ਕਦੇ ਦੋਆਬੇ ਦਾ ਮਾਸਕੋ ਸੀ ‘ਧੂਤ ਕਲਾਂ’

ਆਮ-ਖਾਸ

(ਦੋ ਵੀਹਾਂ ਸਨ, ਇੱਥੋਂ ਦੇ ਸੂਹੇ ਸੰਗਰਾਮੀਏ)
ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ‘ਪਿੰਡ ਵਸਿਆ’ ਕਾਲਮ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪੇਸ਼ ਹੈ, ਕਦੇ ਦੋਆਬੇ ਦਾ ਮਾਸਕੋ ਕਹੇ ਜਾਂਦੇ ਪਿੰਡ ‘ਧੂਤ ਕਲਾਂ’ ਬਾਰੇ ਸੰਖੇਪ ਵੇਰਵਾ… –ਪ੍ਰਬੰਧਕੀ ਸੰਪਾਦਕ

ਵਿਜੈ ਬੰਬੇਲੀ
ਫੋਨ: +91-9463439075

ਬ੍ਰਿਟਿਸ਼ ਸਾਮਰਾਜ ਦੇ ਗੁਪਤ ਦਸਤਾਵੇਜ਼ਾਂ ਵਿੱਚ ਲਿਖੇ-ਦਰਜ਼ ਨੂੰ ਆਪਣੇ ਸ਼ਬਦੀ ਦੋ-ਹਰਫੀ ਕਰੀਏ, ਤਾਂ ਸੰਖੇਪ ਇਹ ਬਣੇਗਾ, “ਰਿਆਸਤ ਕਪੂਰਥਲਾ ਦਾ ਪਿੰਡ, ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਹੱਦ-ਬੰਨੇ ਅੰਗਰੇਜ਼ੀ ਕਸਬੇ ਹਰਿਆਣਾ ਤੋਂ ਅੱਗੇ ਰਿਆਸਤੀ ਕਸਬੇ ਭੂੰਗੇ ਨੂੰ ਟੱਪਦਿਆਂ ਦਸੂਹਾ-ਹੁਸ਼ਿਆਰਪੁਰ ਅਤੇ ਟਾਂਡਾ-ਢੋਲਵਾਹਾ ਦੇ ਚੁਰਸਤੇ ਜਿੱਥੇ ਦੋਵੇਂ ਸੜਕਾ ਇੱਕ-ਦੂਜੇ ਨੂੰ ਕੱਟਦਿਆਂ ਦੋ-ਰਾਹਾ ਅਖਵਾਉਂਦੀਆਂ ਹਨ, ਕੋਲ ਵਸਿਆ ਧੂਤ ਕਲਾਂ ਦਾ ਹਰ ਬਾਸ਼ਿੰਦਾ ਬ੍ਰਿਟਿਸ਼ ਰਾਜ ਵਿਰੋਧੀ ਹੈ। ਦਰ-ਹਕੀਕਤ; ਪਰਜਾ ਮੰਡਲੀ ਅਤੇ ਕਮਿਊਨਿਸਟ ਵਿਚਾਰਧਾਰਾ ਨਾਲ ਇਕਮੁੱਕ ਇਹ ਵਸੇਬ ‘ਦੋਆਬਾ ਦਾ ਮਾਸਕੋ’ ਹੈ।”
