ਅਮੈਰਿਕਾ ਦੇ ਆਜ਼ਾਦੀ ਜਸ਼ਨਾਂ ਵਿੱਚ ਸਿੱਖ ਭਾਈਚਾਰੇ ਵੱਲੋਂ ਸ਼ਮੂਲੀਅਤ

ਖਬਰਾਂ

ਕਰਾਊਨ ਪੁਆਇੰਟ (ਇੰਡੀਆਨਾ): ਲੰਘੀ 4 ਜੁਲਾਈ ਨੂੰ ਮਨਾਇਆ ਗਿਆ ਅਮੈਰਿਕਾ ਦਾ 250ਵਾਂ ਆਜ਼ਾਦੀ ਦਿਵਸ ਗੁਰਦੁਆਰਾ ਕਰਾਊਨ ਪੁਆਇੰਟ (ਇੰਡੀਆਨਾ) ਦੇ ਇਤਿਹਾਸ ਵਿੱਚ ਯਾਦਗਾਰੀ ਦਿਨ ਬਣ ਗਿਆ। ਇਸ ਮੌਕੇ ਗੁਰਦੁਆਰਾ ਕਰਾਊਨ ਪੁਆਇੰਟ ਦੀ ਸੰਗਤ, ਪੰਜਾਬੀ ਸਕੂਲ ਦੇ ਬੱਚਿਆਂ ਅਤੇ ਪੰਜਾਬੀ ਅਮੈਰਿਕਨ ਯੂਥ ਕਲੱਬ (ਇੰਡੀਆਨਾ) ਦੇ ਮੈਂਬਰਾਂ ਨੇ ਪਰੇਡ ਵਿੱਚ ਉਚੇਚੀ ਸ਼ਮੂਲੀਅਤ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ।

