ਮਹਾਰਾਜਾ ਰਣਜੀਤ ਸਿੰਘ ਦੇ ਕੁਨਬੇ ਦਾ ਫਰਜੰਦ ਕੰਵਰ ਸ਼ਾਹਦੇਵ ਸਿੰਘ

ਗੂੰਜਦਾ ਮੈਦਾਨ

ਇਤਿਹਾਸ ਦੀ ਪੈੜ
ਡਾ. ਗੁਰਦੇਵ ਸਿੰਘ ਸਿੱਧੂ
ਫੋਨ:+91-9417049417
ਮਹਾਰਾਜਾ ਸ਼ੇਰ ਸਿੰਘ ਨੇ ਰਾਜਗੱਦੀ ਉੱਤੇ ਬੈਠਣ ਪਿੱਛੋਂ 1842 ਵਿੱਚ ਕਾਂਗੜਾ ਜ਼ਿਲ੍ਹੇ ਦੇ ਲੰਬਾਗਰਾਉਂ ਨੇੜਲੇ ਇੱਕ ਪਹਾੜੀ ਰਾਜਪੂਤ ਪਰਿਵਾਰ ਵਿੱਚ ਵਿਆਹ ਕਰਵਾਇਆ। ਉਸ ਦੀ ਇਸ ਪਤਨੀ ਨੂੰ ਰਾਣੀ ਦੱਖਨੋਂ ਕਿਹਾ ਜਾਂਦਾ ਸੀ। ਰਾਣੀ ਦੱਖਨੋਂ ਨੇ 14 ਮਈ 1843 ਨੂੰ ਇੱਕ ਲੜਕੇ ਨੂੰ ਜਨਮ ਦਿੱਤਾ, ਜਿਸ ਦਾ ਨਾਉਂ ਸ਼ਾਹਦੇਵ ਸਿੰਘ ਰੱਖਿਆ ਗਿਆ। ਜਦ 15 ਸਤੰਬਰ ਨੂੰ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਹੋਇਆ, ਸ਼ਾਹਦੇਵ ਸਿੰਘ ਦੀ ਉਮਰ ਕੇਵਲ ਚਾਰ ਮਹੀਨੇ ਸੀ।

ਇਸ ਪਿੱਛੋਂ ਸਿੱਖਾਂ ਅਤੇ ਅੰਗਰੇਜ਼ਾਂ ਦਰਮਿਆਨ ਦੋ ਯੁੱਧ ਹੋਏ, ਦੋਵਾਂ ਵਿੱਚ ਜਿੱਤ ਅੰਗਰੇਜ਼ਾਂ ਦੀ ਹੋਈ। 1845-46 ਵਿੱਚ ਹੋਏ ਪਹਿਲੇ ਯੁੱਧ ਦੇ ਨਤੀਜੇ ਵਜੋਂ ਮਹਾਰਾਜਾ ਦਲੀਪ ਸਿੰਘ ਦੇ ਸਿਰ ਉੱਤੇ ਅੰਗਰੇਜ਼ ਰੈਜ਼ੀਡੈਂਟ ਬੈਠ ਗਿਆ ਅਤੇ 1849 ਵਿੱਚ ਹੋਏ ਦੂਜੇ ਯੁੱਧ ਪਿੱਛੋਂ ਕੰਪਨੀ ਨੇ ਪੰਜਾਬ ਰਾਜ ਨੂੰ ਆਪਣੀ ਸਲਤਨਤ ਦਾ ਹਿੱਸਾ ਬਣਾ ਲਿਆ। ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ ਪੰਜਾਬੀਆਂ ਨੂੰ ਆਪਣੇ ਰਾਜ ਦੀ ਯਾਦ ਦੁਆਉਣ ਵਾਲੇ ਖਾਲਸਾ ਰਾਜ ਦੇ ਅੰਤਿਮ ਮਹਾਰਾਜੇ ਦਸ ਸਾਲ ਉਮਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਬਾਹਰ ਭੇਜਣ ਦੀ ਯੋਜਨਾ ਬਣਾਈ। ਸ਼ਾਹੀ ਕੁਰਸੀਨਾਮੇ ਅਨੁਸਾਰ ਮਹਾਰਾਜਾ ਦਲੀਪ ਸਿੰਘ ਤੋਂ ਪਿਛੋਂ ਲਾਹੌਰ ਦੀ ਰਾਜਗੱਦੀ ਦਾ ਦਾਅਵੇਦਾਰ ਮਹਾਰਾਜਾ ਸ਼ੇਰ ਸਿੰਘ ਦਾ ਬਾਲ-ਪੁੱਤਰ ਸ਼ਾਹਦੇਵ ਸਿੰਘ ਬਣਦਾ ਸੀ। ਗਵਰਨਰ ਜਨਰਲ ਲਾਰਡ ਡਲਹੌਜ਼ੀ ਨਹੀਂ ਸੀ ਚਾਹੁੰਦਾ ਕਿ ਸਿੱਖ ਰਾਜ ਦਾ ਕੋਈ ਦਾਅਵੇਦਾਰ ਪੰਜਾਬ ਵਿੱਚ ਰਹੇ। ਸੋ, ਕੰਪਨੀ ਸਰਕਾਰ ਵਿੱਚ ਸਕੱਤਰ ਮਿਸਟਰ ਹੈਨਰੀ ਇਲੀਅਟ ਨੇ ਪੰਜਾਬ ਦੇ ਪ੍ਰਬੰਧਕੀ ਬੋਰਡ ਨੂੰ ਗਵਰਨਰ ਜਨਰਲ ਦੀ ਇੱਛਾ ਦੱਸੀ ਅਤੇ ਹੁਕਮ ਦਿੱਤਾ ਕਿ ਦਲੀਪ ਸਿੰਘ ਦੇ ਨਾਲ ਹੀ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਸ਼ਾਹਦੇਵ ਸਿੰਘ ਨੂੰ ਪੰਜਾਬ ਤੋਂ ਬਾਹਰ ਭੇਜਿਆ ਜਾਵੇ। ਉਸ ਨੇ ਸਪਸ਼ਟ ਕੀਤਾ ਕਿ ਸ਼ਾਹਦੇਵ ਸਿੰਘ ਨੂੰ ਦਲੀਪ ਸਿੰਘ ਦਾ ਸਾਥੀ, ਪਰ ਉਸ ਤੋਂ ਨੀਵੀਂ ਹੈਸੀਅਤ ਵਾਲਾ ਮੰਨਿਆ ਜਾਵੇ। ਇਸ ਮੁਤਾਬਿਕ ਮਹਾਰਾਜਾ ਦਲੀਪ ਸਿੰਘ ਦੇ ਨਾਲ ਛੇ ਕੁ ਸਾਲ ਉਮਰ ਦੇ ਕੰਵਰ ਸ਼ਾਹਦੇਵ ਸਿੰਘ ਨੂੰ ਵੀ ਪੰਜਾਬ ਤੋਂ ਦੂਰ ਉੱਤਰ-ਪੱਛਮੀ ਪ੍ਰਾਂਤ ਦੇ ਸ਼ਹਿਰ ਫਤਿਹਗੜ੍ਹ ਭੇਜਿਆ, ਜਿੱਥੇ ਉਹ 21 ਦਸੰਬਰ 1849 ਨੂੰ ਪਹੁੰਚੇ।
ਲਾਰਡ ਡਲਹੌਜ਼ੀ ਦੀ ਸਪਸ਼ਟ ਹਦਾਇਤ ਸੀ ਕਿ ਉਨ੍ਹਾਂ ਨੂੰ ਆਪਣੇ ਨਾਲ ਕੋਈ ਨੌਕਰ ਲੈ ਜਾਣ ਦੀ ਆਗਿਆ ਦੇਣ ਦਾ ਕੋਈ ਕਾਰਨ ਨਹੀਂ ਬਣਦਾ। ਪੰਜਾਬ ਸਰਕਾਰ ਨੇ ਉਨ੍ਹਾਂ ਦੇ ਨਾਲ ਸਰਕਾਰ ਦੇ ਵਫਾਦਾਰ ਕੁੱਝ ਨੌਕਰ ਭੇਜੇ, ਜਿਨ੍ਹਾਂ ਤੋਂ ਬਿਨਾਂ ਉਹ ਹੋਰ ਕਿਸੇ ਨੂੰ ਨਹੀਂ ਸਨ ਮਿਲ ਸਕਦੇ। ਗਵਰਨਰ ਜਨਰਲ ਦੀ ਸਪਸ਼ਟ ਹਦਾਇਤ ਦੇ ਬਾਵਜੂਦ ਸ਼ਾਹਦੇਵ ਸਿੰਘ ਦੀ ਮਾਤਾ ਰਾਣੀ ਦੱਖਨੋਂ ਉਨ੍ਹਾਂ ਦੇ ਨਾਲ ਸੀ। ਡਾਕਟਰ ਲੌਗਿਨ, ਜਿਸ ਨੇ ਆਪਣੀ ਨਿਗਾਹਬਾਨੀ ਹੇਠ ਇਨ੍ਹਾਂ ਨੂੰ ਰੱਖਣਾ ਸੀ, ਨੇ ਇਸ ਬਾਰੇ ਸਪਸ਼ਟੀਕਰਨ ਦਿੰਦਿਆਂ 6 ਫਰਵਰੀ 1850 ਨੂੰ ਗਵਰਨਰ ਜਨਰਲ ਨੂੰ ਲਿਖਿਆ ਕਿ “ਸ਼ਾਹਜ਼ਾਦੇ ਦੀ ਨਿਆਣੀ ਉਮਰ ਅਤੇ ਉਸ ਨੂੰ ਪੰਜਾਬ ਤੋਂ ਬਾਹਰ ਭੇਜਣ ਦੇ ਅਚਨਚੇਤੀ ਹੁਕਮ ਕਾਰਨ ਉਸ ਨੂੰ ਹੋਣ ਵਾਲੀ ਨਾਮੁਨਾਸਬ ਦਿੱਕਤ ਤੋਂ ਬਚਾਉਣ ਵਾਸਤੇ ਬਾਲ ਸ਼ਾਹਜ਼ਾਦੇ ਨਾਲ ਉਸ ਦੀ ਮਾਤਾ ਨੂੰ ਲੈ ਜਾਣਾ ਮੁਨਾਸਬ ਸਮਝਿਆ ਹੈ, ਥੋੜ੍ਹੇ ਸਮੇਂ ਪਿੱਛੋਂ ਜਦ ਬਾਲ ਨਾਰੀ-ਸਹਾਇਕ ਤੋਂ ਬਿਨਾਂ ਰਹਿਣ ਦੇ ਯੋਗ ਹੋ ਗਿਆ ਤਾਂ ਰਾਣੀ ਨੂੰ ਇਸ ਗੱਲ ਨਾਲ ਸਹਿਮਤ ਕਰਨਾ ਸੌਖਾ ਹੋ ਜਾਵੇਗਾ ਕਿ ਉਹ ਬਾਲ ਨੂੰ ਮੇਰੀ ਸਪੁਰਦਗੀ ਵਿੱਚ ਛੱਡ ਕੇ ਆਪ ਕਾਂਗੜੇ ਆਪਣੇ ਪੇਕੇ ਪਰਿਵਾਰ ਕੋਲ ਚਲੀ ਜਾਵੇ।”
ਮਹਾਰਾਜਾ ਦਲੀਪ ਸਿੰਘ ਨੂੰ ਮਈ 1854 ਵਿੱਚ ਇੰਗਲੈਂਡ ਭੇਜੇ ਜਾਣ ਤੋਂ ਪਹਿਲਾਂ ਮਹਾਰਾਜਾ ਦਲੀਪ ਸਿੰਘ ਅਤੇ ਕੰਵਰ ਸ਼ਾਹਦੇਵ ਸਿੰਘ- ਦੋਵੇਂ ਲਗਭਗ ਸਾਢੇ ਚਾਰ ਸਾਲ ਇਕੱਠੇ ਰਹੇ। ਫਤਿਹਗੜ੍ਹ ਆਉਣ ਤੋਂ ਪਹਿਲਾਂ ਦੋਵੇਂ ਕਦੇ ਇਕੱਠੇ ਨਹੀਂ ਸਨ ਰਹੇ। ਇਸ ਲਈ ਫਤਿਹਗੜ੍ਹ ਵਿੱਚ ਸ਼ੁਰੂ ਸ਼ੁਰੂ ਵਿੱਚ ਦੋਵਾਂ ਵਿੱਚ ਝਿਜਕ ਰਹੀ, ਪਰ ਫਿਰ ਉਹ ਖੁੱਲ੍ਹ ਗਏ। ਉਨ੍ਹਾਂ ਦੀ ਉਮਰ ਵਿੱਚ ਸਾਢੇ ਚਾਰ ਕੁ ਸਾਲ ਦਾ ਅੰਤਰ ਉਨ੍ਹਾਂ ਦੇ ਸਾਂਝ-ਪਿਆਰ ਵਿੱਚ ਰੋੜਾ ਨਹੀਂ ਬਣਿਆ। ਨਾ ਹੋਰ ਕੋਈ ਉਨ੍ਹਾਂ ਕੋਲ ਆ ਸਕਦਾ ਸੀ ਅਤੇ ਨਾ ਉਹ ਹੋਰ ਕਿਧਰੇ ਜਾ ਸਕਦੇ ਸਨ। ਇਉਂ ਇਕੱਠੇ ਰਹਿਣ ਕਰਕੇ ਮਹਾਰਾਜਾ ਦਲੀਪ ਸਿੰਘ ਦੇ ਮਨ ਵਿੱਚ ਸ਼ਾਹਦੇਵ ਸਿੰਘ ਬਾਰੇ ਡੂੰਘਾ ਸਨੇਹ ਸੀ। ਬਾਲ ਸ਼ਾਹਦੇਵ ਸਿੰਘ ਵੀ ਦਲੀਪ ਸਿੰਘ ਨੂੰ ਦਿਲੋਂ ਪਿਆਰ ਕਰਦਾ ਸੀ।