ਇਹ ਸਨਦ ਮਿਲਣ ਦਾ ਕਾਰਨ ਇਹ ਸੀ ਕਿ ਇਸ ਧਰਤੀ ਨੇ ਇੱਕ ਤੋਂ ਬਾਅਦ ਇੱਕ ਲਗਾਤਾਰ ਨਾ ਸਿਰਫ ਰਜਵਾੜਾਸ਼ਾਹੀ ਅਤੇ ਸਾਮਰਾਜ ਵਿਰੋਧੀ ਕਈ ਨਾਮਵਰ ਸੂਰਮਿਆਂ ਨੂੰ ਜਨਮ ਦਿੱਤਾ ਸਗੋਂ ਇੱਥੋਂ ਦੇਸ਼ ਹਿੱਤ ਤੇ ਲੋਕ ਹਿੱਤ ਵਿੱਚ ਚੱਲੀਆਂ ਢੇਰ ਲਹਿਰਾਂ ਨਾਲ ਲਗਾਤਾਰ ਯਕਜਹਿਤੀ ਵੀ ਪ੍ਰਗਟ ਕੀਤੀ, ਕੁਰਬਾਨੀ ਦਿੱਤੀ। ਹਾਂ! ਇਹ ਗਰਾਂ ਜੰਗ-ਏ-ਆਜ਼ਾਦੀ ਦੌਰਾਨ ਅਤੇ ਬਾਅਦ ‘ਚ ਵੀ ਲੋਕਾਈ ਦੀ ਹਕੀਕੀ ਬੰਦਖਲਾਸੀ ਲਈ ਜੂਝਣ ਵਾਲਿਆਂ ਦੀ ਭਰੋਸੇਮੰਦ ਠਾਹਰ ਰਿਹਾ। ਇਹੀ ਨਹੀਂ, ਆਜ਼ਾਦੀ ਉਪਰੰਤ 1948 ‘ਚ ਜਦੋਂ ਕਮਿਊਨਿਸਟ ਪਾਰਟੀ ਅਵੈਧ ਘੋਸ਼ਿਤ ਕਰ ਦਿੱਤੀ ਗਈ ਸੀ, ਤਦ ਉਸਦਾ ਰੂਹਪੋਸ਼ ਸੂਬਾ ਦਫ਼ਤਰ ਇਸੇ ਧੁਤ ਕਲਾਂ ਵਿੱਚ ਬਾਕਾਇਦਾ ਕਾਰਜ਼ਸ਼ੀਲ਼ ਰਿਹਾ ਸੀ।
ਇਸ ਪਿੰਡ ਦੀ ਸੂਹੀ ਤਾਸੀਰ ਦੀ ਪੁਸ਼ਟੀ ਜੰਗ-ਏ-ਆਜ਼ਾਦੀ ਵਿੱਚ ਰਜਵਾੜਾਸ਼ਾਹੀ ਅਤੇ ਜਗੀਰਦਾਰੀ ਵਿਰੁੱਧ ਸਰਗਰਮ ਰਹੇ ਪਰਜਾ ਮੰਡਲੀਏ ਅਤੇ ਲੋਕਾਈ ਲਈ ਜੂਝਦਿਆਂ ਕੈਦਾਂ, ਜੁਰਮਾਨੇ, ਕੁਰਕੀਆਂ, ਜੂਹ ਬੰਦੀਆਂ ਅਤੇ ਮੂਕ ਸੂਰਮਗਤੀ ਹੰਢਾਉਣ ਵਾਲੇ ਇਸੇ ਧੂਤ ਕਲਾਂ ਦੇ ਜਾਇਆਂ ਦੀ ਇਹ ਲਿਸਟ ਕਰਦੀ ਹੈ:
1. ਗ਼ਦਰੀ ਕਰਮ ਸਿੰਘ ਧੂਤ: ਚੀਨ-ਅਮਰੀਕਾ ਤੋਂ ਪਰਤਿਆ ਗ਼ਦਰੀ ਸੂਰਮਾ, ਗ਼ਦਰ ਲਹਿਰ, ਪਰਜਾ ਮੰਡਲ, ਕੌਮੀ ਲਹਿਰ ਵਿੱਚ ਬੇਜੋੜ ਹਿੱਸਾ।
