ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-97816-46008
ਸਮੁੱਚੇ ਜਗਤ ਦੇ ਤਾਰਨਹਾਰੇ ਜੁੱਗੋ-ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਦੇ ਸਜਦੇ ਵਿੱਚ ਕੇਵਲ ਹਰੇਕ ਨਿਮਾਣਾ ਸਿੱਖ ਹੀ ਨਹੀਂ, ਸਗੋਂ ਇਸ ਸੰਸਾਰ ਦੇ ਹਰੇਕ ਧਰਮ, ਮਜ਼ਹਬ, ਜ਼ਾਤ, ਰੰਗ ਅਤੇ ਨਸਲ ਦੇ ਵਿਅਕਤੀ ਦਾ ਸਿਰ ਵੀ ਝੁਕਦਾ ਹੈ, ਕਿਉਂਕਿ ਇਸ ਵਿੱਚ ਸ਼ਬਦ ਗੁਰੂ ਰਾਹੀਂ ਲੋਕਾਈ ਨੂੰ ‘ਸਰਬੱਤ ਦੇ ਭਲੇ’ ਦਾ ਮਾਰਗ ਵਿਖਾਇਆ ਗਿਆ ਹੈ।
ਵੱਖ-ਵੱਖ ਧਰਮਾਂ ਤੇ ਜ਼ਾਤਾਂ ਨਾਲ ਜੁੜੇ ਭਗਤਾਂ, ਭੱਟਾਂ ਤੇ ਹੋਰ ਬਾਣੀਕਾਰਾਂ ਦੁਆਰਾ ਰਚੀ ਬਾਣੀ ਨੂੰ ਸਤਿਕਾਰਯੋਗ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਕਰਕੇ ਊਚ-ਨੀਚ ਦੇ ਸਭ ਵਿਤਕਰਿਆਂ ਦੀਆਂ ਵਲਗਣਾਂ ਢਾਹ ਦਿੱਤੀਆਂ ਸਨ ਤੇ ‘ਉਪਦੇਸੁ ਚਹੁ ਵਰਨਾ ਕਉ ਸਾਝਾ’ ਦਾ ਸੰਕਲਪ ਦੇ ਕੇ ‘ਸਭ ਮਹਿ ਜੋਤਿ ਜੋਤਿ ਹੈ ਸੋਇ’ ਦਾ ਦ੍ਰਿਸ਼ਟੀਕੋਣ ਪੈਦਾ ਕੀਤਾ ਸੀ। ਬੜੇ ਹੀ ਦੁੱਖ ਅਤੇ ਚਿੰਤਾ ਦੀ ਗੱਲ ਹੈ ਕਿ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥’ ਦਾ ਅਮਰ ਸੰਦੇਸ਼ ਇਸ ਸੰਸਾਰ ਨੂੰ ਪ੍ਰਸਾਰਿਤ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਦੀ ‘ਬੇਅਦਬੀ’ ਕੀਤੇ ਜਾਣ ਦੀਆਂ ਘਟਨਾਵਾਂ ਬੀਤੇ ਕੁਝ ਸਮਿਆਂ ਵਿੱਚ ਵਾਪਰੀਆਂ ਹਨ ਤੇ ਨਿਰੰਤਰ ਵਾਪਰ ਰਹੀਆਂ ਹਨ। ਇਹ ‘ਬੇਅਦਬੀ’ ਦਾ ਘਿਨਾਉਣਾ ਕਾਰਜ ਪੂਰੀ ਤਰ੍ਹਾਂ ਨਿੰਦਣਯੋਗ ਅਤੇ ਨਾਮੁਆਫ਼ੀਯੋਗ ਹੈ। ਆਓ, ਗੁਰੂ ਗ੍ਰੰਥ ਸਾਹਿਬ ਦੀ ਸਾਡੇ ਵੱਲੋਂ ਜਾਣੇ-ਅਣਜਾਣੇ ਵਿੱਚ ਕੀਤੀ ਜਾ ਰਹੀ ‘ਘੋਰ ਬੇਅਦਬੀ’ ਬਾਰੇ ਜਾਣੀਏ ਤੇ ਇਸ ਨੂੰ ਰੋਕਣ ਦੇ ਸੁਹਿਰਦ ਯਤਨ ਕਰੀਏ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਅਸਲ ਵਿੱਚ ਦੋ ਰੂਪ ਹਨ। ਬੇਅਦਬੀ ਦਾ ਇੱਕ ਰੂਪ ਤਾਂ ਪ੍ਰਤੱਖ ਹੈ ਤੇ ਦੂਜਾ ਅਪ੍ਰਤੱਖ। ਬੇਅਦਬੀ ਦੇ ਅਪ੍ਰਤੱਖ ਰੂਪ ਵੀ ਵਿੱਚ ਅਸੀਂ ਆਮ ਲੋਕ ਖ਼ੁਦ ਵੀ ਅਣਜਾਣਪੁਣੇ ’ਚ ਹੀ ਸ਼ਾਮਿਲ ਹੋ ਜਾਂਦੇ ਹਾਂ ਤੇ ਪਾਪ ਦੇ ਭਾਗੀ ਬਣਦੇ ਹਾਂ। ਪ੍ਰਤੱਖ ਰੂਪ ਵਾਲੀ ਬੇਅਦਬੀ ਵਿੱਚ ਤਾਂ ਕੋਈ ਸਿਰਫ਼ਿਰਾ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਦਿੰਦਾ ਹੈ, ਪਵਿੱਤਰ ਗੁਟਕਾ ਸਾਹਿਬ ਦੇ ਪੱਤਰੇ ਪਾੜ ਦਿੰਦਾ ਹੈ ਤੇ ਫਿਰ ਪਾੜੇ ਹੋਏ ਪੱਤਰਿਆਂ ਨੂੰ ਕੂੜੇ ਦੇ ਢੇਰ ਜਾਂ ਗੰਦੇ ਪਾਣੀ ਦੇ ਨਾਲੇ ਵਿੱਚ ਸੁੱਟ ਦਿੰਦਾ ਹੈ। ਕੁਝ ਕੁ ਨਿਤਨੇਮੀ ਸਿੱਖਾਂ ਵੱਲੋਂ ਵੀ ਅਣਜਾਣਪੁਣੇ ਵਿੱਚ ਹੀ ਗੁਟਕਾ ਸਾਹਿਬ ਦੇ ਬਿਰਧ ਸਰੂਪ ਆਪਣੇ ਗਰਾਂ ਦੇ ਨੇੜੇ ਹੀ ਵਗ਼ਦੇ ਕਿਸੇ ਆਮ ਨਦੀ-ਨਾਲੇ ਜਾਂ ਨਹਿਰ ਵਿੱਚ ਰੋੜ੍ਹ ਦਿੱਤੇ ਜਾਂਦੇ ਹਨ, ਜਦੋਂ ਕਿ ਹਕੀਕਤ ਇਹ ਹੈ ਕਿ ਸਿਰਮੌਰ ਸਿੱਖ ਸੰਸਥਾਵਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਜਾਂ ਵੱਖ-ਵੱਖ ਬਾਣੀਆਂ ਦੇ ਗੁਟਕਾ ਸਾਹਿਬ ਦੇ ਬਿਰਧ ਸਰੂਪਾਂ ਦੇ ਅੰਗਾਂ ਦਾ ਬੜੇ ਹੀ ਵਿਧੀਵਤ ਢੰਗ ਨਾਲ ਸਸਕਾਰ ਕੀਤਾ ਜਾਂਦਾ ਹੈ। ਇਨ੍ਹਾਂ ਸੰਸਥਾਵਾਂ ਬਾਰੇ ਜਾਂ ਬਿਰਧ ਸਰੂਪਾਂ ਦੇ ਸਸਕਾਰ ਬਾਰੇ ਲੋੜੀਂਦੀ ਜਾਣਕਾਰੀ ਦੀ ਘਾਟ ਹੋਣ ਕਰਕੇ ਕਈ ਗੁਰਸਿੱਖ ਵਿਅਕਤੀ ਆਪਣੀ ਸਹੂਲਤ ਅਨੁਸਾਰ ਆਪਣੇ ਪਿੰਡ ਜਾਂ ਸ਼ਹਿਰ ਨੇੜਲੇ ਜਲ-ਸ੍ਰੋਤਾਂ ’ਤੇ ਜਾ ਕੇ ਬਿਰਧ ਸਰੂਪਾਂ ਨੂੰ ਜਲ-ਪ੍ਰਵਾਹ ਕਰ ਦਿੰਦੇ ਹਨ। ਇਸੇ ਤਰ੍ਹਾਂ ਆਪਣੇ ਘਰ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਪਰ ਗੁਰ-ਮਰਿਆਦਾ ਦੀ ਪਾਲਣਾ ਨਾ ਕਰਨਾ ਵੀ ਗੁਰੂ ਸਾਹਿਬ ਦੀ ‘ਬੇਅਦਬੀ’ ਹੋ ਨਿੱਬੜਦਾ ਹੈ।
ਹਮਾਤੜ ਥੋੜ੍ਹੀ ਮੱਤ ਵਾਲੇ ਕਲਜੁਗੀ ਜੀਵਾਂ ਵੱਲੋਂ ਕਈ ਵਾਰ ‘ਅਪ੍ਰਤੱਖ ਰੂਪ’ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ‘ਬੇਅਦਬੀ’ ਕਰ ਦਿੱਤੀ ਜਾਂਦੀ ਹੈ, ਜੋ ਕਿ ਨਹੀਂ ਕੀਤੀ ਜਾਣੀ ਚਾਹੀਦੀ, ਤੇ ਜਿਸ ਤੋਂ ਬੜੀ ਹੀ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਅੱਜ-ਕੱਲ੍ਹ ਅਸੀਂ ਆਪਣੇ ਪੁੱਤਰਾਂ ਜਾਂ ਧੀਆਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਸੈੱਟ ਕਰਨ ਦੇ ਨਾਂ ’ਤੇ ਗੁਰੂ ਸਾਹਿਬ ਦੀ ਹਾਜ਼ਰੀ ’ਚ ‘ਨਕਲੀ ਵਿਆਹ’ ਕਰਨੇ ਸ਼ੁਰੂ ਕੀਤੇ ਹੋਏ ਹਨ ਤੇ ਉਨ੍ਹਾਂ ਝੂਠੇ ਅਤੇ ਫ਼ਰੇਬੀ ਵਿਆਹਾਂ ਲਈ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਠੇ ਲਾਂਵਾਂ-ਫ਼ੇਰੇ ਕਰਦੇ ਹਾਂ, ਉਹ ਗੁਰੂ ਗ੍ਰੰਥ ਸਾਹਿਬ ਦੀ ਸਰਾਸਰ ਬੇਅਦਬੀ ਹੈ। ਇਹ ਯਾਦ ਰੱਖ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਪਾਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸ਼ਾਮਿਲ ਕਰਕੇ ਕੀਤੇ ਘੋਰ ਪਾਪ ਦੀ ਸਜ਼ਾ ਤੋਂ ਕਦੇ ਵੀ ਬਚ ਨਹੀਂ ਸਕਾਂਗੇ।
ਦੂਜੇ ਪਾਸੇ ਅਸਲੀ ਵਿਆਹਾਂ ਵਿੱਚ ਵੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਾਂਵਾਂ-ਫੇਰੇ ਲੈ ਕੇ ਲੜਕੀ ਵਾਲਿਆਂ ਤੋਂ ਦਾਜ ਲੈਂਦੇ ਹਾਂ, ਮਿਲਣੀ ਮੌਕੇ ਸੋਨੇ ਦੀਆਂ ਮੁੰਦਰੀਆਂ ਪਾਉਂਦੇ ਹਾਂ ਤੇ ਫਿਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਵਿਆਹ ਕੇ ਲਿਆਂਦੀ ਆਪਣੀ ਨੂੰਹ ਨੂੰ ਦਾਜ ਦੀ ਖ਼ਾਤਿਰ ਮਾਰਦੇ-ਕੁੱਟਦੇ ਹਾਂ ਤਾਂ ਇਹ ਸਮੁੱਚਾ ਵਰਤਾਰਾ ਗੁਰੂ ਸਾਹਿਬ ਦੀ ਬੇਅਦਬੀ ਕੀਤੇ ਜਾਣ ਦੇ ਬਰਾਬਰ ਹੀ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਬੈਠ ਕੇ ਵੀ ਆਪਣੇ ਨਸ਼ੇੜੀ, ਅੱਯਾਸ਼ ਅਤੇ ਅਪਰਾਧੀ ਪੁੱਤਰ ਦੀਆਂ ਕਰਤੂਤਾਂ ਬਾਰੇ ਸਬੰਧਿਤ ਲੜਕੀ ਨੂੰ ਜਾਂ ਉਸਦੇ ਪਰਿਵਾਰ ਨੂੰ ਸੱਚ ਨਾ ਦੱਸਦੇ ਹੋਏ ਕਿਸੇ ਮਾਸੂਮ ਅਤੇ ਭੋਲ਼ੀ-ਭਾਲ਼ੀ ਮੁਟਿਆਰ ਦੀ ਜ਼ਿੰਦਗੀ ਬਰਬਾਦ ਕਰਦੇ ਹਾਂ ਤਾਂ ਗੁਰੂ ਸਾਹਿਬ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਇਸੇ ਤਰ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ’ਚ ਅਨੰਦ ਕਾਰਜ ਕਰਕੇ ਲਿਆਂਦੀ ਨੂੰਹ ਦੀ ਕੁੱਖ ਵਿੱਚ ਆਈ ਕਿਸੇ ਬਾਲੜੀ ਨੂੰ ਅਣਜੰਮੀ ਨੂੰ ਹੀ ਕਤਲ ਕਰਾਉਣ ਦੀ ਸਾਜਿਸ਼ ਅਸੀਂ ਰਚਦੇ ਹਾਂ ਤਾਂ ਅਸੀਂ ਗੁਰੂ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਬਚਨਾਂ- ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਦੀ ਹੀ ਬੇਅਦਬੀ ਕਰ ਰਹੇ ਹੁੰਦੇ ਹਾਂ। ਧੀ ਰੂਪੀ ਦਾਤ ਨੂੰ ਛੱਡ ਕੇ ਕੇਵਲ ‘ਪੁੱਤਰ ਦੀ ਦਾਤ’ ਹੀ ਗੁਰੂ ਤੋਂ ਮੰਗਣੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੀ ਹੈ।
ਜੇ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਆਸਥਾ ਰੱਖਦੇ ਹੋਏ ਵੀ ਅਖੌਤੀ ਬਾਬਿਆਂ ਅਤੇ ਤਾਂਤਰਿਕਾਂ ਤੋਂ ਪੁੱਛਾਂ ਪੁਆਉਂਦੇ ਹਾਂ, ਆਪਣੇ ਜਾਂ ਆਪਣੇ ਬੱਚਿਆਂ ਦੇ ਗਲਾਂ ਵਿੱਚ ਕਾਲੇ-ਪੀਲੇ ਧਾਗੇ ਜਾਂ ਤਵੀਤ ਆਦਿ ਪੁਆਉਂਦੇ ਹਾਂ ਤਾਂ ਕੋਈ ਸ਼ੱਕ ਨਹੀਂ ਕਿ ਅਸੀਂ ਅਪ੍ਰਤੱਖ ਰੂਪ ਵਿੱਚ ਗੁਰੂ ਸਾਹਿਬਾਨ ਦੁਆਰਾ ਗੁਰਬਾਣੀ ਰਾਹੀਂ ਦਿੱਤੇ ਗਏ ਗਿਆਨ ਦਾ ਤ੍ਰਿਸਕਾਰ ਤੇ ਅਪਮਾਨ ਕਰ ਰਹੇ ਹੁੰਦੇ ਹਾਂ। ਜੇ ਗੁਰੂ ਦਾ ਸਿੱਖ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਵੀ ਹੋਰ ਗੁਰੂ ਜਾਂ ਕਰਮਕਾਂਡ ਉੱਤੇ ਵਿਸ਼ਵਾਸ ਕਰਦਾ ਹੈ ਤਾਂ ਉਸਦਾ ਇਹ ਕਰਮ, ਆਪਣੇ ਹੀ ਗੁਰੂ ਦੀ ਬੇਅਦਬੀ ਤੋਂ ਘੱਟ ਨਹੀਂ ਹੈ।
ਜੇ ਅਸੀਂ ਗੁਰਦੁਆਰਾ ਕਮੇਟੀਆਂ ਦੀ ਚੋਣ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਕਿਸੇ ਲਾਲਚ ਜਾਂ ਦਬਾਅ ਵੱਸ ਹੋ ਕੇ ਗ਼ਲਤ ਉਮੀਦਵਾਰ ਨੂੰ ਆਪਣੀ ਵੋਟ ਪਾਉਂਦੇ ਹਾਂ ਤਾਂ ਇਹ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੀ ਕਰ ਰਹੇ ਹੁੰਦੇ ਹਾਂ, ਕਿਉਂਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਤਾਂ ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਹੀ ਕਿਹਾ ਜਾਣਾ ਚਾਹੀਦਾ ਹੈ। ਜੇ ਆਪਣੇ ਪਿੰਡਾਂ ਜਾਂ ਸ਼ਹਿਰਾਂ ਵਿੱਚ ਅਸੀਂ ਜ਼ਾਤ ਜਾਂ ਗੋਤ ਦੇ ਨਾਂ ’ਤੇ ਗੁਰਦੁਆਰੇ ਬਣਾ ਕੇ ਉਥੇ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕਰਨਾ ਹੈ ਤਾਂ ਇਹ ਵੀ ਗੁਰੂ ਸਾਹਿਬ ਦੀ ਘੋਰ ਬੇਅਦਬੀ ਹੈ, ਕਿਉਂਕਿ ਸਮੁੱਚਾ ਗੁਰੂ ਗ੍ਰੰਥ ਸਾਹਿਬ ਤਾਂ ਜ਼ਾਤਾਂ-ਪਾਤਾਂ ਤੇ ਧਰਮਾਂ-ਮਜ਼ਹਬਾਂ ਦੀਆਂ ਨਫ਼ਰਤਾਂ ਤੇ ਵਿਤਕਰਿਆਂ ਨੂੰ ਦੂਰ ਕਰਕੇ ‘ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ॥’ ਦਾ ਹੋਕਾ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ’ਚ ਹੁੰਦੀ ਗੋਲਕਾਂ ਦੀ ਲੜਾਈ ਤੇ ਪ੍ਰਧਾਨਗੀ ਲਈ ਲੱਥਦੀਆਂ ਪੱਗਾਂ ਤੇ ਚੁੰਨੀਆਂ ਵੀ ‘ਬੇਅਦਬੀ’ ਦੀਆਂ ਹੀ ਮਿਸਾਲਾਂ ਹਨ। ਕਿਸੇ ਪ੍ਰਤਿਭਾਵਾਨ ਅਤੇ ਗੁਣੀ ਸ਼ਖ਼ਸ ਨੂੰ ਉਸਦੀ ਲਿਆਕਤ ਮੁਤਾਬਿਕ ਬਣਦੇ ਅਹੁਦੇ ’ਤੇ ਨਿਯੁਕਤ ਕਰਨ ਦੀ ਥਾਂ ਆਪਣਾ ਕੋਈ ਘੱਟ ਪੜ੍ਹਿਆ ਤੇ ਘੱਟ ਤਜਰਬੇਕਾਰ ਰਿਸ਼ਤੇਦਾਰ ਕਿਸੇ ਸਿੱਖ ਸੰਸਥਾ ਵਿੱਚ ਰੁਜ਼ਗਾਰ ’ਤੇ ਲਗਵਾ ਦੇਣਾ ਵੀ ‘ਬੇਈਮਾਨੀ’ ਹੈ ਤੇ ਬੇਈਮਾਨੀ ਕਰਨ ਵਾਲਾ ਅੰਮ੍ਰਿਤਧਾਰੀ ਗੁਰਸਿੱਖ ਗੁਰੂ ਨੂੰ ਕਦੇ ਵੀ ਪਿਆਰਾ ਨਹੀਂ ਲੱਗਦਾ ਹੈ। ਗੁਰਦੁਆਰਾ ਕਮੇਟੀਆਂ ਅਤੇ ਵਿੱਦਿਅਕ ਕੌਂਸਲਾਂ ਦੇ ਪ੍ਰਧਾਨਾਂ ਦੇ ਅਹੁਦਿਆਂ ’ਤੇ ਬੈਠੇ ਗੁਰਸਿੱਖ ਸੱਜਣਾਂ ਵੱਲੋਂ ਕੀਤੇ ਜਾਂਦੇ ਅਜਿਹੇ ਕਾਰੇ ਅਸਲ ਵਿੱਚ ਉਨ੍ਹਾਂ ਵੱਲੋਂ ਪਾਏ ਗਏ ਸਿੱਖੀ ਬਾਣੇ ਦੇ ਨਾਲ-ਨਾਲ ਪੜ੍ਹੀ ਗਈ ਬਾਣੀ ਦੀ ਵੀ ਬੇਅਦਬੀ ਹੀ ਹਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਬਾਣੀ ਆਖ ਰਹੀ ਹੈ, ‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨਾ ਖਾਇ॥’ (ਅੰਗ 141)
ਸੋ ਆਓ, ਗੁਰੂ ਗ੍ਰੰਥ ਸਾਹਿਬ ਦੁਆਰਾ ਬਖ਼ਸ਼ੇ ਗਏ ਗਿਆਨ ਅਤੇ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਆਪਣੇ ਅਮਲਾਂ ਵਿੱਚ ਧਾਰਨ ਕਰੀਏ ਤੇ ਜਾਣੇ-ਅਣਜਾਣੇ ਵਿੱਚ ਸਾਡੇ ਹੱਥੋਂ ਹੋ ਰਹੀ ਗੁਰੂ ਸਾਹਿਬ ਦੀ ਇਸ ‘ਬੇਅਦਬੀ’ ਤੋਂ ਬਚਣ ਦਾ ਯਤਨ ਕਰੀਏ।
