ਗੁਰਦੁਆਰਾ ਪੈਲਾਟਾਈਨ ਮੀਟਿੰਗ: ਵਿਚਾਰਧਾਰਕ ਮੱਤਭੇਦ ਕਾਰਨ ਕੁਝ ਮੁੱਦੇ ਬਹਿਸ ਦਾ ਬਾਇਸ ਬਣੇ

ਖਬਰਾਂ ਵਿਚਾਰ-ਵਟਾਂਦਰਾ

‘ਨਿਸ਼ਾਨ ਸਾਹਿਬ ਨੀਤੀ’ ਬੋਰਡ ਮੈਂਬਰਾਂ ਦੀ ਵੋਟਿੰਗ ਦੌਰਾਨ ਪਾਸ ਨਾ ਹੋ ਸਕੀ
ਕੁਲਜੀਤ ਸਿੰਘ
ਸ਼ਿਕਾਗੋ: ਸਿੱਖ ਰਿਲੀਜੀਅਸ ਸੁਸਾਇਟੀ (ਐੱਸ.ਆਰ.ਐੱਸ.) ਸ਼ਿਕਾਗੋ ਯਾਨੀ ਗੁਰਦੁਆਰਾ ਪੈਲਾਟਾਈਨ ਦੇ ਪ੍ਰਬੰਧਕੀ ਬੋਰਡ ਦੀ ਲੰਘੇ ਐਤਵਾਰ ਹੋਈ ਮੀਟਿੰਗ, ਜਿਸ ਵਿੱਚ ਸੰਗਤ ਦੇ ਮੈਂਬਰ ਵੀ ਸ਼ਾਮਲ ਸਨ, ਦੌਰਾਨ ਵਿਚਾਰਧਾਰਕ ਮੱਤਭੇਦ ਕਾਰਨ ਕੁਝ ਮੁੱਦੇ ਆਪਸੀ-ਬਹਿਸ ਦਾ ਬਾਇਸ ਬਣੇ ਰਹੇ। ਮੀਟਿੰਗ ਦੌਰਾਨ ਕਿਸੇ ਤਰ੍ਹਾਂ ਦੀ ਉਨੀ-ਇੱਕੀ ਹੋ ਜਾਣ ਦੇ ਮੱਦੇਨਜ਼ਰ ਸੁਰੱਖਿਆ ਪੱਖ ਤੋਂ ਪੁਲਿਸ ਮੁਲਾਜ਼ਮ ਮੀਟਿੰਗ ਸ਼ੁਰੂ ਹੋਣ ਦੀ ਅਰਦਾਸ ਤੋਂ ਲੈ ਕੇ ਮੀਟਿੰਗ ਦੀ ਸਮਾਪਤੀ ਦੀ ਅਰਦਾਸ ਤੱਕ ਮੀਟਿੰਗ ਵਾਲੇ ਕਮਰੇ ਦੇ ਅੰਦਰ ਤੇ ਨੇੜੇ-ਤੇੜੇ ਤਾਇਨਾਤ ਰਿਹਾ। ਪੁਲਿਸ ਮੁਲਾਜ਼ਮ ਕਾਫੀ ਸਮਾਂ ਪਹਿਲਾਂ ਹੀ ਗੁਰੂਘਰ ਦੇ ਅਹਾਤੇ ਵਿੱਚ ਨਜ਼ਰਸਾਨੀ ਕਰਦਾ ਰਿਹਾ।

ਹਾਲਾਂਕਿ ਇਹ ਗੁਰੂਘਰ ਦੇ ਬੋਰਡ ਆਫ ਟਰੱਸਟੀਆਂ ਤੇ ਸੰਵਿਧਾਨ ਅਮਲ ਕਮੇਟੀ (ਸੀ.ਆਈ.ਸੀ.) ਦੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਸੀ, ਪਰ ਇਸ ਵਿੱਚ 17 ਮਈ (ਐਤਵਾਰ) ਦੇ ਘਟਨਾਕ੍ਰਮ ਦੇ ਵਿਚਾਰੇ ਜਾਣ ਨੂੰ ਲੈ ਕੇ ਇਸ ਵਿੱਚ ਸੰਗਤ ਦੇ ਕੁਝ ਮੈਂਬਰ ਵੀ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਕਿਉਂਕਿ ਮੁੱਦਾ ਖਾਲਿਸਾਤਨ ਪੱਖੀਆਂ ਨਾਲ ਜੁੜਿਆ ਹੋਣ ਕਾਰਨ ਜਿਵੇਂ ਕਿ ਜ਼ਾਹਰ ਹੀ ਸੀ, ਉਹ ਵੀ ਮੀਟਿੰਗ ਵਿੱਚ ਆਪਣਾ ਪੱਖ ਰੱਖਣ ਪਹੁੰਚੇ ਅਤੇ ਮੀਟਿੰਗ ਵਿੱਚ ਸੰਗਤ ਦੇ ਉਹ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਕਥਿਤ ਖਾਲਿਸਤਾਨੀਆਂ ਕਾਰਨ ਪੈਦਾ ਹੋਈ ਸਥਿਤੀ ਨੂੰ ਗਲਤ ਕਰਾਰ ਦਿੱਤਾ। ਮੀਟਿੰਗ ਦੌਰਾਨ ਗੁਰੂਘਰ ਵਿੱਚ ਹੋਈ ‘ਖਾਲਿਸਤਾਨ ਜ਼ਿੰਦਾਬਾਦ ਤੇ ਖਾਲਿਸਤਾਨ ਮੁਰਦਾਬਾਦ’ ਦੀ ਨਾਅਰੇਬਾਜ਼ੀ ਦੀ ਨਿੰਦਾ ਕੀਤੀ ਗਈ। ਉਂਜ ਕੁਝ ਖਾਲਿਸਤਾਨ ਪੱਖੀਆਂ ਨੇ ਵੀ 17 ਮਈ ਵਾਲੇ ਘਟਨਾਕ੍ਰਮ ਨੂੰ ਮੰਦਭਾਗਾ ਕਿਹਾ, ਪਰ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ। ਹਾਲਾਂਕਿ ਘਟਨਾਕ੍ਰਮ ਵਾਲੇ ਦਿਨ ਕੁਝ ਸਥਾਨਕ ਖਾਲਿਸਤਾਨੀ ਵੀ ਵਿਰੋਧ ਵਿੱਚ ਸ਼ਾਮਲ ਸਨ, ਪਰ ਜ਼ਿਆਦਾਤਰ ਭਾਂਡਾ ਇੰਡੀਆਨਾ ਸਟੇਟ ਤੋਂ ਆਏ ਦੋ ਕੁ ਖਾਲਿਸਤਾਨੀਆਂ ਸਿਰ ਭੰਨਿਆ ਗਿਆ। ਬਾਹਰੋਂ ਆਏ ਖਾਲਿਸਤਾਨੀ ਇੱਕ ਸਥਾਨਕ ਖਾਲਿਸਤਾਨ ਪੱਖੀ ਦੇ ਰਿਸ਼ਤੇਦਾਰ ਹਨ ਅਤੇ ਘਟਨਾਕ੍ਰਮ ਲਈ ਕਥਿਤ ਦੋਸ਼ੀ ਪਿਛਲੇ ਸਾਲਾਂ ਦੌਰਾਨ ਜੂਨ ਮਹੀਨੇ ਗੁਰੂਘਰ ਵਿਖੇ ਖਾਲਿਸਤਾਨ ਦਾ ਪ੍ਰਚਾਰ ਕਰਦਾ ਰਿਹਾ ਹੈ।
ਮੀਟਿੰਗ ਦੌਰਾਨ ਵਿਚਾਰਧਾਰਕ ਪਾੜੇ ਕਾਰਨ ਪੈਦਾ ਹੋਈਆਂ ਆਪਸੀ ਰੰਜਿਸ਼ਾਂ ਦਾ ਬੋਲਬਾਲਾ ਵੱਧ ਅਸਰਅੰਦਾਜ਼ ਰਿਹਾ। ਹਾਲਾਂਕਿ ਮੀਟਿੰਗ ਦੇ ਸ਼ੁਰੂ ਵਿੱਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਮੁਲਤਾਨੀ ਨੇ ਪਹਿਲੀ ਮੀਟਿੰਗ ਵਿੱਚ ਹੋਈ ਬੇਨਿਯਮੀ ਦਾ ਹਵਾਲਾ ਦੇ ਕੇ ਗੁਰਦੁਆਰਾ ਸੇਵਾਵਾਂ ਦੌਰਾਨ ਸਹਿਯੋਗ ਦੀ ਬੇਨਤੀ ਕੀਤੀ ਸੀ, ਪਰ ਮਾਹੌਲ ਵਿਰੋਧਾਭਾਸੀ ਬਣਨ ਲੱਗ ਪਿਆ ਸੀ। ਤ੍ਰਾਸਦਿਕ ਪਹਿਲੂ ਇਹ ਸੀ ਕਿ ਮੁੱਦਿਆਂ ਉਤੇ ਸਹਿਜ ਤੇ ਸੰਜਮਮਈ ਵਿਚਾਰ-ਚਰਚਾ ਕਾਫੀ ਘੱਟ ਸੀ। ਸੰਗਤੀ ਧਿਰ ਦਾ ਇੱਕ ਹਿੱਸਾ ਉਹ ਵੀ ਮੌਜੂਦ ਸੀ, ਜਿਸ ਨੇ ਇਹ ਵਿਚਾਰ ਪ੍ਰਗਟਾਏ ਕਿ ਸਾਨੂੰ ਆਪਸੀ ਮੱਤਭੇਦ ਭੁਲਾ ਕੇ ਜਾਂ ਧਿਰ ਪੱਧਰੀ ਵਿਚਾਰਾਂ ਵਿਚਲੀ ਕੁੜੱਤਣ ਘੱਟ ਕਰ ਕੇ ਆਪਸੀ ਇਤਫਾਕ ਬਣਾਈ ਰੱਖਣਾ ਚਾਹੀਦਾ ਹੈ।
ਖ਼ੈਰ! ਵਿਸ਼ੇਸ਼ ਤੌਰ ‘ਤੇ ਪ੍ਰਬੰਧਕੀ ਬੋਰਡ ਦੀ ਮਹੀਨਾਵਾਰ ਮੀਟਿੰਗ ਹੋਣ ਕਾਰਨ ਪਹਿਲਾਂ ਇਸ ਵਿੱਚ ਵਿੱਤੀ ਅਤੇ ਹੋਰ ਏਜੰਡਿਆਂ ਉਤੇ ਚਰਚਾ ਹੋਈ। ਇਸ ਮੌਕੇ ਫਾਇਨਾਂਸ ਸੈਕਟਰੀ ਅਮਨਦੀਪ ਸਿੰਘ ਨੇ ਵਿੱਤੀ ਰਿਪੋਰਟ ਪੇਸ਼ ਕੀਤੀ। ਲੰਗਰ ਇੰਚਾਰਜ ਸਤਿਨਾਮ ਸਿੰਘ ਗਿੱਲ ਨੇ ਰਸਦਾਂ ਆਦਿ ਬਾਰੇ ਦੱਸਿਆ। ਸਾਲ 2003 ਦੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਇਤਿਹਾਸਕ ਦਿਹਾੜੇ ਮਨਾਏ ਜਾਣ ਅਤੇ ਕੈਲੰਡਰ ਵਿੱਚ ਜੇ ਕੋਈ ਗਲਤ ਐਂਟਰੀਆਂ ਹੋਈਆਂ ਹਨ, ਉਨ੍ਹਾਂ ਉਤੇ ਵਿਚਾਰ ਕੀਤੇ ਜਾਣ ‘ਤੇ ਸਹਿਮਤੀ ਬਣੀ। ਐਡਵਾਇਜ਼ਰੀ ਕਮੇਟੀ ਲਈ ਛੇ ਦਰਜਨ ਦੇ ਕਰੀਬ ਪ੍ਰਾਪਤ ਹੋਈਆਂ ਅਰਜੀਆਂ ਅਤੇ ਮੈਂਬਰਸ਼ਿੱਪ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਜਥਿਆਂ ਨੂੰ ਮਿਲਦੀ ਮਾਇਆ ਭੇਟਾ ਸਬੰਧੀ ਅਤੇ ਪਾਲਕੀ ਤੇ ਗੁੰਬਦ ਬਾਰੇ ਵੀ ਵਿਚਾਰ ਹੋਈ।
