹੈ; ਹਾਲੇ ਤੁਰਿਆ ਨਹੀਂ। ਫਿਰ ਆਖਦੇ, ਪਹਿਲਾਂ ਇਰਾਨੀ ਡੈਲੀਗੇਟ ਇਸਲਾਮਾਬਾਦ ਪੁੱਜੇ, ਜੰਗਬੰਦੀ ਹੋਰ ਅੱਗੇ ਨਹੀਂ ਵਧਾਵਾਂਗੇ। ਇਰਾਨ ਬੰਬਾਂ-ਬੰਦੂਕਾਂ ਵਾਲੀ ਭਾਸ਼ਾ ਹੀ ਸਮਝਦਾ ਹੈ, ਆਦਿ-ਆਦਿ।
ਇਰਾਨ ਦੀਆਂ ਸਿਆਸੀ ਪੁਜੀਸ਼ਨਾਂ ਭਾਵੇਂ ਟਿਕਵੀਆਂ ਅਤੇ ਇੱਕਸਾਰ ਹਨ, ਪਰ ਸਖ਼ਤੀ ਉਨ੍ਹਾਂ ਵਿੱਚ ਵੀ ਘੱਟ ਨਹੀਂ। ਆਇਤੁਲਾ ਖੁਮੀਨੀ ਦਾ ਤਖਤਾ ਪਲਟ ਕਰਨ ਤੋਂ ਤੁਰਦੀ ਇਹ ਜੰਗ ਇੱਥੇ ਆ ਗਈ ਹੈ ਕਿ ਸਭ ਤੋਂ ਮਹੱਤਵਪੂਰਨ ਹੌਰਮੂਜ਼ ਦਾ ਲਾਂਘਾ ਖੁਲਵ੍ਹਾਉਣਾ ਹੋ ਗਿਆ ਹੈ। ਹੁਣ ਤੇ ਇੱਥੇ ਡਬਲ ਘੇਰਾ ਪੈ ਗਿਆ। ਇਰਾਨ ਨੇ ਹੌਰਮੂਜ਼ ਦਾ ਕੰਟਰੋਲ ਅਸਲ ਵਿੱਚ ਆਪਣੇ ਹੱਥ ਲਿਆ ਹੋਇਆ ਹੈ। ਉਸ ਨੇ ਓਮਾਨ ਨੂੰ ਵੀ ਆਪਣੇ ਨਾਲ ਲਾ ਲਿਆ ਹੈ। ਹੌਰਮੂਜ਼ ਦਾ ਲਾਂਘਾ ਇੱਕ ਤਰ੍ਹਾਂ ਨਾਲ ਇਨ੍ਹਾਂ ਦੋਹਾਂ ਮੁਲਕਾਂ ਦੇ ਹੀ ਤੱਟੀ ਖੇਤਰ ਵਿੱਚ ਪੈਂਦਾ ਹੈ। ਇਸ ਲਾਂਘੇ ਤੋਂ ਲਿਆ ਜਾਣ ਵਾਲਾ ਟੋਲ ਇਹ ਦੋਨੋ ਮੁਲਕ ਆਪਸ ਵਿੱਚ ਵੰਡਣਗੇ। ਟਰੰਪ ਨੂੰ ਇਹ ਵੀ ਝਾਕ ਸੀ ਕਿ ਇਰਾਨ ਉਸ ਦੇ ਨਾਲ ਹੌਰਮੂਜ਼ ਟੋਲ ਨਾਕੇ ਦੀ ਆਮਦਨ ਸਾਂਝੀ ਕਰ ਲਵੇਗਾ, ਓਮਾਨ ਨੂੰ ਝਿੜਕ ਦਿਆਂਗੇ ਅਤੇ ਗੱਲ ਮੁੱਕ ਜਾਵੇਗੀ। ਪਰ ਇਰਾਨ ਵਿੱਚ ਅੱਜ ਜੋ ਸਰਕਾਰ ਹੈ, ਉਸ ਦਾ ਰਹਿਬਰ ਨਾਹੱਕ ਅਤੇ ਨਾ-ਇਨਸਾਫੀ ਅੱਗੇ ਨਾ ਝੁਕਣ ਦਾ ਵਾਅਦਾ ਆਪਣੀ ਕੌਮ ਤੋਂ ਲੈ ਕੇ ਸ਼ਹੀਦ ਹੋਇਆ ਹੈ। ਹਾਲੇ ਤੇ ਉਸ ਦੀਆਂ ਅੰਤਿਮ ਰਸਮਾਂ ਵੀ ਨਹੀਂ ਹੋਈਆਂ। ਵੇਹੜੇ ਵਿੱਚ ਪਿਓ ਦੀ ਲਾਸ਼ ਪਈ ਹੋਵੇ ਅਤੇ ਪੁੱਤ ਕਾਤਲਾਂ ਨਾਲ ਗਲਵੱਕੜੀ ਪਾ ਲੈਣ? ਇਰਾਨੀਆਂ ਨੂੰ ਸ਼ਾਇਦ ਇਹੋ ਜਿਹੀ ਮਿੱਟੀ ਨੇ ਨਹੀਂ ਸਾਜਿਆ ਹੈ!
