‘ਕੌਮਾਂਤਰੀ ਯੂ.ਐਫ਼.ਓ. ਦਿਵਸ’ ਨੂੰ ਸਮਰਪਿਤ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਅਜੋਕਾ ਯੁੱਗ ਅਤਿ ਆਧੁਨਿਕ ਵਿਗਿਆਨ ਅਤੇ ਤਕਨੀਕ ਦਾ ਯੁੱਗ ਹੈ ਤੇ ਅਜੋਕੇ ਮਨੁੱਖ ਨੇ ਪਤਾਲ ਤੋਂ ਲੈ ਕੇ ਆਕਾਸ਼ ਮੰਡਲਾਂ ਦੇ ਗਰਭ ਵਿੱਚ ਲੁਕੇ ਕਈ ਰਹੱਸ ਖੋਜ ਲਿਆਂਦੇ ਹਨ। ਇੰਨੇ ਹਾਈ-ਟੈੱਕ ਯੁਗ ਦੇ ਬਾਵਜੂਦ ਅਜੇ ਵੀ ‘ਯੂ.ਐਫ਼.ਓ.’ ਭਾਵ ਦੂਜੇ ਗ੍ਰਹਿਆਂ ਤੋਂ ਧਰਤੀ ਦੇ ਥਲ ਜਾਂ ਆਕਾਸ਼ੀ ਖੇਤਰ ਵਿੱਚ ਪ੍ਰਵੇਸ਼ ਕਰਨ ਵਾਲੀਆਂ ਉੱਡਣ-ਤਸ਼ਤਰੀਆਂ ਦਾ ਰਹੱਸ ਉਸੇ ਤਰ੍ਹਾਂ ਹੀ ਬਰਕਰਾਰ ਹੈ।
ਬਹੁਤ ਸਾਰੇ ਮੁਲਕਾਂ ਦੇ ਵਿਗਿਆਨੀ ਇਨ੍ਹਾਂ ਉੱਡਣ-ਤਸ਼ਤਰੀਆਂ ਬਾਰੇ ਜਾਣਦੇ ਹੋਏ ਵੀ ਅਣਜਾਣ ਬਣਨ ਦਾ ਢੋਂਗ ਕਰ ਰਹੇ ਹਨ ਤੇ ਸੱਚ ਦੁਨੀਆਂ ਦੇ ਸਾਹਮਣੇ ਨਹੀਂ ਰੱਖ ਰਹੇ ਹਨ। ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਆਮ ਲੋਕਾਂ ਅਤੇ ਵਿਗਿਆਨੀਆਂ ਵੱਲੋਂ ਆਕਾਸ਼ ਵਿੱਚ ਉੱਡਣ-ਤਸ਼ਤਰੀਆਂ ਵੇਖੇ ਜਾਣ ਦੇ ਦਾਅਵੇ ਅਨੇਕਾਂ ਵਾਰ ਕੀਤੇ ਗਏ ਹਨ, ਪਰ ਕੋਈ ਸਵੀਕਾਰਨ ਯੋਗ ਠੋਸ ਸਬੂਤ ਸਾਹਮਣੇ ਲਿਆਉਣ ਵਿੱਚ ਹਰ ਕੋਈ ਨਾਕਾਮ ਰਿਹਾ ਹੈ। ਕੁਝ ਦੇਸ਼ਾਂ ਦੀਆਂ ਸਰਕਾਰਾਂ ’ਤੇ ਦੋਸ਼ ਲੱਗਦਾ ਹੈ ਕਿ ਉਨ੍ਹਾਂ ਕੋਲ ਦੂਜੇ ਗ੍ਰਹਿਆਂ ਤੋਂ ਧਰਤੀ ’ਤੇ ਆਉਣ ਵਾਲੇ ਪੁਲਾੜੀ ਵਾਹਨਾਂ ਅਤੇ ਦੂਜੇ ਗ੍ਰਹਿ ਦੇ ਬਾਸ਼ਿੰਦਿਆਂ ਸਬੰਧੀ ਮਹੱਤਵਪੂਰਨ ਜਾਣਕਾਰੀਆਂ ਮੌਜੂਦ ਹਨ, ਪਰ ਉਹ ਦੁਨੀਆਂ ਦੇ ਸਾਹਮਣੇ ਸੱਚ ਲਿਆਉਣ ਲਈ ਰਾਜ਼ੀ ਨਹੀਂ ਹਨ ਤੇ ਸ਼ੱਕੀ ਢੰਗ ਨਾਲ ਕੁਝ ਲੁਕਾਉਂਦੇ ਹੋਏ ਪ੍ਰਤੀਤ ਹੁੰਦੇ ਹਨ।
2 ਜੁਲਾਈ ਦਾ ਦਿਨ ਦੁਨੀਆਂ ਭਰ ਵਿੱਚ ‘ਵਿਸ਼ਵ ਯੂ.ਐਫ.ਓ. ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਅੰਗਰੇਜ਼ੀ ਦੇ ਸ਼ਬਦ ਯੂ.ਐਫ.ਓ. ਦਾ ਵਿਸਥਾਰ ‘ਅਨਆਈਡੈਂਟੀਫ਼ਾਈਡ ਆਬਜੈਕਟ’ ਭਾਵ ‘ਬੇਪਛਾਣ ਵਸਤੂ’ ਵਜੋਂ ਲਿਆ ਜਾਂਦਾ ਹੈ ਤੇ ਇਸ ਸ਼ਬਦ ਦੀ ਵਰਤੋਂ ਦੂਜੇ ਗ੍ਰਹਿਆਂ ਤੋਂ ਆਉਣ ਵਾਲੇ ਵਾਹਨਾਂ ਦੇ ਸਬੰਧ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਕਿ ਅਸਲੀ ਜਾਂ ਕਾਲਪਨਿਕ ਹੋਣ ਸਬੰਧੀ ਬਹਿਸ ਕਈ ਵਰਿ੍ਹਆਂ ਤੋਂ ਚੱਲਦੀ ਆ ਰਹੀ ਹੈ। ਬੜੀ ਦਿਲਚਸਪ ਗੱਲ ਹੈ ਕਿ ਪੁਲਾੜੀ ਮਾਮਲਿਆਂ ਵਿੱਚ ਦਿਲਚਸਪੀ ਰੱਖਣ ਵਾਲੇ ਕੁਝ ਲੋਕ ‘ਵਿਸ਼ਵ ਯੂ.ਐਫ.ਓ. ਦਿਵਸ’ 24 ਜੂਨ ਨੂੰ ਮਨਾਉਣ ਦੀ ਵਕਾਲਤ ਕਰਦੇ ਹਨ, ਜਦੋਂ ਕਿ ਸਮੂਹ ਵੱਡੀਆਂ ਜਥੇਬੰਦੀਆਂ ਅਤੇ ਵੱਡੀ ਸੰਖਿਆ ਵਿੱਚ ਲੋਕ 2 ਜੁਲਾਈ ਦੇ ਦਿਨ ਹੀ ਇਹ ਦਿਵਸ ਮਨਾਉਂਦੇ ਹਨ। ਇਸ ਦੁਚਿੱਤੀ ਦਾ ਕਾਰਨ ਕੁਝ ਇਸ ਤਰ੍ਹਾਂ ਹੈ ਕਿ 24 ਜੂਨ 1947 ਨੂੰ ਅਮਰੀਕਾ ਵਿਖੇ ਇੱਕ ‘ਉੱਡਣ-ਤਸ਼ਤਰੀ’ ਵੇਖੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਸੀ ਤੇ ਅੱਗ ਵਾਂਗ ਦੇਸ਼ ਭਰ ਵਿੱਚ ਫ਼ੈਲੀ ਸੀ, ਜਦੋਂ ਕਿ 2 ਜੁਲਾਈ 1947 ਨੂੰ ਕਿਸੇ ਉੱਡਣ-ਤਸ਼ਤਰੀ ਦੇ ਹਾਦਸਾਗ੍ਰਸਤ ਹੋ ਕੇ ਧਰਤੀ ’ਤੇ ਡਿੱਗਣ ਅਤੇ ਉਸਦਾ ਮਲਬਾ ਬਰਾਮਦ ਹੋਣ ਦੀ ਖ਼ਬਰ ਪਹਿਲੀ ਵਾਰ ਸਾਹਮਣੇ ਆਈ ਸੀ। ਇਸ ਵਿਸ਼ੇ ਨਾਲ ਸਬੰਧਿਤ ਆਪੋ-ਆਪਣੇ ਮਤ ਮੁਤਾਬਿਕ ਇਹ ਦਿਵਸ ਵੱਖ-ਵੱਖ ਮਿਤੀਆਂ ਨੂੰ ਮਨਾਏ ਜਾਣ ਦੀ ਗੱਲ ਹੁੰਦੀ ਹੈ, ਪਰ ਹਕੀਕਤਨ 2 ਜੁਲਾਈ ਨੂੰ ਹੀ ਪ੍ਰਮਾਣਿਕ ਤੌਰ ‘ਤੇ ਇਹ ਦਿਵਸ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ।
