ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਦੁਨੀਆਂ ਭਰ ਵਿੱਚ ‘ਕੌਮਾਂਤਰੀ ਰੈੱਡ ਕਰਾਸ ਦਿਵਸ’ ਮਨਾਇਆ ਜਾਂਦਾ ਰਿਹਾ ਹੈ ਤੇ ਹੁਣ ਇਹ ਦਿਵਸ ‘ਕੌਮਾਂਤਰੀ ਰੈੱਡ ਕਰਾਸ ਅਤੇ ਰੈੱਡ ਕ੍ਰਿਸੈਂਟ ਦਿਵਸ’ ਦੇ ਸਿਰਲੇਖ ਹੇਠ ਮਨਾਇਆ ਜਾਂਦਾ ਹੈ। 8 ਮਈ ਦੇ ਦਿਨ ਇਹ ਦਿਵਸ ਮਨਾਏ ਜਾਣ ਦਾ ਮੁੱਖ ਕਾਰਨ ਇਹ ਹੈ ਕਿ ਰੈੱਡ ਕਰਾਸ ਦੇ ਬਾਨੀ ਜਾਂ ਇੰਟਰਨੈਸ਼ਨਲ ਕਮੇਟੀ ਆਫ਼ ਰੈੱਡ ਕਰਾਸ ਦੇ ਸਹਿ ਸੰਸਥਾਪਕ ਹੈਨਰੀ ਡੁਨਟ ਦਾ ਜਨਮ 8 ਮਈ ਨੂੰ ਹੋਇਆ ਸੀ ਤੇ ਉਨ੍ਹਾਂ ਦੇ ਜਨਮ ਦਿਨ ਨੂੰ ਸਦੀਵੀ ਬਣਾਉਣ ਹਿਤ ‘ਵਿਸ਼ਵ ਰੈੱਡ ਕਰਾਸ’ ਦਿਵਸ ਵੀ 8 ਮਈ ਨੂੰ ਮਨਾਏ ਜਾਣ ਦੀ ਪਰੰਪਰਾ ਸ਼ੁਰੂ ਕੀਤੀ ਗਈ ਸੀ।
ਇਹ ਵੀ ਦੱਸਣਾ ਬਣਦਾ ਹੈ ਕਿ ਹੈਨਰੀ ਡੁਨਟ ਉਹ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਵਿਲੱਖਣ ਸੇਵਾ ਕਾਰਜਾਂ ਕਰਕੇ ਸੰਨ 1901 ਵਿੱਚ ਪਹਿਲਾ ‘ਨੋਬਲ ਪ੍ਰਾਈਜ਼’ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇੱਥੇ ਇਹ ਯਾਦ ਰੱਖਣਯੋਗ ਹੈ ਕਿ ਪਹਿਲਾ ‘ਰੈੱਡ ਕਰਾਸ ਦਿਵਸ’ 8 ਮਈ 1948 ਨੂੰ ਮਨਾਇਆ ਗਿਆ ਸੀ ਤੇ ਸੰਨ 1984 ਵਿੱਚ ਇਸ ਦਿਵਸ ਦਾ ਨਾਂ ‘ਵਿਸ਼ਵ ਰੈੱਡ ਕਰਾਸ ਦਿਵਸ’ ਤੋਂ ਬਦਲ ਕੇ ‘ਕੌਮਾਂਤਰੀ ਰੈੱਡ ਕਰਾਸ ਐਂਡ ਰੈੱਡ ਕ੍ਰਿਸੈਂਟ ਡੇਅ’ ਕਰ ਦਿੱਤਾ ਗਿਆ ਸੀ।
ਹੈਨਰੀ ਡੁਨਟ ਸਵਿਟਜ਼ਰਲੈਂਡ ਦੇ ਰਹਿਣ ਵਾਲੇ ਇੱਕ ਵੱਡੇ ਕਾਰੋਬਾਰੀ ਅਤੇ ਸਮਾਜ ਸੇਵਕ ਸਨ। ਉਨ੍ਹਾਂ ਦਾ ਜਨਮ 8 ਮਈ 1828 ਨੂੰ ਇੱਕ ਕਾਰੋਬਾਰੀ ਪਰਿਵਾਰ ਵਿੱਚ ਹੋਇਆ ਸੀ। ਸੰਨ 1859 ਵਿੱਚ ਜਦ ਉਹ ਇਟਲੀ ਦੇ ਉੱਤਰੀ ਇਲਾਕੇ ਵਿੱਚੋਂ ਗੁਜ਼ਰ ਰਹੇ ਸਨ ਤਾਂ ਉਨ੍ਹਾਂ ਨੂੰ ਸੋਲਫੈਰੀਨੋ ਦੀ ਜੰਗ ਕਰਕੇ ਹੋਈ ਤਬਾਹੀ ਨੂੰ ਵੇਖਣ ਦਾ ਮੌਕਾ ਮਿਲਿਆ। ਉੱਥੇ ਜ਼ਖ਼ਮੀ ਹੋ ਕੇ ਸਹਾਇਤਾ ਲਈ ਤੜਫ਼ਦੇ ਸੈਨਿਕਾਂ ਦੀ ਦਰਦਨਾਕ ਹਾਲਤ ਵੇਖ਼ ਕੇ ਹੈਨਰੀ ਡੁਨਟ ਦਾ ਮਨ ਪਸੀਜ ਗਿਆ ਤੇ ਉਨ੍ਹਾਂ ਨੇ ਤੁਰੰਤ ਹੀ ਪਹਿਲ ਕਰਕੇ ਕੁਝ ਸਥਾਨਕ ਲੋਕਾਂ ਨੂੰ ਇਕੱਠਾ ਕੀਤਾ ਅਤੇ ਜ਼ਖ਼ਮੀਆਂ ਦੀ ਦੇਖਭਾਲ ਕਰਨ ਵਿੱਚ ਮਦਦ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਜਨੇਵਾ ਵਿਖੇ ਸਥਿਤ ਆਪਣੇ ਘਰ ਪਰਤ ਕੇ ਉਨ੍ਹਾਂ ਨੇ ਆਪਣੇ ਉਕਤ ਤਜਰਬੇ ਅਤੇ ਭਾਵਨਾਵਾਂ ਨੂੰ ‘ਏ ਮੈਮਰੀ ਆਫ਼ ਸੋਲਫੈਰੀਨੋ’ ਨਾਂ ਦੀ ਪੁਸਤਕ ਵਿੱਚ ਦਰਜ ਕਰ ਦਿੱਤਾ ਸੀ। ਕੇਵਲ ਐਨਾ ਹੀ ਨਹੀਂ, ਉਨ੍ਹਾਂ ਨੇ ਇਸ ਪੁਸਤਕ ਵਿੱਚ ਕਿਸੇ ਐਸੀ ਸਮਾਜ ਸੇਵੀ ਸੰਸਥਾ ਦੀ ਸਥਾਪਨਾ ਕੀਤੇ ਜਾਣ ਦੀ ਜ਼ਰੂਰਤ ਦਾ ਵੀ ਜ਼ਿਕਰ ਕੀਤਾ ਸੀ, ਜੋ ਜੰਗ ਦੀ ਸਥਿਤੀ ਵਿੱਚ ਬਿਨਾ ਕਿਸੇ ਭੇਦਭਾਵ ਦੇ ਜ਼ਖ਼ਮੀ ਸੈਨਿਕਾਂ ਦੀ ਮਦਦ ਕਰੇ। ਫ਼ਰਵਰੀ 1863 ਵਿੱਚ ਹੈਨਰੀ ਡੁਨਟ ਸਮੇਤ ਇੱਕ ਪੰਜ ਮੈਂਬਰੀ ਕਮੇਟੀ ਦੀ ਚੋਣ ਕਰ ਲਈ ਗਈ ਸੀ, ਜਿਹੜੀ ਸ੍ਰੀ ਹੈਨਰੀ ਦੀਆਂ ਉਕਤ ਭਾਵਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਤਿਆਰ ਸੀ ਤੇ ਇਹੋ ਕਮੇਟੀ ਆਉਣ ਵਾਲੇ ਸਮੇਂ ਵਿੱਚ ਸਥਾਪਿਤ ਹੋਣ ਵਾਲੀ ‘ਇੰਟਰਨੈਸ਼ਨਲ ਕਮੇਟੀ ਆਫ਼ ਰੈੱਡ ਕਰਾਸ’ ਦਾ ਆਧਾਰ ਸੀ। ਸੰਨ 1864 ਵਿੱਚ ਸ੍ਰੀ ਹੈਨਰੀ ਨੇ ਸਵਿਟਜ਼ਰਲੈਂਡ ਦੀ ਸਰਕਾਰ ਵੱਲੋਂ ਆਯੋਜਿਤ ਕੀਤੀ ਗਈ ਡਿਪਲੋਮੈਟਿਕ ਕਾਨਫ਼ਰੰਸ ਵਿੱਚ ਵੀ ਭਾਗ ਲਿਆ ਸੀ, ਜੋ ਕਿ ਇਤਿਹਾਸਕ ਕਹੀ ਜਾਂਦੀ ‘ਪਹਿਲੀ ਜਨੇਵਾ ਕਾਨਫ਼ਰੰਸ’ ਦੀ ਨੀਂਹ ਤਿਆਰ ਕਰ ਗਈ ਸੀ।
ਸੰਨ 1867 ਵਿੱਚ ਹਾਲਾਤ ਕੁਝ ਇਸ ਤਰ੍ਹਾਂ ਬਣੇ ਕਿ ਅਮੀਰ ਕਹੇ ਜਾਣ ਵਾਲੇ ਹੈਨਰੀ ਡੁਨਟ ਦਾ ਕਾਰੋਬਾਰ ਕਿਸੇ ਕਾਰਨ ਕਰਕੇ ਠੱਪ ਹੋ ਗਿਆ ਤੇ ਭਾਰੀ ਗ਼ਰੀਬੀ ਉਨ੍ਹਾਂ ਦੀ ਝੋਲੀ ਆਣ ਪਈ। ਯਰੂਪ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿਣ ਪਿੱਛੋਂ ਅਖ਼ੀਰ ਉਹ ਸਵਿਟਜ਼ਰਲੈਂਡ ਦੇ ‘ਹੇਡਨ’ ਨਾਂ ਦੇ ਪਿੰਡ ਵਿੱਚ ਰਹਿੰਦੇ ਹੋਏ ਗੁਮਨਾਮੀ ਦਾ ਜੀਵਨ ਜਿਊਣ ਲਗ ਪਏ। ਸੰਨ 1895 ਵਿੱਚ ਇੱਕ ਪੱਤਰਕਾਰ ਉਨ੍ਹਾਂ ਨੂੰ ਲੱਭਦਾ-ਲੱਭਦਾ ਪਿੰਡ ਹੇਡਨ ਵਿਖੇ ਆ ਪੁੱਜਿਆ ਤੇ ਉਸਨੇ ਸੰਸਾਰ ਦਾ ਧਿਆਨ ਇਸ ਮਹਾਨ ਹਸਤੀ ਦੁਆਰਾ ਮਾਨਵਤਾ ਦੀ ਭਲਾਈ ਹਿਤ ਕੀਤੇ ਜਾ ਚੁੱਕੇ ਵੱਡੇ ਸੇਵਾ ਕਾਰਜਾਂ ਵੱਲ ਦੁਆਇਆ ਤੇ ਸਿੱਟੇ ਵਜੋਂ ਸੰਨ 1901 ਵਿੱਚ ਹੈਨਰੀ ਡੁਨਟ ਨੂੰ ਸੰਸਾਰ ਦਾ ਸਭ ਤੋਂ ਪਹਿਲਾ ‘ਨੋਬਲ ਇਨਾਮ’ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ ਸੀ। ਸੰਨ 1910 ਵਿੱਚ ਪਿੰਡ ਹੇਡਨ ਵਿਖੇ ਹੀ ਹੈਨਰੀ ਡੁਨਟ ਦਾ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।
ਇਹ ਬਹੁਤ ਹੀ ਦਿਲਚਸਪ ਤੱਥ ਹੈ ਕਿ ਸੰਨ 1864 ਵਿੱਚ ਜਦੋਂ ਜਨੇਵਾ ਸੰਧੀ ‘ਤੇ ਦਸਤਖ਼ਤ ਕੀਤੇ ਗਏ ਸਨ ਤਾਂ ਉਸ ਮੌਕੇ ‘ਤੇ ਹੀ ਰੈੱਡ ਕਰਾਸ ਦਾ ਚਿੰਨ੍ਹ ਨਿਸ਼ਚਿਤ ਕੀਤਾ ਗਿਆ ਸੀ। ਇਹ ਚਿੰਨ੍ਹ ਸਫ਼ੈਦ ਪਿਛੋਕੜ ਉੱਤੇ ਲਾਲ ਰੰਗ ਦੇ ਕਰਾਸ ਰੂਪੀ ਚਿੰਨ੍ਹ ਵਜੋਂ ਨਿਸ਼ਚਿਤ ਕੀਤਾ ਗਿਆ ਸੀ ਤੇ ਅੱਜ ਵੀ ਇਹੋ ਚਿੰਨ੍ਹ ਸੰਸਾਰ ਭਰ ਵਿੱਚ ਰੈੱਡ ਕਰਾਸ ਲਈ ਵਰਤਿਆ ਜਾਂਦਾ ਹੈ।
ਰੈੱਡ ਕਰਾਸ ਦੁਆਰਾ ਮਾਨਵਤਾ ਦੀ ਕੀਤੀ ਜਾਂਦੀ ਸੇਵਾ ਦੇ ਵਿਸਥਾਰ ਦੀ ਜੇ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਸੰਸਥਾ ਸੰਸਾਰ ਦੇ ਹਰੇਕ ਕੋਨੇ ਵਿੱਚ ਕੁਦਰਤੀ ਜਾਂ ਮਨੁੱਖ ਦੁਆਰਾ ਆਪ ਸਹੇੜੀ ਆਫ਼ਤ ਵਿੱਚ ਫ਼ਸੇ ਮਨੁੱਖਾਂ ਦੀ ਮਦਦ ਲਈ ਪੁੱਜਦੀ ਹੈ ਤੇ ਹਰ ਸੰਭਵ ਸਹਾਇਤਾ ਉਨ੍ਹਾਂ ਤੱਕ ਪਹੁੰਚਾਉਂਦੀ ਹੈ। ਹੰਗਾਮੀ ਹਾਲਾਤ ਵਿੱਚ ਫ਼ਸੇ ਮਨੁੱਖਾਂ ਨੂੰ ਭੋਜਨ, ਪਾਣੀ, ਸਿਹਤ ਸਹੂਲਤਾਂ, ਰਹਿਣ ਲਈ ਆਸਰਾ ਆਦਿ ਉਪਲਬਧ ਕਰਵਾਉਣ ਦੇ ਨਾਲ ਨਾਲ ਜੰਗ ਜਾਂ ਕੁਦਰਤੀ ਆਫ਼ਤ ਦੇ ਕਾਰਨ ਆਪਣੇ ਪਰਿਵਾਰਾਂ ਨਾਲੋਂ ਵਿਛੜ ਚੁੱਕੇ ਬੱਚਿਆਂ, ਔਰਤਾਂ ਜਾਂ ਬੰਦਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਦਾ ਵੱਡਾ ਕਾਰਜ ਵੀ ਕਰਦੀ ਹੈ। ਇਹ ਸੰਸਥਾ ਜੰਗੀ ਕੈਦੀਆਂ ਦੀ ਮਦਦ ਲਈ ਵੀ ਆਪਣਾ ਯੋਗਦਾਨ ਪਾਉਣ ਤੋਂ ਗੁਰੇਜ਼ ਨਹੀਂ ਕਰਦੀ ਹੈ। ਇਹ ਸੰਸਥਾ ਸੰਸਾਰ ਦੀਆਂ 191 ਕੌਮੀ ਰੈੱਡ ਕਰਾਸ ਸੁਸਾਇਟੀਆਂ ਦੇ ਸਵੈ-ਸੇਵਕਾਂ ਨੂੰ ਸਿਖਲਾਈ ਪ੍ਰਦਾਨ ਕਰਨ ਦਾ ਕੰਮ ਵੀ ਕਰਦੀ ਹੈ।
ਜੰਗੀ ਨਿਯਮਾਂ ਅਨੁਸਾਰ ਰੈੱਡ ਕਰਾਸ ਦੀਆਂ ਗੱਡੀਆਂ ਜਾਂ ਕਾਰਕੁਨਾਂ ਉੱਤੇ ਹਮਲਾ ਨਹੀਂ ਕੀਤਾ ਜਾ ਸਕਦਾ ਹੈ, ਪਰ ਫਿਰ ਵੀ ਸਾਲ 2024 ਵਿੱਚ ਲੋੜਵੰਦਾਂ ਨੂੰ ਮਦਦ ਪ੍ਰਦਾਨ ਕਰਦੇ 281 ਰੈੱਡ ਕਰਾਸ ਕਾਰਕੁਨਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ ਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਜਾਨਾਂ ਗ਼ਾਜ਼ਾ ਪੱਟੀ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਗਈਆਂ ਸਨ। ਸਾਲ 2025 ਵਿੱਚ ਰੈੱਡ ਕਰਾਸ ਸੇਵਕਾਂ ਦੀਆਂ ਮੌਤਾਂ ਦੀ ਸੰਖਿਆ 326 ਸੀ ਤੇ ਸਾਲ 2023 ਤੋਂ ਲੈ ਕੇ 2025 ਤੱਕ ਕੁੱਲ 1010 ਸੇਵਾਦਾਰ ਲੋਕ ਹਿੱਤ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਸਨ।
ਇੱਕ ਰਿਪੋਰਟ ਅਨੁਸਾਰ ਸੰਸਾਰ ਭਰ ਵਿੱਚ ਰੈੱਡ ਕਰਾਸ ਦੇ ਕੋਈ 1 ਕਰੋੜ 70 ਲੱਖ ਰਜਿਸਟਰਡ ਸੇਵਾਦਾਰ ਲੋਕਾਂ ਦੀ ਸੇਵਾ ਕਰਦੇ ਹਨ। ਉਂਜ ਸ਼ਾਂਤੀ ਦੇ ਹਾਲਾਤ ਜਾਂ ਆਮ ਹਾਲਾਤ ਵਿੱਚ ਵੀ ਇਹ ਸੰਸਥਾ ਲੋਕ ਭਲਾਈ ਹਿਤ ‘ਖ਼ੂਨਦਾਨ ਕੈਂਪ’ ਜਾਂ ‘ਸਿਹਤ ਨਿਰੀਖਣ ਕੈਂਪ’ ਲਗਾ ਕੇ ਲੋੜਵੰਦਾਂ ਲਈ ਖ਼ੂਨ ਅਤੇ ਦਵਾਈਆਂ ਦਾ ਬੰਦੋਬਸਤ ਕਰਦੀ ਹੈ। ਇਹ ਸੁਸਾਇਟੀ ਕੌਮਾਂਤਰੀ ਮਨੁੱਖਤਾਵਾਦੀ ਕਾਨੂੰਨਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਹੰਗਾਮੀ ਹਾਲਾਤ ਵਿੱਚ ਆਮ ਨਾਗਰਿਕਾਂ ਅਤੇ ਰੈੱਡ ਕਰਾਸ ਸੇਵਕਾਂ ਦੀ ਰਾਖੀ ਹਿਤ ਆਵਾਜ਼ ਵੀ ਬੁਲੰਦ ਕਰਦੀ ਹੈ।
ਭਾਰਤ ਵਿੱਚ ਰੈੱਡ ਕਰਾਸ ਦਾ ਕੌਮੀ ਮੁੱਖ ਦਫ਼ਤਰ ਜਾਂ ਹੈੱਡਕੁਆਰਟਰ ਨਵੀਂ ਦਿੱਲੀ ਦੇ 1, ਰੈੱਡ ਕਰਾਸ ਰੋਡ ਵਿਖੇ ਸਥਿਤ ਹੈ ਤੇ ਭਾਰਤੀ ਰੈੱਡ ਕਰਾਸ ਕਮੇਟੀ ਨੂੰ 28 ਫ਼ਰਵਰੀ 1929 ਨੂੰ ਕੌਮਾਂਤਰੀ ਰੈੱਡ ਕਰਾਸ ਕਮੇਟੀ ਤੋਂ ਮਾਨਤਾ ਹਾਸਿਲ ਹੋ ਗਈ ਸੀ ਤੇ ਨਿਯਮਾਂ ਅਨੁਸਾਰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਹੀ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਮੁਖੀ ਹੁੰਦੇ ਹਨ।
ਬਹੁਤ ਸਾਰੇ ਸਿੱਖ ਇਤਿਹਾਸਕਾਰ ਅਤੇ ਸਿੱਖ ਵਿਦਵਾਨ ਇਹ ਦੱਸਦੇ ਹਨ ਕਿ ਰੈੱਡ ਕਰਾਸ ਦੇ ਮਨੁੱਖਤਾਵਾਦੀ ਸਿਧਾਂਤਾਂ ਅਤੇ ਅਮਲਾਂ ਦੇ ਜਨਮ ਤੋਂ ਲਗਪਗ 150 ਸਾਲ ਪਹਿਲਾਂ ਗੁਰੂ ਘਰ ਦੇ ਸੇਵਕ ਭਾਈ ਘਨ੍ਹਈਆ ਜੀ ਨੇ ਸੰਨ 1704 ਵਿੱਚ ਸਿੱਖਾਂ ਅਤੇ ਮੁਗਲਾਂ ਦਰਮਿਆਨ ਚੱਲ ਰਹੀ ਜੰਗ ਦੌਰਾਨ ਜ਼ਖ਼ਮੀ ਹੋਏ ਦੋਵੇਂ ਧਿਰਾਂ ਦੇ ਜ਼ਖ਼ਮੀ ਸੈਨਿਕਾਂ ਨੂੰ ਜਲ ਛਕਾਉਣ ਦੀ ਸੇਵਾ ਕੀਤੀ ਸੀ ਤੇ ਜੰਗ ਲੜਦੇ ਕੁਝ ਸਿੰਘਾਂ ਵੱਲੋਂ ਇਸ ਸਬੰਧ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਸ ਸ਼ਿਕਾਇਤ ਕੀਤੀ ਗਈ ਸੀ ਤਾਂ ਉਨ੍ਹਾਂ ਪੁੱਛਿਆ ਸੀ, “ਭਾਈ ਘਨ੍ਹਈਆ ਜੀ, ਸੁਣਿਆ ਹੈ ਕਿ ਤੁਸੀਂ ਦੁਸ਼ਮਣ ਫ਼ੌਜ਼ ਦੇ ਜ਼ਖਮੀ ਸੈਨਿਕਾਂ ਨੂੰ ਵੀ ਜਲ ਛਕਾਉਂਦੇ ਹੋ ਤੇ ਜੰਗ ਲੜਨ ਲਈ ਤਕੜਾ ਕਰ ਦਿੰਦੇ ਹੋ।”
ਜਵਾਬ ਵਿੱਚ ਭਾਈ ਸਾਹਿਬ ਨੇ ਗਲ਼ ਵਿੱਚ ਪੱਲਾ ਪਾ ਕੇ ਤੇ ਦੋਵੇਂ ਹੱਥ ਜੋੜ ਕੇ ਆਖਿਆ ਸੀ, “ਪਾਤਸ਼ਾਹ ਜੀੂ, ਮੈਨੂੰ ਤਾਂ ਹਰੇਕ ਸੈਨਿਕ ਵਿੱਚ ਆਪ ਜੀ ਦੇ ਹੀ ਦੀਦਾਰ ਹੁੰਦੇ ਹਨ ਤੇ ਮੈਂ ਤਾਂ ਕੇਵਲ ਆਪਣੇ ਗੋਬਿੰਦ ਨੂੰ ਹੀ ਪਾਣੀ ਪਿਆਉਂਦਾ ਹਾਂ, ਕਿਸੇ ਦੁਸ਼ਮਣ ਨੂੰ ਨਹੀਂ।” ਗੁਰੂ ਸਾਹਿਬ ਇਹ ਜਵਾਬ ਸੁਣ ਕੇ ਮੁਸਕਰਾ ਪਏ ਸਨ ਤੇ ਉਨ੍ਹਾਂ ਨੇ ਭਾਈ ਘਨ੍ਹਈਆ ਨੂੰ ਆਪਣੇ ਗਲ਼ ਨਾਲ ਲਗਾਉਂਦਿਆਂ ਆਖ਼ ਦਿੱਤਾ ਸੀ, “ਅੱਜ ਤੋਂ ਜ਼ਖਮੀਆਂ ਨੂੰ ਕੇਵਲ ਜਲ ਹੀ ਨਹੀਂ ਛਕਾਉਣਾ ਹੈ, ਉਨ੍ਹਾਂ ਦੀ ਮੱਲ੍ਹਮ ਪੱਟੀ ਵੀ ਕਰਨੀ ਹੈ।” ਗੁਰੂ ਸਾਹਿਬ ਦਾ ਆਦੇਸ਼ ਮੰਨ ਕੇ ਭਾਈ ਘਨ੍ਹਈਆ ਜੀ ਨੇ ਬਿਨਾ ਕਿਸੇ ਡਰ ਜਾਂ ਭੇਦਭਾਵ ਦੇ ਦੋਵਾਂ ਧਿਰਾਂ ਦੇ ਜ਼ਖ਼ਮੀ ਸੈਨਿਕਾਂ ਦੀ ਮੱਲ੍ਹਮ ਪੱਟੀ ਦੀ ਸੇਵਾ ਵੀ ਸ਼ੁਰੂ ਕਰ ਦਿੱਤੀ ਸੀ।”
ਸੋ ਸਿੱਖ ਬੁੱਧੀਜੀਵੀ ਇਹ ਮੰਨਦੇ ਹਨ ਕਿ ਕੇਵਲ ਭਾਰਤ ਹੀ ਨਹੀਂ ਸਗੋਂ ਸੰਸਾਰ ਭਰ ਵਿੱਚ ਰੈੱਡ ਕਰਾਸ ਦਾ ਮੂਲ ਬਾਨੀ ਜੇਕਰ ਭਾਈ ਘਨ੍ਹਈਆ ਜੀ ਨੂੰ ਮੰਨ ਲਿਆ ਜਾਵੇ ਤਾਂ ਇਹ ਹਰਗ਼ਿਜ਼ ਵੀ ਅਤਿਕਥਨੀ ਨਹੀਂ ਹੋਵੇਗੀ।
ਅੰਤ ਵਿੱਚ ਇਹ ਕਹਿਣਾ ਬਣਦਾ ਹੈ ਕਿ ਅਸਲ ਵਿੱਚ ਰੈੱਡ ਕਰਾਸ ਨੂੰ ਜੇ ਇੱਕ ਸੰਗਠਨ ਦੀ ਥਾਂ ਇੱਕ ਨੇਕ ਮੁਹਿੰਮ ਕਹਿ ਲਿਆ ਜਾਵੇ ਤਾਂ ਬਿਹਤਰ ਹੋਵੇਗਾ। ਇਸ ਪਾਵਨ ਦਿਵਸ ਮੌਕੇ ਸਭ ਦਾ ਇਹ ਫ਼ਰਜ਼ ਬਣਦਾ ਹੈ ਕਿ ‘ਸਰਬੱਤ ਦੇ ਭਲੇ’ ਵਰਗੇ ਮਹਾਨ ਸੰਕਲਪ ਨੂੰ ਪੂਰਾ ਕਰ ਰਹੇ ਰੈੱਡ ਕਰਾਸ ਜਿਹੇ ਮਹਾਨ ਸੰਗਠਨ ਦਾ ਹਿੱਸਾ ਬਣੀਏ ਤੇ ਮਾਨਵਤਾ ਦੀ ਸੇਵਾ ਕਰਕੇ ਆਪਣਾ ਜਨਮ ਸਫ਼ਲਾ ਕਰੀਏ।
