‘ਸ਼ਾਮ ਚੌਰਾਸੀ’ ਜਿਹੜਾ ਕਦੇ ਸੰਗੀਤ ਦਾ ਲਬਾਲਬ ਦਰਿਆ ਸੀ

ਗੂੰਜਦਾ ਮੈਦਾਨ

ਪਿੰਡ ਵਸਿਆ
ਹਥਲੇ ਕਾਲਮ ‘ਪਿੰਡ ਵਸਿਆ’ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ। ਇਸ ਕਾਲਮ ਲਈ ਕੁਝ ਹੋਰ ਲਿਖਤਾਂ ਪ੍ਰਾਪਤ ਹੋਈਆਂ ਹਨ। ਸੋ, ਹਥਲੀ ਲਿਖਤ ਵਿੱਚ ਪੜ੍ਹੋ, ਪ੍ਰਾਚੀਨ ਨਗਰ ‘ਸ਼ਾਮ ਚੌਰਾਸੀ’ ਦਾ ਕਿੱਸਾ –ਪ੍ਰਬੰਧਕੀ ਸੰਪਾਦਕ

ਵਿਜੈ ਬੰਬੇਲੀ
ਫੋਨ:+91-9463439075

ਸ਼ਾਮ ਚੌਰਾਸੀ ਢੇਰ ਪੁਰਾਣਾ ਨਗਰ ਹੈ, ਪਰ ਕਿੰਨਾ ਕੁ? ਪੱਕ ਨਾਲ ਪਤਾ ਨਹੀਂ ਲੱਗ ਸਕਿਆ। ਇਸਦਾ ਨਾਂ ਸ਼ਾਮ ਚੌਰਾਸੀ ਪੈਣ ਬਾਰੇ ਵੀ ਅੱਡ-ਅੱਡ ਦੰਦ-ਕਥਾਵਾਂ ਜਾਂ ਪੀੜ੍ਹੀ–ਦਰ-ਪੀੜੀ ਕਨਸੋਆਂ ਹਨ। ਅਸਲ ਬਾਰੇ ਵੱਖ-ਵੱਖ ਮਿੱਥਾਂ ਅਤੇ ਆਸਥਾ ਕਾਰਨ ਇੱਥੋਂ ਦੇ ਵਾਸੀ ਕਦੇ ਵੀ ਇੱਕ ਸੁਰ ਨਹੀਂ ਹੋਏ। ਸੋ, ਇਸ ਕਾਲਮ ਵਿੱਚ ਸਾਰਿਆਂ ਦੇ ਸੁਰਾਂ ਦੀ ਬਾਤ ਪਾਈ ਜਾਵੇਗੀ, ਨਿਰਣਾ ਪਾਠਕ ਕਰਨਗੇ। ਸ਼ੁਰੂ ‘ਚ ਇੱਥੇ ਹਿੰਦੂਆਂ ਦੀ ਚੜ੍ਹਤ ਸੀ, ਫਿਰ ਸਥਿਤੀਆਂ-ਪ੍ਰਸਥਿਤੀਆਂ ਵੱਸ ਮੁਸਲਿਮਾਂ ਦੀ ਹੋ ਗਈ। ਦੋਵੇਂ ਧਿਰਾਂ ਦਾ ਇਸਦੀ ਵਡਿਆਈ ਵਧਾਉਣ ਵਿੱਚ ਹਿੱਸਾ ਸਾਵਾਂ ਰਿਹਾ। ਇਲਾਕੇ ਦਾ ਕੇਂਦਰੀ ਅਤੇ ਉੱਘਾ ਪਿੰਡ ਹੋਣ ਕਾਰਨ ਇਸਦੀ ਤੂਤੀ ਬੋਲਣ ਦੇ ਕਈ ਕਾਰਨ ਹੋਰ ਵੀ ਸਨ।
ਕਿਹਾ ਜਾਂਦਾ ਹੈ ਕਿ ਸ਼ਿਆਮ, ਜੜਾਮ ਅਤੇ ਬਰਾਮ- ਤਿੰਨ ਨਾਮਵਰ ਭਾਈ ਸਨ। ਸ਼ਿਆਮ ਨੇ ‘ਸ਼ਾਮ ਚੌਰਾਸੀ’ (ਕਠਾਰ, ਹਰਿਆਣਾ) ਵਸਾਇਆ; ਜੜਾਮ ਨੇ ‘ਅਜੜਾਮ’ (ਨਸਰਾਲਾ, ਹੁਸ਼ਿਆਰਪੁਰ) ਅਤੇ ਬਰਾਮ ਨੇ ‘ਬਹਿਰਾਮ’ (ਬੰਗਾ)। ਪਰ ਇਹ ਗੱਲ ਮਨ ਨੂੰ ਨਹੀਂ ਲੱਗਦੀ, ਕਿਉਂਕਿ ‘ਅਜੜਾਮ’ ਅਤੀ ਪ੍ਰਚੀਨ ਨਗਰ ਹੈ, ਜਿਹੜਾ ਸਮਾਂ ਪਾ ਥੇਹ ਹੋ ਗਿਆ ਸੀ, ਉਪਰੰਤ ਫਿਰ ਉਗਮਿਆ। ਇਹ ਥੇਹ ਅਤੀ ਪ੍ਰਚੀਨਤਾ ਦੀ ਜਾਮਨੀ ਦਿੰਦੇ ਹਨ ਅਤੇ ਬਹਿਰਾਮ ਕਿਤੇ ਮਗਰੋਂ ਮੁਸਲਮਾਨੀ ਜਲੌਅ ਸਮੇਂ ਵਸਿਆ ਸੀ। ਹਾਂ! ਜਿਵੇਂ ਇਹ ਕਿਹਾ ਜਾਂਦਾ ਸੀ/ਹੈ ਕਿ, “ਇਥੋਂ ਦਾ ਇੱਕ ‘ਸ਼ਾਮ’ ਨਾਂ ਦਾ ਮੋਹਤਬਰਾਨ ਇਸ ਖਿੱਤੇ ਦੇ ਚੌਰਾਸੀ ਪਿੰਡਾਂ ਦਾ ਮਾਮਲਾ ਦਿੱਲੀ ਦਰਬਾਰ ਪਹੁੰਚਾਉਂਦਾ ਸੀ।” ਕਾਰਨ, ਸਮਾਂ ਪਾ, ਇਸ ਖੇੜੇ ਦਾ ਨਾਂ ਜਰੂਰ, ‘ਸ਼ਾਮ ਚੌਰਾਸੀ’ ਪ੍ਰਚਲਤ ਹੋ ਗਿਆ ਹੋਵੇਗਾ।
‘ਆਇਨੇ-ਅਕਬਰੀ’ ਵਿਚਲੇ ਇੱਕ ਜ਼ਿਕਰ ਨੂੰ ਆਧਾਰ ਬਣਾ ਕੇ ਇਸਦੀ ਤਫਰੀਹ ਇੰਜ ਕੀਤੀ ਜਾ ਸਕਦੀ ਹੈ, “ਸ਼ਾਮ ਚੌਰਾਸੀ ਦੋਆਬਾ ਦਾ ਇੱਕ ਪੁਰਾਣਾ ਕਸਬਾ ਹੈ, ਜਿਸਨੂੰ ਆਇਨੇ-ਅਕਬਰੀ ਵਿੱਚ ‘ਚੌਰਾਸੀ’ ਲਿਖਿਆ ਮਿਲਦਾ ਹੈ, ਜਿਹੜਾ ਬਾਦਸ਼ਾਹ ਅਕਬਰ ਵੇਲੇ ‘ਪਰਗਣਾ’ (ਤਹਿਸੀਲ ਨਿਆਂਈ) ਬਣਿਆ, ਜਿਸ ਨਾਲ 84 ਪਿੰਡ ਨੱਥੀ ਕੀਤੇ ਗਏ। ਅਕਬਰ ਨੇ ਆਪਣੇ ਕਿਸੇ ਖਾਸ ਮੁਸਹਿਬ, ਜਿਹੜਾ ਇੱਥੋਂ ਦਾ ਬਾਸ਼ਿੰਦਾ ਸੀ, ਨੂੰ ਇਸ ਪਰਗਣੇ, 84 ਪਿੰਡਾਂ ਦਾ ਮਾਮਲਾ ‘ਕੱਠਾ ਕਰਨ ਹਿੱਤ ਨਿਯੁਕਤ ਕੀਤਾ ਸੀ, ਜਿਸ ਕਾਰਨ ਇਸਦਾ ਨਾਂ ‘ਚੌਰਾਸੀ’ ਪੈ ਗਿਆ।” ਹੋ ਸਕਦਾ ਉਹ ਮੁਸਹਿਬ ਦਾ ਨਾਂ ‘ਸ਼ਿਆਮ’ ਹੀ ਹੋਵੇ, ਜਿਸਤੋਂ ਇਸਦੀ ਅੱਲ ‘ਸ਼ਿਆਮ ਚੌਰਾਸੀ’ ਪੈ ਗਈ ਅਤੇ ਮਗਰੋਂ ਵਿਗੜਦਾ ਸੰਵਰਦਾ, ਜਿਵੇਂ ਬਹੁਤੇ ਪਿੰਡਾਂ ਦੇ ਨਾਮਕਰਨ ਸੰਦਰਭ ਇਵੇਂ ਹੋਇਆ ਹੀ ਸੀ/ਹੈ, ਇਸਦਾ ਨਾਂ ਅਖੀਰ ‘ਸ਼ਾਮ ਚੌਰਾਸੀ’ ਪੱਕ-ਪਕਾਅ ਗਿਆ ਹੋਵੇ!
ਪਰ ਇੱਕ ਮਹੱਤਵਪੂਰਨ ਉੱਕਤੀ ਹੋਰ ਵੀ ਹੈ ਕਿ, “ਇੱਥੇ ਇੱਕ ਪ੍ਰਚੀਨ ਇਮਾਰਤ ਹੈ, ਜਿਸਨੂੰ ਲੋਕ ਮੁਸਲਮਾਨ ਫਕੀਰ ਹਜ਼ਰਤ ‘ਸ਼ਾਮੀ ਸਾਹਿਬ’ ਦੀ ਖਾਨਗਾਹ ਦੱਸਦੇ ਹਨ, ਬੜੀ ਮਾਨਤਾ ਹੈ ਇਸਦੀ, ਜਿਸਦੀ ਯਾਦ ‘ਚ ਬੜਾ ਭਾਰੀ ਮੇਲਾ ਸਜਦਾ ਹੈ। ਇਸ ਵਿਰਾਸਤੀ ਮੇਲੇ ਦਾ ਜਲੌਅ ਮਸ਼ਹੂਰ ਕਵਾਲਾਂ ਅਤੇ ਸਾਜਿੰLਦਿਆਂ ਕਾਰਨ ਸਿਖਰ ‘ਤੇ ਪਹੁੰਚਦਾ ਹੈ। ਕਿਹਾ ਜਾਂਦਾ ਹੈ ਕਿ ਇਸ ਫਕੀਰ ਦੀਆਂ ‘ਕਰਨੀਆਂ’ ਕਾਰਨ ਇਸ ਖੇੜੇ ਦੀ ਕੀਰਤੀ ਚੁਫੇਰੇ ਅਜਿਹੀ ਫੈਲੀ ਕਿ ‘ਚੌਰਾਸੀ’ ਪਿੰਡਾਂ ਦੇ ਕੇਂਦਰੀ ਸਮੂਹ ਨੂੰ ‘ਸ਼ਾਮ ਚੌਰਾਸੀ’ ਕਿਹਾ ਜਾਣ ਲੱਗ ਪਿਆ।
ਹਾਂ! ’47 ਦੀ ਤ੍ਰਾਸਦੀ ਤੋਂ ਪਹਿਲਾਂ ਤਾਂ ਇਸ ਸੰਗੀਤਕ ਜਲੌਅ, ਜਿਹੜਾ ਹਿੰਦੂ-ਮੁਸਲਿਮ ਫਨਕਾਰਾਂ ਵੱਲੋਂ ਰਚਾਇਆ ਜਾਂਦਾ ਸੀ, ਦੀਆਂ ਬਾਤਾਂ ਹੁਣ ਵੀ ਪੈਂਦੀਆਂ ਹਨ। ਇਸ ਜਲੌਅ ਦੇ ਸਿੱਟੇ ਵਜੋਂ ਇਸ ਨਗਰ ਨੇ ਵੀ ਬੜੇ ਉਮਦਾ ਫਨਕਾਰ ਪੈਦਾ ਕੀਤੇ, ਜਿਹੜੇ ਸਥਿਤੀਆਂ ਵੱਸ ਪਾਕਿਸਤਾਨ ਤੁਰ ਗਏ ਸਨ। ਪਾਕਿਸਤਾਨ ਦੇ ਸੰਸਾਰ ਪ੍ਰਸਿੱਧ ਕੱਵਾਲ ਤੇ ਸੰਗੀਤਕਾਰ ਜਨਾਬ ਨਜਾਕਤ ਅਲੀ-ਸਲਾਮਤ ਅਲੀ ਇਸ ਨਗਰ ਦੇ ਹੀ ਦਾਨੇ ਸਪੂਤ ਸਨ। ਇਨ੍ਹਾਂ ਦੇ ਨਾਨਕੇ ਸ਼ਾਸਤਰੀ ਸੰਗੀਤ ਦੇ ਵਿੱਦਿਆਲੇ ਹਰਿਆਣਾ (ਭੂੰਗਾਂ) ਵਿਖੇ ਸਨ। ਸ਼ਾਸਤਰੀ ਸੰਗੀਤ ‘ਚ ਹਰਿਆਣਾ ਦਾ ਆਪਣਾ ਮੁਕਾਮ ਰਿਹਾ ਹੈ, ਜਿਸਦੇ ਸ਼ਾਗਿਰਦਾਂ ਵਿੱਚ ਅਲੀ ਭਰਾਵਾਂ ਦੇ ਬਾਲਦ ਅਤੇ ਮਾਮਾ ਸਿਰੀ ਦਾ ਨਾਂ ਬੜਾ ਉੱਘਾ ਸੀ। ਪੰਜਾਬ ਦੇ ਚਾਰ ਸੰਗੀਤਕ ਘਰਾਣੇ ਬੜੇ ਸੁ-ਪ੍ਰਸਿੱਧ ਸਨ, ਜਿਨ੍ਹਾਂ ਵਿੱਚੋਂ ਹਰਿਆਣਾ (ਸ਼ਾਮ ਚੌਰਾਸੀ) ਨੂੰ ਸਿਰਮੌਰ ਮੰਨਿਆ ਗਿਆ। ‘ਰਾਗ ਧਰੁੱਪਦ’ ‘ਚ ਭਾਵੇਂ ਮੁੱਖ ਹਿੱਸਾ ‘ਹਰਿਆਣਾ’ ਦੇ ਸੰਗੀਤ ਵੇਤਿਆਂ ਦਾ ਸੀ, ਪਰ ਅਲੀ ਪਰਿਵਾਰ ਦੀ ‘ਸਰਸਵਤੀ ਸਜਦਾ ਤੇ ਘਾਲਣਾ’ ਬਦੌਲਤ ਇਹ ‘ਸ਼ਾਮ ਚੌਰਾਸੀ’ ਦੇ ਹਿੱਸੇ ਵੀ ਆਇਆ। ਅਲੀ ਭਰਾਵਾਂ ਦੇ ਬਾਲਦ ਫਤ੍ਹੇ ਅਲੀ ਖਾਂ ਵਰਗਿਆਂ ਦੀ ਬਦੌਲਤ ਇਹ ਘਰਾਣਾ ‘ਚੌਰਾਸੀਆਂ ਘਰਾਣਾ’ ਵਜੋਂ ਸੁ-ਪ੍ਰਸਿੱਧ ਹੋਇਆ। ’47 ਤੋਂ ਪਹਿਲਾਂ ਜਲੰਧਰ ਦੇ ‘ਹਰੀਬੱਲਭ ਸੰਗੀਤ ਮੇਲੇ’ ਵਿੱਚ ‘ਹਰਿਆਣਾ–ਸ਼ਾਮ ਚੌਰਾਸੀ’ ਦੀ ਤੂਤੀ ਬੋਲਦੀ ਸੀ। ਮੁੱਕਦੀ ਗੱਲ, ‘ਸ਼ਾਮ ਚੌਰਾਸੀ’ ਮੁਸਲਿਮ ਹਮਸਾਇਆਂ ਕਾਰਨ ਅਜਿਹਾ ‘ਸੰਗੀਤ ਸੱਥਲ’ ਬਣਿਆ ਕਿ ਇਸਦਾ ਅਸ਼ੀਰਵਾਦ ਅਜੇ ਵੀ ‘ਸ਼ਾਮ ਚੌਰਾਸੀ’ ਦੀ ਫਿਜ਼ਾ ਵਿੱਚ ਰੁਮਕਦਾ ਹੈ।