ਬੜੀ ਮਹੱਤਵਪੂਰਨ ਗੱਲ ਹੈ ਕਿ ਉੱਡਣ-ਤਸ਼ਤਰੀਆਂ ਵੇਖਣ ਦਾ ਦਾਅਵਾ ਕਰਨ ਵਾਲੇ ਇਨਸਾਨਾਂ ਅਤੇ ਵਿਗਿਆਨੀਆਂ ਦੀਆਂ ਗੱਲਾਂ ਦਾ ਸੰਤੁਸ਼ਟੀਜਨਕ ਜਵਾਬ ਅਜੇ ਤੱਕ ਆਇਆ ਨਹੀਂ ਹੈ, ਜਿਸ ਕਰਕੇ ਉੱਡਣ-ਤਸ਼ਤਰੀਆਂ ਦੀ ਹੋਂਦ ਬਾਰੇ ਚਰਚਾ ਦੁਨੀਆਂ ਭਰ ਵਿੱਚ ਨਿਰੰਤਰ ਜਾਰੀ ਹੈ। ਇਸ ਵਿਸ਼ੇ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਅਤੇ ‘ਵਰਲਡ ਯੂ.ਐਫ਼.ਓ. ਆਰਗੇਨਾਈਜ਼ੇਸ਼ਨ’ ਸਮੇਤ ਕੁਝ ਹੋਰ ਜਥੇਬੰਦੀਆਂ ਵੱਲੋਂ 2 ਜੁਲਾਈ ਦੇ ਦਿਨ ‘ਵਰਲਡ ਯੂ.ਐਫ਼.ਓ. ਡੇਅ’ ਬੜੇ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਇਹ ਦੱਸਿਆ ਜਾਂਦਾ ਹੈ ਕਿ ਇਸ ਦਿਨ ਇਸ ਵਿਸ਼ੇ ਸਬੰਧੀ ਹਾਂ-ਪੱਖੀ ਸੋਚ ਰੱਖਣ ਵਾਲੇ ਲੋਕਾਂ ਦੀ ਗਿਣਤੀ ਵਧਣੀ ਚਾਹੀਦੀ ਹੈ ਤੇ ਇਹ ਤੱਥ ਸਵੀਕਰਾਨਾ ਚਾਹੀਦਾ ਹੈ ਕਿ ਧਰਤੀ ‘ਤੇ ਰਹਿੰਦੇ ਮਨੁੱਖਾਂ ਤੋਂ ਇਲਾਵਾ ਬ੍ਰਹਿਮੰਡ ਦੇ ਕਿਸੇ ਹੋਰ ਹਿੱਸੇ ਵਿੱਚ ਜਾਂ ਕਿਸੇ ਹੋਰ ਗ੍ਰਹਿ ਉੱਤੇ ਕੋਈ ਹੋਰ ਸੱਭਿਅਤਾ ਜੀਵਿਤ ਹੈ। ਇਸ ਦਿਨ ਨੂੰ ਮਨਾਉਣ ਪਿੱਛੇ ਇਹ ਮੰਤਵ ਵੀ ਦੱਸਿਆ ਜਾਂਦਾ ਹੈ ਕਿ ਉੱਡਣ-ਤਸ਼ਤਰੀਆਂ ਵੇਖਣ ਦਾ ਦਾਅਵਾ ਕਰਨ ਵਾਲੇ ਲੋਕ ਇਸ ਦਿਨ ਪ੍ਰਮਾਣ ਲੈ ਕੇ ਲੋਕਾਂ ਤੇ ਮੀਡੀਆ ਸਾਹਮਣੇ ਆਉਣ ਅਤੇ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਉੱਡਣ ਤਸ਼ਤਰੀਆਂ ਸਬੰਧੀ ਆਪਣੀਆਂ ਗੁਪਤ ਜਾਣਕਾਰੀਆਂ ਨੂੰ ਜਨਤਕ ਕਰਨ। ਸਾਲ 2001 ਵਿੱਚ ਇਹ ਦਿਵਸ ਪਹਿਲੀ ਵਾਰ ਦੁਨੀਆਂ ਭਰ ਵਿੱਚ ਮਨਾਇਆ ਗਿਆ ਸੀ। ‘ਵਰਲਡ ਯੂ.ਐਫ਼.ਓ. ਆਰਗੇਨਾਈਜ਼ੇਸ਼ਨ’ ਨਾਮਕ ਕੌਮਾਂਤਰੀ ਜਥੇਬੰਦੀ ਤਾਂ ਇਸ ਦਿਵਸ ਮੌਕੇ ਇਸ ਵਿਸ਼ੇ ਦੇ ਵਿਸਥਾਰ ਹਿਤ ਵੱਖ-ਵੱਖ ਸੈਮੀਨਾਰ, ਵਰਕਸ਼ਾਪ ਅਤੇ ਹੋਰ ਸਮਾਗਮ ਵੱਡੇ ਪੱਧਰ ‘ਤੇ ਕਰਵਾਉਂਦੀ ਹੈ।
