*ਨੇਤਨਯਾਹੂ ਨੇ ਗਾਜ਼ਾ ਦੇ 70 ਫੀਸਦੀ ਇਲਾਕੇ ‘ਤੇ ਕਬਜ਼ੇ ਦੇ ਹੁਕਮ ਦਿੱਤੇ
*ਇਜ਼ਰਾਇਲ ਵੱਲੋਂ ਜੰਗਬੰਦੀ ਦੀ ਸ਼ਰੇਆਮ ਉਲੰਘਣਾ
ਜਸਵੀਰ ਸਿੰਘ ਮਾਂਗਟ
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੁਝ ਦਿਨ ਪਹਿਲਾਂ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਇਜ਼ਰਾਇਲੀ ਫੌਜ ਆਈ.ਡੀ.ਐਫ. ਨੂੰ ਗਾਜ਼ਾ ਦੇ 70 ਫੀਸਦੀ ਖੇਤਰ ‘ਤੇ ਕਬਜ਼ਾ ਕਰਨ ਦਾ ਹੁਕਮ ਦੇ ਦਿੱਤਾ ਹੈ। ਯਾਦ ਰਹੇ, ਪਿਛਲੇ ਸਾਲ ਅਕਤੂਬਰ ਵਿੱਚ ਇਜ਼ਰਾਇਲ ਅਤੇ ਫਲਿਸਤੀਨ ਵਿਚਕਾਰ ਅਮਰੀਕਾ ਦੀ ਵਿਚੋਲਗੀ ਨਾਲ ਹੋਈ ਜੰਗਬੰਦੀ ਸਮੇਂ ਗਾਜ਼ਾ ਦੇ ਸਮੁੰਦਰੀ ਪੱਤਣ ਨਾਲ ਲਗਦੇ ਖੇਤਰ ਦੇ ਸਮਾਨੰਤਰ ਇਜ਼ਰਾਇਲ ਦੀ ਸਰਹੱਦ ਵਾਲੇ ਪਾਸੇ ਇੱਕ ਫ਼ਰਜ਼ੀ ‘ਪੀਲੀ ਰੇਖਾ’ ਖਿੱਚ ਦਿੱਤੀ ਗਈ ਸੀ। ਇਸ ਰੇਖਾ ਤੀਕਰ ਆਈ.ਡੀ.ਐਫ. ਦੇ ਵਕਤੀ ਕੰਟਰੋਲ ਨੂੰ ਸਵੀਕਾਰ ਕੀਤਾ ਗਿਆ ਸੀ।
ਇੱਥੇ ਇਹ ਵੀ ਧਿਆਨ ‘ਚ ਰੱਖਣਾ ਬਣਦਾ ਹੈ ਕਿ ਜਿਸ ਖਿੱਤੇ ਵਿੱਚ ਆਈ.ਡੀ.ਐਫ. ਨੂੰ ਕੰਟਰੋਲ ਦਿੱਤਾ ਗਿਆ ਹੈ, ਉਹ ਗਾਜ਼ਾ ਪੱਟੀ ਦੇ ਕੁੱਲ ਖੇਤਰ ਦਾ 53 ਫੀਸਦੀ ਬਣਦਾ ਹੈ। ਇਜ਼ਰਾਇਲ ਦੀ ਫੌਜ ਨੇ ਜੰਗਬੰਦੀ ਦੇ ਬਾਵਜੂਦ ਪੀਲੀ ਲਾਈਨ ਦਾ ਉਲੰਘਣ ਕਰਕੇ ਫਲਿਸਤੀਨੀ ਝੁੱਗੀਆਂ ‘ਤੇ ਲਗਾਤਾਰ ਹਮਲੇ ਕੀਤੇ ਹਨ। ਜੰਗਬੰਦੀ ਤੋਂ ਬਾਅਦ ਵੀ ਆਈ.ਡੀ.ਐਫ. ਵੱਲੋਂ ਕੀਤੇ ਗਏ ਹਮਲਿਆਂ ਵਿੱਚ ਹੁਣ ਤੱਕ 900 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 2800 ਤੋਂ ਵੱਧ ਜ਼ਖਮੀ ਹੋਏ ਹਨ। ਇੱਥੋਂ ਤੱਕ ਕਿ ਗਾਜ਼ਾ ਪੱਟੀ ਦੇ ਧੁਰ ਅੰਦਰ ਜਾ ਕੇ ਹਵਾਈ ਹਮਲੇ ਕੀਤੇ ਗਏ ਹਨ। ਇਸ ਦੌਰਾਨ ਨਿਸ਼ਾਨਾ ਹਮਾਸ ਦੇ ਲੜਾਕਿਆਂ ਦੀ ਮੌਜੂਦਗੀ ਦੱਸਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਣਾਏ ਗਏ ਗਾਜ਼ਾ ਪੀਸ ਬੋਰਡ ਨੇ ਵੀ ਇਨ੍ਹਾਂ ਹਮਲਿਆਂ ‘ਤੇ ਆਪਣਾ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ। ਸਗੋਂ ਹਮਾਸ ਦੇ ਖਿਲਾਫ ਜ਼ਰੂਰ ਕੁਝ ਨਾ ਕੁਝ ਅਮਰੀਕੀ ਸਦਰ ਆਖਦੇ ਰਹੇ ਹਨ। ਇਸ ਸਥਿਤੀ ਦਾ ਲਾਭ ਉਠਾ ਕੇ ਇਜ਼ਰਾਇਲ ਨੇ ਅੱਗੇ ਵਧ ਕੇ ਗਾਜ਼ਾ ਦੇ 64 ਫੀਸਦੀ ਹਿੱਸੇ ‘ਤੇ ਕਬਜ਼ਾ ਕਰ ਲਿਆ ਹੋਇਆ ਹੈ। ਹੁਣ ਗਾਜ਼ਾ ਦੇ 70 ਫੀਸਦੀ ਇਲਾਕੇ ‘ਤੇ ਇਜ਼ਰਾਇਲ ਦੇ ਕਬਜ਼ੇ ਦਾ ਇਹ ਬਿਆਨ ਦੋਹਾਂ ਮੁਲਕਾਂ ਵਿਚਕਾਰ ਹੋਈ ਜੰਗਬੰਦੀ ਦਾ ਖੁਲ੍ਹਾ ਉਲੰਘਣ ਹੈ।
ਇਸੇ ਦਰਮਿਆਨ ਇਰਾਨ ਨੇ ਐਲਾਨ ਕੀਤਾ ਹੈ ਕਿ ਉਹ ਉਦੋਂ ਤੱਕ ਅਮਰੀਕਾ ਨਾਲ ਕੋਈ ਸਮਝੌਤਾ ਨਹੀਂ ਕਰੇਗਾ, ਜਿੰਨੀ ਦੇਰ ਤੱਕ ਲੈਬਨਾਨ ਅਤੇ ਗਾਜ਼ਾ ਵਿੱਚ ਜੰਗਬੰਦੀ ਨਹੀਂ ਹੋ ਜਾਂਦੀ। ਇਰਾਨ ਨੇ ਇਜ਼ਰਾਇਲ ‘ਤੇ ਨਵਾਂ ਹਮਲਾ ਕਰਨ ਦੇ ਵੀ ਸੰਕੇਤ ਦਿੱਤੇ ਹਨ। ਇਜ਼ਰਾਇਲ ਦੇ ਚਾਲਿਆਂ ਤੋਂ ਜਾਪਦਾ ਹੈ ਕਿ ਉਹ ਗਾਜ਼ਾ ਅਤੇ ਵੈਸਟ ਬੈਂਕ- ਦੋਹਾਂ ਵਿੱਚੋਂ ਫਲਿਸਤੀਨੀਆਂ ਨੂੰ ਖਦੇੜ ਕੇ ਇਨ੍ਹਾਂ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ। ਫਲਿਸਤੀਨ ਦੇ ਦੂਜੇ ਹਿੱਸੇ, ਵੈਸਟ ਬੈਂਕ ਵਿੱਚ ਵੀ ਆਈ.ਡੀ.ਐਫ. ਅਤੇ ਜੀਓਨਿਸਟ ਰਲ-ਮਿਲ ਕੇ ਫਲਿਸਤੀਨੀ ਬਾਸ਼ਿੰਦਿਆਂ ਦੇ ਘਰ-ਬਾਰ ਤਬਾਹ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਖਿੱਤੇ ਵਿੱਚੋਂ ਖਦੇੜ ਰਹੇ ਹਨ। ਇਜ਼ਰਾਇਲੀ ਫੌਜ ਵੱਲੋਂ ਥੇਹ ਬਣਾ ਦਿੱਤੇ ਗਏ ਗਾਜ਼ਾ ਦੇ ਛੋਟੇ ਜਿਹੇ ਖਿੱਤੇ ਵਿੱਚ ਰਹਿ ਰਹੇ 20 ਲੱਖ ਫਲਿਸਤੀਨੀ ਲੋਕਾਂ ਲਈ ਇਹ ਹੋਰ ਵੱਡਾ ਮਾਨਵੀ ਸੰਕਟ ਖੜ੍ਹਾ ਹੋਣ ਦੇ ਸੰਕੇਤ ਹਨ। ਗੋਲੀਬੰਦੀ ਦੇ ਬਾਵਜੂਦ ਆਈ.ਡੀ.ਐਫ. ਗਾਜ਼ਾ ਵਿੱਚ ਲਗਾਤਾਰ ਹਮਲੇ ਕਰ ਰਹੀ ਹੈ। ਇਸ ਤਰ੍ਹਾਂ 7 ਅਕਤੂਬਰ 2023 ਤੋਂ ਬਾਅਦ ਗਾਜ਼ਾ ਦੀ ਲੜਾਈ ਵਿੱਚ ਕੁੱਲ 73,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 10,000 ਲੋਕ ਲਾਪਤਾ ਹਨ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ 70 ਫੀਸਦੀ ਔਰਤਾਂ ਅਤੇ ਬੱਚੇ ਹਨ ਤੇ ਮਲਬੇ ਹੇਠ ਦਬ ਕੇ ਮਾਰੇ ਗਏ ਹਨ। ਉਨ੍ਹਾਂ ਦੀਆਂ ਲਾਸ਼ਾਂ ਦਾ ਵੀ ਪਤਾ ਨਹੀਂ ਲੱਗਾ।
ਇਜ਼ਰਾਇਲ ਵੱਲੋਂ ਕਬਜ਼ਾਏ ਇਲਾਕੇ ਵਿੱਚ ਫੌਜ ਹੀ ਤੈਅ ਕਰਦੀ ਹੈ ਕਿ ਕਿਹੜਾ ਵਿਆਕਤੀ (ਪੀਲੀ) ਲਾਈਨ ਕਰੌਸ ਕਰੇਗਾ, ਕਿਹੜਾ ਨਹੀਂ। ਜਦੋਂ ਵੀ ਕਦੀ ਕਥਿਤ ਖ਼ਤਰਾ ਮਹਿਸੂਸ ਹੁੰਦਾ ਹੈ, ਆਈ.ਡੀ.ਐਫ. ਫਾਇਰ ਖੋਲ੍ਹ ਦਿੰਦੀ ਹੈ। ਇਸ ਤਰ੍ਹਾਂ ਇਜ਼ਰਾਇਲੀ ਫੌਜ ਲਗਾਤਾਰ ਪੱਛਮ ਵੱਲ, ਭਾਵ ਹਮਾਸ ਵਾਲੇ ਖੇਤਰ ਵੱਲ ਵਧਦੀ ਜਾ ਰਹੀ ਹੈ ਅਤੇ ਸਮਝੌਤਾ ਕਰਵਾਉਣ ਵਾਲੇ ਅਮਰੀਕੀ ਸਦਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਲਗਦਾ ਹੈ, ਅਮਰੀਕੀ ਲੀਡਰਸ਼ਿਪ ਦੀ ਮੱਦਦ ਨਾਲ ਹੀ ਫਲਿਸਤੀਨੀਆਂ ਦੀ ਇਹ ਨਸਲਕੁਸ਼ੀ ਕੀਤੀ ਜਾ ਰਹੀ ਹੈ। ਇਹ ਇਸ ਲਈ ਕਿ ਫਲਿਸਤੀਨੀਆਂ ਨੂੰ ਉਜਾੜ ਕੇ ਗਾਜ਼ਾ ਪੱਟੀ ਵਿੱਚ ਰੀਅਲ ਇਸਟੇਟ ਦਾ ਕਾਰੋਬਾਰ ਸ਼ੁਰੂ ਕੀਤਾ ਜਾ ਸਕੇ ਅਤੇ ਆਪਣੇ ਸੁਪਨਿਆਂ ਦੇ ਮਹਿਲ ਉਸਾਰੇ ਜਾ ਸਕਣ। ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਪਹਿਲਾਂ ਹੀ ਅਜਿਹੇ ਬਿਆਨ ਦਿੱਤੇ ਜਾ ਚੁੱਕੇ ਹਨ ਅਤੇ ਇੰਗਲੈਂਡ ਦਾ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਵੀ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਬੇਹੱਦ ਕਾਹਲਾ ਹੋਇਆ ਪਿਆ ਹੈ। ਉਹ ਫਲਿਸਤੀਨ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਣਾਏ ਗਏ ਗਾਜ਼ਾ ਪੀਸ ਬੋਰਡ ਦਾ ਮੈਂਬਰ ਵੀ ਹੈ।