ਇਰਾਨੀ ਪਾਰਲੀਮੈਂਟ ਦੇ ਸਪੀਕਰ ਮੁਹੰਮਦ ਬਘੇਰ ਕਾਲੀਬਾਖ ਨੇ ਕਿਹਾ ਕਿ ਜੇ ਅਮਰੀਕਾ ਅਗਲੇ ਗੇੜ ਦੀ ਗੱਲਬਾਤ ਕਰਨੀ ਚਾਹੁੰਦਾ ਹੈ ਤਾਂ ਸਾਡਾ ਜ਼ਬਤ ਕੀਤਾ ਹੋਇਆ ਸਮੁੰਦਰੀ ਜਹਾਜ਼ ਵਾਪਸ ਕਰੇ। ਸਮੁੰਦਰੀ ਬੇੜੇ ਅਬਰਾਹਮ ਲਿੰਕਨ ਨੂੰ ਪਿਛਾਂਹ ਲਿਜਾਵੇ। ਹੌਰਮੂਜ਼ ਦੀ ਘੇਰਾਬੰਦੀ ਖਤਮ ਕਰੇ, ਜਿਸ ਨੂੰ ਇਰਾਨ ਦੇ ਆਗੂ ਪਾਏਰੇਸੀ ਕਹਿੰਦੇ ਹਨ। ਇਹ ਵੀ ਕਿ ਅਮਰੀਕਾ ਦਾ ਰਾਸ਼ਟਰਪਤੀ ਆਪਣੀ ਬੋਲ-ਬਾਣੀ ਸੁਧਾਰੇ ਅਤੇ ਧਮਕੀਆਂ ਦੇਣੀਆਂ ਬੰਦ ਕਰੇ।
ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜ਼ੋਰ ਦੇ ਰਹੇ ਹਨ ਕਿ ਇਰਾਨ ਅਮਰੀਕਾ ਦੀ ਸ਼ਰਤਾਂ ‘ਤੇ ਸਮਝੌਤਾ ਕਰੇ। ਸੋਧਿਆ ਹੋਇਆ 400 ਕਿੱਲੋ ਯੂਰੇਨੀਅਮ ਉਨ੍ਹਾਂ ਦੇ ਹਵਾਲੇ ਕਰੇ। ਅਗਾਂਹ ਨੂੰ ਆਪਣਾ ਪ੍ਰਮਾਣੂ ਪ੍ਰੋਗਰਾਮ ਅਤੇ ਯੂਰੇਨੀਅਮ ਇਨਰਿਚਮੈਂਟ ਬੰਦ ਕਰੇ। ਆਪਣਾ ਬਲਿਸਟਿਕ ਮਿਜ਼ਾਈਲ ਪ੍ਰੋਗਰਾਮ ਵੀ ਰੋਕ ਦੇਵੇ। ਇਰਾਨ ਇਨ੍ਹਾਂ ਵਿੱਚੋਂ ਇੱਕ ਮੰਗ ‘ਤੇ ਅੱਧ-ਪਚੱਧ ਸਮਝੌਤਾ ਕਰਨ ਲਈ ਤਿਆਰ ਸੀ, ਮਤਲਬ ਆਪਣਾ ਯੂਰੇਨੀਅਮ ਇਨਰਿਚਮੈਂਟ ਦਾ ਪ੍ਰੋਗਰਾਮ 5 ਸਾਲਾਂ ਲਈ ਰੋਕ ਦੇਵੇਗਾ; ਪਰ ਅਮਰੀਕਾ ਇਸ ਨੂੰ ਵੀਹ ਸਾਲਾਂ ਤੱਕ ਰੋਕਣ ਲਈ ਮੰਗ ਕਰਨ ਲੱਗਾ। ਫਿਰ ਵੀਹਾਂ ਤੋਂ ਵੀ ਵੱਧ ਸਾਲ ਲਈ। ਇਰਾਨ ਬਿਲਕੁਲ ਪਿੱਛੇ ਮੁੜ ਗਿਆ ਕਿ ਅਸੀਂ ਯੂਰੇਨੀਅਮ ਇਨਰਿਚਮੈਂਟ ਨਹੀਂ ਰੋਕਾਂਗੇ। ਕੁੱਲ ਮਿਲਾ ਕੇ ਗੱਲ ਫ਼ਸਦੀ ਵਿਖਾਈ ਦੇ ਰਹੀ ਹੈ। ਸਾਰੀ ਦੁਨੀਆਂ ਖਾੜੀ ਖੇਤਰ ਵੱਲ ਵੇਖ ਰਹੀ ਹੈ। ਇਰਨ ਅਤੇ ਖਾੜੀ ਦੇ ਲੋਕਾਂ ਦੀ ਜਾਨ ਮੁੱਠੀ ਵਿੱਚ ਆਈ ਪਈ ਹੈ।
ਇਰਾਨ ਦੀਆਂ ਰਾਜਸੀ ਸੰਸਥਾਵਾਂ ਤੀਹਰੇ-ਚੌਹਰੇ ਘੇਰੇ ਵਾਲੀਆਂ ਹਨ। ਧਾਰਮਿਕ ਲੀਡਰਸ਼ਿਪ, ਇਰਾਨ ਰੈਵੋਲੀਊਸ਼ਨਰੀ ਗਾਰਡ ਕੋਰ, ਰੈਵੋਲੀਊਸ਼ਨਰੀ ਗਾਰਡ ਦਾ ਨੇਵੀ ਵਿੰਗ, ਰੈਗੂਲਰ ਫੌਜ ਅਤੇ ਸਿਆਸੀ ਲੀਡਰਸ਼ਿੱਪ, ਜਿਸ ਵਿੱਚ ਰਾਸ਼ਟਰਪਤੀ ਮਸੂਦ ਪਜਿਸ਼ਕੀਅਨ, ਪਾਰਲੀਮੈਂਟ ਦੇ 290 ਮੈਂਬਰ, ਸਪੀਕਰ ਮੁਹੰਮਦ ਬਘੇਰ ਕਾਲੀਬਾਖ, ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਗਾਚੀ। ਧਾਰਮਿਕ ਆਗੂਆਂ ਦੀ ਇੱਕ ਕੌਂਸਲ ਵੱਖਰੀ ਹੈ। ਇਰਾਨ ਦੀ ਰਾਜਨੀਤਿਕ ਲੀਡਰਸ਼ਿੱਪ ਇਸ ਦਾ ਬਾਹਰਲਾ ਚਿਹਰਾ ਹੈ, ਜਿਹੜੀ ਬਾਹਰਲੀ ਦੁਨੀਆਂ ਨਾਲ ਮੇਲ-ਜੋਲ ਕਰਦੀ ਹੈ ਅਤੇ ਆਪਣਾ ਨਰਮ, ਮੌਡਰੇਟ ਰਵੱਈਆ ਬਣਾ ਕੇ ਰੱਖਦੀ ਹੈ। ਇਸੇ ਲਈ ਇਰਾਨ ਦੀ ਸਿਆਸੀ ਲੀਡਰਸ਼ਿੱਪ (ਰਾਸ਼ਟਰਪਤੀ) ਗੱਲਬਾਤ ਜਾਰੀ ਰੱਖਣ ਅਤੇ ਡਿਪਲੋਮੇਸੀ ਨੂੰ ਸਮਾਂ ਦੇਣ ਦੀ ਗੱਲ ਕਰ ਰਹੇ ਹਨ। ਸੁਪਰੀਮ ਆਗੂ ਮੁਜ਼ਤਬਾ ਖੁਮੈਨੀ ਦਾ ਬੰਦੂਕ ਵਾਲਾ ਪੋਸਟਰ ਸਾਹਮਣੇ ਆ ਗਿਆ ਹੈ, ਸੰਕੇਤ ਹੈ ਕਿ ਜੰਗ ਲਈ ਤਿਆਰ ਹਾਂ। ਜੰਗ ਤੁਸੀਂ ਸ਼ੁਰੂ ਕੀਤੀ, ਖਤਮ ਅਸੀਂ ਕਰਾਂਗੇ। ਵਿਚ ਨੂੰ ਆਰ.ਜੀ.ਸੀ. ਦਾ ਕਮਾਂਡਰ ਵੀ ਤਪਦੀ ਭਾਸ਼ਾ ਵਿੱਚ ਬੋਲਣ ਲਗਦਾ ਹੈ।
ਮੌਜੂਦਾ ਸਥਿਤਿਆਂ ਵਿੱਚ ਅਮਰੀਕਾ ਦੀ ਹਾਲਤ ਵੀ ਇਸ ਤੋਂ ਵੱਖ ਨਹੀਂ ਹੈ। ਬੜ੍ਹਕਾਂ ਮਾਰਨ ਨੂੰ ਟਰੰਪ ਰੱਖਿਆ। ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਨਰਮ ਭਾਸ਼ਾ ਵਿੱਚ ਹਦਾਇਤਾਂ ਕਰਦਾ ਹੈ। ਹਦਾਇਤਾਂ ਟਰੰਪ ਵਾਲੀਆਂ ਹਨ। ਪੁਆੜੇ ਦੀ ਜੜ੍ਹ (ਨੇਤਨਯਾਹੂ) ਟੈਲੀਫੋਨ ‘ਤੇ ਸੂਚਨਾਵਾਂ ਹਾਸਲ/ਹਦਾਇਤਾਂ ਕਰ ਰਿਹਾ। ਸੈਨਿਟ ਜੰਗ ਨਾਲ ਸਹਿਮਤ ਨਹੀਂ, ਵੱਡੇ ਫੌਜੀ ਅਧਿਕਾਰੀ ਅਲੱਗ ਨਾਰਾਜ਼ ਹਨ। ਸਿਖ਼ਰ ਇਸ ਦੀ ਇਹ ਕਿ ਚਲਦੀ ਜੰਗ ਵਿੱਚ ਜਰਨੈਲ ਬਦਲਨੇ ਪੈ ਗਏ ਟਰੰਪ ਨੂੰ। ਅਗਾਂਹ ਅਕਤੂਬਰ ਵਿੱਚ ਮੱਧਵਰਤੀ ਚੋਣ ਆ ਰਹੀ ਹੈ। ਟਰੰਪ ਦੀ ਲੋਕਪ੍ਰਿਅਤਾ ਗਿਰ ਕੇ 33 ਫੀਸਦੀ ਰਹਿ ਗਈ ਹੈ। ਸੀ.ਆਈ.ਏ. ਅਲੱਗ ਟਰੰਪ ਨੂੰ ਅੱਖਾਂ ਕੱਢੀ ਜਾਂਦੀ, ਅਖੇ ਤੇਰੀਆਂ ਤਾਕਤਾਂ ਉੱਪ ਰਾਸ਼ਟਰਪਤੀ ਦੇ ਹਵਾਲੇ ਕਰ ਦਿਆਂਗੇ। ਅੰਦਰਲਾ ਡਿੱਕ-ਡੋਲੇ ਖਾਂਦਾ ਤੇ ਬੜ੍ਹਕਾ ਬੱਬਰ ਸ਼ੇਰ ਵਾਲੀਆਂ।