2. ਕਾਮਰੇਡ ਨੈਣਾ ਸਿੰਘ ਧੂਤ: ਗ਼ਦਰੀ ਯੋਧਾ, ਰੂਹਪੋਸ਼ ਗ਼ਦਰੀ ਕਾਰਕੁੰਨ, ਹਾਂਗਕਾਂਗ-ਮੈਕਸੀਕੋ-ਅਰਜਨਟਾਈਆ-ਰਸ਼ੀਆ ‘ਚ ਵਿਚਰਿਆ; ਮਾਸਕੋ ‘ਚ ਪੂਰਬੀ ਲੋਕਾਂ ਲਈ ਯੂਨੀਵਰਸਿਟੀ ਦਾ ਸਿਖਾਂਦਰੂ, ਮਾਰਕਸਵਾਦੀ ਅਧਿਆਪਕ, ਟਾਟਾ ਨਗਰ ‘ਚ ਲਾ-ਮਿਸਾਲ ਸਰਗਰਮੀ, ਮਗਰੋਂ ਪੰਜਾਬ ਵਿੱਚ ਸੂਬਾਈ ਮਾਰਕਸਵਾਦੀ ਆਗੂ।
3. ਕਾਮਰੇਡ ਜਵਾਲਾ ਸਿੰਘ ਧੂਤ: ਰੂਹਪੋਸ਼ ਗ਼ਦਰੀ ਕਾਰਕੁੰਨ, ਮਾਸਕੋ ਸਟੱਡੀ ਯੁਕਤ, ਅਨਾਰਕਿਸਟ।
4. ਮਾਸਟਰ ਹਰੀ ਸਿੰਘ ਧੂਤ: ਪਰਜਾ ਮੰਡਲ, ਕਿਸਾਨੀ ਮੋਰਚੇ, ਆਰਥਿਕ ਮੁਹਾਜ, ਲੋਕ-ਪੱਖੀ ਲੇਖਕ, ਜੁਝਾਰਵਾਦੀ ਬੁਲਾਰਾ, ਨਾਮਵਰ ਵਿਧਾਨ ਸਭਾ ਮੈਂਬਰ (1937-45), ਐਮ.ਐਲ.ਸੀ. (1962-70) ਅਤੇ ਕਮਿਉਨਿਸਟ ਪਾਰਟੀ ਦਾ ਸੁਬਾਈ ਆਗੂ।
5. ਕਾਮਰੇਡ ਚੰਨਣ ਸਿੰਘ ਧੂਤ: ਅਖਰੀ ਉਮਰੇ ਆਹਲਾ-ਵਤਨ ਲਈ ਸ਼ਹੀਦ ਹੋਣ ਵਾਲਾ ਇਹ ਸੰਘਰਸ਼ੀ ਯੋਧਾ ਵਿਦਿਆਰਥੀ ਆਗੂ, ਪਰਜਾ ਮੰਡਲੀਆਂ, ਕਿਸਾਨੀ ਤੇ ਕੌਮੀ ਲਹਿਰਾਂ ਅਤੇ ਆਜ਼ਾਦੀ ਮਗਰੋਂ ਮਿਸਾਲੀ ਵਿਧਾਨ ਸਭਾ ਮੈਂਬਰ (1952-57), ਦੱਬੇ-ਕੁਚਲੇ ਲੋਕਾਂ ਲਈ ਤਾਅ-ਉਮਰ ਜੂਝਦਾ ਰਿਹਾ।
6. ਕਾਮਰੇਡ ਉਜਾਗਰ ਸਿੰਘ ਉਲਟ: ਮਾਰਕਸੀ ਚਿੰਤਕ, ਕੌਮੀ ਸ਼ਾਇਰ, ਮਿਸਾਲੀ ਕਮਿਉਨਿਸਟ ਤੇ ਆਜ਼ਾਦੀ ਘੁਲਾਟੀਆ।
7. ਕਾਮਰੇਡ ਸੰਤੋਖ ਸਿੰਘ ਧੂਤ: ਪਰਜਾ ਮੰਡਲ, ਕਿਸਾਨੀ ਲਹਿਰਾਂ।
8. ਸਵਰਨ ਸਿੰਘ ਕਿਰਤੀ: ਸੁਤੰਤਰਤਾ ਸੰਗਰਾਮੀ, ਪਰਜਾ ਮੰਡਲ ਅਤੇ ਕਿਸਾਨ ਮੋਰਚੇ।
9. ਰਾਵਲ ਸਿੰਘ ਧੂਤ: ਹਰਸ਼ਾ ਛੀਨਾ ਕਿਸਾਨ ਮੋਰਚੇ ਦਾ ਬਾਲ ਕੈਦੀ, ਹਰੀਆਂ ਵੇਲਾਂ ਬੰਬ ਕਾਂਡ, ਕੌਮੀ ਤੇ ਕਿਸਾਨ ਲਹਿਰਾਂ।