ਗਾਜ਼ਾ ਵਿੱਚ ਹਮਾਸ ਅਤੇ ਆਈ.ਡੀ.ਐਫ. ਵਿਚਕਾਰ ਜੰਗਬੰਦੀ ਬੀਤੇ ਵਰ੍ਹੇ ਅਕਤੂਬਰ ਵਿੱਚ ਸ਼ੁਰੂ ਹੋਈ ਸੀ। ਇਸ ਜੰਗਬੰਦੀ ਦੀਆਂ ਸ਼ਰਤਾਂ ਨੇ ਇਜ਼ਰਾਇਲੀ ਫੌਜ ਨੂੰ ਪੀਲੀ (ਸੀਜ਼ਫਾਇਰ) ਲਾਈਨ ਤੱਕ ਸੀਮਤ ਕਰ ਦਿੱਤਾ ਸੀ। ਇਹ ਪ੍ਰਬੰਧ ਉਦੋਂ ਤੱਕ ਆਰਜੀ ਸਨ, ਜਦੋਂ ਤੱਕ ਜੰਗਬੰਦੀ ਦਾ ਅੰਤਿਮ ਫੈਸਲਾ ਨਹੀਂ ਹੋ ਜਾਂਦਾ। ਇਸ ਦੇ ਬਾਵਜੂਦ ਇਜ਼ਰਾਇਲ ਦੀ ਗਾਜ਼ਾ ਦਾ ਹੋਰ ਵਧੇਰੇ ਇਲਾਕਾ ਹਥਿਆਉਣ ਦੀ ਭੁੱਖ ਮਰੀ ਨਹੀਂ ਹੈ। ਹਾਲ ਹੀ ਵਿੱਚ ਇਜ਼ਰਾਇਲੀ ਗਰੋਹਾਂ (ਮਲੀਸ਼ੀਆ) ਨੇ ਸੀਜ਼ਫਾਇਰ ਰੇਖਾ ਦੇ ਨਾਲ-ਨਾਲ ਰਹਿ ਰਹੇ ਫਲਿਸਤੀਨੀਆਂ ਨੂੰ ਹਮਲੇ ਕਰਕੇ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਕੀਤਾ ਹੈ।
ਪਿਛਲੇ ਸਾਲ ਅਕਤੂਬਰ ਵਿੱਚ ਹੋਈ ਜੰਗਬੰਦੀ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਇੱਕ ਮਤੇ ਰਾਹੀਂ ਪੁਸ਼ਟੀ ਕੀਤੀ ਗਈ ਸੀ। ਅਮਰੀਕੀ ਰਾਸ਼ਟਰਪਤੀ ਵੱਲੋਂ ਪੇਸ਼ ਕੀਤੇ ਗਏ 20 ਨੁਕਾਤੀ ਦਸਤਾਵੇਜ਼ ‘ਤੇ ਇਹ ਜੰਗਬੰਦੀ ਲਾਗੂ ਕੀਤੀ ਗਈ ਸੀ। ਉਸ 20 ਨੁਕਾਤੀ ਅਮਨ ਯੋਜਨਾ ਵਿੱਚ ਕਿਹਾ ਗਿਆ ਸੀ ਕਿ ਕਿਸੇ ਫਲਿਸਤੀਨ ਵਾਸੀਆਂ ਨੂੰ ਗਾਜ਼ਾ ਨੂੰ ਛੱਡਣ ਲਈ ਨਹੀਂ ਕਿਹਾ ਜਾਵੇਗਾ। ਜਿਹੜਾ ਵੀ ਆਪਣੀ ਮਰਜ਼ੀ ਨਾਲ ਗਾਜ਼ਾ ਨੂੰ ਛੱਡਣਾ ਚਾਹੁੰਦਾ ਹੈ ਜਾਂ ਇੱਥੇ ਆਉਣਾ ਚਾਹੁੰਦਾ ਹੈ, ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਦਿੱਤਾ ਜਾਵੇਗਾ। ਇੰਗਲੈਂਡ ਦੇ ਇੱਕ ਅਖਬਾਰ ‘ਦਾ ਗਾਰਡੀਅਨ’ ਅਨੁਸਾਰ ਯੂਰਪੀਅਨ ਵਿਦੇਸ਼ੀ ਕੌਂਸਲ ਦੇ ਇੱਕ ਆਫੀਸ਼ੀਅਲ ਵਿਜ਼ਿਟਰ ਮੁਹੰਮਦ ਸ਼ਹਿਜਾਦ ਨੇ ਇਸ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਨੇਤਨਯਾਹੂ ਵੱਲੋਂ ਹੁਣ ਟਰੰਪ ਵੱਲੋਂ ਕਰਵਾਏ ਗਏ ਮੁਕੰਮਲ ਸਮਝੌਤੇ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਗਿਆ ਹੈ। ਲੰਘੇ ਸ਼ਨਿੱਚਰਵਾਰ ਸੈਂਟਰਲ ਗਾਜ਼ਾ ਵਿੱਚ ਫਲਿਸਤੀਨੀ ਸ਼ਹਿਰੀਆਂ ‘ਤੇ ਕੀਤੇ ਗਏ ਇਜ਼ਰਾਇਲੀ ਹਵਾਈ ਹਮਲੇ ਵਿੱਚ ਡਾ. ਜਮਾਲ ਅਬੂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਡਾ. ਜਮਾਲ ਅਬੂ ਦੇਰ-ਅਲ-ਬਲਾਹ ਕਸਬੇ ਵਿੱਚ ਮੌਜੂਦ ‘ਅਲ ਯਫਾ’ ਮੈਡੀਕਲ ਹਸਪਤਾਲ ਦੇ ਐਨਸਥੀਜ਼ੀਆ ਵਿਭਾਗ ਦਾ ਮੁਖੀ ਸੀ। ਇਸ ਘਟਨਾ ਵਿੱਚ ਇੱਕ ਬੱਚੇ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਇਸ ਤੋਂ ਇਲਾਵਾ ਇਜ਼ਰਾਇਲੀ ਫੌਜ ਅਤੇ ਜੀਓਨਿਸਟਾਂ ਵੱਲੋਂ ਵੈਸਟ ਬੈਂਕ ਵਿੱਚ ਕੀਤੇ ਗਏ ਇੱਕ ਹਮਲੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਇਸੇ ਤਰ੍ਹਾਂ ਖਾਨ ਯੂਨਿਸ ਇਲਾਕੇ ਵਿੱਚ ਇਜ਼ਰਾਇਲੀ ਤੋਫਖਾਨੇ ਵੱਲੋਂ ਹਮਲੇ ਕੀਤੇ ਗਏ ਹਨ। ਇੰਜ ਜੰਗਬੰਦੀ ਦੇ ਬਾਵਜੂਦ ਇਜ਼ਰਾਇਲੀ ਫੌਜ ਵੱਲੋਂ ਫਲਿਸਤੀਨੀ ਇਲਾਕੇ ਕਬਜਾਉਣ ਅਤੇ ਉਨ੍ਹਾਂ ਦੀ ਨਸਲਕੁਸ਼ੀ ਕਰਨ ਦਾ ਅਮਲ ਜਾਰੀ ਹੈ। ਕਿਸੇ ਕੌਮ, ਧਰਮ ਜਾਂ ਭਾਈਚਾਰੇ ਨੂੰ ਉਸ ਇਲਾਕੇ ਵਿੱਚੋਂ ਜੜ੍ਹੋਂ ਉਜਾੜਨਾ, ਜਿੱਥੇ ਉਹ ਸਦੀਆਂ ਤੋਂ ਵੱਸਦੇ ਹਨ, ਸਪਸ਼ਟ ਨਸਲਕੁਸ਼ੀ ਦਾ ਕੇਸ ਬਣਦਾ ਹੈ। ਇਸ ਤੱਥ ਨਾਲ ਕੌਮਾਂਤਰੀ ਅਦਾਲਤ ਅਤੇ ਯੂ.ਐਨ.ਓ.- ਦੋਨੋ ਸਹਿਮਤ ਹਨ, ਪਰ ਸੁਰੱਖਿਆ ਕੌਂਸਲ ਵਿੱਚ ਇਜ਼ਰਾਇਲ ਦੇ ਹੱਕ ਵਿੱਚ ਅਮਰੀਕੀ ਵੀਟੋ ਪਾਵਰ ਕਾਰਨ ਹੋ ਕੁਝ ਨਹੀਂ ਰਿਹਾ। ਇਹ ਵਿਕਸਤ ਦੁਨੀਆਂ ਦੇ ਇੱਕੀਵੀਂ ਸਦੀ ਵਿੱਚ ਮੁਢਲੇ ਦਹਾਕੇ ਹਨ। ਆਧੁਨਿਕ ਆਦਮੀ ਵਿਕਾਸ ਕਰਕੇ ਕਿੱਥੇ ਪਹੁੰਚ ਗਿਆ ਹੈ?
