ਜੱਦੋ-ਜਹਿਦ ਹੀ ਅਸਲੀ ਮਨੁੱਖ ਦੀ ਪਛਾਣ

ਗੂੰਜਦਾ ਮੈਦਾਨ

ਪੈਰਾਂ `ਚ ਸੁਲਗਦੇ ਸਫ਼ਰ
ਹਰਜੀਤ ਸਿੰਘ ਗਿੱਲ
ਫੋਨ: 647-542-0007 (ਕੈਨੇਡਾ)
+91-9888945127 (ਭਾਰਤ)
ਹਰ ਇੱਕ ਸਧਾਰਨ ਮਨੁੱਖ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਉਮਰ ਭਰ ਸੰਘਰਸ਼ਸ਼ੀਲ ਰਹਿੰਦਾ ਹੈ। ਇਹ ਸੰਘਰਸ਼ ਹਰ ਇੱਕ ਵਿਅਕਤੀ ਦਾ ਜਨਮ-ਸਿੱਧ ਅਧਿਕਾਰ ਵੀ ਹੈ ਅਤੇ ਜ਼ਿੰਮੇਵਾਰੀ ਭਰਿਆ ਕਰਤੱਵ ਵੀ ਹੈ। ਉਨ੍ਹਾਂ ਲੋਕਾਂ ਨੂੰ ਆਮ ਆਦਮੀ ਦੀ ਕਤਾਰ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ, ਜੋ ਆਪਣੇ ਜਨਮ ਤੋਂ ਹੀ ਮੂੰਹ ਵਿੱਚ ਸੋਨੇ ਦਾ ਚਮਚ ਲੈ ਕੇ ਪੈਦਾ ਹੁੰਦੇ ਹਨ। ਉਨ੍ਹਾਂ ਅਮੀਰਜ਼ਾਦਿਆਂ ਲਈ ਜ਼ਿੰਦਗੀ ਦੇ ਅਰਥ ਕੁਝ ਹੋਰ ਹੁੰਦੇ ਹਨ, ਜਿਨ੍ਹਾਂ ਨੂੰ ਨਵੀਆਂ-ਨਵੇਲੀਆਂ ਮਹਿੰਗੀਆਂ ਮੋਟਰ-ਕਾਰਾਂ, ਕਲੱਬਾਂ, ਬੰਗਲੇ ਅਤੇ ਅਨੇਕ ਹੋਰ ਸੁਖ-ਆਰਾਮ ਦੇ ਸਾਧਨ ਵਿਰਾਸਤ ਵਿੱਚ ਹੀ ਮਿਲ ਜਾਂਦੇ ਹਨ। ਇਨ੍ਹਾਂ ਸਾਧਨ-ਸੰਪੰਨ ਲੋਕਾਂ ਨੂੰ ਜ਼ਿੰਦਗੀ ਦੇ ਸੰਘਰਸ਼ ਦਾ ਕਦੇ ਵੀ ਸਾਹਮਣਾ ਨਹੀਂ ਕਰਨਾ ਪੈਂਦਾ।

ਦੂਸਰੇ ਪਾਸੇ, ਆਮ ਸਾਧਾਰਨ ਮਨੁੱਖ ਦੀ ਜ਼ਿੰਦਗੀ ਥੁੜ੍ਹਾਂ ਅਤੇ ਲੋੜਾਂ ਨਾਲ ਭਰੀ ਪਈ ਹੁੰਦੀ ਹੈ। ਜਗ੍ਹਾ-ਜਗ੍ਹਾ, ਪੈਰ-ਪੈਰ ‘ਤੇ ਜ਼ਿੰਦਗੀ ਜਿਊਣ ਲਈ ਦੁਸ਼ਵਾਰੀਆਂ, ਜ਼ਰੂਰਤਾਂ ਅਤੇ ਮੁਸੀਬਤਾਂ ਮੂੰਹ ਅੱਡ ਕੇ ਖੜੀਆਂ ਨਜ਼ਰ ਆਉਂਦੀਆਂ ਹਨ। ਜੋ ਲੋਕ ਅਜਿਹੇ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨ ਤੋਂ ਕਤਰਾਉਂਦੇ ਹਨ, ਸਮਾਂ ਉਨ੍ਹਾਂ ਨੂੰ ਪੈਰਾਂ ਹੇਠ ਲਿਤਾੜਦਾ ਹੋਇਆ ਅੱਗੇ ਨਿਕਲ ਜਾਂਦਾ ਹੈ। ਪਰ ਜੋ ਲੋਕ ਇਨ੍ਹਾਂ ਮੁਸੀਬਤਾਂ ਭਰੇ ਸਮੇਂ ਨੂੰ ਇੱਕ ਚੁਣੌਤੀ ਵਜੋਂ ਲੈਂਦੇ ਹਨ, ਇਨ੍ਹਾਂ ਨਾਲ ਟਕਰਾਉਂਦੇ ਹਨ ਅਤੇ ਆਪਣੀਆਂ ਥੁੜ੍ਹਾਂ-ਲੋੜਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰਦੇ ਹਨ, ਉਹ ਅਕਸਰ ਨਿਸ਼ਚਿਤ ਤੌਰ ‘ਤੇ ਜ਼ਿੰਦਗੀ ਨੂੰ ਸਹੀ ਅਰਥਾਂ ਵਿੱਚ ਸਮਝਣ ਅਤੇ ਮਾਣਨ ਦੇ ਸਮਰੱਥ ਬਣ ਜਾਂਦੇ ਹਨ।
ਇਹੀ ਉਹ ਲੋਕ ਹਨ, ਜੋ ਸੰਘਰਸ਼ਮਈ ਜੀਵਨ ਬਤੀਤ ਕਰਦੇ ਹੋਏ ਵੀ ਆਪਣੇ ਆਂਢ-ਗੁਆਂਢ ਅਤੇ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਵਾਲੇ ਵਿਅਕਤੀ ਬਣ ਕੇ ਉੱਭਰਦੇ ਹਨ। ਇਸ ਤਰ੍ਹਾਂ ਸੰਘਰਸ਼ਮਈ ਜੀਵਨ ਬਤੀਤ ਕਰਨ ਵਾਲੇ ਆਮ ਲੋਕ ਆਪਣਾ ਅਤੇ ਸਮਾਜ ਦੇ ਬਿਹਤਰ ਭਵਿੱਖ ਦੇ ਸਿਰਜਣਹਾਰੇ ਬਣਦੇ ਹਨ। ਇਤਿਹਾਸ ਅਜਿਹੇ ਲੋਕਾਂ ਦੇ ਕਾਰਨਾਮਿਆਂ ਨਾਲ ਭਰਪੂਰ ਹੈ। ਕਿਸੇ ਵੀ ਵੱਡੀ ਸ਼ਖ਼ਸੀਅਤ ਦੇ ਜੀਵਨ ‘ਤੇ ਨਜ਼ਰ ਮਾਰਿਆਂ ਇਹ ਪਤਾ ਲੱਗਦਾ ਹੈ ਕਿ ਇਹ ਲੋਕ ਮੁਸੀਬਤਾਂ ਦੀ ਕੁਠਾਲੀ ਵਿੱਚ ਪੈ ਕੇ ਜੱਦੋ-ਜਹਿਦ ਕਰਕੇ ਹੀ ਸਫ਼ਲਤਾ ਪ੍ਰਾਪਤ ਕਰਦੇ ਰਹੇ ਹਨ। ਭਾਵੇਂ ਇਨ੍ਹਾਂ ਲੋਕਾਂ ਦੀ ਆਪਣੀ ਨਿੱਜੀ ਜ਼ਿੰਦਗੀ ਕਿਸੇ ਵੱਡੇ ਸੁਖ-ਆਰਾਮ ਤੋਂ ਰਹਿਤ ਹੁੰਦੀ ਹੈ, ਪਰ ਇਹੀ ਲੋਕ ਜ਼ਿੰਦਗੀ ਨੂੰ ਨਵੇਂ ਅਰਥ ਦਿੰਦੇ ਹਨ। ਇਨ੍ਹਾਂ ਲੋਕਾਂ ਲਈ ਪੂਰਾ ਵਿਸ਼ਵ ਹੀ ਇੱਕ ਪਰਿਵਾਰ ਬਣ ਜਾਂਦਾ ਹੈ ਅਤੇ ਇਹੀ ਲੋਕ ਸੰਸਾਰ ਨੂੰ ਬਹੁਤ ਕੁਝ ਦੇਣ ਦੇ ਕਾਬਲ ਬਣਦੇ ਹਨ।