ਬੜੀ ਹੀ ਰੌਚਕ ਗੱਲ ਹੈ ਕਿ ਅੰਗਰੇਜ਼ੀ ਦੇ ਵਿਸ਼ਵ ਪ੍ਰਸਿੱਧ ਨਾਵਲਕਾਰ ਐਚ.ਜੀ. ਵੈੱਲਜ਼ ਨੇ ਸੰਨ 1897 ਦੇ ਨੇੜੇ-ਤੇੜੇ ਇੱਕ ਨਾਵਲ ‘ਦਿ ਵਾਰ ਆੱਫ਼ ਦਿ ਵਰਲਡਜ਼’ ਰਚਿਆ ਸੀ, ਜੋ ਧਰਤੀ ਦੇ ਬਾਸ਼ਿੰਦਿਆਂ ਅਤੇ ਦੂਜੇ ਗ੍ਰਹਿ ਨਾਲ ਸਬੰਧਿਤ ਬਾਸ਼ਿੰਦਿਆਂ ਦਰਮਿਆਨ ਯੁੱਧ ਦੀ ਗੱਲ ਕਰਦਾ ਸੀ- ਭਾਵ ਇਹ ਕਿ ਇਹ ਸੋਚ ਉਸ ਵੇਲੇ ਮੌਜੂਦ ਸੀ ਕਿ ਧਰਤੀ ਤੋਂ ਇਲਾਵਾ ਕਿਸੇ ਹੋਰ ਗ੍ਰਹਿ ’ਤੇ ਵੀ ਜੀਵਨ ਅਤੇ ਸੱਭਿਅਤਾ ਦੀ ਮੌਜੂਦਗੀ ਹੈ। ਇਹ ਨਾਵਲ ਸੰਨ 1938 ਵਿੱਚ ਸੀ.ਬੀ.ਐਸ. ਰੇਡੀਓ ਤੋਂ ਆਰਸਨ ਵੈੱਲਜ਼ ਵੱਲੋਂ ਸਰੋਤਿਆਂ ਨੂੰ ਬੜੇ ਦਿਲਚਸਪ ਢੰਗ ਨਾਲ ਪੜ੍ਹ ਕੇ ਸੁਣਾਇਆ ਗਿਆ ਸੀ। ਉਂਜ ਵਿਸ਼ਵ ਇਤਿਹਾਸ ਦੱਸਦਾ ਹੈ ਕਿ ਅੱਜ ਤੋਂ ਕੋਈ ਅਠਾਰ੍ਹਾਂ ਕੁ ਸੌ ਸਾਲ ਪਹਿਲਾਂ 214 ਈਸਵੀ ਵਿੱਚ ਅਤੇ ਫਿਰ 1561 ਈਸਵੀ ਸਮੇਂ ਆਕਾਸ਼ ਵਿੱਚ ਕੁਝ ਅਜੀਬ ਜਿਹੇ ਵਾਹਨ ਉੱਡਦੇ ਵੇਖੇ ਜਾਣ ਦੇ ਵੇਰਵੇ ਦਰਜ ਹਨ।
ਅਮਰੀਕੀ ਇਤਿਹਾਸ ਮੁਤਾਬਿਕ 24 ਜੂਨ 1947 ਦੇ ਦਿਨ ਕੈਨੇਥ ਆਰਨਾਲਡ ਨਾਮਕ ਪਾਇਲਟ ਨੇ ਆਕਾਸ਼ ਵਿੱਚ ਕਿਸੇ ਦੂਜੇ ਗ੍ਰਹਿ ਤੋਂ ਆਈ ਉੱਡਣ ਤਸ਼ਤਰੀ ਵੇਖੇ ਜਾਣ ਬਾਰੇ ਜਾਣਕਾਰੀ ਦਿੱਤੀ ਸੀ। ਉਸਨੇ ਦਾਅਵਾ ਕੀਤਾ ਸੀ ਕਿ ਉਸਨੇ ‘ਮਾਊਂਟ ਰੇਨੀਅਰ’ ਨਾਮੀਂ ਸਥਾਨ ਦੇ ਨੇੜੇ ਆਸਮਾਨ ਵਿੱਚ 9 ਉੱਡਣ-ਤਸ਼ਤਰੀਆਂ ਇਕੱਠੀਆਂ ਉੱਡਦੀਆਂ ਵੇਖੀਆਂ ਸਨ, ਜਿਨ੍ਹਾਂ ਦੀ ਗਤੀ ਪਾਇਲਟ ਆਰਨਾਲਡ ਮੁਤਾਬਿਕ ਅੰਦਾਜ਼ਨ 1932 ਕਿਲੋਮੀਟਰ ਪ੍ਰਤੀ ਘੰਟਾ ਸੀ। ਇਹ ਕਿਸੇ ਮਨੁੱਖ ਵੱਲੋਂ ਆਧੁਨਿਕ ਸਮੇਂ ਅੰਦਰ ਵੇਖੀ ਗਈ ਉੱਡਣ-ਤਸ਼ਤਰੀ ਦੀ ਪਹਿਲੀ ਘਟਨਾ ਮੰਨੀ ਜਾਂਦੀ ਹੈ। ਆਰਨਾਲਡ ਦੁਆਰਾ ਉੱਡਣ-ਤਸ਼ਤਰੀਆਂ ਦੀ ਰੂਪ ਰੇਖਾ ਤੇ ਆਕਾਰ ਬਾਰੇ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਉਸ ਵਕਤ ਦੇ ਪੱਤਰਕਾਰਾਂ ਨੇ ਉੱਡਣ ਤਸ਼ਤਰੀਆਂ ਨੂੰ ‘ਫ਼ਲਾਇੰਗ ਡਿਸਕਾਂ’ ਜਾਂ ‘ਫ਼ਲਾਇੰਗ ਸਾਅਸਰ’ ਦਾ ਨਾਂ ਦੇ ਕੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਸੀ ਤੇ ਪੇਂਟਰਾਂ ਨੇ ਉੱਡਣ-ਤਸ਼ਤਰੀਆਂ ਦੀਆਂ ਕਾਲਪਨਿਕ ਤਸਵੀਰਾਂ ਵੀ ਤਿਆਰ ਕਰਕੇ ਛਾਪ ਦਿੱਤੀਆਂ ਸਨ।
