*ਦੂਜੀ ਤੇਲ ਪਾਈਪਲਾਈਨ ਦੇ ਮਾਮਲੇ ਵਿੱਚ ਸਮਝੌਤੇ ਦੇ ਆਸਾਰ
*ਇਰਾਨ ਅਤੇ ਯੂਕਰੇਨ ਜੰਗ ਦੇ ਮਾਮਲੇ ਵੀ ਵਿਚਾਰ ਅਧੀਨ
ਜਸਵੀਰ ਸਿੰਘ ਸ਼ੀਰੀ
ਅਮਰੀਕੀ ਸਦਰ ਡੋਨਾਲਡ ਟਰੰਪ ਦੀ ਚੀਨੀ ਫੇਰੀ ਤੋਂ ਬਾਅਦ ਬੀਤੇ ਮੰਗਲਵਾਰ ਤੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀ ਚੀਨ ਦੀ ਦੋ ਦਿਨਾ ਫੇਰੀ ‘ਤੇ ਗਏ। ਰੂਸ ਅਤੇ ਚੀਨ ਭਾਵੇਂ ਪਹਿਲਾਂ ਹੀ ਇੱਕ ਦੂਜੇ ਦੇ ਨਜ਼ਦੀਕ ਹਨ, ਪਰ ਪੂਤਿਨ ਦੀ ਤਾਜ਼ਾ ਫੇਰੀ ਨੂੰ ਇਸ ਕਾਰਕੇ ਵੀ ਵੱਧ ਮਹੱਤਵ ਦਿੱਤਾ ਜਾ ਰਿਹਾ ਹੈ, ਕਿਉਂਕਿ ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੀਨ ਫੇਰੀ ਤੋਂ ਇਕਦਮ ਬਾਅਦ ਆਯੋਜਤ ਕੀਤੀ ਗਈ ਹੈ।
ਵਿਚਾਰਧਾਰਕ ਵਖਰੇਵੇਂ, ਤਾਈਵਾਨ ਅਤੇ ਇਰਾਨ ਜੰਗ ਦੇ ਮਾਮਲੇ ਨੂੰ ਲੈ ਕੇ ਭਾਵੇਂ ਅਮਰੀਕੀ ਅਤੇ ਚੀਨੀ ਰਾਸ਼ਟਰਪਤੀਆਂ ਵਿਚਕਾਰ ਬਹੁਤੇ ਨਜ਼ਦੀਕੀ ਸੰਬੰਧ ਪੈਦਾ ਨਹੀਂ ਹੋ ਸਕੇ, ਪਰ ਅਮਰੀਕੀ ਰਾਸ਼ਟਰਪਤੀ ਨੇ ਵਾਪਸ ਪਰਤਣ ਤੋਂ ਬਾਅਦ ਇਹ ਜ਼ਰੂਰ ਕਿਹਾ ਕਿ ਦੋਨੋ ਮੁਲਕਾਂ ਨੇ ਵੱਡੇ ਆਰਥਕ ਸਮਝੌਤੇ ਕੀਤੇ ਹਨ, ਤਾਂ ਵੀ ਇਨ੍ਹਾਂ ਸਮਝੌਤਿਆਂ ਸੰਬੰਧੀ ਕੋਈ ਲਿਖਤੀ ਵਸਥਾਰਾ ਸਾਹਮਣੇ ਨਹੀਂ ਆਇਆ, ਨਾ ਹੀ ਦੋਹਾਂ ਦੇਸ਼ਾਂ ਦੇ ਮੁਖੀਆਂ ਵੱਲੋਂ ਕੋਈ ਲਿਖਤੀ ਸਮਝੌਤਾ ਸਹੀਬੰਦ ਕੀਤਾ ਗਿਆ ਹੈ।
ਚੀਨੀ ਰਾਸ਼ਟਰਪਤੀ ਦੀਆਂ ਤਾਈਵਾਨ ਅਤੇ ਇਰਾਨ ਜੰਗ ਨੂੰ ਲੈ ਕੇ ਟਰੰਪ ਨੂੰ ਦਿੱਤੀਆਂ ਗਈਆਂ ਚਿਤਾਵਨੀਆਂ ਜ਼ਰੂਰ ਸਾਹਮਣੇ ਆਈਆਂ ਹਨ। ਇਹ ਗੱਲ ਵੱਖਰੀ ਹੈ ਕਿ ਡੋਨਾਲਡ ਟਰੰਪ ਆਪਣੀ ਚੀਨੀ ਫੇਰੀ ਵੇਲੇ 17 ਕਾਰਪੋਰੇਟ ਮੁਖੀਆਂ ਨੂੰ ਆਪਣੇ ਨਾਲ ਲੈ ਕੇ ਗਿਆ ਸੀ। ਇਸ ਤੋਂ ਪਤਾ ਲਗਦਾ ਹੈ ਘੱਟੋ ਘੱਟ ਆਰਥਿਕ ਖੇਤਰ ਵਿੱਚ ਟਰੰਪ ਨੂੰ ਚੀਨ ਨਾਲ ਵੱਡੇ ਸਮਝੌਤੇ ਸਹੀਬੰਦ ਹੋਣ ਦੀ ਆਸ ਸੀ।
ਜਿੱਥੋਂ ਤੱਕ ਪੁਤਿਨ ਦਾ ਮਾਮਲਾ ਹੈ, ਭਾਵੇ ਟਰੰਪ ਵਾਂਗ ਹੀ ਚੀਨ ਨੇ ਰੂਸੀ ਰਾਸ਼ਟਰਪਤੀ ਲਈ ਵੀ ਰੈਡ ਕਾਰਪੇਟ ਵਿਛਾਇਆ ਤੇ ਦੋਹਾਂ ਨਾਲ ਲਗਪਗ ਇੱਕੋ ਜਿਹਾ ਵਿਹਾਰ ਕੀਤਾ, ਪਰ ਰੂਸੀ ਰਾਸ਼ਟਰਪਤੀ ਨਾਲ ਚੀਨ ਵੱਲੋਂ ਕੋਈ ਵੱਡੀ ਸੈਟਿੰਗ ਕੀਤੇ ਜਾਣ ਦੀ ਆਸ ਹੈ। ਆਰਥਿਕ ਅਤੇ ਫੌਜੀ ਮਾਮਲਿਆਂ ਵਿੱਚ ਦੋਨੋ ਮੁਲਕ ਪਹਿਲਾਂ ਹੀ ਇੱਕ ਦੂਜੇ ਦੇ ਨਜ਼ਦੀਕ ਹਨ ਅਤੇ ਦੋਹਾਂ ਵਿਚਕਾਰ ਪਹਿਲਾਂ ਹੀ ਰਣਨੀਤਿਕ ਭਾਈਵਾਲੀ ਦਾ ਸਮਝੌਤਾ ਸਹੀਬੰਦ ਹੋਇਆ ਵਿਆ ਹੈ। ਫਿਰ ਵੀ ਮੌਜੂਦਾ ਕੌਮਾਂਤਰੀ ਹਾਲਤਾਂ ਦੇ ਮਦੇਨਜ਼ਰ ਦੋਹਾਂ ਮੁਲਕਾਂ ਦੇ ਇੱਕ ਦੂਜੇ ਦੇ ਹੋਰ ਨਜ਼ਦੀਕ ਖਿਸਕਣ ਦੀ ਆਸ ਬਣੀ ਹੋਈ ਹੈ। ਚੈਨਲ ਸੀ.ਐਨ.ਬੀ.ਸੀ. ਅਨੁਸਾਰ ਰੂਸ ਊਰਜਾ, ਟਰੇਡ ਅਤੇ ਰਾਜਨੀਤਿਕ ਹਮਾਇਤ ਦੇ ਮਾਮਲੇ ਵਿੱਚ ਚੀਨ ਤੋਂ ਹੋਰ ਵਧੇਰੇ ਆਸ ਰੱਖਦਾ ਹੈ। ਊਰਜਾ ਦੇ ਮਾਮਲੇ ਵਿੱਚ ਰੂਸ ਨੇ ਚੀਨ ਵੱਲ ਐਕਸਪੋਰਟ ਲਈ ਪਹਿਲਾਂ ਮੰਗੋਲੀਆ ਰਾਹੀਂ ਇੱਕ ਪਾਈਪ ਲਾਈਨ ਵਿਛਾਈ ਹੋਈ ਹੈ ਅਤੇ ਚੀਨ ਰੂਸੀ ਤੇਲ ਦਾ ਵੱਡਾ ਗਾਹਕ ਹੈ। ਪਰ ਟਰੇਡ ਦੇ ਮਾਮਲੇ ਵਿੱਚ ਦੋਹਾਂ ਧਿਰਾਂ ਵਿਚਕਾਰ ਵੱਡਾ ਅਸੰਤੁਲਨ ਕਾਇਮ ਹੈ। ਚੀਨ ਫੌਜੀ ਅਤੇ ਆਰਥਿਕ ਸੰਤੁਲਨ ਦੇ ਪੱਖ ਤੋਂ ਰੂਸ ਨਾਲੋਂ ਵਧੇਰੇ ਸਮਰੱਥ ਅਤੇ ਸਵੈ-ਭਰੋਸੇ ਵਿੱਚ ਵਿਖਾਈ ਦਿੰਦਾ ਹੈ। ਦੋਹਾਂ ਦੇਸ਼ਾਂ ਵਿਚਕਾਰ ਟਰੇਡ ਦਾ ਸੰਤੁਲਨ ਵੀ ਚੀਨ ਦੇ ਪੱਖ ਵਿੱਚ ਝੁਕਿਆ ਹੋਇਆ ਹੈ। ਰੂਸੀ ਊਰਜਾ ਦੇ ਯੂਰਪ ਵੱਲ ਐਕਸਪੋਰਟ ਦੇ ਬੰਦ ਹੋ ਜਾਣ ਤੋਂ ਪਿੱਛੋਂ ਇਹ ਚੀਨ ਅਤੇ ਭਾਰਤ ਹੀ ਹਨ, ਜਿਨ੍ਹਾਂ ਨੇ ਚੀਨੀ ਊਰਜਾ ਐਕਸਪੋਰਟ ਨੂੰ ਬਚਾਈ ਰੱਖਿਆ ਹੈ; ਪਰ ਇਰਾਨ ਜੰਗ ਨੇ ਰੂਸੀ ਤੇਲ ਦੀ ਲੋੜ ਨੂੰ ਹੋਰ ਪੁਖਤਾ ਕੀਤਾ ਹੈ। ਇਸ ਦੌਰ ਵਿੱਚ ਰੂਸ ਨੇ ਆਪਣੇ ਤੇਲ ਦੀ ਐਕਸਪੋਰਟ ਨੂੰ ਕਾਫੀ ਜ਼ਿਆਦਾ ਵਧਾਇਆ ਹੈ। ਆਪਣੀ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਦਾ ਯਤਨ ਕੀਤਾ ਹੈ। ਇਸ ਦੇ ਨਾਲ-ਨਾਲ ਦੋਹਾਂ ਮੁਲਕਾਂ ਨੇ ਇਰਾਨ ਨੂੰ ਮਾਨਵੀ ਅਤੇ ਇਲੈਕਟ੍ਰਾਨਿਕ ਜਾਣਕਾਰੀਆਂ ਮੁਹੱਈਆ ਕਰਕੇ ਉਸ ਦੀ ਅਪਰੋਖ ਫੌਜੀ ਮਦਦ ਵੀ ਕੀਤੀ ਹੈ। ਰੂਸ ਅਤੇ ਚੀਨ ਵੱਲੋਂ ਇਰਾਨ ਨੂੰ ਫੌਜੀ ਸਾਜ਼ੋ ਸਮਾਨ ਸਪਲਾਈ ਕਰਨ ਦੀਆਂ ਰਿਪੋਰਟਾਂ ਵੀ ਪਿਛਲੇ ਸਮੇਂ ਵਿੱਚ ਸਾਹਮਣੇ ਆਉਂਦੀਆਂ ਰਹੀਆਂ ਹਨ।