ਦੁਨੀਆਂ ਦੇ ਕੁਝ ਸਿਆਸੀ ਮਾਹਿਰਾਂ ਦਾ ਆਖਣਾ ਕਿ ਦੋਵੇਂ ਧਿਰਾਂ ਪੋਜ਼ ਭਾਵੇਂ ਜੰਗ ਲੜਨ ਵਾਲੇ ਬਣਾ ਰਹੀਆਂ, ਪਰ ਲਗਦਾ ਅਖ਼ੀਰ ਨੂੰ ਗੱਲਬਾਤ ਦੀ ਮੇਜ਼ ‘ਤੇ ਆ ਜਾਣਗੇ। ਇਹਦੇ ਲਈ ਦੋਹਾਂ ਨੂੰ ਥੋੜ੍ਹਾ-ਥੋੜ੍ਹਾ ਨਰਮ ਹੋਣਾ ਪਵੇਗਾ। ਇਰਾਨ ਜੰਗ ਵਿੱਚ ਹੋਏ ਨੁਕਸਾਨ ਦਾ ਮੁਆਵਜ਼ਾ ਮੰਗ ਰਿਹਾ। ਅਮਰੀਕਾ ਸਮੇਤ ਕਈ ਮੁਲਕਾਂ ਵਿੱਚ ਦੱਬੇ ਗਏ ਫੰਡਾਂ ਨੂੰ ਜਾਰੀ ਕਰਨ, ਸਾਰੀਆਂ ਆਰਥਕ ਪਾਬੰਦੀਆਂ ਨੂੰ ਖਤਮ ਕਰਨ ਅਤੇ ਅਗਾਂਹ ਲਈ ਬੇਮਤਲਬ ਹਮਲਾ ਨਾ ਕਰਨ ਦੀ ਗਾਰੰਟੀ ਵੀ ਨਾਲ ਮੰਗ ਰਿਹਾ ਹੈ। ਇਸ ਸਾਰੇ ਕੁਝ ‘ਤੇ ਵਿਚਾਰ ਤਾਂ ਤਦ ਹੀ ਹੋਏਗਾ, ਜੇ ਡੈਡਲਾਈਨ ਖਤਮ ਹੋਣ ਤੋਂ ਪਹਿਲਾਂ ਗੱਲਬਾਤ ਸ਼ੁਰੂ ਹੋਏਗੀ। ਬਹੁਤੇ ਮੀਡੀਆ ਅਨੁਮਾਨ ਇਹ ਹਨ ਕਿ ਅਸਲ ਵਿੱਚ ਲੜਾਈ ਕਰਨ ਲਈ ਕੋਈ ਤਿਆਰ ਨਹੀਂ ਹੈ ਜਾਂ ਤੇ ਵਾਰਤਾ ਤੁਰ ਪਏਗੀ ਜਾਂ ਜੰਗਬੰਦੀ ਅੱਗੇ ਪਾ ਦਿੱਤੀ ਜਾਏਗੀ। 40 ਦਿਨਾਂ ਦੀ ਜੰਗ ਨੇ ਅਮਰੀਕਾ ਦੇ ਭੁਲੇਖੇ ਪਹਿਲਾਂ ਹੀ ਦੂਰ ਕਰ ਦਿੱਤੇ ਹਨ। ਦੋਨੋ ਹਾਲਤਾਂ ਰਵੀਂਆਂ ਤਦੇ ਹੋਣਗੀਆਂ, ਜੇ ਟੈਲੀਫੋਨ ‘ਤੇ ਬੈਠਾ ਸ਼ਕੁਨੀ ਮਾਮਾ (ਨੇਤਨਯਾਹੂ) ਹੋਣ ਦੇਵੇਗਾ। ਨਹੀਂ ਤਾਂ ਜੰਗ ਹੀ ਜੰਗ ਹੋਵੇਗੀ। ਇੰਨੀ ਭਿਆਨਕ ਕਿ ਸ਼ਾਇਦ ਗ੍ਰੇਟਰ ਇਜ਼ਰਾਇਲ ਦਾ ਸੁਪਨਾ ਬੁਣੀ ਬੈਠੇ ਨੇਤਨਯਾਹੂ ਨੂੰ ਧਰਤੀ ‘ਤੇ ਪੈਰ ਧਰਨ ਜੋਗੀ ਥਾਂ ਵੀ ਨਾ ਮਿਲੇ!

Leave a Reply

Your email address will not be published. Required fields are marked *