ਜ਼ਿਕਰਯੋਗ ਹੈ ਕਿ 4 ਜੁਲਾਈ 1776 ਵਾਲ਼ੇ ਦਿਨ ਇਸ ਮੁਲਕ ਨੂੰ ਬ੍ਰਿਟਸ਼ ਸਾਮਰਾਜ ਤੋਂ ਆਜ਼ਾਦ ਕਰਵਾਇਆ ਗਿਆ ਸੀ। ਭਾਵੇਂ ਹਰ ਸਾਲ ਇਹ ਦਿਨ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ, ਪਰ ਇਸ ਵਾਰ ਇਸ ਦਾ ਜਲੌਅ ਵੱਖਰਾ ਹੀ ਸੀ। ਕਰਾਊਨ ਪੁਆਇੰਟ ਹਾਈ ਸਕੂਲ ਤੋਂ ਸ਼ੁਰੂ ਹੋਈ ਪਰੇਡ ਦੋ ਮੀਲ ਦਾ ਸਫਰ ਤੈਅ ਕਰਕੇ ਡਾਊਨ ਟਾਊਨ ਵਿੱਚ ਖਤਮ ਹੋਈ। ਵੱਖ-ਵੱਖ ਸਮਾਜਿਕ-ਕਾਰੋਬਾਰੀ ਗਰੁੱਪਾਂ ਤੇ ਭਾਈਚਾਰਿਆਂ ਵੱਲੋਂ ਪਰੇਡ ਦੌਰਾਨ ਝਾਕੀਆਂ ਪੇਸ਼ ਕੀਤੀਆਂ ਗਈਆਂ। ਹਜ਼ਾਰਾਂ ਦੀ ਗਿਣਤੀ ਵਿੱਚ ਸੜਕਾਂ ਕਿਨਾਰੇ ਬੈਠ ਪਰੇਡ ਦੇਖਣ ਆਏ ਲੋਕਾਂ ਲਈ ਇਹ ਖਾਸ ਪਲ ਸਨ। ਪਹਿਲੀ ਵਾਰ ਉਨ੍ਹਾਂ ਨੇ ਦਸਤਾਰਾਂ, ਦੁਪੱਟਿਆਂ ਤੇ ਅਮਰੀਕਨ ਝੰਡੇ ਵਾਲ਼ੀਆਂ ਕਮੀਜ਼ਾਂ ਪਹਿਨੇ ਲੋਕਾਂ ਨੂੰ ਦੇਖ ਕੇ ਕਿਲਕਾਰੀਆਂ ਮਾਰਦੇ ਹੋਏ ਸਵਾਗਤ ਕੀਤਾ। ਸਕੂਲ ਬੰਦ ਹੋਣ ਕਰਕੇ ਕਈ ਬੱਚੇ ਛੁੱਟੀਆਂ ਮਨਾਉਣ ਲਈ ਗਏ ਹੋਏ ਸਨ, ਪਰ ਫਿਰ ਵੀ ਕੁੱਝ ਬੱਚਿਆਂ ਦੀ ਸ਼ਮੂਲੀਅਤ ਨਾਲ ਇਹ ਦਿਨ ਹੋਰ ਵੀ ਖੂਬਸੂਰਤ ਹੋ ਗਿਆ।
ਗੁਰਦੁਆਰਾ ਕਰਾਊਨ ਪੁਆਇੰਟ ਦੇ ਪੰਜਾਬੀ ਸਕੂਲ ਦੇ ਇੰਚਾਰਜ ਅਤੇ ਸ਼ਾਇਰ/ਲੇਖਕ ਰਵਿੰਦਰ ਸਹਿਰਾਅ ਨੇ ਦੱਸਿਆ ਕਿ ਕਾਰੋਬਾਰੀ ਲੋਕਾਂ ਲਈ ਇਹ ਦਿਨ ਬਹੁਤ ਰੁਝੇਵਿਆਂ ਭਰਿਆ ਹੁੰਦਾ ਹੈ ਤੇ ਸਾਡੇ ਬਹੁਤੇ ਕਮੇਟੀ ਮੈਂਬਰਾਂ ਦੇ ਕਾਰੋਬਾਰ ਹਨ, ਪਰ ਫਿਰ ਵੀ ਉਨ੍ਹਾਂ ਵਕਤ ਕੱਢਿਆ। ਅਧਿਆਪਕ ਜੋੜੀ ਭੁਪਿੰਦਰ ਸਿੰਘ-ਰਵਿੰਦਰ ਕੌਰ ਦਾ ਸਵਾ ਸਾਲ ਦਾ ਪੋਤਰਾ ਤੇ ਵੱਡੇ ਸਹਿਯੋਗੀ ਮਨਮੀਤ ਸਿੰਘ ਅਮਨ ਦਾ ਪੁੱਤਰ ਜ਼ੋਰਾਵਰ ਫ਼ਤਿਹ ਸਿੰਘ ਇਸ ਪਰੇਡ ਦਾ ਵਿਸ਼ੇਸ਼ ਹਾਸਲ ਸੀ, ਜੋ ਸਖ਼ਤ ਗਰਮੀ ਦੇ ਬਾਵਜੂਦ ਦੋ ਮੀਲ ਲੰਮੀ ਪਰੇਡ ਵਿੱਚ ਮੁਸਕਾਨ ਵੰਡਦਾ ਰਿਹਾ।
ਪੰਜਾਬੀ ਅਮੈਰਿਕਨ ਯੂਥ ਕਲੱਬ ਦੇ ਮੈਂਬਰ ਅੱਤ ਦੀ ਗਰਮੀ ਵਿੱਚ ਪਾਣੀ ਦੀਆਂ ਬੋਤਲਾਂ ਵੰਡ ਰਹੇ ਸਨ। ਇਸ ਤੋਂ ਇਲਾਵਾ ਪਰੇਡ ਵਿੱਚ ਸ਼ਾਮਲ ਬੱਚਿਆਂ ਨੂੰ ਕੈਂਡੀਆਂ ਤੇ ਗੈਟੋਰੇਡ ਦੇ ਕੇ ਉਨ੍ਹਾਂ ਤੋਂ ਧੰਨਵਾਦੀ ਸ਼ਬਦ ਕਬੂਲੇ ਅਤੇ ਪੰਜਾਬੀ ਭਾਈਚਾਰੇ ਦੇ ਲੋਕ ਇਹ ਸੁਨੇਹਾ ਵੀ ਦੇ ਰਹੇ ਸਨ ਕਿ ਅਸੀਂ ਇਸ ਖੁਸ਼ੀ ਵਿੱਚ ਤੁਹਾਡੇ ਨਾਲ ਹਾਂ। ਕਰਾਊਨ ਪੁਆਇੰਟ ਸ਼ਹਿਰ ਲਈ ਮੇਅਰ ਦੀ ਉਮੀਦਵਾਰ, ਸਟੇਟ ਕਾਂਗਰਸ ਅਤੇ ਸੈਨੇਟ ਦੇ ਉਮੀਦਵਾਰ ਸਿੱਖ/ਪੰਜਾਬੀ ਭਾਈਚਾਰੇ ਕੋਲ ਆ ਕੇ ਵਧਾਈਆਂ ਦੇ ਰਹੇ ਸਨ।
