*ਕਾਂਗਰਸ ਪਾਰਟੀ ਨਾਲ ਗੱਠਜੋੜ ਸਰਕਾਰ ਦੀ ਸੰਭਾਵਨਾ
*ਭਾਰਤੀ ਸਿਆਸਤ ਵਿੱਚ ਤਬਦੀਲੀ ਦੀ ਆਸ ਜਗਾਈ ਨਵੀਂ ਖੇਤਰੀ ਪਾਰਟੀ ਨੇ
ਜਸਵੀਰ ਸਿੰਘ ਸ਼ੀਰੀ
ਤਾਮਿਲਨਾਡੂ ਵਿੱਚ ਸੱਤਾ ਦੀ ਸਿਆਸਤ ਨੂੰ ਬਿਲਕੁਲ ਉਲਟੇ ਰੁਖ ਖੜ੍ਹਾ ਕਰਨ ਵਾਲੇ ਜੌਸਫ ਵਿਜੈ ਚੰਦਰਸੇਖਰ ਦੀ ਕਹਾਣੀ ਆਪਣੇ ਆਪ ਵਿੱਚ ਮਿਸਾਲੀ ਹੈ। ਉਨ੍ਹਾਂ ਸਮਿਆਂ ਵਿੱਚ ਜਦੋਂ ਦੇਸ਼ ਵਿੱਚ ਸਤਾ ਦੀ ਜਮਹੂਰੀ ਤਬਦੀਲੀ ਨੂੰ ਅਸੰਭਵ ਬਣਾ ਦੇਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਕਿਸੇ ਨੌਜਵਾਨ ਆਗੂ ਵੱਲੋਂ ਇੱਕ ਨਵੀਂ ਪਾਰਟੀ ਤਾਮਿਲਾਗਾ ਵੈਟਰੀ ਕਾਝਾਗਾਮਾ (ਟੀ.ਵੀ.ਕੇ.) ਬਣਾ ਕੇ ਸਿਰਫ ਦੋ ਸਾਲਾਂ ਦੇ ਸਮੇਂ ਵਿੱਚ ਸੱਤਾ ‘ਤੇ ਕਾਬਜ ਹੋ ਜਾਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ।
ਇਹ ਤਬਦੀਲੀ ਵਿਸ਼ਵਾਸ ਦਿਵਾਉਂਦੀ ਹੈ ਕਿ ਸੱਤਾ ਦੇ ਰੱਬ ਦਾ ਰੂਪ ਧਾਰ ਲੈਣ ਤੋਂ ਬਾਅਦ ਵੀ ਤਬਦੀਲੀ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਇੱਥੇ ਇਹ ਵੀ ਧਿਆਨ ਦੇਣ ਵਾਲਾ ਤੱਥ ਹੈ ਕਿ 2022 ਵਿੱਚ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੀ ਹੂੰਝਾ-ਫੇਰੂ ਜਿੱਤ ਪ੍ਰਾਪਤ ਕੀਤੀ ਸੀ, ਪਰ ਜਿਸ ਤਬਦੀਲੀ ਦੀ ਲੋਕਾਂ ਨੇ ਆਸ ਕੀਤੀ ਸੀ, ਉਹ ਪਹਿਲੇ ਕੁਝ ਮਹੀਨੇ ਵਿੱਚ ਹੀ ਦਮ ਤੋੜ ਗਈ ਸੀ। ਛੇ ਕੁ ਮਹੀਨੇ ਬਾਅਦ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜ ਦਿੱਤਾ ਸੀ।
