*6 ਜੂਨ ਨੂੰ ਹੋਣਗੇ ਪਾਰਟੀ ਵਿੱਚ ਸ਼ਾਮਲ
ਪੰਜਾਬੀ ਪਰਵਾਜ਼ ਬਿਊਰੋ
ਲੱਦਾਖ ਦੇ ਵਾਤਾਵਰਨ ਮਾਮਲਿਆਂ ਦੇ ਮਸ਼ਹੂਰ ਕਾਰਕੁੰਨ ਅਤੇ ਵਿਦਿਆਦਾਨੀ ਸੋਨਮ ਵਾਂਗਚੁਕ ਨੇ ਐਲਾਨ ਕੀਤਾ ਹੈ ਕਿ ਉਹ ਕਾਕਰੋਚ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਗੇ। ਇੱਕ ਸੋਸ਼ਲ ਮੀਡੀਆ ਸੁਨੇਹੇ ਅਤੇ ਜਾਰੀ ਵੀਡੀਓ ਵਿੱਚ ਸੋਨਮ ਵਾਂਗਚੁਕ ਨੇ ਕਿਹਾ ਕਿ ਉਹ 6 ਜੂਨ ਨੂੰ ਕਾਕਰੋਚ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਨੇ 5 ਜੂਨ ਤੱਕ ਅਸਤੀਫਾ ਨਾ ਦਿੱਤਾ ਤਾਂ ਉਹ 6 ਜੂਨ ਨੂੰ ਦਿੱਲੀ ਪ੍ਰਦਰਸ਼ਨ ਮੌਕੇ ਕਾਕਰੋਚ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ।
ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਕਾਕਰੋਚ ਜਨਤਾ ਪਾਰਟੀ ਨੂੰ ਸੋਨਮ ਦੀ ਇਸ ਹਮਾਇਤ ਨਾਲ ਠੋਸ ਤਾਕਤ ਮਿਲਣ ਦੇ ਆਸਾਰ ਹਨ। ਬੀਤੇ ਬੁੱਧਵਾਰ ਨਵਜੰਮੀ ਪਾਰਟੀ ਦੀ ਹਮਾਇਤ ਕਰਦਿਆਂ ਸੋਨਮ ਵਾਂਗਚੁਕ ਨੇ ਕਿਹਾ ਕਿ ਜਦੋਂ ਸਰਕਾਰ ਵਿਦਿਅਕ ਮਾਮਲਿਆਂ ਵਿੱਚ ਵਾਰ-ਵਾਰ ਫੇਲ੍ਹ ਹੋ ਰਹੀ ਹੈ ਤਾਂ ਇਸ ਦੀ ਜਵਾਬਦੇਹੀ ਤੈਅ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਮਤਿਹਾਨ ਲੀਕ ਹੋਣ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਲਗਾਤਾਰ ਧਾਰੀ ਗਈ ਚੁੱਪ ਵਿਦਿਆਰਥੀਆਂ ਵਿੱਚ ਹੋਰ ਨਿਰਾਸ਼ਾ ਹੀ ਪੈਦਾ ਕਰੇਗੀ।
ਉਨ੍ਹਾਂ ਐਕਸ ‘ਤੇ ਲਿਖੀ ਆਪਣੀ ਇੱਕ ਪੋਸਟ ਵਿੱਚ ਕਿਹਾ, “ਕਿਸੇ ਜਮਹੂਰੀ ਪ੍ਰਬੰਧ ਵਿੱਚ ਮੰਤਰੀਆਂ ਨੂੰ ਉਸ ਵਕਤ ਲਾਜ਼ਮੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਜਦੋਂ ਉਨ੍ਹਾਂ ਦੇ ਨੱਕ ਹੇਠ ਘਪਲੇਬਾਜ਼ੀਆਂ ਹੋ ਰਹੀਆਂ ਹੋਣ। ਵਾਂਗਚੁਕ ਅਨੁਸਾਰ ਵਿਦਿਅਕ ਖੇਤਰ ਵਿੱਚ ਲਗਾਤਾਰ ਹੋ ਰਹੀ ਗੜਬੜ ਨਿਰਾ ਇਮਤਿਹਾਨਾਂ ਦਾ ਮਸਲਾ ਨਹੀਂ ਹੈ, ਇਹ ਹਿੰਦੁਸਤਾਨ ਦੀ ਅਸਫਲਤਾ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ।” ਸੋਨਮ ਨੇ ਕਿਹਾ, “ਕਿਸੇ ਮਹਿਕਮੇ ਵਿੱਚ ਜੇ ਦੁਰਘਟਨਾਵਾਂ ਜਾਂ ਦੁਰ-ਪ੍ਰਬੰਧ ਹੁੰਦਾ ਹੈ ਤਾਂ ਕਿਸੇ ਵੀ ਸਵੈਮਾਣ ਰੱਖਣ ਵਾਲੇ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦਾ ਭਵਿੱਖ (ਨੌਜਵਾਨ) ਤਬਾਹ ਕੀਤਾ ਜਾ ਰਿਹਾ ਹੈ ਤਾਂ ਅਸੀਂ ਨਹੀਂ ਬੋਲਦੇ ਤੇ ਹੋਰ ਕੌਣ ਬੋਲੇਗਾ? ਜੇ ਅਸੀਂ ਹੁਣੇ ਕਦਮ ਨਹੀਂ ਚੁੱਕਦੇ ਤਾਂ ਫਿਰ ਕਦੋਂ ਚੁੱਕਾਂਗੇ? ਵਾਂਗਚੁਕ ਵੱਲੋਂ ਇਹ ਬਿਆਨ ਅਭਿਜੀਤ ਦੀਪਕੇ ਦੇ ਉਸ ਖੁਲਾਸੇ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਇੱਕ ਮਸ਼ਹੂਰ ਜਨਤਕ ਆਗੂ ਕਾਕਰੋਚ ਜਨਤਾ ਪਾਰਟੀ ਦੇ ਪੱਖ ਵਿੱਚ ਨਿੱਤਰਨਗੇ। ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਪੋਸਟ ਵਿੱਚ ਲਿਖਿਆ ਸੀ ਕਿ ਪਾਰਟੀ ਦੇ ਹੱਕ ਵਿੱਚ ਵੱਡੀਆਂ ਸ਼ਖਸੀਅਤਾਂ ਉਤਰ ਸਕਦੀਆਂ ਹਨ। ਉਧਰ ਵਾਂਗਚੁਕ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੇ ਨਿਰਮਾਤਾ ਅਭਿਜੀਤ ਦੀਪਕੇ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਵੱਲੋਂ ਜਾਰੀ ਕੀਤਾ ਲਿਟਰੇਚਰ ਵੇਖਿਆ ਹੈ। ਇਸ ਤੋਂ ਉਹ ਸੰਤੁਸ਼ਟ ਹਨ ਕਿ ਇਹ ਪਾਰਟੀ ਰਾਜਨੀਤਿਕ ਮਕਸਦਾਂ ਲਈ ਚਲਾਈ ਗਈ ਮੁਹਿੰਮ ਨਹੀਂ, ਸਗੋਂ ਇਹ ਲੋਕ ਭਾਰਤੀ ਨੌਜਵਾਨਾਂ ਦੇ ਭਵਿੱਖ ਪ੍ਰਤੀ ਸੱਚਮੁੱਚ ਚਿੰਤਤ ਹਨ। ਸੋਨਮ ਵਾਂਗਚੁਕ ਨੇ ਕਿਹਾ ਕਿ ਉਨ੍ਹਾਂ ਦੀ ਚਿੰਤਾ ਸਿਰਫ ਨੀਟ, ਕਿਊਇਟ ਜਾਂ ਸੀ.ਬੀ.ਐਸ.ਈ. ਦੇ ਇਮਤਿਹਾਨਾਂ ਤੱਕ ਸੀਮਤ ਨਹੀਂ ਹੈ, ਸਗੋਂ ਹਿੰਦੁਸਤਾਨ ਵਿੱਚ ਵਿੱਦਿਅਕ ਖੇਤਰ ਪ੍ਰਤੀ ਉਨ੍ਹਾਂ ਦੇ ਵਿਅਪਕ ਸਾਰੋਕਾਰ ਹਨ। ਵਿਦਿਅਕ ਖੇਤਰ ਵਿੱਚ ਆਪਣੇ 40 ਸਾਲਾਂ ਦੇ ਤਜਰਬੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਨੀਤੀ ਅਤੇ ਜ਼ਮੀਨੀ ਹਾਲਤਾਂ ਵਿਚਕਾਰ ਪਾੜਾ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਐਜੂਕੇਸ਼ਨ ਨੀਤੀ ਅਤੇ 2047 ਤੱਕ ਵਿਕਸਤ ਭਾਰਤ ਸਿਰਜਣ ਦੇ ਆਸੇ ਕਾਗਜ਼ਾਂ ਵਿੱਚ ਚੰਗੇ ਲਗਦੇ ਹਨ, ਪਰ ਇਨ੍ਹਾਂ ਨੂੰ ਜ਼ਮੀਨੀ ਤੌਰ ‘ਤੇ ਲਾਗੂ ਕਰਨਾ ਅਸਲ ਚੁਣੌਤੀ ਹੈ। ਵਾਂਗਚੁਕ ਦਾ ਆਖਣਾ ਹੈ ਕਿ ਭਾਰਤ ਦਾ ਭਵਿੱਖ ਨਿਰੇ ਵਾਅਦੇ ਅਤੇ ਨਾਅਰੇ ਨਹੀਂ ਤੈਅ ਕਰ ਸਕਦੇ। ਇਸ ਮਕਸਦ ਲਈ ਸਕੂਲਾਂ ਅਤੇ ਕਲਾਸਰੂਮਾਂ ਵਿੱਚ ਤਬਦੀਲੀ ਦਿਸਣੀ ਚਾਹੀਦੀ ਹੈ।
ਪੇਂਡੂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਅਸਲ ਹਾਲਤ ਦਾ ਜ਼ਿਕਰ ਕਰਦਿਆਂ ਸੋਨਮ ਵਾਂਗਚੁਕ ਨੇ ਕਿਹਾ ਕਿ ਆਪਣੇ ਵਿਦਿਅਕ ਪ੍ਰਬੰਧ ਵਿੱਚ ਡੂੰਘੀਆਂ ਸਮੱਸਿਆਵਾਂ ਦੇ ਹੁੰਦਿਆਂ ਕੀ ਭਾਰਤ ਸੱਚਮੁੱਚ ਆਪਣੇ ‘ਵਿਕਸਤ ਭਾਰਤ’ ਦੇ ਨਿਸ਼ਾਨੇ ਨੂੰ ਪਾ ਸਕਦਾ ਹੈ? ਸੋਨਮ ਵਾਂਗਚੁਕ ਨੇ ਕਿਹਾ ਕਿ ਵਿਕਾਸ ਗੱਲਾਂ-ਬਾਤਾਂ ਵਿੱਚ ਨਹੀਂ ਸਗੋਂ ਜ਼ਮੀਨ ‘ਤੇ ਠੋਸ ਰੂਪ ਵਿੱਚ ਦਿਸਣਾ ਚਾਹੀਦਾ ਹੈ।
ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਇੱਕ ਜਮਹੂਰੀ ਪ੍ਰਬੰਧ ਵਿੱਚ ਐਜੂਕੇਸ਼ਨ ਖੇਤਰ ਵਿੱਚ ਵਾਰ-ਵਾਰ ਵਿਖਾਈ ਦੇ ਰਹੀ ਗਿਰਾਵਟ ਨੂੰ ਖਤਮ ਕਰਨ ਲਈ ਜ਼ਿੰਮੇਵਾਰੀ ਜ਼ਰੂਰ ਤੈਅ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸਲ ਜਮਹੂਰੀ ਮੁਲਕਾਂ ਵਿੱਚ ਮੰਤਰੀ ਤੁਰੰਤ ਅਸਤੀਫੇ ਦੇ ਦੇਂਦੇ ਹਨ, ਜਦੋਂ ਉਨ੍ਹਾਂ ਦੇ ਅਧੀਨ ਕਿਸੇ ਮਹਿਕਮੇ ਵਿੱਚ ਗੰਭੀਰ ਗੜਬੜ ਸਾਹਮਣੇ ਆਉਂਦੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਸੋਨਮ ਵਾਂਗਚੁਕ ਨੇ ਲੱਦਾਖ ਵਿੱਚ ਵਾਤਾਵਰਨ ਦੀ ਰਾਖੀ ਅਤੇ ਸਸਤੀ ਵਿਦਿਆ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਲੰਮੀ ਘਾਲਣਾ ਘਾਲੀ ਹੈ। ਉਨ੍ਹਾਂ ਨੂੰ ਸਤੰਬਰ 2025 ਵਿੱਚ ਲੱਦਾਖ ਲਈ ਸਟੇਟ ਦਾ ਦਰਜਾ ਅਤੇ ਸੰਵਿਧਾਨਿਕ ਸੁਰੱਖਿਆ ਮੰਗਣ ‘ਤੇ ਨੈਸ਼ਨਲ ਸਿਕਿਉਰਿਟੀ ਐਕਟ (ਐਨ.