ਇਹ ਉਹ ਲੋਕ ਹਨ, ਜੋ ਇਤਿਹਾਸ ਸਿਰਜਦੇ ਹਨ, ਇਤਿਹਾਸ ਨੂੰ ਨਵੀਂ ਦਿਸ਼ਾ ਦਿੰਦੇ ਅਤੇ ਸੰਭਾਲਦੇ ਹਨ। ਇਹੋ ਲੋਕ ਹੀ ਅੱਗੇ ਚੱਲ ਕੇ ਨਵੀਆਂ ਪੀੜੀਆਂ ਦੇ ਪ੍ਰੇਰਨਾ-ਸਰੋਤ ਅਤੇ ਮਾਰਗ-ਦਰਸ਼ਕ ਬਣਦੇ ਹਨ। ਬਿਹਤਰ ਜ਼ਿੰਦਗੀ ਜਿਊਣ ਦਾ ਢੰਗ ਅਤੇ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਸੰਘਰਸ਼ ਕਿਸੇ ਵੀ ਸੋਚ ਦੇ ਦਾਇਰੇ ਵਿੱਚ ਰਹਿ ਕੇ ਲੜਿਆ ਜਾ ਸਕਦਾ ਹੈ। ਜੇ ਕੋਈ ਇੱਕ ਵਿਅਕਤੀ, ਜੋ ਧਾਰਮਿਕ ਬਿਰਤੀ ਵਾਲਾ ਹੋਵੇ, ਅਧਿਆਤਮ ਦੇ ਖੇਤਰ ਵਿੱਚ ਉਚਾਈਆਂ ਨੂੰ ਛੂੰਹਦਾ ਹੋਇਆ ਨਵੇਂ ਦਿਸਹੱਦੇ ਸਿਰਜਣ ਦੇ ਸਮਰੱਥ ਬਣ ਸਕਦਾ ਹੈ।
ਅਧਿਆਤਮਕਵਾਦ ਦੀ ਸਿਖਰ ‘ਤੇ ਪਹੁੰਚਿਆ ਮਨੁੱਖ ਆਪਣੇ ਅੰਦਰੋਂ ਆਪਣੀ ਹਉਮੈ ਅਤੇ ‘ਮੈਂ’ ਨੂੰ ਮਾਰ ਕੇ ਆਪਣੇ ਨਿੱਜਤਵ ਨੂੰ ਵਿਸਾਰ ਦਿੰਦਾ ਹੈ ਅਤੇ ਫਿਰ ਉਸ ਆਦਮੀ ਨੂੰ ਲੋਕਾਂ ਦੇ ਸਮੂਹ ਵਿੱਚੋਂ ਪਰਮਾਤਮਾ ਦੀ ਝਲਕ ਦਿਖਾਈ ਦਿੰਦੀ ਹੈ। ਉਹ ਲੋਕਾਈ ਦੇ ਦਰਦ ਵੰਡਾਉਂਦਾ ਹੋਇਆ ਖੁਦ ਇੱਕ ਦਰਵੇਸ਼ ਦਾ ਰੂਪ ਧਾਰਨ ਕਰ ਲੈਂਦਾ ਹੈ। ਕੋਈ ਦੂਸਰਾ ਭੌਤਿਕ ਵਸਤੂਆਂ ਦਾ ਅਧਿਐਨ ਕਰਦਾ ਹੋਇਆ ਮਾਨਵਤਾ ਦੇ ਭਲੇ ਲਈ ਕਈ ਨਵੇਂ ਅਵਿਸ਼ਕਾਰ ਖੋਜ ਕਰ ਲੈਂਦਾ ਹੈ। ਕੋਈ ਪਦਾਰਥਵਾਦੀ ਸਿਧਾਂਤ-ਘਾੜਾ ਦੁਨੀਆ ਨੂੰ ਨਵੇਂ ਸਿਧਾਂਤ ਅਤੇ ਫ਼ਲਸਫ਼ੇ ਨਾਲ ਮਾਲਾਮਾਲ ਕਰਦਾ ਹੈ। ਕੋਈ ਹੋਰ ਦੁਨੀਆ ਦੇ ਦਰਦ ਵਿੱਚ ਭਿੱਜਿਆ ਆਪਣਾ ਪੂਰਾ ਜੀਵਨ ਮਨੁੱਖਤਾ ਦੀ ਸੇਵਾ ਵਿੱਚ ਅਰਪਣ ਕਰ ਦਿੰਦਾ ਹੈ।
ਮਨੁੱਖੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕੋਈ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਪਾਵੇ, ਉਹ ਵਿਅਕਤੀ ਲੋਕ-ਨਾਇਕ ਦੀ ਪਦਵੀ ਪ੍ਰਾਪਤ ਕਰ ਲੈਂਦਾ ਹੈ। ਅੱਜ ਕੰਪਿਊਟਰ, ਵਿਗਿਆਨ ਅਤੇ ਸਾਇੰਸ ਦੇ ਯੁੱਗ ਵਿੱਚ ਵਿਚਰਦੇ ਹੋਏ, ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਅਸੀਂ ਜਿਹੜੀਆਂ ਸੁਖ-ਸਹੂਲਤਾਂ ਮਾਣਦੇ ਹਾਂ, ਜੋ ਸਾਡੀਆਂ ਜ਼ਿੰਦਗੀਆਂ ਦਾ ਅਟੁੱਟ ਹਿੱਸਾ ਬਣ ਗਈਆਂ ਹਨ, ਇਨ੍ਹਾਂ ਤੱਕ ਪਹੁੰਚਣ ਲਈ ਕੁਝ ਖ਼ਾਸ ਮਨੁੱਖਾਂ ਨੇ ਕਠਿਨ ਤਪੱਸਿਆ ਭਰੇ ਕਈ ਵਰ੍ਹੇ ਗੁਜ਼ਾਰੇ ਹਨ। ਸਾਨੂੰ ਕਈ ਵਾਰ ਇਸ ਦਾ ਅਹਿਸਾਸ ਤੱਕ ਨਹੀਂ ਹੁੰਦਾ। ਪਰ ਉਨ੍ਹਾਂ ਮਹਾਨ ਖੋਜਾਰਥੀਆਂ ਅਤੇ ਵਿਗਿਆਨੀਆਂ ਦੇ ਮਨੁੱਖਤਾ ਦੀ ਬਿਹਤਰੀ ਲਈ ਕੀਤੇ ਸੰਘਰਸ਼ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।
ਇਸੇ ਤਰ੍ਹਾਂ ਹੀ ਰਾਜਨੀਤਿਕ ਜੀਵਨ ਦੇ ਅਨੇਕ ਮਹਾਂਰਥੀਆਂ ਅਤੇ ਮਹਾਨ ਆਗੂਆਂ ਦਾ ਰਾਜਨੀਤਿਕ ਫ਼ਲਸਫ਼ਾ ਵੱਖ-ਵੱਖ ਦੇਸ਼ਾਂ ਅਤੇ ਕੌਮਾਂ ਦੀ ਤਕਦੀਰ ਲਿਖਦਾ ਹੈ। ਰਾਜਨੀਤਿਕ ਖੇਤਰ ਦੇ ਅਨੇਕ ਵਿਅਕਤੀਆਂ ਨੇ ਜ਼ਿੰਦਗੀ ਦੀਆਂ ਕਠੋਰ ਹਕੀਕਤਾਂ ਦਾ ਸਾਹਮਣਾ ਕਰਦਿਆਂ ਲੰਮਾ ਸੰਘਰਸ਼ਮਈ ਜੀਵਨ ਬਤੀਤ ਕੀਤਾ ਅਤੇ ਆਪੋ-ਆਪਣੇ ਖਿੱਤੇ ਦੇ ਲੋਕਾਂ ਨੂੰ ਜੀਵਨ ਦੇ ਸੰਘਰਸ਼ ਦੇ ਮਾਰਗ ਦਰਸਾਏ।
ਇਬਰਾਹੀਮ ਲਿੰਕਨ, ਮਹਾਤਮਾ ਗਾਂਧੀ, ਨੈਲਸਨ ਮੰਡੇਲਾ, ਮਾਰਟਿਨ ਲੂਥਰ ਕਿੰਗ ਅਤੇ ਲੈਨਿਨ ਵਰਗੇ ਮਹਾਨ ਆਗੂਆਂ ਦਾ ਯੋਗਦਾਨ ਕੋਈ ਕਿਵੇਂ ਭੁੱਲੇਗਾ! ਵੱਖ-ਵੱਖ ਸਮੇਂ ਰਾਜਸੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਲੋਕਾਂ ਦੀ ਆਜ਼ਾਦੀ ਲਈ ਜ਼ਿੰਦਗੀਆਂ ਵਾਰ ਦੇਣ ਵਾਲੇ ਸੂਰਬੀਰਾਂ, ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਸ ਦੇ ਸਾਥੀਆਂ, ਚੀ ਗਵੇਰਾ ਵਰਗੇ ਨਿਰਸਵਾਰਥ ਕ੍ਰਾਂਤੀਕਾਰੀਆਂ ਅਤੇ ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਦੀਆਂ ਕੁਰਬਾਨੀਆਂ ਦੀ ਗਾਥਾ ਰਹਿੰਦੀ ਦੁਨੀਆ ਤੱਕ ਦੁਹਰਾਈ ਜਾਂਦੀ ਰਹੇਗੀ। ਅਜਿਹੇ ਵਿਲੱਖਣ ਵਿਅਕਤਿਤਵ ਵਾਲੇ ਲੋਕ-ਨਾਇਕ ਲੋਕ-ਹਿਰਦਿਆਂ ਵਿੱਚ ਇੱਕ ਸਦੀਵੀ ਸਤਿਕਾਰ ਦੇ ਪਾਤਰ ਬਣੇ ਰਹਿਣਗੇ।
ਰਾਜਨੀਤੀ ਦੇ ਖੇਤਰ ਵਿੱਚ ਕਈ ਲੋਕ ਅਜਿਹੇ ਵੀ ਆਏ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਕਦੇ ਕੋਈ ਸੰਘਰਸ਼ ਨਹੀਂ ਸੀ ਕੀਤਾ। ਜਿਨ੍ਹਾਂ ਨੂੰ ਹਾਲਾਤ ਨੇ ਅਜਿਹੇ ਮੁਕਾਮ ‘ਤੇ ਸੁਤੇ-ਸਿੱਧ ਹੀ ਲਿਆ ਖੜ੍ਹਾ ਕੀਤਾ ਸੀ। ਉਹ ਆਪੋ-ਆਪਣਾ ਸਮਾਂ ਵਿਹਾ ਕੇ ਤੁਰਦੇ ਬਣੇ। ਉਹ ਲੋਕ ਜਨ-ਸਾਧਾਰਨ ਦੇ ਜੀਵਨ ਅਤੇ ਦਿਲਾਂ ‘ਤੇ ਕੋਈ ਛਾਪ ਨਾ ਛੱਡ ਸਕੇ ਅਤੇ ਨਾ ਹੀ ਸਤਿਕਾਰ ਦੇ ਪਾਤਰ ਬਣ ਪਾਏ।