ਭਾਵੇਂ ਦੱਖਣੀ ਰਾਜਾਂ ਵਿੱਚ ਸਿਆਸੀ ਅਮਲ ਉੱਤਰੀ ਭਾਰਤ ਜਿੰਨਾ ਬੇਸੁਰਾ ਨਹੀਂ, ਪਰ ਫਿਰ ਵੀ ਡੀ.ਐਮ.ਕੇ. ਅਤੇ ਅੰਨਾ ਡੀ.ਐਮ.ਕੇ. ਦਾ ਸਿਆਸੀ ਇਤਿਹਾਸ ਦਰਸਾਉਂਦਾ ਹੈ ਕਿ ਕਿਸੇ ਵੱਡੀ ਪ੍ਰਾਪਤੀ ਤੋਂ ਬਿਨਾ ਖੇਤਰੀ ਸਿਆਸਤ ਕਰ ਰਹੀਆਂ ਪਾਰਟੀਆਂ ਵੀ ਭ੍ਰਿਸ਼ਟਾਚਾਰ ਦੀ ਦਲ-ਦਲ ਵਿੱਚ ਕਿੰਝ ਗਰਕ ਹੋ ਜਾਂਦੀਆਂ ਹਨ। ਪੰਜਾਬ ਵਿੱਚ ਅਕਾਲੀ ਦਲ ਦਾ ਇਤਿਹਾਸ ਵੀ ਇਸੇ ਕਿਸਮ ਦੀ ਕਹਾਣੀ ਕਹਿੰਦਾ ਹੈ।
ਤਾਮਿਲਨਾਡੂ ਵਿੱਚ ਜੌਸਫ ਵਿਜੈ ਚੰਦਰਸੇਖਰ ਦੀ ਜਿੱਤ ਭਾਵੇਂ ਉਨੀ ਵੱਡੀ ਨਹੀਂ ਹੈ, ਜਿੰਨੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੀ। ਉਸ ਨੂੰ ਸੱਤਾ ਵਿੱਚ ਆਉਣ ਲਈ ਕਿਸੇ ਦੂਜੀ ਪਾਰਟੀ ਦੇ ਸਹਾਰੇ ਦੀ ਲੋੜ ਪੈ ਸਕਦੀ ਹੈ। ਇਸ ਮਕਸਦ ਲਈ ਵਿਜੈ ਨੇ ਕਾਂਗਰਸ ਪਾਰਟੀ ਦਾ ਸਹਾਰਾ ਮੰਗ ਵੀ ਲਿਆ ਹੈ; ਪਰ ਫਿਰ ਵੀ ਇਸ ਨਵੀਂ ਖੇਤਰੀ ਪਾਰਟੀ ਦੀ ਸਫਲਤਾ ਦਾ ਸਮਾਂ ਗੁਜ਼ਰਨ ਨਾਲ ਹੀ ਪਤਾ ਲੱਗੇਗਾ। ਖਾਸ ਕਰਕੇ ਫੈਡਰਲ ਸਿਆਸਤ ਦਾ ਵਾਹਕ ਬਣਨ, ਸਾਫ ਸੁਥਰੀ ਜਨਤਕ ਤੇ ਪ੍ਰਸ਼ਾਸਨਿਕ ਜ਼ਿੰਦਗੀ ਨੂੰ ਲੀਹ ‘ਤੇ ਪਾਉਣ ਅਤੇ ਰਾਜਨੀਤਿਕ ਭ੍ਰਿਸ਼ਟਾਚਾਰ ਨੂੰ ਨੱਥ ਮਾਰਨ ਦੇ ਮਾਮਲੇ ਵਿੱਚ।