ਅਹਿਮ ਗੱਲ ‘ਨਿਸ਼ਾਨ ਸਾਹਿਬ ਨੀਤੀ’ ਸਬੰਧੀ ਬੋਰਡ ਦੀ ‘ਹਾਂ’ ਜਾਂ ‘ਨਾਂਹ’ ਵਿੱਚ ਵੋਟ ਪਾਏ ਜਾਣ ਬਾਰੇ ਸੀ। ਮੀਟਿੰਗ ਦੌਰਾਨ ਕਾਰਜਕਾਰੀ ਸਕੱਤਰ ਸੀਰਤ ਕੌਰ ਕਲੇਰ ਨੇ ਐੱਸ.ਆਰ.ਐੱਸ. ਦੇ ਕੋਡ ਆਫ ਕੰਡਕਟ ਅਨੁਸਾਰ ‘ਨਿਸ਼ਾਨ ਸਾਹਿਬ ਨੀਤੀ’ ਤਹਿਤ ਗੁਰੂਘਰ ਦੇ ਅਹਾਤੇ ਅਤੇ ਪ੍ਰੋਗਰਾਮ ਵਿੱਚ ਝੰਡੇ, ਪ੍ਰਤੀਕ ਅਤੇ ਨਿਸ਼ਾਨਾਂ ਦੇ ਪ੍ਰਦਰਸ਼ਨ ਬਾਰੇ ਦੱਸਿਆ ਕਿ ਗੁਰੂਘਰ ਵਿੱਚ ਲੱਗਿਆ ਨਿਸ਼ਾਨ ਸਾਹਿਬ ਸਿੱਖਾਂ ਅਤੇ ਖਾਲਸਾ ਪੰਥ ਦਾ ਪ੍ਰਭੂਸੱਤਾ ਝੰਡਾ ਤੇ ਪ੍ਰਤੀਕ ਹੈ। ‘ਨਿਸ਼ਾਨ ਸਾਹਿਬ ਨੀਤੀ’ ਵਿੱਚ ਇਹ ਜ਼ਿਕਰ ਦਰਜ ਕੀਤਾ ਗਿਆ ਕਿ ਇਹ ਗੁਰਦੁਆਰੇ ਨੂੰ ਸਮੁੱਚੀ ਸੰਗਤ ਦੀ ਜਗ੍ਹਾ ਵਜੋਂ ਦਰਸਾਉਂਦਾ ਹੈ- ਕਿਸੇ ਵਿਅਕਤੀ, ਸਮੂਹ ਜਾਂ ਧੜੇ ਦੀ ਨਹੀਂ।
ਇਸ ਨੀਤੀ ਨੂੰ ਲਾਗੂ ਕਰਨ ਲਈ ਬੋਰਡ ਦੀ ਵੋਟਿੰਗ ਕਰਵਾਈ ਗਈ। ਬੋਰਡ ਦੇ ਨੌਂ ਵਿੱਚੋਂ ਚਾਰ ਮੈਂਬਰਾਂ- ਤਰਲੋਚਨ ਸਿੰਘ ਮੁਲਤਾਨੀ, ਸੀਰਤ ਕੌਰ ਕਲੇਰ, ਗੁਰਕੀਰਤ ਸਿੰਘ ਗਿੱਲ ਤੇ ਅਮਨਦੀਪ ਸਿੰਘ ਨੇ ਸਪਸ਼ਟ ਤੌਰ ‘ਤੇ ‘ਹਾਂ’ ਵਿੱਚ ਇਸ ਨੀਤੀ ਦੀ ਤਾਈਦ ਕੀਤੀ; ਜਦਕਿ ਦੂਜੇ ਚਾਰ ਮੈਂਬਰਾਂ- ਹਰਜੀਤ ਸਿੰਘ ਗਿੱਲ, ਗੁਰਿੰਦਰ ਸਿੰਘ ਸੰਧੂ, ਸਤਿੰਦਰ ਸਿੰਘ ਬ੍ਰਹਮ ਤੇ ਸਤਿਨਾਮ ਸਿੰਘ ਗਿੱਲ ਵੱਲੋਂ ਇਸ ਦੇ ਹੱਕ ਵਿੱਚ ਕੋਈ ਹੁੰਗਾਰਾ ਨਾ ਭਰਨ ਅਤੇ ਇੱਕ ਬੋਰਡ ਮੈਂਬਰ ਯਾਦਵਿੰਦਰ ਸਿੰਘ ਗਰੇਵਾਲ ਵੱਲੋਂ ਇਸ ਸਬੰਧੀ ਸਮਾਂ ਮੰਗੇ ਜਾਣ ਕਾਰਨ ਫਿਲਹਾਲ ਇਹ ਨੀਤੀ ਪਾਸ ਨਹੀਂ ਹੋ ਸਕੀ।
ਐਨ ਮੌਕੇ ਕੁਝ ਖਾਲਿਸਤਾਨ ਪੱਖੀਆਂ ਨੇ ਰਾਹਤ ਮਹਿਸੂਸ ਕੀਤੀ, ਇੱਥੋਂ ਤੱਕ ਕਿ ਜਦੋਂ ਇਸ ਸਬੰਧੀ ਗੱਲ ਅੱਗੇ ਤੁਰਨ ਲੱਗੀ ਤਾਂ ਇੱਕ ਖਾਲਿਸਤਾਨ ਪੱਖੀ ਕੁੜੀ ਦਖਲਅੰਦਾਜ਼ੀ ਕਰਨ ਲੱਗੀ। ਇਹ ਵੀ ਨੋਟ ਕੀਤਾ ਗਿਆ ਕਿ ਇਹ ਕੁੜੀ ਮੀਟਿੰਗ ਦੌਰਾਨ ਖਾਲਿਸਤਾਨ ਪੱਖੀ ਬੋਰਡ ਮੈਂਬਰ ਹਰਜੀਤ ਸਿੰਘ ਗਿੱਲ ਦੇ ਐਨ ਪਿੱਛੇ ਖੜ੍ਹ ਕੇ ਚਲਦੀ ਮੀਟਿੰਗ ਦੌਰਾਨ ਉਨ੍ਹਾਂ ਦੇ ਕੰਨਾਂ ਵਿੱਚ ਕੁਝ ਨਾ ਕੁਝ ਕਹਿੰਦੀ ਰਹੀ। ਕੁਝ ਬੋਰਡ ਮੈਂਬਰਾਂ ਨੇ ਇਸ ਨੂੰ ਬੋਰਡ ਮੀਟਿੰਗ ਵਿੱਚ ਖਲਲ ਮਹਿਸੂਸ ਕੀਤਾ ਤੇ ਉਸ ਨੂੰ ਵਾਰ-ਵਾਰ ਰੋਕਿਆ ਵੀ ਗਿਆ।