ਚਿੰਤਨ ਦੇ ਖੇਤਰ ਵਿੱਚ ਵੀ ਅਹਿਮ ਪ੍ਰਾਪਤੀਆਂ ਦਰਜ ਕਰਨ ਵਾਲੇ ਲੋਕਾਂ ਦੀ ਕਤਾਰ ਬਹੁਤ ਲੰਬੀ ਹੈ ਅਤੇ ਉਸ ਤੋਂ ਵੀ ਲੰਮੀ ਉਨ੍ਹਾਂ ਦੇ ਜੀਵਨ-ਸੰਘਰਸ਼ ਦੀ ਦਾਸਤਾਨ ਹੈ। ਇਸ ਖੇਤਰ ਦੇ ਲੋਕਾਂ ਦਾ ਚੇਤਨਾ ਦਾ ਪੱਧਰ ਆਮ ਲੋਕਾਂ ਤੋਂ ਉੱਚਾ ਹੁੰਦਾ ਹੈ। ਉਹ ਸਮਾਜ ਦੀ ਬੇਚੈਨੀ ਨੂੰ ਆਪਣੇ ਸੂਖਮ ਭਾਵ ਨਾਲ ਪਕੜਨ ਦੇ ਸਮਰੱਥ ਹੁੰਦੇ ਹਨ। ਇਹ ਲੋਕ ਸਮਾਜਿਕ ਭੇਦਭਾਵ, ਵਿਤਕਰੇ, ਬੇਨਿਯਮੀਆਂ ਅਤੇ ਧੱਕੇਸ਼ਾਹੀਆਂ ਦਾ ਵਿਰੋਧ ਚੇਤਨਾ ਦੇ ਪੱਧਰ ‘ਤੇ ਕਰਦੇ ਹਨ।
ਦਰਅਸਲ, ਇਹ ਲੋਕ ਹੀ ਦੁਨੀਆ ਨੂੰ ਆਪਣੇ ਨੈਤਿਕ ਮੁੱਲਾਂ ਦੇ ਆਧਾਰ ‘ਤੇ ਨਵੀਂ ਦਿਸ਼ਾ ਪ੍ਰਦਾਨ ਕਰਦੇ ਹੋਏ ਗਾਡੀ-ਰਾਹ ਬਣਦੇ ਹਨ। ਗੁਰੂ ਬਾਬਾ ਨਾਨਕ, ਮਹਾਤਮਾ ਬੁੱਧ, ਈਸਾ, ਕ੍ਰਿਸ਼ਨ ਅਤੇ ਕਾਰਲ ਮਾਰਕਸ ਵਰਗੇ ਨਾਮ ਲੋਕ-ਚੇਤਨਾ ਦੇ ਵਿਸ਼ਾਲ ਘੇਰੇ ਦੇ ਚਾਨਣ-ਮੁਨਾਰੇ ਜਾਂ ਗਿਆਨ-ਪ੍ਰਕਾਸ਼ ਦੇ ਪੁੰਜ ਹਨ। ਇਨ੍ਹਾਂ ਮਹਾਪੁਰਖਾਂ ਨੇ ਨਿੱਜੀ ਜੀਵਨ ਦੇ ਸੁਖ-ਚੈਨ ਤਿਆਗ ਕੇ ਦੱਬੇ-ਕੁਚਲੇ ਸਮਾਜ ਅਤੇ ਸਮੇਂ ਦੇ ਹਾਕਮਾਂ ਦੇ ਸਤਾਏ, ਡਰਾਏ, ਕਮਜ਼ੋਰ, ਨਿਤਾਣੇ ਤੇ ਬੇਸਹਾਰਾ ਲੋਕਾਂ ਦੀ ਬਾਂਹ ਫੜ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਉਣ ਦਾ ਸੰਘਰਸ਼ ਕੀਤਾ।
ਅਜਿਹੇ ਹੀ ਹੋਰ ਅਨੇਕ ਅਗਿਆਤ, ਪੁਰਾਤਨ ਅਤੇ ਨਵੀਨ ਮਹਾਪੁਰਖਾਂ ਦਾ ਜੀਵਨ-ਸੰਘਰਸ਼ ਮਨੁੱਖ ਨੂੰ ਬਨਮਾਨਸ ਤੋਂ ਅੱਜ ਦਾ ਮਨੁੱਖ ਬਣਾਉਣ ਵਿੱਚ ਸਫ਼ਲ ਹੋਇਆ ਅਤੇ ਅੱਜ ਦਾ ਸੱਭਿਅਕ ਕਹਾਉਂਦਾ ਆਦਮੀ ਜ਼ਿੰਦਗੀ ਵਿੱਚ ਸਿਰ ਉੱਚਾ ਕਰਕੇ ਜਿਊਣ ਦੇ ਕਾਬਲ ਬਣਿਆ।