ਤਾਮਿਲ ਭਾਸ਼ਾਈ ਫਿਲਮਾਂ ਦੇ ਇਸ ਸੁਪਰ ਸਟਾਰ ਦਾ ਜਨਮ 22 ਜੂਨ 1974 ਨੂੰ ਮਦਰਾਸ (ਹੁਣ ਚੇਨੱਈ) ਵਿੱਚ ਹੋਇਆ ਸੀ। ਉਸ ਦੇ ਪਿਤਾ ਐਸ.ਏ. ਚੰਦਰਸੇਖਰ ਫਿਲਮ ਡਾਇਰੈਕਟਰ ਸਨ ਅਤੇ ਮਾਤਾ ਜੀ ਸੋਭਾ ਚੰਦਰਸੇਖਰ ਪਿਠਵਰਤੀ ਗਾਇਕ। ਵਿਜੈ ਦੇ ਮਾਤਾ ਜੀ ਰੋਮਨ ਕੈਥੋਲਿਕ ਚਰਚ ਨਾਲ ਸੰਬੰਧਤ ਸਨ, ਜਦੋਂਕਿ ਪਿਤਾ ਜੀ ਦਾ ਸੰਬੰਧ ਹਿੰਦੂ ਧਰਮ ਨਾਲ ਸੀ। ਵਿਜੈ ਨੂੰ ਨਿੱਕ ਨੇਮ ਥਾਲਾਪਥੀ (ਕਮਾਂਡਰ) ਵਜੋਂ ਵੀ ਜਾਣਿਆ ਜਾਂਦਾ ਹੈ।
ਜੌਸਫ ਵਿਜੈ ਦਾ ਵਿਆਹ 1999 ਵਿੱਚ ਸੰਗੀਥਾ ਸੋਰਨਾਲਿੰਗਮ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ- ਜੋਸਨ ਸੰਜੇ ਅਤੇ ਦਿਵੀਆ ਸ਼ਾਸ਼ਾ ਹਨ। ਉਸ ਨੇ ਵਿਜ਼ੂਅਲ ਕਮਿਊਨੀਕੇਸ਼ਨ ਵਿੱਚ ਡਿਗਰੀ ਹਾਸਲ ਕਰਨ ਲਈ ਲੋਇਲਾ ਕਾਲਜ ਵਿੱਚ ਦਾਖਲਾ ਲਿਆ ਸੀ, ਪਰ ਬਾਅਦ ਵਿੱਚ ਐਕਟਰ ਵਜੋਂ ਆਪਣੀ ਕਿਸਮਤ ਅਜ਼ਮਾਉਣ ਲਈ ਇਹ ਪੜ੍ਹਾਈ ਅੱਧ ਵਿਚਕਾਰ ਹੀ ਛੱਡ ਦਿੱਤੀ ਸੀ। ਦੱਖਣੀ ਭਾਰਤੀ ਫਿਲਮਾਂ ਵਿੱਚ ਉਹ ਸਭ ਤੋਂ ਮਹਿੰਗੇ ਐਕਟਰਾਂ ਵਿੱਚੋਂ ਇੱਕ ਹੈ, ਜਿਸ ਨੇ 1992 ਤੋਂ 1926 ਤੱਕ ਤਿੰਨ ਦਹਾਕੇ ਦੇ ਫਿਲਮੀ ਕੈਰੀਅਰ ਵਿੱਚ ਘਿੱਲੀ, ਥੁਪਾਕੀ, ਮੇਰਸਾਲ, ਸਰਕਾਰ ਅਤੇ ਲੀਓ ਜਿਹੀਆਂ ਮਸ਼ਹੂਰ ਫਿਲਮਾਂ ਵਿੱਚ ਨਾਇਕ ਵਜੋਂ ਕੰਮ ਕੀਤਾ। ਉਸ ਦੀਆਂ ਫਿਲਮਾਂ ਵਿੱਚ ਸਿਆਸੀ ਤਨਜ਼ ਸਦਾ ਮੌਜੂਦ ਰਿਹਾ ਹੈ। ਉਸ ਨੇ 2026 ਵਿੱਚ ਚੋਣ ਕਮਿਸ਼ਨ ਕੋਲ ਦਾਇਰ ਕੀਤੇ ਐਫੀਡੈਵਿਟ ਵਿੱਚ ਆਪਣੀ ਕੁੱਲ ਪੂੰਜੀ 100 ਕਰੋੜ ਰੁਪਏ ਦਰਸਾਈ ਹੈ। ਰਾਜਨੀਤਿਕ ਖੇਤਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹ ਬਹੁਤ ਸਾਰੇ ਸਮਾਜਕ ਕਾਰਜਾਂ ਵਿੱਚ ਸਰਗਰਮ ਰਿਹਾ। ਇਸ ਮਕਸਦ ਲਈ ਉਸ ਨੇ ‘ਵਿਜੈ ਮੱਕਲ ਲਿਆਕਮ’ ਨਾਂ ਦੀ ਫੈਨ ਕਲੱਬ ਦਾ ਗਠਨ ਕੀਤਾ। ਕਈ ਰਾਹਤ ਕਾਰਜਾਂ, ਵਿੱਦਿਅਕ ਸਹਾਇਤਾ ਅਤੇ ਟਿਊਸ਼ਨ ਸੈਂਟਰਾਂ ਦੀ ਮੈਨੇਜਮੈਂਟ ਦੇ ਕਾਰਜ ਵਿੱਚ ਸਰਗਰਮ ਰਿਹਾ।
ਵਿਜੈ ਨੇ 2 ਫਰਵਰੀ 2024 ਨੂੰ ਆਪਣੀ ਰਾਜਨੀਤਿਕ ਪਾਰਟੀ ਦਾ ਗਠਨ ਕੀਤਾ ਅਤੇ ਅਦਾਕਾਰੀ ਤੋਂ ਅਧਿਕਾਰਕ ਤੌਰ ‘ਤੇ ਰਿਟਾਇਰਮੈਂਟ ਲੈ ਲਈ। ਸਿਆਸੀ ਖੇਤਰ ਵਿੱਚ ਵਿਚਰਨ ਲਈ ਸੈਕੂਲਰ ਸੋਸਿਲਿਸਟਿਕ ਵਿਚਾਰਧਾਰਾ ਨੂੰ ਆਪਣੀ ਪਾਰਟੀ ਦਾ ਆਧਾਰ ਬਣਾਇਆ ਅਤੇ ਸਮਾਜਿਕ ਇਨਸਾਫ ਦੇ ਸੰਕਲਪ ਨੂੰ ਵੀ ਇਸ ਨਾਲ ਜੋੜਿਆ। ਉਨ੍ਹਾਂ ਆਪਣੀ ਪਾਰਟੀ ਨੂੰ ਇਤਿਹਾਸਕ ਤੌਰ ‘ਤੇ ਡਾ. ਬੀ.ਆਰ. ਅੰਬੇਦਕਰ ਦੇ ਸਮਾਜਿਕ ਇਨਸਾਫ, ਤਾਮਿਲ ਆਗੂ ਪੇਰੀਅਰ ਅਤੇ ਕੇ. ਕਾਮਰਾਜ ਨਾਲ ਜੋੜਿਆ; ਪਰ ਇਸ ਸਾਰੇ ਕੁਝ ਦੇ ਬਾਵਜੂਦ ਕੱਟੜ ਨਾਸਤਿਕਤਾ ਅਤੇ ‘ਰੱਬ ਵਿਰੋਧੀ’ ਪੁਜੀਸ਼ਨ ਤੋਂ ਦੂਰੀ ਬਣਾ ਕੇ ਰੱਖੀ। ਵਿਜੈ ਜੌਸਫ ਨੇ ਭ੍ਰਿਸ਼ਟਾਚਾਰ ਵਿੱਚ ਗ੍ਰਸ ਗਈਆਂ ਡੀ.ਐਮ.ਕੇ. ਅਤੇ ਅੰਨਾ ਡੀ.ਐਮ.ਕੇ. ਦੇ ਬਦਲ ਵਜੋਂ ਆਪਣੇ ਆਪ ਨੂੰ ਉਭਾਰਿਆ। ਇਸ ਸਾਰੇ ਅਮਲ ਨੂੰ ਦਿਸ਼ਾ ਦੇਣ ਲਈ ਨੌਜਵਾਨਾਂ ਵਿੱਚ ਆਪਣੀ ਮਕਬੂਲੀਅਤ ‘ਤੇ ਪ੍ਰਮੁੱਖ ਟੇਕ ਰੱਖੀ।
ਵਿਜੈ ਜੋਸਫ ਦੀ ਮਕਬੂਲੀਅਤ ਦਾ ਅੰਦਾਜ਼ਾ 2025 ਵਿੱਚ ਵਾਪਰੇ ਉਸ ਦਿਲ ਦੁਖਾਊ ਹਾਦਸੇ ਤੋਂ ਲਾਇਆ ਜਾ ਸਕਦਾ ਹੈ, ਜਿਸ ਵਿੱਚ ਭੀੜ ਵਿੱਚ ਭਗਦੜ ਮੱਚਣ ਕਾਰਨ 41 ਵਿਅਕਤੀਆਂ ਦੀ ਮੌਤ ਹੋ ਗਈ ਸੀ। ਤਾਜ਼ਾ ਵਿਧਾਨ ਸਭਾ ਚੋਣਾਂ ਵਿੱਚ ਵਿਜੈ ਜੌਸਫ ਅਤੇ ਟੀ.ਵੀ.ਕੇ. ਦੇ ਤਾਮਿਲਨਾਡੂ ਵਿੱਚ ਪ੍ਰਮੁੱਖ ਸਿਆਸੀ ਤਾਕਤ ਬਣ ਕੇ ਉਭਰ ਆਉਣ ਨੇ ਇਸ ਰਾਜ ਦੀ ਪੂਰੀ ਸਿਆਸੀ ਗਰਾਮਰ ਵਿੱਚ ਉਥਲ-ਪੁਥਲ ਮਚਾ ਦਿੱਤੀ ਹੈ। ਯਾਦ ਰਹੇ, ਭ੍ਰਿਸ਼ਟ ਹੋਣ ਦੇ ਬਾਵਜੂਦ ਡੀ.ਐਮ.ਕੇ. ਅਤੇ ਅੰਨਾ ਡੀ.ਐਮ.ਕੇ. ਨੇ ਕੇਂਦਰਵਾਦੀ ਸਿਆਸਤ ਦੇ ਪੈਰ ਨਹੀਂ ਲੱਗਣ ਦਿੱਤੇ ਸਨ। ਤਾਮਿਲਨਾਡੂ ਦੀ ਸੱਤਾ ਵਿੱਚੋਂ ਬਾਹਰ ਜਾ ਰਹੀ ਪਾਰਟੀ ਦੇ ਆਗੂ ਸਟਾਲਿਨ ਦੇ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਵਿੱਚ ਗ੍ਰਸੇ ਹੋਣ ਦੇ ਬਾਵਜੂਦ ਉਨ੍ਹਾਂ ਆਪਣੀ ਖੇਤਰੀ ਸਿਆਸੀ ਹਸਤੀ ਨੂੰ ਬੇਦਾਵਾ ਨਹੀਂ ਦਿੱਤਾ। ਇਸੇ ਕਰੇ ਡੀ.ਐਮ.ਕੇ. ਵੱਲੋਂ ਹੀ ਸਾਰੇ ਭਾਰਤ ਵਿੱਚ ਫੈਡਰਲ ਸਿਆਸਤ ਅਤੇ ਰਾਜਾਂ ਨੂੰ ਵਧੇਰੇ ਸਿਆਸੀ ਅਧਿਕਾਰਾਂ ਦੀ ਮੁਹਿੰਮ ਨੂੰ ਚਲਾਇਆ ਜਾ ਰਿਹਾ ਸੀ। ਜਿੱਥੋਂ ਤੱਕ ਫਿਲਮੀ ਖੇਤਰ ਵਿਚੋਂ ਸਿਆਸੀ ਖੇਤਰ ਵੱਲ ਤਬਾਦਲੇ ਦਾ ਸੁਆਲ ਹੈ, ਇਸ ਮਾਮਲੇ ਵਿੱਚ ਵੀ ਤਾਮਿਲਨਾਡੂ ਦਾ ਇਤਿਹਾਸ ਰਿਹਾ ਹੈ। ਐਮ.ਜੀ. ਰਾਮਾਚੰਦਰਨ ਨੇ ਵੀ ਫਿਲਮਾਂ ਤੋਂ ਸਿਆਸੀ ਖੇਤਰ ਵਿੱਚ ਪ੍ਰਵੇਸ਼ ਕੀਤਾ ਸੀ। ਉਸ ਤੋਂ ਬਾਅਦ ਜੈਲਲਿਤਾ ਨੇ ਵੀ ਫਿਲਮਾਂ ਛੱਡ ਕੇ ਸਿਆਸੀ ਖੇਤਰ ਚੁਣਿਆ; ਪਰ ਦੋਵੇਂ ਸੱਤਾ ਦੀ ਭ੍ਰਿਸ਼ਟ ਕਰ ਦੇਣ ਵਾਲੀ ਮਾਰ ਤੋਂ ਨਹੀਂ ਸਨ ਬਚ ਸਕੇ। ਇਹੋ ਸਵਾਲ ਫਿਲਮਾਂ ਤੋਂ ਰਾਜਨੀਤੀ ਵੱਲ ਆਏ ਨਵੇਂ ਹੀਰੋ ਦੇ ਸਾਹਮਣੇ ਖਲੋਤਾ ਹੈ।
