ਸਤਲੁੱਜ ਤੋਂ ਜਮਨਾ ਤੱਕ ਸਿੱਖ ਰਿਆਸਤਾਂ ਦਾ ਗਠਨ : ਕਾਂਡ ਪਹਿਲਾ

ਆਮ-ਖਾਸ

ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਆਮ ਪਾਠਕ ਹੁਣ ਤੱਕ ਅਣਛੋਹ ਅਤੇ ਅਣਗੌਲੀ ਰਹੀ ਸਮੱਗਰੀ ਉੱਤੇ ਆਧਾਰਿਤ ਪੁਸਤਕ ‘ਰਾਜੇ ਭੂਰਿਆਂ ਵਾਲੇ’ ਪੜ੍ਹ ਕੇ ਜਾਣ ਸਕਣਗੇ ਕਿ ਇਸ ਵਿੱਚ ਪੇਸ਼ ਜਾਣਕਾਰੀ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਸੰਪੂਰਨ ਨਹੀਂ ਮੰਨਿਆ ਜਾ ਸਕਦਾ, ਅਤੇ ਇਹ ਵੀ ਕਿ ਆਪਣੀ ਹਕੂਮਤ ਸਥਾਪਤ ਕਰਨ ਵਾਸਤੇ ਅੰਗਰੇਜ਼ਾਂ ਨੇ ਕਿਸ ਤਰ੍ਹਾਂ ਦੇ ਹੱਥਕੰਡੇ ਵਰਤੇ! ਉਮੀਦ ਹੈ, ਸਥਾਨਕ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਲਈ ਇਹ ਲੜੀਵਾਰ ਲੇਖ ਸਮੱਗਰੀ ਮਹੱਤਵਪੂਰਨ ਤੇ ਜਾਣਕਾਰੀ ਭਰਪੂਰ ਸਿੱਧ ਹੋਵੇਗੀ। ਪੇਸ਼ ਹੈ, ਸਤਲੁੱਜ ਤੋਂ ਜਮਨਾ ਤੱਕ ਸਿੱਖ ਰਿਆਸਤਾਂ ਦੇ ਗਠਨ ਨਾਲ ਸਬੰਧਤ ਪਹਿਲੇ ਕਾਂਡ ਦਾ ਕੁਝ ਹਿੱਸਾ… ਪ੍ਰਬੰਧਕੀ ਸੰਪਾਦਕ

ਡਾ. ਗੁਰਦੇਵ ਸਿੰਘ ਸਿੱਧੂ
ਫੋਨ:+91-9417049417

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਜਦ ਕਦੇ ਵੀ ਸਤਲੁੱਜ ਦਰਿਆ ਤੋਂ ਚੜ੍ਹਦੇ ਪਾਸੇ ਸਿੱਖ ਰਿਆਸਤਾਂ ਦਾ ਜ਼ਿਕਰ ਛਿੜਦਾ ਹੈ ਤਾਂ ਅਕਸਰ ਹੀ ਗੱਲ ਫੂਲਕੀਆਂ ਮਿਸਲ ਦੀਆਂ ਤਿੰਨ ਰਿਆਸਤਾਂ– ਪਟਿਆਲਾ, ਨਾਭਾ ਤੇ ਜੀਂਦ; ਅਤੇ ਬਰਾੜ-ਬੰਸੀਆਂ ਦੀ ਰਿਆਸਤ ਫਰੀਦ ਕੋਟ ਉੱਤੇ ਆ ਕੇ ਖਤਮ ਹੋ ਜਾਂਦੀ ਹੈ। ਇਹ ਇਸ ਕਾਰਨ ਕਿ ਇਹ ਚਾਰੇ ਸਿੱਖ ਰਿਆਸਤਾਂ ਮੌਕੇ ਅਨੁਸਾਰ ਢੁਕਵੇਂ ਸਿਆਸੀ ਪੈਂਤੜੇ ਲੈਂਦੀਆਂ ਰਹਿਣ ਕਾਰਨ ਅੰਗਰੇਜ਼ੀ ਹਕੂਮਤ ਦੇ ਪੇਟੇ ਪੈਣ ਤੋਂ ਬਚਦੀਆਂ ਭਾਰਤ ਨੂੰ ਆਜ਼ਾਦੀ ਮਿਲਣ ਤੱਕ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੀਆਂ। ਲਗਭਗ ਦੋ ਸਦੀਆਂ ਬੀਤਣ ਉਪਰੰਤ ਸਾਨੂੰ ਵਿਸਰ ਗਿਆ ਹੈ ਕਿ ਅਠਾਰਵੀਂ ਸਦੀ ਦੇ ਪਿਛਲੇਰੇ ਅੱਧ ਦੌਰਾਨ ਇੱਕ ਮੌਕਾ ਅਜਿਹਾ ਵੀ ਆਇਆ ਸੀ, ਜਦ ਦਰਿਆ ਸਤਲੁਜ ਅਤੇ ਦਰਿਆ ਜਮਨਾ ਦੇ ਵਿਚਕਾਰ ਵਰਤਮਾਨ ਪੰਜਾਬ ਅਤੇ ਹਰਿਆਣਾ ਵਿੱਚ ਪੈਂਦਾ ਲਗਭਗ ਸਾਰਾ ਇਲਾਕਾ ਵਿਭਿੰਨ ਸਿੱਖ ਸਰਦਾਰਾਂ ਦੀ ਅਧੀਨਗੀ ਹੇਠ ਸੀ। ਕੰਪਨੀ ਬਹਾਦਰ ਦੀ ਸਰਕਾਰ ਵੱਲੋਂ ਸਮੇਂ ਸਮੇਂ ਇਨ੍ਹਾਂ ਵਿੱਚੋਂ ਕੁਝ ਕੁ ਨੂੰ ‘ਰਾਜਾ’ ਖਿਤਾਬ ਨਾਲ ਨਿਵਾਜਿਆ ਗਿਆ ਸੀ- ਜਿਵੇਂ ਰਾਜਾ ਕੈਥਲ, ਰਾਜਾ ਲਾਡਵਾ, ਰਾਜਾ ਕਲਸੀਆ, ਰਾਜਾ ਮਨੀਮਾਜਰਾ ਆਦਿ। ਬਾਕੀ ਵੱਡੀਆਂ-ਛੋਟੀਆਂ ਮਿਲਖਾਂ ਵਾਲਿਆਂ ਨੂੰ ਬੇਸ਼ੱਕ ‘ਰਾਜਾ’ ਖਿਤਾਬ ਨਹੀਂ ਸੀ ਦਿੱਤਾ ਗਿਆ, ਪਰ ਛੋਟੀ ਤੋਂ ਛੋਟੀ ਮਿਲਖ ਦੇ ਮਾਲਕ ਵੀ ਆਪਣੀ ਮਿਲਖ ਅੰਦਰ ਘੱਟ-ਵੱਧ ਮਾਤਰਾ ਵਿੱਚ ਉਹ ਸਾਰੇ ਮਾਲੀ, ਫੌਜਦਾਰੀ ਅਤੇ ਅਦਾਲਤੀ ਅਧਿਕਾਰ ਵਰਤਦੇ ਸਨ, ਜੋ ਕਿਸੇ ਰਿਆਸਤ ਦੇ ਰਾਜੇ ਨੂੰ ਪ੍ਰਾਪਤ ਸਨ।
ਇਹ ਸਥਿਤੀ ਲਿਆਉਣ ਲਈ ਸਤਲੁਜ ਅਤੇ ਜਮਨਾ ਦਰਿਆ ਦੇ ਵਿਚਕਾਰਲੇ ਇਲਾਕੇ ਨੂੰ ਸਿੱਖਾਂ ਨੇ ਆਪਣੇ ਘੋੜਿਆਂ ਦੇ ਸੁੰਮਾਂ ਨਾਲ ਦੋ ਵਾਰ ਦਰੜਿਆ: ਪਹਿਲੀ ਵਾਰ 1710 ਵਿੱਚ ਅਤੇ ਫਿਰ ਦੂਜੀ ਵਾਰ 1764 ਵਿੱਚ।

ਸਰਹਿੰਦ ਦੀ ਪਹਿਲੀ ਫਤਿਹ
ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਥਾਪੜਾ ਪ੍ਰਾਪਤ ਬਾਬਾ ਬੰਦਾ ਸਿੰਘ ਬਹਾਦਰ 1710 ਵਿੱਚ ਪੰਜਾਬ ਪਹੁੰਚਿਆ। ਉਸ ਵੱਲੋਂ ਭੇਜੇ ਹੁਕਮਨਾਮਿਆਂ ਦੇ ਹੁੰਗਾਰੇ ਵਿੱਚ ਸਤਲੁਜ ਪਾਰ ਤੋਂ ਛੱਜਾ ਸਿੰਘ ਭੰਗੀ, ਖੁਸ਼ਾਲ ਸਿੰਘ ਰਾਮਗੜ੍ਹੀਆ, ਕਪੂਰ ਸਿੰਘ ਫੈਜ਼ਲਪੁਰੀਆ ਅਥਵਾ ਸਿੰਘਪੁਰੀਆ, ਬੁੱਢਾ ਸਿੰਘ ਸ਼ੁਕਰ ਚੱਕੀਆ, ਬਾਬਾ ਦੀਪ ਸਿੰਘ ਸ਼ਹੀਦ ਅਥਵਾ ਨਿਹੰਗ ਸਿੰਘਾਂ ਆਦਿ ਦੀ ਅਗਵਾਈ ਵਿੱਚ ਦੁਆਬੇ ਅਤੇ ਮਾਝੇ ਤੋਂ ਤਾਂ ਸਿੰਘ ਜਥੇ ਬਣਾ ਕੇ ਉਸ ਦੀ ਸੈਨਾ ਵਿੱਚ ਸ਼ਾਮਲ ਹੋਣ ਲਈ ਆਏ ਹੀ, ਮਾਲਵੇ ਦੇ ਸਿੰਘ ਵੀ ਪਿੱਛੇ ਨਹੀਂ ਰਹੇ। ਇਨ੍ਹੀਂ ਦਿਨੀਂ ਮਾਲਵੇ ਦੇ ਮੁਖੀ ਸਿੱਖਾਂ ਵਿੱਚ ਚੌਧਰੀ ਫੂਲ ਦੇ ਪੁੱਤਰ ਤਲੋਕ ਸਿੰਘ ਅਤੇ ਰਾਮ ਸਿੰਘ ਪ੍ਰਮੁੱਖ ਸਨ। ਚੌਧਰੀ ਫੂਲ ਮੁਗਲ ਹਕੂਮਤ ਪਾਸੋਂ ‘ਚੌਧਰੀ’ ਦਾ ਪਦ ਪ੍ਰਾਪਤ ਕਰ ਚੁੱਕਾ ਸੀ, ਇਸ ਲਈ ਉਸ ਦੀ ਮੌਤ ਪਿੱਛੋਂ ਉਸ ਦੀ ਵਿਰਾਸਤ ਦੇ ਮਾਲਕ ਬਣੇ ਉਸਦੇ ਪੁੱਤਰਾਂ ਨੇ ਵੀ ਮੁਗਲ ਹਕੂਮਤ ਨਾਲ ਇਹ ਸੰਬੰਧ ਬਣਾ ਕੇ ਰੱਖੇ ਹੋਏ ਸਨ। ਇਹ ਦੋਵੇਂ ਆਪਣੇ ਇਲਾਕੇ ਤੋਂ ਦੇਣ ਯੋਗ ਬਣਦਾ ਮਾਲੀਆ ਇਕੱਠਾ ਕਰਕੇ ਸਰਹਿੰਦ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦੇ ਸਨ। ਸ਼ਾਇਦ ਇਸ ਕਾਰਨ ਹੀ ਉਹ ਖੁਦ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸੈਨਾ ਵਿੱਚ ਸ਼ਾਮਲ ਨਹੀਂ ਹੋਏ, ਪਰ ਉਨ੍ਹਾਂ ਆਪਣੇ ਚੋਣਵੇਂ ਹਮਾਇਤੀ ਜ਼ਰੂਰ ਬਾਬਾ ਬੰਦਾ ਸਿੰਘ ਦੀ ਮਦਦ ਲਈ ਭੇਜੇ। ਇਸ ਪ੍ਰਕਾਰ ਇਕੱਠੀ ਹੋਈ ਸਿੱਖ ਸੈਨਾ ਨੇ ਮੁਗਲਾਂ ਦੇ ਕਹਿੰਦੇ-ਕਹਾਉਂਦੇ ਟਿਕਾਣੇ ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ ਆਦਿ ਮਿਲੀਆਮੇਟ ਕਰ ਦਿੱਤੇ।
ਬਾਬਾ ਬੰਦਾ ਸਿੰਘ ਬਹਾਦਰ ਦਾ ਮੁੱਖ ਨਿਸ਼ਾਨਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸੂਬਾ ਸਰਹਿੰਦ ਤੋਂ ਬਦਲ ਲੈਣਾ ਸੀ, ਜੋ ਵਜ਼ੀਰ ਖਾਂ ਸੂਬੇਦਾਰ ਸਰਹਿੰਦ ਨੂੰ 12 ਮਈ 1710 ਨੂੰ ਹਰਾਉਣ ਪਿੱਛੋਂ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ ਗਿਆ ਸੀ। ਪਿੱਛੋਂ ਫਤਿਹ ਕੀਤੇ ਇਲਾਕਿਆਂ ਦਾ ਪ੍ਰਬੰਧ ਕਰਨ ਵਾਸਤੇ ਚੋਣਵੇਂ ਸਿੱਖ ਮੁਖੀਆਂ ਨੂੰ ਜੁੰਮੇਵਾਰੀ ਸੌਂਪੀ ਗਈ। ਇਸ ਅਨੁਸਾਰ ਬਾਜ ਸਿੰਘ ਨੂੰ ਸਰਹਿੰਦ, ਫਤਿਹ ਸਿੰਘ ਨੂੰ ਸਮਾਣਾ ਅਤੇ ਰਾਮ ਸਿੰਘ ਨੂੰ ਥਾਨੇਸਰ ਦਾ ਗਵਰਨਰ ਥਾਪਿਆ ਗਿਆ। ਬਾਬਾ ਬੰਦਾ ਸਿੰਘ ਨੂੰ ਜਮਨਾ ਪਾਰ ਸਹਾਰਨਪੁਰ ਅਤੇ ਦਿਓਬੰਦ ਦੇ ਮੁਗਲ ਹਾਕਮਾਂ ਵੱਲੋਂ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੂੰ ਵੀ ਸੋਧ ਦਿੱਤਾ ਗਿਆ।
ਸਿੰਘਾਂ ਦੀਆਂ ਇਨ੍ਹਾਂ ਜਿੱਤਾਂ ਦੀ ਜਾਣਕਾਰੀ ਨੇ ਮੁਗਲ ਬਾਦਸ਼ਾਹ ਬਹਾਦਰਸ਼ਾਹ ਦੀ ਨੀਂਦ ਹਰਾਮ ਕਰ ਦਿੱਤੀ। ਉਸ ਨੂੰ ਆਪਣਾ ਕੋਈ ਵੀ ਜਰਨੈਲ ਸਿੱਖਾਂ ਦਾ ਮੁਕਾਬਲਾ ਕਰਨ ਦੇ ਯੋਗ ਪ੍ਰਤੀਤ ਨਾ ਹੋਇਆ ਤਾਂ ਉਹ ਖੁਦ ਸੈਨਾ ਲੈ ਕੇ ਪੰਜਾਬ ਵੱਲ ਤੁਰ ਪਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ਨੇੜੇ ਮੁਖਲਿਸ ਗੜ੍ਹ ਨੂੰ ਰਾਜਧਾਨੀ ਬਣਾ ਕੇ ਲੋਹਗੜ੍ਹ ਦੇ ਕਿਲ੍ਹੇ ਵਿੱਚ ਟਿਕਾਣਾ ਕੀਤਾ ਹੋਇਆ ਸੀ। ਬਾਦਸ਼ਾਹੀ ਫੌਜ ਨੇ ਕਿਲ੍ਹੇ ਨੂੰ ਘੇਰਾ ਪਾ ਲਿਆ। ਬਾਬਾ ਬੰਦਾ ਸਿੰਘ ਮੁਗਲਈ ਸੈਨਿਕ ਟਿੱਡੀ ਦਲ ਨੂੰ ਭਾਰੂ ਵੇਖ ਕਿਲ੍ਹੇ ਵਿੱਚੋਂ ਨਿਕਲ ਸਤਲੁਜ ਪਾਰ ਦੁਆਬੇ ਵਿੱਚ ਨਿਕਲ ਗਿਆ। 