ਧਰਤੀ ਹੇਠਲੇ ਪਾਣੀ ਵਿੱਚ ਵੱਧ ਮੈਂਗਨੀਜ਼ ਦੀ ਚਿੰਤਾ

ਵਿਚਾਰ-ਵਟਾਂਦਰਾ

*ਦੁਨੀਆ ਦੇ 18 ਤੋਂ 22 ਕਰੋੜ ਲੋਕ ਖ਼ਤਰੇ ਹੇਠ, ਏਸ਼ੀਆ ਸਭ ਤੋਂ ਵੱਧ ਪ੍ਰਭਾਵਿਤ
ਪੰਜਾਬੀ ਪਰਵਾਜ਼ ਬਿਊਰੋ
ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਇੱਕ ਨਵੀਂ ਅੰਤਰਰਾਸ਼ਟਰੀ ਖੋਜ ਨੇ ਚਿੰਤਾ ਵਧਾ ਦਿੱਤੀ ਹੈ। ਅਧਿਐਨ ਅਨੁਸਾਰ ਦੁਨੀਆ ਦੇ ਲਗਭਗ 18 ਤੋਂ 22 ਕਰੋੜ ਲੋਕ ਅਜਿਹਾ ਧਰਤੀ ਹੇਠਲਾ ਪਾਣੀ ਪੀ ਰਹੇ ਹਨ, ਜਿਸ ਵਿੱਚ ਮੈਂਗਨੀਜ਼ (ੰਅਨਗਅਨੲਸੲ) ਦੀ ਮਾਤਰਾ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਵੱਲੋਂ ਨਿਰਧਾਰਤ ਸੁਰੱਖਿਅਤ ਹੱਦ ਤੋਂ ਵੱਧ ਹੋ ਸਕਦੀ ਹੈ। ਸਭ ਤੋਂ ਵੱਧ ਖ਼ਤਰਾ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਦੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਪਾਇਆ ਗਿਆ ਹੈ।

