ਗੁਰਦੁਆਰਾ ਪੈਲਾਟਾਈਨ ਘਟਨਾਕ੍ਰਮ: ਕੁਝ ਖਾਲਿਸਤਾਨੀਆਂ ਕਾਰਨ ਤਲਖੀ ਵਾਲਾ ਮਾਹੌਲ ਬਣਿਆ

ਖਬਰਾਂ ਵਿਚਾਰ-ਵਟਾਂਦਰਾ

*ਕੌਂਸਲ ਜਨਰਲ ਦੀ ਗੁਰੂਘਰ ਫੇਰੀ ਮੌਕੇ ਕੁਝ ਖਾਲਿਸਤਾਨੀਆਂ ਵੱਲੋਂ ਵਿਰੋਧ
*‘ਖਾਲਿਸਤਾਨ ਜ਼ਿੰਦਾਬਾਦ’ ਤੇ ‘ਖਾਲਿਸਤਾਨ ਮੁਰਦਾਬਾਦ’ ਦੇ ਨਾਅਰੇ ਗੂੰਜੇ
ਕੁਲਜੀਤ ਸਿੰਘ
ਸ਼ਿਕਾਗੋ: ਲੰਘੇ ਐਤਵਾਰ ਸਵੇਰੇ ਸਾਢੇ ਗਿਆਰਾਂ ਵਜੇ ਤੋਂ ਬਾਰ੍ਹਾਂ ਵਜੇ ਦਰਮਿਆਨ ਉਸ ਸਮੇਂ ਤਲਖੀ ਵਾਲਾ ਮਾਹੌਲ ਬਣ ਗਿਆ ਸੀ, ਜਦੋਂ ਕੁਝ ਖਾਲਿਸਤਾਨੀਆਂ ਨੇ ਭਾਰਤੀ ਕੌਂਸਲ ਜਨਰਲ ਦੀ ਗੁਰਦੁਆਰਾ ਪੈਲਾਟਾਈਨ ਵਿਖੇ ਆਮਦ ਦਾ ਵਿਰੋਧ ਕੀਤਾ। ਨੇੜਲੀ ਸਟੇਟ ਇੰਡੀਆਨਾ ਤੋਂ ਆਏ ਇੱਕ ਗਰਮਖਿਆਲੀ ਨੇ ਤਾਂ ਗੁਰੂਘਰ ਦੇ ਅਹਾਤੇ ਅੰਦਰ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ ਅਤੇ ਭਾਰਤ ਵਿੱਚ ਹੋਏ 1984 ਦੇ ਸਿੱਖ ਕਤਲੇਆਮ ਦੇ ਰੋਸ ਦੇ ਬਹਾਨੇ ਕੌਂਸਲ ਜਨਰਲ ਦੀ ਗੁਰੂਘਰ ਫੇਰੀ `ਤੇ ਇਤਰਾਜ਼ ਪ੍ਰਗਟਾਇਆ। ਇਸ ਮੌਕੇ ਕੌਂਸਲ ਜਨਰਲ ਸੋਮਨਾਥ ਘੋਸ਼ ਨਾਲ ਵਿਸਕਾਨਸਿਨ ਤੋਂ ਉਘੇ ਸਿੱਖ ਬਿਜਨਸਮੈਨ ਦਰਸ਼ਨ ਸਿੰਘ ਧਾਲੀਵਾਲ ਅਤੇ ਹੋਰ ਪਤਵੰਤੇ ਵੀ ਸਨ।

ਸਥਿਤੀ ਉਦੋਂ ਹੋਰ ਵੀ ਤਲਖ ਭਰਪੂਰ ਹੋ ਗਈ ਸੀ, ਜਦੋਂ ਖਾਲਿਸਤਾਨੀ ਪੱਖੀਆਂ ਦੀ ਇਸ ਹਰਕਤ ਨਾਲ ਨਜਿੱਠਦਿਆਂ ਕੌਂਸਲ ਜਨਰਲ ਦੇ ਹੱਕ ਵਿੱਚ ਆਏ ਭਾਈਚਾਰੇ ਦੇ ਸੱਜਣਾਂ ਨੇ ‘ਖਾਲਿਸਤਾਨ ਮੁਰਦਾਬਾਦ’ ਦੇ ਨਾਅਰੇ ਲਾ ਕੇ ਮੋੜਵਾਂ ਜਵਾਬ ਦਿੱਤਾ। ਸਥਿਤੀ ਤਾਂ ਦੋਹਾਂ ਧਿਰਾਂ ਦਰਮਿਆਨ ਹੱਥੋਪਾਈ ਹੋ ਜਾਣ ਤੱਕ ਪੁੱਜ ਜਾਣੀ ਸੀ, ਪਰ ਗੁਰਦੁਆਰਾ ਪ੍ਰਬੰਧਨ ਨਾਲ ਜੁੜੀਆਂ ਕੁਝ ਸ਼ਖਸੀਅਤਾਂ ਅਤੇ ਸੰਗਤ ਦੇ ਕੁਝ ਮੈਂਬਰਾਂ ਨੇ ਮੌਕੇ ਦੀ ਨਜ਼ਾਕਤ ਨੂੰ ਕਾਬੂ ਹੇਠ ਲਿਆਉਣ ਲਈ, ਖਾਸ ਕਰ ਗੁਰਦੁਆਰਾ ਅਹਾਤੇ ਵਿੱਚ ਖਲਲ ਪਾ ਰਹੀ ਖਾਲਿਸਤਾਨੀ ਧਿਰ ਨੂੰ ਸਮਝਾਅ-ਬੁਝਾਅ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪਹਿਲਾਂ ਸਥਾਨਕ ਭਾਈਚਾਰੇ ਦੇ ਲੋਕਾਂ ਨੇ ਖਾਲਿਸਤਾਨ ਪੱਖੀਆਂ ਨੂੰ ਅਜਿਹਾ ਨਾ ਕਰਨ ਤੋਂ ਰੋਕਿਆ ਵੀ ਸੀ ਅਤੇ ਇਸ ਗੱਲ ਦੀ ਦਲੀਲ ਦਿੱਤੀ ਸੀ ਕਿ ਗੁਰੂਘਰ ਵਿੱਚ ਮੱਥਾ ਟੇਕਣ ਕੋਈ ਵੀ ਆ ਸਕਦਾ ਹੈ। ਸਥਿਤੀ ਭਾਂਪਦਿਆਂ ਇਹ ਲੱਗ ਰਿਹਾ ਸੀ ਕਿ ਇੱਕ ਖਾਲਿਸਤਾਨ ਪੱਖੀ ਤਾਂ ਕੌਂਸਲ ਜਨਰਲ ਨਾਲ ਸਿੱਧੇ ਟਕਰਾਅ ਉਤੇ ਉਤਾਰੂ ਸੀ ਤੇ ਉਹ ਵਿਰੋਧ ਦੀ ਸੁਰ ਵਿੱਚ ਸਵਾਲ-ਜਵਾਬ ਲਈ ਬਜ਼ਿਦ ਸੀ।
ਦਿਲਚਸਪ ਪਹਿਲੂ ਇਹ ਸੀ ਕਿ ਗੁਰੂਘਰ ਦੇ ਅਹਾਤੇ ਵਿੱਚ ਸੱਜੀ ਬਾਂਹ ਚੁੱਕ ਕੇ ‘ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ’ ਲਾਉਣ ਵਾਲਾ ਗਰਮਖਿਆਲੀ ਸ਼ਖਸ ਸਿੱਖ ਰਿਲੀਜੀਅਸ ਸੁਸਾਇਟੀ ਸ਼ਿਕਾਗੋ ਯਾਨੀ ਗੁਰਦੁਆਰਾ ਪੈਲਾਟਾਈਨ ਦਾ ਮੈਂਬਰ ਵੀ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਬੰਧਨ ਨਾਲ ਜੁੜੇ ਕੁਝ ਹੋਰ ਲੋਕਾਂ ਨੇ ਇਹ ਮਾਹੌਲ ਪੈਦਾ ਕਰਨ ਵਾਲਿਆਂ ਦੀ ਇਸ ਹਰਕਤ ਨੂੰ ਗੰਭੀਰਤਾ ਨਾਲ ਲਿਆ ਹੈ। ਸੰਗਤ ਵਿੱਚ ਗੱਲ ਤਾਂ ਇਹ ਵੀ ਛਿੜ ਪਈ ਸੀ ਕਿ ਦੂਜੀ ਥਾਂ ਤੋਂ ਆ ਕੇ ਕਿਸੇ ਵੀ ਸ਼ਖਸ ਨੂੰ ਗੁਰਦੁਆਰਾ ਸਾਹਿਬ ਦਾ ਮਾਹੌਲ ਖਰਾਬ ਕਰਨ ਦਾ ਹੱਕ ਕਿਸ ਨੇ ਦਿੱਤਾ! ਇਸ ਮੌਕੇ ਸੰਗਤ ਦੇ ਕੁਝ ਮੈਂਬਰ ਪੁਲਿਸ ਨੂੰ ਬੁਲਾ ਕੇ ਗੁਰਦੁਆਰੇ ਵਿੱਚ ਨਾਅਰੇ ਲਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਰ ਰਹੇ ਸਨ।
ਸੂਤਰਾਂ ਅਨੁਸਾਰ ਕੌਂਸਲ ਜਨਰਲ ਦੀ ਪੈਲਾਟਾਈਨ ਗੁਰੂਘਰ ਫੇਰੀ ਦੀ ਭਿਣਕ ਇੱਕ ਦਿਨ ਪਹਿਲਾਂ ਹੀ ਲੱਗ ਜਾਣ ਪਿੱਛੋਂ ਕੁਝ ਖਾਲਿਸਤਾਨ ਪੱਖੀ ਹਰਕਤ ਵਿੱਚ ਆ ਗਏ ਸਨ ਅਤੇ ਉਨ੍ਹਾਂ ਨੇ ਇਸ ਦਾ ਵਿਰੋਧ ਦਬਵੀਂ ਸੁਰ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਨੁਮਾਇੰਦਿਆਂ ਅਤੇ ਪ੍ਰਬੰਧਨ ਨਾਲ ਜੁੜੀਆਂ ਕੁਝ ਹੋਰ ਭਾਈਚਾਰਕ ਸ਼ਖਸੀਅਤਾਂ ਨੇ ਕਿਸੇ ਕਿਸਮ ਦੀ ਘਟਨਾ ਦੇ ਮੱਦੇਨਜ਼ਰ ਸਥਾਨਕ ਖਾਲਿਸਤਾਨ ਪੱਖੀ/ਗਰਮਖਿਆਲੀ ਕੁਝ ਲੋਕਾਂ ਨੂੰ ਕੌਂਸਲ ਜਨਰਲ ਦੀ ਗੁਰੂਘਰ ਫੇਰੀ ਮੌਕੇ ਤਹੱਮਲ ਵਿੱਚ ਰਹਿਣ ਤੇ ਭਾਈਚਾਰਕ ਇਤਫਾਕ ਬਣਾਈ ਰੱਖਣ ਲਈ ਕਿਹਾ ਸੀ; ਪਰ ਕੌਂਸਲ ਜਨਰਲ ਜਦੋਂ ਜੋੜੇ ਲਾਹ ਕੇ ਲੰਗਰ ਹਾਲ ਵੱਲ ਨੂੰ ਵਧ ਰਹੇ ਸਨ ਤਾਂ ਪਹਿਲਾਂ ਹੀ ਵਿਰੋਧ ਦੀ ਤਾਕ ਵਿੱਚ ਇਕੱਤਰ ਹੋਏ ਖਾਲਿਸਤਾਨੀਆਂ ਨੇ ਵਿਰੋਧ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਕੁਝ ਖਾਲਿਸਤਾਨੀ ਤਾਂ ਪਹਿਲਾਂ ਹੀ ਫੋਨ ਹੱਥਾਂ ਵਿੱਚ ਫੜ ਕੇ ਵੀਡੀਓ ਬਣਾਉਣ ਲੱਗ ਪਏ ਸਨ।
ਜਦੋਂ ਇਹ ਸਾਰਾ ਘਟਨਾਕ੍ਰਮ ਲੰਗਰ ਹਾਲ ਦੇ ਨਾਲ ਲੱਗਦੀ ਲਾਬੀ ਵਿੱਚ ਵਾਪਰਿਆ ਤਾਂ ਅਚਨਚੇਤ ਰੌਲਾ ਪੈ ਜਾਣ ਕਾਰਨ ਲੰਗਰ ਹਾਲ ਵਿੱਚ ਮੌਜੂਦ ਕੁਝ ਸੰਗਤ ਇੱਕ ਤਰ੍ਹਾਂ ਸਕਤੇ ਵਿੱਚ ਆ ਗਈ ਸੀ। ਜਿਉਂ ਜਿਉਂ ਸੰਗਤ ਨੂੰ ਮਾਮਲੇ ਦਾ ਪਤਾ ਲੱਗਦਾ ਗਿਆ, ਤਿਉਂ ਤਿਉਂ ਚਰਚਾਵਾਂ ਹੋਣ ਲੱਗ ਪਈਆਂ ਸਨ। ਬਹੁ-ਗਿਣਤੀ ਸੰਗਤ ਨੇ ਇਸ ਸਾਰੇ ਖਲਲਮਈ ਵਰਤਾਰੇ ਲਈ ਉਨ੍ਹਾਂ ਕਥਿਤ ਗਰਮਖਿਆਲੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਨ੍ਹਾਂ ਨੇ ਗੁਰੂਘਰ ਅੰਦਰ ਇਸ ਘਟਨਾਕ੍ਰਮ ਨੂੰ ਗਿਣ-ਮਿਥ ਕੇ ਅੰਜਾਮ ਦਿੱਤਾ। ਸਵਾਲ ਤਾਂ ਇਹ ਵੀ ਉਠ ਪਿਆ ਹੈ ਕਿ ਕੀ ਹੁਣ ਕਿਸੇ ਨੂੰ ਗੁਰੂਘਰ ਆਉਣ ਲਈ ਕਿਸੇ ਕਥਿਤ ਖਾਲਿਸਤਾਨੀ ਤੋਂ ਇਜਾਜ਼ਤ ਲੈਣੀ ਪਵੇਗੀ? ਜਾਂ ਕੀ ਗੁਰੂਘਰ ਵਿੱਚ ਕਿਸ ਨੂੰ ਆਉਣ ਦੇਣਾ ਹੈ ਜਾਂ ਕਿਸ ਨੂੰ ਨਹੀਂ, ਇਹ ਹੁਣ ਖਾਲਿਸਤਾਨੀ ਤੈਅ ਕਰਨਗੇ? ਇਸ ਤਰ੍ਹਾਂ ਦੇ ਕੁਝ ਹੋਰ ਸਵਾਲਾਂ ਦਾ ਸਿਲਸਿਲਾ ਵੀ ਇਸ ਘਟਨਾਕ੍ਰਮ ਉਪਰੰਤ ਛਿੜ ਪਿਆ ਸੀ। ਹਾਲਾਂਕਿ ਕਿਸੇ ਨੂੰ ਵੀ ਆਪਣੀ ਗੱਲ ਕਹਿਣ ਦਾ ਜਾਂ ਵਿਚਾਰਾਂ ਦੇ ਪ੍ਰਗਟਾਵੇ ਦਾ ਹੱਕ ਹੈ, ਬਸ਼ਰਤੇ ਇਸ ਨਾਲ ਭਾਈਚਾਰੇ ਵਿੱਚ ਦੁਫੇੜ ਨਾ ਪਵੇ ਅਤੇ ਨਾ ਹੀ ਮਾਹੌਲ ਇਸ ਤਰ੍ਹਾਂ ਸਿਰਜ ਹੋਵੇ ਕਿ ਸੰਗਤ ਅਸੁਖਾਵਾਂ ਮਹਿਸੂਸ ਕਰੇ; ਪਰ ਐਤਵਾਰ ਨੂੰ ਪੈਦਾ ਹੋਈ ਸਥਿਤੀ ਨੇ ਮਾਹੌਲ ਨੂੰ ਕੁਝ ਸਮੇਂ ਲਈ ਸਾਜ਼ਗਾਰ ਨਾ ਰਹਿਣ ਦਿੱਤਾ। ਇੱਕ ਸੱਜਣ ਨੇ ਤਾਂ ਇਸ ਸਥਿਤੀ ਨੂੰ ‘ਖਾਲਿਸਤਾਨੀਆਂ ਦੇ ਰੰਗ-ਤਮਾਸ਼ੇ’ ਦਾ ਨਾਂ ਦਿੱਤਾ ਹੈ। ਇੱਕ ਹੋਰ ਸੱਜਣ ਦਾ ਕਹਿਣਾ ਸੀ ਕਿ ਸਿੱਖ ਭਾਈਚਾਰੇ ਨੂੰ ਹੁਣ 1984 ਦੇ ਕਤਲੇਆਮ ਦੇ ਮੁੱਦੇ ਤੋਂ ਉਪਰ ਉਠਣਾ ਚਾਹੀਦਾ ਹੈ; ਜਦਕਿ ਇੱਕ ਹੋਰ ਸੰਗਤ ਮੈਂਬਰ ਦਾ ਕਹਿਣਾ ਸੀ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਵਿਰੋਧ ਤਾਂ ਜਾਇਜ਼ ਹੈ, ਪਰ ਜੋ ਉਦੋਂ ਨਾ ਦੋਸ਼ੀਆਂ `ਚ ਸਨ ਤੇ ਨਾ ਸਰਕਾਰ ਦੇ ਨੁਮਾਇੰਦੇ ਸਨ, ਉਨ੍ਹਾਂ ਦਾ ਗੁਰੂਘਰ ਆਇਆਂ ਦਾ ਵਿਰੋਧ ਕਰਨਾ ਕੋਈ ਸਿਆਣਪ ਵਾਲੀ ਗੱਲ ਨਹੀਂ। ਸੂਤਰਾਂ ਅਨੁਸਾਰ ਗੁਰੂਘਰ ਦੀ ਮਹੀਨਾਵਾਰ ਮੀਟਿੰਗ ਵਿੱਚ ਵੀ ਇਹ ਮੁੱਦਾ ਵਿਚਾਰੇ ਜਾਣ ਅਤੇ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਨਾਲ ਕਿਵੇਂ ਨਜਿੱਠਿਆ ਜਾਵੇ, ਸਬੰਧੀ ਗੰਭੀਰ ਵਿਚਾਰ ਹੋਣ ਦੀ ਸੰਭਾਵਨਾ ਹੈ।
ਬਾਅਦ ਵਿੱਚ ਜਦੋਂ ਚਾਹ-ਪਾਣੀ ਛਕ ਕੇ ਕੌਂਸਲ ਜਨਰਲ ਦਰਬਾਰ ਹਾਲ ਵਿੱਚ ਗਏ ਤਾਂ ਉਥੇ ਵੀ ਕੁਝ ਖਾਲਿਸਤਾਨੀ ਅਸਹਿਜ ਅਵਸਥਾ ਵਿੱਚ ਨਜ਼ਰ ਆਏ। ਇੱਥੋਂ ਤੱਕ ਕੇ ਇੱਕ ਖਾਲਿਸਤਾਨ ਪੱਖੀ ਸ਼ਖਸ ਨੂੰ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਧਾਰਮਿਕ ਸਕੱਤਰ ਨੇ ਦਰਬਾਰ ਹਾਲ ਵਿੱਚ ਹੀ ਨਾਲ ਦੇ ਪਾਠ ਵਾਲੇ ਕਮਰੇ ਵਿੱਚ ਸੱਦ ਕੇ ਉਸ ਨਾਲ ਕੁਝ ਗੱਲਬਾਤ ਵੀ ਕੀਤੀ। ਉਂਜ ਸੰਗਤ ਨੇ ਇਸ ਦ੍ਰਿਸ਼ ਨੂੰ ਭਾਂਪ ਲਿਆ ਸੀ ਕਿ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ! ਉਦੋਂ ਗੁਰੂਘਰ ਦੇ ਹੈੱਡ ਗ੍ਰੰਥੀ ਭਾਈ ਲਖਵਿੰਦਰ ਸਿੰਘ ਸਿੱਖ ਇਹਿਤਾਸ ਸ਼੍ਰਵਣ ਕਰਵਾ ਰਹੇ ਸਨ। ਕੌਂਸਲ ਜਨਰਲ ਅਤੇ ਸ. ਧਾਲੀਵਾਲ ਤੇ ਹੋਰਨਾਂ ਵੱਲੋਂ ਮੱਥਾ ਟੇਕ ਕੇ ਸਟੇਜ ਦੇ ਮੂਹਰੇ ਬੈਠ ਜਾਣ ਸਮੇਂ ਦੌਰਾਨ ਵੀ ਕੁਝ ਹਲਚਲ ਜਿਹੀ ਹੋਣ ਲੱਗ ਪਈ ਸੀ।
ਕਥਾ ਦੀ ਸਮਾਪਤੀ ਉਪਰੰਤ ਗੁਰੂਘਰ ਦੇ ਧਾਰਮਿਕ ਸਕੱਤਰ ਸਤਿੰਦਰ ਸਿੰਘ ਬ੍ਰਹਮ ਨੇ ਦਰਸ਼ਨ ਸਿੰਘ ਧਾਲੀਵਾਲ ਦਾ ਸਵਾਗਤ ਕਰਦਿਆਂ ਉਨ੍ਹਾਂ ਵੱਲੋਂ ਗੁਰਦੁਆਰਾ ਪੈਲਾਟਾਈਨ ਨੂੰ ਪ੍ਰਦਾਨ ਕੀਤੀਆਂ ਵਿੱਤੀ ਸੇਵਾਵਾਂ ਅਤੇ ਕੌਂਸਲ ਜਨਰਲ ਸ੍ਰੀ ਘੋਸ਼ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਕੌਂਸਲੇਟ ਵਿੱਚ ਸੇਵਾਵਾਂ ਨਿਭਾਏ ਜਾਣ ਦੀ ਜਾਣਕਾਰੀ ਦਿੱਤੀ ਤੇ ਸਟੇਜ ਤੋਂ ਸੰਗਤ ਨਾਲ ਕੁਝ ਸ਼ਬਦ ਸਾਂਝੇ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਬੋਲਦਿਆਂ ਕੌਂਸਲ ਜਨਰਲ ਨੇ ਸਿੱਖਾਂ ਤੇ ਪੰਜਾਬੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਕਥਾ ਸੁਣ ਕੇ ਹੈਰਾਨੀ ਹੋਈ ਕਿ ਸਿੱਖ ਭਾਈਚਾਰੇ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ! ਉਨ੍ਹਾਂ ਕਿਹਾ ਕਿ ਉਹ ਇੱਥੇ ਆਉਣ ਤੋਂ ਪਹਿਲਾਂ ਭਾਰਤ ਦੇ ਸੁਰੱਖਿਆ ਮੰਤਰਾਲੇ ਵਿੱਚ ਸਨ ਅਤੇ ਉੱਥੇ ਸਿੱਖ ਭਾਈਚਾਰੇ ਨੂੰ ਫੌਜ, ਸੁਰੱਖਿਆ ਬਲਾਂ ਅਤੇ ਹੋਰ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਮੋਹਰੀ ਹੋ ਕੇ ਸੇਵਾਵਾਂ ਪ੍ਰਦਾਨ ਕਰਦਿਆਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹੋਣ ਦੇ ਨਾਤੇ ਸਾਨੂੰ ਇੱਕ ਦੂਜੇ ਨਾਲ ਖੜ੍ਹਨਾ ਚਾਹੀਦਾ ਹੈ। ਇਸ ਮੌਕੇ ਕੌਂਸਲ ਜਨਰਲ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਭਾਰਤ ਸਰਕਾਰ ਵੱਲੋਂ ਛਾਪੀ ਗਈ ਇੱਕ ਵੱਡ-ਆਕਾਰੀ ਕਿਤਾਬ ਗੁਰੂਘਰ ਨੂੰ ਭੇਟ ਕੀਤੀ।
ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਮੁਲਤਾਨੀ ਨੇ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਦੇ ਹਵਾਲੇ ਨਾਲ ਕੌਂਸਲ ਜਨਰਲ ਦਾ ਸਵਾਗਤ ਕਰਦਿਆਂ ਕਿਹਾ ਕਿ ਜੇ ਕੋਈ ਅਹੁਦੇ ਦਾ ਮਾਣ ਇੱਕ ਪਾਸੇ ਕਰ ਕੇ ਗੁਰੂਘਰ ਆ ਜਾਂਦਾ ਹੈ ਤਾਂ ਸਾਨੂੰ ਉਸ ਦਾ ਸਵਾਗਤ ਕਰਨਾ ਚਾਹੀਦਾ ਹੈ। ਉਨ੍ਹਾਂ ਆਪਣੀ ਤਕਰੀਰ ਦੌਰਾਨ ਹੇਠਾਂ ਲਾਬੀ ਵਿੱਚ ਵਾਪਰੇ ਘਟਨਾਕ੍ਰਮ `ਤੇ ਅਫ਼ਸੋਸ ਪ੍ਰਗਟਾਇਆ ਅਤੇ ਕਿਹਾ ਕਿ ਆਪਾਂ ਐਕਟ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਗੁਰੂ (ਗੁਰੂ ਗ੍ਰੰਥ ਸਾਹਿਬ) ਦੀ ਬੇਅਦਬੀ ਨਹੀਂ ਹੋਣੀ ਚਾਹੀਦੀ, ਪਰ ਜੇ ਅਸੀਂ ਗੁਰੂਘਰ ਆ ਕੇ ਉਚੀ ਆਵਾਜ਼ ਵਿੱਚ ਗਲਤ ਲਫ਼ਜ਼ ਬੋਲਦੇ ਹਾਂ ਤਾਂ ਅਸੀਂ ਆਪ ਹੀ ਵੱਡੇ ਭਾਗੀ ਹਾਂ ਬੇਅਦਬੀ ਕਰਨ ਦੇ। ਇਸ ਮੌਕੇ ਸ. ਮੁਲਤਾਨੀ ਨੇ ਦੱਸਿਆ ਕਿ ਜਿਹੜੇ ਲੋਕ ਅਮਰੀਕੀ ਸਿਟੀਜ਼ਨ ਹੋ ਗਏ ਸਨ, ਪਰ ਉਨ੍ਹਾਂ ਦੇ ਭਾਰਤੀ ਪਾਸਪੋਰਟ ਰੱਦ ਨਹੀਂ ਸਨ ਹੋਏ ਤੇ ਉਨ੍ਹਾਂ ਨੂੰ ਭਾਰਤ ਜਾਣ ਸਮੇਂ ਸਮੱਸਿਆ ਆਈ ਸੀ ਤਾਂ ਕੌਂਸਲੇਟ ਦੀ ਟੀਮ ਨੇ ਉਸ ਮੌਕੇ ਕਾਫੀ ਸਹਿਯੋਗ ਕੀਤਾ ਸੀ। ਸ. ਮੁਲਤਾਨੀ ਨੇ ਦਰਸ਼ਨ ਸਿੰਘ ਧਾਲੀਵਾਲ ਵੱਲੋਂ ਸਮੇਂ ਸਮੇਂ ਗੁਰਦੁਆਰਾ ਪੈਲਾਟਾਈਨ ਨੂੰ ਦਿੱਤੇ ਵਿੱਤੀ ਸਹਿਯੋਗ ਦਾ ਵੇਰਵਾ ਸੰਗਤ ਨਾਲ ਸਾਂਝਾ ਕੀਤਾ। ਉਨ੍ਹਾਂ ਅਸਿੱਧੇ ਤੌਰ `ਤੇ ਖਾਲਿਸਤਾਨੀਆਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਨਿੰਦਦਿਆਂ ਕਿਹਾ ਕਿ ਜੇ ਕੋਈ ਸੇਵਾਦਾਰ ਨਿਮਾਣਾ ਬਣ ਕੇ ਗੁਰੂਘਰ ਆ ਗਿਆ ਹੈ ਤਾਂ ਅਸੀਂ ਉਸ ਨੂੰ ਬੇਇੱਜ਼ਤੀ ਮਹਿਸੂਸ ਕਰਵਾਈਏ, ਤਾਂ ਇਹ ਠੀਕ ਨਹੀਂ ਹੈ। ਇਸ ਮੌਕੇ ਗੁਰੂਘਰ ਦੀ ਤਰਫੋਂ ਕੌਂਸਲ ਜਨਰਲ ਤੇ ਸ. ਧਾਲੀਵਾਲ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ।
ਬਾਅਦ ਵਿੱਚ ਕੌਂਸਲ ਜਨਰਲ ਨੂੰ ਸਿਰੋਪਾਓ ਦੇਣ ਉਤੇ ਵੀ ਕੁਝ ਖਾਲਿਸਤਾਨੀਆਂ ਨੇ ਇਤਰਾਜ਼ ਪ੍ਰਗਟਾਇਆ ਅਤੇ ਦਲੀਲ ਦਿੱਤੀ ਕਿ ਪਿਛਲੇ ਸਾਲਾਂ ਦੌਰਾਨ ਅਜਿਹਾ ਨਹੀਂ ਸੀ ਹੋਇਆ। ਗੁਰੂਘਰ ਦੇ ਪ੍ਰਬੰਧ ਨਾਲ ਜੁੜੇ ਤੇ ਖਾਲਿਸਤਾਨੀ ਹਮਾਇਤੀ ਇੱਕ ਸੱਜਣ ਦੀ ਦਲੀਲ ਸੀ ਕਿ ਜਦੋਂ 1984 ਦੀ ਸਿੱਖ ਨਸਲਕੁਸ਼ੀ ਦੇ ਰੋਸ ਵਜੋਂ ਸ਼ਿਕਾਗੋ ਵਿੱਚ ਭਾਰਤੀ ਕੌਂਸਲੇਟ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਜਾਂਦਾ ਹੈ ਤਾਂ ਕੋਈ ਵੀ ਭਾਰਤੀ ਨੁਮਾਇੰਦਾ ਰੋਸ-ਪੱਤਰ ਲੈਣ ਬਾਹਰ ਨਹੀਂ ਆਉਂਦਾ। ਖ਼ੈਰ! ਇਸ ਸਭ ਦੇ ਮੱਦੇਨਜ਼ਰ ਕਸ਼ਮਕਸ਼ ਬਣੀ ਰਹੀ ਅਤੇ ਬਹੁ-ਗਿਣਤੀ ਸੰਗਤ ਵੱਲੋਂ ਲੰਮਾ ਸਮਾਂ ਇਹ ਮਸਲਾ ਰਿੜਕਿਆ ਗਿਆ; ਇੱਥੋਂ ਤੱਕ ਕਿ ਇਸ ਨਾਲ ਜੁੜੇ ਪੱਖਾਂ ਉਤੇ ਟੀਕਾ-ਟਿੱਪਣੀਆਂ ਹੁਣ ਵੀ ਨਿਰੰਤਰ ਜਾਰੀ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲੰਘੀ 10 ਮਈ ਨੂੰ ਸ਼ਿਕਾਗੋ ਦੇ ‘ਆਲਸਟੇਟ ਅਰੀਨਾ’ ਵਿੱਚ ਹੋਏ ਗਾਇਕ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਵੀ ਕੁਝ ਅਖੌਤੀ ਖਾਲਿਸਤਾਨੀਆਂ ਨੇ ਉਸ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਸੀ। ਉਦੋਂ ਖਾਲਿਸਤਾਨੀਆਂ ਨੇ ਖਾਲਿਸਤਾਨ ਦੇ ਬੈਨਰ, ਜਿਨ੍ਹਾਂ ਉਤੇ ਖੰਡੇ ਦਾ ਨਿਸ਼ਾਨ ਵੀ ਸੀ, ਫੜ ਕੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ ਸੀ। ਇਸ ਨਾਲ ਦਿਲਜੀਤ ਦੋਸਾਂਝ ਨੂੰ ਕੋਈ ਫਰਕ ਪਿਆ ਜਾਂ ਨਹੀਂ, ਪਰ ‘ਖੰਡਾ ਲੱਗੇ ਖਾਲਿਸਤਾਨੀ ਬੈਨਰਾਂ’ ਕਾਰਨ ਸਿੱਖ ਭਾਈਚਾਰੇ ਵਿੱਚ ਇਹ ਸਵਾਲ ਜ਼ਰੂਰ ਉਠੇ ਸਨ ਕਿ ਅੰਮ੍ਰਿਤਧਾਰੀ ਹੋ ਕੇ ਕੁਝ ਕਥਿਤ ਖਾਲਿਸਤਾਨੀ ਇੰਜ ਗਾਲ੍ਹ-ਮੰਦਾ ਕਰਨ ਤੋਂ ਗੁਰੇਜ ਕਿਉਂ ਨਹੀਂ ਕਰ ਰਹੇ? ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋਣ ਪਿਛੋਂ ਤਾਂ ਸੰਜੀਦਾ ਸਿੱਖ ਭਾਈਚਾਰੇ ਵਿੱਚ ਖਾਲਿਸਤਾਨੀਆਂ ਵੱਲੋਂ ਵਰਤੀ ਗਈ ਸ਼ਬਦਾਵਲੀ ਉਤੇ ਰੰਜ ਪ੍ਰਗਟਾਇਆ ਗਿਆ ਅਤੇ ਅਫਸੋਸ ਜ਼ਾਹਰ ਕੀਤਾ ਗਿਆ ਕਿ ਕੁਝ ਕੁ ਅਖੌਤੀ ਖਾਲਿਸਤਾਨੀਆਂ ਕਾਰਨ ਬਹੁ-ਗਿਣਤੀ ਸਿੱਖਾਂ ਨੂੰ ਠੇਸ ਪਹੁੰਚੀ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਵਿੱਚ ਹੋਏ ਕਿਸਾਨ ਅੰਦੋਲਨ ਦੌਰਾਨ ਜਦੋਂ ਸ਼ਿਕਾਗੋ ਵਿੱਚ ਕਿਸਾਨਾਂ ਦੀ ਹਮਾਇਤ ਵਿੱਚ ਰੈਲੀ ਕੀਤੀ ਗਈ ਸੀ, ਉਦੋਂ ਵੀ ਕੁਝ ਕਥਿਤ ਖਾਲਿਸਤਾਨੀਆਂ ਨੇ ਕਿਸਾਨ ਮੁੱਦਾ ਪਿੱਛੇ ਛੱਡ ਕੇ ਖਾਲਿਸਤਾਨ ਏਜੰਡੇ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਸੀ।

Leave a Reply

Your email address will not be published. Required fields are marked *