2 ਜੁਲਾਈ 1947 ਦੇ ਦਿਨ ਅਮਰੀਕੀ ਹਵਾਈ ਫ਼ੌਜ ਦੇ ‘ਰੋਜ਼ਵੈੱਲ ਆਰਮੀ ਏਅਰਫ਼ੀਲਡ’ ਦੇ ਅਫ਼ਸਰ ਨੇ ਦਾਅਵਾ ਕੀਤਾ ਸੀ ਕਿ ਉਸਨੇ ਗ਼ੁਬਾਰੇ ਰੂਪੀ ਇੱਕ ਉੱਡਣ ਤਸ਼ਤਰੀ ਨੂੰ ਨਿਊ ਮੈਕਸੀਕੋ ਨੇੜੇ ‘ਕੋਰੋਨਾ’ ਨਾਮਕ ਰੇਗਿਸਤਾਨੀ ਇਲਾਕੇ ਵਿੱਚ ਨਾ ਕੇਵਲ ਹਾਦਸਾਗ੍ਰਸਤ ਹੁੰਦਿਆਂ ਵੇਖਿਆ ਸੀ, ਸਗੋਂ ਉਸ ਹਾਦਸਾਗ੍ਰਸਤ ਉੱਡਣ ਤਸ਼ਤਰੀ ਦਾ ਮਲਬਾ ਵੀ ਬਰਾਮਦ ਕੀਤਾ ਸੀ। ਇਸੇ ਸਬੰਧ ਵਿੱਚ ਮੈਕ ਬ੍ਰੇਜ਼ਲ ਨਾਮੀਂ ਇੱਕ ਹੋਰ ਸ਼ਖ਼ਸ ਨੇ ਵੀ 7 ਜੁਲਾਈ 1947 ਨੂੰ ਰੋਜ਼ਵੈੱਲ ਦੇ ਸ਼ੈਰਿਫ਼ ਨੂੰ ਸੂਚਿਤ ਕੀਤਾ ਸੀ ਕਿ ਉਸਨੇ ਵੀ ਕਿਸੇ ਹਾਦਸਾਗ੍ਰਸਤ ਉੱਡਣ ਤਸ਼ਤਰੀ ਦਾ ਮਲਬਾ ਆਪਣੀ ਅੱਖੀਂ ਵੇਖਿਆ ਸੀ, ਪਰ ਉਸਨੇ ਕਿਸੇ ਨੂੰ ਇਸ ਬਾਰੇ ਇਸ ਕਰਕੇ ਨਹੀਂ ਦੱਸਿਆ ਸੀ ਕਿ ਲੋਕ ਉਸਦੀ ਗੱਲ ਦਾ ਯਕੀਨ ਨਹੀਂ ਕਰਨਗੇ ਤੇ ਉਸਦਾ ਮਜ਼ਾਕ ਉਡਾਉਣਗੇ, ਪਰ ਇਸ ਘਟਨਾ ਸਬੰਧੀ ਜਦੋਂ ਆਰਨਾਲਡ ਤੇ ਕੁਝ ਹੋਰ ਲੋਕਾਂ ਨੇ ਜਾਣਕਾਰੀ ਜਨਤਕ ਕੀਤੀ ਤਾਂ ਉਸਦੇ ਅੰਦਰ ਵੀ ਸੱਚ ਦੱਸਣ ਦੀ ਹਿੰਮਤ ਪੈਦਾ ਹੋ ਗਈ ਸੀ ਤੇ ਉਸਨੇ ਸ਼ੈਰਿਫ਼ ਨੂੰ ਸਾਰੀ ਸੱਚਾਈ ਦੱਸ ਦਿੱਤੀ ਸੀ।
7 ਜੁਲਾਈ 1947 ਦੇ ਦਿਨ ‘ਰੋਜ਼ਵੈੱਲ ਡੇਲੀ ਰਿਕਾਰਡ’ ਨਾਮਕ ਅਖ਼ਬਾਰ ਨੇ ਉੱਡਣ-ਤਸ਼ਤਰੀ ਸਬੰਧੀ ਖ਼ਬਰ ਆਪਣੇ ਪਹਿਲੇ ਪੰਨੇ ਦੀ ਹੈੱਡਲਾਈਨ ਵਜੋਂ ਪ੍ਰਕਾਸ਼ਿਤ ਕਰਕੇ ਇਲਾਕੇ ਭਰ ਵਿੱਚ ਤਹਿਲਕਾ ਮਚਾ ਦਿੱਤਾ ਸੀ। ਅਮਰੀਕੀ ਫ਼ੌਜ ਨੇ ਇਸ ਖ਼ਬਰ ਦੇ ਬਿਲਕੁਲ ਉਲਟ ਸਬੰਧਿਤ ਉੱਡਣ-ਤਸ਼ਤਰੀ ਦਾ ਸਾਰਾ ਮਲਬਾ ਚੁੱਕ ਕੇ ਲੁਕਾ ਲਿਆ ਤੇ ਖ਼ਬਰ ਪ੍ਰਕਾਸਿਤ ਹੋਣ ਦੇ 24 ਘੰਟੇ ਦੇ ਅੰਦਰ ਇਹ ਖ਼ਬਰ ਫ਼ੈਲਾਅ ਦਿੱਤੀ ਕਿ ‘ਉੱਡਣ-ਤਸ਼ਤਰੀ ਬਾਰੇ ਫ਼ੈਲਾਈਆਂ ਜਾ ਰਹੀਆਂ ਗੱਲਾਂ ਗ਼ਲਤ ਤੇ ਬੇਬੁਨਿਆਦ ਹਨ ਅਤੇ ਪ੍ਰਾਪਤ ਹੋਇਆ ਮਲਬਾ ਮੌਸਮ ਦੀ ਜਾਣਕਾਰੀ ਦੇਣ ਵਾਲੇ ਕਿਸੇ ਗ਼ੁਬਾਰੇ’ ਨਾਲ ਸਬੰਧਿਤ ਹੈ।’ ਕਿਹਾ ਜਾਂਦਾ ਹੈ ਕਿ ਅਮਰੀਕੀ ਫ਼ੌਜ ਦਾ ਇਹ ਬਿਆਨ ਉੱਡਣ-ਤਸ਼ਤਰੀ ਦੇ ਮਲਬੇ ਦੀ ਗੱਲ ਲੁਕਾਉਣ ਲਈ ਦਿੱਤਾ ਗਿਆ ਇੱਕ ਝੂਠਾ ਬਿਆਨ ਸੀ।
ਸੰਨ 1978 ਵਿੱਚ ਐਸ.ਟੀ. ਫ਼ਰਾਇਡਮੈਨ ਨਾਮਕ ਪ੍ਰਮਾਣੂ ਵਿਗਿਆਨੀ-ਕਮ-ਉੱਡਣ ਤਸ਼ਤਰੀ ਵਿਗਿਆਨੀ ਨੇ ਇਹ ਦਾਅਵਾ ਕੀਤਾ ਸੀ ਕਿ ਉਸਨੂੰ ਇਕ ਅਮਰੀਕੀ ਇੰਟੈਲੀਜੈਂਸ ਅਫ਼ਸਰ ਜੈਸੇਕ ਮੈਰੀਲ ਨੇ ਦੱਸਿਆ ਸੀ ਕਿ ਉਹ ਖ਼ੁਦ ਉੱਡਣ ਤਸ਼ਤਰੀ ਦੇ ਹਾਦਸਾਗ੍ਰਸਤ ਹੋਣ ਵਾਲੇ ਸਥਾਨ ’ਤੇ ਗਿਆ ਸੀ ਤੇ ਉਸਨੇ ਉੱਡਣ ਤਸ਼ਤਰੀ ਦਾ ਮਲਬਾ ਆਪਣੀਆਂ ਅੱਖਾਂ ਨਾਲ ਵੇਖਿਆ ਸੀ, ਪਰ “ਬਾਅਦ ਵਿੱਚ ਕਿਸੇ ਅਧਿਕਾਰੀ ਨੇ ਅਸਲੀ ਮਲਬਾ ਹਟਾ ਕੇ ਉੱਥੇ ਮੌਸਮ ਵਿਭਾਗ ਦੇ ਗੁਬਾਰੇ ਦਾ ਮਲਬਾ ਰੱਖ ਦਿੱਤਾ ਸੀ।”
ਉੱਡਣ-ਤਸ਼ਤਰੀਆਂ ਬਾਰੇ ਕੁਝ ਹੋਰ ਰੌਚਕ ਤੱਥ ਇਸ ਪ੍ਰਕਾਰ ਹਨ ਕਿ ਸੰਨ 1952 ਵਿੱਚ ਅਮਰੀਕੀ ਹਵਾਈ ਫ਼ੌਜ ਦੇ ਅਫ਼ਸਰ ਐਡਵਰਡ ਰੁਪੈਲਟ ਨੇ ਉੱਡਣ-ਤਸ਼ਤਰੀਆਂ ਬਾਰੇ ‘ਯੂ.ਐਫ਼.ਓ.’ ਸ਼ਬਦ ਈਜਾਦ ਕੀਤਾ ਸੀ। ਭਾਰਤ ਵਿੱਚ ਯੂ.ਐਫ਼.ਓ. ਵੇਖੇ ਜਾਣ ਦੀ ਪਹਿਲੀ ਰਿਕਾਰਡ ਵਿੱਚ ਦਰਜ ਘਟਨਾ ਸੰਨ 1951 ਵਿੱਚ ਵਾਪਰੀ ਸੀ, ਜਦੋਂ ਨਵੀਂ ਦਿੱਲੀ ਵਿਖੇ ਸਥਿਤ ਇੱਕ ਫਲਾਇੰਗ ਕਲੱਬ ਦੇ ਮੈਂਬਰਾਂ ਨੇ 15 ਮਾਰਚ 1951 ਨੂੰ ਸਵੇਰੇ 10.21 ਵਜੇ ਆਕਾਸ਼ ਵਿੱਚ ਸੌ ਫੁੱਟ ਲੰਮੀ ਸਿਗਾਰਨੁਮਾ ਉੱਡਣ ਤਸ਼ਤਰੀ ਵੇਖੀ ਸੀ, ਜੋ ਕੁਝ ਪਲ ਵਿਖਾਈ ਦੇਣ ਤੋਂ ਬਾਅਦ ਅੱਖੋਂ ਓਹਲੇ ਹੋ ਗਈ ਸੀ। ਇਸੇ ਤਰ੍ਹਾਂ 24 ਸਤੰਬਰ 2004 ਨੂੰ ਕੁਝ ਵਿਗਿਆਨੀਆਂ ਨੇ ‘ਸਮੁਦਰਾ ਟਾਪੂ’ ਨਾਮੀਂ ਸਥਾਨ ’ਤੇ ‘ਸਨੋਅਮੈਨ’ ਰੂਪੀ ਇੱਕ ਯੂ.ਐਫ.ਓ. ਅਤੇ 29 ਅਕਤੂਬਰ 2007 ਨੂੰ ਪੂਰਬੀ ਕਲਕੱਤਾ ਵਿਖੇ ਦੁਪਹਿਰ 3.30 ਵਜੇ ਤੋਂ 6.30 ਵਜੇ ਤੱਕ ਸੈਂਕੜੇ ਲੋਕਾਂ ਨੇ ਇੱਕ ਤੇਜ਼ ਗਤੀ ਨਾਲ ਉੱਡਦਾ ਯੂ.ਐਫ.ਓ. ਨਾ ਕੇਵਲ ਵੇਖਿਆ ਸੀ, ਸਗੋਂ ਕੈਮਰਿਆਂ ਵਿੱਚ ਰਿਕਾਰਡ ਵੀ ਕੀਤਾ ਸੀ। ਇੱਕ ਵਰਗ ਤੋਂ ਤਿਕੋਣ ਅਤੇ ਫਿਰ ਇੱਕ ਸਿੱਧੀ ਰੇਖਾ ਦੇ ਰੂਪ ਵਿੱਚ ਤਬਦੀਲ ਹੋ ਕੇ ਗ਼ਾਇਬ ਹੋ ਗਏ ਉਸ ਯੂ.ਐਫ.ਓ. ਦੀਆਂ ਤਸਵੀਰਾਂ ਵੱਖ-ਵੱਖ ਟੀ.ਵੀ. ਚੈਨਲਾਂ ’ਤੇ ਵੀ ਪ੍ਰਸਾਰਿਤ ਹੋਈਆਂ ਸਨ।
20 ਜੂਨ 2013 ਨੂੰ ਚੇਨੱਈ ਵਿੱਚ ਅਤੇ 4 ਅਗਸਤ 2013 ਨੂੰ ਲੱਦਾਖ਼ ਤੇ ਅਰੁਣਾਚਲ ਪ੍ਰਦੇਸ਼ ਵਿੱਚ ਯੂ.ਐਫ਼.ਓ. ਵੇਖੇ ਜਾਣ ਤੋਂ ਇਲਾਵਾ ਸੰਨ 2014 ਵਿੱਚ ਲਖਨਊ, ਪੁਣੇ ਤੇ ਕੋਚੀ ਵਿਖੇ ਅਤੇ ਸੰਨ 2015 ਵਿੱਚ ਕਾਨਪੁਰ ਵਿਖੇ ਵੀ ਯੂ.ਐਫ.ਓ. ਵੇਖੇ ਗਏ ਸਨ ਤੇ ਆਖ਼ਰੀ ਵਾਰ ਸੰਨ 2021 ਵਿੱਚ ਪੰਜਾਬ ਦੇ ਲੁਧਿਆਣਾ ਵਿਖੇ ਕੁਝ ਲੋਕਾਂ ਨੇ ਆਕਾਸ਼ ਵਿੱਚ ਇਕ ਯੂ.ਐਫ.ਓ. ਵੇਖੇ ਜਾਣ ਦਾ ਦਾਅਵਾ ਕੀਤਾ ਸੀ।
ਮੁੱਕਦੀ ਗੱਲ ਇਹ ਹੈ ਕਿ ਕਿਸੇ ਦੂਜੇ ਗ੍ਰਹਿ ਤੋਂ ਆਈਆਂ ਉੱਡਣ-ਤਸ਼ਤਰੀਆਂ ਦੀਆਂ ਗੱਲਾਂ ਕਈ ਵਰਿ੍ਹਆਂ ਤੋਂ ਚੱਲਦੀਆਂ ਆ ਰਹੀਆਂ ਹਨ ਅਤੇ ਇਸਦੇ ਨਾਲ ਹੀ ਸਿਨੇਮਾ ਜਗਤ ਵਿੱਚ ਵੀ ਅਜਿਹੀਆਂ ਅਨੇਕਾਂ ਸਫ਼ਲ ਫ਼ਿਲਮਾਂ ਬਣ ਚੁੱਕੀਆਂ ਹਨ, ਜੋ ਦੂਜੇ ਗ੍ਰਹਿਆਂ ਤੋਂ ਆਉਣ ਵਾਲੇ ਯੂ.ਐਫ਼.ਓ. ਅਤੇ ਉਨ੍ਹਾਂ ਵਿੱਚ ਸਵਾਰ ਪ੍ਰਾਣੀਆਂ ਨੂੰ ਬੜੀ ਦਿਲਚਸਪ ਢੰਗ ਨਾਲ ਪੇਸ਼ ਕਰ ਚੁੱਕੀਆਂ ਹਨ। ਬਾਲੀਵੁੱਡ ਦੇ ਸੁਪਰਸਟਾਰ ਰਿਤਿਕ ਰੌਸ਼ਨ ਦੀ ‘ਕੋਈ ਮਿਲ ਗਿਆ’ ਅਤੇ ਆਮਿਰ ਖ਼ਾਨ ਦੀ ‘ਪੀ.ਕੇ.’ ਆਦਿ ਫ਼ਿਲਮਾਂ ਵਿੱਚ ਵੀ ਯੂ.