ਮਾਹਿਰਾਂ ਨੇ ਸਪੱਸ਼ਟ ਕੀਤਾ ਹੈ ਕਿ ਮੈਂਗਨੀਜ਼ ਕੋਈ ਜ਼ਹਿਰੀਲਾ ਪਦਾਰਥ ਨਹੀਂ ਹੈ। ਇਹ ਮਨੁੱਖੀ ਸਰੀਰ ਲਈ ਲੋੜੀਂਦਾ ਇੱਕ ਸੂਖਮ ਖਣਿਜ ਹੈ, ਜੋ ਹੱਡੀਆਂ, ਦਿਮਾਗ, ਨਰਵਸ ਸਿਸਟਮ ਅਤੇ ਸਰੀਰ ਦੀਆਂ ਕਈ ਜੈਵਿਕ ਕਿਰਿਆਵਾਂ ਲਈ ਜ਼ਰੂਰੀ ਹੁੰਦਾ ਹੈ। ਆਮ ਹਾਲਾਤ ਵਿੱਚ ਇਸ ਦੀ ਲੋੜ ਭੋਜਨ ਰਾਹੀਂ ਪੂਰੀ ਹੋ ਜਾਂਦੀ ਹੈ, ਪਰ ਜੇ ਪੀਣ ਵਾਲੇ ਪਾਣੀ ਵਿੱਚ ਲੰਬੇ ਸਮੇਂ ਤੱਕ ਇਸ ਦੀ ਮਾਤਰਾ ਬਹੁਤ ਵੱਧ ਰਹੇ ਤਾਂ ਇਹ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਖ਼ਾਸ ਕਰਕੇ ਛੋਟੇ ਬੱਚਿਆਂ ਦੇ ਦਿਮਾਗੀ ਵਿਕਾਸ ਅਤੇ ਨਰਵਸ ਸਿਸਟਮ `ਤੇ ਇਸ ਦਾ ਮਾੜਾ ਅਸਰ ਪੈਣ ਦਾ ਖ਼ਦਸ਼ਾ ਹੈ।
ਪਹਿਲਾਂ ਪਾਣੀ ਵਿੱਚ ਵੱਧ ਮੈਂਗਨੀਜ਼ ਨੂੰ ਸਿਰਫ਼ ਸਵਾਦ ਅਤੇ ਰੰਗ ਦੀ ਸਮੱਸਿਆ ਮੰਨਿਆ ਜਾਂਦਾ ਸੀ। ਅਜਿਹੇ ਪਾਣੀ ਨਾਲ ਨਲਾਂ ਜਾਂ ਖੂਹਾਂ ਦੇ ਆਲੇ-ਦੁਆਲੇ ਕਾਲੇ ਦਾਗ਼ ਵੀ ਪੈ ਸਕਦੇ ਹਨ, ਪਰ ਹਾਲੀਆ ਖੋਜਾਂ ਤੋਂ ਬਾਅਦ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਲੰਬੇ ਸਮੇਂ ਤੱਕ ਵੱਧ ਮੈਂਗਨੀਜ਼ ਵਾਲਾ ਪਾਣੀ ਪੀਣ ਨਾਲ ਨਰਵਸ ਸਿਸਟਮ ਪ੍ਰਭਾਵਿਤ ਹੋ ਸਕਦਾ ਹੈ।
ਇਸੇ ਕਾਰਨ ਵਿਸ਼ਵ ਸਿਹਤ ਸੰਗਠਨ ਨੇ 2021 ਵਿੱਚ ਪੀਣ ਵਾਲੇ ਪਾਣੀ ਵਿੱਚ ਮੈਂਗਨੀਜ਼ ਦੀ ਸਿਫ਼ਾਰਸ਼ੀ ਹੱਦ 400 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਤੋਂ ਘਟਾ ਕੇ 80 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਕਰ ਦਿੱਤੀ ਸੀ।
ਤਿੰਨ ਲੱਖ ਨਮੂਨਿਆਂ ਦਾ ਵਿਸ਼ਲੇਸ਼ਣ
ਸਵਿਟਜ਼ਰਲੈਂਡ ਦੇ ਜਲ ਖੋਜ ਅਦਾਰੇ ਈਵਾਗ (ਓਅੱਅਗ) ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਇਹ ਖੋਜ ਵਿਗਿਆਨਕ ਰਸਾਲੇ ‘ਨੇਚਰ ਵਾਟਰ’ ਵਿੱਚ ਪ੍ਰਕਾਸ਼ਿਤ ਹੋਈ ਹੈ। ਖੋਜਕਰਤਾਵਾਂ ਨੇ ਦੁਨੀਆ ਭਰ ਤੋਂ ਇਕੱਠੇ ਕੀਤੇ ਕਰੀਬ ਤਿੰਨ ਲੱਖ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ। ਇਸ ਜਾਣਕਾਰੀ ਨੂੰ ਜਲਵਾਯੂ, ਮਿੱਟੀ, ਚੱਟਾਨਾਂ ਦੀ ਬਣਤਰ ਅਤੇ ਹੋਰ ਵਾਤਾਵਰਨੀ ਕਾਰਕਾਂ ਨਾਲ ਜੋੜ ਕੇ ਮਸ਼ੀਨ ਲਰਨਿੰਗ ਦੀ ਮਦਦ ਨਾਲ ਇੱਕ ਵਿਸ਼ਵ ਪੱਧਰੀ ਖ਼ਤਰਾ ਨਕਸ਼ਾ ਤਿਆਰ ਕੀਤਾ ਗਿਆ।
ਏਸ਼ੀਆ ਦੇ ਦਰਿਆਈ ਡੈਲਟਾ ਸਭ ਤੋਂ ਵੱਧ ਖ਼ਤਰੇ ਹੇਠ
ਅਧਿਐਨ ਅਨੁਸਾਰ ਭਾਰਤ ਅਤੇ ਬੰਗਲਾਦੇਸ਼ ਦਾ ਗੰਗਾ-ਬ੍ਰਹਮਪੁੱਤਰ ਡੈਲਟਾ, ਵੀਅਤਨਾਮ ਦਾ ਮੇਕਾਂਗ ਡੈਲਟਾ, ਹਨੋਈ ਨੇੜੇ ਰੈੱਡ ਰਿਵਰ ਡੈਲਟਾ ਅਤੇ ਪਾਕਿਸਤਾਨ ਦੇ ਕੁਝ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹਨ। ਅਮਰੀਕਾ ਵਿੱਚ ਮਿਸਿਸਿਪੀ ਦਰਿਆ ਦੇ ਆਲੇ-ਦੁਆਲੇ ਦੇ ਕੁਝ ਇਲਾਕਿਆਂ ਵਿੱਚ ਵੀ ਇਸ ਦਾ ਖ਼ਤਰਾ ਸਾਹਮਣੇ ਆਇਆ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਖੇਤਰਾਂ ਦੀ ਮਿੱਟੀ ਵਿੱਚ ਕੁਦਰਤੀ ਤੌਰ `ਤੇ ਮੈਂਗਨੀਜ਼ ਵੱਧ ਹੁੰਦਾ ਹੈ। ਜਦੋਂ ਧਰਤੀ ਹੇਠ ਆਕਸੀਜਨ ਘੱਟ ਹੁੰਦੀ ਹੈ ਤਾਂ ਇਹ ਪਾਣੀ ਵਿੱਚ ਘੁਲ ਕੇ ਪੀਣ ਵਾਲੇ ਸਰੋਤਾਂ ਤੱਕ ਪਹੁੰਚ ਜਾਂਦਾ ਹੈ।
ਖ਼ਤਰੇ ਵਾਲੇ ਖੇਤਰਾਂ ਨੂੰ ਆਬਾਦੀ ਅਤੇ ਪੀਣ ਵਾਲੇ ਪਾਣੀ ਦੇ ਸਰੋਤਾਂ ਨਾਲ ਜੋੜ ਕੇ ਖੋਜਕਰਤਾਵਾਂ ਨੇ ਅੰਦਾਜ਼ਾ ਲਾਇਆ ਕਿ ਦੁਨੀਆ ਦੇ 18 ਤੋਂ 22 ਕਰੋੜ ਲੋਕ ਅਜਿਹਾ ਪਾਣੀ ਵਰਤ ਰਹੇ ਹਨ, ਜਿਸ ਵਿੱਚ ਮੈਂਗਨੀਜ਼ ਦੀ ਮਾਤਰਾ ਸੁਰੱਖਿਅਤ ਹੱਦ ਤੋਂ ਵੱਧ ਹੋ ਸਕਦੀ ਹੈ। ਇਨ੍ਹਾਂ ਵਿੱਚੋਂ 90 ਫ਼ੀਸਦੀ ਤੋਂ ਵੱਧ ਲੋਕ ਏਸ਼ੀਆ ਵਿੱਚ ਰਹਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਏਸ਼ੀਆ ਦੇ ਕਈ ਪੇਂਡੂ ਅਤੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਲੋਕ ਅਜੇ ਵੀ ਬਿਨਾਂ ਸ਼ੁੱਧ ਕੀਤੇ ਸਿੱਧਾ ਧਰਤੀ ਹੇਠਲਾ ਪਾਣੀ ਵਰਤਦੇ ਹਨ।
ਪਾਣੀ ਨੂੰ ਸਾਫ਼ ਕਰਨਾ ਸੰਭਵ
ਵਿਗਿਆਨੀਆਂ ਦਾ ਕਹਿਣਾ ਹੈ ਕਿ ਮੈਂਗਨੀਜ਼ ਨੂੰ ਪਾਣੀ ਵਿੱਚੋਂ ਕੱਢਣਾ ਮੁਸ਼ਕਲ ਨਹੀਂ ਹੈ। ਜਦੋਂ ਪਾਣੀ ਨੂੰ ਹਵਾ ਜਾਂ ਆਕਸੀਜਨ ਦੇ ਸੰਪਰਕ ਵਿੱਚ ਲਿਆਂਦਾ ਜਾਂਦਾ ਹੈ ਤਾਂ ਮੈਂਗਨੀਜ਼ ਠੋਸ ਰੂਪ ਧਾਰ ਲੈਂਦਾ ਹੈ, ਜਿਸ ਨੂੰ ਆਮ ਫਿਲਟਰਾਂ ਦੀ ਮਦਦ ਨਾਲ ਹਟਾਇਆ ਜਾ ਸਕਦਾ ਹੈ। ਹਵਾ ਮਿਲਾਉਣ ਅਤੇ ਰੇਤ ਦੇ ਫਿਲਟਰ ਵਾਲੀ ਸਾਧਾਰਨ ਜਲ-ਸ਼ੁੱਧੀ ਪ੍ਰਣਾਲੀ ਵੀ ਇਸ ਕੰਮ ਵਿੱਚ ਪ੍ਰਭਾਵਸ਼ਾਲੀ ਹੈ।
ਖੋਜ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਨ੍ਹਾਂ ਖੇਤਰਾਂ ਵਿੱਚ ਆਰਸੇਨਿਕ ਨਹੀਂ ਮਿਲਦਾ, ਉੱਥੇ ਵੀ ਮੈਂਗਨੀਜ਼ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸਿਰਫ਼ ਆਰਸੇਨਿਕ ਦੀ ਜਾਂਚ ਕਰਕੇ ਪਾਣੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ। ਮਾਹਿਰਾਂ ਨੇ ਮੈਂਗਨੀਜ਼ ਦੀ ਵੱਖਰੇ ਤੌਰ `ਤੇ ਜਾਂਚ ਕਰਨ `ਤੇ ਵੀ ਜ਼ੋਰ ਦਿੱਤਾ ਹੈ।
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਅਧਿਐਨ ਸਰਕਾਰਾਂ ਅਤੇ ਜਲ ਪ੍ਰਬੰਧਨ ਏਜੰਸੀਆਂ ਲਈ ਮਹੱਤਵਪੂਰਨ ਸਾਬਤ ਹੋਵੇਗਾ। ਇਸ ਨਾਲ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ, ਜਿੱਥੇ ਪੀਣ ਵਾਲੇ ਪਾਣੀ ਦੀ ਰੈਗੂਲਰ ਜਾਂਚ, ਨਿਗਰਾਨੀ ਅਤੇ ਸ਼ੁੱਧੀਕਰਨ ਦੀ ਸਭ ਤੋਂ ਵੱਧ ਲੋੜ ਹੈ।

Leave a Reply

Your email address will not be published. Required fields are marked *