ਚੇਤੇ ਰਹੇ, ਗੁਰਦੁਆਰਾ ਕਰਾਊਨ ਪੁਆਇੰਟ ਬਣੇ ਨੂੰ ਤੀਹ ਦੇ ਕਰੀਬ ਸਾਲ ਹੋ ਚੁੱਕੇ ਹਨ। ਡੇਢ ਕੁ ਸਾਲ ਪਹਿਲਾਂ ਰਵਿੰਦਰ ਸਹਿਰਾਅ ਨੇ ਕੁਝ ਹੋਰ ਸੱਜਣਾਂ ਨੂੰ ਨਾਲ ਲੈ ਕੇ ਇੱਥੇ ਪੰਜਾਬੀ ਕਲਾਸ ਸ਼ੁਰੂ ਕੀਤੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਟਿਵਾਣਾ ਅਤੇ ਦੂਜੇ ਮੈਂਬਰਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ। ਸ. ਸਹਿਰਾਅ ਨੇ ਦੱਸਿਆ ਕਿ ਸਾਰੇ ਕਮੇਟੀ ਮੈਂਬਰ ਅਗਾਂਹ-ਵਧੂ ਵਿਚਾਰਾਂ ਵਾਲੇ ਹਨ। ਅਸੀਂ ਬੱਚਿਆਂ ਨੂੰ ਗੁਰਮੁਖੀ ਅੱਖਰ ਸਿਖਾਉਣ, ਸਿੱਖ ਇਤਿਹਾਸ ਦੇ ਨਾਲ ਨਾਲ ਪੰਜਾਬੀ ਸਾਹਿਤ ਨਾਲ ਜੋੜਨ ਦੀ ਵੀ ਕੋਸ਼ਿਸ਼ ਕੀਤੀ। ਗੁਰਪੁਰਬਾਂ ਤੋਂ ਇਲਾਵਾ ਮਦਰ`ਜ਼ ਡੇਅ, ਫ਼ਾਦਰ`ਜ਼ ਡੇਅ ਅਤੇ ਆਲਮੀ ਮਾਂ ਬੋਲੀ ਦਿਹਾੜਾ ਵੀ ਮਨਾਇਆ। ਸਾਡੇ ਨਾਲ ਬਹੁਤ ਸਿਆਣੇ ਅਧਿਆਪਕ ਵੀ ਜੁੜਦੇ ਗਏ; ਪਰ ਇੱਕ ਗੱਲ ਰੜਕਦੀ ਰਹਿੰਦੀ ਸੀ ਕਿ ਹੁਣ ਅਸੀਂ ਇਸ ਮੁਲਕ ਦੇ ਬਾਸ਼ਿੰਦੇ ਹਾਂ, ਸਾਡੇ ਬੱਚੇ ਜੋ ਇੱਥੇ ਜੰਮੇ ਹਨ, ਕਈ ਵਾਰ ਸਕੂਲ ਵਿੱਚ ਉਨ੍ਹਾਂ ਦੀ ਦਿੱਖ (ਪਟਕਾ ਜਾਂ ਪਗੜੀ) ਕਾਰਨ ਉਨ੍ਹਾਂ ਨੂੰ ਮੁਸ਼ਕਲ ਹੁੰਦੀ ਹੈ।
ਸ. ਸਹਿਰਾਅ ਨੇ ਦੱਸਿਆ ਕਿ ਬਹੁਤ ਸਾਰੇ ਸ਼ਹਿਰਾਂ ਵਿੱਚ ਸਿਆਣੇ ਬਜ਼ੁਰਗਾਂ ਅਤੇ ਸਟੋਰਾਂ `ਤੇ ਕੰਮ ਕਰਨ ਵਾਲੇ ਕਾਮਿਆਂ ਨਾਲ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਹਨ। ਬਹੁਤ ਸਾਰੇ ਹੋਰ ਕਾਰਨਾਂ ਤੋਂ ਇਲਾਵਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਇੱਥੋਂ ਦੇ ਲੋਕਾਂ ਨਾਲ਼ ਘੁਲਣ-ਮਿਲਣ, ਤਿਉਹਾਰਾਂ ਅਤੇ ਇਤਿਹਾਸ ਤੋਂ ਅਨਜਾਣ ਹੋਣ ਕਰਕੇ ਆਪਣੀ ਪਛਾਣ ਤੇ ਸੱਭਿਆਚਾਰ ਨੂੰ ਦੱਸਣ ਵਿੱਚ ਕਾਮਯਾਬ ਨਹੀਂ ਹੁੰਦੇ। ਇਸ ਸੋਚ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਹਰ ਐਤਵਾਰ ਨੂੰ ਗੁਰੂ ਘਰ ਵਿੱਚ ਸੁਨੇਹਾ ਦਿੱਤਾ ਗਿਆ, ਵਿਦਿਆਰਥੀਆਂ ਅਤੇ ਮਾਪਿਆਂ ਨਾਲ਼ ਗੱਲਬਾਤ ਕੀਤੀ ਗਈ ਅਤੇ ਕਮੇਟੀ ਨੂੰ ਭਰੋਸੇ ਵਿੱਚ ਲਿਆ; ਜਿਸਦਾ ਨਤੀਜਾ ਇਸ ਸ਼ਹਿਰ ਦੀ ਪਰੇਡ ਵਿੱਚ ਸ਼ਾਮਲ ਹੋਣਾ ਸੀ।

Leave a Reply

Your email address will not be published. Required fields are marked *