ਰੂਸ ਅਤੇ ਚੀਨ ਦੀ ਜੀਓ-ਪੁਲਿਟੀਕਲੀ ਸਥਿਤੀ ਹੀ ਅਜਿਹੀ ਹੈ ਕਿ ਇੱਕ ਦੂਜੇ ਨਾਲ ਸਹਿਯੋਗ ਕੁਦਰਤੀ ਬਣ ਜਾਂਦਾ ਹੈ। ਇਸ ਤੋਂ ਇਲਾਵਾ ਸੰਸਾਰ ਵਿੱਚ ਪੱਛਮੀ ਸਾਮਰਾਜ, ਵਿਸ਼ੇਸ਼ ਕਰਕੇ ਅਮਰੀਕਾ ਦੀ ਹੁਣ ਤੱਕ ਰਹੀ ਇਕਤਰਫਾ ਚੜ੍ਹਤ ਦੋਹਾਂ ਮੁਲਕਾਂ ਨੂੰ ਇੱਕ ਦੂਜੇ ਦੇ ਹੋਰ ਨੇੜੇ ਲੈ ਆਉਂਦੀ ਹੈ। ਰੂਸ ਦੀ ਯੂਕਰੇਨ ਨਾਲ ਚੱਲ ਰਹੀ ਜੰਗ ਦੇ ਮੱਦੇਨਜ਼ਰ ਰੂਸ-ਚੀਨ ਸੰਬੰਧ ਹੋਰ ਜ਼ਿਆਦਾ ਮਹੱਤਵਪੂਰਨ ਹੋ ਜਾਂਦੇ ਹਨ। ਕਰੈਮਲਿਨ ਨਾ ਸਿਰਫ ਚੀਨ ਨਾਲ ਆਪਣੇ ਸੰਬੰਧ ਹੋਰ ਸੰਘਣੇ ਕਰਨ ਦੇ ਯਤਨ ਵਿੱਚ ਹੈ, ਸਗੋਂ ਉਹ ਫੌਜੀ ਸੂਚਨਾ ਤਕਨਾਲੋਜੀ, ਟਰੇਡ ਅਤੇ ਊਰਜਾ ਦੇ ਐਕਸਪੋਰਟ ਦੇ ਮਾਮਲੇ ਵਿੱਚ ਸੰਬਧਾਂ ਨੂੰ ਵਧੇਰੇ ਮਜਬੂਤ ਕਰਨਾ ਚਾਹੁੰਦਾ ਹੈ। ਯਾਦ ਰਹੇ, ਅਮਰੀਕਾ ਨੇ ਟਰੰਪ ਦੀ ਚੀਨੀ ਫੇਰੀ ਨੂੰ ‘ਕੂਟਨੀਤਿਕ ਅਤੇ ਵਪਾਰਕ ਜਿੱਤ’ ਕਿਹਾ ਹੈ; ਜਦਕਿ ਰੂਸ ਚੀਨ ਨਾਲ ਚਲੇ ਆ ਰਹੇ ਆਪਣੇ ਚੰਗੇ ਸੰਬੰਧਾਂ ਨੂੰ ਮੁੜਪੁਸ਼ਟ ਅਤੇ ਮਜਬੂਤ ਕਰਨ ਦੇ ਯਤਨ ਵਿੱਚ ਹੈ। ਰੂਸ ਇਹ ਵੀ ਵਿਖਾਉਣ ਦੇ ਯਤਨ ਵਿੱਚ ਹੈ ਕਿ ਚੀਨ ਅਮਰੀਕਾ ਨਾਲੋਂ ਉਸ ਦੇ ਵੱਧ ਨਜ਼ਦੀਕ ਹੈ। ਯਾਦ ਰਹੇ, ਦੋਨੋ ਮੁਲਕਾਂ ਵਿਚਕਾਰ ਸੰਬੰਧ ਪਿਛਲੇ ਤਕਰੀਬਨ ਡੇੜ ਦਹਾਕੇ ਤੋਂ ਕਾਫੀ ਮਜਬੂਤ ਰਹੇ ਹਨ। ਖਾਸ ਕਰਕੇ ਯੂਕਰੇਨ ਦੇ ਮਾਮਲੇ ਵਿੱਚ ਚੀਨ ਨੇ ਭਾਵੇਂ ਖੁੱਲ੍ਹ ਕੇ ਕੋਈ ਸਟੈਂਡ ਨਹੀਂ ਲਿਆ, ਪਰ ਅੰਦਰਖਾਤੇ ਚੀਨ ਰੂਸ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਰਿਹਾ ਹੈ। ਇਸੇ ਤਰ੍ਹਾਂ ਇਰਾਨੀ ਡਰੋਨਾਂ ਨੇ ਯੂਕਰੇਨ ਜੰਗ ਵਿੱਚ ਰੂਸ ਦਾ ਤਕੜਾ ਸਾਥ ਦਿੱਤਾ ਹੈ। ਇਸ ਸਥਿਤੀ ਵਿੱਚ ਇਜ਼ਰਾਇਲ ਅਤੇ ਅਮਰੀਕਾ ਦੇ ਇਰਾਨ ‘ਤੇ ਹਮਲੇ ਦੇ ਮੱਦੇਨਜ਼ਰ ਰੂਸ, ਚੀਨ ਅਤੇ ਇਰਾਨ ਦੇ ਟਾਰਾਈ ਐਂਗਲ ਦਾ ਉਭਾਰ ਪੱਛਮੀ ਅਤੇ ਅਮਰੀਕੀ ਸ਼ਕਤੀਆਂ ਲਈ ਵੱਡੀ ਚੁਣੌਤੀ ਬਣਦਾ ਵਿਖਾਈ ਦੇ ਰਿਹਾ ਹੈ।
ਯੂਕਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸੀ ਤੇਲ ਦੀ ਚੀਨ ਲਈ ਸਪਲਾਈ ਇਸ ਮੁਲਕ ਲਈ ਇੱਕ ਤਰ੍ਹਾਂ ਨਾਲ ਜੀਵਨ ਰੇਖਾ ਬਣ ਗਈ ਹੈ। ਰੂਸੀ ਤੇਲ ਦੀ ਯੂਰਪ ਨੂੰ ਸਪਲਾਈ ਯੂਕਰੇਨ ‘ਤੇ ਹਮਲੇ ਤੋਂ ਬਾਅਦ ਕੱਟੀ ਗਈ ਸੀ ਅਤੇ ਸਮੁੰਦਰੀ ਪਾਈਪਲਾਈਨਾਂ ‘ਤੇ ਹਮਲਿਆਂ ਨੇ ਇਸ ਨੂੰ ਹੋਰ ਵੀ ਦੁਭਰ ਬਣਾ ਦਿੱਤਾ ਸੀ। ਇਸ ਸਥਿਤੀ ਵਿੱਚ ਰੂਸ ਨੇ ਆਪਣੇ ਪੂਰਬੀ ਭਾਈਵਾਲਾਂ ਵੱਲ, ਅਫਰੀਕੀ ਮਹਾਂਦੀਪ, ਖਾਸ ਕਰਕੇ ਭਾਰਤ ਅਤੇ ਚੀਨ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਯੂਕਰੇਨ ਜੰਗ ਦੇ ਮਾਮਲੇ ਵਿੱਚ ਚੀਨ ਦੀ ਕੂਟਨੀਤਿਕ ਹਮਾਇਤ ਨੇ ਉਸ ਵਕਤ ਰੂਸ ਨੂੰ ਬਲ ਬਖਸ਼ਿਆ ਜਦੋਂ ਇਹ ਅਲੱਗ-ਥਲੱਗ ਪੈ ਗਿਆ ਸੀ। ਭਾਰਤੀ ਤੇਲ ਕੰਪਨੀਆਂ ਨੇ ਵੱਡੀ ਪੱਧਰ ‘ਤੇ ਰੂਸੀ ਤੇਲ ਖਰੀਦ ਅਤੇ ਸੋਧ ਕੇ ਇਸ ਨੂੰ ਯੂਰਪ ਨੂੰ ਵੇਚ ਕੇ ਤਕੜਾ ਪੈਸਾ ਤਾਂ ਕਮਾਇਆ ਹੀ, ਨਾਲ ਹੀ ਰੂਸੀ ਆਰਥਿਕਤਾ ਨੂੰ ਵੀ ਠੁੰਮਣਾ ਦਿੱਤਾ। ਜੇ ਤਾਜ਼ਾ ਫੇਰੀ ਦੌਰਾਨ ਰੂਸ ਇਕ ਹੋਰ ਪਾਈਪਲਾਈਨ ਸੰਬੰਧੀ ਸਮਝੌਤੇ ‘ਤੇ ਚੀਨ ਦੇ ਦਸਤਖਤ ਕਰਵਾ ਲੈਂਦਾ ਹੈ ਤਾਂ ਰੂਸੀ ਆਰਥਿਕਤਾ ਲਈ ਇਹ ਵੱਡਾ ਸਹਾਰਾ ਬਣੇਗਾ। ਭਾਵੇਂ ਕਿ ਚੀਨ ਨੂੰ ਇਸ ਮਾਮਲੇ ਵਿੱਚ ਕੋਈ ਕਾਹਲੀ ਨਹੀਂ ਹੈ। ਉਹ ਊਰਜਾ ਦੇ ਮਾਮਲੇ ਵਿੱਚ ਕਿਸੇ ਇੱਕ ਮੁਲਕ ‘ਤੇ ਨਿਰਭਰ ਕਰਨ ਤੋਂ ਝਿਜਕਦਾ ਹੈ। ਇਸ ਦੇ ਬਾਵਜੂਦ ਚੀਨ ਲਈ ਰੂਸੀ ਊਰਜਾ ਇਸ ਕਰਕੇ ਫਾਇਦੇਮੰਦ ਹੈ, ਕਿਉਂਕਿ ਇਸ ਵਿੱਚ ਬਹੁਤੇ ਭੂਗੋਲਿਕ ਅਤੇ ਸਿਆਸੀ ਝੰਜਟ ਨਹੀਂ ਹਨ। ਕੁਝ ਰਾਜਨੀਤਿਕ ਵਿਵਰਣਕਾਰਾਂ ਅਨੁਸਾਰ ਰੂਸ ਚੀਨ ‘ਤੇ ਟੈਕਨਾਲੋਜੀ, ਖਪਤਕਾਰੀ ਵਸਤਾਂ ਅਤੇ ਨਿਰਮਤ ਵਸਤੂਆਂ ਸਮੇਤ ਸਿਵੇਲਾਈਜੇਸ਼ਨ ਸੰਬੰਧਾਂ ਦੀ ਨਜ਼ਦੀਕੀ ਲਈ ਵੀ ਨਿਰਭਰ ਕਰਦਾ ਹੈ। ਦੁਨੀਆਂ ਵਿੱਚ ਪ੍ਰਮੁੱਖ ਤੌਰ ‘ਤੇ ਯੂਰੇਸ਼ੀਆ, ਯੂਰਪ ਅਤੇ ਅਮਰੀਕਾ- ਮੁੱਖ ਤੌਰ ‘ਤੇ ਤਿੰਨ ਧਰੁਵ ਬਣ ਕੇ ਉਭਰ ਰਹੇ ਹਨ। ਇਸ ਨੁਕਤੇ ਤੋਂ ਚੀਨ ਅਤੇ ਰੂਸ ਦੀ ਆਪਸੀ ਨਜ਼ਦੀਕੀ ਇਨ੍ਹਾਂ ਨੂੰ ਯੂਰਪ ਅਤੇ ਅਮਰੀਕਾ ਦੇ ਮਾਮਲੇ ਵਿੱਚ ਸੰਤੁਲਿਤ ਕਰ ਦਿੰਦੀ ਹੈ। ਉਦੋਂ ਵਧੇਰੇ ਲਾਹੇਵੰਦ, ਜਦੋਂ ਅਮਰੀਕਾ ਦੇ ਯੂਰਪ ਅਤੇ ਨਾਟੋ, ਦੋਹਾਂ ਨਾਲ ਸੰਬੰਧ ਵਿਗੜ ਰਹੇ ਹਨ।