ਐਸ.ਏ.) ਅਧੀਨ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਜੋਧਪੁਰ ਜੇਲ੍ਹ ਵਿੱਚ 170 ਦਿਨ ਦੀ ਨਜ਼ਰਬੰਦੀ ਤੋਂ ਬਾਅਦ ਸਰਕਾਰ ਨੇ ਆਪਸੀ ਗੱਲਬਾਤ ਲਈ ਮਾਹੌਲ ਤਿਆਰ ਕਰਨ ਵਾਸਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ। ਇੱਥੇ ਜ਼ਿਕਰਯੋਗ ਹੈ ਕਿ ਸੋਨਮ ਵਾਂਗਚੁਕ ਦਾ ਜਨਮ 1 ਸਤੰਬਰ 1966 ਨੂੰ ਲੱਦਾਖ ਵਿੱਚ ਹੋਇਆ। ਉਹ ‘ਸਟੂਡੈਂਟਸ ਐਜੂਕੇਸ਼ਨ ਐਂਡ ਕਲਚਰਲ ਮੂਵਮੈਂਟ’ ਲੱਦਾਖ ਦੇ ਫਾਊਂਡਰ ਡਇਰੈਕਟਰ ਹਨ। ਇਹ ਸੰਸਥਾ ਸੋਨਮ ਦੇ ਸ਼ਬਦਾਂ ਵਿੱਚ ਕੁਝ ਵਿਦਿਆਰਥੀਆਂ ਵੱਲੋਂ ਸ਼ਰੂ ਕੀਤੀ ਗਈ ਸੀ, ਜਿਹੜੇ ਉਨ੍ਹਾਂ ਉੱਤੇ ਲੱਦੇ ਗਏ ਪਰਾਏ ਵਿਦਿਅਕ ਪ੍ਰਬੰਧ ਤੋਂ ਦੁਖੀ ਸਨ। ਉਨ੍ਹਾਂ ਵੱਲੋਂ ਇੱਕ ਵਿਦਿਅਕ ਕੈਂਪਸ ਦੀ ਵੀ ਸਥਾਪਨਾ ਕੀਤੀ ਗਈ, ਜਿਹੜਾ ਪ੍ਰਦੂਸ਼ਣ ਫੈਲਾਉਣ ਵਾਲੀ ਊਰਜਾ ਦੀ ਥਾਂ ਸੋਲਰ ਊਰਜਾ ਨਾਲ ਚਲਦਾ ਹੈ। ਪੇਸ਼ੇ ਵਜੋਂ ਉਹ ਇੰਜੀਨੀਅਰ ਹਨ। ਮੌਸਮੀ ਤਬਦੀਲੀਆਂ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਵੱਲੋਂ ਬਣਾਏ ਗਏ ਬਰਫ ਦੇ ਸਤੂਪ ਵਿਸ਼ਵ ਪੱਧਰ ਉਪਰ ਸਲਾਹੇ ਗਏ ਹਨ। ਉਨ੍ਹਾਂ ਨੂੰ 2018 ਵਿੱਚ ਰੋਮਨ ਮੈਗਾਸਾਸੇ ਐਵਾਰਡ ਨਾਲ ਸਨਮਾਨਿਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਸ਼ੋਕਾ ਫੈਲੋਸ਼ਿਪ ਫਾਰ ਸੋਸ਼ਲ ਇੰਟਰਪਨਿਉਰਸ਼ਿਪ, ਰੀਅਲ ਹੀਰੋਜ਼ ਐਵਾਰਡ, ਰੋਲੈਕਸ ਐਵਾਰਡ ਫਾਰ ਇੰਟਰਪਨਿਉਰਸ਼ਿਪ, ਗਲੋਬਲ ਐਵਾਰਡ ਫਾਰ ਸਸਟੇਅਨਏਬਲ ਆਰਕੀਟੈਕਚਰ ਆਦਿ ਇਨਾਮਾਂ ਨਾਲ ਵੀ ਸਨਮਾਨਤ ਕੀਤਾ ਗਿਆ ਹੈ।
