ਜੰਗ ਦੇ ਸ਼ਿਕਾਰ ਬੱਚਿਆਂ ਦੀ ਹੋਣੀ

ਆਮ-ਖਾਸ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਮਹਾਤਮਾ ਗਾਂਧੀ ਨੇ ਜੰਗ ਅਤੇ ਅਮਨ ਦੀ ਗੱਲ ਕਰਦਿਆਂ ਕਿਹਾ ਸੀ, “ਜੇਕਰ ਅਸੀਂ ਦੁਨੀਆਂ ਵਿੱਚ ਅਸਲ ਸ਼ਾਂਤੀ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਗੱਲ ਬੱਚਿਆਂ ਤੋਂ ਸ਼ੁਰੂ ਕਰਨੀ ਪਏਗੀ।” ਇਸੇ ਤਰ੍ਹਾਂ ਜੰਗ ਜਾਂ ਹਥਿਆਰਬੰਦ ਵਿਦਰੋਹ ਦੇ ਸ਼ਿਕਾਰ ਬਣਨ ਵਾਲੇ ਮਾਸੂਮ ਬੱਚਿਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਹੋਇਆਂ ਓਲਾਰਾ ਓਟੁਨੂ ਨੇ ਕਿਹਾ ਸੀ, “ਬੱਚਿਆਂ ਨੂੰ ਧੱਕੇ ਨਾਲ ਜੰਗ ਦੇ ਇਸ ਤਰ੍ਹਾਂ ਦੇ ਮੋਹਰੇ ਬਣਾ ਕੇ ਵਰਤਿਆ ਜਾ ਰਿਹਾ ਹੈ ਕਿ ਉਹ ਜਾਂ ਤਾਂ ਖ਼ੁਦ ਨੂੰ ਖ਼ਤਮ ਕਰ ਲੈਣ ਜਾਂ ਫਿਰ ਦੂਜਿਆਂ ਨੂੰ ਮਾਰ ਦੇਣ। ਵੱਡਿਆਂ ਦੇ ਮਨ ਵਿੱਚ ਪਨਪ ਰਹੀ ਨਫ਼ਰਤ ਨੂੰ ਪ੍ਰਗਟ ਕਰਨ ਖ਼ਾਤਿਰ ਬਾਲ ਸੈਨਿਕਾਂ ਨੂੰ ਜ਼ਬਰਦਸਤੀ ਹਿੰਸਕ ਪ੍ਰਗਟਾਵਾ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।”

ਇਹ ਦੁੱਖ ਦੀ ਗੱਲ ਹੈ ਕਿ ਬੱਚਿਆਂ ਨੂੰ ਜੰਗ ਵਿੱਚ ਮੋਹਰੇ ਬਣਾ ਕੇ ਵਰਤਣ ਅਤੇ ਉਨ੍ਹਾਂ ਦੀਆਂ ਮਾਸੂਮ ਜਿੰਦਾਂ ਨੂੰ ਦਾਅ ’ਤੇ ਲਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਬੱਚਿਆਂ ਦੇ ਸਕੂਲਾਂ ਅਤੇ ਹਸਪਤਾਲਾਂ ’ਤੇ ਬੰਬਾਰੀ ਕੀਤੀ ਜਾਂਦੀ ਹੈ ਤੇ ਕਈ ਥਾਂਈਂ ਬੱਚਿਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਸ਼ਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਚੇਤੇ ਰਹੇ, ਅਮਰੀਕਾ, ਇਜ਼ਰਾਈਲ ਅਤੇ ਈਰਾਨ ਦਰਮਿਆਨ ਚੱਲ ਰਹੀ ਵਰਤਮਾਨ ਜੰਗ ਦੌਰਾਨ ਹੁਣ ਤੱਕ 376 ਮਾਸੂਮ ਬੱਚੇ ਆਪਣੀਆਂ ਜਾਨਾਂ ਗੁਆ ਬੈਠੇ ਹਨ, ਜਿਨ੍ਹਾਂ ਵਿੱਚੋਂ 120 ਬੱਚੇ ਤਾਂ ਇੱਕੋ ਸਕੂਲ ਨਾਲ ਸਬੰਧਿਤ ਹਨ। ਬੱਚਿਆਂ ਦੀ ਇਸ ਤਰ੍ਹਾਂ ਦੀ ਕਤਲੋਗ਼ਾਰਤ ਪੂਰੀ ਤਰ੍ਹਾਂ ਗ਼ੈਰ-ਵਾਜਿਬ ਅਤੇ ਨਿੰਦਣਯੋਗ ਹੈ।
ਇਹ ਗੱਲ ਸ਼ੀਸ਼ੇ ਵਾਂਗ ਸਾਫ਼ ਹੈ ਕਿ ਜੰਗ ਚਾਹੇ ਦੋ ਮੁਲਕਾਂ ਦਰਮਿਆਨ ਹੋਵੇ ਤੇ ਚਾਹੇ ਦੋ ਤੋਂ ਵੱਧ ਮੁਲਕਾਂ ਵਿਚਕਾਰ, ਇਹ ਤਬਾਹੀ ਤੇ ਬਰਬਾਦੀ ਤੋਂ ਇਲਾਵਾ ਕੁਝ ਵੀ ਨਹੀਂ ਦੇ ਕੇ ਜਾਂਦੀ ਹੈ। ਰੂਸ-ਯੂਕਰੇਨ ਤੇ ਅਮਰੀਕਾ-ਈਰਾਨ ਦਰਮਿਆਨ ਚੱਲ ਰਹੀ ਜੰਗ ਅਤੇ ਇਜ਼ਰਾਈਲ-ਫ਼ਲਸਤੀਨ ਤੇ ਈਰਾਨ-ਇਰਾਕ ਦਰਮਿਆਨ ਲੰਮਾ ਸਮਾਂ ਚੱਲੀ ਜੰਗ ਨੇ ਹਰ ਪਾਸੇ ਬਸ ਸੱਥਰ ਹੀ ਵਿਛਾਏ ਹਨ; ਇਨ੍ਹਾਂ ਜੰਗਾਂ ਦਾ ਸਭ ਤੋਂ ਵੱਧ ਖ਼ਮਿਆਜ਼ਾ ਸਬੰਧਿਤ ਖੇਤਰਾਂ ਜਾਂ ਮੁਲਕਾਂ ਵਿੱਚ ਵੱਸਦੇ ਬੱਚਿਆਂ ਨੂੰ ਵੀ ਭੁਗਤਣਾ ਪਿਆ ਹੈ। ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਂਜਲੀਨਾ ਜੌਲੀ ਨੇ ਇੱਕ ਵਾਰ ਕਿਹਾ ਸੀ, “ਸੰਸਾਰ ਵਿੱਚ 2 ਕਰੋੜ ਤੋਂ ਵੱਧ ਬੱਚੇ ਜੰਗ ਕਰਕੇ ਲੰਮੇ ਸਮੇਂ ਤੋਂ ਸਕੂਲਾਂ ਤੋਂ ਬਾਹਰ ਨੇ। ਉਹ ਵਿੱਦਿਆ ਨੂੰ ਸ਼ਾਇਦ ਪੂਰੀ ਤਰ੍ਹਾਂ ਭੁੱਲ ਹੀ ਗਏ ਹਨ।”
ਫ਼ਰਵਰੀ 2025 ਵਿੱਚ ਜਾਰੀ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿੱਚ 52 ਕਰੋੜ ਬੱਚੇ ਭਾਵ ਹਰੇਕ ਪੰਜ ਵਿੱਚੋਂ ਇੱਕ ਬੱਚਾ ਜੰਗ ਜਾਂ ਜੰਗ ਵਰਗੇ ਹਾਲਾਤਾਂ ਜਾਂ ਅਤਿਵਾਦ ਵਾਲੇ ਮੁਲਕਾਂ ਵਿੱਚ ਰਹਿ ਰਿਹਾ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਸੰਖਿਆ 17.9 ਕਰੋੜ ਉਨ੍ਹਾਂ ਬੱਚਿਆਂ ਦੀ ਹੈ, ਜੋ ਅਫ਼ਰੀਕੀ ਖੇਤਰ ਵਿੱਚ ਰਹਿ ਰਹੇ ਸਨ ਤੇ ਮੱਧ-ਪੂਰਬ ਦੇ ਮੁਲਕਾਂ ਵਿੱਚ ਜੰਗ ਜਾਂ ਅਤਿਵਾਦ ਦਾ ਸੰਤਾਪ ਹੰਢਾਉਂਦੇ ਬੱਚਿਆਂ ਦੀ ਸੰਖਿਆ 40 ਫ਼ੀਸਦੀ ਦੇ ਕਰੀਬ ਹੈ। ਲਗਪਗ 10 ਕਰੋੜ ਬੱਚੇ ਜੰਗ ਨਾਲ ਗ੍ਰਸਤ ਉਨ੍ਹਾਂ ਖਿੱਤਿਆਂ ਵਿੱਚ ਵੱਸਦੇ ਹਨ, ਜਿਨ੍ਹਾਂ ਖਿੱਤਿਆਂ ਵਿੱਚ 50 ਕਿਲੋਮੀਟਰ ਦੇ ਦਾਇਰੇ ਵਿਚ 100 ਤੋਂ ਵੱਧ ਜਾਨਾਂ ਹਰ ਰੋਜ਼ ਜਾਂਦੀਆਂ ਹਨ।
