ਵਿਰਸਾ ਫਾਊਂਡੇਸ਼ਨ: ਵਿਰਸੇ ਦੀ ਸੰਭਾਲ ਤੇ ਆਪਣੀ ਪੀੜ੍ਹੀ ਦਾ ਭਵਿੱਖ

ਗੂੰਜਦਾ ਮੈਦਾਨ

ਸ਼ਿਕਾਗੋ: ਬੰਦਾ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਵੱਸ ਜਾਵੇ, ਪਰ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁੱਲ ਸਕਦਾ। ਜੇ ਆਪਣੀ ਮਾਂ-ਬੋਲੀ, ਆਪਣੇ ਗੀਤ, ਆਪਣੇ ਨਾਚ, ਆਪਣੇ ਰਸਮੋ-ਰਿਵਾਜ ਅਤੇ ਆਪਣਾ ਇਤਿਹਾਸ ਹੀ ਭੁੱਲ ਗਏ, ਤਾਂ ਸਾਡੀ ਪਹਿਚਾਣ ਵੀ ਹੌਲੀ-ਹੌਲੀ ਖ਼ਤਮ ਹੋ ਜਾਵੇਗੀ। ਵਿਰਸਾ ਫਾਊਂਡੇਸ਼ਨ ਦਾ ਮਕਸਦ ਸਿਰਫ਼ ਪ੍ਰੋਗਰਾਮ ਕਰਵਾਉਣਾ ਨਹੀਂ, ਸਗੋਂ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਤੇ ਬੱਚਿਆਂ ਨੂੰ ਆਪਣੀ ਮਿੱਟੀ ਨਾਲ ਜੋੜਨਾ ਹੈ। ਵਿਦੇਸ਼ਾਂ ਵਿੱਚ ਪੈਦਾ ਹੋਏ ਬਹੁਤ ਸਾਰੇ ਬੱਚੇ ਅੱਜ ਪੰਜਾਬੀ ਬੋਲਣ ਤੋਂ ਵੀ ਝਿਜਕਦੇ ਹਨ।

ਉਨ੍ਹਾਂ ਨੂੰ ਆਪਣੇ ਲੋਕ-ਗੀਤ, ਲੋਕ-ਨਾਚ, ਇਤਿਹਾਸ ਅਤੇ ਮਹਾਨ ਸੱਭਿਆਚਾਰ ਬਾਰੇ ਬਹੁਤ ਘੱਟ ਜਾਣਕਾਰੀ ਹੁੰਦੀ ਹੈ। ਜੇ ਅਸੀਂ ਅੱਜ ਇਹ ਜ਼ਿੰਮੇਵਾਰੀ ਨਾ ਨਿਭਾਈ, ਤਾਂ ਕੱਲ੍ਹ ਸਾਡੀ ਵਿਰਾਸਤ ਸਿਰਫ਼ ਕਿਤਾਬਾਂ ਵਿੱਚ ਹੀ ਰਹਿ ਜਾਵੇਗੀ।
ਇਸੇ ਲਈ ਵਿਰਸਾ ਫਾਊਂਡੇਸ਼ਨ ਭੰਗੜਾ, ਗਿੱਧਾ, ਲੋਕ-ਗੀਤ, ਸੱਭਿਆਚਾਰਕ ਸਮਾਗਮ, ਖੇਡਾਂ, ਫਿਟਨੈੱਸ ਕੈਂਪ ਅਤੇ ਸਮਾਜ ਸੇਵਾ ਵਰਗੀਆਂ ਗਤੀਵਿਧੀਆਂ ਰਾਹੀਂ ਹਰ ਉਮਰ ਦੇ ਲੋਕਾਂ ਨੂੰ ਇਕੱਠਾ ਕਰਨ ਦਾ ਤਹੱਈਆ ਕਰਦੀ ਹੈ। ਜਦੋਂ ਇੱਕ ਬੱਚਾ ਸਟੇਜ `ਤੇ ਪੰਜਾਬੀ ਬੋਲਦਾ ਹੈ, ਭੰਗੜਾ ਪਾਉਂਦਾ ਹੈ ਜਾਂ ਆਪਣੀ ਮਿੱਟੀ ਨਾਲ ਜੁੜੇ ਹੋਣ ਦਾ ਅਹਿਸਾਸ ਪ੍ਰਗਟਾਉਂਦੇ ਗੀਤ ਗਾਉਂਦਾ ਹੈ, ਤਾਂ ਇਹ ਸਿਰਫ਼ ਇੱਕ ਪੇਸ਼ਕਾਰੀ ਨਹੀਂ ਹੁੰਦੀ, ਸਗੋਂ ਇਹ ਸਾਡੀ ਵਿਰਾਸਤ ਦੀ ਜਿੱਤ ਹੁੰਦੀ ਹੈ।
ਵਿਰਸਾ ਫਾਊਂਡੇਸ਼ਨ ਅਨੁਸਾਰ ਅੱਜ ਦੇ ਸਮੇਂ ਵਿੱਚ ਇੱਕ ਹੋਰ ਵੱਡੀ ਸਮੱਸਿਆ ਹੈ ਕਿ ਬੱਚੇ ਅਤੇ ਵੱਡੇ- ਦੋਵੇਂ ਸਰੀਰਕ ਤੌਰ `ਤੇ ਘੱਟ ਸਰਗਰਮ ਹੋ ਰਹੇ ਹਨ। ਮੋਬਾਈਲ ਫੋਨ, ਕੰਪਿਊਟਰ ਅਤੇ ਸੋਸ਼ਲ ਮੀਡੀਆ ਨੇ ਸਾਨੂੰ ਘਰਾਂ ਵਿੱਚ ਬੈਠਾ ਦਿੱਤਾ ਹੈ। ਇਸ ਲਈ ਵਿਰਸਾ ਫਾਊਂਡੇਸ਼ਨ ਦਾ ਮੰਨਣਾ ਹੈ ਕਿ ਜਿੰਨੀ ਲੋੜ ਸੱਭਿਆਚਾਰ ਦੀ ਹੈ, ਉੱਨੀ ਹੀ ਲੋੜ ਤੰਦਰੁਸਤੀ ਦੀ ਵੀ ਹੈ। ਇਸੇ ਕਰਕੇ ਅਸੀਂ ਫਿਟਨੈੱਸ ਕੈਂਪ, ਖੇਡ ਮੁਕਾਬਲੇ ਅਤੇ ‘ਫਿੱਟ ਪੰਜਾਬੀ ਕਿਡਜ਼’ ਵਰਗੇ ਉਪਰਾਲੇ ਸ਼ੁਰੂ ਕੀਤੇ ਹਨ, ਤਾਂ ਜੋ ਸਾਡੀ ਨਵੀਂ ਪੀੜ੍ਹੀ ਸਿਹਤਮੰਦ, ਅਨੁਸ਼ਾਸਿਤ ਅਤੇ ਆਤਮ-ਵਿਸ਼ਵਾਸੀ ਬਣੇ।
ਵਿਰਸਾ ਫਾਊਂਡੇਸ਼ਨ ਇਹ ਵੀ ਮੰਨਦੀ ਹੈ ਕਿ ਸਮਾਜ ਉਦੋਂ ਹੀ ਤਰੱਕੀ ਕਰਦਾ ਹੈ, ਜਦੋਂ ਲੋਕ ਇੱਕ-ਦੂਜੇ ਦਾ ਸਾਥ ਦਿੰਦੇ ਹਨ। ਇਸ ਲਈ ਅਸੀਂ ਕਮਿਊਨਿਟੀ ਸੇਵਾ, ਵਾਲੰਟੀਅਰ ਪ੍ਰੋਗਰਾਮ, ਸਿੱਖਿਆ ਅਤੇ ਨੌਜਵਾਨਾਂ ਦੀ ਲੀਡਰਸ਼ਿਪ ਉੱਤੇ ਵੀ ਕੰਮ ਕਰਨੇ ਸ਼ੁਰੂ ਕੀਤੇ ਹਨ। ਸਾਡੀ ਕੋਸ਼ਿਸ਼ ਹੈ ਕਿ ਹਰ ਨੌਜਵਾਨ ਆਪਣੀ ਸਫ਼ਲਤਾ ਦੇ ਨਾਲ-ਨਾਲ ਸਮਾਜ ਦੀ ਸੇਵਾ ਨੂੰ ਵੀ ਆਪਣਾ ਫ਼ਰਜ਼ ਸਮਝੇ।
ਵਿਰਸਾ ਫਾਊਂਡੇਸ਼ਨ ਸਿਰਫ਼ ਇੱਕ ਸੰਸਥਾ ਨਹੀਂ, ਸਗੋਂ ਇੱਕ ਅਜਿਹਾ ਪਰਿਵਾਰ ਹੈ ਜਿੱਥੇ ਹਰ ਬੱਚਾ, ਹਰ ਨੌਜਵਾਨ, ਹਰ ਮਾਪੇ ਅਤੇ ਹਰ ਬਜ਼ੁਰਗ ਨੂੰ ਆਪਣਾਪਣ ਮਿਲਦਾ ਹੈ। ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਮਾਣ ਨਾਲ ਕਹਿਣ, “ਅਸੀਂ ਪੰਜਾਬੀ ਹਾਂ, ਸਾਨੂੰ ਆਪਣੀ ਭਾਸ਼ਾ, ਆਪਣੇ ਸੱਭਿਆਚਾਰ ਅਤੇ ਆਪਣੇ ਵਿਰਸੇ `ਤੇ ਮਾਣ ਹੈ।”
ਆਓ, ਸਾਰੇ ਮਿਲ ਕੇ ਇਸ ਕਾਰਵਾਂ ਦਾ ਹਿੱਸਾ ਬਣੀਏ। ਆਪਣੀ ਮਿੱਟੀ ਨਾਲ ਨਾਤਾ ਜੋੜੀਏ, ਆਪਣੀ ਵਿਰਾਸਤ ਨੂੰ ਸੰਭਾਲੀਏ, ਆਪਣੇ ਬੱਚਿਆਂ ਨੂੰ ਪੰਜਾਬੀਅਤ ਦੀ ਪਛਾਣ ਦੇਈਏ ਅਤੇ ਇੱਕ ਸਿਹਤਮੰਦ, ਇਕਜੁੱਟ ਤੇ ਮਜਬੂਤ ਸਮਾਜ ਦੀ ਸਿਰਜਣਾ ਕਰੀਏ। ਸਿਆਣਿਆਂ ਦਾ ਕਥਨ ਹੈ, “ਜਿਹੜੀ ਕੌਮ ਆਪਣਾ ਵਿਰਸਾ ਸੰਭਾਲਦੀ ਹੈ, ਉਹੀ ਕੌਮ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਬਣਦੀ ਹੈ।”
ਇਸ ਸਭ ਨਾਲ ਜੁੜੇ ਰਹਿਣ ਦੀ ਸੋਚ ਨਾਲ ਫਰਵਰੀ 2026 ਵਿੱਚ ਵਿਰਸਾ ਫਾਊਂਡੇਸ਼ਨ (ਨਾਨ ਪ੍ਰਾਫਿਟ) ਦੀ ਸ਼ੁਰੂਆਤ ਹੋਈ, ਜੋ ਸ਼ਿਕਾਗੋ ਤੇ ਮਿਲਵਾਕੀ ਵਿੱਚ ਸਰਗਰਮੀਆਂ ਕਰੇਗੀ। ਖੇਡਾਂ, ਸੱਭਿਆਚਾਰ, ਤੰਦਰੁਸਤੀ ਅਤੇ ਸਮਾਜ ਸੇਵਾ ਨੂੰ ਸਮਰਪਿਤ ਅਮਨਦੀਪ ਸਿੰਘ ਕੁਲਾਰ ਅਨੁਸਾਰ ਇਸ ਵੱਲੋਂ ‘ਫਿੱਟ ਪੰਜਾਬੀ ਕਿਡਜ਼’ ਪ੍ਰੋਗਰਾਮ 2 ਅਗਸਤ ਨੂੰ ਮਿਲਵਾਕੀ (ਵਿਸਕਾਨਸਿਨ) ਵਿੱਚ ਅਤੇ ‘ਫਿੱਟ ਪੰਜਾਬੀ ਅਡੱਲਟ’ 10 ਅਕਤੂਬਰ ਨੂੰ ਲਿਬਰਟੀਵਿਲ (ਇਲੀਨਾਏ) ਵਿੱਚ ਰੱਖਿਆ ਗਿਆ ਹੈ।
