ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਤਰਨਤਾਰਨ

ਅਧਿਆਤਮਕ ਰੰਗ

ਸੰਤੋਖ ਸਿੰਘ ਮੰਡੇਰ (ਸਰੀ, ਕੈਨੇਡਾ)
ਸ੍ਰੀ ਤਰਨਤਾਰਨ ਸਾਹਿਬ ਸਿੱਖ ਧਰਮ ਦਾ ਧਾਰਮਿਕ ਤੇ ਇਤਿਹਾਸਕ ਕਸਬਾ ਪੰਜਾਬ ਦੇ ਮਾਝਾ ਖੇਤਰ ਵਾਲੇ ਅੰਮ੍ਰਿਤਸਰ ਦੇ ਜੱਦੀ ਜ਼ਿਲ੍ਹੇ ਵਿੱਚ ਸਿੱਖਾਂ ਦੇ ਪੰਜਵੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1590 ਵਿੱਚ ਲੰਮੀ ਜਦੋ-ਜਹਿਦ ਤੇ ਮਿਹਨਤ ਨਾਲ ਆਬਾਦ ਕੀਤਾ ਸੀ| ਤਰਨਤਾਰਨ ਦੇ ਬਾਨੀ ‘ਅਰਜਨ ਦੇਵ’ ਦਾ ਜਨਮ ਸੰਨ 1563 ਵਿੱਚ ਗੋਇੰਦਵਾਲ ਸਾਹਿਬ ਵਿਖੇ ਹੋਇਆ, ਜੋ ਚੌਥੇ ਸਿੱਖ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ|

ਇਸ ਮੌਕੇ ਭਾਰਤ ਵਿੱਚ ਸੰਨ 1563 ਤੋਂ 1606 ਸਮੇਂ, ਫ਼ਰਜਾਨਾ (ਉਜਬੇਕਿਸਤਾਨ) ਦੇ ਤੁਰਕ ਮੁਗਲ ਬਾਦਸ਼ਾਹ ਜਹੀਰੂ-ਦੀਨ ਬਾਬਰ ਖਾਨਦਾਨ ਦੇ ਸਮਰਾਟ, ਜਲਾਲੂ ਦੀਨ-ਮੁਹੰਮਦ ਅਕਬਰ ਦੀ ਗਰੇਟ ਦਾ ਰਾਜ ਸੀ, ਜਿਸ ਨਾਲ ਸਿੱਖ ਗੁਰੂ ਅਰਜਨ ਦੇਵ ਦੇ ਸਬੰਧ ਬਹੁਤ ਮਿੱਤਰਤਾ ਵਾਲੇ ਤੇ ਘਰੇਲੂ ਸਨ| ਭਾਰਤ ਦਾ ਮੁਗਲ ਬਾਦਸ਼ਾਹ ‘ਅਕਬਰ ਮਹਾਨ’ ਸਮੇਂ ਸਮੇਂ ਸਿੱਖਾਂ ਦੇ ਮਹਾਨ ਲੰਗਰ ਵਿੱਚ ਬੈਠ ਕੇ ਸੰਗਤ ਨਾਲ ਭੋਜਨ ਛਕ ਜਾਂਦਾ ਤੇ ਦਸਵੰਧ ਦੀ ਸੇਵਾ ਵੀ ਕਰ ਜਾਂਦਾ ਸੀ| ਗੁਰੂ ਅਰਜਨ ਦੇਵ ਜੀ ਸੇਵਾ ਦੇ ਪੁੰਜ, ਤਰਨਤਾਰਨ ਦੇ ਨਿਰਮਾਤਾ ਨੂੰ, ਮੁਗਲ ਬਾਦਸ਼ਾਹ ਨੂਰ-ਊ-ਦੀਨ ਮੁਹੰਮਦ ਸਲੀਮ-ਜਹਾਂਗੀਰ ਨੇ ਲਾਹੌਰ ਵਿਖੇ, ਆਪਣੇ ਲਾਹੌਰ ਮੁਗਲ ਦਰਬਾਰ ਦੇ ਹਿੰਦੂ ਵਜੀਰ ‘ਚੰਦੂ ਸ਼ਾਹ’ ਨਾਲ ਜਾਤੀ ਮੱਤਭੇਦਾਂ ਕਰਕੇ ਦਰਿਆ ਰਾਵੀ ਦੇ ਕੰਢੇ, ਲਾਹੌਰ ਸ਼ਾਹੀ ਕਿਲੇ ਦੇ ਸਾਹਮਣੇ ਤਸੀਹੇ ਦੇ ਕੇ, 04 ਹਾੜ-17 ਜੂਨ ਸੰਨ 1606 ਨੂੰ ਤੱਤੀ ਤੱਵੀ ਉੱਪਰ ਬਿਠਾਲ ਕੇ, ਸਰੀਰ ਉਪਰ ਗਰਮ ਗਰਮ ਰੇਤ ਪਾ ਕੇ ਸ਼ਹੀਦ ਕਰਵਾ ਦਿੱਤਾ ਸੀ| ਭਾਰਤ ਦਾ ਮੁਗਲ ਬਾਦਸ਼ਾਹ ਜਹਾਂਗੀਰ ਆਪਣੀ ‘ਆਟੋਬਾਇਓਗ੍ਰਾਫੀ’ “ਤੁੱਜਕ-ਏ-ਜਹਾਂਗੀਰੀ” ਵਿੱਚ ਸ਼ੱਰੇਆਮ ਬਿਆਨ ਕਰਦਾ ਹੈ ਕਿ ਉਹ ਸਿੱਖਾਂ ਦੇ ਗੁਰੂ ਦਾ ਆਮ ਲੋਕਾਂ ਵਿੱਚ ਸ਼ਰਧਾ, ਭਾਵਨਾ ਤੇ ਸੇਵਾ ਦਾ ਵਧਦਾ ਪ੍ਰਭਾਵ ਸਹਿਣ ਨਾ ਕਰ ਸਕਿਆ| ਲਾਹੌਰ ਮੁਗਲ ਦਰਬਾਰ ਨੂੰ ਬੜਾ ਖਤਰਨਾਕ ਸਮਝਦੇ ਹੋਏ ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਖਤਮ ਕਰਨ ਦਾ ਫੈਸਲਾ ਲਿਆ ਸੀ|
ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ, ਲਾਹੌਰ ਵਿਖੇ ਉਨ੍ਹਾਂ ਦੇ ਸ਼ਹੀਦੀ ਅਸਥਾਨ ‘ਗੁਰਦਵਾਰਾ ਡੇਹਰਾ ਸਾਹਿਬ-ਲਾਹੌਰ’ ਅਤੇ ਹਰ ਸਾਲ ਭਾਰਤ ਤੇ ਸੰਸਾਰ ਭਰ ਦੇ ਸਿੱਖ ਗੁਰਦਵਾਰਾ ਸਾਹਿਬ ਅੰਦਰ ਜੂਨ ਮਹੀਨੇ ਦੇ ਗਰਮ ਮੌਸਮ ਵਿੱਚ ‘ਠੰਡੇ ਮਿੱਠੇ ਸ਼ਰਬਤ ਦੀਆਂ ਸ਼ਬੀਲਾਂ’ ਲਾਈਆਂ ਜਾਂਦੀਆਂ ਹਨ| ਮੇਰੀ ਸਰਕਾਰੀ ਨੌਕਰੀ ਸਮੇਂ ਪੰਜਾਬ ਦੇ ਗੁਰਦਵਾਰਾ ਫਤਿਹਗੜ ਸਾਹਿਬ ਵਿਖੇ ਮੈਂ ਤੇ ਮੇਰੇ ਭਣੋਈਆ ਹਰਜੀਤ ਸਰਾਉ ਨੇ ਠੰਡੇ ਮਿਠੇ ਸ਼ਰਬਤ ਦੀਆਂ ਕਈ ਸਾਲ ਸ਼ਬੀਲਾਂ ਲਾਈਆਂ| ਮੇਰੀ ਪਰਵਾਸੀ ਨੌਕਰੀ ਦੌਰਾਨ ਬਗਦਾਦ-ਇਰਾਕ ਵਿੱਚ ਵੀ ਮੈਂ ਕਈ ਸਾਲ ਭਿੰਡਰਾਂ ਵਾਲੇ ਸਰਦਾਰ ਸੋਹਣ ਸਿੰਘ ਬਾਸੀ ਦੀ ਨਾਮੀ ‘ਕੌਨਟੀਨੈਂਟਲ ਕਨਸ਼ਟਰਕਸ਼ਨ ਕੰਪਨੀ’ ਵੱਲੋਂ ਬਾਬਾ ਨਾਨਕ ਦਰਗਾਹ ‘ਗੁਰਦਵਾਰਾ ਗੁਰੂ ਨਾਨਕ ਦੇਵ ਜੀ-ਬਗਦਾਦ (ਇਰਾਕ) ਵਿਖੇ ਵੀ ਸੇਵਾ ਕੀਤੀ| ਤਰਨਤਾਰਨ ਵਿਖੇ ਗੁਰੂ ਅਰਜਨ ਦੇਵ ਜੀ ਨੇ ਕੋਹੜ ਰੋਗ ਦੇ ਮਰੀਜਾਂ ਦੀ ਦੇਖ-ਭਾਲ ਕਰਨ ਤੇ ਦਵਾ ਦਾਰੂ ਲਈ ਭਾਰਤ ਵਿੱਚ ਸਭ ਤੋਂ ਪਹਿਲਾਂ ਉਪਰਾਲਾ ਕੀਤਾ ਸੀ| ਮੰਨਿਆ ਜਾਂਦਾ ਹੈ ਕਿ ਤਰਨਤਾਰਨ ਦੀ ਮੱਸਿਆ ਸਮੇਂ ਦਰਬਾਰ ਸਾਹਿਬ ਦੇ ਪਵਿਤਰ ਸਰੋਵਰ ਵਿੱਚ ਜਲ ਇਸ਼ਨਾਨ ਕਰਨ ਨਾਲ ਕੋਹੜ ਰੋਗ (ਲੈਪਰੋਸੀ) ਤੋ ਛੁਟਕਾਰਾ ਹੋ ਜਾਂਦਾ ਹੈ|
ਪੰਜਾਬ ਵਿੱਚ ਸਿੱਖ ਮਿਸਲਾਂ ਤੇ ਮਿਸਲਦਾਰਾਂ ਦੇ ਰਾਜ ਸਮੇਂ ਵੀ ਤਹਿਸੀਲ ਤਰਨਤਾਰਨ ਦੇ ਸਿੱਖ ਜੰਗਜੂ ਯੋਧਿਆਂ ਦੇ ਘੋੜੇ ਦੁਸ਼ਮਣਾਂ ਦੀ ਨੀਂਦ ਹਰਾਮ ਕਰ ਦਿੰਦੇ ਸਨ| ਸੰਨ 1947 ਵਿੱਚ ਭਾਰਤ-ਪੰਜਾਬ ਦੀ ਵੰਡ ਸਮੇਂ ਤਰਨਤਾਰਨ ਪੰਜਾਬ ਦੇ ਮਾਝਾ ਖੇਤਰ ਵਿੱਚ ਪੰਜਾਬ ਦੇ ਪੁਰਾਤਨ ਜ਼ਿਲ੍ਹਾ ਅੰਮ੍ਰਿਤਸਰ ਦੀ ਇੱਕ ‘ਘੈਂਟ’ ਤਹਿਸੀਲ ਸੀ, ਜਿਸ ਨੂੰ ਸੰਨ 2006 ਵਿੱਚ ਪੰਜਾਬ ਸਰਕਾਰ ਦੇ 15ਵੇਂ ਮੁੱਖ ਮੰਤਰੀ, ਪਟਿਆਲਾ ਰਿਆਸਤ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਵਜਾਰਤ ਸਮੇਂ ‘ਗੁਰੂ ਅਰਜਨ ਦੇਵ ਜੀ ਦੀ 400 ਸਾਲਾ ਸ਼ਹੀਦੀ ਨੂੰ ਸਮਰਪਿਤ’ ਨਵਾਂ ‘ਜ਼ਿਲ੍ਹਾ ਤਰਨਤਾਰਨ’ ਬਣਾ ਦਿੱਤਾ|
ਪੰਜਾਬੀ ਲੋਕ ਗਾਥਾਵਾਂ ਵਿੱਚ ਮਾਝਾ ਖੇਤਰ ਦੋ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਕਿਹਾ ਜਾਂਦਾ ਹੈ, ਜਿਵੇਂ ਦਰਿਆ ਬਿਆਸ ਤੇ ਰਾਵੀ ਦਾ ਖੇਤਰ ਹੈ| ਦਰਿਆ ਰਾਵੀ ਭਾਰਤੀ ਸੂਬੇ ਹਿਮਾਚਲ ਪ੍ਰਦੇਸ ਦੇ ਕਾਂਗੜਾ ਜ਼ਿਲ੍ਹੇ ਵਿੱਚ ‘ਹਨੂਮਾਨ ਟਿੱਬਾ’ ਦੇ ਬਾਰਾ ਭੰਗਲ ਦੇ ਸਥਾਨ ਤੋਂ ਚੱਲ ਕੇ 720 ਕਿਲੋਮੀਟਰ ਦਾ ‘ਪਾਣੀ ਸਫਰ’ ਤੈਅ ਕਰਕੇ ਪਾਕਿਸਤਾਨ ਪੰਜਾਬ ਵਿੱਚ ‘ਸਰਾਏ ਸਿੱਧੂ’ ਦੇ ਸਥਾਨ ਕੋਲ ਦਰਿਆ ਚਨਾਬ ਵਿੱਚ ਮਿਲ ਜਾਂਦਾ ਹੈ| ਦਰਿਆ ਰਾਵੀ, ਪਠਾਨਕੋਟ ਲਾਗੇ ਮਾਧੋਪੁਰ ਦੇ ਸਥਾਨ ਤੋਂ ਡੇਰਾ ਬਾਬਾ ਨਾਨਕ, ਕਰਤਾਰਪੁਰ ਸਾਹਿਬ ਹੁੰਦਾ ਹੋਇਆ ਭਾਰਤ ਪਾਕਿਸਤਾਨ ਦਾ 80 ਕਿਲੋਮੀਟਰ ਬਾਰਡਰ ਬਣ ਕੇ ਸ਼ਾਹਦਰਾ-ਲਾਹੌਰ ਸ਼ਹਿਰ ਦੇ ਪੈਰਾਂ ਵਿੱਚ ਦੀ ਲੰਘਦਾ ਹੈ|
‘ਮਾਝਾ ਖੇਤਰ’ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ‘ਮਝੈਲ’ ਸੱਦੀਦਾ ਹੈ, ਜੋ ਹਰ ਗੱਲ ਨਾਲ ‘ਭਾਊ’, ‘ਇਤਰਾਂ’, ‘ਉਤਰਾਂ’, ‘ਘੱਤ ਲਿਆ’ ਆਦਿ ਸ਼Lਬਦਾਂ ਦੀ ਅਕਸਰ ਵਰਤੋ ਕਰਦੇ ਹਨ| ਭਾਰਤੀ ਪੰਜਾਬ, ਪੂਰਬੀ ਪੰਜਾਬ ਜਾਂ ਚੜ੍ਹਦਾ ਪੰਜਾਬ ਦੇ ‘ਮਾਝਾ ਖੇਤਰ’ ਵਿੱਚ ਹੁਣ ਚਾਰ ਜ਼ਿਲ੍ਹੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਤੇ ਪਠਾਨਕੋਟ ਹਨ| ਇਸ ਖਿੱਤੇ ਨੂੰ ‘ਪੰਥਕ ਬੈਲਟ’ ਵੀ ਕਿਹਾ ਜਾਂਦਾ ਹੈ, ਜੋ ਸਿੱਖ ਧਰਮ ਦੀ ਜਨਮ ਭੂਮੀ ਤੇ ਕਰਮ ਭੂਮੀ ਵਜੋਂ ਮਸ਼ਹੂਰ ਹੈ| ਸਾਂਝੇ ਪੰਜਾਬ ਸਮੇਂ ਅੰਗਰੇਜ ਸਰਕਾਰ ਨੇ ਸਾਰੇ ਪੰਜਾਬ ਨੰ ਪੰਜ ਡਵੀਜ਼ਨਾਂ- ਲਾਹੌਰ, ਜਲੰਧਰ, ਮੁਲਤਾਨ, ਰਾਵਲਪਿੰਡੀ ਤੇ ਅੰਬਾਲਾ ਵਿੱਚ ਵੰਡ ਰੱਖਿਆ ਸੀ, ਜਿਸ ਵਿੱਚੋਂ ਜਲੰਧਰ ਡਵੀਜ਼ਨ, ਅੰਬਾਲਾ ਡਵੀਜ਼ਨ ਤੇ ਲਾਹੌਰ ਡਵੀਜ਼ਨ ਦੇ ਦੋ ਜ਼ਿਲ੍ਹੇ ਪੂਰਬੀ ਪੰਜਾਬ ਦੇ ਹਿਸੇ ਆਏ ਸਨ| ਮਾਝਾ ਖੇਤਰ ਦੀ ਲਾਹੌਰ ਡਵੀਜ਼ਨ ਵਿੱਚ ਲਾਹੌਰ, ਗੁਰਦਾਸਪੁਰ ਤੇ ਅੰਮ੍ਰਿਤਸਰ ਸਿਰਫ ਤਿੰਨ ਜ਼ਿਲ੍ਹੇ ਸਨ| ਪਾਕਿਸਤਾਨੀ ਪੰਜਾਬ, ਪੱਛਮੀ ਪੰਜਾਬ ਜਾਂ ਲਹਿੰਦੇ ਪੰਜਾਬ ਵਿੱਚ ‘ਮਾਝਾ ਖੇਤਰ’ ਦਾ ਸਿਰਫ ਇੱਕ ਲਾਹੌਰ ਜ਼ਿਲ੍ਹਾ ਹੀ ਸੀ, ਜਿਸ ਵਿੱਚੋਂ ਇੱਕ ‘ਕਸੂਰ’ ਨਵਾਂ ਜ਼ਿਲ੍ਹਾ ਬਣਿਆ ਹੈ, ਪਰ ਲਾਹੌਰ ਡਵੀਜ਼ਨ ਵਿੱਚ ਸੇਖੂਪੁਰਾ ਤੇ ਨਨਕਾਣਾ ਸਾਹਿਬ ਦੋ ਜ਼ਿਲ੍ਹੇ ਨਵੇਂ ਵੀ ਸ਼ਾਮਲ ਹਨ, ਜਦੋਂ ਕਿ ਭਾਰਤੀ ਪੰਜਾਬ ਦੇ ਮਾਝਾ ਰੀਜਨ ਵਿੱਚ ਦੋ ਨਵੇਂ ਜ਼ਿਲ੍ਹੇ ਤਰਨਤਾਰਨ ਤੇ ਪਠਾਨਕੋਟ ਬਣ ਗਏ|
ਭਾਰਤੀ ਪੰਜਾਬ ਦੇ ‘ਸਿੱਖ ਮਝੈਲ’ ਬੜੇ ਅੱਖੜ, ਅਣਖੀਲੇ ਤੇ ਧਾਰਮਿਕ ਹਨ, ਜੋ ਆਪਣੇ ਧਾਰਮਿਕ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’ ਦੀ ਇਬਾਦਤ ਕਰਦੇ ਹਨ, ਜਦੋਂ ਕਿ ਪਾਕਿਸਤਾਨੀ ਪੰਜਾਬ ਵਿੱਚ ਰਾਵੀ ਦਰਿਆ ਦੇ ਕੰਢੇ ਵਾਲੇ ‘ਮੁਸਲਮਾਨ ਮਝੈਲ’ ਦੇਸੀ ਦਾਰੂ ਕੱਢਣ ਤੇ ਪੀਣ ਦੇ ਨਾਲ ਨਾਲ ‘ਪਿਸ਼ਾਵਰੀ ਅਸਲੇ ਦਾ ਫਾਇਰ’ ਕਰਨ ਦੇ ਵੀ ਪੂਰੇ ਸ਼ੌਕੀਨ ਹਨ| ਮਝੈਲਾਂ ਦੀ ਬੋਲੀ ਵਿੱਚ ਬਾਰਡਰ ਦੇ ਦੋਨੇ ਪਾਸੇ ਇੱਕੋ ਜਿਹਾ ਲਹਿਜਾ ਹੈ, ਰਤਾ ਵੀ ਫਰਕ ਨਹੀਂ ਹੈ| ਬਾਰਡਰ ਦੇ ਇੱਧਰ ਮਾਝਾ ਬੈਲਟ-ਬੇਟ ਦੇ ਇਲਾਕੇ ਵਿੱਚ ਸਿੱਖ ਮਝੈਲ ‘ਤਰਨਤਾਰਨ ਦੀ ਮੱਸਿਆ’ ਵੇਲੇ ਸਿੱਖਾਂ ਦੇ ਪਿੰਡਾਂ ਦੇ ਪਿੰਡ ਚਿੱਟੇ ਕੁੱੜਤੇ ਪੰਜਾਮੇ ਪਾ ਕੇ, ਖੱਟੀਆਂ ਪੀਲੀਆਂ ਪੱਗਾਂ ਬੰਨ ਕੇ ਦਰਬਾਰ ਸਾਹਿਬ-ਤਰਨਤਾਰਨ ਪੂਰੀ ਸ਼ਰਧਾ ਨਾਲ ਦਰਸ਼ਨ ਦਿੰਦੇ ਹਨ| ਬਾਰਡਰ ਦੇ ਉਧਰ ਮੁਸਲਮਾਨ ਮਝੈਲ, ਕਸੂਰ ਬਾਬਾ ਬੁੱਲੇ ਸ਼ਾਹ ਦੀ ਮਜਾਰ ਉਪਰ ਮਾਵੇ ਵਾਲੇ ਚਿੱਟੇ ਸਲਵਾਰ-ਕਮੀਜ ਨਾਲ ਸਿਰ ਉਪੱਰ ਚਿੱਟਾ ਪੱਗੜ ਲਪੇਟ ਕੇ ‘ਕੁਰਾਨ ਸ਼ਰੀਫ’ ਦੀਆਂ ਆਇਤਾਂ ਪੜ੍ਹਦੇ ਹਨ| ਲਾਹੌਰੀ ਮੁਸਲਮਾਨ ਮਝੈਲਾਂ ਦੇ ਪਿੰਡਾਂ ਦੇ ਪਿੰਡ ‘ਬਸੰਤ ਫੈਸਟੀਵਲ’ ਮੇਲਾ ਚਿਰਾਗਾਂ ਤੇ ‘ਜਸ਼ਨੇ ਬਹਾਰਾਂ’ ਵਿੱਚ ਪੂਰੀਆਂ ਰੌਣਕਾਂ ਲਾਉਂਦੇ ਹਨ|
ਤਰਨਤਾਰਨ ਜ਼ਿਲ੍ਹੇ ਦਾ ਏਰੀਆ 2414 ਸਿਕੁਏਅਰ ਕਿਲੋਮੀਟਰ ਦੇ ਲਗਭਗ ਹੈ| ਇਸ ਜ਼ਿਲ੍ਹੇ ਦਾ ਪੋਸਟਲ ਪਿੰਨ ਕੋਡ 143401 ਤੇ ਕਾਰਾਂ, ਮੋਟਰਾਂ ਤੇ ਟਰੱਕਾਂ ਦੀ ਨੰਬਰ ਪਲੇਟ ਪੀ ਬੀ-46 ਹੈ| ਤਰਨਤਾਰਨ ਜ਼ਿਲ੍ਹੇ ਵਿੱਚ ਪੱਟੀ, ਖਡੂਰ ਸਾਹਿਬ, ਭੀਖੀਵਿੰਡ, ਝਬਾਲ ਕਲਾਂ, ਚੋਲਾ ਸਾਹਿਬ, ਖੇਮਕਰਨ, ਕੈਰੋਂ, ਫਤਿਆਬਾਦ, ਛਿਛਰੇਵਾਲ, ਦਿਲਾਵਲਪੁਰ, ਕੱਲਾ, ਖਾਲੜਾ, ਸਰਹਾਲੀ, ਸੁਰ ਸਿੰਘ ਆਦਿ ਵੱਡੇ ਨਗਰ ਹਨ| ਸਿੱਖ ਗੁਰਦਵਾਰਾ ਸਾਹਿਬ ਤਰਨਤਾਰਨ, ਦਰਬਾਰ ਸਾਹਿਬ-ਗੋਲਡਨ ਟੈਂਪਲ ਸ੍ਰੀ ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੱਖਣ ਵੱਲ ਨੂੰ ਹੈ| ਤਰਨਤਾਰਨ ਦਰਬਾਰ ਸਾਹਿਬ ਦੀ ਇਮਾਰਤ, ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨਾਲ ਬਹੁਤ ਮਿਲਦੀ-ਜੁਲਦੀ ਹੈ, ਪਰ ਸਰੋਵਰ ਸਾਹਿਬ ਸਭ ਨਾਲੋਂ ਵੱਡਾ ਹੈ| ਤਰਨਤਾਰਨ ਜਿਲਾ ਪੱਛਮ ਵੱਲ ਬਾਰਡਰ ਪਾਕਿਸਤਾਨ ਲੱਗਦਾ ਹੈ, ਉਤਰ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਤੇ ਦੱਖਣ ਵੱਲ ਕਪੂਰਥਲਾ ਤੇ ਫਿਰੋਜਪੁਰ ਜ਼ਿਲ੍ਹੇ ਲੱਗਦੇ ਹਨ|
ਤਰਨਤਾਰਨ ਤਹਿਸੀਲ ਦੇ ਪਹਿਲਵਾਨ ਬੜੇ ਨਾਮਵਰ ਸਨ, ਜਿਨ੍ਹਾਂ ਵਿੱਚ ਪਦਮਸ੍ਰੀ ਕਰਤਾਰ ਸਿੰਘ ਢਿੱਲੋਂ-ਆਈ.ਜੀ. ਪੰਜਾਬ ਪੁਲਿਸ, ਜੱਸਾ ਪੱਟੀ, ਬੰਬਈ ਵਾਲੇ ਕੰਵਰਜੀਤ ਸੰਧੂ-ਨੌਸ਼ਹਿਰਾ ਢਾਲਾ| ਪੰਜਾਬ ਦੇ ਦਲੇਰ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਅਮਰੀਕਾ ਦੇ ਪੜ੍ਹੇ ਲਿਖੇ ਵੀ ਤਰਨਤਾਰਨ ਤਹਿਸੀਲ ਦੇ ‘ਪਿੰਡ ਕੈਰੋਂ’ ਦੇ ਨਾਮੀ ਜਾਗੀਰਦਾਰ ਸਨ| ਸੰਨ 1947 ਸਮੇਂ ਭਾਰਤ ਦੀ ਵੰਡ ਵੇਲੇ ਜਦੋਂ ਸਿੱਖਾਂ ਨੇ ਅੰਗਰੇਜਾਂ ਕੋਲੋਂ ਵੱਖਰੀ ‘ਸਿੱਖ ਸਟੇਟ’ ਦੀ ਮੰਗ ਕੀਤੀ, ਉਸ ਸਮੇਂ ਪੂਰੇ ਪੰਜਾਬ ਵਿੱਚ ਸਿਰਫ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਤਰਨਤਾਰਨ ਵਿੱਚ ਹੀ ਸਿੱਖ ਬਹੁਮੱਤ ਵਿੱਚ ਸਨ| ਅੰਗਰੇਜ ਹਕੂਮਤ ਤੋਂ ਪਹਿਲਾਂ ਸੰਨ 1799 ਤੋਂ 1840 ਤੱਕ ਗੁੱਜਰਾਂਵਾਲੇ ਦੀ ਸੁਕਰਚੱਕੀਆਂ ਮਿਸਲ ਦੇ ਘੱਟ ਗਿਣਤੀ ਮਝੈਲ ਸਿੱਖ ਸਰਦਾਰਾਂ ਨੇ 50 ਸਾਲ ਪੂਰੇ ਪੰਜਾਬ ਉਪਰ ਦੱਰਾ ਖੈਬਰ ਤੋਂ ਸਤਲੁਜ ਤੇ ਕਸ਼ਮੀਰ ਤੋਂ ਸਿੰਧ ਤੱਕ ਸਿੱਖ ਮਹਾਰਾਜਾ ਰਣਜੀਤ ਸਿੰਘ-ਸ਼ੇਰੇ ਪੰਜਾਬ ਨੇ ਰਾਜ ਕੀਤਾ ਸੀ| ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ਉਪਰ ਹਮਲਿਆਂ ਸਮੇਂ ਵੀ ਤਰਨਤਾਰਨ ਦੇ ਢਿੱਲੋ-ਭੰਗੀ ਮਿਸਲਦਾਰ ਸਿੱਖ ਸਰਦਾਰਾਂ- ਲਹਿਣਾ ਸਿੰਘ, ਗੁੱਜਰ ਸਿੰਘ ਤੇ ਸੋਭਾ ਸਿੰਘ ਨੇ ਸੰਨ 1765 ਤੋਂ 1799 ਤੱਕ 34 ਸਾਲ ਲਾਹੌਰ ਵਿੱਚ ‘ਚਿੜੀ ਨ੍ਹੀਂ ਫਟਕਣ’ ਦਿੱਤੀ ਸੀ| ਮਾਝਾ ਖੇਤਰ ਵਿੱਚ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ-ਗੋਲਡਨ ਟੈਂਪਲ ਦੀ ਨੀਂਹ ਰੱਖੀ ਸੀ| ਸਿੱਖਾਂ ਦੇ ਪੰਜਵੇਂ ਗੁਰੂ ‘ਗੁਰੂ ਅਰਜਨ ਦੇਵ ਜੀ’ ਦੇ ਵਰੋਸਾਏ ਸਿੱਖਾਂ ਦੇ ਇਸ ਧਾਰਮਿਕ ਸਥਾਨ ਤਰਨਤਾਰਨ ਦਰਬਾਰ ਸਾਹਿਬ ਦਾ ਸਰੋਵਰ 16 ਤੋਂ 16:5 ਏਕੜ ਵਿੱਚ ਹੈ, ਜੋ ਸਿੱਖਾਂ ਦੇ ਧਾਰਮਿਕ ਸਥਾਨਾਂ ਵਿੱਚ ਸਭ ਤੋਂ ਵੱਡਾ ਹੈ|

Leave a Reply

Your email address will not be published. Required fields are marked *