ਸਾਲ 2019 ਦੇ ਅੰਕੜਿਆਂ ਵਿੱਚ ਦੱਸਿਆ ਗਿਆ ਸੀ ਕਿ 0 ਤੋਂ 5 ਸਾਲ ਦੀ ਉਮਰ ਦੇ 7.1 ਕਰੋੜ ਬੱਚੇ ਅਜਿਹੇ ਸਨ, ਜਿਨ੍ਹਾਂ ਨੇ ਜੰਗ ਦੇ ਫੱਟ ਝੱਲੇ ਸਨ ਤੇ ਸੰਭਾਵਨਾ ਸੀ ਕਿ ਉਨ੍ਹਾਂ ਨੂੰ ਸਾਰੀ ਉਮਰ ਹੀ ਜੰਗ ਦਾ ਸੰਤਾਪ ਹੰਢਾਉਣਾ ਪੈਣਾ ਸੀ, ਕਿਉਂਕਿ ਉਨ੍ਹਾਂ ਨਾਲ ਸਬੰਧਿਤ ਖੇਤਰਾਂ ਵਿੱਚ ਜੰਗਬੰਦੀ ਜਾਂ ਸ਼ਾਂਤੀ ਕਦੇ ਨਹੀਂ ਹੋਣੀ ਸੀ।
ਸਾਲ 2005 ਤੋਂ 2025 ਤੱਕ ਦੇ ਅੰਕੜੇ ਦੱਸਦੇ ਹਨ ਕਿ ਜੰਗਾਂ ਕਰਕੇ 1,20,000 ਬੱਚੇ ਮਾਰੇ ਗਏ ਸਨ ਅਤੇ 5 ਕਰੋੜ ਬੱਚੇ ਬੇਘਰ ਹੋ ਗਏ ਸਨ। ਇੱਥੇ ਹੀ ਬਸ ਨਹੀਂ! ਸੰਯੁਕਤ ਰਾਸ਼ਟਰ ਸੰਘ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਉਕਤ ਸਮਾਂ-ਅਵਧੀ ਦੌਰਾਨ 1,20,000 ਬੱਚਿਆਂ ਨੂੰ ਹਥਿਆਰਬੰਦ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਨੇ ਭਰਤੀ ਕੀਤਾ ਸੀ ਤੇ ਸਾਲ 2016 ਤੋਂ 2020 ਦੇ ਦਰਮਿਆਨ ਇਹ ਦਰ 8756 ਬੱਚੇ ਪ੍ਰਤੀ ਸਾਲ ਰਹੀ ਸੀ। ਸਾਲ 2005 ਤੋਂ 2022 ਤੱਕ 32,500 ਬੱਚੇ ਅਗਵਾ ਕਰ ਲਏ ਗਏ ਸਨ ਤੇ ਸਾਲ 2016 ਤੋਂ 2020 ਤੱਕ ਇਹ ਸੰਖਿਆ 2414 ਬੱਚੇ ਪ੍ਰਤੀ ਸਾਲ ਰਹੀ ਸੀ। ਇਸਦੇ ਨਾਲ ਹੀ 15 ਹਜ਼ਾਰ ਦੇ ਕਰੀਬ ਬੱਚਿਆਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਗਿਆ ਸੀ, ਜਿਨ੍ਹਾਂ ਦੀ ਦਰ 890 ਬੱਚੇ ਪ੍ਰਤੀ ਸਾਲ ਰਹੀ ਸੀ; ਜਦੋਂ ਕਿ ਸਿਰਫ ਸਾਲ 2020 ਵਿੱਚ ਸਰੀਰਕ ਸ਼ੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਸੰਖਿਆ 1268 ਸੀ। ਇੱਥੇ ਹੀ ਬਸ ਨਹੀਂ! ਸਾਲ 2005 ਤੋਂ ਬਾਅਦ 14 ਹਜ਼ਾਰ ਤੋਂ ਵੱਧ ਹਸਪਤਾਲਾਂ ਤੇ ਸਕੂਲਾਂ ’ਤੇ ਹਮਲੇ ਕੀਤੇ ਗਏ ਸਨ ਅਤੇ ਬੱਚਿਆਂ ਦੀ ਸਿਹਤ ਤੇ ਪੜ੍ਹਾਈ ਦਾ ਵੱਡਾ ਨੁਕਸਾਨ ਕੀਤਾ ਗਿਆ ਸੀ।
ਪ੍ਰਸਿੱਧ ਹਸਤੀ ਸੋਫ਼ੀਆ ਲੌਰੇਨ ਨੇ ਜੰਗ ਦੇ ਸ਼ਿਕਾਰ ਬੱਚਿਆਂ ਸਬੰਧੀ ਆਪਣੇ ਵਿਚਾਰ ਦਿੰਦੇ ਹੋਏ ਕਿਹਾ, “ਇਹ ਇੱਕ ਕੌੜਾ ਸੱਚ ਹੈ ਕਿ ਜਿਸ ਬੱਚੇ ਨੇ ਜੰਗ ਆਪਣੇ ਅੱਖੀਂ ਵੇਖੀ ਹੈ ਜਾਂ ਜੰਗ ਦਾ ਸੰਤਾਪ ਆਪਣੇ ਪਿੰਡੇ ’ਤੇ ਹੰਢਾਇਆ ਹੈ, ਉਸਦੀ ਤੁਲਨਾ ਉਸ ਬੱਚੇ ਨਾਲ ਤਾਂ ਹਰਗਿਜ਼ ਨਹੀਂ ਕੀਤੀ ਜਾ ਸਕਦੀ ਹੈ, ਜਿਸ ਬੱਚੇ ਨੇ ਟੈਲੀਵਿਜ਼ਨ ਤੋਂ ਇਲਾਵਾ ਕਦੇ ਜੰਗ ਵੇਖੀ ਵੀ ਹੀ ਨਹੀਂ ਹੈ।”
ਅੰਤ ਵਿੱਚ ਸਾਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦਫ਼ਤਰ ਦੀ ਅਫ਼ਸਰ ਗਰੇਸ਼ਾ ਮਿਸ਼ੇਲ ਦੇ ਕਹੇ ਲਫ਼ਜ਼ਾਂ ਨੂੰ ਸਮਝਣਾ ਚਾਹੀਦਾ ਹੈ, ਜਿਨ੍ਹਾਂ ਨੇ ਬੜੀ ਬੇਬਾਕੀ ਨਾਲ ਕਿਹਾ ਸੀ, “ਬੱਚਿਆਂ ਉੱਤੇ ਜੰਗ ਦੇ ਪੈ ਰਹੇ ਮਾਰੂ ਪ੍ਰਭਾਵਾਂ ਪ੍ਰਤੀ ਹਰੇਕ ਦੇ ਮਨ ਵਿੱਚ ਫ਼ਿਕਰ ਜਾਗਣੀ ਚਾਹੀਦੀ ਹੈ ਤੇ ਬੱਚਿਆਂ ਨੂੰ ਜੰਗ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣਾ ਹਰੇਕ ਦਾ ਫ਼ਰਜ਼ ਹੋਣਾ ਚਾਹੀਦਾ ਹੈ।”

—-
ਮਾਨਸਿਕ ਸਿਹਤ `ਤੇ ਜੰਗ ਦਾ ਪ੍ਰਭਾਵ
ਜੰਗ ਅਤੇ ਹਿੰਸਕ ਟਕਰਾਅ ਸਰੀਰਕ ਸੁਰੱਖਿਆ ਤੋਂ ਵੱਧ ਮਾਨਸਿਕ ਸਿਹਤ ਤੇ ਭਾਵਨਾਤਮਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ। ਇਹ ਵਿਅਕਤੀਆਂ, ਪਰਿਵਾਰਾਂ ਅਤੇ ਸਮੁੱਚੇ ਭਾਈਚਾਰਿਆਂ `ਤੇ ਡੂੰਘਾ ਭਾਵਨਾਤਮਕ ਪ੍ਰਭਾਵ ਛੱਡ ਸਕਦੇ ਹਨ। ਮਾਨਸਿਕ ਸਿਹਤ ਪੇਸ਼ੇਵਰਾਂ ਨੇ ਵਿਸ਼ਵਵਿਆਪੀ ਟਕਰਾਅ ਦੇ ਸਮੇਂ ਦੌਰਾਨ ਬਾਲਗਾਂ, ਕਿਸ਼ੋਰਾਂ ਅਤੇ ਬੱਚਿਆਂ ਵਿੱਚ ਤਣਾਅ ਨਾਲ ਸਬੰਧਤ ਲੱਛਣਾਂ ਵਿੱਚ ਵਾਧਾ ਦੇਖਿਆ ਹੈ। ਆਮ ਮਾਨਸਿਕ ਸਿਹਤ ਪ੍ਰਭਾਵਾਂ ਵਿੱਚ ਸ਼ਾਮਲ ਹਨ: ਚਿੰਤਾ ਤੇ ਘਬਰਾਹਟ ਦੇ ਹਮਲੇ; ਭਾਵਨਾਤਮਕ ਸੁੰਨ ਹੋਣਾ; ਨੀਂਦ ਵਿੱਚ ਵਿਘਨ ਤੇ ਭਿਆਨਕ ਸੁਪਨੇ; ਲਗਾਤਾਰ ਡਰ ਜਾਂ ਚਿੰਤਾ; ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ; ਮੂਡ ਸਵਿੰਗ ਤੇ ਚਿੜਚਿੜਾਪਨ; ਡਿਪਰੈਸ਼ਨ ਤੇ ਨਿਰਾਸ਼ਾ ਅਤੇ ਸਦਮੇ ਨਾਲ ਸਬੰਧਤ ਤਣਾਅ ਪ੍ਰਤੀਕ੍ਰਿਆਵਾਂ।
ਬੱਚੇ ਅਤੇ ਕਿਸ਼ੋਰ ਖਾਸ ਤੌਰ `ਤੇ ਕਮਜ਼ੋਰ ਹੋ ਸਕਦੇ ਹਨ, ਕਿਉਂਕਿ ਉਹ ਅਕਸਰ ਡਰਾਉਣੀ ਜਾਣਕਾਰੀ ਨੂੰ ਭਾਵਨਾਤਮਕ ਤੌਰ `ਤੇ ਪ੍ਰਕਿਰਿਆ ਕਰਨ ਲਈ ਸੰਘਰਸ਼ ਕਰਦੇ ਹਨ। ਬਹੁਤ ਜ਼ਿਆਦਾ ਖ਼ਬਰਾਂ ਦੀ ਖਪਤ ਨੂੰ ਸੀਮਤ ਕਰਨ ਅਤੇ ਨਿਯਮਤ ਡਿਜੀਟਲ ਬ੍ਰੇਕ ਲੈਣ ਨਾਲ ਭਾਵਨਾਤਮਕ ਓਵਰਲੋਡ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਦੁਖਦਾਈ ਘਟਨਾਵਾਂ ਦਾ ਅਨੁਭਵ ਕਰਨ ਜਾਂ ਦੇਖਣ ਤੋਂ ਬਾਅਦ ਪੋਸਟ-ਟਰਾਮੈਟਿਕ ਸਟ੍ਰੈਸ ਡਿਸਆਰਡਰ ਵਿਕਸਤ ਹੋ ਸਕਦਾ ਹੈ। ਸ਼ਰਨਾਰਥੀ, ਹਿੰਸਾ ਤੋਂ ਬਚੇ ਹੋਏ, ਫੌਜੀ ਕਰਮਚਾਰੀ ਅਤੇ ਇੱਥੋਂ ਤੱਕ ਕਿ ਦੁਖਦਾਈ ਮੀਡੀਆ ਕਵਰੇਜ ਦੇ ਸੰਪਰਕ ਵਿੱਚ ਆਉਣ ਵਾਲੇ ਨਾਗਰਿਕਾਂ ਵਿੱਚ ਵੀ ਸਦਮੇ ਨਾਲ ਜੁੜੇ ਲੱਛਣ ਵਿਕਸਤ ਹੋ ਸਕਦੇ ਹਨ। ਬੱਚੇ ਅਕਸਰ ਭਾਵਨਾਤਮਕ ਤਣਾਅ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਜੰਗ ਨਾਲ ਸਬੰਧਤ ਜਾਣਕਾਰੀ ਦੇ ਸੰਪਰਕ ਵਿੱਚ ਆਉਣ ਨਾਲ ਉਲਝਣ, ਡਰ ਅਤੇ ਅਸੁਰੱਖਿਆ ਪੈਦਾ ਹੋ ਸਕਦੀ ਹੈ।

Leave a Reply

Your email address will not be published. Required fields are marked *