ਅਮਨ ਕੁਲਾਰ ਮੰਨਦੇ ਹਨ ਕਿ ਇੱਕ ਮਜਬੂਤ ਸਮਾਜ ਦੀ ਨੀਂਹ ਤੰਦਰੁਸਤ ਸਰੀਰ, ਚੰਗੇ ਸੰਸਕਾਰ ਅਤੇ ਆਪਣੀ ਵਿਰਾਸਤ ਨਾਲ ਪਿਆਰ ਉੱਤੇ ਟਿਕੀ ਹੁੰਦੀ ਹੈ। ਕਾਲਜ ਦੇ ਦਿਨਾਂ ਤੋਂ ਹੀ ਉਹ ਖੇਡਾਂ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੇ ਸਨ। ਉਹ ਲਗਾਤਾਰ ਚਾਰ ਸਾਲ ਆਪਣੇ ਕਾਲਜ ਦੇ ਸਰਵੋਤਮ ਐਥਲੀਟ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਯੂਨੀਵਰਸਿਟੀ ਪੱਧਰ ਦੇ ਐਥਲੈਟਿਕਸ ਮੁਕਾਬਲਿਆਂ ਵਿੱਚ ਆਪਣੇ ਕਾਲਜ ਦੀ ਨੁਮਾਇੰਦਗੀ ਕੀਤੀ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਤਿੰਨ ਸਾਲ ਆਪਣੇ ਕਾਲਜ ਦੀ ਭੰਗੜਾ ਟੀਮ ਦੇ ਕਪਤਾਨ ਰਹੇ। ਉਨ੍ਹਾਂ ਦੀ ਅਗਵਾਈ ਹੇਠ ਟੀਮ ਨੇ ਕਈ ਮਹੱਤਵਪੂਰਨ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਪੰਜਾਬੀ ਲੋਕ-ਨਾਚ ਦੀ ਸ਼ਾਨ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ਉਨ੍ਹਾਂ ਲਈ ਭੰਗੜਾ ਸਿਰਫ਼ ਇੱਕ ਨਾਚ ਨਹੀਂ, ਸਗੋਂ ਪੰਜਾਬੀਅਤ ਦੀ ਰੂਹ ਹੈ।
ਅਮਰੀਕਾ ਆਉਣ ਤੋਂ ਬਾਅਦ ਵੀ ਉਨ੍ਹਾਂ ਨੇ ਖੇਡਾਂ ਨਾਲ ਆਪਣਾ ਰਿਸ਼ਤਾ ਕਾਇਮ ਰੱਖਿਆ। ਉਨ੍ਹਾਂ ਨੇ ਅਮਰੀਕਨ ਟਰੈਕ ਐਂਡ ਫ਼ੀਲਡ ਮਾਸਟਰਜ਼ ਗੇਮਜ਼ ਵਿੱਚ ਜੈਵਲਿਨ ਥਰੋਅ (ਭਾਲਾ ਸੁੱਟਣਾ) ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ। ਇਹ ਪ੍ਰਾਪਤੀ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਦੀ ਮਿਸਾਲ ਹੈ। ਅਮਨ ਕੁਲਾਰ ਇੱਕ ਫਿਟਨੈੱਸ ਕੋਚ ਵਜੋਂ ਵੀ ਜਾਣੇ ਜਾਂਦੇ ਹਨ। ਉਹ ਬੱਚਿਆਂ, ਨੌਜਵਾਨਾਂ ਅਤੇ ਬਾਲਗਾਂ ਨੂੰ ਸਰੀਰਕ ਤੌਰ `ਤੇ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿਹਤ ਹੀ ਸਭ ਤੋਂ ਵੱਡੀ ਦੌਲਤ ਹੈ ਅਤੇ ਇੱਕ ਤੰਦਰੁਸਤ ਇਨਸਾਨ ਹੀ ਆਪਣੇ ਪਰਿਵਾਰ ਤੇ ਸਮਾਜ ਦੀ ਬਿਹਤਰ ਸੇਵਾ ਕਰ ਸਕਦਾ ਹੈ। ਇਸੇ ਸੋਚ ਨਾਲ ਉਹ ਫਿਟਨੈੱਸ ਕੈਂਪ, ਖੇਡ ਮੁਕਾਬਲੇ ਅਤੇ ਤੰਦਰੁਸਤੀ ਸੰਬੰਧੀ ਗਤੀਵਿਧੀਆਂ ਦਾ ਆਯੋਜਨ ਕਰਦੇ ਰਹਿੰਦੇ ਹਨ। ਖੇਡਾਂ ਅਤੇ ਸੱਭਿਆਚਾਰ ਦੇ ਨਾਲ-ਨਾਲ ਉਹ ਸਮਾਜ ਸੇਵਾ ਵਿੱਚ ਵੀ ਅੱਗੇ ਰਹਿੰਦੇ ਹਨ। ਉਨ੍ਹਾਂ ਦੀ ਸੋਚ ਹੈ ਕਿ ਜੇ ਹਰ ਇਨਸਾਨ ਆਪਣੇ ਸਮਾਜ ਲਈ ਥੋੜ੍ਹਾ ਜਿਹਾ ਵੀ ਯੋਗਦਾਨ ਪਾਏ, ਤਾਂ ਪੂਰਾ ਭਾਈਚਾਰਾ ਹੋਰ ਮਜਬੂਤ ਅਤੇ ਖੁਸ਼ਹਾਲ ਬਣ ਸਕਦਾ ਹੈ।
ਉਹ ਭੰਗੜਾ ਰਾਈਮਜ਼ ਅਤੇ ਵਿਰਸਾ ਫਾਊਂਡੇਸ਼ਨ ਰਾਹੀਂ ਅਨੇਕਾਂ ਬੱਚਿਆਂ ਅਤੇ ਪਰਿਵਾਰਾਂ ਨੂੰ ਪੰਜਾਬੀ ਸੱਭਿਆਚਾਰ, ਤੰਦਰੁਸਤੀ, ਅਨੁਸ਼ਾਸਨ ਅਤੇ ਸਮਾਜ ਸੇਵਾ ਨਾਲ ਜੋੜ ਰਹੇ ਹਨ। ਉਨ੍ਹਾਂ ਦਾ ਮਿਸ਼ਨ ਸਿਰਫ਼ ਭੰਗੜਾ ਸਿਖਾਉਣਾ ਜਾਂ ਖੇਡਾਂ ਕਰਵਾਉਣਾ ਨਹੀਂ, ਸਗੋਂ ਅਜਿਹੀ ਪੀੜ੍ਹੀ ਤਿਆਰ ਕਰਨੀ ਹੈ ਜੋ ਆਪਣੀ ਭਾਸ਼ਾ, ਆਪਣੇ ਸੱਭਿਆਚਾਰ, ਆਪਣੀ ਸਿਹਤ ਅਤੇ ਆਪਣੇ ਸਮਾਜ `ਤੇ ਮਾਣ ਕਰੇ।

Leave a Reply

Your email address will not be published. Required fields are marked *