ਜਦ ਦਲੀਪ ਸਿੰਘ ਨੂੰ ਵਲੈਤ ਭੇਜਣ ਦੀ ਗੱਲ ਸ਼ੁਰੂ ਹੋਈ ਤਾਂ ਡਾ. ਲੌਗਿਨ, ਜਿਸ ਦੀ ਸਪੁਰਦਗੀ ਵਿੱਚ ਦਲੀਪ ਸਿੰਘ ਨੂੰ ਛੱਡਿਆ ਹੋਇਆ ਸੀ, ਦੀ ਰਾਇ ਸੀ ਕਿ ਸ਼ਾਹਦੇਵ ਸਿੰਘ ਨੂੰ ਦਲੀਪ ਸਿੰਘ ਦੇ ਨਾਲ ਵਲੈਤ ਭੇਜ ਦਿੱਤਾ ਜਾਵੇ। ਉਸ ਨੇ ਗਵਰਨਰ ਜਨਰਲ ਨੂੰ ਦੋਵਾਂ ਦੇ ਆਪਸੀ ਸਨੇਹ ਬਾਰੇ ਦੱਸਦਿਆਂ ਲਿਖਿਆ ਕਿ ਜੇਕਰ ਗਵਰਨਰ ਜਨਰਲ ਦਲੀਪ ਸਿੰਘ ਦੇ ਨਾਲ ਸ਼ਾਹਦੇਵ ਸਿੰਘ ਨੂੰ ਵੀ ਵਲੈਤ ਭੇਜਿਆ ਜਾਣਾ ਉਚਿੱਤ ਸਮਝਣ ਤਾਂ ਉਹ ਸ਼ਾਹਦੇਵ ਸਿੰਘ ਦੀ ਮਾਤਾ ਤੋਂ ਇਸ ਬਾਰੇ ਸਹਿਮਤੀ ਲੈਣ ਦਾ ਯਤਨ ਕਰ ਸਕਦਾ ਹੈ। ਗਵਰਨਰ ਜਨਰਲ ਨੇ 31 ਅਗਸਤ 1853 ਨੂੰ ਉੱਤਰ ਦਿੱਤਾ ਕਿ ਅਜਿਹਾ ਦਲੀਪ ਸਿੰਘ ਉੱਤੇ ਨਿਰਭਰ ਕਰਦਾ ਹੈ, ਪਰ ਨਿਆਣੀ ਉਮਰ ਕਾਰਨ ਉਹ ਅਜਿਹਾ ਕੀਤੇ ਜਾਣ ਦਾ ਕੋਈ ਲਾਭ ਲੈ ਸਕੇਗਾ, ਇਸ ਬਾਰੇ ਸ਼ੱਕ ਹੈ। ਉਸ ਨੇ ਆਪਣੀ ਰਾਇ ਸ਼ਾਹਦੇਵ ਸਿੰਘ ਨੂੰ ਵਲੈਤ ਨਾ ਭੇਜਣ ਵਿੱਚ ਦੱਸੀ, ਪਰ ਦੋਵਾਂ ਨੂੰ ਇੱਕ-ਦੂਜੇ ਤੋਂ ਵੱਖ ਕਦੋਂ ਕੀਤਾ ਜਾਵੇ, ਇਸ ਬਾਰੇ ਨਿਰਣਾ ਨਾ ਲਏ ਜਾਣ ਕਾਰਨ ਸ਼ਾਹਦੇਵ ਸਿੰਘ ਨੂੰ ਦਲੀਪ ਸਿੰਘ ਦੇ ਨਾਲ ਹੀ ਕਲਕੱਤੇ, ਜਿੱਥੋਂ ਦਲੀਪ ਸਿੰਘ ਨੂੰ ਵਲੈਤ ਜਾਣ ਲਈ ਸਮੁੰਦਰੀ ਜਹਾਜ਼ ਵਿੱਚ ਬਿਠਾਇਆ ਜਾਣਾ ਸੀ, ਲਿਜਾਇਆ ਗਿਆ। ਪੇਕੇ ਘਰ ਰਹਿ ਰਹੀ ਰਾਣੀ ਦੱਖਨੋਂ ਨੂੰ ਪਤਾ ਲੱਗਾ ਤਾਂ ਉਸ ਨੇ ਸ਼ਾਹਦੇਵ ਸਿੰਘ ਨੂੰ ਵਲੈਤ ਲੈ ਕੇ ਜਾਣ ਦਾ ਵਿਰੋਧ ਕੀਤਾ। ਇਸ ਨਾਲ ਲਾਰਡ ਡਲਹੌਜ਼ੀ ਦੀ ਇੱਛਾ ਪੂਰੀ ਹੋ ਗਈ। ਸ਼ਾਹਦੇਵ ਸਿੰਘ ਦਾ ਮਾਮਾ ਉਸ ਨੂੰ ਕਲਕੱਤੇ ਤੋਂ ਵਾਪਸ ਕਾਂਗੜੇ ਨੇੜੇ ਆਪਣੇ ਟਿਕਾਣੇ ਲੈ ਗਿਆ। ਰਾਣੀ ਦੱਖਨੋਂ ਨੇ ਪੰਜਾਬ ਸਰਕਾਰ ਤੋਂ ਆਪਣੇ ਪੁੱਤਰ ਸਮੇਤ ਪੰਜਾਬ ਵਿੱਚ ਰਹਿਣ ਦੀ ਆਗਿਆ ਮੰਗੀ ਤਾਂ ਪੰਜਾਬ ਸਰਕਾਰ ਨੇ ਸ਼ਰਤ ਲਾਈ ਕਿ ਰਾਣੀ ਆਪਣੇ ਪੁੱਤਰ ਵੱਲੋਂ ਪੰਜਾਬ ਦੀ ਰਾਜ-ਗੱਦੀ ਉੱਤੇ ਦਾਅਵਾ ਨਾ ਕਰਨ ਬਾਰੇ ਲਿਖ ਕੇ ਦੇਵੇ। ਰਾਣੀ ਨੇ ਇਹ ਸ਼ਰਤ ਪ੍ਰਵਾਨ ਨਹੀਂ ਕੀਤੀ।
ਡਾਕਟਰ ਲੌਗਿਨ ਦੀ ਸਪੁਰਦਗੀ ਹੇਠ ਫਤਿਹਗੜ੍ਹ ਰਹਿੰਦਿਆਂ ਸ਼ਾਹਦੇਵ ਸਿੰਘ ਨੂੰ ਆਪਣੇ ਪਿਛੋਕੜ ਬਾਰੇ ਓਨੀ ਕੁ ਜਾਣਕਾਰੀ ਮਿਲੀ, ਜਿੰਨੀ ਕੁ ਦਲੀਪ ਸਿੰਘ ਉਸ ਨੂੰ ਦੇ ਸਕਦਾ ਸੀ। ਨਾਨਕੇ ਘਰ ਆਪਣੀ ਮਾਂ ਨਾਲ ਰਹਿੰਦਿਆਂ ਉਸ ਨੂੰ ਆਪਣੇ ਵਿਰਸੇ ਦੀ ਸੋਝੀ ਹੋਈ ਤਾਂ ਉਸ ਨੂੰ ਆਪਣੇ ਨਾਲ ਹੋਇਆ ਧੱਕਾ ਰੜਕਣ ਲੱਗਾ। ਉਸ ਨੇ ਮੁਕੇਰੀਆਂ ਅਤੇ ਬਟਾਲਾ ਇਲਾਕੇ ਵਿੱਚ ਆਪਣੇ ਪਿਤਾ ਦੀ ਨਿੱਜੀ ਜਾਇਦਾਦ, ਜੋ ਸਰਕਾਰ ਨੇ ਜ਼ਬਤ ਕਰ ਲਈ ਸੀ, ਉਸ ਨੂੰ ਵਾਪਸ ਦੇਣ ਲਈ ਲਿਖਣਾ ਸ਼ੁਰੂ ਕੀਤਾ। 1859 ਵਿੱਚ ਬਰਤਾਨਵੀ ਸਰਕਾਰ ਨੇ ਉਸ ਨੂੰ ਜੱਦੀ ਜਾਇਦਾਦ ਦੇ ਇਵਜ਼ ਵਿੱਚ ਉੱਤਰ-ਪੱਛਮੀ ਪ੍ਰਾਂਤ ਦੀ ਰਾਇ ਬਰੇਲੀ ਡਵੀਜ਼ਨ ਵਿੱਚ ਰਾਇ ਬਰੇਲੀ ਸ਼ਹਿਰ ਦੀਆਂ ਤਿੰਨ ਪੱਤੀਆਂ ਅਤੇ ਪੰਡਰੀ, ਗਨੇਸ਼ਪੁਰ, ਗੋਕਲਪੁਰ ਆਦਿ 18 ਪਿੰਡਾਂ ਉੱਤੇ ਆਧਾਰਿਤ ਮਿਲਖ, ਜਿਸ ਦੀ ਸਾਲਾਨਾ ਆਮਦਨੀ 8,000 ਰੁਪਏ ਸੀ, ਦੇ ਦਿੱਤੀ। ਆਪਣੀ ਮਿਲਖ ਦੇ ਨੇੜੇ ਆਉਣ ਲਈ ਉਸ ਨੇ ਆਪਣੀ ਰਿਹਾਇਸ਼ ਰਾਇ ਬਰੇਲੀ ਸ਼ਹਿਰ ਵਿੱਚ ਕੀਤੀ। ਅਪ੍ਰੈਲ 1860 ਵਿੱਚ ਉਸ ਦੀ ਸ਼ਾਦੀ ਸਤਲੁਜ ਤੋਂ ਪੂਰਬ ਵੱਲ ਦੇ ਸਿੱਖ ਸਰਦਾਰਾਂ ਵਿੱਚੋਂ ਇੱਕ ਸ਼ਾਮਗੜ੍ਹ ਦੇ ਜਾਗੀਰਦਾਰ ਪਰਿਵਾਰ ਸ. ਫਤਿਹ ਸਿੰਘ ਦੀ ਧੀ ਸੂਰਜ ਕੌਰ ਨਾਲ ਹੋਈ, ਸ਼ਾਮਗੜ੍ਹੀਆਂ ਨੇ ਸੂਰਜ ਕੌਰ ਨੂੰ ਦਾਜ ਵਿੱਚ ਤਿੰਨ ਪਿੰਡ ਸਾਗਾ, ਕੁਰਕ ਅਤੇ ਜਟਪੁਰਾ ਦਿੱਤੇ। ਵਿਆਹ ਤੋਂ ਪਿੱਛੋਂ ਸ਼ਿਵਦੇਵ ਸਿੰਘ ਨੇ ਰਾਇ ਬਰੇਲੀ ਦੀ ਥਾਂ ਆਪਣੀ ਮਿਲਖ ਉੱਤੇ ਰਹਿਣਾ ਚਾਹਿਆ ਤਾਂ ਸਰਕਾਰ ਨੇ 1861 ਵਿੱਚ ਉਸ ਨੂੰ ਅਜਿਹਾ ਕਰਨ ਦੀ ਆਗਿਆ ਦੇ ਦਿੱਤੀ, ਪਰ ਸ਼ਰਤ ਇਹ ਲਾਈ ਕਿ ਉਹ ਡਵੀਜ਼ਨ ਤੋਂ ਬਾਹਰ ਡਵੀਜ਼ਨਲ ਕਮਿਸ਼ਨਰ ਦੀ ਆਗਿਆ ਲੈ ਕੇ ਹੀ ਜਾਵੇਗਾ।
1861 ਵਿੱਚ ਆਪਣੀ ਮਾਤਾ ਨੂੰ ਆਪਣੇ ਨਾਲ ਵਲੈਤ ਲਿਜਾਣ ਵਾਸਤੇ ਹਿੰਦੁਸਤਾਨ ਆਇਆ ਮਹਾਰਾਜਾ ਦਲੀਪ ਸਿੰਘ ਕਲਕੱਤੇ ਰੁਕਿਆ ਹੋਇਆ ਸੀ। ਇਨ੍ਹੀਂ ਦਿਨੀਂ ਸ਼ਾਹਦੇਵ ਸਿੰਘ ਵੀ ਸੈਰ ਸਪਾਟੇ ਵਾਸਤੇ ਕਲਕੱਤੇ ਵਿੱਚ ਸੀ। ਚਾਚੇ-ਭਤੀਜੇ ਦੀ ਇੱਥੇ ਫਿਰ ਮੁਲਾਕਾਤ ਹੋਈ। ਦਲੀਪ ਸਿੰਘ ਨੂੰ ਉਹ ਗੱਲ ਦੀ ਪਕੜ ਕਰਨ ਵਾਲਾ ਸੂਝਵਾਨ, ਪਰ ਦੇਸੀ ਚੱਜ-ਆਚਾਰ ਵਾਲਾ ਨੌਜਵਾਨ ਜਾਪਿਆ।
ਸ਼ਾਹਦੇਵ ਸਿੰਘ ਨੂੰ ਆਪਣੀ ਮਿਲਖ ਤੋਂ ਹੋਣ ਵਾਲੀ ਆਮਦਨ ਨਾਲ ਗੁਜ਼ਾਰਾ ਕਰਨਾ ਔਖਾ ਹੋ ਗਿਆ ਤਾਂ ਉਸ ਨੇ ਕਰਜ਼ ਲੈਣਾ ਸ਼ੁਰੂ ਕੀਤਾ। ਉਹ ਆਪਣੀ ਜੱਦੀ ਜਾਇਦਾਦ ਦੀ ਬਹਾਲੀ ਬਾਰੇ ਸਰਕਾਰ ਨਾਲ ਲਗਾਤਾਰ ਲਿਖਾ-ਪੜ੍ਹੀ ਕਰ ਰਿਹਾ ਸੀ, ਨਤੀਜੇ ਵਜੋਂ ਲੰਦਨ ਸਥਿਤ ਵਜ਼ੀਰ-ਹਿੰਦ ਨੇ 1865 ਵਿੱਚ ਉਸ ਨੂੰ ਤਾਅ-ਜ਼ਿੰਦਗੀ 10,000 ਰੁਪਏ ਸਾਲਾਨਾ ਪੈਨਸ਼ਨ ਮਨਜ਼ੂਰ ਕੀਤੀ।
ਇਨ੍ਹੀਂ ਦਿਨੀਂ ਸ਼ਾਹਦੇਵ ਸਿੰਘ ਦਾ ਫੇਰਾ-ਤੋਰਾ ਅਸਧਾਰਨ ਨਾਲੋਂ ਵੱਧ ਸੀ। ਉਹ ਅਕਸਰ ਹੀ ਲਖਨਊ ਜਾਂਦਾ ਸੀ। ਭਾਵੇਂ ਉਹ ਆਪਣੇ ਉੱਤੇ ਲੱਗੀ ਸ਼ਰਤ, ਕਿ ਉਹ ਡਵੀਜ਼ਨਲ ਕਮਿਸ਼ਨਰ ਤੋਂ ਆਗਿਆ ਲੈ ਕੇ ਜ਼ਿਲ੍ਹੇ ਤੋਂ ਬਾਹਰ ਜਾਵੇ, ਦੀ ਪਾਲਣਾ ਕਰ ਰਿਹਾ ਸੀ ਪਰ ਉਸ ਦੇ ਅਕਸਰ ਹੀ ਆਪਣੇ ਸ਼ਹਿਰ ਤੋਂ ਬਾਹਰ ਰਹਿਣ ਨੇ ਡਵੀਜ਼ਨਲ ਕਮਿਸ਼ਨਰ ਦੇ ਮਨ ਵਿੱਚ ਕਈ ਪ੍ਰਕਾਰ ਦੇ ਸ਼ੰਕੇ ਪੈਦਾ ਕਰ ਦਿੱਤੇ। ਉਸ ਨੇ ਸ਼ਾਹਦੇਵ ਸਿੰਘ ਦੇ ਹਵਾਲੇ ਨਾਲ ਆਪਣੇ ਪੱਤਰ ਨੰ: 1412 ਮਿਤੀ 9 ਜੂਨ 1876 ਦੁਆਰਾ ਉੱਤਰ-ਪੱਛਮੀ ਪ੍ਰਾਂਤਾਂ ਅਤੇ ਅਉਧ ਦੇ ਮਾਲੀਆ ਸਕੱਤਰ ਨੂੰ ਦੋ ਪੁੱਛਾਂ ਕੀਤੀਆਂ। ਪਹਿਲੀ ਪੁੱਛ ਇਹ ਸੀ ਕਿ ਸ਼ਾਹਦੇਵ ਸਿੰਘ ਦੇ ਪ੍ਰਾਂਤ ਦੇ ਅੰਦਰ ਅਤੇ ਬਾਹਰ ਜਾਣ ਮੌਕੇ ਸਥਾਨਕ ਅਧਿਕਾਰੀਆਂ ਦੁਆਰਾ ਉਸ ਉੱਤੇ ਕਿੰਨੀ ਨਿਗਰਾਨੀ ਰੱਖੀ ਜਾਵੇ? ਦੂਜੀ ਇਹ ਜਾਣਕਾਰੀ ਮੰਗੀ ਗਈ ਕਿ ਉਸ ਦੇ ਸਿਰ ਸਰਕਾਰ ਦੇ ਕਰਜ਼ੇ ਦੀ ਸਥਿਤੀ ਕੀ ਹੈ ਅਤੇ ਇਸ ਬਾਰੇ ਹੁਕਮ ਜਾਰੀ ਕੀਤੇ ਜਾਣ। ਪਿਛਲੇਰੇ ਬਾਰੇ ਹਿੰਦੁਸਤਾਨ ਸਰਕਾਰ ਨੇ ਸ਼ਾਹਦੇਵ ਸਿੰਘ ਨੂੰ ਕਰਜ਼ ਉਤਾਰਨ ਵਾਸਤੇ ਸਾਢੇ ਤਿੰਨ ਲੱਖ ਰੁਪਏ ਦੀ ਰਾਸ਼ੀ ਦਿੱਤੀ ਅਤੇ ਇਸ ਦੇ ਇਵਜ਼ ਵਿੱਚ ਉਸ ਦੀ ਮਿਲਖ ਦਾ ਪ੍ਰਬੰਧ ‘ਕੋਰਟ ਆਪ ਵਾਰਡਜ਼’ ਦੇ ਹਵਾਲੇ ਕਰ ਦਿੱਤਾ, ਪਰ ਪਹਿਲੀ ਪੁੱਛ ਦਾ ਕੋਈ ਉੱਤਰ ਨਾ ਦਿੱਤਾ।
10 ਅਕਤੂਬਰ 1876 ਨੂੰ ਸ਼ਾਹਦੇਵ ਸਿੰਘ ਵੱਲੋਂ ਡਵੀਜ਼ਨਲ ਕਮਿਸ਼ਨਰ ਤੋਂ ਲਖਨਊ ਜਾਣ ਦੀ ਆਗਿਆ ਮੰਗਣ ਉੱਤੇ ਉਸ ਨੇ ਆਨਾ-ਕਾਨੀ ਕੀਤੀ, ਜਿਸ ਦੇ ਪ੍ਰਤਿਕਰਮ ਵਿੱਚ ਸ਼ਾਹਦੇਵ ਸਿੰਘ ਨੇ ਉਸ ਦੇ ਇਧਰ-ਉਧਰ ਜਾਣ ਉੱਤੇ ਸਰਕਾਰ ਵੱਲੋਂ ਲਾਈਆਂ ਸ਼ਰਤਾਂ ਲਿਖਤੀ ਰੂਪ ਵਿੱਚ ਦੇਣ ਲਈ ਕਿਹਾ। ਡਵੀਜ਼ਨਲ ਕਮਿਸ਼ਨਰ ਨੇ ਸ਼ਾਹਦੇਵ ਸਿੰਘ ਤੋਂ ਤਾਂ ਇਹ ਕਹਿ ਕੇ ਖਹਿੜਾ ਛੁਡਾ ਲਿਆ ਕਿ ਉਹ ਉੱਚ-ਅਧਿਕਾਰੀਆਂ ਦੀ ਪ੍ਰਵਾਨਗੀ ਬਿਨਾਂ ਸਰਕਾਰੀ ਪੱਤਰ ਦੀ ਨਕਲ ਉਸ ਨੂੰ ਨਹੀਂ ਦੇ ਸਕਦਾ, ਪਰ ਉਸ ਨੇ ਪ੍ਰਾਂਤਿਕ ਸਰਕਾਰ ਤੋਂ ਆਪਣੇ ਪੱਤਰ ਦਾ ਤੁਰਤ ਜੁਆਬ ਮੰਗਿਆ। ਪ੍ਰਾਂਤਿਕ ਸਰਕਾਰ ਰਾਹੀਂ ਇਹ ਪੁੱਛ ਹਿੰਦੁਸਤਾਨ ਸਰਕਾਰ ਕੋਲ ਪਹੁੰਚੀ ਤਾਂ ਉਸ ਨੇ ਇਸ ਬਾਰੇ ਪੰਜਾਬ ਸਰਕਾਰ ਦੀ ਰਾਇ ਮੰਗ ਲਈ। ਹਿੰਦੁਸਤਾਨ ਸਰਕਾਰ ਵੱਲੋਂ ਲਿਖੇ ਪੱਤਰ ਨੰ: 1045-ਪੀ. ਮਿਤੀ 28 ਮਾਰਚ 1879 ਦੇ ਉੱਤਰ ਵਿੱਚ ਪੰਜਾਬ ਸਰਕਾਰ ਨੇ ਪੱਤਰ ਨੰ: 865 ਮਿਤੀ 14 ਅਪ੍ਰੈਲ 1879 ਦੁਆਰਾ ਲਿਖਿਆ ਕਿ ਸ਼ਾਹਦੇਵ ਸਿੰਘ ਹੋਰ ਭਾਵੇਂ ਕਿਧਰੇ ਜਾਵੇ, ਪਰ ਉਸ ਨੂੰ ਪੰਜਾਬ ਆਉਣ ਤੋਂ ਮਨਾਹੀ ਕੀਤੀ ਜਾਵੇ।
ਹਿੰਦੁਸਤਾਨ ਸਰਕਾਰ ਦੀ ਚਿੰਤਾ ਇਹ ਸੀ ਕਿ ਜੇਕਰ ਸ਼ਾਹਦੇਵ ਸਿੰਘ ਨੂੰ ਸਾਫ ਤੌਰ ਉੱਤੇ ਪੰਜਾਬ ਵਿੱਚ ਜਾਣ ਤੋਂ ਮਨ੍ਹਾ ਕੀਤਾ ਗਿਆ ਤਾਂ ਇਸ ਨਾਲ ਉਸ ਦੇ ਮਨ ਵਿੱਚ ਆਪਣੀ ਰਾਜਸੀ ਅਹਿਮੀਅਤ ਦਾ ਅਹਿਸਾਸ ਉਪਜੇਗਾ। ਇਸ ਤੋਂ ਬਚਣ ਵਾਸਤੇ ਹਿੰਦੁਸਤਾਨ ਸਰਕਾਰ ਦੇ ਪੱਤਰ ਨੰ: 1145-ਜੇ.ਪੀ. ਮਿਤੀ 3 ਮਈ 1879 ਰਾਹੀ ਸ਼ਾਹਦੇਵ ਸਿੰਘ ਉੱਤੇ ਪਿਛਲੀ ਪਾਬੰਦੀ ਨੂੰ ਬਰਕਰਾਰ ਰੱਖ ਲਿਆ ਗਿਆ, ਪਰ ਉਸ ਨੂੰ ਜ਼ਬਾਨੀ ਹਦਾਇਤ ਦਿੱਤੀ ਗਈ ਕਿ ਉਹ ਦਿੱਲੀ ਤੋਂ ਉੱਤਰ ਵੱਲ ਬਿਲਕੁੱਲ ਨਾ ਜਾਵੇ।
ਲਗਭਗ ਦੋ ਦਹਾਕੇ ਇਸ ਮਨਾਹੀ ਦਾ ਸੰਤਾਪ ਭੋਗਦਿਆਂ ਆਪਣੇ ਪੁੱਤਰ ਬਾਸਦੇਵ ਸਿੰਘ ਅਤੇ ਵਿਧਵਾ ਸੂਰਜ ਕੌਰ ਨੂੰ ਪਿੱਛੇ ਛੱਡ ਕੇ ਕੰਵਰ ਸ਼ਾਹਦੇਵ ਸਿੰਘ 22 ਮਾਰਚ 1901 ਨੂੰ ਰਾਇ ਬਰੇਲੀ ਵਿੱਚ ਹੀ ਸੁਰਗਵਾਸ ਹੋ ਗਿਆ।

Leave a Reply

Your email address will not be published. Required fields are marked *