‘ਨਿਸ਼ਾਨ ਸਾਹਿਬ ਨੀਤੀ’ ਬਾਰੇ ਬੋਰਡ ਮੈਂਬਰਾਂ ਦੀ ਸਹਿਮਤੀ ਨਾ ਬਣਨ ਉਪਰੰਤ ਕਾਰਜਕਾਰੀ ਸਕੱਤਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਡ ਆਫ ਕੰਡਕਟ ਨੂੰ ਪੂਰੀ ਤਰ੍ਹਾਂ ਅਮਲ ਵਿੱਚ ਲਿਆਂਦਾ ਜਾਵੇਗਾ। ਉਸ ਮੁਤਾਬਕ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਤੇ ਸਕੱਤਰ ਦੀ ਮਨਜ਼ੂਰੀ ਤੋਂ ਬਿਨਾ ਕੋਈ ਵੀ ਹੋਰ ਝੰਡਾ ਗੁਰੂਘਰ ਦੇ ਅਹਾਤੇ ਵਿੱਚ ਨਹੀਂ ਲਾਇਆ ਜਾ ਸਕਦਾ; ਕਿਉਂਕਿ ਕਿਸੇ ਵੀ ਹੋਰ ਝੰਡੇ ਜਾਂ ਚਿੰਨ੍ਹ ਨੂੰ ਪ੍ਰਦਰਸ਼ਿਤ ਕਰਨ ਲਈ ਬੋਰਡ ਦੁਆਰਾ ਪਹਿਲਾਂ ਤੋਂ ਮਨਜ਼ੂਰੀ ਦੇ ਬਹੁਮਤ ਵੋਟ ਦੀ ਲੋੜ ਹੁੰਦੀ ਹੈ। ਉਂਜ ਨਿਸ਼ਾਨ ਸਾਹਿਬ, ਇਤਿਹਾਸਕ ਸਿੱਖ ਝੰਡੇ ਅਤੇ ਪ੍ਰਤੀਕਾਂ ਨੂੰ ਗੁਰੂਘਰ ਦੇ ਅਹਾਤੇ ਵਿੱਚ ਲਾਏ/ਲਹਿਰਾਏ ਜਾਣ ਲਈ ਕਿਸੇ ਮਨਜ਼ੂਰੀ ਦੀ ਲੋੜ ਨਹੀਂ।
ਬੋਰਡ ਮੈਂਬਰ ਹਰਜੀਤ ਸਿੰਘ ਗਿੱਲ ਨੇ ਇਤਰਾਜ਼ ਉਠਾਇਆ ਕਿ ਇਸ ਸਬੰਧੀ ਕੋਡ ਆਫ ਕੰਡਕਟ ਜੋ ਪਹਿਲਾਂ ਲਾਗੂ ਨਹੀਂ ਕੀਤਾ ਗਿਆ, ਉਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾ ਸਕਦਾ, ਤਾਂ ਪ੍ਰਧਾਨ ਨੇ ਸਪਸ਼ਟ ਕੀਤਾ ਕਿ ਜੋ ਬੋਰਡ ਵੱਲੋਂ ਪ੍ਰਵਾਨ ਕੀਤਾ ਜਾ ਚੁੱਕਾ ਹੈ, ਉਹ ਲਾਗੂ ਹੀ ਸਮਝਿਆ ਜਾਵੇਗਾ। ਇਸ ਮੌਕੇ ਕੁਝ ਖਾਹ-ਮਖਾਹ ਦੀਆਂ ਅੜਿੱਚਣਾਂ/ਦਲੀਲਾਂ ਉਤੇ ਮੀਟਿੰਗ ਦੌਰਾਨ ਵਿਅੰਗਮਈ ਹਾਸੇ ਦੀ ਸਥਿਤੀ ਵੀ ਬਣੀ।
ਜ਼ਿਕਰਯੋਗ ਹੈ ਕਿ ਅਜਿਹੀ ਨੀਤੀ ਨਵੀਂ ਅਥਾਰਟੀ ਨਹੀਂ ਬਣਾਉਂਦੀ। ਇਹ ਸਿਰਫ਼ ਕੋਡ ਆਫ ਕੰਡਕਟ ਦੇ ਮੌਜੂਦਾ ਪ੍ਰਬੰਧਾਂ ਨੂੰ ਹੀ ਸੰਚਾਲਿਤ ਕਰਦੀ ਹੈ, ਜੋ ਪਹਿਲਾਂ ਤੋਂ ਹੀ ਪ੍ਰਭਾਵੀ ਹਨ। ਅਜਿਹੀਆਂ ਕਾਰਜਸ਼ੀਲ ਨੀਤੀਆਂ ਉਦੋਂ ਲਾਗੂ ਕਰਨ ਲਈ ਮਹੱਤਵਪੂਰਨ ਹੁੰਦੀਆਂ ਹਨ, ਜਦੋਂ ਕੋਡ ਆਫ ਕੰਡਕਟ ਪਹਿਲਾਂ ਹੀ ਅਧਿਕਾਰ ਨੂੰ ਸਰਲ, ਸਾਫ਼, ਤੇਜ਼ ਅਤੇ ਅਟੱਲ ਪ੍ਰਦਾਨ ਕਰਦਾ ਹੈ, ਤਾਂ ਜੋ ਵਿਸ਼ੇ ਨਾਲ ਸਬੰਧਤ ਸਪੱਸ਼ਟ ਸੀਮਾਵਾਂ ਦੀ ਪਰਿਭਾਸ਼ਾ ਦੁਆਰਾ ਸਪੱਸ਼ਟਤਾ ਪ੍ਰਦਾਨ ਕਰਕੇ ਮਨਮਾਨੀ ਵਿਆਖਿਆ ਤੋਂ ਬਚਿਆ ਜਾ ਸਕੇ।