ਐਫ਼.ਓ. ਵਿਖਾਏ ਗਏ ਸਨ ਤੇ ਨਾਲ ਹੀ ਇਹ ਵੀ ਦਰਸਾਇਆ ਗਿਆ ਸੀ ਕਿ ਦੂਜੇ ਗ੍ਰਹਿ ਦੇ ਜੀਵ ਤਕਨਾਲੋਜੀ ਦੇ ਪੱਖੋਂ ਸਾਡੀ ਦੁਨੀਆਂ ਦੇ ਲੋਕਾਂ ਤੋਂ ਕਿਤੇ ਜ਼ਿਆਦਾ ਵਿਕਸਿਤ ਹਨ। ਇਸੇ ਤਰ੍ਹਾਂ ਹਾਲੀਵੁੱਡ ਦੀਆਂ ‘ਦਿ ਅਰਾਈਵਲ’, ‘ਇੰਡੀਪੈਂਡੈਂਸ ਡੇਅ’, ‘ਨੋਪ’, ‘ਮਾਰਸ ਅਟੈਕਰਜ਼’, ‘ਅੰਡਰ ਦਿ ਸਕਿੱਨ’, ‘ਏ ਸਪੇਸ ਓਡੀਸੀ’, ‘ਮੈੱਨ ਇਨ ਬਲੈਕ’, ‘ਵਾਰ ਆਫ਼ ਦਿ ਵਰਲਡਜ਼’, ‘ਦਿ ਥਿੰਗ’, ‘ਅਰਾਈਵਲ ਅਤੇ ਕਲਾਸਿਕ ਐਨਕਾਊਂਟਰਜ਼ ਆਫ਼ ਦਿ ਥਰਡ ਵਰਲਡ’ ਆਦਿ ਸਮੇਤ ਸੌ ਦੇ ਕਰੀਬ ਫ਼ਿਲਮਾਂ ਵੀ ਦੂਜੇ ਗ੍ਰਹਿਆਂ ਤੋਂ ਯੂ.ਐਫ਼.ਓ. ਦੇ ਆਉਣ ਅਤੇ ਉਨ੍ਹਾਂ ਗ੍ਰਹਿਆਂ ਦੇ ਲੋਕਾਂ ਦਾ ਹਾਈਟੈੱਕ ਹੋਣ ਵੱਲ ਇਸ਼ਾਰਾ ਕਰਦੀਆਂ ਹਨ। ਇਹ ਸਾਰੀਆਂ ਫ਼ਿਲਮਾਂ ਕੋਰੀ ਕਲਪਨਾ ’ਤੇ ਆਧਾਰਿਤ ਨਹੀਂ ਸਨ, ਸਗੋਂ ਵੱਖ-ਵੱਖ ਪੁਲਾੜ ਵਿਗਿਆਨੀਆਂ ਜਾਂ ਵਿਸ਼ਾ ਮਾਹਿਰਾਂ ਵੱਲੋਂ ਹੁਣ ਤੱਕ ਜੋ ਵੀ ਉਡਣ-ਤਸ਼ਤਰੀਆਂ ਜਾਂ ਦੂਜੇ ਗ੍ਰਹਿ ਦੇ ਵਾਸੀਆਂ ਬਾਰੇ ਦੱਸਿਆ ਗਿਆ ਹੈ, ਉਸ ਜਾਣਕਾਰੀ ’ਤੇ ਆਧਾਰਿਤ ਸਨ।
ਚੇਤੇ ਰਹੇ, ਪੁਲਾੜ ਵਿੱਚ ਭੇਜੇ ਗਏ ‘ਜੈਮਿਨੀ-4’ ਅਤੇ ‘ਜੈਮਿਨੀ-7’ ਆਦਿ ਮਿਸ਼ਨਾਂ ਦੇ ਪੁਲਾੜ ਯਾਤਰੀਆਂ ਤੋਂ ਇਲਾਵਾ ਸੰਨ 2005 ਵਿੱਚ ਲਿਰਾਏ ਸ਼ਿਆਓ, ਸੰਨ 2013 ਵਿੱਚ ਕ੍ਰਿਸਟੋਫ਼ਰ ਕੱਸੈਡੀ ਅਤੇ ਸੰਨ 2020 ਵਿੱਚ ਇਵਾਨ ਵੈਗਨਰ’ ਨਾਮੀਂ ਪੁਲਾੜ ਯਾਤਰੀਆਂ ਨੇ ਪੁਲਾੜ ਵਿੱਚ ਕੁਝ ਰਹੱਸਮਈ ‘ਉੱਡਣ ਵਸਤੂਆਂ’ ਵੇਖੇ ਜਾਣ ਦੇ ਦਾਅਵੇ ਕੀਤੇ ਹਨ। ਯੂ.ਐਫ਼.ਓ. ਬਾਰੇ ਚਰਚਾ ਵਰਤਮਾਨ ਸਮੇਂ ਵਿੱਚ ਵੀ ਪੂਰੇ ਜ਼ੋਰਾਂ ’ਤੇ ਹੈ ਤੇ ਹਰ ਸਾਲ ਯੂ.ਐਫ਼.ਓ. ਅਤੇ ਦੂਜੇ ਗ੍ਰਹਿਆਂ ਦੇ ਜੀਵਾਂ ਦੀ ਹੋਂਦ ’ਤੇ ਵਿਸ਼ਵਾਸ ਕਰਨ ਵਾਲਿਆਂ ਦੀ ਸੰਖਿਆ ਵਧਦੀ ਹੀ ਜਾ ਰਹੀ ਹੈ।