10-13. ਕਿਸਾਨ ਯੋਧੇ ਖਜ਼ਾਨ ਸਿੰਘ, ਗੁਰਬਚਨ ਸਿੰਘ ਮਲਾਇਆ, ਕਰਮ ਸਿੰਘ, ਸਵਰਨ ਸਿੰਘ: ਕਿਸਾਨ ਕਰਕੁੰਨ, ਕਿਸਾਨ ਮੋਰਚਾ ਲਾਹੌਰ।
14. ਮਾਸਟਰ ਜਸਵੰਤ ਸਿੰਘ: ਨਿਧੜਕ ਬੁਲਾਰਾ, ਨੀਲੀ ਬਾਰ ਕਿਸਾਨ ਮੋਰਚਾ।
15. ਕੈਨੇਡੀਅਨ ਗੁਰਮੇਜ ਸਿੰਘ: ਬੰਦੋਬਸਤ ਕਿਸਾਨ ਸੰਘਰਸ਼।
16. ਮੀਆਂ ਰਾਮ ਕਿਸ਼ਨ: ਉੱਘਾ ਲੋਕ ਬੁਲਾਰਾ, ਕਿਸਾਨੀ ਲਹਿਰਾਂ ਵਿੱਚ ਮਿਸਾਲੀ ਹਿੱਸਾ।
17-20. ਬਾਗੀ ਪਲਟਨ ਝਾਂਸੀ ਰੈਜਮੈਂਟ, ਇਨਕਲਾਬੀ ਰਾਸ ਬਿਹਾਰੀ ਬੋਸ ਦੇ ਸਾਥੀ, ਕੋਰਟ ਮਾਰਸ਼ਲ, ਜੰਗੀ ਕੈਦੀ: ਹਵਾਲਦਾਰ ਦੌਲਤ ਸਿੰਘ, ਨਾਇਕ ਤੇਜਾ ਸਿੰਘ, ਸਿਪਾਹੀ ਕਰਤਾਰ ਸਿੰਘ ਅਤੇ ਕਰਤਾਰ ਸਿੰਘ ਬਾਗੀ ਫੌਜੀ।
21-25. ਆਜ਼ਾਦ ਹਿੰਦ ਫੌਜ਼ ਦੇ ਜੰਗਿ-ਯੋਧੇ: ਪ੍ਰੀਤਮ ਸਿੰਘ ਤੇ ਸੱਜਣ ਸਿੰਘ ਹਾਂਗਕਾਂਗ ਅਤੇ ਮੀਆਂ ਜਗਤ ਸਿੰਘ, ਹਜ਼ਾਰਾ ਸਿੰਘ ਤੇ ਸੁਰਜੀਤ ਸਿੰਘ ਆਜ਼ਾਦ ਹਿੰਦੀਏ।
26. ਮਾਰਸ਼ਲੀਆ ਕਿਸ਼ਨ ਸਿੰਘ ਜੂਹ ਬੰਦ।
27. ਯੁੱਗ ਪਲਟਾਈਆ ਬੱਬਰ: ਕਾਬੁਲ ਸਿੰਘ ਮੁਲਤਾਨ ਜੇਲ੍ਹ ਬੰਦੀਆਂ।
28-30. ਇਹੀ ਨਹੀਂ ਵਤਨ ਅਤੇ ਲੋਕਾਂ ਲਈ ਜੂਝਣ ਵਾਲਿਆਂ ਵਿੱਚ ਜਿੱਥੇ ਹਰਧਾਨ ਸਿੰਘ, ਕੇਵਲ ਸਿੰਘ ਅਤੇ ਕਵੀ ਬਲਿਹਾਰਾ ਸਿੰਘ ਦਾ ਨਾਂ ਵੀ ਸ਼ੁਮਾਰ ਹੈ, ਉਥੇ ਅਤਿ ਪੀੜਤ ਦਲਿਤਾਂ ਲਈ ਸਰਗਰਮ ਰਹੇ।