7 ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੰਘਾਂ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਗ੍ਰਿਫਤਾਰ ਕਰਨ ਉਪਰੰਤ ਦਿੱਲੀ ਲਿਜਾ ਕੇ ਸ਼ਹੀਦ ਕਰ ਦਿਤਾ ਗਿਆ। ਮੁਗਲਾਂ ਦੇ ਮੁੜ ਜ਼ੋਰ ਫੜ ਲੈਣ ਕਾਰਨ ਉਸ ਦੀ ਅਗਵਾਈ ਵਿੱਚ ਜਿੱਤੇ ਇਲਾਕੇ ਥੋੜ੍ਹ-ਚਿਰੀਆਂ ਪ੍ਰਾਪਤੀਆਂ ਰਹਿਣ ਪਿੱਛੋਂ ਮੁੜ ਮੁਗਲ ਸਲਤਨਤ ਦਾ ਭਾਗ ਬਣ ਗਏ।

ਸਰਹਿੰਦ ਦੀ ਦੂਜੀ ਫਤਿਹ
ਅਗਲੀ ਲਗਭਗ ਅੱਧੀ ਸਦੀ ਸਿੱਖ ਜ਼ਿੰਦਗੀ ਅਤੇ ਮੌਤ ਦਾ ਘੋਲ ਲੜਦੇ ਰਹੇ। ਇਸ ਅਰਸੇ ਦੌਰਾਨ ਉਨ੍ਹਾਂ ਨੂੰ ਪਹਿਲਾਂ ਮੁਗਲ ਹਕੂਮਤ ਵੱਲੋਂ ਥਾਪੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੇ ਕਹਿਰ ਦਾ ਸਾਹਮਣਾ ਕਰਨਾ ਪਿਆ। ਉਸ ਵੱਲੋਂ ਸਿੱਖੀ ਸਰੂਪ ਨੂੰ ਖਤਮ ਕਰਨ ਦੇ ਲਈ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਦੇ ਹੁਕਮਾਂ ਤੋਂ ਬਚਣ ਵਾਸਤੇ ਸਿੱਖਾਂ ਨੂੰ ਜੰਗਲਾਂ ਅਤੇ ਪਹਾੜਾਂ ਵਿੱਚ ਪਨਾਹ ਲੈਣੀ ਪਈ। 1 ਜੁਲਾਈ 1745 ਨੂੰ ਉਸ ਦੀ ਮੌਤ ਪਿੱਛੋਂ ਮੁਗਲ ਹਕੂਮਤ ਦੇ ਢਿੱਲ੍ਹੇ ਪੈਣ ਬਾਰੇ ਜਾਣ ਕੇ 1747 ਤੋਂ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਉੱਤੇ ਹਮਲੇ ਕਰਨੇ ਸ਼ੁਰੂ ਕੀਤੇ। ਉਹ ਜਿਉਂ ਹੀ ਹਿੰਦੁਸਤਾਨ ਦੇ ਅੰਦਰੂਨੀ ਭਾਗ ਵਿੱਚ ਲੁੱਟ ਮਾਰ ਕੇ ਮੁੜਦਾ, ਉਸ ਦੇ ਪੰਜਾਬ ਵਿੱਚੋਂ ਲੰਘਣ ਸਮੇਂ ਸਿੱਖ ਉਸ ਦਾ ਅੱਧ-ਪਚੱਧਾ ਮਾਲ-ਮੱਤਾ ਲੁੱਟ ਲੈਂਦੇ। ਇਉਂ ਹੀ ਉਨ੍ਹਾਂ ਨੇ ਅਬਦਾਲੀ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਬੰਧਕ ਬਣਾ ਕੇ ਲੈਜਾਈਆਂ ਜਾ ਰਹੀਆਂ ਹਿੰਦੂ ਮੁਟਿਆਰਾਂ ਨੂੰ ਛੁਡਾ ਕੇ ਉਨ੍ਹਾਂ ਦੇ ਘਰੋ ਘਰ ਪੁਚਾਇਆ।
ਲਾਹੌਰ ਦੇ ਮੁਗਲ ਸੂਬੇਦਾਰ ਮੂਇਨ-ਉਲ-ਮੁਲਕ (1748-53), ਜਿਸਨੂੰ ਆਮ ਕਰਕੇ ਮੀਰ ਮੰਨੂ ਆਖਿਆ ਜਾਂਦਾ ਹੈ, ਵੱਲੋਂ ਅਹਿਮਦ ਸ਼ਾਹ ਦੁਰਾਨੀ ਦੀ ਅਧੀਨਗੀ ਮੰਨ ਕੇ ਆਪਣੇ ਇਲਾਕੇ ਨੂੰ ਅਫਗਾਨਿਸਤਾਨ ਦਾ ਹਿੱਸਾ ਬਣਾਉਣ ਨਾਲ ਸਿੱਖਾਂ ਲਈ ਨਵੀਂ ਵੰਗਾਰ ਖੜ੍ਹੀ ਹੋ ਗਈ। ਇਸ ਵੰਗਾਰ ਦਾ ਸਾਹਮਣਾ ਕਰਨ ਵਾਸਤੇ ਸਿੱਖਾਂ ਨੇ ਨਵਾਬ ਕਪੂਰ ਸਿੰਘ ਦੀ ਸਲਾਹ ਉੱਤੇ 29 ਮਾਰਚ 1748 ਨੂੰ ਵਿਸਾਖੀ ਦੇ ਦਿਨ ਅੰਮ੍ਰਿਤਸਰ ਵਿੱਚ ਇਕੱਠ ਕਰਕੇ ਇੱਕ ਜਥੇ, ਜਿਸਨੂੰ ਦਲ ਖਾਲਸਾ ਦਾ ਨਾਮ ਦਿੱਤਾ ਗਿਆ, ਦੇ ਝੰਡੇ ਹੇਠ ਇਕੱਠੇ ਹੋਣ ਦਾ ਗੁਰਮਤਾ ਪਰਵਾਨ ਕੀਤਾ। ਦਲ ਖਾਲਸਾ ਦੀ ਅਗਵਾਈ ਵਿੱਚ ਸਿੱਖਾਂ ਨੇ ਮੀਰ ਮੰਨੂ ਦੇ ਜ਼ੁਲਮਾਂ ਨੂੰ ਬਹਾਦਰੀ ਨਾਲ ਸਹਿਣ ਕੀਤਾ। ਮੀਰ ਮੰਨੂ ਦੇ ਜ਼ੁਲਮਾਂ ਵਿੱਚੋਂ ਵਧੇਰੇ ਬਲਵਾਨ ਹੋ ਕੇ ਨਿਕਲੇ ਸਿੱਖਾਂ ਨੇ ਆਪਣੀ ਦ੍ਰਿੜਤਾ ਅਤੇ ਭਵਿੱਖ ਮੁਖੀ ਸੋਚ ਨੂੰ ਬਿਆਨ ਕਰਨ ਲਈ ਇਨ੍ਹਾਂ ਸ਼ਬਦਾਂ ਦਾ ਰੂਪ ਦਿੱਤਾ:
ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ।
ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਇ।
ਕੁਝ ਸਮੇਂ ਪਿੱਛੋਂ ਮੀਰ ਮੰਨੂ ਨੂੰ ਕਮਜ਼ੋਰ ਹੋਇਆ ਵੇਖ ਦਲ ਖਾਲਸਾ ਨੇ ਦੁਆਬਾ ਬਾਰੀ ਅਤੇ ਦੁਆਬਾ ਬਿਸਤ ਵਿੱਚ ਚੋਖਾ ਇਲਾਕਾ ਹਥਿਆ ਲਿਆ। ਇਸ ਪਿੱਛੋਂ ਅਹਿਮਦ ਸ਼ਾਹ ਅਬਦਾਲੀ ਵਾਰ ਵਾਰ ਹਮਲਾਵਰ ਹੋਇਆ ਪਰ ਦਲ ਖਾਲਸਾ ਚੜ੍ਹਤ ਸਿੰਘ ਸ਼ੁਕਰਚੱਕੀਆ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਤਾਰਾ ਸਿੰਘ ਗੈਬਾ ਅਤੇ ਭੰਗੀ ਸਰਦਾਰਾਂ ਹਰੀ ਸਿੰਘ, ਲਹਿਣਾ ਸਿੰਘ, ਗੁੱਜਰ ਸਿੰਘ ਤੇ ਝੰਡਾ ਸਿੰਘ ਦੀ ਅਗਵਾਈ ਵਿੱਚ ਉਸ ਨਾਲ ਲੋਹਾ ਲੈਂਦਾ ਰਿਹਾ। ਸਿੱਖਾਂ ਦੀਆਂ ਅਜਿਹੀਆਂ ਕਾਰਵਾਈਆਂ ਤੋਂ ਚਿੜ੍ਹੇ ਅਬਦਾਲੀ ਨੇ 1762 ਵਿੱਚ ਆਪਣੇ ਹਮਲੇ ਦੌਰਾਨ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਨੀਅਤ ਨਾਲ ਜੋ ਕਾਰਵਾਈ ਕੀਤੀ, ਉਹ ਇਤਿਹਾਸ ਵਿੱਚ ਵੱਡੇ ਘੱਲੂਘਾਰੇ ਦੇ ਨਾਉਂ ਨਾਲ ਜਾਣੀ ਜਾਂਦੀ ਹੈ; ਪਰ ਅਜਿਹਾ ਕਰਨ ਦੇ ਬਾਵਜੂਦ ਉਹ ਸਿੱਖਾਂ ਦੇ ਜੋਸ਼ ਅਤੇ ਚੜ੍ਹਦੀ ਕਲਾ ਵਾਲੀ ਭਾਵਨਾ ਨੂੰ ਠੱਲ੍ਹ ਨਾ ਪਾ ਸਕਿਆ।