ਗੁਰੂਘਰ ਦੀਆਂ ਸਿਆਸੀ ਸਫਾਂ ਵਿੱਚ ਸਮਝਿਆ ਜਾ ਰਿਹਾ ਹੈ ਕਿ ਇਸ ਦਾ ਅਸਲ ਮਕਸਦ ਗੁਰੂਘਰ ਦੇ ਅਹਾਤੇ ਵਿੱਚ ਕਥਿਤ ਤੌਰ ‘ਤੇ ਖਾਲਿਸਤਾਨੀ ਝੰਡੇ ਜਾਂ ਹੋਰ ਝੰਡੇ ਲਾਉਣ ਤੋਂ ਰੋਕਣ ਲਈ ਨੀਤੀ ਪਾਸ ਹੋਣ ਦੀ ਉਮੀਦ ਸੀ। ਉਂਜ ਇਸ ਮੀਟਿੰਗ ਵਿੱਚ ਇਹ ਗੱਲ ਵੀ ਗੰਭੀਰਤਾ ਨਾਲ ਉਠੀ ਕਿ ਇਸ ਨੀਤੀ ਦੇ ਵਿਰੋਧ ਵਿੱਚ ਬੋਰਡ ਦੀ ਪਿਛਲੀ ਮੀਟਿੰਗ ਵਿੱਚ ਇੱਕ ਖਾਲਿਸਤਾਨ ਪੱਖੀ ਮੱਖਣ ਸਿੰਘ ਕਲੇਰ (ਜੋ ਬੋਰਡ ਦਾ ਮੈਂਬਰ ਵੀ ਨਹੀਂ) ਨੇ ‘ਸਿਰ ਫਟਣ’ ਦੀ ਕਥਿਤ ਧਮਕੀ ਦਿੱਤੀ ਸੀ ਅਤੇ ਇੱਕ ਸਾਬਕਾ ਬੋਰਡ ਮੈਂਬਰ ਸ਼ਿਵਇੰਦਰਜੀਤ ਸਿੰਘ ਵਿਰੁੱਧ ਵੀ ਦੋਸ਼ ਲੱਗੇ ਕਿ ਉਸ ਨੇ ਵੀ ਸਿਰ ਫਟਣ ਸਬੰਧੀ ਗੱਲ ਦੀ ਤਾਈਦ ਕੀਤੀ ਸੀ। ਇੱਥੋਂ ਤੱਕ ਕਿ ਕਾਰਜਕਾਰੀ ਸਕੱਤਰ ਸੀਰਤ ਕੌਰ ਕਲੇਰ ਨੂੰ ‘ਪਰਿਵਾਰਕ ਪੱਧਰ ਦੇ ਨੁਕਸਾਨ’ ਦੀ ਧਮਕੀ ਵੀ ਦਿੱਤੀ ਗਈ ਸੀ। ਹਾਲਾਂਕਿ ਸਾਬਕਾ ਬੋਰਡ ਮੈਂਬਰ ਨੇ ਇਸ ਸਬੰਧੀ ਆਪਣਾ ਪੱਖ ਸਪਸ਼ਟ ਕੀਤਾ ਅਤੇ ਬੋਰਡ ਮੀਟਿੰਗ ਵਿੱਚ ਮੁਆਫੀ ਵੀ ਮੰਗੀ; ਪਰ ਉਨ੍ਹਾਂ ਅਜਿਹੀਆਂ ਨੀਤੀਆਂ ਲਿਆ ਕਿ ਆਪਸ ਵਿੱਚ ਵੰਡ ਨਾ ਪਾਉਣ ਦੀ ਅਪੀਲ ਵੀ ਕੀਤੀ। ਉਂਜ ‘ਸਿਰ ਫਟਣ ਦੀ ਧਮਕੀ’ ਨੂੰ ਕੁਝ ਸੰਗਤ ਨੇ ਗੰਭੀਰਤਾ ਨਾਲ ਲਿਆ ਹੈ ਕਿ ਕੀ ਹੁਣ ਗੁਰੂਘਰ ਵਿੱਚ ਇਹ ਸਭ ਕੁਝ ਹੋਵੇਗਾ? ਜੇ ਸੰਗਤ ਵੱਲੋਂ ਚੁਣੀ ਗਈ ਇੱਕ ਨੁਮਾਇੰਦਾ ਮੈਂਬਰ ਨੂੰ ਧਮਕੀਆਂ ਮਿਲ ਸਕਦੀਆਂ ਹਨ, ਤਾਂ ਕੀ ਗੁਰੂਘਰ ਅੰਦਰ ਹਮ੍ਹਾਤੜ-ਤੁਮ੍ਹਾਤੜ ਸੰਗਤ ਕਥਿਤ ਧਮਕੀਆਂ ਤੋਂ ਸੁਰੱਖਿਅਤ ਮਹਿਸੂਸ ਕਰੇਗੀ? ਮੀਟਿੰਗ ਦੌਰਾਨ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਦਾ ਇੱਕ ਕਾਰਨ ਇਹ ਵੀ ਸੀ।
ਗੁਰਮਤਿ ਸਕੂਲ ਦੇ ਇੰਚਾਰਜ ਗੁਰਕੀਰਤ ਸਿੰਘ ਗਿੱਲ ਦਾ ਕਹਿਣਾ ਸੀ ਕਿ ਆਪਸ ਵਿੱਚ ਵਿਚਾਰਾਂ ਦਾ ਫਰਕ ਕੋਈ ਬਹੁਤਾ ਨਹੀਂ ਹੈ, ਜੇ ਇਸ ਕਰਕੇ ਆਪਾਂ ਇੱਕ-ਦੂਜੇ ਨੂੰ ਧਮਕੀਆਂ ਦੇਣ ਲੱਗ ਜਾਈਏ ਤਾਂ ਆਪਾਂ ਟੁੱਟ ਸਕਦੇ ਹਾਂ, ਬਾਹਰੋਂ ਕੋਈ ਸਾਨੂੰ ਤੋੜ ਨਹੀਂ ਸਕਦਾ। ਸਾਨੂੰ ਇਹ ਦੇਖਣਾ ਪਵੇਗਾ ਕਿ ਕੀ ਅਸੀਂ ਕੋਈ ਉਸਾਰੂ ਗੱਲ ਕਰ ਰਹੇ ਹਾਂ ਜਾਂ ਆਪਸ ਵਿੱਚ ਸਮੱਸਿਆ ਖੜ੍ਹੀ ਕਰ ਰਹੇ ਹਾਂ!
ਚੇਤੇ ਰਹੇ, ਜੂਨ 1984 ਦੇ ਘੱਲੂਘਾਰੇ ਦੀ ਦੁਖਦਾਈ ਯਾਦ ਗੁਰਦੁਆਰਾ ਪੈਲਾਟਾਈਨ ਵਿਖੇ ਵੀ ਮਨਾਈ ਜਾਂਦੀ ਹੈ, ਪਰ ਇਸ ਮੌਕੇ ਖਾਲਿਸਤਾਨੀ ਧਿਰ ਵੱਲੋਂ ਗੁਰੂਘਰ ਦੀ ਇਮਾਰਤ ਉਤੇ ਖਾਲਿਸਤਗਨੀ ਝੰਡੇ ਲਹਿਰਾਏ ਜਾਂਦੇ ਹਨ। ਇੱਥੋਂ ਤੱਕ ਕਿ ਤਿੰਨ ਕੁ ਸਾਲ ਪਹਿਲਾਂ ਗੁਰੂਘਰ ਦੇ ਅੰਦਰ ਇੰਦਰਾ ਗਾਂਧੀ ਨੂੰ ਗੋਲੀ ਮਾਰੇ ਜਾਣ ਸਬੰਧੀ ਇੱਕ ਕੱਟ-ਆਊਟ ਵੀ ਲਾਇਆ ਗਿਆ ਸੀ, ਜਿਸ ਨੂੰ ਲੈ ਕੇ ਉਦੋਂ ਵੀ ਚਰਚਾ ਹੋਈ ਸੀ। ਮੀਟਿੰਗ ਦੌਰਾਨ ਇਹ ਗੱਲ ਵੀ ਉਠੀ ਕਿ ਜਦੋਂ ਗੁਰੂਘਰ ਵੱਲੋਂ ਸੰਗਤ 1984 ਦੇ ਕਤਲੇਆਮ ਦੇ ਰੋਸ ਵਜੋਂ ਸ਼ਿਕਾਗੋ ਵਿੱਚ ਭਾਰਤੀ ਕੌਂਸਲਖਾਨੇ ਦੇ ਬਾਹਰ ਰੋਸ ਮੁਜਾਹਰਾ ਕਰਨ ਜਾਂਦੀ ਹੈ, ਉਦੋਂ ਵੀ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ ਜਾਂਦੀ ਹੈ। ਇਸ ਸਬੰਧੀ ਕੁਝ ਸੰਗਤ ਦਾ ਵਿਚਾਰ ਹੈ ਕਿ ‘1984 ਦੀ ਦੁਖਦਾਈ ਯਾਦ’ ਅਤੇ ‘ਖਾਲਿਸਤਾਨੀ ਸਿਆਸਤ’ ਨੂੰ ਰਲਗੱਡ ਕਰ ਦਿੱਤੇ ਜਾਣ ਕਾਰਨ ਸੰਗਤ ਵਿੱਚ ਇੱਕ ਤਰ੍ਹਾਂ ਦੀ ਕਸ਼ੀਦਗੀ ਪੈਦਾ ਹੋ ਗਈ ਹੈ। ਮੀਟਿੰਗ ਦੌਰਾਨ ਇੱਕ ਬੀਬੀ ਸੁੱਖੀ ਸਿੰਘ ਨੇ ਤਾਂ ਇਹ ਵੀ ਆਖ ਦਿੱਤਾ ਕਿ ਜੇ ਖਾਲਿਸਤਾਨ ਲੈਣਾ ਹੈ ਤਾਂ ਆਪਣੇ ਪਾਸਪੋਰਟ ਫਾੜੋ ਤੇ ਪੰਜਾਬ ਚੱਲ ਕੇ ਉਸ ਲਈ ਸੰਘਰਸ਼ ਕਰੀਏ। ਬੀਬੀ ਰੋਜ਼ੀ ਧਾਲੀਵਾਲ ਨੇ ਵੀ ਆਪਣੇ ਵਿਚਾਰ ਪ੍ਰਗਟਾਏ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਨ੍ਹਾਂ ਦੇ ਪਰਿਵਾਰਾਂ/ਰਿਸ਼ਤੇਦਾਰਾਂ ਨੇ 1984 ਦਾ ਤਸ਼ੱਦਦ ਸਹਿਆ, ਉਨ੍ਹਾਂ ਨੇ ਕੋਈ ਪੀੜ ਨਾ ਹੰਢਾਈ ਹੋਵੇ; ਪਰ 17 ਮਈ ਦੇ ਘਟਨਾਕ੍ਰਮ ਦਾ ਪਰਛਾਵਾਂ ਵੀ ਸਥਾਨਕ ਭਾਈਚਾਰੇ ਦੀ ਇਤਫਾਕੀਆ ਸਾਂਝ ‘ਤੇ ਜ਼ਰੂਰ ਪੈ ਗਿਆ ਹੈ, ਜਿਸ ਕਾਰਨ ਮੀਟਿੰਗ ਦੌਰਾਨ ਵਾਰ-ਵਾਰ ਵਿਚਾਰਾਂ ਦੇ ਮੱਤਭੇਦ ਕਾਰਨ ਆਪਣੀ ਬਹਿਸ ਦੀ ਸੁਰ ਉਚੀ ਹੁੰਦੀ ਰਹੀ ਤੇ ਖਾਲਿਸਤਾਨ ਪੱਖੀ ਆਪਣੀਆਂ ਗੱਲਾਂ `ਤੇ ਬਜ਼ਿੱਦ ਸਨ। ਖਾਲਿਸਤਾਨ ਪੱਖੀ ਹਰਕੀਰਤ ਸਿੰਘ ਸੰਧੂ ਦਾ ਕਹਿਣਾ ਸੀ ਕਿ ਸਾਨੂੰ ਰੋਸ ਹੈ ਕਿ ਇੰਡੀਆ ਗੌਰਮਿੰਟ ਨੇ ਸਿੱਖਾਂ ਦੇ ਪਰਿਵਾਰਾਂ, ਸਾਡੇ ਹੋਮਲੈਂਡ ਪੰਜਾਬ ਨੂੰ ਤਬਾਹ ਕੀਤਾ, ਤੇ ਉਹ ਹਿੰਦੋਸਤਾਨੀ ਲੋਕ ਸਾਡੇ ਘਰ ਆ ਕੇ ਸਾਨੂੰ ਚਿੜਾਉਣ, ਇਹ ਵਾਰਾ ਨਹੀਂ ਖਾਂਦਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਨੁਸਾਰ ਸੁਸਾਇਟੀ ਦੀ ਦਿਖ ਬਰਕਰਾਰ ਰੱਖਣ ਲਈ ਕੌਂਸਲ ਜਨਰਲ ਨੂੰ ਸਿਰੋਪਾਓ ਦਿੱਤਾ ਗਿਆ; ਜਦਕਿ ਬੋਰਡ ਵੱਲੋਂ ਪਹਿਲਾਂ ਅਜਿਹਾ ਕਰਨ ਦੀ ਕੋਈ ਮਨਸ਼ਾ ਨਹੀਂ ਸੀ। ਇਹ ਗੱਲ ਅੱਗੇ ਆਈ ਕਿ 17 ਮਈ ਦਾ ਘਟਨਾਕ੍ਰਮ ਖਾਲਿਸਤਾਨੀਆਂ ਨੂੰ ਰੋਕਣ ਦੇ ਬਾਵਜੂਦ ਉਨ੍ਹਾਂ ਦੀ ਮਿਲੀਭੁਗਤ ਨਾਲ ਹੋਇਆ।
ਡਾ. ਹਰਜਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਕੌਂਸਲ ਜਨਰਲ ਦੇ ਗੁਰੂਘਰ ਆਉਣ ਬਾਰੇ ਅੰਕਲ ਦਰਸ਼ਨ ਸਿੰਘ ਧਾਲੀਵਾਲ ਦੇ ਜ਼ਰੀਏ ਮੇਰੇ ਤੱਕ ਪਹੁੰਚ ਕੀਤੀ ਗਈ ਸੀ, ਤੇ ਇਸ ਸਬੰਧੀ ਗੁਰਦੁਆਰਾ ਕਮੇਟੀ ਨੂੰ ਦੱਸਿਆ ਗਿਆ ਸੀ, ਪਰ ਸਿਰੋਪਾਓ ਦੇਣ ਜਾਂ ਸਟੇਜ ਤੋਂ ਬੁਲਾਉਣ ਆਦਿ ਦੀ ਕੋਈ ਡਿਮਾਂਡ ਨਹੀਂ ਸੀ। ਉਂਜ ਡਾ. ਖਹਿਰਾ ਨੇ ਸਪਸ਼ਟ ਕੀਤਾ ਕਿ ਕਈ ਵਾਰ ਇਸ ਤਰ੍ਹਾਂ ਦੀ ਸਥਿਤੀ ਆ ਜਾਂਦੀ ਹੈ ਕਿ ਉਨ੍ਹਾਂ (ਕੌਂਸਲ ਜਨਰਲ ਜਾਂ ਸਟਾਫ) ਨੂੰ ਰਾਤਾਂ ਨੂੰ ਉਠਾ ਕੇ ਜਾਂ ਛੁੱਟੀ ਵਾਲੇ ਦਿਨ ਵੀ ਤਤਕਾਲ ਵਿੱਚ ਵੀਜ਼ੇ ਜਾਂ ਪਾਸਪੋਰਟ ਆਦਿ ਸਬੰਧੀ ਕੰਮ ਲਏ ਜਾਂਦੇ ਹਨ। ਸਾਡਾ ਮਕਸਦ ਇਹੋ ਹੁੰਦਾ ਹੈ ਕਿ ਸਾਡੇ ਭਾਈਚਾਰੇ ਦੀ ਇਸ ਪੱਖੋਂ ਮਦਦ ਹੋ ਜਾਵੇ, ਤੇ ਕੋਈ ਖੱਜਲ-ਖੁਆਰੀ ਨਾ ਹੋਵੇ।
ਹਰਵਿੰਦਰ ਸਿੰਘ ਘੋਤੜਾ ਨੇ ਕਿਹਾ ਕਿ ਗੁਰੂਘਰ ਸਾਡਾ ਪਰਿਵਾਰ ਹੈ ਤੇ ਅਸੀਂ ਪਰਿਵਾਰਾਂ ਨਾਲ ਆਪਸ ਵਿੱਚ ਜੁੜੇ ਹੋਏ ਹਾਂ। ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਜੇ ਕੋਈ ਬੰਦਾ ਬਾਹਰੋਂ ਆ ਕੇ ਸਾਡੇ ਗੁਰੂਘਰ ਕਾਰਵਾਈ ਕਰੇ ਤਾਂ ਸਾਰੇ ਬੋਰਡ ਨੂੰ ਇਕੱਠਿਆਂ ਹੋ ਕੇ ਉਸੇ ਸਮੇਂ ਐਕਸ਼ਨ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਗੱਲ ਹੋਈ ਹੈ ਕਿ 1984 ਦੇ ਰੋਸ ਅਤੇ ਖਾਲਿਸਤਾਨ ਨੂੰ ਵੱਖ-ਵੱਖ ਰੱਖੋ। ਇਸੇ ਕਰਕੇ ਸੰਗਤ ਕੌਂਸਲਖਾਨੇ ਅੱਗੇ ਰੋਸ ਕਰਨ ਨਹੀਂ ਜਾਂਦੀ, ਕਿਉਂਕਿ ਉਥੇ ਖਾਲਿਸਤਾਨ ਦੇ ਝੰਡੇ ਹੁੰਦੇ ਹਨ। ਭੁਪਿੰਦਰ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ‘ਨਿਸ਼ਾਨ ਸਾਹਿਬ’ ਸਾਡੇ ਲਈ ਪ੍ਰਤੀਕ ਹੈ, ਇਹ ਕੋਈ ਨੀਤੀ ਨਹੀਂ ਹੈ। ਬੇਸ਼ੱਕ ਸੰਗਤ ਨੇ ਬੋਰਡ ਨੂੰ ਚੁਣਿਆ ਹੈ, ਪਰ ਇਹ ਨਹੀਂ ਕਿ ਉਹ ਇਸ ਸਬੰਧੀ ਨੀਤੀ ਬਣਾ ਦੇਣ; ਸਗੋਂ ਇਸ ਲਈ ਰੈਫਰੈਂਡਮ ਰਾਹੀਂ ਸੰਗਤ ਦੀ ਸਹਿਮਤੀ ਲਈ ਜਾਣੀ ਚਾਹੀਦੀ ਹੈ।
