*100 ਸੀਟਾਂ ‘ਤੇ ਹੇਰਾ-ਫੇਰੀ ਕੀਤੇ ਜਾਣ ਦਾ ਲਗਾਇਆ ਦੋਸ਼
ਪੰਜਾਬੀ ਪਰਵਾਜ਼ ਬਿਊਰੋ
ਹੁਣੇ ਹੁਣੇ ਹੋ ਕੇ ਹਟੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਗਵਰਨਰ ਹਾਊਸ ਜਾ ਕੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਹਰਾਉਣ ਲਈ ਮੋਦੀ ਸਰਕਾਰ ਨੇ ਸੁਰੱਖਿਆ ਏਜੰਸੀਆਂ, ਚੋਣ ਕਮਿਸ਼ਨ ਅਤੇ ਵੋਟ ਗਿਣਤੀ ਵਿੱਚ ਧਾਂਦਲੀ ਕਰਨ ਸਮੇਤ ਬਹੁਤ ਸਾਰੇ ਹੱਥਕੰਡੇ ਵਰਤੇ ਹਨ।
ਹਾਰਨ ਬਾਅਦ ਅਗਲੇ ਦਿਨ ਆਪਣੇ ਬਿਆਨ ਵਿੱਚ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਚੋਣ ਹਾਰੀ ਨਹੀਂ ਹੈ, ਇਸ ਲਈ ਗਵਰਨਰ ਹਾਊਸ ਵਿੱਚ ਜਾ ਕੇ ਅਸਤੀਫਾ ਨਹੀਂ ਦੇਵੇਗੀ। ਮਮਤਾ ਦੇ ਇਸ ਬਿਆਨ ਨੇ ਕੇਂਦਰ ਸਰਕਾਰ ਅਤੇ ਵਿਰੋਧੀ ਰਾਜਸੀ ਪਾਰਟੀਆਂ ਵਿੱਚ ਜ਼ਬਰਦਸਤ ਹਲਚਲ ਮਚਾ ਦਿੱਤੀ ਹੈ। ਪੱਛਮੀ ਬੰਗਾਲ ਦੇ ਸਿਆਸੀ ਦ੍ਰਿਸ਼ ‘ਤੇ ਇਹ ਇੱਕ ਅਣਕਿਆਸਿਆ ਮੋੜ ਸਮਝਿਆ ਜਾ ਰਿਹਾ ਹੈ।
ਸੋਮਵਾਰ ਅਤੇ ਮੰਗਲਵਾਰ ਨੂੰ ਪੰਜ ਰਾਜਾਂ ਵਿੱਚ ਹੋਈਆਂ ਚੋਣਾਂ ਦੀ ਵੋਟ ਗਿਣਤੀ ਦੌਰਾਨ ਵੀ ਮਮਤਾ ਬੈਨਰਜੀ ਨੇ ਆਪਣੇ ਬੂਥ ਲੈਵਲ ਦੇ ਵਰਕਰਾਂ ਨੂੰ ਕਿਹਾ ਸੀ ਕਿ ਉਹ ਬੂਥਾਂ ‘ਤੇ ਪਹਿਰਾ ਦੇਣ, ਕਿਉਂਕਿ ਬਹੁਤ ਸਾਰੇ ਚੋਣ ਨਤੀਜੇ ਐਲਾਨਣ ਵਿੱਚ ਦੇਰੀ ਕੀਤੀ ਜਾ ਰਹੀ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਇਸ ਕਿਸਮ ਦੀਆਂ 100 ਤੋਂ ਵੱਧ ਸੀਟਾਂ ਹਨ, ਜਿੱਥੇ ਮੋਦੀ ਸਰਕਾਰ ਵੱਲੋਂ ਹੇਰਾ-ਫੇਰੀ ਕੀਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਅਤੇ ਭਾਜਪਾ ਭਾਵੇਂ ਮਾਮਤਾ ਦੇ ਮੁਕਾਬਲੇ ਵੱਡੀ ਗਿਣਤੀ ਵਿੱਚ ਸੀਟਾਂ ਜਿੱਤ ਗਈ ਹੈ, ਪਰ ਦੋਹਾਂ ਧਿਰਾਂ ਵਿਚਕਾਰ ਵੋਟ ਫੀਸਦੀ ਦਾ ਫਰਕ 5 ਕੁ ਫੀਸਦੀ ਦਾ ਹੀ ਹੈ। ਇੱਥੇ ਇਹ ਵੀ ਧਿਅਨਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਚੋਣਾਂ ਤੋਂ ਪਹਿਲਾਂ ਚੋਣ ਸੂਚੀਆਂ ਦੀ ਵਿਸ਼ੇਸ਼ ਸੋਧ ਕਰਨ ਦੇ ਬਹਾਨੇ ਸਾਡੇ ਚਾਰ ਫੀਸਦੀ ਦੇ ਕਰੀਬ ਵੋਟਾਂ ਕੱਟ ਦਿੱਤੀਆਂ ਸਨ। ਮਮਤਾ ਬੈਨਰਜੀ ਦਾ ਆਖਣਾ ਹੈ ਕਿ ਇਸ ਦੇ ਬਾਵਜੂਦ ਇਨ੍ਹਾਂ ਚੋਣਾਂ ਵਿੱਚ ਉਸ ਦੀ ਪਾਰਟੀ ਜਿੱਤ ਰਹੀ ਸੀ, ਉਸ ਨੂੰ ਜ਼ਬਰਦਸਤੀ ਹਰਾਇਆ ਗਿਆ ਹੈ।
ਚੇਤੇ ਰਹੇ, ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ 2011 ਦੀਆਂ ਰਾਜ ਵਿਧਾਨ ਸਭਾ ਚੋਣਾਂ ਜਿੱਤ ਕੇ ਸੱਤਾ ਵਿੱਚ ਆਈ ਸੀ। 294 ਮੈਂਬਰੀ ਵਿਧਾਨ ਸਭਾ ਵਿੱਚ ਬੀ.ਜੇ.ਪੀ. ਨੇ ਤ੍ਰਿਣਮੂਲ ਕਾਂਗਰਸ ਨੂੰ ਹਰਾ ਕੇ ਦੋ ਤਿਹਾਈ ਬਹੁਮਤ ਹਾਸਲ ਕਰ ਲਿਆ ਹੈ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਪੱਛਮੀ ਬੰਗਾਲ ਵਿੱਚ ਕਦੀ ਵੀ ਸੱਤਾ ਵਿੱਚ ਨਹੀਂ ਰਹੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੰਗਾਲੀਆਂ ਅਤੇ ਪੰਜਾਬੀਆਂ ਦਾ ਦੇਸ਼ ਦੀ ਆਜ਼ਾਦੀ ਵਿੱਚ ਮਹੱਤਵਪੂਰਨ ਰੋਲ ਰਿਹਾ ਹੈ ਅਤੇ ਦੋਨੋਂ ਸਰਹੱਦੀ ਰਾਜ ਵੀ ਹਨ। ਪੱਛਮੀ ਬੰਗਾਲ ਦੀ ਬੰਗਲਾ ਦੇਸ਼ ਨਾਲ ਸੱਭਿਆਚਾਰਕ ਸਾਂਝ ਵੀ ਮੇਲ ਖਾਂਦੀ ਹੈ। ਮਮਤਾ ਦੀ ਸਰਕਾਰ ਕੋਲ ਪਿਛਲੀ ਵਾਰ 215 ਸੀਟਾਂ ਸਨ, ਜਦੋਂ ਕਿ ਇਸ ਵਾਰ 80 ਰਹਿ ਗਈਆਂ ਹਨ। ਇਨ੍ਹਾਂ ਚੋਣਾਂ ਵਿੱਚ ਮਮਤਾ ਆਪਣੀ ਸੀਟ ਵੀ ਹਾਰ ਗਈ ਹੈ। ਮਮਤਾ ਬੈਨਰਜੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਬੰਗਾਲ ਵਿਧਾਨ ਸਭਾ ਦੀਆਂ 100 ਸੀਟਾਂ ਉਸ ਤੋਂ ਜ਼ਬਰਦਸਤੀ ਖੋਹੀਆਂ ਗਈਆਂ ਹਨ। ਇਸ ਵਿੱਚ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਹੇਰਾ-ਫੇਰੀ ਦੀ ਭੂਮਿਕਾ ਵੀ ਸ਼ਾਮਲ ਹੈ।
ਉਂਝ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਆਪਣੇ ਬਿਆਨ ਦੇ ਪੱਖ ਵਿੱਚ ਸਬੂਤ ਦੇਣ ਵਿੱਚ ਅਸਫਲ ਰਹੀ। ਮਮਤਾ ਨੇ ਆਪਣੇ ਬਿਆਨ ਵਿੱਚ ਕਿਹਾ, “ਮੈਂ ਅਸਤੀਫਾ ਨਹੀਂ ਦੇਵਾਂਗੀ, ਅਸੀਂ ਅਧਿਕਾਰਤ ਤੌਰ ‘ਤੇ ਹਾਰੇ ਨਹੀਂ ਹਾਂ। ਸਗੋਂ ਇਖਲਾਕੀ ਤੌਰ ‘ਤੇ ਇਹ ਚੋਣ ਅਸੀਂ ਜਿੱਤੀ ਹੈ।” ਪੱਛਮੀ ਬੰਗਾਲ ਦੇ ਮੁੱਖ ਚੋਣ ਕਮਿਸ਼ਨ ਨੇ ਇਸ ਬਿਆਨ ਦੇ ਪ੍ਰਤੀਕਰਮ ਵਿੱਚ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਹਨ। ਆਗੂ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ, “ਸਾਰਾ ਕੁਝ ਸਵਿੰਧਾਨ ਵਿੱਚ ਮੌਜੂਦ ਹੈ। ਸੰਵਿਧਾਨਕ ਤੌਰ ‘ਤੇ ਬੰਗਾਲ ਦਾ ਰਾਜਪਾਲ ਮਮਤਾ ਬੈਨਰਜੀ ਦਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਮੰਗ ਸਕਦਾ ਹੈ ਜਾਂ ਉਸ ਦੀ ਸਮਾਂ ਸੀਮਾਂ ਖਤਮ ਹੋਣ ਦੀ ਉਡੀਕ ਕਰ ਸਕਦਾ ਹੈ ਅਤੇ ਬਾਅਦ ਵਿੱਚ ਨਵੇਂ ਹਾਊਸ ਨੂੰ ਸਹੁੰ ਚੁਕਾਈ ਜਾ ਸਕਦੀ ਹੈ।” ਮਮਤਾ ਬੈਨਰਜੀ ਦੀ ਮੁੱਖ ਮੰਤਰੀ ਵਜੋਂ ਟਰਮ ਵੀਰਵਾਰ ਨੂੰ ਖਤਮ ਹੋ ਜਾਵੇਗੀ। ਚੋਣਾਂ ਵਿੱਚ ਹਾਰਿਆ ਕੋਈ ਉਮੀਦਵਾਰ, ਭ੍ਰਿਸ਼ਟਾਚਾਰ, ਨੌਮੀਨੇਸ਼ਨ ਅਤੇ ਵੋਟਾਂ ਰਿਜੈਕਟ ਕਰਨ, ਕੈਂਡੀਡੇਟ ਦੀ ਡਿਸਕੁਆਲੀਫਿਕੇਸ਼ਨ, ਚੋਣ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਆਧਾਰ ‘ਤੇ ਅਦਾਲਤ ਵਿੱਚ ਵੀ ਜਾ ਸਕਦਾ ਹੈ। ਮਮਤਾ ਕੋਲ ਵੀ ਇਹ ਰਾਹ ਖੁੱਲ੍ਹਾ ਹੈ। ਮਮਤਾ ਬੈਨਰਜੀ ਨੇ ਹਾਲੇ ਤੱਕ ਇਹ ਨਹੀਂ ਦੱਸਿਆ ਕਿ ਉਹ ਅਦਾਲਤ ਦਾ ਰਾਹ ਅਖਤਿਆਰ ਕਰਨਗੇ ਜਾਂ ਨਹੀਂ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਹਾਰ ਤੋਂ ਬਾਅਦ ‘ਇੰਡੀਆ’ ਗੱਠਜੋੜ ਦੇ ਲੀਡਰਾਂ ਨੂੰ ਵੀ ਮਿਲੀ ਹੈ। ਮਮਤਾ ਦਾ ਜੁਝਾਰੂ ਕਿਸਮ ਦਾ ਵਿਰਸਾ ਹੋਣ ਕਾਰਨ ਇਸ ਕਿਸਮ ਦੇ ਸੰਸੇ ਵੀ ਪ੍ਰਗਟ ਕੀਤੇ ਜਾ ਰਹੇ ਹਨ ਕਿ ਉਹ ਚੋਣ ਕਮਿਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਕਥਿਤ ਧਾਂਦਲੀਆਂ ਖਿਲਾਫ ਇੱਕ ਜਨਤਕ ਵਿਰੋਧ ਖੜ੍ਹਾ ਕਰਨ ਵੱਲ ਵੀ ਤੁਰ ਸਕਦੇ ਹਨ, ਭਾਵੇਂ ਕਿ ਉਨ੍ਹਾਂ ਦੀ ਉਮਰ ਇਸ ਰਾਹ ਵਿੱਚ ਅੜਿੱਕਾ ਬਣ ਸਕਦੀ ਹੈ। ਦੇਸ਼ ਦੀਆਂ ਸੈਕੂਲਰ ਸਿਆਸੀ ਧਿਰਾਂ ਹੁਣ ਇਹ ਮਹਿਸੂਸ ਕਰਨ ਲਗੀਆਂ ਹਨ ਕਿ ਸੜਕਾਂ ‘ਤੇ ਇੱਕ ਵੱਡਾ ਅੰਦੋਲਨ ਖੜਾ ਕਰਨ ਤੋਂ ਬਗੈਰ ਗੁਜ਼ਾਰਾ ਨਹੀਂ ਹੈ। ਯਾਦ ਰਹੇ, ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਅਤੇ ਚੋਣ ਕਮਿਸ਼ਨ ਸਮੇਤ ਬਹੁਤ ਸਾਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਆਪਣੇ ਅਧੀਨ ਕਰ ਲਿਆ ਹੈ। ਇਸ ਨਾਲ ਘੱਟ ਗਿਣਤੀਆਂ ਦੇ ਕਤਲੇਆਮਾਂ ਦੇ ਆਧਾਰ ‘ਤੇ ਇੱਕ ਵਿਆਪਕ ‘ਫਾਸ਼ੀ’ ਸਿਆਸਤ ਖੜ੍ਹੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ‘ਇੰਡੀਆ’ ਗੱਠਜੋੜ ਨੂੰ ਜੇ ਵਿਰੋਧੀ ਧਿਰਾਂ ਪੁਨਰ ਸੁਰਜੀਤ ਕਰ ਲੈਂਦੀਆਂ ਹਨ ਤਾਂ ਉਨ੍ਹਾਂ ਨੂੰ ਮਮਤਾ ਬੈਨਰਜੀ ਵਰਗੀ ਵਿਆਪਕ ਜਨਤਕ ਅਪੀਲ ਵਾਲੀ ਲੀਡਰਸ਼ਿਪ ਮਿਲ ਸਕਦੀ ਹੈ।