ਦੁਸ਼ਮਣ ਦੀ ਕਮਜ਼ੋਰੀ ਦਾ ਲਾਭ ਉਠਾਉਂਦਿਆਂ ਵਿਭਿੰਨ ਇਲਾਕੇ ਮੱਲਣ ਵਾਸਤੇ ਦਲ ਖਾਲਸਾ ਮੁੜ ਕਈ ਜਥਿਆਂ ਵਿੱਚ ਵੰਡਿਆ ਗਿਆ, ਜਿਨ੍ਹਾਂ ਨੂੰ ਮਿਸਲਾਂ ਦੀ ਸੰਗਿਆ ਦਿੱਤੀ ਗਈ। ਸ਼ੁਰੂ ਵਿੱਚ ਇਸ ਵੰਡ ਲਈ ਪਿੰਡ, ਬੰਸ ਆਦਿ ਦੀ ਸਾਂਝ ਆਧਾਰ ਬਣੀ ਪਰ ਇਹ ਪੱਕੀ ਪੀਡੀ ਨਾ ਬਣੀ, ਜਿਸ ਕਾਰਨ ਇਸ ਸਾਂਝ ਨੂੰ ਉਲੰਘ ਕੇ ਕੋਈ ਵੀ ਸਿੱਖ ਯੋਧਾ ਇੱਕ ਮਿਸਲ ਨੂੰ ਛੱਡ ਕੇ ਦੂਜੀ ਮਿਸਲ ਵਿੱਚ ਸ਼ਾਮਲ ਹੋ ਸਕਦਾ ਸੀ।
ਜਨਵਰੀ 1764 ਵਿੱਚ ਸਿੱਖਾਂ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਰਹਿੰਦ ਦੇ ਅਫਗਾਨ ਸੂਬੇਦਾਰ ਜ਼ੈਨ ਖਾਂ ਨੂੰ ਉਦੋਂ ਮਲੀਆਮੇਟ ਕੀਤਾ, ਜਦ ਸਰਹਿੰਦ ਦਿੱਲੀ ਸਲਤਨਤ ਦਾ ਨਹੀਂ, ਅਫਗਾਨ ਰਾਜ ਦਾ ਸੂਬਾ ਸੀ। ਇਸ ਲੜਾਈ ਵਿੱਚ ਜੇਤੂ ਰਹਿਣ ਪਿੱਛੋਂ ਜੱਸਾ ਸਿੰਘ ਆਹਲੂਵਾਲੀਆ ਅਤੇ ਉਸ ਨਾਲ ਆਏ ਵਿਭਿੰਨ ਮਿਸਲਾਂ ਦੇ ਸਰਦਾਰ ਦੁਆਬੇ ਤੇ ਮਾਝੇ ਵਿੱਚ ਆਪਣੇ ਟਿਕਾਣਿਆਂ ਵੱਲ ਨਹੀਂ ਮੁੜੇ ਸਗੋਂ ਉਨ੍ਹਾਂ ਨੇ ਸਤਲੁਜ ਤੋਂ ਪੂਰਬ ਵੱਲ ਜਮਨਾ ਤੱਕ ਦਾ ਇਲਾਕਾ ਆਪਣੇ ਅਧਿਕਾਰ ਹੇਠ ਲੈ ਲਿਆ।

ਸਤਲੁਜ ਅਤੇ ਜਮਨਾ ਵਿਚਕਾਰ ਸਿੱਖ ਮਲਕੀਅਤਾਂ
ਅਜਿਹੇ ਮੌਕੇ ਜਦ ਨਾ ਮੁਗਲ ਹਕੂਮਤ ਦਾ ਕੋਈ ਡਰ ਸੀ ਤੇ ਨਾ ਅਫਗਾਨੀਆਂ ਦਾ, ਸਿੱਖ ਸਰਦਾਰਾਂ ਨੇ ਦਰਿਆ ਸਤਲੁਜ ਤੋਂ ਦਰਿਆ ਜਮਨਾ ਵਿਚਕਾਰ ਜਿੱਥੇ ਜੀਅ ਕੀਤਾ, ਉੱਥੇ ਆਪੋ ਆਪਣੇ ਝੰਡੇ ਗੱਡ ਲਏ। ਸਰਹਿੰਦ ਦੀ ਲੜਾਈ ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ ਨਾਲ ਆਏ ਦੂਜੀਆਂ ਮਿਸਲਾਂ ਦੇ ਮੁਖੀਆਂ ਨੇ ਹੀ ਨਹੀਂ, ਉਨ੍ਹਾਂ ਦੇ ਅਧੀਨ ਸਰਦਾਰਾਂ ਨੇ ਸਰਹਿੰਦ ਦੇ ਆਸ-ਪਾਸ ਅਤੇ ਇਸ ਤੋਂ ਅੱਗੇ ਜਮਨਾ ਤੱਕ ਦੇ ਇਲਾਕਿਆਂ ਉੱਤੇ ਕਬਜ਼ਾ ਕੀਤਾ। ਗਿਆਨੀ ਦਿੱਤ ਸਿੰਘ ਨੇ ‘ਖਾਲਸਾ’ ਅਖਬਾਰ ਦੇ 1888 ਈਸਵੀ ਦੇ ਇੱਕ ਅੰਕ ਵਿੱਚ “ਸਿੱਖ ਕੌਮ ਦੀ ਖੱਤੇ ਵੰਡ, ਕਾਠੀ ਵੰਡ ਯਾ ਦਿੱਲੀ ਦੀ ਲੁੱਟ” ਸਿਰਲੇਖ ਹੇਠ ਲਿਖੇ ਲੇਖ ਵਿੱਚ ਇਸ ਪ੍ਰਕਾਰ ਦੀ ਇਲਾਕਾ ਵੰਡ ਨੂੰ “ਕਾਠੀ ਵੰਡ” ਦਾ ਨਾਮ ਦਿੱਤਾ ਹੈ। ਗਿਆਨੀ ਦਿੱਤ ਸਿੰਘ ਅਨੁਸਾਰ “ਕਾਠੀ ਵੰਡ ਦਾ ਤਾਤਪਰਯ ਇਹ ਹੈ ਕਿ ਜਦ ਚੁਗੱਤਿਆਂ ਦਾ ਰਾਜ ਨਿਰਮੂਲ ਹੋ ਗਿਆ ਸੀ, ਸਿੱਖਾਂ ਦੀਆਂ ਫੌਜਾਂ ਪੰਜਾਬ ਵਿੱਚ ਸਾਵਨ ਦੇ ਹੜ੍ਹ ਵਾਂਗ ਪਈਆਂ ਫਿਰਦੀਆਂ ਸੀ। ਜਿਸ ਨਗਰ ਵਿੱਚ ਦੀ ਜਿਸ ਸਰਦਾਰ ਦਾ ਘੋੜਾ ਲੰਘਿਆ ਅਤੇ ਉਸਨੇ ਆਪਣੀ ਛਟੀ ਜਾਂ ਕੋਟੜਾ ਜਾਂ ਕੋਈ ਦੁੱਪਟਾ ਉਸ ਨਗਰ ਵਿੱਚ ਸਿੱਟ ਕਰ ਕੇ ਅੱਗੇ ਚਲਿਆ ਗਿਆ ਅਤੇ ਉਹ ਪਿੰਡ ਉਸੀ ਦਾ ਹੋ ਗਿਆ। ਇਸੀ ਤਰਹਿ ਕਿਤੇ ਦੋ, ਕਿਸੇ ਨੇ ਤਿੰਨ, ਕਿਸੇ ਨੇ ਪੰਜ, ਕਿਸੇ ਨੇ ਦਸ ਪਿੰਡ ਮੱਲ ਲਏ ਜਿਨ੍ਹਾਂ ਦਾ ਹਾਲਾ ਉਗਰਾਹ ਕੇ ਆਪਣਾ ਉਹ ਗੁਜ਼ਾਰਾ ਕਰਦੇ ਸੇ।”
ਇਸ ਬਾਰੇ ਅੰਬਾਲਾ ਜ਼ਿਲ੍ਹਾ ਗਜ਼ਟੀਅਰ ਵਿੱਚ ਲਿਖਿਆ ਹੈ, “ਅਜੇ ਤੱਕ ਪਰੰਪਰਾ ਦੱਸਦੀ ਹੈ ਕਿ ਜਿਓਂ ਹੀ ਲੜਾਈ ਜਿੱਤੀ ਤਾਂ ਕਿਵੇਂ ਸਿੱਖ ਖਿੰਡ-ਪੁੰਡ ਗਏ, ਕਿਵੇਂ ਹਰ ਘੋੜ ਸਵਾਰ ਦਿਨ-ਰਾਤ ਸਵਾਰੀ ਕਰਦਿਆਂ ਰਾਹ ਵਿੱਚ ਆਉਣ ਵਾਲੇ ਪਿੰਡਾਂ ਉੱਤੇ ਆਪਣਾ ਅਧਿਕਾਰ ਦਰਸਾਉਣ ਵਾਸਤੇ ਆਪਣਾ ਕਮਰਬੰਦ ਅਤੇ ਮਿਆਨ, ਆਪਣੇ ਪਹਿਰਾਵੇ ਦੇ ਵਸਤਰ ਅਤੇ ਸਾਜ਼ ਸਮਾਨ, ਜਦ ਤੱਕ ਕਿ ਉਹ ਬਿਲਕੁਲ ਨਿਰਵਸਤ੍ਰ ਨਹੀਂ ਹੋ ਗਿਆ, ਸੁੱਟਦਾ ਗਿਆ।” (ਪੰਨਾ 22)
ਇਉਂ ਹੀ ਗਿਆਨੀ ਸੋਹਨ ਸਿੰਘ ਸੀਤਲ ਅਨੁਸਾਰ “ਸਿੱਖਾਂ ਦਾ ਕਬਜ਼ਾ ਕਰਨ ਦਾ ਢੰਗ ਬੜਾ ਅਨੋਖਾ ਸੀ। ਜਿਸ ਪਿੰਡ ਕੋਈ ਸਿੰਘ ਜਾਂਦਾ, ਓਥੋਂ ਦੇ ਚੌਧਰੀ (ਨੰਬਰਦਾਰ) ਨੂੰ ਆਪਣੀ ਕੋਈ ਨਿਸ਼ਾਨੀ (ਢਾਲ, ਮਿਆਨ, ਬਰਛਾ, ਜਾਂ ਕੋਈ ਤਨ ਦਾ ਲੀੜਾ) ਦੇ ਕੇ ਉਹ ਅਗਲੇ ਪਿੰਡ ਚਲਾ ਜਾਂਦਾ। ਓਥੇ ਕੋਈ ਨਿਸ਼ਾਨੀ ਛੱਡ ਕੇ ਉਹ ਅਗਲਾ ਪਿੰਡ ਜਾ ਮੱਲਦਾ। ਕਿਸੇ ਪਿੰਡ ਢਾਲ, ਕਿਸੇ ਪਿੰਡ ਮਿਆਨ, ਕਿਤੇ ਭੂਰਾ, ਕਿਤੇ ਪਟਕਾ, ਕਿਤੇ ਘੋੜੇ ਦੀ ਕਾਠੀ, ਤੇ ਕਿਤੇ ਰਕਾਬ ਨਿਸ਼ਾਨੀ ਵਜੋਂ ਛੱਡੀਆਂ ਗਈਆਂ। ਏਥੋਂ ਤੱਕ ਕਿ ਅਸਵਾਰ ਤੇ ਘੋੜਾ ਸਰੀਰੋਂ ਨੰਗੇ ਹੀ ਰਹਿ ਗਏ। ਜਿਸ ਪਿੰਡ ਉੱਤੇ ਇੱਕ ਸਿੱਖ ਕਬਜ਼ਾ ਕਰ ਲੈਂਦਾ, ਦੂਜਾ (ਭਾਵੇਂ ਕੋਈ ਵੱਡਾ ਸਰਦਾਰ ਹੀ ਹੋਵੇ) ਉਸ ਉੱਤੇ ਆਪਣਾ ਹੱਕ ਨਾ ਜਮਾਉਂਦਾ। ਏਸੇ ਇਲਾਕੇ ਵਿੱਚ ਪਹਿਲਾਂ ਬਾਬਾ ਬੰਦਾ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ ਸੀ ਤੇ ਏਸੇ ਇਲਾਕੇ ਵਿੱਚ ਸਿੱਖ ਮਿਸਲਾਂ ਨੇ। ਛੋਟੇ ਵੱਡੇ ਸਰਦਾਰਾਂ ਨੇ ਸਾਰੇ ਪਿੰਡ ਆਪਸ ਵਿੱਚ ਵੰਡ ਲਏ।” (ਸਿੱਖ ਮਿਸਲਾਂ ਤੇ ਸਰਦਾਰ ਘਰਾਣੇ) ਭਾਵੇਂ ਇਹ ਕਥਨ ਕੁਝ ਮਜ਼ਾਕ ਵਿੱਚ ਕਿਹਾ ਗਿਆ ਹੈ, ਪਰ ਸੱਚਾਈ ਲਗਭਗ ਇਹੋ ਹੀ ਹੈ।
ਸਿੱਖ ਸੂਰਬੀਰਾਂ ਨੂੰ ਵੱਧ ਤੋਂ ਵੱਧ ਇਲਾਕਾ ਮਿਲਣ ਦੀ ਏਡੀ ਕਾਹਲੀ ਸੀ ਕਿ ਉਨ੍ਹਾਂ ਕੋਲ ਕਿਸੇ ਸਥਾਨਕ ਚੌਧਰੀ ਨੂੰ ਲੜਾਈ ਵਿੱਚ ਹਰਾਉਣ ਦਾ ਵਕਤ ਵੀ ਨਹੀਂ ਸੀ, ਇਸ ਲਈ ਜਿੱਥੇ ਕਿਤੇ ਸਥਾਨਕ ਤਾਕਤਵਰ ਮੁਗਲ, ਪਠਾਣ ਜਾਂ ਰਾਜਪੂਤ ਤੱਲਕਾਦਾਰ ਨੇ ਅਧੀਨਗੀ ਮੰਨਣ ਦੀ ਥਾਂ ਮਾਮਲੇ ਵਿੱਚੋਂ ਹਿੱਸਾ ਦੇਣਾ ਮੰਨਿਆ, ਸਿੱਖ ਸਰਦਾਰ ਏਨੀ ਪੇਸ਼ਕਸ਼ ਪ੍ਰਵਾਨ ਕਰਕੇ ਅੱਗੇ ਨਿਕਲ ਗਏ। ਇਸ ਦੀ ਇੱਕ ਉਦਾਹਰਨ ਔਰੰਗਾਬਾਦ ਮਿਲਖ ਦੀ ਹੈ। ਮੁਗਲ ਰਾਜ ਸਮੇਂ ਬਾਦਸ਼ਾਹ ਔਰੰਗਜ਼ੇਬ ਨੇ ਖਤੌਲੀ ਦੇ ਪਠਾਨਾਂ ਨੂੰ ਸਨਦ ਦੇ ਕੇ ਇੱਥੋਂ ਦਾ ਮਾਮਲਾ ਉਗਰਾਹੁਣ ਦੇ ਅਧਿਕਾਰ ਦਿੱਤੇ ਸਨ। ਫਲਸਰੂਪ ਉਨ੍ਹਾਂ ਨੇ ਆਪਣੇ ਪਿੰਡ ਦਾ ਨਾਮ ਬਦਲ ਕੇ ਔਰੰਗਾਬਾਦ ਰੱਖ ਲਿਆ। ਪਿੱਛੋਂ ਇਸ ਖੇਤਰ ਵਿੱਚ ਤਿੰਨ ਹੋਰ ਪਿੰਡ ਵੀ ਵਸ ਗਏ। ਜਦ ਭੰਗੀ ਮਿਸਲ ਦੇ ਸਰਦਾਰਾਂ ਨੇ ਜਗਾਧਰੀ ਦਾ ਇਲਾਕਾ ਜਿੱਤਿਆ ਤਾਂ ਉਨ੍ਹਾਂ ਔਰੰਗਾਬਾਦ ਨੂੰ ਇਸ ਲਈ ਨਾ ਛੇੜਿਆ ਕਿਉਂਕਿ ਇੱਥੋਂ ਦੇ ਪਠਾਨ ਮਾਲਕਾਂ ਨੇ ਉਨ੍ਹਾਂ ਨੂੰ ਮਾਮਲੇ ਦਾ ਤਿੰਨ ਚੌਥਾਈ ਹਿੱਸਾ ਦੇਣਾ ਪ੍ਰਵਾਨ ਕਰ ਲਿਆ। ਰਾਮਗੜ੍ਹ ਦੀ ਰਾਜਪੂਤ ਮਿਲਖ ਦੇ ਕੁਝ ਪਿੰਡਾਂ ਵਿੱਚ ਲੇਡਾ ਦੇ ਸਿੱਖ ਸਰਦਾਰਾਂ ਅਤੇ ਖਿਜ਼ਰਾਬਾਦ ਦੇ ਅਫਗਾਨਾਂ ਦੇ ਕੁਝ ਪਿੰਡਾਂ ਵਿੱਚ ਲੋਢਪਿੰਡੀਏ ਸਿੱਖ ਸਰਦਾਰਾਂ ਦਾ ਹਿੱਸਾ ਹੋਣ ਦਾ ਕਾਰਨ ਵੀ ਇਹੋ ਹੈ।
(ਬਾਕੀ ਅਗਲੇ ਅੰਕ ਵਿੱਚ ਪੜ੍ਹੋ)

Leave a Reply

Your email address will not be published. Required fields are marked *