ਕਦੇ ਸ਼ਾਮ ਚੌਰਾਸੀ ਪੁਰਾਤਨ, ਸਿੱਖ ਅਹਿਲਕਾਰਾਂ ਅਤੇ ਮੁਖੀਆਂ ਦੀਆਂ ਸਰਗਰਮੀਆਂ ਦਾ ਕੇਂਦਰ ਵੀ ਰਿਹਾ। ਸਿੱਖ ਮਿਸਲਾਂ ਦੇ ਉਗਮਣ ਅਤੇ ਮਗਰੋਂ 12 ਮੁੱਖ ਮਿਸਲਾਂ ਵਿੱਚ ਕੇਂਦਰਤ ਹੋ ਜਾਣ ਉਪਰੰਤ ਜਦ ‘ਕਰੌੜ ਸਿੰਘੀਆਂ ਮਿਸਲ’ ਦੇ ਆਹਲਾ ਸਰਦਾਰ ਬਘੇਲ ਸਿੰਘ ਨੇ ‘ਹਰਿਆਣਾ’ ਨੂੰ ਆਪਣਾ ਸਦਰ ਮੁਕਾਮ ਬਣਾਇਆ ਤਾਂ ਉਸਨੇ ਸ਼ਾਮ ਚੌਰਾਸੀ ਦੀ ਵਿਸ਼ੇਸ਼ ਮਹੱਤਤਾ ਕਾਰਨ ਇੱਥੇ ਬਾਰਾਂਦਰੀ ਉਸਾਰ ਕੇ ਆਪਣਾ ਇੱਕ ਜੰਗੀ ਪ੍ਰਬੰਧਕ ਵੀ ਨਿਯੁਕਤ ਕੀਤਾ। ਹੁਣ ਬਾਰਾਂਦਰੀ ਵਰਗੀ ਇਸ ਇਮਾਰਤ ਦਾ ਵਜੂਦ ਭਾਵੇਂ ਨਹੀਂ ਹੈ, ਪਰ ਖੰਡਰਾਤ ਮੌਜੂਦ ਹਨ। “ਖੰਡਰਾਤ ਹੀ ਬਤਾਤੇ ਹੈ ਕਿ ਇਮਾਰਤ ਖੂਬਸੂਰਤ ਥੀ।” ਸ. ਬਘੇਲ ਸਿੰਘ ਦੇ ਫੌਤ ਹੁੰਦਿਆ ਹੀ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਲਾਮ-ਲਸ਼ਕਰ ਆ ਥਪਕਿਆ ਅਤੇ ਮਿਸਲੀ ਉਥਲ-ਪੁਥਲਾਂ ਨੂੰ ਬਿਰਾਮ ਲੱਗ ਜਾਣ ਉਪਰੰਤ ਇਸ ਖੇੜੇ ਦੇ ਕੇਂਦਰੀ ਵਜੂਦ ਕਾਰਨ ‘ਸ਼ਾਮ ਚੌਰਾਸੀ’ ਇਸ ਖਿੱਤੇ ਦੀ ਉੱਘੀ ਫਸਲੀ ਮੰਡੀ ਵਜੋਂ ਵਿਕਸਤ ਹੋ ਗਿਆ।
ਖਾਸ ਗੱਲ; ਜਿਸ ਮੈਨੂੰ ‘ਜੰਗ-ਏ-ਆਜ਼ਾਦੀ’ ਦਾ ਵਿਦਿਆਰਥੀ ਹੋਣ ਕਾਰਨ ਟੁੰਬਿਆਂ ਅਤੇ ਮੈਂ ਪਹਿਲਾਂ ਕਹਿਣੀ ਚਾਹੁੰਦਾ ਸੀ, ਉਹ ਇਹ ਕਿ “ਬਰਤਾਨਵੀ ਸਾਮਰਾਜ ਨੇ 1846 ‘ਚ ਲਾਹੌਰ ਦਰਬਾਰ ਨੂੰ ਮਲੀਆ-ਮੇਟ ਕਰਨ ਉਪਰੰਤ ਕਰੀਬ ਸਾਰੇ ਪੰਜਾਬ ਵਿੱਚ ਪੀਢਾ ਪੈਰ ਧਰਾਵਾ ਕਰ ਲਿਆ। ਉਦੋਂ, ਜਦ ਕਈ ‘ਆਪਣੇ’ ਵੀ ਗੱਦਾਰੀ ਕਰ ਗਏ ਤਾਂ ਅੰਗਰੇਜ਼ਾਂ ਵਿਰੁੱਧ ਬਗਾਵਤ ਦਾ ਇੱਕ ਹੋਕਾ ਇਸੇ ਸ਼ਾਮ ਚੌਰਾਸੀ ਦੀ ਸਰ-ਜ਼ਿਮੀਂ ਤੋਂ ਵੀ ਦਿੱਤਾ ਗਿਆ ਸੀ। ਅਜਿਹਾ ਕਰਨ ਵਾਲਾ ਮੋਢੀ ਸੰਗਰਾਮੀਆ ਸੀ ਭਾਈ ਮਾਹਰਾਜ ਸਿੰਘ ਨੌਰੰਗਾਬਾਦੀ। ਹੋਇਆ ਇਉਂ ਕਿ ਜਦ ਗੋਰਾ ਸ਼ਾਹੀ ਗੱਦਾਰ ਸਿੱਖ ਅਹਿਲਕਾਰਾਂ ਸਮੇਤ ਇਸ ਬਾਗੀ ਰੁਕਨ ਨੂੰ ਫੜ੍ਹਨ ਲਈ ਬਹੁਤ ਸਰਗਰਮ ਹੋ ਗਈ, ਤਦ ਦੋਆਬੇ ਦੀ ਇਸ ਜਰਖੇਜ਼ ਧਰਤੀ ‘ਤੇ ਵਿਚਰ ਰਹੇ ਭਾਈ ਮਾਹਰਾਜ ਸਿੰਘ ਨੇ ਤਿੰਨ ਤੇ ਚਾਰ ਦਸੰਬਰ 1849 ਦੀ ਦਰਮਿਆਨੀ ਰਾਤ ਨੂੰ ਆਪਣੀ ਆਰਜ਼ੀ ਪਨਾਹ ਸਥਲ ਸ਼ਾਮ ਚੌਰਾਸੀ ਤੋਂ ਅੰਗਰੇਜ਼ਾਂ ਵਿਰੁੱਧ ਖੁੱਲ੍ਹੀ ਬਗਾਵਤ ਦਾ ਸੱਦਾ ਦਿੱਤਾ। ਜਿਸ ਤਹਿਤ ਪਹਿਲੇ ਉੱਦਮ ਵਜੋਂ ਸ਼ਾਮ ਚੌਰਾਸੀ ਦੇ ਗਿਰਦ ਪੈਂਦੀਆਂ ਜਲੰਧਰ ਅਤੇ ਹੁਸ਼ਿਆਰਪੁਰ ਦੀਆਂ ਛਾਉਣੀਆਂ ‘ਤੇ ਕਬਜ਼ਾ ਕਰਨ ਦੀ ਵਿਉਂਤ ਗੂੰਦੀ ਗਈ। ਇਹੀ ਨਹੀਂ, ਪੂਰਵ ਯੋਜਨਾ ਤਹਿਤ ਰਾਜ ਕੁਮਾਰ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾਂ ਨੂੰ ਵੀ ਸ਼ਾਹੀ ਕੈਦ ਵਿੱਚੋਂ ਉਡੰਤਰ ਕਰਵਾਇਆ ਜਾਣਾ ਸੀ।” ਪਰ ਕੀ ਹੋਇਆ-ਵਾਪਰਿਆ? ਇਹ ਇੱਕ ਦੁਖਦਾਇਕ ਗਾਥਾ ਹੈ, ਕਿਤੇ ਫੇਰ ਸਹੀ!

Leave a Reply

Your email address will not be published. Required fields are marked *