ਅਜੋਕੇ ਸਮੇਂ ਵੀ ਬਹੁਤ ਸਾਰੇ ਲੇਖਕ, ਬੁੱਧੀਮਾਨ, ਚਿੰਤਕ, ਅਰਥਸ਼ਾਸਤਰੀ, ਸਮਾਜ-ਵਿਗਿਆਨੀ, ਸਾਇੰਸਦਾਨ ਅਤੇ ਚਿਕਿਤਸਕ ਆਪਣੀਆਂ ਲਗਾਤਾਰ, ਨਿਰੰਤਰ ਕੋਸ਼ਿਸ਼ਾਂ ਨਾਲ ਮਨੁੱਖੀ ਜੀਵਨ ਨੂੰ ਸੁਖਾਲਾ, ਬਿਹਤਰ ਅਤੇ ਸ਼ਾਨਦਾਰ ਬਣਾਉਣ ਲਈ ਯਤਨਸ਼ੀਲ ਹਨ। ਹਾਲਾਂਕਿ ਸੰਘਰਸ਼ ਦੀ ਰੂਪ-ਰੇਖਾ ਬਦਲ ਚੁੱਕੀ ਹੈ, ਪਰ ਨਾਲ ਦੀ ਨਾਲ ਸਾਡੇ ਸਮਿਆਂ ਦੀ ਤ੍ਰਾਸਦੀ ਇਹ ਵੀ ਹੈ ਕਿ ਧਾਰਮਿਕ ਕੱਟੜਵਾਦ ਦੀ ਉਲਟ ਚੇਤਨਾ-ਲਹਿਰ, ਰਾਜਨੀਤਿਕ ਸਾਜ਼ਿਸ਼ਾਂ, ਸੱਤਾ ਦਾ ਲੋਭ ਅਤੇ ਕੁਰਸੀ-ਯੁੱਧ ਨੇ ਹਰ ਖੇਤਰ ਵਿੱਚ ਨਿਘਾਰ ਪੈਦਾ ਕਰ ਦਿੱਤਾ ਹੈ।
ਆਰਟੀਫ਼ੀਸ਼ਲ ਇੰਟੈਲੀਜੈਂਸ, ਕੰਪਿਊਟਰ ਯੁੱਗ, ਸੋਸ਼ਲ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਯੁੱਗ ਵਿੱਚ ਇਨ੍ਹਾਂ ਸਾਧਨਾਂ ਦਾ ਦੁਰਉਪਯੋਗ, ਜਾਅਲੀ ਅਤੇ ਦਿਸ਼ਾਹੀਣ ਸਮੱਗਰੀ ਦੇ ਤੰਤਰ ਵਿੱਚ ਮਨੁੱਖ ਉਲਝ ਕੇ ਰਹਿ ਗਿਆ ਹੈ। ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਸਾਡੇ ਸਾਹਮਣੇ ਹੋ ਰਿਹਾ ਹੈ। ਆਮ ਆਦਮੀ ਬੇਬਸ ਅਤੇ ਪ੍ਰੇਸ਼ਾਨ ਇਹ ਸਭ ਵੇਖਣ ਤੇ ਹੰਢਾਉਣ ਲਈ ਮਜਬੂਰ ਹੈ। ਅਜਿਹੇ ਜਟਿਲ ਹਾਲਾਤ ਵਿੱਚ ਗ਼ਲਤ ਅਤੇ ਸਹੀ ਦੀ ਚੋਣ ਕਰਨ ਦਾ ਮਾਮਲਾ ਵੀ ਦੁਸ਼ਵਾਰ ਹੈ।
ਨਵੀਂ ਪੀੜੀ ਆਪਣੇ ਲਾਭ-ਹਾਨੀ ਦੇ ਮਾਮਲੇ ਸੰਸਕਾਰਾਂ ਦੀ ਥਾਂ ‘ਤੇ ਅਜੋਕੇ ਸਰੋਕਾਰਾਂ ਅਤੇ ਤੌਰ-ਤਰੀਕਿਆਂ ਤੋਂ ਸਿੱਖਦੀ ਹੈ। ਇਸ ਪੀੜੀ ਦੇ ਭਵਿੱਖ ਲਈ ਚਿੰਤਾ ਸਮਾਜ ਦੇ ਸਨਮੁਖ ਹੈ। ਇਹ ਚਿੰਤਾ ਹੀ ਵਿਕਰਾਲ ਚੁਣੌਤੀ ਬਣੀ ਹੋਈ ਹੈ। ਇਸ ਉਲਝੇ ਤਾਣੇ-ਬਾਣੇ ਵਿੱਚ ਸੱਚ ਨੂੰ ਖੋਜ ਕੇ ਸਾਹਮਣੇ ਲੈ ਕੇ ਆਉਣਾ, ਸਿਹਤਮੰਦ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਬਚਾਈ ਰੱਖਣਾ ਅੱਜ ਦੇ ਦੌਰ ਦੇ ਚੇਤੰਨ ਮਨੁੱਖ ਦੀ ਅਹਿਮ ਜ਼ਿੰਮੇਵਾਰੀ ਬਣ ਚੁੱਕੀ ਹੈ।
ਵਿਸ਼ਵ ਭਰ ਵਿੱਚ ਅੱਤ-ਸੱਜੀ ਰਾਜਨੀਤੀ ਪਸਰ ਗਈ ਹੈ। ਖ਼ਾਸ ਕਰਕੇ ਭਾਰਤ ਵਰਗੇ ਵਿਸ਼ਾਲ ਮੁਲਕ ਵਿੱਚ ਬਹੁ-ਭਾਸ਼ਾਈ, ਬਹੁ-ਧਰਮੀ, ਮਿਸ਼ਰਤ ਸੱਭਿਆਚਾਰ, ਵੱਖੋ-ਵੱਖ ਪਹਿਰਾਵਿਆਂ ਅਤੇ ਅਨੇਕਾਂ ਵੱਖਰੀਆਂ ਰਹੁ-ਰੀਤਾਂ ਵਾਲੇ ਬਹੁਰੰਗੀ ਗੁਲਦਸਤੇ ਵਿੱਚ ਧਾਰਮਿਕ ਕੱਟੜਵਾਦ ਦਾ ਪਸਾਰਾ ਅੱਜ ਸਾਡੀ ਰਾਜਨੀਤੀ ਦਾ ਪ੍ਰਮੁੱਖ ਅੰਗ ਬਣ ਚੁੱਕਾ ਹੈ। ਬੇਰੁਜ਼ਗਾਰ ਅਤੇ ਅੱਧ-ਪੜ੍ਹਿਆ ਯੁਵਕ ਇਸ ਗੰਦੀ ਰਾਜਨੀਤੀ ਦਾ ਸ਼ਿਕਾਰ ਹੋ ਰਿਹਾ ਹੈ। ਵਿਹਲੜ ਨੌਜਵਾਨਾਂ ਨੂੰ ਧਾਰਮਿਕਤਾ ਦੇ ਨਾਂ ਹੇਠ ਵੰਡ ਕੇ ਰਾਜਨੀਤੀ ਸਾਧੀ ਜਾ ਰਹੀ ਹੈ। ਵੋਟਰ ਨੂੰ ਛੋਟੇ-ਛੋਟੇ ਆਰਥਿਕ ਪ੍ਰਲੋਭਨਾਂ ਵਿੱਚ ਉਲਝਾਇਆ ਜਾ ਚੁੱਕਾ ਹੈ।
ਮਨੁੱਖ ਦਾ ਪਦਾਰਥਵਾਦੀ ਸੁਭਾਅ ਇਨ੍ਹਾਂ ਲਾਲਚਾਂ ਵਿੱਚ ਫਸ ਕੇ ਦਿਸ਼ਾਹੀਣ ਹੋ ਗਿਆ ਹੈ। ਸਾਡੇ ਵਿੱਚੋਂ ਵਧੇਰੇ ਲੋਕ ਮਿਹਨਤ ਅਤੇ ਸੰਘਰਸ਼ ਨੂੰ ਤਿਲਾਂਜਲੀ ਦੇ ਚੁੱਕੇ ਹਨ। ਸਮੇਂ ਦੇ ਗੇੜ ਦੇ ਇਸ ਚੱਕਰਵਿਊਹ ਵਿੱਚੋਂ ਆਮ ਮਨੁੱਖ ਨੂੰ ਬਾਹਰ ਕੱਢਣ ਲਈ ਕਿਸੇ ਪੈਗ਼ੰਬਰ ਦੀ ਉਡੀਕ ਕੀਤੇ ਬਗੈਰ ਸਾਨੂੰ ਖ਼ੁਦ ਹੰਭਲਾ ਮਾਰਨਾ ਪਵੇਗਾ।

Leave a Reply

Your email address will not be published. Required fields are marked *