31-34. ਮਹਿੰਗਾ ਰਾਮ, ਰਲਾ ਰਾਮ, ਮੱਲੀ ਰਾਮ ਅਤੇ ਸੰਤੂ ਦਾ ਨਾਂ ਆਦਿ ਧਰਮ ਮੰਡਲੀਏ ਗ਼ਦਰੀ ਮੰਗੂ ਰਾਮ ਮੁਗੋਵਾਲੀਏ ਦੀਆ ਸਫ਼ਾਂ ਵਿੱਚ ਬੋਲਦਾ ਹੈ।
ਪ੍ਰੰਤੂ ਜੇ ਗੁਰਦੁਆਰਾ ਸੁਧਾਰ ਲਹਿਰ, ਜਿਸਨੂੰ ਸੁਤੰਤਰਤਾ ਸੰਗਰਾਮ ਦੀ ਇੱਕ ਮਾਣਮੱਤੀ ਧਾਰਾ ਕਿਹਾ ਜਾਂਦਾ ਹੈ ਤਾਂ ਧੂਤ ਕਲਾਂ ਦੇ ਸਿਰੜ ਦੀ ਕਥਾ ਅਧੂਰੀ ਰਹਿ ਜਾਵੇਗੀ। ਇਹ ਸੰਗਰਾਮੀਏ ਸਨ:
35-39. ਜਥੇਦਾਰ ਊਧਮ ਸਿੰਘ, ਕੈਨੇਡੀਅਨ ਵਤਨ ਸਿੰਘ, ਗੁਰਬਖਸ਼ ਸਿੰਘ ਗੜ੍ਹੀਆ, ਦਲੀਪ ਸਿੰਘ ਅਤੇ ਜਥੇਦਾਰ ਪ੍ਰਤਾਪ ਸਿੰਘ। ਫਿਰ ਇਨ੍ਹਾਂ ਲਹਿਰਾਂ, ਮੋਰਚਿਆਂ ਅਤੇ ਮਾਣਮੱਤੀਆਂ ਸਰਗਰਮੀਆਂ ਦੇ ਇਵਜ਼ ਵਿੱਚ ਜੋ ਸਿਤਮ ਤਾਅ-ਪਿੰਡ ਅਤੇ ਇਨ੍ਹਾਂ ਜੁਝਾਰੂਆਂ ਦੇ ਪਰਿਵਾਰਾਂ, ਤ੍ਰੀਮਤਾਂ ਅਤੇ ਬੱਚਿਆਂ ਨੇ ਹੰਢਾਇਆ, ਉਸ ਮੂਕ ਕੁਰਬਾਨੀ ਦੀ ਥਾਹ ਕੋਈ ਬਿਰਲਾ ਹੀ ਪਾ ਸਕਦਾ ਹੈ।
ਭਲਾ! ਕਿਸ ਗੱਡੀ ਸੀ ਮੋੜ੍ਹੀ ਇਸ ਸੁਰਖ ਪਿੰਡ ਦੀ? ਮੂੰਹੋ–ਮੂੰਹੀਂ ਤੁਰੀ ਆਉਂਦੀ ਕਨਸੋਅ ਮਾਤਾਬਿਕ, “ਅੱਜ ਤੋਂ ਕਰੀਬ ਸਾਢੇ ਚਾਰ ਕੁ ਸਦੀਆਂ ਪਹਿਲਾਂ ਗੁਜਰਾਂਵਾਲਾ, ਹੁਣ ਪਾਕਿਸਤਾਨ, ਪਰਗਨੇ ਦੇ ਪਿੰਡ ਬਿਨੀ-ਧੁੰਨੀ ਦੇ ਗੋਦ ਨੇ ਜਿਹੜਾ ਜਾਤ ਵਜੋਂ ਜੱਟ ਅਤੇ ਅੱਲ ਵਜੋਂ ਧੂਤ (ਧੂਤਾ) ਵੱਜਦਾ ਸੀ ਜਰਖੇਜ਼ ਭੌਂਇ ਦੀ ਭਾਲ ਵਿੱਚ ਜਲ-ਲਬਰੇਜ਼ ਦਸੂਹਾ ਖਿੱਤੇ ‘ਚ ਮੁੱਢ-ਕਦੀਮੀ ਭੂੰਗਾਂ-ਹਰਿਆਣਾ ਦੀ ਲਹਿੰਦੀ ਬਾਹੀ ਹੁਣ ਵਾਲੇ ਦੌਸੜਕੇ ਕੋਲ ਆਪਣੇ ਕੁਨਬੇ, ਸਕੇ-ਸੋਧਰਿਆਂ ਅਤੇ ਬੇਲੀ-ਹਮਜੋਲੀਆਂ ਨਾਲ ਮਾਲ-ਡੰਗਰ ਹੱਕ ਇੱਥੇ ਆ ਡੇਰੇ ਲਾਏ। ਪੱਕੇ ਪੈਰੀਂ ਹੁੰਦਿਆਂ ਹੀ, ਉਸ ਜਿਸ ਢਾਣੀ ਦੀ ਮੋੜ੍ਹੀ ਗੱਡੀ, ਉਹ ਉਸਦੇ ਨਾਂਓ ਹੀ ਪਹਿਲਾਂ “ਧੂਤ” ਵਸੇਬ ਅਤੇ ਮਗਰੋਂ ਪਹਿਲੇ ਅਤੇ ਵੱਡੇ ਗਰਾਂ ਵਜੋਂ “ਧੂਤ ਕਲਾਂ” ਤਸਲੀਮ ਹੋ ਗਿਆ। ਹੌਲੀ-ਹੋਲ਼ੀ ਲੋੜ-ਮੂਜ਼ਬ ਇੱਥੇ ਹੋਰ ਜਾਤਾਂ-ਗੋਤਾਂ, ਰਿਤੀ-ਸ਼ਿਲਪੀ ਅਤੇ ਧਿਰਾਂ ਆ ਵੱਸਦੀਆ ਰਹੀਆਂ ਜਾਂ ਵਸਾਈਆਂ ਜਾਂਦੀਆਂ ਰਹੀਆ। ਦੱਸਿਆ ਗਿਆ, “ਗੋਦ ਧੂਤੇ ਨਾਲ ਬਾਬਾ ਪਿਰਾਣਾ, ਜਿਹੜਾ ਗੁਰੂ ਅਰਜਨ ਦੇਵ ਜੀ ਦਾ ਉਪਾਸਕ ਸੀ, ਵੀ ਆਇਆ। ਪਹਿਲਾਂ ਉਹ ਲਾਗਲੇ ਕੁਤਬਪੁਰ (ਖੇੜੇ ਦੀ ਬੋਹੜ) ਟਿਕੇ ਅਤੇ ਮਗਰੋਂ ਹਾਲਾਤ ਵੱਸ ਮੌਜੂਦਾ ਥਾਂ। ਕਹਿੰਦੇ ਹਨ ਕਿ ਕੁਤਬਪੁਰ ਜਗੀਰ ਦਾ ਮਾਲਕ ਸੈਫ਼ ਖਾਂ ਪਠਾਣ ਸੀ, ਜਿਸਦੀ ਵੱਡੀ ਧਿਰ ਬਜਵਾੜੇ (ਹੁਸ਼ਿਆਰਪੁਰ) ਦੇ ਧੜਵੈਲ ਪਠਾਣ ਅਤੇ ਬਾਹਾਂ ਬਾਈ ਬਸੀਆਂ (ਪਠਾਣੀ ਜੰਗੀ ਪਿਕਟਾਂ) ਦੇ ਸਿਰ ਵੱਢਵੇਂ ਪਠਾਣ ਸਨ, ਜਿਨ੍ਹੀਂ ਗੋਦ ਧਿਰ ਦੇ ਇੱਥੋਂ ਲੰਬਾ ਸਮਾਂ, ਪੈਰ ਉਖਾੜੀ ਰੱਖੇ। ਜਿਓਂ ਹੀ ਹਰਿਆਣਾ ਇਲਾਕਾ ਕਰੋੜ ਸਿੰਘੀਆਂ ਮਿਸਲ ਦੇ ਬਘੇਲ ਸਿੰਘ ਦੇ ਹੱਥ ਆਇਆ ਅਤੇ ਭੂੰਗਾਂ ਖਿੱਤਾ ਆਹਲੂਵਾਲੀਏ ਜੱਸਾ ਸਿੰਘ ਅਧੀਨ ਹੋਇਆ, ਤਦ ਸਿੱਖ ਆਸਥੀ “ਧੂਤਾਂ’ ਵੀ ਪੱਕੇ ਪੈਰੀਂ ਹੋ ਗਈਆਂ।
ਫਿਰ; ਇਹ ਮਿਸਲੀ ਖੇਤਰ ਮਾਸਟਰ ਰਣਜੀਤ ਸਿੰਘ ਦੀ ਖਲਕਤ ਬਣਿਆ ਅਤੇ 1849 ਦੀ ਐਂਗਲੋ-ਸਿੱਖ ਵਾਰ ਉਪਰੰਤ ਬ੍ਰਿਟਿਸ਼ ਸਾਮਰਾਜ ਦੀ। ਪਰ ਕਈ ਕਾਰਨੀ ਹਰਿਆਣੇ-ਭੂੰਗੇ ਦੇ ਇਸ ਖੇਤਰ ਨੇ ਸੁਰ ਅੰਗਰੇਜ਼ ਵਿਰੋਧੀ ਹੀ ਰੱਖੀ। ਦੱਸਣਾਂ ਕੁਥਾਂ ਨਹੀਂ ਹੋਵੇਗਾ ਕਿ 1856-1873 ਤੱਕ ਚੱਲੀਆਂ ਨਾਮਧਾਰੀ ਸਰਗਰਮੀਆਂ ਵਿੱਚ ਇੱਥੋਂ ਦੇ ਕੁਝ ਜਾਇਆਂ ਨੇ, ਜਿਹੜੇ ਗ਼ਦਰੀ ਨੈਣਾ ਸਿੰਘ ਧੂਤ ਦੇ ਪੁਰਖਿਆਂ ਵਿੱਚੋਂ ਸਨ, ਗੂੜ੍ਹਾ ਹਿੱਸਾ ਲਿਆ ਸੀ। ਹਾਂ! 1857 ਦੇ ਗ਼ਦਰ ਵੇਲੇ ਕਪੂਰਥਲਾ ਦੇ ਆਹਲੂਵਾਲੀਆਂ ਨੇ ਸੁਤੰਤਰਤਾ ਸੰਗਰਾਮ ਵੇਲੇ ਖਰੀ ਨਹੀਂ ਸੀ ਗੁਜਾਰੀ। ਉਨ੍ਹਾਂ ਦੀ ਅੰਗਰੇਜ਼-ਪ੍ਰਸਤੀ ਤੋਂ ‘ਖੁਸ਼ ਹੋਏ’ ਗੋਰਿਆਂ ਨੇ ਕਰੋੜ ਸਿੰਘੀਆਂ ਮਿਸਲ ਅਧੀਨ ਰਿਹਾ ਹਰਿਆਣਾ ਖਿੱਤਾ ਤਾਂ ਨੱਪੀ ਰੱਖਿਆ, ਪਰ ਆਹਲੂਵਾਲੀਆ ਮਿਸਲ ਹੇਠਲੇ 32 ਪਿੰਡਾਂ, ਸਣੇ ਧੂਤਾਂ, ਦੀ ਸਪੁਰਦਗੀ ਪੱਕੇ-ਪੀਢੇ ਤੌਰ ‘ਤੇ ਕਪੂਰਥਲਾ (ਆਹਲੂਵਾਲੀਆ ਰਿਆਸਤ) ਘਰਾਣੇ ਨੂੰ ਸੌਂਪ ਦਿੱਤੀ, ਜਿਹੜੇ ਅਗਾਂਹ ਆਪਣੇ ਪਿੱਠੂ ਜਗੀਰਦਾਰਾਂ ਰਾਹੀਂ ਚੰਮ ਦੀਆਂ ਚਲਾਉਣ ਲੱਗੇ। ਇਹੀ ਕਾਰਨ ਸੀ ਕਿ ਮਾਲਵੇ ਦੀ ਤਰਜ਼ ‘ਤੇ ਇਸ ਖੇਤਰ ਵਿੱਚ ਸੁਤੰਤਰਤਾ ਸੰਗਰਾਮ ਸਮੇਤ ਰਜਵਾੜਾਸ਼ਾਹੀ ਅਤੇ ਜਗੀਰਦਾਰੀ ਵਿਰੁੱਧ ਵੀ ਲੋਕ ਘੋਲ ਦੀ ਸਿਰਜਣਾ ਹੋਈ, ਜਿਸਦਾ ਸੂਹਾ ਕੇਂਦਰ ਬਿੰਦੂ “ਧੂਤ ਕਲਾਂ” ਬਣਿਆ।

Leave a Reply

Your email address will not be published. Required fields are marked *