ਰਣਜੀਤ ਸਿੰਘ ਗਿੱਲ ਨੇ ਸਵਾਲ ਕੀਤਾ ਕਿ ਕੋਈ ਐਸੀ ਪਾਲਿਸੀ ਹੈ, ਜਿਸ ਤਹਿਤ ਰਾਗੀ ਸਿੰਘਾਂ ਨੂੰ 12-12 ਸੌ ਡਾਲਰ ਜਮ੍ਹਾ ਕਰਵਾਏ ਜਾਣ ਲਈ ਕਿਹਾ ਜਾਵੇ, ਕਿ ਨਹੀਂ ਤਾਂ ਤੁਹਾਨੂੰ ਕੱਢ ਦਿਆਂਗੇ? ਰਾਗੀ ਸਿੰਘਾਂ ਦੇ ਆਰ-1 ਫਾਈਲ ਕਰਨ ਲਈ ਪਹਿਲਾਂ ਵਕੀਲ ਕੌਣ ਸੀ? (ਹੁਣ ਨਵੇਂ ਬੋਰਡ ਨੇ ਰਾਗੀ ਸਿੰਘਾਂ ਦੀ ਇਮੀਗ੍ਰੇਸ਼ਨ ਸਬੰਧੀ ਵਕੀਲ ਕੀਤਾ ਹੈ) ਇਸ ਸਬੰਧੀ ਰਾਗੀ ਸਿੰਘਾਂ ਤੋਂ ਰਸੀਦਾਂ ਕਟਾਉਣ (ਪਿਛਲੇ ਬੋਰਡ ਦੇ ਕਾਰਜਕਾਲ ਦੌਰਾਨ) ਦਾ ਮਾਮਲਾ ਵੀ ਸਾਹਮਣੇ ਆਇਆ, ਜਿਸ ਸਬੰਧੀ ਸੰਗਤ ਵਿੱਚ ਕੁਝ ਖਦਸ਼ੇ ਉਭਰ ਆਏ ਹਨ। ਪਿਛਲੇ ਬੋਰਡ ਦੇ ਕੁਝ ਮੈਂਬਰਾਂ ਵੱਲੋਂ ਰਾਗੀ ਸਿੰਘਾਂ ਨੂੰ ਦਬਕਾਏ ਜਾਣ ਦਾ ਦੋਸ਼ ਵੀ ਲੱਗਾ।
ਗੁਰਲਾਭ ਸਿੰਘ ਨੇ ਕਿਹਾ ਕਿ ਹੁਣ ਤੱਕ (ਗੁਰੂਘਰ ਦੇ) ਬੈਂਕ ਅਕਾਊਂਟ ਹੀ ਭਰੇ ਗਏ ਹਨ; ਨਾ ਕਿਤੇ ਸਿੱਖੀ ਦੀ ਗੱਲ ਹੈ, ਨਾ ਕਿਤੇ ਹੋਣਹਾਰ ਸਿੱਖ ਬੱਚਿਆਂ ਦੇ ਵਜ਼ੀਫੇ ਦੀ ਗੱਲ ਹੈ। ਕਿੰਨੇ ਬੱਚੇ ਲਾਇਕ ਹਨ, ਪਰ ਪੈਸਿਆਂ ਦੀ ਘਾਟ ਕਾਰਨ ਪੜ੍ਹਨੋ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਾਹਰ ਦੇ ਬੰਦੇ ਆ ਕੇ ਗੁਰੂਘਰ ‘ਚ ਰੌਲਾ ਪਾ ਗਏ, ਪਰ ਰੌਲਾ ਅਸੀਂ ਆਪਸ ਵਿੱਚ ਪਾ ਲਿਆ।
ਲਖਵੀਰ ਸਿੰਘ (ਲੱਕੀ) ਸਹੋਤਾ ਨੇ ਕਿਹਾ ਬਹੁਤ ਸਾਰੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਕਿ 1984 ਤੋਂ 1992-93 ਤੱਕ ਕੀ ਹੋਇਆ! ਅਸੀਂ ਆਇਡਿਓਲੌਜੀ ਨੂੰ ਪਿੱਛੇ ਛੱਡ ਦਿੱਤਾ, ਪਰ ‘ਜ਼ਿੰਦਾਬਾਦ-ਮੁਰਦਾਬਾਦ’ ਕਰਨ ਨਾਲ ਸਾਡੀ ਆਵਾਜ਼ ਉਨੀ ਨਹੀਂ ਜਾਂਦੀ। ਸਾਨੂੰ ਆਪਸ ਵਿੱਚ ਲੜਨ ਜਾਂ ਬਹਿਸ ਕਰਨ ਨਾਲੋਂ ਆਇਡਿਓਲੌਜੀ ਨੂੰ ਅੱਗੇ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ (ਗੁਰਸਿੱਖਾਂ) ਨੂੰ ਅੱਗੇ ਲਿਆਓ, ਤਾਂ ਜੋ ਇਨ੍ਹਾਂ ਨੂੰ ਦੇਖ ਕੇ ਹੋਰ ਵੀ ਅੱਗੇ ਆਉਣ। ਕੁਝ ਹੋਰ ਸੰਗਤ ਮੈਂਬਰਾਂ ਨੇ ਵੀ ਆਪਣੇ ਵਿਚਾਰ ਪ੍ਰਗਟਾਏ।

Leave a Reply

Your email address will not be published. Required fields are marked *